ਮੁਕਤਸਰ ਦੀਆਂ ਰੈਲੀਆਂ ਕੀ ਪ੍ਰਭਾਵ ਦੇ ਕੇ ਗਈਆਂ ਹਨ ਪੰਜਾਬ ਦੀ ਰਾਜਨੀਤੀ ਦਾ?
ਐਨ ਓਦੋਂ, ਜਦੋਂ ਪੰਜਾਬ ਦੀ ਮੌਜੂਦਾ ਸਰਕਾਰ ਦੇ ਸਿਰਫ ਤੇਰਾਂ ਮਹੀਨੇ ਰਹਿ ਗਏ ਹਨ, ਮਾਘੀ ਦੇ ਮੇਲੇ ਮੌਕੇ ਮੁਕਤਸਰ ਵਿੱਚ ਲੱਗੀਆਂ ਰਾਜਨੀਤਕ ਸਟੇਜਾਂ ਨੇ ਅਗਲੇ ਸਾਲ ਦੀ ਸਰਗਰਮੀ ਦਾ ਏਜੰਡਾ ਲਗਭਗ ਤੈਅ ਕਰ ਦਿੱਤਾ ਹੈ। ਰੈਲੀਆਂ ਓਥੇ ਕਈ ਹੋਈਆਂ, ਪਰ ਤਿੰਨਾਂ ਦੀ ਚਰਚਾ ਰਾਜਨੀਤਕ ਖੇਤਰਾਂ ਵਿੱਚ ਵੱਧ ਹੋਈ ਹੈ। ਇੱਕ ਤਾਂ ਰਾਜ ਕਰਦੇ ਗੱਠਜੋੜ ਦੀ ਮੋਹਰੀ ਪਾਰਟੀ ਬਾਦਲ ਅਕਾਲੀ ਦਲ ਦੀ, ਦੂਜੀ ਕਾਂਗਰਸ ਪਾਰਟੀ ਦੀ ਤੇ ਤੀਜੀ ਅਕਾਲੀ ਦਲ ਤੋਂ ਹਾਲੇ ਤਿੰਨ ਮਹੀਨੇ ਪਹਿਲਾਂ ਵੱਖ ਹੋਏ ਮਨਪ੍ਰੀਤ ਸਿੰਘ ਬਾਦਲ ਦੀ। ਹੋਣ ਨੂੰ ਕਾਂਗਰਸ ਪਾਰਟੀ ਪਹਿਲੀਆਂ ਦੋ ਧਿਰਾਂ ਵਿੱਚ ਹੋਣੀ ਚਾਹੀਦੀ ਸੀ, ਪਰ ਉਸ ਦੇ ਲੀਡਰਾਂ ਦੀ 'ਵਾਦੜੀਆਂ-ਸਜਾਦੜੀਆਂ ਨਿਭਣ ਸਿਰਾਂ ਦੇ ਨਾਲ' ਵਾਲੀ ਰੀਤ ਕਾਰਨ ਇਹ ਤੀਜੇ ਥਾਂ ਡਿੱਗ ਪਈ। ਮੁਕਤਸਰ ਵਿੱਚ ਰੈਲੀ ਹੋਈ ਤੇ ਉਸੇ ਸ਼ਹਿਰ ਦਾ ਬਾਸ਼ਿੰਦਾ ਤੇ ਸੀਨੀਅਰ ਕਾਂਗਰਸੀ ਲੀਡਰ ਜਗਮੀਤ ਸਿੰਘ ਬਰਾੜ ਓਥੇ ਕਿਸੇ ਨੂੰ ਦਿਖਾਈ ਨਹੀਂ ਦਿੱਤਾ। ਕਾਰਨ ਕੁਝ ਵੀ ਹੋਵੇ, ਲੋਕਾਂ ਵਿੱਚ ਇਹ ਪ੍ਰਭਾਵ ਗਿਆ ਕਿ ਜਗਮੀਤ ਸਿੰਘ ਬਰਾੜ ਦਾ ਜਿਹੜਾ ਨਿਰਾਦਰ ਕਾਂਗਰਸ ਸਰਕਾਰ ਵੇਲੇ ਮੁਕਤਸਰ ਵਿੱਚ ਮਾਘੀ ਦੀ ਸਟੇਜ ਤੋਂ ਪੰਜ ਸਾਲ ਪਹਿਲਾਂ ਕੀਤਾ ਗਿਆ ਸੀ, ਉਸ ਨੂੰ ਉਹ ਅਜੇ ਭੁੱਲਾ ਨਹੀਂ। ਓਦੋਂ ਉਸ ਦੇ ਆਪਣੇ ਸ਼ਹਿਰ ਵਿੱਚ ਹੋਈ ਇਸ ਕਾਨਫਰੰਸ ਵਿੱਚ ਬਾਕੀ ਸਾਰੇ ਬੋਲਦੇ ਰਹੇ ਸਨ ਤੇ ਜਗਮੀਤ ਬਰਾੜ ਨੂੰ ਪੰਜ ਮਿੰਟ ਵੀ ਨਹੀਂ ਸਨ ਦਿੱਤੇ ਗਏ। ਜੋ ਵੀ ਹੋਇਆ ਹੋਵੇ, ਕਾਂਗਰਸ ਦੀ ਰੈਲੀ ਓਥੇ ਇਸ ਵਾਰੀ ਤੀਜੇ ਨੰਬਰ ਦੀ ਬਣ ਗਈ ਤੇ ਚਰਚਾ ਲਈ ਜੇ ਕੁਝ ਨਿਕਲ ਸਕਿਆ ਤਾਂ ਸਿਰਫ ਏਨਾ ਕਿ ਕਾਂਗਰਸ ਦਾ ਸੂਬਾਈ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਇਕੱਠੇ ਬੈਠੇ ਨਜ਼ਰ ਆ ਗਏ।
ਦੂਜੀਆਂ ਦੋ ਰੈਲੀਆਂ ਵਿੱਚੋਂ ਜਿਵੇਂ ਪਹਿਲਾਂ ਹੀ ਪਤਾ ਸੀ ਕਿ ਬਾਦਲ ਪਰਵਾਰ ਦੀ ਰਾਜ ਕਰਦੀ ਧਿਰ ਨਾਲ ਸਰਕਾਰ, ਪਾਰਟੀ ਅਤੇ ਸ਼੍ਰੋਮਣੀ ਕਮੇਟੀ ਤਿੰਨੇ ਹੋਣ ਕਰ ਕੇ ਉਨ੍ਹਾਂ ਦਾ ਇਕੱਠ ਭਾਰਾ ਹੋਵੇਗਾ, ਉਹੋ ਭਾਰਾ ਹੋ ਗਿਆ, ਪਰ ਫਰਕ ਏਨਾ ਥੋੜ੍ਹਾ ਸੀ ਕਿ ਕੁਝ ਲੋਕ ਉਸ ਨੂੰ ਦੂਜੇ ਨੰਬਰ ਦਾ ਵੀ ਕਹਿ ਰਹੇ ਹਨ। ਉਨ੍ਹਾਂ ਤੋਂ ਥੋੜ੍ਹੀ ਦੂਰ ਪਾਰਟੀ ਤੋਂ ਕੱਢਿਆ ਗਿਆ ਮਨਪ੍ਰੀਤ ਸਿੰਘ ਬਾਦਲ, ਜਿਹੜਾ ਪਹਿਲਾਂ ਸਮਾਜੀ ਰਿਸ਼ਤੇ ਤੋਂਂ ਸ਼ਰੀਕ ਸੀ ਤੇ ਹੁਣ ਰਾਜਨੀਤਕ ਪੱਖੋਂ ਵੀ ਸ਼ਰੀਕੇਬਾਜ਼ੀ ਵਿੱਚ ਆ ਚੁੱਕਾ ਹੈ, ਆਪਣਾ ਪੰਡਾਲ ਲਾਈ ਬੈਠਾ ਸੀ। ਰੈਲੀ ਲਈ ਜਿਹੜੀਆਂ ਗੱਡੀਆਂ ਉਸ ਦੇ ਬੰਦਿਆਂ ਨੇ ਬੁੱਕ ਕਰਵਾਈਆਂ ਸਨ, ਉਨ੍ਹਾਂ ਦੀ ਆਖਰੀ ਦਿਨਾਂ ਵਿੱਚ ਨਾਂਹ ਕਰਵਾ ਕੇ ਫੜੇ ਹੋਏ ਸਾਈ ਦੇ ਪੈਸੇ ਵੀ ਵਾਪਸ ਕਰਵਾ ਦਿੱਤੇ ਗਏ। ਮਾਘੀ ਤੋਂ ਸਿਰਫ ਦੋ ਦਿਨ ਪਹਿਲਾਂ ਬਾਦਲ ਪਿੰਡ ਵਿੱਚ ਵੀ ਦੋਵਾਂ ਸ਼ਰੀਕਾਂ ਨੇ ਇੱਕੋ ਦਿਨ ਮੀਟਿੰਗਾਂ ਕੀਤੀਆਂ ਸਨ। ਮਨਪ੍ਰੀਤ ਸਿੰਘ ਬਾਦਲ ਦੀ ਮੀਟਿੰਗ ਕਰਨ ਵਾਲੀ ਥਾਂ ਦਾ ਮਾਲਕ ਸਰਕਾਰੀ ਧਿਰ ਦੇ ਦਬਾਅ ਅੱਗੇ ਝੁਕ ਕੇ ਉਸ ਦਿਨ ਵੀ ਆਖਰੀ ਵਕਤ ਕਹਿ ਗਿਆ ਕਿ ਓਥੇ ਮੀਟਿੰਗ ਨਹੀਂ ਕਰਨ ਦੇਣੀ ਤੇ ਫਿਰ ਉਹ ਮੀਟਿੰਗ ਸੜਕ ਉੱਤੇ ਕੀਤੀ ਗਈ ਸੀ, ਪਰ ਓਸੇ ਦਿਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਓਸੇ ਪਿੰਡ ਹੋਈ ਮੀਟਿੰਗ ਤੋਂ ਮਨਪ੍ਰੀਤ ਵਾਲੀ ਮੀਟਿੰਗ ਦੀ ਹਾਜ਼ਰੀ ਫਿਰ ਵੀ ਦੁੱਗਣੀ ਤੋਂ ਵੱਧ ਸੀ। ਸ਼ਰੀਕੇਬਾਜ਼ੀ ਵਿੱਚ ਸਰਕਾਰੀ ਦਬਾਅ ਅਤੇ ਬਾਹੂ-ਬਲੀ ਧਾੜ ਦੀ ਵਰਤੋਂ ਨੇ ਸਰਕਾਰੀ ਧਿਰ ਦੇ ਵਿਰੁੱਧ ਮਨਪ੍ਰੀਤ ਨਾਲ ਲੋਕ ਹੋਰ ਵੀ ਜੋੜ ਦਿੱਤੇ, ਜਿਸ ਦਾ ਪ੍ਰਗਟਾਵਾ ਮੁਕਤਸਰ ਦੀ ਰੈਲੀ ਮੌਕੇ ਹੋਇਆ ਹੈ। ਹੁਣ ਮੁਕਤਸਰ ਦੀ ਰੈਲੀ ਨਾਲ ਮਨਪ੍ਰੀਤ ਬਾਦਲ ਬਾਰੇ ਕਈ ਕਿਆਫੇ ਲਾਏ ਜਾਣ ਲੱਗੇ ਹਨ, ਜਿਹੜੇ ਬਾਦਲ ਅਕਾਲੀ ਦਲ ਵਿੱਚੋਂ ਛੜੱਪਿਆਂ ਦੀ ਚਰਚਾ ਤੱਕ ਪਹੁੰਚਦੇ ਹਨ।
ਬਾਦਲ ਅਕਾਲੀ ਦਲ ਦੀ ਰੈਲੀ ਵਿੱਚ ਚੌਦਾਂ ਅਕਾਲੀ ਮੰਤਰੀ ਵੀ ਦਿਖਾਈ ਨਹੀਂ ਦਿੱਤੇ। ਹੁਣੇ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਉਹ ਸਾਰੇ ਕਿਸੇ ਕਿੜ ਕਾਰਨ ਜਾਂ ਮਨਪ੍ਰੀਤ ਬਾਦਲ ਨਾਲ ਅੰਦਰਖਾਤੇ ਦੇ ਅੱਖ-ਮਟੱਕੇ ਕਰ ਕੇ ਨਹੀਂ ਆਏ ਹੋਣਗੇ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਹਰ ਪਾਸੇ ਰਸਤੇ ਜਾਮ ਹੋ ਜਾਣ ਨਾਲ ਕਈ ਸੱਜਣ ਪਹੁੰਚ ਹੀ ਨਹੀਂ ਸਕੇ ਹੋਣਗੇ, ਜਿਨ੍ਹਾਂ ਵਿੱਚੋਂ ਕੁਝ ਬਾਰੇ ਸਾਨੂੰ ਵੀ ਪਤਾ ਹੈ, ਪਰ ਇਹ ਵੀ ਸੱਚ ਹੈ ਕਿ ਕੁਝ ਸੱਜਣਾਂ ਨੇ ਇਹ ਨੀਤੀ ਧਾਰਨ ਕੀਤੀ ਸੀ ਕਿ ਦੋਵੇਂ ਬਾਦਲਾਂ ਦੀ ਤਾਕਤ ਜ਼ਰਾ ਪਾਸੇ ਬੈਠ ਕੇ ਵੇਖਣ ਮਗਰੋਂ ਕੋਈ ਕਦਮ ਚੁੱਕਾਂਗੇ। ਹੈਰਾਨੀ ਵਾਲੀ ਗੱਲ ਇਹ ਕਿ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਆਗੂ ਜਾਂ ਵਜ਼ੀਰ ਨੇ ਓਥੇ ਦਰਸ਼ਨ ਨਹੀਂ ਦਿੱਤੇ, ਜਦ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਮਾਗਮਾਂ ਮੌਕੇ ਵੀ ਅਤੇ ਤਰਨ ਤਾਰਨ ਦੇ ਸਥਾਪਨਾ ਦਿਵਸ ਦੇ ਧਾਰਮਿਕ ਸਮਾਗਮਾਂ ਵਿੱਚ ਵੀ ਨਾ ਅਕਾਲੀ ਆਗੂ ਉਨ੍ਹਾਂ ਨੂੰ ਸੱਦਣਾ ਭੁੱਲੇ ਸਨ ਤੇ ਨਾ Aਹ ਹੀ ਆਉਣਾ ਭੁੱਲੇ ਸਨ। ਇਸ ਪਿੱਛੋਂ ਚੰਡੀਗੜ੍ਹ ਵਿੱਚ ਹੀ ਨਹੀਂ, ਦਿੱਲੀ ਵਿੱਚ ਵੀ ਇਹ ਗੱਲ ਸੁਣੀ ਗਈ ਕਿ ਭਾਜਪਾ ਦੀ ਹਾਈ ਕਮਾਨ ਹੁਣ ਪੰਜਾਬ ਬਾਰੇ ਵੀ ਆਂਧਰਾ ਪ੍ਰਦੇਸ਼ ਵਾਲੀ ਦੁਚਿੱਤੀ ਵਿੱਚ ਹੈ। ਆਂਧਰਾ ਪ੍ਰਦੇਸ਼ ਵਿੱਚ ਐਨ ਟੀ ਰਾਮਾ ਰਾਓ ਦੇ ਪਿੱਛੋਂ ਹੋਈ ਚੋਣ ਵਿੱਚ ਭਾਜਪਾ ਵਾਲਿਆਂ ਨੂੰ ਆਸ ਸੀ ਕਿ ਉਸ ਦੀ ਪਤਨੀ ਪਾਰਵਤੀ ਬੇੜਾ ਪਾਰ ਲਾ ਸਕਦੀ ਹੈ, ਪਰ ਉਸ ਦੀ ਥਾਂ ਜਵਾਈ ਚੰਦਰ ਬਾਬੂ ਨਾਇਡੂ ਭਾਜਪਾ ਦੀ ਮਦਦ ਦੇ ਬਗੈਰ ਵੀ ਅੱਗੇ ਨਿਕਲ ਗਿਆ ਸੀ। ਹੁਣ ਉਹ ਪੰਜਾਬ ਦੇ ਮਾਮਲੇ ਵਿੱਚ ਫੂਕ-ਫੂਕ ਕੇ ਕਦਮ ਪੁੱਟ ਰਹੇ ਹਨ, ਖਾਸ ਕਰ ਕੇ ਇਸ ਲਈ ਵੀ ਕਿ ਸੁਖਬੀਰ ਬਾਦਲ ਨੇ ਪਿਛਲੇ ਸਮੇਂ ਵਿੱਚ ਉਨ੍ਹਾਂ ਅੰਦਰ ਜਿਹੜੀ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ਤੋਂ ਭਾਜਪਾ ਦੇ ਪੰਜਾਬ ਦੇ ਆਗੂਆਂ ਵਿੱਚ ਕਾਫੀ ਕੌੜ ਹੈ।
ਟਰਾਂਸਪੋਰਟ ਮੰਤਰੀ ਮਾਸਟਰ ਮੋਹਣ ਲਾਲ ਨੂੰ ਬੀਤੇ ਹਫਤੇ ਜਦੋਂ ਬਠਿੰਡੇ ਵਿੱਚ ਆਤਮ ਹੱਤਿਆ ਕਰਨ ਦੀ ਧਮਕੀ ਦੇਣ ਲਈ ਮਜਬੂਰ ਹੋਣਾ ਪਿਆ, ਓਦੋਂ ਬਹੁਤੇ ਭਾਜਪਾ ਵਾਲੇ ਇਹ ਕਹਿੰਦੇ ਸੁਣੇ ਗਏ ਸਨ ਕਿ ਇਸ ਨਾਲ ਇਹੋ ਹੋਣੀ ਚਾਹੀਦੀ ਸੀ, ਕਿਉਂਕਿ ਇਹ ਸੁਖਬੀਰ ਬਾਦਲ ਦੀ ਨੇੜਤਾ ਕਾਰਨ ਭਾਜਪਾ ਦੇ ਆਪਣੇ ਆਗੂਆਂ ਅਤੇ ਮੰਤਰੀਆਂ ਨੂੰ ਟਿੱਚ ਜਾਣਨ ਲੱਗ ਪਿਆ ਸੀ। ਸੁਖਬੀਰ ਬਾਦਲ ਨੇ ਭਾਜਪਾ ਅੰਦਰ ਸੰਨ੍ਹ ਲਾਉਣ ਦਾ ਸਿਲਸਿਲਾ ਕੋਈ ਹੁਣ ਨਹੀਂ, ਚਾਰ ਸਾਲ ਪਹਿਲਾਂ ਨਗਰ ਨਿਗਮ ਚੋਣਾਂ ਵਿੱਚ ਹੀ ਆਰੰਭ ਦਿੱਤਾ ਸੀ, ਜਦੋਂ ਭਾਜਪਾ ਤੋਂ ਬਾਗੀ ਹੋ ਕੇ ਜਿੱਤਣ ਵਾਲੇ ਕੌਂਸਲਰਾਂ ਨੂੰ ਅਕਾਲੀ ਦਲ ਵਿੱਚ ਲੈ ਕੇ ਜਲੰਧਰ ਦੀ ਨਗਰ ਨਿਗਮ ਵਿੱਚ ਆਪਣਾ ਮੇਅਰ ਬਣਾਉਣ ਦੀ ਚਾਲ ਚੱਲੀ ਸੀ। ਉਸ ਚਾਲ ਨਾਲ ਹਾਲੇ ਚਾਰ ਮਹੀਨੇ ਪਹਿਲਾਂ ਬਣੀ ਸਾਂਝੀ ਸਰਕਾਰ ਨੂੰ ਖਤਰਾ ਬਣਦਾ ਵੇਖ ਕੇ ਓਦੋਂ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਆਪ ਅੱਗੇ ਆ ਕੇ ਸਾਫ ਕਰਨਾ ਪਿਆ ਸੀ ਕਿ ਜਲੰਧਰ ਵਿੱਚ ਮੇਅਰ ਭਾਜਪਾ ਦਾ ਹੀ ਬਣੇਗਾ ਤੇ ਉਸ ਦੇ ਬਾਗੀ ਹੋਏ ਬੰਦੇ ਵੀ ਅਕਾਲੀ ਦਲ ਵਿੱਚ ਨਹੀਂ ਲਏ ਜਾਣਗੇ, ਜਦ ਕਿ ਓਦੋਂ ਤੱਕ ਆਪਣੀ ਗੋਦ ਵਿੱਚ ਬਿਠਾ ਕੇ ਇਹ ਐਲਾਨ ਸੁਖਬੀਰ ਸਿੰਘ ਨੇ ਉਨ੍ਹਾਂ ਤੋਂ ਕਰਵਾ ਵੀ ਛੱਡੇ ਸਨ।
ਬਾਦਲ ਅਕਾਲੀ ਦਲ ਦੇ ਆਪਣੇ ਅੰਦਰ ਵੀ ਸਭ ਅੱਛਾ ਨਹੀਂ ਅਤੇ ਸਰਕਾਰ ਕਿਸੇ ਜਮਹੂਰੀ ਢੰਗ ਦੀ ਥਾਂ ਪਾਸੇ ਬੈਠੇ ਬੰਦੇ ਉਵੇਂ ਹੀ ਚਲਾ ਰਹੇ ਸੁਣੀਂਦੇ ਹਨ, ਜਿਵੇਂ ਐਮਰਜੈਂਸੀ ਦੇ ਦਿਨਾਂ ਵਿੱਚ ਇੰਦਰਾ ਗਾਂਧੀ ਦੇ ਛੋਟੇ ਪੁੱਤਰ ਦੀ ਟੀਮ ਭਾਰਤ ਦੀ ਕਮਾਨ ਸਾਂਭੀ ਫਿਰਦੀ ਸੀ। ਇਹੋ ਜਿਹੇ ਲੋਕ ਕਿਸੇ ਵੀ ਸਰਕਾਰ ਦੇ ਨੇੜੇ ਲੱਗ ਜਾਣ, ਉਸ ਦਾ ਭਲਾ ਨਹੀਂ ਕਰਦੇ ਹੁੰਦੇ, ਜੜ੍ਹਾਂ ਹੀ ਖੋਖਲੀਆਂ ਕਰਦੇ ਹੁੰਦੇ ਹਨ।
ਅਸੀਂ ਇੱਕ ਪੁਰਾਣੀ ਮਿਸਾਲ ਯਾਦ ਕਰਾਉਣੀ ਚਾਹੁੰਦੇ ਹਾਂ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਆਖਰੀ ਸਾਲ ਸੀ, ਜੋ ਹਾਲ ਓਦੋਂ ਉਸ ਦਾ ਸੀ, ਉਹੋ ਹੁਣ ਵਾਲੀ ਸਰਕਾਰ ਦਾ ਬਣਿਆ ਪਿਆ ਹੈ। ਅਸੀਂ ਓਦੋਂ ਵੀ ਲਿਖਿਆ ਸੀ ਕਿ ਜੇ ਕਿਸੇ ਰਾਜੇ ਦੀਆਂ ਸੱਤ ਰਾਣੀਆਂ ਹੋਣ ਤਾਂ ਸੱਤ ਦੀਆਂ ਸੱਤ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਰਾਜੇ ਦੇ ਸਿਰ ਦੀ ਖੈਰ ਮਨਾਉਂਦੀਆਂ ਹਨ, ਕਿਉਂਕਿ ਜਦੋਂ ਤੱਕ ਰਾਜਾ ਸਲਾਮਤ ਹੈ, ਉਹ ਵੀ ਓਦੋਂ ਤੱਕ ਹੀ ਰਾਣੀਆਂ ਹਨ, ਪਰ ਸੌਂਕਣ ਦਾ ਸਾਕ ਹੋਣ ਕਰ ਕੇ ਉਹ ਆਪੋ ਵਿੱਚ ਇੱਕ ਦੂਜੀ ਦੀ ਖੈਰ ਕਦੇ ਨਹੀਂ ਮਨਾ ਸਕਦੀਆਂ। ਇਸ ਕਰ ਕੇ ਉਹ ਰਾਜੇ ਦੀ ਸੁੱਖ ਮੰਗਣ ਦੇ ਨਾਲ ਹੀ ਇਹ ਸੁੱਖਣਾ ਵੀ ਸੁੱਖਦੀਆਂ ਹਨ ਕਿ ਬਾਕੀਆਂ ਦੀਆਂ ਛੇਆਂ ਵਿੱਚੋਂ ਇੱਕ ਹੀ ਅੱਜ ਸ਼ਾਮ ਤੱਕ ਗਲੋਂ ਲਹਿ ਜਾਵੇ। ਅਜਿਹਾ ਕਰਨ ਨਾਲ ਉਹ ਇੱਕ ਦੂਜੀ ਦਾ ਹੀ ਨਹੀਂ, ਉਸ ਰਾਜੇ ਦਾ ਵੀ ਨੁਕਸਾਨ ਕਰ ਦੇਂਦੀਆਂ ਹਨ, ਜਿਸ ਦੀ ਖੈਰ ਮਨਾਉਂਦੀਆਂ ਹਨ। ਉਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਇੱਕ ਸਿਖਰਲੇ ਅਫਸਰ ਦੀ ਪਤਨੀ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣੇ ਦੇ ਕਸਬੇ ਪੰਚਕੂਲਾ ਦੀ ਇੱਕ ਕੋਠੀ ਵਿੱਚ ਆਪਣੇ ਪਤੀ ਦੇ ਜੂਨੀਅਰ ਅਫਸਰ ਨਾਲ ਫੜੀ ਗਈ ਤੇ ਪੁਲਸ ਵਾਲੇ ਦੋਵਾਂ ਨੂੰ ਥਾਣੇ ਲੈ ਗਏ ਸਨ। ਫਿਰ ਪੰਜਾਬ ਦੀ ਸਰਕਾਰੀ ਮਸ਼ੀਨਰੀ ਨੇ ਇੱਜ਼ਤ ਦਾ ਸਵਾਲ ਬਣਾ ਕੇ ਦੋਵਾਂ ਨੂੰ ਛੁਡਾ ਤਾਂ ਲਿਆ, ਪਰ ਛੱਡਣ ਵੇਲੇ ਜੂਨੀਅਰ ਅਫਸਰ ਨੂੰ ਪੁਲਸ ਨੇ ਉਸ ਦੇ ਡਰਾਈਵਰ ਦੇ 'ਹਵਾਲੇ' ਕੀਤਾ ਅਤੇ ਵੱਡੇ ਅਫਸਰ ਦੀ ਪਤਨੀ ਨੂੰ ਉਸ ਦੇ ਧੋਬੀ ਤੋਂ 'ਸਪੁਰਦਦਾਰੀ' ਦਾ ਕਾਗਜ਼ ਭਰਵਾ ਕੇ ਛੱਡਿਆ ਸੀ। ਇਹ 'ਸੱਤਾਂ' ਦੇ ਸਾੜੇ ਦਾ ਨਤੀਜਾ ਸੀ। ਅਸੀਂ ਓਦੋਂ ਲਿਖਿਆ ਸੀ ਕਿ ਅਮਰਿੰਦਰ ਸਿੰਘ ਹੁਰੀਂ ਆਪਣੇ ਨਾਲ ਫਿਰਦੇ ਰਾਣੀਆਂ ਦਾ ਦਰਜਾ ਰੱਖਦੇ ਸੱਤ ਕੁ ਜਣਿਆਂ ਨੂੰ ਸੰਭਾਲ ਲੈਣ ਤਾਂ ਬਚ ਜਾਣਗੇ, ਵਰਨਾ ਔਖਾ ਜਾਪਦਾ ਹੈ। ਅੰਤ ਨੂੰ ਉਹੋ ਸੱਤ ਕੁ ਜਣੇ ਉਸ ਸਰਕਾਰ ਦੀ ਬੇੜੀ ਦੇ ਪੱਥਰ ਬਣ ਗਏ ਸਨ।
ਹੁਣ ਵਾਲੀ ਸਰਕਾਰ ਦਾ ਹਾਲ ਵੀ ਵੱਖਰਾ ਨਹੀਂ। ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਇਸ ਸਰਕਾਰ ਦੇ ਇੱਕ ਹਿੱਤ ਚਿੰਤਕ ਨਾਲ ਸਾਡੀ ਗੱਲ ਹੋਈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵੇਲੇ ਦਾ ਸਾਡਾ 'ਸੱਤ ਰਾਣੀਆਂ' ਦਾ ਕਿੱਸਾ ਯਾਦ ਸੀ। ਉਸ ਤੋਂ ਹੁਣ ਵਾਲੀ ਸਰਕਾਰ ਦਾ ਹਾਲ ਪੁੱਛਿਆ ਤਾਂ ਕਹਿਣ ਲੱਗੇ ਕਿ ਜਿਵੇਂ ਆਕਾਸ਼ ਵਿੱਚ ਸੱਤ ਤਾਰਿਆਂ ਦੇ ਸਮੂਹ ਨੂੰ 'ਸਪਤ ਰਿਸ਼ੀ' ਕਿਹਾ ਜਾਂਦਾ ਹੈ, ਇਸ ਸਰਕਾਰ ਵਿੱਚ ਵੀ ਡਿਪਟੀ ਮੁੱਖ ਮੰਤਰੀ ਦੇ ਨਾਲ ਸੱਤ ਕੁ 'ਤਾਰੇ' ਜੁੜੇ ਹੋਏ ਹਨ, ਜਿਹੜੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਤੇ ਬਾਕੀ ਸਾਰੇ ਲੋਕ ਇਨ੍ਹਾਂ ਤੋਂ ਇੰਨੇ ਔਖੇ ਹੋ ਚੁੱਕੇ ਹਨ ਕਿ ਇੱਕ ਦੂਜੇ ਕੋਲੋਂ ਇਨ੍ਹਾਂ ਤੋਂ ਖਹਿੜਾ ਛੁੱਟਣ ਦਾ ਮਹੂਰਤ ਪੁੱਛਣ ਲੱਗ ਪਏ ਹਨ। ਸੁਖਬੀਰ ਸਿੰਘ ਬਾਦਲ ਦੇ ਇਨ੍ਹਾਂ ਸੱਤਾਂ ਕੁ ਚਹੇਤਿਆਂ ਵਿੱਚ ਦੋ ਤਾਂ ਵੱਡੇ ਟਰਾਂਸਪੋਰਟਰ ਹਨ, ਜਿਨ੍ਹਾਂ ਦੇ ਆਲੀਸ਼ਾਨ ਬੰਗਲਿਆਂ ਵਿੱਚ ਉਸ ਦੇ ਆਉਣ ਸਮੇਂ ਬੰਦੂਕਾਂ ਦੇ ਫਾਇਰ ਹੋਣੇ ਆਮ ਜਿਹੀ ਗੱਲ ਮੰਨੀ ਜਾਂਦੀ ਹੈ। ਜਿਸ ਕਿਸੇ ਨੂੰ ਸੁਖਬੀਰ ਸਿੰਘ ਬਾਦਲ ਦੇ ਨਾਲ ਕੋਈ ਕੰਮ ਹੋਵੇ, ਉਹ ਇਨ੍ਹਾਂ ਕੋਲ ਚਲਾ ਜਾਵੇ ਤਾਂ ਕੰਮ ਹੋ ਜਾਂਦਾ ਹੈ, ਅਤੇ ਕਈ ਵਾਰ ਉਹ ਕੰਮ ਵੀ ਹੋ ਜਾਂਦੇ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਬਾਦਲ ਸਾਹਿਬ ਸਿਰ ਫੇਰ ਚੁੱਕੇ ਹੁੰਦੇ ਹਨ।
ਕਈ ਲੋਕ ਇਹ ਗੱਲਾਂ ਸੁਣ ਕੇ ਹੈਰਾਨ ਹੋ ਕੇ ਪੁੱਛਦੇ ਹਨ ਕਿ ਏਦਾਂ ਕਿਵੇਂ ਹੋ ਸਕਦਾ ਹੈ ਤੇ ਇੰਜ ਕਰਨ ਨੂੰ ਸੁਖਬੀਰ ਸਿੰਘ ਬਾਦਲ ਕਿਵੇਂ ਤਿਆਰ ਹੋ ਜਾਂਦਾ ਹੈ? ਇਸ ਦਾ ਕਾਰਨ ਵੀ ਮੁਕਤਸਰ ਦੀ ਬਾਦਲ ਅਕਾਲੀ ਦਲ ਦੀ ਰੈਲੀ ਨੇ ਦੱਸ ਦਿੱਤਾ ਹੈ। ਓਥੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਤਕਰੀਰ ਕਰਦਿਆਂ ਦੋ ਗੱਲਾਂ ਕਹੀਆਂ, ਜਿਨ੍ਹਾਂ ਦਾ ਖੰਡਨ ਖੜੇ ਪੈਰ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਹੀ ਕਰਨਾ ਪੈ ਗਿਆ। ਇੱਕ ਤਾਂ ਇਹ ਕਿ ਮੁੱਖ ਮੰਤਰੀ ਬਾਦਲ ਸਾਹਿਬ 'ਬਜ਼ੁਰਗ' ਹੋ ਗਏ ਹਨ ਤੇ ਦੂਜੀ ਇਹ ਕਿ 'ਬਾਦਲ ਸਾਹਿਬ ਮੇਰੇ ਲਈ ਪਿਤਾ ਸਮਾਨ ਹਨ।' ਲੋਕਾਂ ਨੇ ਪਹਿਲੀ ਵਾਰ ਕਿਸੇ ਪੁੱਤਰ ਨੂੰ ਆਪਣੇ ਪਿਤਾ ਲਈ 'ਪਿਤਾ ਜੀ' ਦੀ ਬਜਾਏ 'ਪਿਤਾ ਸਮਾਨ' ਸ਼ਬਦ ਵਰਤਦੇ ਸੁਣਿਆ ਸੀ, ਇਸ ਕਰ ਕੇ ਸਭ ਦਾ ਹਾਸਾ ਨਿਕਲ ਗਿਆ। ਭਾਵੇਂ ਇਹ ਗੱਲ ਸਹਿਵਨ ਮੂੰਹੋਂ ਨਿਕਲੀ ਹੋਵੇ, ਜੋ ਕਿ ਨਿਕਲਣੀ ਨਹੀਂ ਸੀ ਚਾਹੀਦੀ, ਪਰ ਇਸ ਦਾ ਅਸਰ ਇਹ ਪਿਆ ਕਿ ਬਾਦਲ ਸਾਹਿਬ ਨੂੰ ਆਪਣੀ ਤਕਰੀਰ ਵਿੱਚ ਹੀ ਇਹ ਸਾਫ ਕਰਨਾ ਪੈ ਗਿਆ ਕਿ 'ਸੁਖਬੀਰ, ਮੈਂ ਤੇਰੇ ਪਿਤਾ ਸਮਾਨ ਨਹੀਂ, ਤੇਰਾ ਪਿਤਾ ਹੀ ਹਾਂ।' ਆਖਰ ਏਡੀ ਵੱਡੀ ਗੱਲ ਮੁੰਡੇ ਦੇ ਮੂੰਹੋਂ ਨਿਕਲ ਕਿਵੇਂ ਗਈ, ਕੋਈ ਨਹੀਂ ਸਮਝ ਸਕਦਾ, ਪਰ ਦੂਜੀ ਗੱਲ ਕਹੀ ਜਾਣ ਦੇ ਕਈ ਅਰਥ ਲੋਕਾਂ ਨੇ ਬਾਅਦ ਵਿੱਚ ਓਦੋਂ ਕੱਢੇ, ਜਦੋਂ ਮੁੱਖ ਮੰਤਰੀ ਬਾਦਲ ਸਾਹਿਬ ਨੇ ਉਸ ਦਾ ਸਪੱਸ਼ਟੀਕਰਨ ਦੇਣ ਵਰਗਾ ਖੰਡਨ ਵੀ ਕਰ ਦਿੱਤਾ। ਉਨ੍ਹਾ ਨੇ ਕਿਹਾ, 'ਸੁਖਬੀਰ, ਮੈਂ ਹਾਲੇ ਬਜ਼ੁਰਗ ਨਹੀਂ ਹੋਇਆ, ਅਜੇ ਵੀ ਅਠਾਈਆਂ ਸਾਲਾਂ ਦੇ ਨੌਜਵਾਨ ਵਰਗਾ ਹਾਂ, ਨਹੀਂ ਯਕੀਨ ਤਾਂ ਮੇਰੇ ਨਾਲ ਮੁਕਾਬਲਾ ਕਰ ਕੇ ਵੇਖ ਲੈ।' ਇਹ ਗੱਲ ਪਿਤਾ-ਪੁੱਤਰ ਦਾ ਹਾਸਾ-ਠੱਠਾ ਨਾ ਰਹਿ ਕੇ ਵੱਡੇ ਰਾਜਸੀ ਅਰਥਾਂ ਬਾਰੇ ਨਵੀਂ ਬਹਿਸ ਦਾ ਆਧਾਰ ਬਣ ਗਈ ਹੈ।
ਪਿਛਲਾ ਸਾਰਾ ਸਾਲ ਅਸੀਂ ਇਹ ਚਰਚਾ ਸੁਣਦੇ ਰਹੇ ਕਿ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ। ਬਣਾਉਣਾ ਚਾਹੁੰਦੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸੇ ਦਿਨ ਵੀ ਬਣਾ ਸਕਦੇ ਸਨ, ਪਰ ਬਣਾਇਆ ਨਹੀਂ ਸੀ। ਫਿਰ ਇਹ ਪਤਾ ਲੱਗਾ ਕਿ ਉਹ ਤਾਂ ਸਹਿਜ ਭਾਵ ਨਾਲ ਚੱਲਦੇ ਹਨ, ਸੁਖਬੀਰ ਹੀ ਕਾਹਲੀ ਕਰ ਰਿਹਾ ਹੈ। ਵਿਚਲੀ ਗੱਲ ਤਾਂ ਉਹੋ ਦੋਵੇਂ ਜਾਣਦੇ ਹੋਣਗੇ, ਪਰ ਮੁਕਤਸਰ ਵਿੱਚ ਜਦੋਂ ਉਸ ਨੇ 'ਪਿਤਾ ਸਮਾਨ' ਕਹਿ ਕੇ ਮੁੱਖ ਮੰਤਰੀ ਨੂੰ 'ਬਜ਼ੁਰਗ' ਵੀ ਆਖ ਦਿੱਤਾ ਤਾਂ ਸ਼ਾਮ ਤੱਕ ਇਹ ਗੱਲ ਚੱਲ ਪਈ ਕਿ ਬਾਪੂ ਨੂੰ ਬਜ਼ੁਰਗੀ ਦਾ ਵਾਸਤਾ ਦੇ ਕੇ ਬੇਟਾ ਗੱਦੀ ਸਾਂਭਣ ਲਈ ਸੱਚਮੁੱਚ ਕਾਹਲਾ ਪੈ ਰਿਹਾ ਹੈ ਤੇ ਬਾਪੂ ਜੀ ਹਾਲੇ ਮੰਨਦੇ ਨਹੀਂ।
ਇਸ ਤਰਾਂ੍ਹ ਮੁਕਤਸਰ ਦੀ ਜਿਸ ਰੈਲੀ ਨੂੰ ਬਾਦਲ ਅਕਾਲੀ ਦਲ ਆਪਣੇ ਵਿਰੋਧੀਆਂ ਦੇ ਗਿੱਟੇ ਸੇਕਣ ਲਈ ਵਰਤਣ ਦਾ ਖਾਹਿਸ਼ਮੰਦ ਸੀ, ਉਹ ਉਸ ਦੇ ਆਪਣੇ ਲਈ ਹੀ ਵਾਹਵਾ ਘਾਟੇਵੰਦੀ ਸਾਬਤ ਹੋਈ ਹੈ।
ਅਸੀਂ ਮੁੱਢ ਵਿੱਚ ਹੀ ਕਿਹਾ ਹੈ ਕਿ ਇਸ ਸਰਕਾਰ ਦੇ ਤੇਰਾਂ ਮਹੀਨੇ ਬਾਕੀ ਰਹਿ ਗਏ ਹਨ ਤੇ ਇੰਜ ਇਸ ਆਖਰੀ ਸਾਲ ਦੇ ਮੁੱਢ ਵਿੱਚ ਹੋਈਆਂ ਮੁਕਤਸਰ ਦੀਆਂ ਇਨ੍ਹਾਂ ਰੈਲੀਆਂ ਨੇ ਚੋਣ-ਚੱਕਰ ਦੀ ਰਾਜਨੀਤੀ ਦਾ ਏਜੰਡਾ ਤੈਅ ਕਰਨ ਦਾ ਕੰਮ ਕਰਨਾ ਸੀ। ਜੋ ਕੁਝ ਵੇਖਿਆ, ਉਸ ਤੋਂ ਜਾਪਦਾ ਹੈ ਕਿ ਆਖਰੀ ਸਾਲ ਵਿੱਚ 'ਬਜ਼ੁਰਗ' ਬਾਦਲ ਤਾਂ ਭਾਵੇਂ ਸਥਿਤੀ ਸਾਂਭ ਲਵੇ, 'ਜਵਾਨ' ਬਾਦਲ ਦੀ ਫੌਜ ਜੱਖਣਾ ਪੁੱਟਣ ਵਿੱਚ ਕੋਈ ਕਸਰ ਨਹੀਂ ਛੱਡਦੀ ਲੱਗਦੀ।
No comments:
Post a Comment