ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ (8)

ਵੀਰੋ ਊਠਾਂ ਵਾਲਿਓ ਵੇ.....!ਸਿਵਚਰਨ ਜੱਗੀ ਕੁੱਸਾ
ਨਵੇਂ ਸਾਲ ਦੇ ਜਸ਼ਨ ਮਨਾ ਰਹੇ ਮੇਰੇ ਵਤਨ ਵਾਸੀਓ..! ਮੇਰੀ ਇੱਕ ਗੱਲ ਸੁਣ ਜਾਓ ਖੜ੍ਹ ਕੇ..!! ਕਦੇ ਸ਼ਾਹਣੀ ਕੌਲਾਂ ਨੇ ਕਿਹਾ ਸੀ, "ਵੀਰੋ ਊਠਾਂ ਵਾਲਿਓ ਵੇ ਪਾਣੀ ਪੀ ਜਾਓ ਦੋ ਪਲ ਬਹਿ ਕੇ ......ਕੌਲਾਂ ਡੱਕੇ ਚੁਗਦੀ ਦਾ ਜਾਇਓ ਵੇ ਇੱਕ ਸੁਨੇਹਾਂ ਲੈ ਕੇ....!" ਇਹ ਉਸ ਦੇ ਦੁਖੀ ਦਿਲ ਦੀ ਹੂਕ ਸੀ, ਦਰਦ ਸੀ। ਇੱਕ ਸੁਨੇਹਾਂ ਸੀ ਅਤੇ ਆਪਣੇ ਵਤਨ ਦੇ ਵੀਰਾਂ ਤੋਂ ਹਮਦਰਦੀ ਦੀ ਆਸ ਸੀ। ਤਾਂ ਹੀ ਤਾਂ ਉਸ ਨੇ ਆਪਣੇ ਵਤਨ ਦੇ ਵੀਰ ਪਹਿਚਾਣ ਕੇ ਹਾਕ ਮਾਰੀ ਸੀ। ਨਹੀਂ ਤਾਂ ਡੱਕੇ ਚੁਗਦੀ ਕੌਲਾਂ ਨੂੰ ਬਥੇਰੇ ਰਾਹੀ ਮਿਲਦੇ ਹੋਣਗੇ? ਪਰ ਹਾਕ ਉਸ ਨੇ "ਊਠਾਂ ਵਾਲੇ ਵੀਰਾਂ" ਨੂੰ ਹੀ ਮਾਰੀ ਸੀ!
ਆਸਟਰੀਆ ਦੇ ਜੰਮਪਲ ਅਤੇ ਪਿੱਛੋਂ ਜਰਮਨ ਦੇ ਬਣੇ ਡਿਕਟੇਟਰ ਆਡੋਲਫ਼ ਹਿਟਲਰ ਨੇ ਭੂਸਰ ਕੇ ਕਿਹਾ ਸੀ, "ਅਸੀਂ ਇਤਨੇ ਲੜਾਕੇ ਜਹਾਜ ਤਿਆਰ ਕਰਾਂਗੇ - ਇਤਨੇ ਲੜਾਕੇ ਜਹਾਜ ਤਿਆਰ ਕਰਾਂਗੇ ਕਿ ਪੰਛੀਆਂ ਨੂੰ ਅਸਮਾਨ ਵਿਚ ਉੱਡਣ ਲਈ ਜਗਾਹ ਨਹੀਂ ਮਿਲੇਗੀ - ਫਿਰ ਉਹ ਤੁਰ ਕੇ ਜਾਇਆ ਕਰਨਗੇ...!" ਇਹ ਸਤਰਾਂ ਉਸ ਦੀ ਕਿਤਾਬ "ਮੇਰੀ ਜੰਗ" ਵਿਚ ਵੀ ਦਰਜ਼ ਹਨ! ਇਹ ਹਿਟਲਰ ਦੀ ਹਾਉਮੈ ਸੀ, ਭੂਸਰਪੁਣਾ ਸੀ, ਹੰਕਾਰ ਸੀ! ਫਿਰ ਹੋਇਆ ਕੀ? ਆਖਰ ਹਿਟਲਰ ਨੂੰ ਆਪਣੀ ਰਖੇਲ ਏਵਾ ਬਰਾਊਨ ਸਮੇਤ ਅਗਸਤ 1944 ਵਿਚ ਖ਼ੁਦਕਸ਼ੀ ਕਰਨੀ ਪਈ। ਪਰ ਉਸ ਦੀ ਹੈਂਕੜ ਕਰਕੇ 40 ਮਿਲੀਅਨ ਬੇਦੋਸ਼ੇ ਲੋਕ ਮਾਰੇ ਗਏ। ਉਹ ਹੀ ਖੁੱਲ੍ਹਾ-ਡੁੱਲ੍ਹਾ ਅਸਮਾਨ ਹੈ, ਪੰਛੀ ਉਡਾਰੀਆਂ ਮਾਰ ਰਹੇ ਹਨ, ਪਰ ਹਿਟਲਰ ਕਿੱਥੇ ਹੈ....?
ਪਰ ਉਸ ਦੀਆਂ ਕੀਤੀਆਂ ਬੱਜਰ-ਗ਼ਲਤੀਆਂ ਤੋਂ ਕਿਸੇ ਨੇ ਕਿੰਨ੍ਹਾ ਕੁ ਸਬਕ ਸਿੱਖਿਆ? ਅਸਲ ਸੁਆਲ ਇਹ ਉਠਦਾ ਹੈ! ਅੱਜ ਵੀ ਸਾਊ ਲੋਕ ਹਿਟਲਰ ਦਾ ਨਾਂ ਲੈ ਕੇ ਥੁੱਕਦੇ ਹਨ। ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ ਕੁਝ ਸਾਲ ਪਹਿਲਾਂ ਮੈਂ ਅਤੇ ਮੇਰਾ ਇਕ ਭਾਰਤੀ ਅੰਬੈਸੀ ਵਿਚ ਉੱਚ-ਅਹੁਦੇ 'ਤੇ ਲੱਗਿਆ ਮਿੱਤਰ ਬਲਦੇਵ ਵਾਸਦੇਵ ਪ੍ਰੀਵਾਰ ਸਮੇਤ ਮੇਰੇ ਕੋਲ ਆਇਆ। ਅਸੀਂ ਆਸਟਰੀਆ ਵਿਚ ਹਿਟਲਰ ਦਾ ਜਨਮ ਸਥਾਨ ਦੇਖਣ ਲਈ ਉਸ ਦੇ ਪਿੰਡ "ਬਰਾਉਨਾਓ" ਗਏ। ਐਤਵਾਰ ਦਾ ਦਿਨ ਸੀ। ਸੜਕਾਂ ਸੁੰਨਸਾਨ ਸਨ। ਅਸੀਂ ਇੱਕ ਗੋਰੀ ਬਿਰਧ-ਮਾਈ ਨੂੰ ਹਿਟਲਰ ਦਾ ਜਨਮ ਸਥਾਨ ਪੁੱਛ ਬੈਠੇ। ਬੱਸ ਫਿਰ ਕੀ ਸੀ....? ਉਹ ਮਾਈ ਸਾਨੂੰ "ਅਲੀ-ਅਲੀ" ਕਰਕੇ ਸਾਡੇ ਗਲ ਪੈ ਗਈ। ਉਹ ਇਹ ਕਹਿ ਰਹੀ ਸੀ ਕਿ ਮੈਂ ਪਵਿੱਤਰ ਗਿਰਜਾ-ਘਰ ਤੋਂ ਆ ਰਹੀ ਹਾਂ ਅਤੇ ਤੁਸੀਂ ਮੇਰੇ ਸਾਹਮਣੇ ਉਸ "ਦੁਸ਼ਟ" ਦਾ ਨਾਂ ਲੈ ਦਿੱਤਾ...? ਜਿੱਥੋਂ ਤੱਕ ਉਹ ਮਾਈ ਸਾਨੂੰ ਨਜ਼ਰ ਪੈਂਦੀ ਰਹੀ, ਬੁੜ-ਬੁੜ ਕਰਦੀ ਹੀ ਗਈ ਅਤੇ ਸਾਨੂੰ ਪਿੱਛੇ ਮੁੜ-ਮੁੜ ਕੇ, ਦੇਖ-ਦੇਖ ਥੁੱਕਦੀ ਰਹੀ, ਧਰਤੀ Ḕਤੇ ਪੈਰ ਪਟਕਦੀ ਰਹੀ! ਮੈਂ ਅਤੇ ਮੇਰਾ ਉਹ ਉੱਚ-ਅਫ਼ਸਰ ਦੋਸਤ ਆਪਣੀ ਕਾਰ ਵਿਚ ਬੈਠੇ ਪਿਆਸੇ ਕਾਂ ਵਾਂਗ ਝਾਕ ਰਹੇ ਸਾਂ।
ਜਿਸ ਕਿਸੇ ਨੂੰ ਵੀ ਅਸੀਂ ਹਿਟਲਰ ਦੇ ਜਨਮ ਸਥਾਨ ਬਾਰੇ ਪੁੱਛਿਆ, ਜਾਂ ਤਾਂ ਅਗਲਾ ਹੱਸ ਕੇ ਹੀ ਅੱਗੇ ਤੁਰ ਜਾਂਦਾ ਅਤੇ ਜਾਂ ਫਿਰ ਸਾਡੇ ਵੱਲ ਸ਼ੱਕੀ ਜਿਹੀਆਂ ਨਜ਼ਰਾਂ ਨਾਲ ਕੁਣੱਖਾ ਦੇਖਦਾ। ਫਿਰ ਸਾਨੂੰ ਇਕ ਪੜ੍ਹਿਆ-ਲਿਖਿਆ ਗੋਰਾ ਨੌਜਵਾਨ ਉਸ ਦੇ ਘਰ ਤੱਕ ਛੱਡ ਕੇ ਆਇਆ। ਹਿਟਲਰ ਦਾ ਘਰ ਬੇਅਬਾਦ ਪਿਆ ਹੈ। ਇਸ ਨੂੰ ਕੋਈ ਕੌਡੀਆਂ ਦੇ ਭਾਅ ਵੀ ਖਰੀਦਣਾ ਨਹੀਂ ਚਾਹੁੰਦਾ। ਇਸ ਘਰ ਅੱਗੇ ਇੱਕ ਬਹੁਤ ਵੱਡਾ ਪੱਥਰ ਪਿਆ ਹੈ, ਜਿਹੜਾ ਉਸ "ਕੰਨਸੰਨਟ੍ਰੇਸ਼ਨ ਕੈਂਪ" ਅਰਥਾਤ ਨਜ਼ਰਬੰਦੀ ਕੈਂਪ ਤੋਂ ਲਿਆਂਦਾ ਗਿਆ ਹੈ, ਜਿੱਥੇ ਹਿਟਲਰ ਨੇ ਲੱਖਾਂ ਯਹੂਦੀ ਜ਼ਹਿਰੀਲੀ-ਗੈਸ ਛੱਡ ਕੇ ਮਾਰੇ ਸਨ। ਬੱਚੇ, ਬੁੱਢੇ, ਬੁੱਢੀਆਂ, ਮਰਦ ਅਤੇ ਮੁਟਿਆਰਾਂ ਸਭ ਦਾ ਘਾਣ ਕਰ ਦਿੱਤਾ ਸੀ। ਇਸ ਪੱਥਰ ਉਪਰ ਜਰਮਨ ਭਾਸ਼ਾ ਵਿਚ ਉਕਰਿਆ ਹੋਇਆ ਹੈ:

-"ਗ਼ਲਤੀ ਇੱਕ ਇਨਸਾਨ ਕਰਦਾ ਹੈ,
ਪਰ ਦੋਸ਼ੀ ਸਾਰੀ ਕੌਮ ਅਤੇ ਦੇਸ਼, ਨਾਲ ਹੋ ਜਾਂਦਾ ਹੈ।
ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ!
ਉਹਨਾਂ ਦੀ ਆਤਮਾ ਲਈ ਦੁਆ ਕਰਦੇ ਹਾਂ!
ਹੇ ਯਸੂ ਮਸੀਹ! ਇਹਨਾਂ ਨੂੰ ਆਪਣੀ ਬੁੱਕਲ ਵਿਚ ਲੈ
ਅਤੇ ਪਾਪੀਆਂ ਨੂੰ ਸੁਮੱਤ ਅਤੇ ਮੁਆਫ਼ੀ ਬਖਸ਼!
ਹੇ ਪਿਆਰੇ ਪਿਤਾæææ!
ਮੁੜ ਕੇ ਅਜਿਹਾ ਘੱਲੂਘਾਰਾ ਕਿਤੇ ਨਾ ਵਾਪਰੇ!"

ਪਰ ਵਾਪਰ ਕੀ ਰਿਹਾ ਹੈ?
ਕਿੱਥੇ ਨਹੀਂ ਵਾਪਰ ਰਿਹਾ?
ਅੱਜ ਮੈਂ ਹਿੰਦੋਸਤਾਨ ਦੀ ਨਹੀਂ, ਬਾਹਰਲੇ ਮੁਲਕਾਂ ਦੀ ਹੀ ਗੱਲ ਕਰਾਂਗਾ। ਅੱਜ ਕੱਲ੍ਹ ਗਾਜ਼ਾ ਪੱਟੀ ਵਿਚ ਹੁੰਦੇ ਮਾਨੁੱਖਤਾ ਦੇ ਘਾਣ ਨੇ ਮੇਰੇ ਕਈ ਸਾਲਾਂ ਦੇ ਜ਼ਖ਼ਮ ਫ਼ਿਰ ਉਚੇੜ ਦਿੱਤੇ ਅਤੇ ਕੁਝ ਯਾਦਾਂ ਤਾਜ਼ੀਆਂ ਹੋ ਕੇ ਦਿਲ ਦੇ ਜ਼ਖ਼ਮ ਫ਼ਿਰ ਰਸਣ ਲੱਗ ਪਏ! ਪੂਰੇ ਨੌਂ ਸਾਲ ਪਹਿਲਾਂ 31 ਦਸੰਬਰ 2000 ਦੀ ਰਾਤ ਸਾਡੀ ਇੱਕ ਫ਼ਾਈਵ-ਸਟਾਰ ਹੋਟਲ ਵਿਚ ਨਵੇਂ ਸਾਲ 2001 ਦੀ ਪਾਰਟੀ ਰੱਖੀ ਹੋਈ ਸੀ। ਜਿੱਥੇ ਮੇਰੇ ਇੱਕ ਪ੍ਰਸਿੱਧ ਗੋਰੇ ਪੱਤਰਕਾਰ ਮਿੱਤਰ ਨੇ ਵੀ ਪੁੱਜਣਾ ਸੀ। 31 ਦਸੰਬਰ 2000 ਦੀ ਰਾਤ 12 ਵਜੇ ਨਵੇਂ ਸਾਲ 2001 ਦਾ ਆਗਮਨ ਹੋਇਆ। ਲਾਈਟਾਂ ਮੱਧਮ ਕਰ ਦਿੱਤੀਆਂ ਗਈਆਂ ਅਤੇ ਸ਼ਾਂਤੀ ਦੀਆਂ ਪ੍ਰਤੀਕ ਮੋਮਬੱਤੀਆਂ ਪ੍ਰਬੰਧਕਾਂ ਨੇ ਜਗਾ ਦਿੱਤੀਆਂ। ਸਾਰੇ ਮੁੰਡੇ-ਕੁੜੀਆਂ ਇਕ-ਦੂਜੇ ਨੂੰ ਗਲਵੱਕੜੀਆਂ ਪਾ ਕੇ ਮਿਲੇ ਅਤੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਗਈ। ਗੋਰਿਆਂ ਵੱਲੋਂ 'ਸ਼ੈਂਪੇਨ' ਦੇ ਜਾਮ ਟਕਰਾਏ ਗਏ ਗਏ ਅਤੇ ਖ਼ੂਬ ਆਤਿਸ਼ਬਾਜ਼ੀ, ਫੁੱਲਝੜੀਆਂ ਅਤੇ ਪਟਾਕੇ ਚਲਾਏ ਗਏ। ਰਾਤ ਦੋ ਵਜੇ ਤੱਕ ਪੀਣ ਦਾ ਖ਼ੂਬ ਕੰਮ ਚੱਲਿਆ।
ਮੇਰੇ ਨਾਲ ਦੇ ਕੁੜੀਆਂ-ਮੁੰਡੇ ਡਾਂਸ ਕਰਨ ਲੱਗ ਪਏ ਅਤੇ ਮੈਂ ਮੇਰੇ ਦੋਸਤ ਪੱਤਰਕਾਰ ਮਾਰਟਿਨ ਵੱਲੋਂ ਨਾਲ ਲਿਆਂਦਾ ਜਰਮਨ ਵਿਚ ਛਪਣ ਵਾਲਾ ਮਸ਼ਹੂਰ ਰਸਾਲਾ 'ਸ਼ਟਿਰਨ' (ਤਾਰਾ) ਫ਼ਰੋਲਣ ਲੱਗ ਪਿਆ। ਕਿਉਂਕਿ ਮੈਂ ਗੋਰਿਆਂ ਦਾ ਨਾਚ ਨਹੀਂ ਜਾਣਦਾ। ਅਠਾਈ ਸਾਲ 24-24 ਘੰਟੇ ਗੋਰਿਆਂ ਦੀ ਸੰਗਤ ਵਿਚ ਰਹਿ ਕੇ ਵੀ ਮੈਂ ਆਤਮਿਕ ਪੱਖੋਂ ਇਹਨਾਂ ਦਾ ਨਹੀਂ ਹੋ ਸਕਿਆ, ਪੂਰਨ ਤੌਰ 'ਤੇ ਪੰਜਾਬੀ-ਪੁੱਤਰ ਹੀ ਰਿਹਾ ਹਾਂ। ਮੇਰੀ ਘਰਵਾਲੀ ਪੰਜਾਬਣ ਹੈ ਅਤੇ ਮੇਰੇ ਬੱਚੇ ਘਰ ਵਿਚ ਪੰਜਾਬੀ ਬੋਲਦੇ ਹਨ।
'ਸ਼ਟਿਰਨ' ਰਸਾਲਾ ਫ਼ਰੋਲਦੇ-ਫ਼ਰੋਲਦੇ ਦੀ ਮੇਰੀ ਨਜ਼ਰ ਉਹਨਾਂ ਮੂਰਤਾਂ ਉਪਰ ਜਾ ਪਈ, ਜਿਹਨਾਂ 'ਤੇ ਅੱਤਿ-ਸੰਖੇਪ ਲਿਖਿਆ ਹੋਇਆ ਸੀ: ਇੱਕ ਬਾਪ-ਬੱਚਾ ਗੋਲੀਆਂ ਦੀ ਬੁਛਾੜ ਵਿਚ ਮਾਰੇ ਗਏ! ਥੱਲੇ ਲਿਖਿਆ ਸੀ, "ਗਾਜ਼ਾ ਪੱਟੀ ਵਿਚ ਜਦੋਂ ਅਚਾਨਕ ਫ਼ਲਸਤੀਨੀ ਅਤੇ ਇਜ਼ਰਾਈਲ ਦੀਆਂ ਗਸ਼ਤੀ ਪਾਰਟੀਆਂ ਵਿਚਕਾਰ ਗੋਲੀ ਚੱਲੀ ਤਾਂ ਇਸ ਬਾਪ ਜਮਾਲ ਅਲ-ਦੁਰਾ ਅਤੇ ਉਸ ਦੇ ਛੇ ਸਾਲਾ ਪੁੱਤਰ ਮੁਹੰਮਦ ਨੇ ਇਕ ਕੰਧ ਦੀ ਓਟ ਲੈ ਲਈ। ਮਮਤਾ ਮਾਰਿਆ ਬਾਪ ਬੱਚੇ ਨੂੰ ਪੰਤਾਲੀ ਮਿੰਟ ਗੋਲੀਆਂ ਤੋਂ ਬਚਾਉਂਦਾ ਰਿਹਾ। ਪਰ ਪੰਤਾਲੀ ਮਿੰਟਾਂ ਬਾਅਦ ਪਹਿਲਾਂ ਬੱਚਾ ਮਾਰਿਆ ਗਿਆ ਅਤੇ ਫਿਰ ਬਾਪ। ਇਹ ਫ਼ੋਟੋ ਇਜ਼ਰਾਈਲ ਦੀ 'ਹਾਰੇਟਿਜ਼' ਅਖ਼ਬਾਰ ਦੇ ਪੱਤਰਕਾਰ ਨੇ ਲਈਆਂ। ਇਹ ਹੁਣ ਤੱਕ ਖਿੱਚੀਆਂ ਗਈਆਂ ਤਮਾਮ ਫ਼ੋਟੋਆਂ ਵਿਚੋਂ ਸਭ ਤੋਂ ਜ਼ਿਆਦਾ ਦਿਲ-ਕੰਬਾਊ ਹਨ...।"
ਮੈਂ ਫਿਰ ਇਹ ਛੇ ਫ਼ੋਟੋਆਂ ਬੜੇ ਗਹੁ ਨਾਲ ਤੱਕੀਆਂ ਕਿ ਕਿਵੇਂ ਦਿਲ ਦੇ ਖ਼ੂਨ ਨੂੰ ਬਾਪ ਪਲ-ਪਲ ਇੱਧਰ ਅਤੇ ਕਦੇ ਉਧਰ ਖਿਸਕਾ ਰਿਹਾ ਸੀ ਅਤੇ ਕਿਤੇ-ਕਿਤੇ ਉਸ ਨੂੰ ਬਚਾਉਣ ਵਾਸਤੇ ਖਿੱਚ ਧੂਹ ਵੀ ਕਰ ਰਿਹਾ ਸੀ। ਬੱਚਾ ਚੀਕਾਂ ਮਾਰ ਰਿਹਾ ਸੀ ਅਤੇ ਬਾਪ ਵੀ ਫ਼ੋਟੋ 'ਤੇ ਉਂਜ ਹੀ ਕੁਰਲਾਉਂਦਾ ਦਿਖਾਈ ਦਿੰਦਾ ਸੀ। ਪਰ ਹੋਇਆ ਉਹ, ਜੋ ਖ਼ੁਦਾ ਨੂੰ ਮਨਜ਼ੂਰ ਸੀ! ਬੱਚਾ ਬਾਪ ਦੀਆਂ ਲੱਤਾਂ ਉਤੇ ਢੇਰੀ ਹੋਇਆ ਪਿਆ ਸੀ ਅਤੇ ਮਰੇ ਬਾਪ ਦੀ ਕੰਧ ਨਾਲ ਢੋਅ ਲੱਗੀ ਹੋਈ ਸੀ। ਦੇਖ ਕੇ ਮੇਰਾ ਦਿਲ ਦੋਫ਼ਾੜ ਹੋ ਗਿਆ ਅਤੇ ਲਹੂ-ਲੁਹਾਣ ਹੋਈ ਆਤਮਾ ਕੁਰਲਾਉਣ ਲੱਗ ਪਈ।
ਮੈਂ ਹੋਟਲ ਵਿਚੋਂ ਰਸਾਲਾ ਚੁੱਕ ਕੇ ਆਪਣੀ ਕਾਰ ਵਿਚ ਆ ਬੈਠਾ।
ਬੱਤੀ ਜਗਾ ਕੇ ਫ਼ੋਟੋਆਂ ਫਿਰ ਦੇਖੀਆਂ ਅਤੇ ਰੱਜ ਕੇ ਰੋਇਆ। ਇੰਨਾਂ ਕਦੇ ਮੈਂ ਕਿਸੇ 'ਆਪਣੇ' ਨੂੰ ਨਹੀਂ ਰੋਇਆ ਸੀ। ਪਤਾ ਨਹੀਂ ਇਸ ਬਾਪ-ਬੇਟੇ ਨਾਲ ਮੇਰਾ ਕੀ ਨਾਤਾ ਸੀ....? ਪਤਾ ਨਹੀਂ ਇਹ ਮਾਸੂਮ ਬੱਚਾ ਮੈਨੂੰ ਕਿਉਂ ਆਪਣਾ ਜਿਹਾ ਲੱਗ ਰਿਹਾ ਸੀ...? ਮੈਨੂੰ ਇਸ ਬੱਚੇ ਨੂੰ ਬਚਾਉਂਦੇ ਬਾਪ 'ਤੇ ਅੰਤਾਂ ਦਾ ਤਰਸ ਆ ਰਿਹਾ ਸੀ, ਜਿਹੜਾ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਨਹੀਂ ਬਚਾ ਸੀ ਸਕਿਆ, ਸਗੋਂ 'ਹਮਰਾਹੀ' ਹੋ ਤੁਰਿਆ ਸੀ! ਫਿਰ ਮੈਂ ਸਟੇਅਰਿੰਗ 'ਤੇ ਕਈ ਵਾਰ ਮੱਥਾ ਮਾਰ ਕੇ ਅਕਾਲ-ਪੁਰਖ਼ ਨੂੰ ਪੁੱਛਿਆ ਕਿ ਹੇ ਮੇਰੇ ਅਕਾਲ-ਪੁਰਖ਼....! ਪਵਿੱਤਰ ਗੁਰਬਾਣੀ ਫ਼ੁਰਮਾਉਂਦੀ ਹੈ, "ਘਟ ਘਟ ਮੈ ਹਰਿ ਜੂ ਵਸੈ ਸੰਤਨ ਕਹਿਓ ਪੁਕਾਰਿ।। ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ।।" ਸੰਤ-ਜਨਾਂ ਨੇ ਪੁਕਾਰ-ਪੁਕਾਰ ਕੇ ਕਿਹਾ ਹੈ ਕਿ ਤੂੰ ਕਿਣਕੇ-ਕਿਣਕੇ ਵਿਚ ਵਸਦਾ ਹੈਂ। ਸੁਣਿਆਂ ਹੈ ਕਿ ਤੇਰਾ ਹਰ ਇਨਸਾਨ ਦੇ ਅੰਦਰ ਵਾਸਾ ਹੈ। ਪਰ ਤੇਰੇ ਇਹੀ ਬੰਦੇ ਹੀ ਇਨਸਾਨੀਅਤ ਦੇ ਕਾਤਲ ਕਿਉਂ ਬਣੇ ਹੋਏ ਹਨ...? ਗੁਰਬਾਣੀ ਅਨੁਸਾਰ, "ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।। ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ।।" ਫਿਰ ਇਹ ਮੂਲ ਪਹਿਚਾਨਣ ਤੋਂ ਕਿਉਂ ਆਕੀ ਹੋਏ ਬੈਠੇ ਹਨ...? ਕੁਝ ਪ੍ਰਾਪਤ ਕਰਨ ਸਮੇਂ ਤਾਂ ਦੇਵਤੇ ਅਤੇ ਰਾਕਸ਼ਸ ਵੀ ਇਕੱਠੇ ਹੋ ਗਏ ਸਨ। ਜਦ ਸ਼ੇਸ਼ਨਾਗ ਦਾ ਨੇਤਰਾ ਪਾ ਕੇ, ਖੀਰ ਸਮੁੰਦਰ ਨੂੰ ਰਿੜਕਿਆ ਅਤੇ ਚੌਦਾਂ ਰਤਨ ਕੱਢੇ ਸਨ ਤਾਂ ਦੇਵਤੇ ਅਤੇ ਦੈਤਾਂ ਨੇ ਰਲ ਕੇ ਹੀ ਕੱਢੇ ਸਨ। ਫਿਰ ਇਹ ਤੇਰੇ 'ਬੰਦੇ' ਇਕੱਠੇ ਕਿਉਂ ਨਹੀਂ ਹੋ ਸਕਦੇ...? ਕੀ ਅੱਜ ਦੇ ਬੰਦੇ ਦੇਵਤਿਆਂ ਨਾਲੋਂ ਜ਼ਿਆਦਾ ਬੁੱਧੀਮਾਨ ਹੋ ਗਏ...? ਜਾਂ ਰਾਕਸ਼ਸਾਂ ਨਾਲੋਂ ਵੀ ਭਿਅੰਕਰ ਬਣ ਗਏ...? ਕੀ ਇਹਨਾਂ ਨੂੰ ਤੇਰਾ ਡਰ ਹੀ ਨਹੀਂ ਰਿਹਾ...? ਜਾਂ ਫਿਰ ਕਿਤੇ ਮੇਰੇ ਅਕਾਲ ਪੁਰਖ਼! ਇਹ ਤੇਰੀ ਜਗਾਹ ਤਾਂ ਨਹੀਂ ਮੱਲ ਬੈਠੇ...? ਪਰ ਮੇਰੇ ਪ੍ਰਮਾਤਮਾ! ਸੁਣਿਐ ਅੰਧੇ ਪਾਵਹਿ ਰਾਹੁ।। ਸੁਣਿਐ ਹਾਥੁ ਹੋਵੈ ਅਸਗਾਹੁ।। ਤੇਰੀ ਕਿਰਪਾ ਹੋ ਜਾਵੇ ਤਾਂ ਅੰਨ੍ਹੇ ਨੂੰ ਵੀ ਰਾਹ ਪਾ ਸਕਦੈਂ। ਸਮੁੰਦਰ ਵੀ ਤੇਰੀ ਕਿਰਪਾ ਨਾਲ ਹੱਥ-ਹੱਥ ਰਹਿ ਜਾਂਦੈ। ਪਰ ਇਹ ਵੀ ਦੱਸ ਕਿ ਇਹਨਾਂ ਦੁੱਖਾਂ ਅਤੇ ਪਾਪਾਂ ਦਾ ਨਾਸ਼ ਕਦੋਂ ਹੋਵੇਗਾ? ਤੇਰੀ ਅਦਾਲਤ ਸਾਰਿਆਂ ਤੋਂ ਉਚੀ ਅਤੇ ਸੁੱਚੀ ਅਦਾਲਤ ਹੈ। ਜੇ ਬੰਦਾ ਇਸ ਦਾ ਦਰ ਨਾ ਖੜਕਾਵੇ ਤਾਂ ਫਿਰ ਦੱਸ ਕਿੱਥੇ ਜਾਵੇ? ਰੱਬਾ...! ਜੇ ਤੇਰੇ ਭਗਤਾਂ ਨੂੰ ਤੇਰੀ ਲੋੜ ਹੈ ਤਾਂ ਤੈਨੂੰ ਵੀ ਭਗਤਾਂ ਦੀ ਜ਼ਰੂਰਤ ਹੈ। ਤੇਰੇ ਭਗਤਾਂ ਬਿਨਾ ਤੈਨੂੰ ਪੁੱਛੇਗਾ ਵੀ ਕੌਣ? ਜਿੰਨੀ ਕੁ ਗਾਹਕ ਨੂੰ ਬਾਣੀਏਂ ਦੀ ਲੋੜ ਹੁੰਦੀ ਹੈ, ਉਤਨੀ ਬਾਣੀਏਂ ਨੂੰ ਵੀ ਗਾਹਕ ਦੀ ਲੋੜ ਹੁੰਦੀ ਹੈ। ਪਰ ਹੇ ਅਕਾਲ ਮੂਰਤ! ਤੂੰ ਤਾਂ ਅਜੂਨੀ ਸੈਭੰ ਹੈਂ ਅਤੇ ਮੈਂ ਪਾਪੀ ਕੀੜਾ! ਮੈਨੂੰ ਮੁਆਫ਼ ਹੀ ਕਰੀਂ!! ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।। ਚੋਰੁ ਯਾਰੁ ਜੂਆਰ ਹਉ ਪਰ ਘਰਿ ਜੋਹੰਦਾ।। ਨਿੰਦਕੁ ਦੁਸਟੁ ਹਰਾਮਖੋਰੁ ਠਗੁ ਦੇਸ ਠਗੰਦਾ।। ਕਾਮ ਕਰੋਧ ਮਦੁ ਲੋਭੁ ਮੋਹੁ ਅਹੰਕਾਰੁ ਕਰੰਦਾ।। ਬਿਸਾਸਘਾਤੀ ਅਕਿਰਤਘਣ ਮੈ ਕੋ ਨ ਰਖੰਦਾ।। ਸਿਮਰਿ ਮੁਰੀਦਾ ਢਾਢੀਆ ਸਤਗੁਰ ਬਖਸ਼ੰਦਾ।। ਹੇ ਮੇਰੇ ਦਾਤਾ ਕਿਰਪਾ ਕਰ...! ਬਖਸ਼ ਮੈਨੂੰ,...!!
....ਇਤਨੇ ਨੂੰ ਲੱਭਦਾ-ਲੱਭਦਾ ਮੇਰਾ ਦੋਸਤ ਮਾਰਟਿਨ ਮੇਰੀ ਕਾਰ ਕੋਲ ਆ ਗਿਆ। ਸਵੇਰ ਦੇ ਚਾਰ ਵੱਜ ਗਏ ਸਨ। ਪਾਰਟੀ ਪੂਰੇ ਜੋਰਾਂ 'ਤੇ ਸੀ। ਜੇ ਮਾਰਟਿਨ ਨਾ ਆਉਂਦਾ ਤਾਂ ਪਤਾ ਨਹੀਂ ਮੈਂ ਕਿੰਨਾ ਕੁ ਚਿਰ ਹੋਰ ਇੱਥੇ ਬੈਠਾ ਰਹਿੰਦਾ? ਅਸੀਂ ਫਿਰ ਅੰਦਰ ਚਲੇ ਗਏ। ਮਿਊਜ਼ਿਕ ਵੱਜ ਰਿਹਾ ਸੀ। ਕੁੜੀਆਂ-ਮੁੰਡੇ ਨੱਚੀ ਜਾ ਰਹੇ ਸਨ। ਪਰ ਮੇਰੀ ਆਤਮਾ ਬਿਲਕੀ ਜਾ ਰਹੀ ਸੀ ਅਤੇ ਮਨ ਕੀਰਨੇ ਪਾ ਰਿਹਾ ਸੀ। ਮੇਰਾ ਦਿਲ ਸੋਚ ਰਿਹਾ ਸੀ ਕਿ ਕਾਲਿੰਗਾ ਦੀ ਰਾਜਧਾਨੀ ਤੌਸ਼ਾਲੀ ਦੀ ਤਬਾਹੀ ਨੇ ਸਮਰਾਟ ਅਸ਼ੋਕ ਦਾ ਦਿਲ ਮੋਮ ਬਣਾ ਦਿੱਤਾ ਦੀ। ਰਾਜਾ ਪੋਰਸ ਦੇ ਇਕ ਤਰਕ-ਬਾਣ ਨੇ ਹੀ ਸਿਕੰਦਰ ਨੂੰ 'ਸਾਧੂ' ਬਣਾ ਦਿੱਤਾ ਸੀ। ਪਰ ਇੱਥੇ ਨਿਮਰਤਾ ਲਈ ਪਹਿਲ ਕੌਣ ਕਰੇ? ਸਾਰੇ ਪਾਸੇ ਹੀ ਮਾਣਸ-ਬੂ, ਮਾਣਸ-ਬੂ ਹੋ ਰਹੀ ਹੈ! ਇਤਨੇ ਨੂੰ ਮੇਰਾ ਦੋਸਤ ਮਾਰਟਿਨ ਆਪਣੇ ਲਈ ਸ਼ੈਂਪੇਨ ਅਤੇ ਮੇਰੇ ਲਈ ਬੀਅਰ ਦਾ ਗਿਲਾਸ ਭਰਾ ਕੇ ਲੈ ਆਇਆ।
-"ਚੀਅਰਜ਼....!" ਉਸ ਨੇ ਕਿਹਾ।
-"ਮਾਰਟਿਨ, ਇੱਕ ਗੱਲ ਦੱਸ?" ਮੈਂ ਰਸਾਲਾ ਉਸ ਦੇ ਸਾਹਮਣੇ ਖੋਲ੍ਹਦਿਆਂ ਕਿਹਾ।
-"ਬੋਲ਼....?"
-"ਤੁਸੀਂ ਟੈਨਿਸ ਸਟਾਰ ਬੋਰਿਸ ਬੇਕਰ ਦੇ ਤਲਾਕ ਬਾਰੇ - ਮਾਈਕਲ ਜੈਕਸਨ ਦੇ ਬਨਾਉਟੀ ਨੱਕ ਬਾਰੇ - ਸਟੈਫ਼ੀ ਗਰਾਫ਼ ਦੇ ਬਾਪ ਪੀਟਰ ਗਰਾਫ਼ ਦੀ ਟੈਕਸ ਚੋਰੀ ਬਾਰੇ - ਮਾਰਟੀਨਾ ਹਿੰਗੀਸ ਦੇ ਬਾਪ ਕੈਰਲ ਹਿੰਗੀਸ ਬਾਰੇ - ਲੇਡੀ ਡਿਆਨਾ ਦੇ ਲੱਕੜਾਂ ਪਾੜਦੇ ਮੁੰਡੇ ਵਿਲੀਅਮ ਬਾਰੇ - ਮੈਡੋਨਾ ਦੇ ਦੂਜੇ ਬੱਚੇ ਬਾਰੇ - ਯੋਲ੍ਹੋ ਦੇ ਬੰਦੀਆਂ ਬਾਰੇ ਸਫ਼ਿਆਂ ਦੇ ਸਫ਼ੇ ਭਰ ਦਿੰਦੇ ਹੋ? ਪਰ ਫ਼ਲਸਤੀਨ, ਇਸਰਾਈਲ, ਬੋਸਨੀਆਂ, ਕੋਸੋਵੋ, ਨਿਕਰਾਗੁਆ, ਮੈਕਸੀਕੋ ਅਤੇ ਕੁਰਦਾਂ ਬਾਰੇ ਕਦੇ ਖੁੱਲ੍ਹ ਕੇ ਜਾਂ ਨਿੱਠ ਕੇ ਨਹੀਂ ਲਿਖਦੇ, ਕੀ ਕਾਰਨ....?" ਮੈਂ ਬਾਪ ਬੱਚੇ ਵਾਲੀਆਂ ਫ਼ੋਟੋਆਂ ਵਾਲੇ ਦੋ ਪੰਨੇ ਉਸ ਦੇ ਸਾਹਮਣੇ ਖੋਲ੍ਹ ਦਿੱਤੇ ਅਤੇ ਮਾਰਟਿਨ ਉੱਚੀ-ਉੱਚੀ ਹੱਸ ਪਿਆ। ਸ਼ੈਂਪੇਨ ਦਾ ਗਿਲਾਸ ਉਸ ਦੇ ਹੱਥ ਵਿਚ ਛਲਕਣ ਲੱਗ ਪਿਆ।
-"ਇਹ ਸਿਆਸਤ ਅਤੇ ਬਿਜ਼ਨੈੱਸ ਹੈ ਮੇਰੇ ਦੋਸਤ! ਅੱਜ ਨਵੇਂ ਸਾਲ ਦਾ ਆਗਮਨ ਹੋਇਐ, ਫੜ ਪੀ.....!" ਉਹ ਸ਼ੈਂਪੇਨ ਪੀਣ ਲੱਗ ਪਿਆ। ਮੈਨੂੰ ਜਾਪਿਆ ਜਿਵੇਂ ਮੇਰਾ ਪੱਤਰਕਾਰ ਦੋਸਤ ਮਾਰਟਿਨ ਉਸ ਬੱਚੇ ਮੁਹੰਮਦ ਦਾ ਖ਼ੂਨ ਪੀ ਰਿਹਾ ਹੋਵੇ!
ਮੈਂ ਸੋਚ ਰਿਹਾ ਸੀ ਕਿ ਉਹ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗੱਤਿਆਂ ਦੀ ਗਤ, ਨਿਪੱਤਿਆਂ ਦੀ ਪਤ ਰੱਖਣ ਵਾਲਾ ਮੇਰਾ ਅਕਾਲ ਪੁਰਖ਼ ਵਾਹਿਗੁਰੂ ਮਾਸੂਮਾਂ ਨੂੰ ਕਦੋਂ ਛਾਤੀ ਨਾਲ ਲਾਵੇਗਾ ਅਤੇ ਨਿਆਸਰਿਆਂ ਦਾ ਆਸਰਾ ਬਣੇਂਗਾ? ਪਰ ਮਾਰਟਿਨ ਗਾ ਰਿਹਾ ਸੀ, "ਹੈਪੀ ਨਿਊ ਯੀਅਰ.....!" ਮੇਰੇ ਵਤਨ ਵਾਸੀਓ! ਫਿਰ ਵੀ ਤੁਹਾਨੂੰ ਨਵਾਂ ਸਾਲ ਮੁਬਾਰਕ! ਆਓ ਅਰਦਾਸ ਕਰੀਏ:
-"ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ।।
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਊਬਾਰਿ।।
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ।।
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ।।"

No comments:

Post a Comment