ਇਤਹਾਸ ਦੁਹਰਾਇਆ ਜਾ ਰਿਹਾ ਜਾਪਦੈ, ਪੰਜਾਬ! ਤੂੰ ਅੱਖਾਂ ਖੁੱਲ੍ਹੀਆਂ ਰੱਖੀਂ
'ਹਿਸਟਰੀ ਰਿਪੀਟਸ ਇੱਟਸੈੱਲਫ' ਦੀ ਗੱਲ ਕਰਨ ਵਾਲੇ ਜਦੋਂ ਇਹ ਕਹਿੰਦੇ ਹਨ ਕਿ ਇਤਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਤਾਂ ਇਹ ਵੀ ਕਹਿ ਦੇਂਦੇ ਹਨ ਕਿ ਇਹ ਆਪਣੇ ਆਪ ਨੂੰ ਇੰਨ-ਬਿੰਨ ਨਹੀਂ ਦੁਹਰਾਉਂਦਾ। ਸਾਡੇ ਸਮਿਆਂ ਦੇ ਪੰਜਾਬ ਦਾ ਤਜਰਬਾ ਇਸ ਤਰ੍ਹਾਂ ਦਾ ਹੈ ਕਿ ਇਤਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੀ ਨਹੀਂ, ਇੰਨ-ਬਿੰਨ ਦੁਹਰਾਉਂਦਾ ਨਜ਼ਰ ਆ ਰਿਹਾ ਹੈ।
ਨਵੇਂ ਸਾਲ ਮੌਕੇ ਭੀਖੀ ਵਿੱਚ ਲੱਗੇ ਕਰਫਿਊ ਨੇ ਇੱਕ ਵਾਰ ਫਿਰ ਸਮੁੱਚਾ ਪੰਜਾਬ ਹਲੂਣ ਦਿੱਤਾ ਹੈ। ਪੰਜਾਬ ਦੀ ਮੌਜੂਦਾ ਸਰਕਾਰ ਦੇ ਦੌਰ ਵਿੱਚ ਇਹ ਪਹਿਲਾ ਕਰਫਿਊ ਨਹੀਂ। ਜਿਹੋ ਜਿਹੇ ਹਾਲਾਤ ਬਣ ਰਹੇ ਹਨ, ਜਾਂ ਬਣਾਏ ਜਾ ਰਹੇ ਹਨ, ਉਨ੍ਹਾਂ ਨੂੰ ਵੇਖਦੇ ਹੋਏ ਇਹ ਇਸ ਸਰਕਾਰ ਦੀ ਛਤਰ ਛਾਇਆ ਹੇਠ ਲੱਗਣ ਵਾਲਾ ਆਖਰੀ ਕਰਫਿਊ ਵੀ ਨਹੀਂ ਜਾਪਦਾ। ਚੰਡੀਗੜ੍ਹ ਵਿੱਚ ਬੈਠ ਕੇ ਰਾਜ ਕਰਨ ਵਾਲਿਆਂ ਨੂੰ ਕਰਫਿਊ ਦੀ ਉਸ ਗੰਭੀਰਤਾ ਦਾ ਪਤਾ ਨਹੀਂ ਲੱਗ ਸਕਦਾ, ਜਿਹੜੀ ਕਰਫਿਊ ਹੇਠਲੇ ਇਲਾਕੇ ਵਿਚਲੇ ਡੰਗੋ-ਡੰਗ ਕਮਾ ਕੇ ਖਾਣ ਵਾਲੇ ਆਮ ਆਦਮੀ ਹੰਢਾ ਰਹੇ ਹੁੰਦੇ ਹਨ। ਬੰਦਿਆਂ ਦੀ ਗੱਲ ਤਾਂ ਕਿਧਰੇ ਰਹੀ, ਕਰਫਿਊ ਹੇਠਲੇ ਇਲਾਕੇ ਦੇ ਜਾਨਵਰ ਵੀ ਇਸ ਨੂੰ ਭੁਗਤਦੇ ਹਨ, ਕਿਉਂਕਿ ਉਨ੍ਹਾਂ ਲਈ ਚਾਰਾ ਆਦਿ ਲਿਆਉਣ ਲਈ ਕੋਈ ਬਾਹਰ ਨਹੀਂ ਨਿਕਲ ਸਕਦਾ। ਵਿਚਾਰੇ ਆਮ ਆਦਮੀ ਨੂੰ ਤਾਂ ਇਹ ਵੀ ਸਮਝ ਵੀ ਨਹੀਂ ਪੈਂਦੀ ਕਿ ਲੜਾਈ ਕਿਸ ਦੀ ਕਿਸ ਨਾਲ ਕਿਹੜੀ ਗੱਲ ਤੋਂ ਹੋ ਰਹੀ ਹੈ?
ਮਾਨਸਾ ਜ਼ਿਲੇ ਦੇ ਭੀਖੀ ਕਸਬੇ ਵਿੱਚ ਕਰਫਿਊ ਦੀ ਨੌਬਤ ਇਸ ਲਈ ਆਈ ਕਿ ਸੰਤ ਬਲਜੀਤ ਸਿੰਘ ਨੂੰ ਓਥੇ ਕਥਾ ਕਰਨ ਦਾ ਸੱਦਾ ਦਿੱਤਾ ਗਿਆ ਸੀ। ਸੰਤ ਬਲਜੀਤ ਸਿੰਘ ਦੀ ਬੋਲ-ਬਾਣੀ ਤੋਂ ਡੇਰਾ ਸੱਚਾ ਸੌਦਾ ਵਾਲੇ ਚਿੜਦੇ ਸਨ। ਉਨ੍ਹਾਂ ਦੇ ਚਿੜਨ ਦਾ ਕਾਰਨ ਚਾਰ ਸਾਲ ਪਹਿਲਾਂ ਦੀਆਂ ਘਟਨਾਵਾਂ ਹੀ ਨਹੀਂ, ਪਿਛਲੇ ਕਈ ਸਾਲਾਂ ਦਾ ਆਪਸੀ ਵਿਰੋਧ ਵੀ ਸੀ। ਕਹਿਣ ਨੂੰ ਵਿਰੋਧ ਧਾਰਮਿਕ ਮੁੱਦਿਆਂ ਬਾਰੇ ਸੀ, ਪਰ ਇਹ ਧਾਰਮਿਕ ਮੁੱਦੇ ਪਹਿਲਾਂ ਕਦੇ ਨਹੀਂ ਸਨ ਝਗੜੇ ਦਾ ਕਾਰਨ ਬਣੇ। ਇੱਕ ਖਾਸ ਮੋੜ ਤੱਕ ਉਸ ਡੇਰੇ ਦੇ ਪੈਰੋਕਾਰਾਂ ਦੀਆਂ ਵੋਟਾਂ ਸ਼੍ਰੋਮਣੀ ਕਮੇਟੀ ਲਈ ਵੀ ਬਣਦੀਆਂ ਤੇ ਪੈਂਦੀਆਂ ਰਹੀਆਂ ਸਨ ਅਤੇ ਅਕਾਲੀ ਲੀਡਰ ਉਨ੍ਹਾਂ ਦੀਆਂ ਇਹ ਵੋਟਾਂ ਭੁਗਤਾਉਣ ਲਈ ਆਪ ਉਨ੍ਹਾਂ ਨੂੰ ਘਰੋਂ ਲੈਣ ਜਾਂਦੇ ਹੁੰਦੇ ਸਨ। ਜਿਹੜੇ ਲੋਕ ਉਨ੍ਹਾਂ ਦੀਆਂ ਵੋਟਾਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਰਹੇ, ਉਨ੍ਹਾਂ ਵਿੱਚੋਂ ਇੱਕ ਜਣਾ ਸਿੱਖਾਂ ਦੇ ਇੱਕ ਤਖਤ ਸਾਹਿਬ ਦਾ ਜਥੇਦਾਰ ਵੀ ਬਣ ਗਿਆ ਸੁਣੀਂਦਾ ਹੈ। ਵਿਗਾੜ ਓਦੋਂ ਪਿਆ ਸੀ, ਜਦੋਂ 2007 ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਡੇਰੇ ਦੀਆਂ ਵੋਟਾਂ ਸਿਰਫ ਇੱਕ ਧਿਰ ਪਿੱਛੇ ਭੁਗਤੀਆਂ ਤੇ ਦੂਜੀ ਧਿਰ ਵਾਲਿਆਂ ਦੀ ਸਿਰਸੇ ਵਿੱਚ ਜਾ ਕੇ ਚੌਕੀ ਭਰੀ ਦਾ ਵੀ ਮੁੱਲ ਨਹੀਂ ਸੀ ਪਿਆ। ਚੋਣਾਂ ਪਿੱਛੋਂ ਕੁਝ ਮਹੀਨੇ ਮਗਰੋਂ ਹੀ ਜਦੋਂ ਮਾਮਲਾ ਵਿਗੜ ਗਿਆ ਤਾਂ ਰਾਜ ਦੀ ਸਰਕਾਰ ਨੇ ਸਰਕਾਰ ਦੀ ਜ਼ਿਮੇਵਾਰੀ ਨਿਭਾਉਣ ਦੀ ਥਾਂ ਪੁਰਾਣੀ ਰਾਜਸੀ ਕਿੜ ਕੱਢਣ ਦਾ ਮੌਕਾ ਮੰਨ ਕੇ ਪਹਿਲਾਂ ਡੇਢ ਦਿਨ ਸੱਚੇ ਸੌਦੇ ਵਾਲਿਆਂ ਨੂੰ ਧਮੱਚੜ ਪਾਉਣ ਦੀ ਖੁੱਲ੍ਹ ਦੇ ਦਿੱਤੀ ਤੇ ਪਿੱਛੋਂ ਇਸ ਤੋਂ ਤਿੰਨ ਗੁਣੇ ਦਿਨ ਉਨ੍ਹਾਂ ਦੇ ਵਿਰੋਧੀਆਂ ਲਈ 'ਗਲੀਆਂ ਹੋਵਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ' ਵਾਲੀ ਹਾਲਤ ਬਣਨ ਦਿੱਤੀ ਸੀ।
ਇਸ ਵਾਰੀ ਮਾਮਲਾ ਵਿਗੜ ਜਾਣ ਪਿੱਛੋਂ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਲਾਂ ਤਿੰਨ ਜਨਵਰੀ ਦੇ ਦਿਨ ਹਫੜਾ-ਦਫੜੀ ਵਿੱਚ ਫੜ ਕੇ ਫਿਰੋਜ਼ਪੁਰ ਦੀ ਜੇਲ੍ਹ ਭੇਜਿਆ ਗਿਆ। ਅੱਧੀ ਰਾਤ ਨੂੰ ਇੱਕ ਸਿਵਲ ਅਧਿਕਾਰੀ ਤੋਂ ਉਸ ਦੀ ਰਿਹਾਈ ਦਾ ਪਰਵਾਨਾ ਕੱਟਵਾ ਕੇ ਤਰੀਕ ਬਦਲਣ ਵੇਲੇ ਜੇਲ੍ਹ ਦਾ ਦਰਵਾਜ਼ਾ ਖੁੱਲ੍ਹਵਾਇਆ ਅਤੇ ਬਾਬਾ ਬਲਜੀਤ ਸਿੰਘ ਨੂੰ ਬਾਹਰ ਕੱਢ ਕੇ ਉਸ ਦੇ ਡੇਰੇ ਪੁਚਾਇਆ ਗਿਆ। ਜੇਲ੍ਹਾਂ ਵਿੱਚੋਂ ਇਸ ਤਰ੍ਹਾਂ ਦੀਆਂ ਰਿਹਾਈਆਂ ਅੱਧੀ ਰਾਤ ਨੂੰ ਅੰਗਰੇਜ਼ਾਂ ਵੇਲੇ ਹੁੰਦੀਆਂ ਸੁਣੀਆਂ ਸਨ, ਹੁਣ ਜਦੋਂ ਹੋਈਆਂ ਹਨ ਤਾਂ ਰਿਹਾਅ ਕੀਤਾ ਬਾਬਾ ਬਲਜੀਤ ਸਿੰਘ ਹੀ 'ਸਰਕਾਰ ਡਰ ਗਈ' ਆਖ ਕੇ ਚਿੜਾ ਰਿਹਾ ਹੈ। ਇਸ ਪਿੱਛੇ ਜਿਹੜੀ ਚਾਲ ਸੀ, ਉਸ ਦਾ ਖੁਲਾਸਾ ਸ਼ਾਇਦ ਕੋਈ ਵੀ ਨਹੀਂ ਕਰ ਸਕਦਾ, ਤੇ ਜਿਹੜੇ ਕਰ ਸਕਦੇ ਹਨ, ਉਹ ਕਦੇ ਕਰਨਗੇ ਨਹੀਂ, ਪਰ ਹੋਰ ਕਈ ਕੁਝ ਵੇਖਣ ਨਾਲ ਇਸ ਖੇਡ ਦੀ ਕੁਝ-ਕੁਝ ਸਮਝ ਆ ਸਕਦੀ ਹੈ। ਆਓ, ਜ਼ਰਾ ਤੀਹ-ਪੈਂਤੀ ਸਾਲ ਪੁਰਾਣੇ ਦਿਨ ਯਾਦ ਕਰੀਏ।
ਓਦੋਂ ਇੱਕ ਸੰਪਰਦਾਏ ਸਾਹਮਣੇ ਸੀ ਨਿਰੰਕਾਰੀ ਮਿਸ਼ਨ ਵਾਲਿਆਂ ਦੀ, ਜਿਸ ਦਾ ਕੁਝ ਸਿੱਖ ਸੰਪਰਦਾਵਾਂ, ਖਾਸ ਕਰ ਕੇ ਦਮਦਮੀ ਟਕਸਾਲ ਮਹਿਤਾ ਚੌਕ, ਨਾਲ ਧਰਮ ਪ੍ਰਚਾਰ ਦੇ ਨੁਕਤਿਆਂ ਤੋਂ ਤੁਰਿਆ ਵਿਰੋਧ ਤਿੱਖਾ ਹੁੰਦਾ ਗਿਆ ਸੀ। ਹੁਣ ਇੱਕ ਸੰਸਥਾ ਹੈ ਡੇਰਾ ਸੱਚਾ ਸੌਦਾ ਵਾਲੇ ਦੀ, ਜਿਸ ਨਾਲ ਧਾਰਮਿਕ ਨੁਕਤਿਆਂ ਤੋਂ ਵਧਦਾ ਗਿਆ ਵਿਰੋਧ ਕੁਝ ਸਿੱਖ ਸੰਸਥਾਵਾਂ, ਖਾਸ ਕਰ ਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਡੇਰੇ, ਨਾਲ ਸਿੱਧੇ ਟਕਰਾਓ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜਿਵੇਂ ਓਦੋਂ ਵਾਲੇ ਟਕਰਾਓ ਦੇ ਮੁੱਢ ਵਿੱਚ ਨਿਰੰਕਾਰੀ ਆਪਣੀ ਸਵੈ-ਰੱਖਿਆ ਦੇ ਨਾਂਅ ਉੱਤੇ ਪੂਰਾ ਬੰਦੋਬਸਤ ਕਰੀ ਰੱਖਦੇ ਸਨ, ਉਵੇਂ ਹੀ ਹੁਣ ਸੱਚਾ ਸੌਦਾ ਵਾਲੇ ਲਾਓ-ਲਸ਼ਕਰ ਲਈ ਫਿਰਦੇ ਹਨ। ਸਰਕਾਰੀ ਸੁਰੱਖਿਆ ਓਦੋਂ ਨਿਰੰਕਾਰੀ ਸੰਸਥਾ ਵਾਲਿਆਂ ਨੂੰ ਮਿਲੀ ਹੁੰਦੀ ਸੀ, ਹੁਣ ਸੱਚਾ ਸੌਦਾ ਵਾਲਿਆਂ ਨੂੰ ਮਿਲੀ ਹੋਈ ਹੈ। ਟਕਰਾਓ ਛੋਟੇ ਪੱਧਰ ਤੋਂ ਸ਼ੁਰੂ ਹੋ ਕੇ ਵੱਡਾ ਰੂਪ ਓਦੋਂ ਵੀ ਧਾਰ ਗਿਆ ਸੀ, ਹੁਣ ਵੀ ਧਾਰਦਾ ਜਾ ਰਿਹਾ ਹੈ।
ਪਿਛਲੀ ਵਾਰੀ ਦੂਜਾ ਪੜਾਅ ਓਦੋਂ ਆਇਆ ਸੀ, ਜਦੋਂ ਵਧਦੇ ਜਾਂਦੇ ਟਕਰਾਓ ਦੌਰਾਨ ਇੱਕ ਮੌਕੇ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਨਿਰੰਕਾਰੀਆਂ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਦਾ ਹੁਕਮਨਾਮਾ ਜਾਰੀ ਕੀਤਾ ਸੀ। ਉਸ ਤੋਂ ਸਵਾ ਸਾਲ ਪਹਿਲਾਂ 1977 ਵਿੱਚ ਜਿਹੜੇ ਅਕਾਲੀ ਲੀਡਰਾਂ ਨੇ ਨਿਰੰਕਾਰੀ ਸੰਸਥਾ ਦੇ ਮੁਖੀ ਨੂੰ ਵੋਟਾਂ ਦੀ ਅਪੀਲ ਕਰਨ ਲਈ 'ਸ਼੍ਰੀ ਸਤਿਗੁਰੂ ਜੀ' ਦੇ ਸੰਬੋਧਨ ਵਾਲੀਆਂ ਲਿਖਤੀ ਚਿੱਠੀਆਂ ਭੇਜੀਆਂ ਸਨ, ਓਦੋਂ ਉਹ ਰਾਤੋ ਰਾਤ ਨਵੇਂ ਆਏ ਹੁਕਮਨਾਮੇ ਦੇ ਹੱਕ ਵਿੱਚ ਖੜੋ ਗਏ ਸਨ। ਇਹ ਕਿਸੇ ਬਾਹਰਲੇ ਨੇ ਨਹੀਂ ਸੀ ਕੀਤਾ, ਅਕਾਲੀ ਦਲ ਦੀ ਅੰਦਰੂਨੀ ਸਿਆਸਤ ਦਾ ਕ੍ਰਿਸ਼ਮਾ ਸੀ। ਜਿਨ੍ਹਾਂ ਆਗੂਆਂ ਨੂੰ ਉਸ ਮੌਕੇ ਕੋਈ ਸੇਧ ਦੇਣ ਲਈ ਅੱਗੇ ਆਉਣਾ ਚਾਹੀਦਾ ਸੀ, ਉਹ ਗਿਣਤੀਆਂ-ਮਿਣਤੀਆਂ ਵਿੱਚ ਪਏ ਰਹੇ ਸਨ ਤੇ ਉਨ੍ਹਾਂ ਨਾਲ ਕਿੜ ਰੱਖਣ ਵਾਲੇ ਭਾਰੂ ਹੁੰਦੇ ਗਏ ਸਨ। ਹੁਣ ਵੀ ਲਗਭਗ ਇਹੋ ਕੁਝ ਹੋ ਰਿਹਾ ਹੈ। ਚਾਰ ਸਾਲ ਪਹਿਲਾਂ ਜਦੋਂ ਸੱਚੇ ਸੌਦੇ ਵਾਲੇ ਮਾਮਲੇ ਵਿੱਚ ਕੋਈ ਸੂਝ ਦਾ ਕਦਮ ਚੁੱਕਣ ਦੀ ਲੋੜ ਸੀ, ਓਦੋਂ ਫਿਰ ਉਹੋ ਅਕਾਲੀ ਆਗੂ ਰਾਜਸੀ ਗਿਣਤੀਆਂ-ਮਿਣਤੀਆਂ ਵਿੱਚ ਰੁੱਝ ਗਿਆ, ਜਿਹੜਾ 1978 ਵਿੱਚ ਇੱਕ ਵਾਰ ਅੱਗੇ ਇਹੋ ਗਲਤੀ ਕਰ ਚੁੱਕਾ ਸੀ। ਨਤੀਜੇ ਵਜੋਂ ਇੱਕ ਵਾਰੀ ਫਿਰ ਇੱਕ ਹੁਕਮਨਾਮਾ ਜਾਰੀ ਹੋ ਗਿਆ। ਇਸ ਵਾਰੀ ਦਾ ਹੁਕਮਨਾਮਾ 1978 ਵਾਲੇ ਨਾਲੋਂ ਵੀ ਵੱਧ ਸਖਤ ਸੀ। ਉਹ ਹੁਕਮਨਾਮਾ ਸਿਰਫ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਤੱਕ ਸੀਮਤ ਸੀ, ਇਸ ਵਾਰੀ ਵਿਰੋਧੀ ਸੰਪਰਦਾ ਦੇ ਪੰਜਾਬ ਵਿਚਲੇ ਸਾਰੇ ਦੇ ਸਾਰੇ ਡੇਰੇ ਬੰਦ ਕਰਾ ਦੇਣ ਦਾ ਹੁਕਮ ਵੀ ਜਾਰੀ ਕਰ ਦਿੱਤਾ ਗਿਆ। ਇੱਕ ਧਰਮ-ਨਿਰਪੱਖ ਰਾਜ ਵਿੱਚ ਇਸ ਤਰ੍ਹਾਂ ਦੀ ਗੱਲ ਹੋ ਹੀ ਨਹੀਂ ਸਕਦੀ, ਅਤੇ ਰਾਜ ਸਰਕਾਰ ਵਿੱਚ ਬੈਠੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਇੰਜ ਨਹੀਂ ਸੀ ਹੋਣ ਦੇਣਾ। ਹੁਣ ਹੁਕਮਨਾਮੇ ਉੱਤੇ ਅਮਲ ਹੋਵੇ ਜਾਂ ਨਾ ਹੋਵੇ, ਓਦੋਂ ਵਰਗਾ ਇੱਕ ਅਧਿਆਏ ਤਾਂ ਹੋਰ ਦੁਹਰਾਇਆ ਹੀ ਗਿਆ ਹੈ।
ਤੀਜਾ ਪੜਾਅ ਫਿਰ ਆ ਗਿਆ ਹੁਕਮਨਾਮੇ ਉੱਤੇ ਅਮਲ ਲਈ ਕੁਝ ਕਰਨ ਦਾ। ਓਦੋਂ ਹੁਕਮਨਾਮੇ ਉੱਤੇ ਅਮਲ ਕਰਾਉਣ ਦਾ ਝੰਡਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਚੁੱਕਿਆ ਸੀ, ਹੁਣ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਇਹ ਕੰਮ ਕਰਨ ਲਈ ਕਮਰ-ਕੱਸਾ ਕਰ ਲਿਆ ਹੈ। ਸੰਤ ਭਿੰਡਰਾਂਵਾਲੇ ਦਾ ਕਹਿਣਾ ਸੀ ਕਿ 'ਅਸੀਂ ਕੋਈ ਗਲਤ ਕਦਮ ਨਹੀਂ ਚੁੱਕ ਰਹੇ, ਸਿਰਫ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਪਾਲਣਾ ਕਰਨੀ ਅਤੇ ਕਰਾਉਣੀ ਚਾਹੁੰਦੇ ਹਾਂ।' ਸੰਤ ਬਲਜੀਤ ਸਿੰਘ ਦਾਦੂਵਾਲ ਵੀ ਇਹੋ ਕੁਝ ਕਹਿ ਰਿਹਾ ਹੈ। ਉਸ ਨੇ ਜੇਲ੍ਹ ਤੋਂ ਬਾਹਰ ਆ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹਿ ਦਿੱਤਾ ਹੈ ਕਿ ਜਾਂ ਤਾਂ ਹੁਕਮਨਾਮਾ ਲਾਗੂ ਕਰਾਉਣ ਲਈ ਅੱਗੇ ਆਓ ਜਾਂ ਫਿਰ ਇਸ ਨੂੰ ਵਾਪਸ ਲੈ ਲਓ। ਓਦੋਂ ਸੰਤ ਭਿੰਡਰਾਂਵਾਲੇ ਵੱਲੋਂ ਅਕਾਲ ਤਖਤ ਦੇ ਜਥੇਦਾਰ ਦੀ ਹਸਤੀ ਨੂੰ ਚੁਣੌਤੀ ਦੇਂਦਿਆਂ ਅਕਾਲ ਤਖਤ ਦੇ ਹੁਕਮਨਾਮੇ ਦੇ ਹਵਾਲੇ ਦੇ ਕੇ ਇਹੋ ਜਿਹੀਆਂ ਗੱਲਾਂ ਕਹਿਣਾ ਆਮ ਗੱਲ ਹੁੰਦੀ ਸੀ, ਹੁਣ ਇਹੋ ਪੈਂਤੜਾ ਬਾਬਾ ਬਲਜੀਤ ਸਿੰਘ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਸੰਤ ਭਿੰਡਰਾਂਵਾਲੇ ਦੀ ਗੱਲ ਵੀ ਆਮ ਕਰ ਕੇ ਅਕਾਲ ਤਖਤ ਦੇ ਜਥੇਦਾਰ ਅਣਗੌਲੀ ਕਰਨ ਵਿੱਚ ਭਲਾ ਸਮਝਣ ਲੱਗ ਪਏ ਸਨ, ਬਾਬਾ ਬਲਜੀਤ ਸਿੰਘ ਦੀਆਂ ਗੱਲਾਂ ਦਾ ਵੀ ਹੁੰਗਾਰਾ ਭਰਨਾ ਜਾਂ ਰੱਦ ਕਰਨਾ ਦੋਵੇਂ ਪੱਖਾਂ ਤੋਂ ਔਖਾ ਹੋਣ ਕਰ ਕੇ ਅਣਗੌਲਿਆ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਮਾਮਲੇ ਵਿੱਚ ਵੀ ਇਤਹਾਸ ਨੂੰ ਦੁਹਰਾਇਆ ਜਾਣ ਦੀ ਝਲਕ ਹੀ ਮਿਲਦੀ ਹੈ।
ਚੌਥੀ ਗੱਲ ਇਹ ਕਿ ਸੰਤ ਭਿੰਡਰਾਂਵਾਲੇ ਨੂੰ ਲਾਲਾ ਜਗਤ ਨਾਰਾਇਣ ਕਤਲ ਕੇਸ ਵਿੱਚ ਸਬੂਤਾਂ ਦੀ ਭਾਲ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਥੋੜ੍ਹੇ ਦਿਨਾਂ ਪਿੱਛੋਂ ਬਿਨਾਂ ਕੇਸ ਅੱਗੇ ਵਧਾਏ ਛੱਡਣਾ ਪਿਆ ਸੀ। ਹੁਣ ਤਿੰਨ ਜਨਵਰੀ ਨੂੰ ਸੰਤ ਬਲਜੀਤ ਸਿੰਘ ਨੂੰ ਵੀ ਉਵੇਂ ਹੀ ਬਿਨਾਂ ਕਿਸੇ ਯੋਗ ਆਧਾਰ ਜਾਂ ਯੋਗ ਤਿਆਰੀ ਤੋਂ ਸਖਤ ਧਾਰਾ ਲਾ ਕੇ ਫੜਿਆ ਅਤੇ ਜੇਲ੍ਹ ਵਿੱਚ ਪੁਚਾ ਦਿੱਤਾ ਗਿਆ। ਸੰਤ ਭਿੰਡਰਾਂਵਾਲੇ ਨੂੰ ਤਾਂ ਕੁਝ ਦਿਨਾਂ ਬਾਅਦ ਛੱਡਿਆ ਗਿਆ ਸੀ, ਸੰਤ ਬਲਜੀਤ ਸਿੰਘ ਨੂੰ ਇੱਕ ਰਾਤ ਵੀ ਕੱਟਣ ਤੋਂ ਪਹਿਲਾਂ ਛੱਡਣਾ ਅਤੇ ਅੱਧੀ ਰਾਤ ਨੂੰ ਉਸ ਦੀ ਰਿਹਾਈ ਦੇ ਹੁਕਮ ਜਾਰੀ ਕਰਵਾ ਕੇ ਤੜਕੇ ਦਾ ਤਾਰਾ ਚੜ੍ਹਨ ਤੋਂ ਪਹਿਲਾਂ ਉਸ ਦੇ ਡੇਰੇ ਵਿੱਚ ਪੁਚਾਉਣਾ ਪੈ ਗਿਆ। ਇਹ ਘਟਨਾ ਵੀ ਇਤਹਾਸ ਦਾ ਉਹੋ ਦੁਹਰਾਓ ਹੈ, ਜਿਸ ਤੋਂ ਬਚਣ ਦੀ ਥਾਂ ਪੰਜਾਬ ਦੀ ਸਰਕਾਰ ਏਦਾਂ ਦਾ ਵਿਹਾਰ ਕਰਦੀ ਰਹੀ, ਜਿਵੇਂ ਸਾਰਾ ਨਾਟਕ ਉਸ ਦੀਆਂ ਅਗਾਊਂ ਮਿਥੀਆਂ ਸੇਧਾਂ ਮੁਤਾਬਕ ਚੱਲ ਰਿਹਾ ਹੋਵੇ। ਉਂਜ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜੇਲ੍ਹ ਵਿੱਚ ਨਾ ਸਹੀ, ਸੰਤ ਭਿੰਡਰਾਂਵਾਲੇ ਨੂੰ ਵੀ ਫਿਰੋਜ਼ਪੁਰ ਜ਼ਿਲੇ ਵਿੱਚ ਹੀ ਇੱਕ ਰੈੱਸਟ ਹਾਊਸ ਨੂੰ ਆਰਜ਼ੀ ਜੇਲ੍ਹ ਬਣਾ ਕੇ ਰੱਖਿਆ ਗਿਆ ਸੀ, ਸੰਤ ਦਾਦੂਵਾਲੀਏ ਨੂੰ ਵੀ ਓਸੇ ਫਿਰੋਜ਼ਪੁਰ ਵੱਲ ਹੀ ਭੇਜਿਆ ਗਿਆ, ਪਤਾ ਨਹੀਂ ਕਿਉਂ? ਸ਼ਾਇਦ ਇਹ ਵੀ ਇਤਹਾਸ ਨੂੰ ਦੁਹਰਾਉਣ ਲਈ ਕੀਤਾ ਗਿਆ ਹੋਵੇ।
ਆਖਰੀ ਗੱਲ ਵੀ ਸ਼ਾਇਦ ਇਤਹਾਸ ਦਾ ਦੁਹਰਾਓ ਹੀ ਹੈ ਕਿ ਸੰਤ ਭਿੰਡਰਾਂਵਾਲੇ ਦਾ ਸਭ ਤੋਂ ਵੱਡਾ ਨੇੜੂ ਓਦੋਂ ਦੀ ਦਿੱਲੀ ਦੀ ਸਿੱਖ ਸਿਆਸਤ ਦਾ ਇੱਕ ਮਹਾਂਰਥੀ ਹੁੰਦਾ ਸੀ। ਉਹ ਦਿੱਲੀ ਵਿੱਚ ਬੀਬੀ ਇੰਦਰਾ ਗਾਂਧੀ ਨੂੰ ਮਿਲ ਕੇ ਪੰਜਾਬ ਨੂੰ ਆਉਂਦਾ ਸੀ ਤੇ ਵਾਪਸ ਜਾ ਕੇ ਵੀ ਫਿਰ ਮਿਲ ਲੈਂਦਾ ਹੁੰਦਾ ਸੀ। ਹੁਣ ਸੰਤ ਦਾਦੂਵਾਲ ਦੇ ਮਗਰ ਵੀ ਦਿੱਲੀ ਦੀ ਸਿੱਖ ਸਿਆਸਤ ਦਾ ਕੋਈ ਮਹਾਂਰਥੀ ਮੁੜ-ਮੁੜ ਗੇੜੇ ਲਾਈ ਜਾਂਦਾ ਹੈ। ਇਸ ਮਹਾਂਰਥੀ ਦਾ ਬੀਬੀ ਸੋਨੀਆ ਗਾਂਧੀ ਨਾਲ ਮਿਲਣਾ ਵੀ ਓਨਾ ਹੀ ਆਮ ਹੈ, ਜਿੰਨਾ ਓਦੋਂ ਵਾਲੇ ਮਹਾਂਰਥੀ ਦਾ ਬੀਬੀ ਇੰਦਰਾ ਗਾਂਧੀ ਨੂੰ ਮਿਲਣਾ ਆਮ ਹੁੰਦਾ ਸੀ। ਇਸ ਪੱਖ ਤੋਂ ਵੀ ਇੱਕ ਦੁਹਰਾਓ ਦੀ ਝਲਕ ਸੌਖੀ ਹੀ ਲੱਭ ਜਾਂਦੀ ਹੈ, ਪਤਾ ਨਹੀਂ ਕਿਉਂ?
ਹਾਲੇ ਹਾਲਾਤ ਦੇ ਇਸ ਵਹਿਣ ਨੇ ਬਾਹਲਾ ਪੈਂਡਾ ਨਹੀਂ ਕੀਤਾ, ਪਰ ਜਿੰਨਾ ਕੀਤਾ ਹੈ, ਉਹ ਸੁਖਾਵੇਂ ਭਵਿੱਖ ਦੇ ਸੰਕੇਤ ਨਹੀਂ ਦੇਂਦਾ। ਅੱਗੇ ਕੋਈ ਤਿੱਖਾ ਕੂਹਣੀ ਮੋੜ ਵੀ ਆ ਸਕਦਾ ਹੈ। ਇਤਹਾਸ ਆਪਣੇ ਆਪ ਨੂੰ ਜਿਵੇਂ ਦੁਹਰਾ ਰਿਹਾ ਹੈ, ਇਹ ਕੋਈ ਸਹਿਜ ਸੁਭਾਅ ਦਾ ਵਰਤਾਰਾ ਨਹੀਂ ਜਾਪਦਾ। ਕੁਝ ਰਾਜਸੀ ਸ਼ਕਤੀਆਂ ਆਪਣੀ 'ਲੋੜ ਜੋਗੀ' ਗੜਬੜ ਦਾ ਮਾਹੌਲ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਜਾਪਦੀਆਂ ਹਨ। ਪੰਜਾਬ ਦੇ ਲੋਕਾਂ ਨੇ ਅੱਗੇ ਬਾਰਾਂ ਕੁ ਸਾਲ ਜਿਹੜੀ ਹਨੇਰੀ ਸੁਰੰਗ ਅੰਦਰ ਗੁਜ਼ਾਰੇ ਹੋਏ ਹਨ, ਉਨ੍ਹਾਂ ਦਾ ਚੇਤਾ ਨਹੀਂ ਭੁਲਾਇਆ ਜਾ ਸਕਦਾ। ਜੇ ਮੁੜ ਕੇ ਉਹ ਦਿਨ ਨਹੀਂ ਦੇਖਣੇ ਤਾਂ ਇੱਕੋ ਰਸਤਾ ਹੈ ਕਿ ਪੰਜਾਬ ਜਾਗਦਾ ਰਹੇ, ਜਾਗਦਾ ਰਹੇ ਤੇ ਜਾਗਦਾ ਰਹੇ
No comments:
Post a Comment