ਦ੍ਰਿਸ਼ਟੀਕੋਣ (10)- ਜਤਿੰਦਰ ਪਨੂੰ

ਦਿੱਲੀ ਦੇ ਰਾਜਨੀਤਕ ਹਮਾਮ ਵਿੱਚ ਵੱਜਦੀਆਂ ਇਨ੍ਹਾਂ ਚੁੱਭੀਆਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ
ਰੰਜ ਲੀਡਰ ਕੋ ਬੜਾ ਹੈ ਕੌਮ ਕਾ, ਮਗਰ ਆਰਾਮ ਕੇ ਸਾਥ।
ਗਮ-ਇ-ਕੌਮ ਮੇਂ ਖਾਤੇ ਹੈਂ ਡਿਨਰ, ਹੁੱਕਾਮ ਕੇ ਸਾਥ।
ਇਹ ਸ਼ੇਅਰ ਅਸੀਂ ਬਚਪਨ ਵਿੱਚ ਪਹਿਲੀ ਵਾਰੀ ਕਿਸੇ ਅਖਬਾਰ ਵਿੱਚ ਪੜ੍ਹਿਆ ਸੀ ਤੇ ਉਸ ਤੋਂ ਬਾਅਦ ਵੀ ਕਈ ਵਾਰ ਪੜ੍ਹ ਚੁੱਕੇ ਹਾਂ। ਹਾਲਾਂਕਿ ਇਹ ਪਤਾ ਅੱਜ ਤੱਕ ਨਹੀਂ ਲੱਗ ਸਕਿਆ ਕਿ ਇਸ ਨੂੰ ਲਿਖਣ ਵਾਲਾ ਕੌਣ ਸੀ, ਪਰ ਇਹ ਜਾਣੇ ਬਿਨਾਂ ਵੀ ਕਿ ਲਿਖਣ ਵਾਲਾ ਕੌਣ ਸੀ, ਇਸ ਦੀ ਅਸਲ ਭਾਵਨਾ ਨੂੰ ਅਸੀਂ ਭਾਰਤ ਦੀ ਰਾਜਨੀਤੀ ਵਿੱਚ ਕਈ ਵਾਰ ਅਮਲ ਵਿੱਚ ਵੇਖ ਚੁੱਕੇ ਹਾਂ ਤੇ ਹੁਣ ਫਿਰ ਵੇਖ ਰਹੇ ਹਾਂ। ਇਹੋ ਜਿਹੇ ਅਨੇਕਾਂ ਆਗੂ ਹਨ, ਜਿਹੜੇ ਜਦੋਂ ਲੋਕਾਂ ਸਾਹਮਣੇ ਬੋਲਦੇ ਹਨ ਤਾਂ ਇੰਜ ਲੱਗਦਾ ਹੈ ਕਿ ਹਕੂਮਤ ਤੋਂ ਬਹੁਤ ਸਤੇ ਹੋਏ ਹਨ, ਪਰ ਜਦੋਂ ਉਹ ਲੋਕਾਂ ਸਾਹਮਣੇ ਨਹੀਂ ਹੁੰਦੇ ਤਾਂ ਉਸੇ ਹਕੂਮਤ ਦੇ ਅਹਿਲਕਾਰਾਂ ਨਾਲ ਨੇੜਲੇ ਰਿਸ਼ਤੇਦਾਰਾਂ ਵਾਂਗ ਮਿਲਦੇ ਹਨ। ਕਈਆਂ ਦੀਆਂ ਰਿਸ਼ਤੇਦਾਰੀਆਂ ਵੀ ਆਪਸ ਵਿੱਚ ਹਨ। ਪਾਰਲੀਮੈਂਟ ਵਿੱਚ ਜਿਨ੍ਹਾਂ ਨੂੰ ਅਸੀਂ ਬਾਂਹਾਂ ਟੰਗ ਕੇ ਇੱਕ ਦੂਜੇ ਵੱਲ ਵਧਦੇ ਵੇਖਦੇ ਹਾਂ, ਕੁਝ ਹੋਰ ਲੋਕ ਦੋਵਾਂ ਨੂੰ ਫੜ ਕੇ ਰੋਕਦੇ ਵੀ ਹਨ, ਬਾਹਰ ਆ ਕੇ ਓਹੋ ਆਪੋ ਵਿੱਚ ਹਾਸਾ-ਮਜ਼ਾਕ ਕਰ ਰਹੇ ਹੁੰਦੇ ਹਨ। ਅੰਦਰ ਦੀ ਲੜਾਈ ਬਾਹਰ ਆ ਕੇ ਮਿੱਤਰਤਾ ਵਿੱਚ ਨਹੀਂ ਬਦਲ ਜਾਂਦੀ, ਅਸਲ ਵਿੱਚ ਅੰਦਰ ਹੀ ਬਹੁਤੇ ਸੱਜਣ ਉਹ ਦੋਸਤਾਨਾ ਮੈਚ ਖੇਡ ਰਹੇ ਹੁੰਦੇ ਹਨ, ਜਿਹੜਾ ਆਮ ਆਦਮੀ ਦੀ ਸਮਝ ਵਿੱਚ ਨਹੀਂ ਆਉਂਦਾ। ਓਥੇ ਹਰ ਵਕਤ ਦੀ ਲੜਾਈ ਨਹੀਂ ਹੁੰਦੀ, ਇਹ ਤਾਂ ਸਿਰਫ ਓਦੋਂ ਹੁੰਦੀ ਹੈ, ਜਦੋਂ 'ਤੂੰ ਜਾਂ ਮੈਂ' ਵਿੱਚੋਂ ਕਿਸੇ ਇੱਕ ਨੇ ਕੁਰਸੀ ਮੱਲਣੀ ਹੁੰਦੀ ਹੈ, ਅੱਗੋਂ ਪਿੱਛੋਂ ਬਥੇਰਾ ਕੁਝ ਦੋਵੇਂ ਪਾਸਿਆਂ ਤੋਂ ਰਲ-ਮਿਲ ਕੇ ਚੱਲਦਾ ਹੈ ਤੇ ਇੱਕ ਦੂਜੇ ਦੇ ਕੰਮ ਵੀ ਕੱਢੇ-ਕਢਾਏ ਜਾਂਦੇ ਹਨ।
ਪਿਛਲੇ ਸਾਲ ਅਸੀਂ ਇੱਕ ਵਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ ਕ੍ਰਿਕਟ ਵਾਲੇ ਤਮਾਸ਼ੇ ਦਾ ਨਜ਼ਾਰਾ ਮਾਣ ਚੁੱਕੇ ਹਾਂ। ਸਾਰਾ ਕੁਝ ਢੱਕਿਆ ਰਿੱਝਦਾ ਪਿਆ ਸੀ, ਕਿਸੇ ਨੇ ਗੱਲ ਨਹੀਂ ਸੀ ਛੇੜੀ। ਜਦੋਂ ਦੋ ਧਿਰਾਂ ਦੇ ਰਿਸ਼ਤੇਦਾਰਾਂ ਨੇ ਪੈਸੇ ਲਈ ਜ਼ਿਆਦਾ ਹਾਭੜ ਵਿਖਾ ਕੇ ਸਾਰੀ ਖੇਡ ਬੇਪਰਦ ਕਰ ਛੱਡੀ, ਰੌਲਾ ਓਦੋਂ ਪੈ ਗਿਆ। ਸ਼ਸ਼ੀ ਥਰੂਰ ਦੀ ਸਹੇਲੀ, ਜਿਹੜੀ ਬਾਅਦ ਵਿੱਚ ਉਸ ਦੀ ਪਤਨੀ ਬਣ ਗਈ ਹੈ, ਨੇ ਕਰੋੜਾਂ ਦੀ ਕਮਾਈ ਵਾਲੀ ਇੱਕ ਟੀਮ ਨੂੰ ਆਪਣੇ ਵੱਕਾਰ ਦਾ ਸਵਾਲ ਬਣਾ ਲਿਆ ਤੇ ਫਿਰ ਇੱਕ ਪਿੱਛੋਂ ਦੂਜੇ ਦੀਆਂ ਰਿਸ਼ਤੇਦਾਰੀਆਂ ਦਾ ਸਾਰਾ ਖਿੱਦੋ ਹੀ ਖਿੱਲਰ ਗਿਆ ਸੀ। ਓਦੋਂ ਅਚਾਨਕ ਇਸ ਵਿੱਚ ਇੱਕ ਮੋੜ ਆਇਆ, ਜਦੋਂ ਦੇਸ਼ ਦੀਆਂ ਦੋਵੇਂ ਮੁੱਖ ਪਾਰਟੀਆਂ ਭੇੜ ਭਿੜਨ ਦੀ ਥਾਂ ਅਚਾਨਕ ਇਸ ਮੁੱਦੇ ਨੂੰ ਛੱਡ ਕੇ ਹੋਰ ਮੁੱਦੇ ਚੁੱਕ ਤੁਰੀਆਂ ਸਨ। ਅਸਲ ਵਿੱਚ ਕ੍ਰਿਕਟ ਦੀ ਖੇਡ ਨਾਲ ਜੁੜੇ ਇੱਕ ਕਾਂਗਰਸੀ ਐਮ ਪੀ ਅਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਸਾਬਕਾ ਵਜ਼ੀਰ, ਜੋ ਹੁਣ ਐਮ ਪੀ ਹੈ, ਦੀ ਕੁੜਮਾਚਾਰੀ ਦੀ ਸਾਂਝ ਨੇ ਦੋਵਾਂ ਧਿਰਾਂ ਦੇ ਸਿੰਗ ਫਸਣ ਤੋਂ ਰੋਕ ਦਿੱਤੇ ਸਨ। ਉਨ੍ਹਾਂ ਦੋਵਾਂ ਨੇ ਆਪੋ ਆਪਣੀ ਪਾਰਟੀ ਨੂੰ ਮਨਾ ਲਿਆ ਕਿ ਜੇ ਰੌਲਾ ਪਾਇਆ ਤਾਂ ਨੁਕਸਾਨ ਦੂਜੀ ਧਿਰ ਦੇ ਬੰਦੇ ਦਾ ਵੀ ਹੋਣਾ ਹੈ ਤੇ 'ਆਪਣਾ' ਬੰਦਾ ਵੀ ਮਾਰਿਆ ਜਾ ਸਕਦਾ ਹੈ। ਏਥੇ ਆ ਕੇ ਝਾਰਖੰਡ ਕੇਸ ਵਿੱਚ ਨਰਸਿਮਹਾ ਰਾਓ ਵੱਲੋਂ ਵਰਤਿਆ ਫਾਰਮੂਲਾ ਸਾਰਿਆਂ ਨੇ ਅਪਣਾ ਲਿਆ ਕਿ 'ਕਾਨੂੰਨ ਆਪਣਾ ਕੰਮ ਕਰਦਾ ਰਹੇਗਾ।' ਇਹ ਵੀ ਅਸਲ ਵਿੱਚ ਇੱਕ ਸੌਦਾ ਹੀ ਸੀ।
ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੈਂਡਲ ਪਾਰਲੀਮੈਂਟ ਦੇ ਮੌਜੂਦਾ ਅਜਲਾਸ ਵਿੱਚ ਅੜਿੱਕੇ ਦਾ ਕਾਰਨ ਬਣਿਆ ਪਿਆ ਹੈ। ਮਾਮਲਾ ਪੌਣੇ ਦੋ ਲੱਖ ਕਰੋੜ ਰੁਪੈ ਦਾ ਹੈ, ਜਿਸ ਵਿੱਚੋਂ ਸੱਠ ਹਜ਼ਾਰ ਕਰੋੜ ਤੋਂ ਵੱਧ ਤਾਂ ਉਸ ਵਕਤ ਦਾ ਟੈਲੀਕਾਮ ਮੰਤਰੀ ਏæ ਰਾਜਾ ਇਕੱਲਾ ਹੀ ਛਕ ਗਿਆ ਸੁਣੀਦਾ ਹੈ। ਇਸ ਮਾਮਲੇ ਵਿੱਚ ਸਭ ਤੋਂ ਵੱਧ ਮਾਰ ਖਾਧੀ ਹੈ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ, ਜਿਸ ਬਾਰੇ ਹਰ ਕੋਈ ਮੰਨਦਾ ਹੈ ਕਿ ਉਹ ਖੁਦ ਬੇਈਮਾਨ ਨਹੀਂ, ਪਰ ਬੇਈਮਾਨਾਂ ਦੀ ਬਰਾਤ ਦਾ ਮੋਹਰੀ ਬਣਨਾ ਉਸ ਨੂੰ ਮਹਿੰਗਾ ਪੈ ਰਿਹਾ ਹੈ। ਵੇਖਣ ਨੂੰ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਸਾਰਾ ਕੁਝ ਹਾਕਮ ਧਿਰ ਵਾਲੇ ਪਾਸਿਓਂ ਹੋਇਆ ਹੋਵੇ, ਪਰ ਹੌਲੀ-ਹੌਲੀ ਇਸ ਦੇ ਅੰਦਰੋਂ ਵੀ ਕਈ ਕੁਝ ਹੋਰ ਨਿਕਲਣ ਲੱਗ ਪਿਆ ਹੈ। ਹੁਣ ਕੁਝ ਬੰਦੇ ਵਿਰੋਧੀ ਧਿਰ ਵਿੱਚੋਂ ਵੀ ਇਸ ਸਕੈਂਡਲ ਬਾਰੇ ਜ਼ਬਾਨ ਦੱਬਣ ਲੱਗ ਪਏ ਹਨ, ਜਿਹੜੇ ਅਸਲ ਵਿੱਚ ਵੇਲੇ-ਕੁਵੇਲੇ ਆਪਣੀ ਜੇਬ ਗਰਮ ਕਰਨ ਵਾਲਿਆਂ ਨੂੰ ਬਚਾਉਣਾ ਚਾਹੁੰਦੇ ਹਨ।
ਲੋਕਾਂ ਨੂੰ ਤਾਂ ਉਸ ਵੇਲੇ ਵੀ ਹੈਰਾਨੀ ਹੋਈ ਸੀ, ਜਦੋਂ ਭਾਜਪਾ ਆਗੂ ਅਰੁਣ ਸ਼ੋਰੀ ਨੇ ਇੱਕ ਦਿਨ ਇਹ ਖੁਲਾਸਾ ਕੀਤਾ ਸੀ ਕਿ ਉਸ ਦੀ ਪਾਰਟੀ ਨੇ ਉਸ ਦਾ ਪਾਰਲੀਮੈਂਟ ਵਿੱਚ ਬੋਲਣ ਦਾ ਹੱਕ ਖੋਹ ਲਿਆ ਹੈ। ਹੋਇਆ ਇਹ ਕਿ ਰਾਤ ਨੂੰ ਭਾਜਪਾ ਦੀ ਮੀਟਿੰਗ ਵਿੱਚ ਅਗਲੇ ਦਿਨ ਦੇ ਬੁਲਾਰਿਆਂ ਦੇ ਨਾਂਅ ਤੈਅ ਹੋਏ ਤਾਂ ਉਨ੍ਹਾਂ ਵਿੱਚ ਅਰੁਣ ਸ਼ੋਰੀ ਦਾ ਨਾਂਅ ਮੁੱਢ ਵਿੱਚ ਸੀ। ਉਹ ਸਾਧਾਰਨ ਬੰਦਾ ਨਹੀਂ, ਇੰਡੀਅਨ ਐਕਸਪ੍ਰੈੱਸ ਅਖਬਾਰ ਦਾ ਚੀਫ ਐਡੀਟਰ ਰਹਿ ਚੁੱਕਾ ਹੈ ਤੇ ਅਟਲ ਬਿਹਾਰੀ ਵਾਜਪਾਈ ਸਰਕਾਰ ਵੇਲੇ ਉਹ ਭਾਜਪਾ ਵੱਲੋਂ ਕੇਂਦਰ ਦਾ ਮੰਤਰੀ ਹੁੰਦਾ ਸੀ। ਰਾਤ ਨੂੰ ਨਾਂਅ ਤੈਅ ਹੋਣ ਕਰ ਕੇ ਉਹ ਅੱਧੀ ਰਾਤ ਤੱਕ ਤਿਆਰੀ ਕਰਦਾ ਰਿਹਾ ਤੇ ਸਵੇਰੇ ਜਦੋਂ ਪਾਰਲੀਮੈਂਟ ਵਿੱਚ ਪੁੱਜਾ ਤਾਂ ਓਥੇ ਉਸ ਨੂੰ ਇਹ ਹੁਕਮ ਹੋ ਗਿਆ ਕਿ ਤੇਰੀ ਥਾਂ ਭਾਜਪਾ ਦਾ ਸਾਬਕਾ ਕੌਮੀ ਪ੍ਰਧਾਨ ਵੈਂਕਈਆ ਨਾਇਡੂ ਬੋਲੇਗਾ। ਅਰੁਣ ਸ਼ੋਰੀ ਨੇ ਗੱਲ ਮੰਨ ਲਈ, ਪਰ ਓਦੋਂ ਉਹ ਹੈਰਾਨ ਰਹਿ ਗਿਆ, ਜਦੋਂ ਵੈਂਕਈਆ ਨਾਇਡੂ ਨੇ ਉਸ ਵਾਲੇ ਪੈਂਤੜੇ ਤੋਂ ਇੱਕਦਮ ਉਲਟ ਤਕਰੀਰ ਕਰ ਕੇ ਅਗਲੀ ਬਹਿਸ ਦਾ ਪੜੁੱਲ ਬੰਨ੍ਹ ਦਿੱਤਾ। ਸਾਫ ਸੀ ਕਿ ਵੈਂਕਈਆ ਨਾਇਡੂ ਦੀ ਤਕਰੀਰ ਹੀ ਸਾਰੀ ਖੇਡ ਨੂੰ ਪਲਟਣ ਲਈ ਕਰਵਾਈ ਗਈ ਸੀ, ਕਿਉਂਕਿ ਜੇ ਰਾਤ ਨੂੰ ਹੋਈ ਸਹਿਮਤੀ ਮੁਤਾਬਕ ਅਰੁਣ ਸ਼ੋਰੀ ਨੇ ਤਕਰੀਰ ਕੀਤੀ ਹੁੰਦੀ ਤਾਂ ਇੱਕ ਇਹੋ ਜਿਹੇ ਵੱਡੇ ਘਰਾਣੇ ਨੂੰ ਨੁਕਸਾਨ ਪਹੁੰਚ ਜਾਣਾ ਸੀ, ਜਿਸ ਕੋਲੋਂ ਚੋਣਾਂ ਵੇਲੇ ਵੱਡੇ ਗੱਫੇ ਦੋਵਾਂ ਮੁੱਖ ਰਾਜਸੀ ਪਾਰਟੀਆਂ ਨੂੰ ਮਿਲਦੇ ਹਨ। ਫਿਰ ਉਸ ਵੱਡੇ ਘਰਾਣੇ ਦੀ ਲੋਕ ਸੰਪਰਕ ਅਫਸਰ ਬੀਬੀ ਵੱਲੋਂ ਇੱਕ ਸੀਨੀਅਰ ਪੱਤਰਕਾਰ ਨਾਲ ਕੀਤੀ ਗੱਲਬਾਤ ਦੀ ਟੇਪ ਵੀ ਬਾਹਰ ਆ ਗਈ, ਜਿਸ ਵਿੱਚ ਇਹ ਸਲਾਹ ਹੁੰਦੀ ਸੁਣੀ ਗਈ ਸੀ ਕਿ ਬਹਿਸ ਅਰੁਣ ਸ਼ੋਰੀ ਦੀ ਥਾਂ ਵੈਂਕਈਆ ਨਾਇਡੂ ਸ਼ੁਰੂ ਕਰੇ ਤਾਂ ਆਪਣਾ ਫਾਇਦਾ ਹੋ ਸਕਦਾ ਹੈ।
ਜਦੋਂ ਚੋਣਾਂ ਆਉਂਦੀਆਂ ਹਨ, ਭਾਰਤ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਨੂੰ ਇਸ ਗੱਲ ਦਾ ਯਤਨ ਕਰਨਾ ਪੈਂਦਾ ਹੈ ਕਿ ਉਹ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਰਾਜ ਮਹਿਲ ਦੇ ਨੇੜੇ ਪਹੁੰਚ ਜਾਣ, ਤਾਂ ਕਿ ਭਾਨਮਤੀ ਦਾ ਕੁਨਬਾ ਜੋੜ ਕੇ ਅਗਲਾ ਜੁਗਾੜ ਕਰ ਸਕਣ। ਇਸ ਕੰਮ ਲਈ ਉਨ੍ਹਾਂ ਨੂੰ ਘੱਟੋ-ਘੱਟੋ ਤਿੰਨ-ਤਿੰਨ ਸੌ ਸੀਟਾਂ ਉੱਤੇ ਆਪਣੇ ਸਿਰ ਲੜਾਈ ਲੜਨ ਵਾਸਤੇ ਕਰੋੜਾਂ ਰੁਪੈ ਚਾਹੀਦੇ ਹਨ। ਪਾਰਲੀਮੈਂਟ ਦੀ ਇੱਕ ਸੀਟ ਵੀ ਹੁਣ ਜਿੱਤ-ਹਾਰ ਦੀ ਰੇਖਾ ਦੇ ਨੇੜੇ ਪਹੁੰਚਣ ਲਈ ਘੱਟ ਤੋਂ ਘੱਟ ਦਸ ਕਰੋੜ ਰੁਪੈ ਮੰਗਦੀ ਹੈ ਅਤੇ ਵਧ ਕੇ ਸੌ ਕਰੋੜ ਰੁਪੈ ਤੱਕ ਵੀ ਜਾ ਸਕਦੀ ਹੈ। ਇਹ ਪੈਸੇ ਕਿਸੇ ਧਿਰ ਨੇ ਵੀ ਪੱਲਿਓਂ ਨਹੀਂ ਖਰਚਣੇ ਹੁੰਦੇ, ਉਨ੍ਹਾਂ ਪਿੱਛੇ ਥੈਲੀਸ਼ਾਹ ਆਣ ਕੇ ਪੈਸਾ ਲਾਉਂਦੇ ਹਨ। ਢਾਈ ਲੱਖ ਕਰੋੜ ਦੀ ਮਾਲਕੀ ਵਾਲੇ ਅੰਬਾਨੀ ਪਰਵਾਰ ਦਾ ਦੋਵਾਂ ਵਿੱਚੋਂ ਕੋਈ ਇੱਕ ਭਰਾ ਜੇ ਇੱਕ ਧਿਰ ਦੀਆਂ ਤਿੰਨ ਸੌ ਸੀਟਾਂ ਦਾ ਸਾਰਾ ਖਰਚਾ ਲਾ ਵੀ ਦੇਵੇ ਤਾਂ ਸਿਰਫ ਤਿੰਨ ਹਜ਼ਾਰ ਕਰੋੜ ਲੱਗਣਗੇ, ਜਿਹੜੇ ਉਹ ਬਾਅਦ ਵਿੱਚ ਇਸ ਨਾਲ ਸਿਫਰਾਂ ਲਾ ਕੇ ਕੱਢ ਸਕਦਾ ਹੈ। ਦੇਸ਼ ਆਜ਼ਾਦ ਹੋਣ ਦੇ ਦਿਨ ਤੋਂ ਇਹ ਕੰਮ ਸਰਮਾਏਦਾਰ ਕਰਦੇ ਆਏ ਹਨ। ਪਹਿਲਾਂ ਟਾਟਾ, ਬਿਰਲਾ, ਸਿੰਘਾਨੀਆ ਜਾਂ ਹੋਰ ਇੱਕ ਦੋ ਘਰਾਂ ਦਾ ਨਾਂਅ ਲੱਗਦਾ ਹੁੰਦਾ ਸੀ, ਹੁਣ ਉਹ ਪਛੜ ਗਏ ਹਨ ਤੇ ਰਾਜਨੀਤਕ ਜੂਏਬਾਜ਼ੀ ਦੇ ਉਨ੍ਹਾਂ ਤੋਂ ਵੱਡੇ ਖਿਡਾਰੀ ਮੈਦਾਨ ਵਿੱਚ ਨੱਚਦੇ ਵਿਖਾਈ ਦੇਂਦੇ ਹਨ। ਚੋਣਾਂ ਲਈ ਉਹ ਪੈਸਾ ਇਹ ਖਿਡਾਰੀ ਆਪਣੇ ਹੱਥੀਂ ਨਹੀਂ ਦੇਂਦੇ, ਉਨ੍ਹਾਂ ਤੱਕ ਪਹੁੰਚ ਲਈ ਦੋਵਾਂ ਧਿਰਾਂ ਨੇ ਖਾਸ ਬੰਦੇ ਰੱਖੇ ਹੁੰਦੇ ਹਨ। ਭਾਜਪਾ ਵਿੱਚ ਪ੍ਰਮੋਦ ਮਹਾਜਨ ਦੇ ਕਤਲ ਤੋਂ ਮਗਰੋਂ ਇਹ ਗੱਲ ਵੀ ਲੜਾਈ ਦਾ ਮੁੱਦਾ ਬਣੀ ਸੀ ਕਿ ਹੁਣ ਫੰਡ ਉਗਰਾਹੁਣ ਦਾ ਕੰਮ ਕਿਸ ਆਗੂ ਦੇ ਜ਼ਿਮੇ ਲਾਉਣਾ ਹੈ? ਉਸ ਪਿੱਛੋਂ ਪਾਰਲੀਮੈਂਟ ਚੋਣਾਂ ਮੌਕੇ ਭਾਜਪਾ ਦਾ ਇੱਕ ਕੇਂਦਰੀ ਆਗੂ ਅਤੇ ਵਾਜਪਾਈ ਸਰਕਾਰ ਵੇਲੇ ਦਾ ਸਾਬਕਾ ਮੰਤਰੀ ਇਸ ਗੱਲ ਤੋਂ ਅੜੀ ਕਰ ਕੇ ਇੱਕ ਹਫਤਾ ਘਰ ਬੈਠਾ ਰਿਹਾ ਸੀ ਕਿ ਉਸ ਦੇ ਨਾਲ ਫਲਾਣਾ ਬੰਦਾ ਕਿਉਂ ਲਾਇਆ ਗਿਆ ਹੈ? ਜਿਸ ਦੂਜੇ ਬੰਦੇ ਬਾਰੇ ਰੇੜਕਾ ਪਿਆ ਸੀ, ਉਹ ਇਨ੍ਹਾਂ ਕੰਮਾਂ ਵਿੱਚ ਪ੍ਰਮੋਦ ਮਹਾਜਨ ਦਾ ਜੋੜੀਦਾਰ ਹੁੰਦਾ ਸੀ ਤੇ ਪਿਛਲੇ ਦਿਨੀਂ ਜਦੋਂ ਕਾਮਨਵੈੱਲਥ ਖੇਡਾਂ ਦੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਹੋਣ ਲੱਗੀ ਤਾਂ ਪਹਿਲਾ ਛਾਪਾ ਓਸੇ ਭਾਜਪਾ ਆਗੂ ਦੇ ਘਰ ਵੱਜਾ ਸੀ। ਇੱਕ ਸੌ ਤੀਹ ਕਰੋੜ ਰੁਪੈ ਦਾ ਕਾਮਨਵੈੱਲਥ ਖੇਡਾਂ ਦਾ ਕੰਮ ਉਸ ਨੇ ਆਪਣੇ ਰਿਸ਼ਤੇਦਾਰ ਨੂੰ ਅੱਗੇ ਲਾ ਕੇ ਬਣਾਈ ਉਸ ਕੰਪਨੀ ਨੂੰ ਦਿਵਾ ਲਿਆ ਸੀ, ਜਿਸ ਦਾ ਹੁਣ ਐਡਰੈੱਸ ਵੀ ਨਹੀਂ ਲੱਭ ਰਿਹਾ। ਭਾਜਪਾ ਅੰਦਰ ਹੁਣ ਇਹ ਲੜਾਈ ਵੀ ਪੈ ਚੁੱਕੀ ਹੈ ਕਿ ਇਹ ਬੰਦਾ ਤਾਂ ਦਾਗੀ ਹੋ ਗਿਆ, ਅਗਲੀ ਵਾਰੀ ਮਾਇਆ ਦਾ ਗਜ਼ਾ ਕਰਨ ਕਿਸ ਨੂੰ ਅੱਗੇ ਲਾਉਣਾ ਹੈ? ਜਿਹੜਾ ਕੰਮ ਭਾਜਪਾ ਅੰਦਰ ਹੁੰਦਾ ਹੈ, ਉਹ ਕਾਂਗਰਸ ਦੇ ਅੰਦਰ ਵੀ ਹੁੰਦਾ ਹੈ, ਛੋਟੀਆਂ ਪਾਰਟੀਆਂ ਅੰਦਰ ਵੀ ਤੇ ਹੋਰ ਤਾਂ ਹੋਰ ਅਕਾਲੀ ਦਲ ਵਰਗੀਆਂ ਖੇਤਰੀ ਪਾਰਟੀਆਂ ਅੰਦਰ ਵੀ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਇੱਕ ਵਾਰੀ ਤੰਬਾਕੂ ਦਾ ਕਾਰੋਬਾਰ ਕਰਦੀ ਭਾਰਤ ਦੀ ਇੱਕ ਕੰਪਨੀ ਦੇ ਚੋਣ ਚੰਦਿਆਂ ਦੀ ਸੂਚੀ ਬਾਹਰ ਆਈ ਤਾਂ ਉਸ ਵਿੱਚ ਬਾਦਲ ਅਕਾਲੀ ਦਲ ਦਾ ਨਾਂਅ ਵੇਖ ਕੇ ਲੋਕ ਹੈਰਾਨ ਰਹਿ ਗਏ ਸਨ। ਅਕਾਲੀ ਦਲ ਨੂੰ ਸਫਾਈ ਦੇਣੀ ਪਈ ਸੀ ਕਿ ਉਸ ਕੰਪਨੀ ਨੇ ਬਾਕੀ ਰਾਜਸੀ ਪਾਰਟੀਆਂ ਨੂੰ ਚੋਣ ਚੰਦਾ ਦਿੱਤਾ ਤਾਂ ਸਾਨੂੰ ਵੀ ਦੇ ਦਿੱਤਾ, ਇਸ ਵਿੱਚ ਗਲਤ ਗੱਲ ਕੋਈ ਨਹੀਂ। ਸਵਾਲ ਅੱਗੋਂ ਇਹ ਪੁੱਛਿਆ ਗਿਆ ਸੀ ਕਿ ਅਕਾਲੀ ਦਲ ਸਿੱਖਾਂ ਦਾ ਪ੍ਰਤੀਨਿਧ ਹੋਣ ਵਜੋਂ ਤੰਬਾਕੂ ਦੇ ਪੱਕੇ ਨਿਖੇਧ ਦਾ ਹਮਾਇਤੀ ਹੈ, ਉਸ ਕੰਪਨੀ ਤੋਂ ਚੋਣ ਚੰਦਾ ਲੈਣ ਮਗਰੋਂ ਜੇ ਕੱਲ੍ਹ ਨੂੰ ਪਾਰਲੀਮੈਂਟ ਵਿੱਚ ਉਸ ਦੇ ਹਿੱਤਾਂ ਦਾ ਸਵਾਲ ਖੜਾ ਹੋ ਗਿਆ, ਅਕਾਲੀ ਦਲ ਉਸ ਦਾ ਅਤੇ ਉਸ ਦੇ ਬਹਾਨੇ ਤੰਬਾਕੂ ਦਾ ਵਕੀਲ ਬਣ ਕੇ ਬੋਲੇਗਾ ਕਿ ਵਿਰੋਧ ਕਰੇਗਾ? ਇਹ ਸਵਾਲ ਵਾਰ-ਵਾਰ ਪੁੱਛਿਆ ਗਿਆ ਸੀ, ਪਰ ਬਾਦਲ ਅਕਾਲੀ ਦਲ ਨੇ ਇਸ ਨੂੰ ਉਨ੍ਹਾਂ ਸਵਾਲਾਂ ਦੀ ਸੂਚੀ ਵਿੱਚ ਪਾ ਦਿੱਤਾ ਸੀ, ਜਿਨ੍ਹਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਹੁੰਦੀ।
ਪਿੱਛੇ ਜਿਹੇ ਭਾਰਤ ਦੇ ਅੱਜ ਦੇ ਸਭ ਤੋਂ ਵੱਡੇ ਉਦਯੋਗਪਤੀ ਬਣ ਚੁੱਕੇ ਦੋਵੇਂ ਅੰਬਾਨੀ ਭਰਾਵਾਂ ਦੀ ਆਪੋ ਵਿੱਚ ਅਣਬਣ ਹੋ ਗਈ। ਇਨ੍ਹਾਂ ਦੋਵਾਂ ਦੇ ਹਿੱਸੇ ਜਿਹੜੀਆਂ ਕੰਪਨੀਆਂ ਆਈਆਂ, ਉਨ੍ਹਾਂ ਵਿੱਚੋਂ ਇੱਕ ਭਰਾ ਦੀ ਕੰਪਨੀ ਨੇ ਦੂਜੇ ਨੂੰ ਆਪਣੀ ਕੰਪਨੀ ਦੀ ਕੱਢੀ ਹੋਈ ਗੈਸ ਵੇਚਣ ਦਾ ਸੌਦਾ ਕੀਤਾ ਹੋਇਆ ਸੀ, ਜਿਸ ਵਿੱਚ ਗੈਸ ਦੇ ਭਾਅ ਵੀ ਲਿਖੇ ਹੋਏ ਸਨ। ਅਣਬਣ ਹੋਈ ਤੇ ਹਿੱਤਾਂ ਦਾ ਟਕਰਾਓ ਹੋਇਆ ਤਾਂ ਗੈਸ ਦੇਣ ਵਾਲੇ ਭਰਾ ਨੇ ਗੈਸ ਦਾ ਵੱਧ ਮੁੱਲ ਮੰਗ ਲਿਆ। ਦੂਜਾ ਭਰਾ ਇਸ ਦੇ ਵਿਰੁੱਧ ਅਦਾਲਤ ਵਿੱਚ ਚਲਾ ਗਿਆ ਤੇ ਫਿਰ ਇਹ ਮੁੱਦਾ ਪਾਰਲੀਮੈਂਟ ਦੀ ਬਹਿਸ ਦਾ ਆਧਾਰ ਵੀ ਬਣ ਗਿਆ। ਜਿਨ੍ਹਾਂ ਮੈਂਬਰਾਂ ਨੇ ਗੈਸ ਵੇਚਣ ਵਾਲੇ ਦਾ ਪੱਖ ਲੈਣਾ ਸੀ, ਉਹ ਇਹ ਕਹੀ ਜਾਣ ਕਿ ਸੌਦਾ ਤਾਂ ਸੌਦਾ ਹੈ, ਇਸ ਵਿੱਚ ਅਦਲਾ-ਬਦਲੀ ਨਹੀਂ ਕੀਤੀ ਜਾ ਸਕਦੀ ਤੇ ਦੂਜੇ ਮੈਂਬਰ ਇਹ ਕਹੀ ਜਾਣ ਕਿ ਗੈਸ ਇਸ ਦੇਸ਼ ਦੀ ਕੁਦਰਤੀ ਦਾਤ ਹੈ, ਜੋ ਇਸ ਦੇਸ਼ ਦੇ ਲੋਕਾਂ ਨੇ ਵੀ ਵਰਤਣੀ ਹੈ, ਇਸ ਲਈ ਇਸ ਦਾ ਮੁੱਲ ਦੋ ਭਰਾਵਾਂ ਦੀ ਸੌਦੇਬਾਜ਼ੀ ਉੱਤੇ ਨਹੀਂ ਛੱਡਿਆ ਜਾ ਸਕਦਾ, ਸਰਕਾਰ ਨੂੰ ਤੈਅ ਕਰਨਾ ਚਾਹੀਦਾ ਹੈ। ਸਰਕਾਰ ਵਿੱਚ ਇਹ ਮਹਿਕਮਾ ਦੋਵਾਂ ਭਰਾਵਾਂ ਦੇ ਮਰਹੂਮ ਪਿਤਾ ਦੇ ਪੁਰਾਣੇ ਜੋੜੀਦਾਰ ਮੰਤਰੀ ਕੋਲ ਸੀ ਤੇ ਉਹ ਖੁਦ ਇੱਕ ਭਰਾ ਨਾਲ ਨੇੜਤਾ ਰੱਖਦਾ ਹੋਣ ਕਰ ਕੇ ਪਤਾ ਸੀ ਕਿ ਉਸ ਦਾ ਪੱਖ ਪੂਰ ਸਕਦਾ ਹੈ। ਹੈਰਾਨੀ ਵਾਲੀ ਗੱਲ ਇਹ ਕਿ ਦੋ ਭਰਾਵਾਂ ਦੀ ਲੜਾਈ ਵਿੱਚ ਸੌਦੇ ਉੱਤੇ ਕਾਇਮ ਰਹਿਣ ਦਾ ਅਸੂਲ ਵੀ ਚੇਤੇ ਆ ਗਿਆ ਤੇ ਦੇਸ਼ ਦੀ ਕੁਦਰਤੀ ਦਾਤ ਜਾਂ ਲੋਕਾਂ ਦੇ ਹਿੱਤਾਂ ਦਾ ਵੀ ਚੇਤਾ ਆ ਗਿਆ, ਪਰ ਜਦੋਂ ਤੱਕ ਇਨ੍ਹਾਂ ਦੋਵਾਂ ਭਰਾਵਾਂ ਦਾ ਕੋਈ ਝਗੜਾ ਨਹੀਂ ਸੀ, ਇਸ ਸੌਦੇਬਾਜ਼ੀ ਦਾ ਓਦੋਂ ਵੀ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਪਤਾ ਸੀ, ਪਰ ਕੋਈ ਇਸ ਬਾਰੇ ਬੋਲਿਆ ਹੀ ਨਹੀਂ ਸੀ।
ਚਲੰਤ ਅੜਿੱਕੇ ਦੌਰਾਨ ਹਾਕਮ ਧਿਰ ਦੇ ਬੁਲਾਰੇ ਮੁਨੀਸ਼ ਤਿਵਾੜੀ ਨੇ ਇੱਕ ਦਿਨ ਵਿਰੋਧੀ ਧਿਰ ਉੱਤੇ ਵਿਅੰਗ ਕਰਦਿਆਂ ਉਸ ਨੂੰ ਮਾਓਵਾਦੀਆਂ ਦੀ ਏਜੰਟੀ ਕਰਨ ਵਾਲੀ ਕਹਿ ਦਿੱਤਾ। ਅੱਗੋਂ ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸੀਆਂ ਨੂੰ 'ਕੁਆਤਰੋਚੀ ਦੇ ਏਜੰਟ' ਆਖ ਕੇ ਚਿੜਾਇਆ। ਪ੍ਰਕਾਸ਼ ਜਾਵੜੇਕਰ ਦੀ ਇਹ ਗੱਲ ਗਲਤ ਨਹੀਂ ਕਿ ਬੋਫੋਰਜ਼ ਤੋਪ ਸੌਦੇ ਦੇ ਮੁਕੱਦਮੇ ਵਿੱਚ ਕੁਆਤਰੋਚੀ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦਾ ਇੱਕ ਹਿੱਸਾ ਲਗਾਤਾਰ ਯਤਨ ਕਰਦਾ ਰਿਹਾ ਹੈ, ਪਰ ਇਹ ਅੱਧਾ ਸੱਚ ਹੈ। ਪੂਰਾ ਸੱਚ ਇਹ ਹੈ ਕਿ ਇਸੇ ਮੁਕੱਦਮੇ ਦੀ ਇੱਕ ਹੋਰ ਧਿਰ ਹਿੰਦੂਜਾ ਭਾਈ ਵੀ ਸਨ। ਉਨ੍ਹਾਂ ਤਿੰਨਾਂ ਭਰਾਵਾਂ ਵਿਰੁੱਧ ਭਾਜਪਾ ਵਾਲਿਆਂ ਨੇ ਕਦੇ ਵੀ ਰੌਲਾ ਨਹੀਂ ਸੀ ਪਾਇਆ। ਪਹਿਲਾਂ ਇਸ ਦਾ ਕਾਰਨ ਇਹ ਸਮਝਿਆ ਜਾਂਦਾ ਸੀ ਕਿ ਉਹ ਅਟਲ ਬਿਹਾਰੀ ਵਾਜਪਾਈ ਦੇ ਨੇੜੂ ਹੋਣ ਕਰ ਕੇ ਲਿਹਾਜ ਦੇ ਹੱਕਦਾਰ ਬਣੇ ਹੋਏ ਹਨ, ਪਰ ਸਮਾਂ ਪਾ ਕੇ ਉਹ ਲਾਲ ਕ੍ਰਿਸ਼ਨ ਅਡਵਾਨੀ ਲਈ ਵੀ 'ਕੰਮ ਦੇ ਬੰਦੇ' ਬਣ ਗਏ।
ਜਦੋਂ ਅਡਵਾਨੀ ਸਾਹਿਬ ਵਿਰੋਧੀ ਧਿਰ ਦੇ ਆਗੂ ਹੁੰਦੇ ਸਨ, ਗੌਰੀ ਨਾਂਅ ਦੀ ਇੱਕ ਕੁੜੀ ਇਨ੍ਹਾਂ ਦੀ ਸਹਾਇਕ ਵਜੋਂ ਕੰਮ ਕਰਦੀ ਸੀ ਤੇ ਫਿਰ ਉਹ ਹੌਲੀ-ਹੌਲੀ ਸਹਾਇਕ ਤੋਂ ਅੱਗੇ ਵਧ ਕੇ ਅਡਵਾਨੀ ਜੀ ਦੀ ਨੂੰਹ ਬਣ ਗਈ। ਕੁਝ ਸਮੇਂ ਬਾਅਦ ਅਡਵਾਨੀ ਜੀ ਦੇ ਪੁੱਤਰ ਜਯੰਤ ਅਤੇ ਗੌਰੀ ਦੀ ਅਣਬਣ ਹੋ ਗਈ। ਨੂੰਹ ਨੇ ਉਸ ਵਕਤ ਦੇ ਡਿਪਟੀ ਪ੍ਰਧਾਨ ਮੰਤਰੀ ਅਡਵਾਨੀ ਵਿਰੁੱਧ ਉਹ ਚਿੱਠੀ ਦਾਗ ਦਿੱਤੀ, ਜਿਸ ਵਿਚਲੇ ਸਾਰੇ ਮਾਮਲੇ ਨੂੰ ਜੇ ਸਮੇਟਿਆ ਨਾ ਜਾਂਦਾ ਤਾਂ ਓਸੇ ਚਿੱਠੀ ਨੇ ਭਾਜਪਾ ਦੀ ਅਗਲੀ ਸਾਰੀ ਚੋਣ ਮੁਹਿੰਮ ਦੀ ਫੂਕ ਕੱਢ ਦੇਣੀ ਸੀ। ਮਾਮਲਾ ਨਜਿੱਠਣ ਲਈ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੂੰ ਅਡਵਾਨੀ ਜੀ ਨੇ ਅੱਗੇ ਲਾਇਆ ਤਾਂ ਉਸ ਦੀ ਬੋਲ-ਬਾਣੀ ਨੇ ਹੋਰ ਵੀ ਬਲਦੀ ਉੱਤੇ ਤੇਲ ਪਾ ਦਿੱਤਾ। ਅੰਤ ਨੁੰ ਜਦੋਂ ਸਥਿਤੀ ਹੱਥੋਂ ਨਿਕਲਦੀ ਵੇਖੀ, ਬਰਤਾਨਵੀ ਅਦਾਲਤ ਵੱਲੋਂ ਅਡਵਾਨੀ ਜੀ ਨੂੰ ਪੈਂਖੜ ਪੈਣ ਦੇ ਹਾਲਾਤ ਬਣ ਗਏ, ਓਦੋਂ ਹਿੰਦੂਜਾ ਭਰਾਵਾਂ ਨੇ ਹੀ ਉਹ ਮਾਮਲਾ ਸੰਭਾਲਿਆ ਸੀ ਤੇ ਉਹ ਕਹਿੰਦੇ ਹਨ ਕਿ ਵੱਡਾ ਖਰਚਾ ਕਰ ਕੇ 'ਅਸੀਂ ਉਹ ਕੰਮ ਆਪਣੀ ਮਾਤ ਭੂਮੀ ਭਾਰਤ ਦੇ ਹਿੱਤਾਂ ਖਾਤਰ' ਕੀਤਾ ਸੀ। ਜੇ ਹਿੰਦੂਜਾ ਭਰਾਵਾਂ ਨੇ ਅਡਵਾਨੀ ਦਾ ਏਡਾ ਕੰਮ 'ਮਾਤ ਭੂਮੀ ਦੇ ਹਿੱਤਾਂ ਖਾਤਰ' ਕਰ ਦਿੱਤਾ ਸੀ ਤਾਂ ਫਿਰ ਮਾਤ-ਭੂਮੀ ਦੀ ਇੱਕ ਅਦਾਲਤ ਵਿੱਚ ਉਨ੍ਹਾਂ ਵਿਰੁੱਧ ਚੱਲ ਰਿਹਾ ਬੋਫੋਰਜ਼ ਤੋਪ ਸੌਦੇ ਵਾਲਾ ਕੇਸ ਵੀ ਪ੍ਰਧਾਨ ਮੰਤਰੀ ਵਾਜਪਾਈ ਅਤੇ ਸੀ ਬੀ ਆਈ ਦੇ ਇੰਚਾਰਜ ਡਿਪਟੀ ਪ੍ਰਧਾਨ ਮੰਤਰੀ ਅਡਵਾਨੀ ਜੀ ਦੇ ਹੁੰਦਿਆਂ ਖਾਰਜ ਹੋ ਜਾਣਾ ਕਿਸੇ ਨੂੰ ਹੈਰਾਨੀ ਵਾਲਾ ਨਹੀਂ ਲੱਗਣਾ ਚਾਹੀਦਾ।
ਅਸੀਂ ਸਧਾਰਨ ਲੋਕ ਹਾਂ, ਸਧਾਰਨ ਗੱਲਾਂ ਕਰਨ ਵਾਲੇ। ਦਿੱਲੀ ਦੇ ਰੰਗ ਬੜੇ ਨਿਰਾਲੇ ਹਨ, ਏਨੇ ਨਿਰਾਲੇ ਕਿ ਅਸੀਂ ਸੁਫਨੇ ਵਿੱਚ ਵੀ ਨਹੀਂ ਸੋਚ ਸਕਦੇ। ਏਸੇ ਦਿੱਲੀ ਬਾਰੇ ਪੈਂਤੀ ਕੁ ਸਾਲ ਪਹਿਲਾਂ ਇੱਕ ਵਾਰੀ ਇਹ ਗੱਲ ਵੀ ਸੁਣੀ ਗਈ ਸੀ ਕਿ ਓਥੇ ਪਾਰਲੀਮੈਂਟ ਵਿੱਚ ਬੈਠਣ ਵਾਲੇ ਅੱਸੀ ਕੁ ਮੈਂਬਰ ਆਪਣੀ ਸਰਕਾਰੀ ਤਨਖਾਹ ਅਤੇ ਭੱਤਿਆਂ ਦੇ ਨਾਲ ਦੇਸ਼ ਦੇ ਵੱਡੇ ਉਦਯੋਗਪਤੀ ਘਰਾਣਿਆਂ ਤੋਂ ਵੀ ਹਰ ਮਹੀਨੇ ਬੱਧੀ ਹੋਈ ਤਨਖਾਹ ਲੈਂਦੇ ਹਨ। ਜਿਸ ਦਿਨ ਮੁੰਬਈ ਉੱਤੇ ਹੁਣ ਤੱਕ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਹਮਲਾ ਹੋਇਆ, ਉਸ ਦਿਨ ਉਸ ਹੋਟਲ ਵਿੱਚ ਚਾਰ ਪਾਰਲੀਮੈਂਟ ਮੈਂਬਰ ਵੀ ਠਹਿਰੇ ਹੋਏ ਸਨ। ਉਹ ਇੱਕ ਮਾਮਲੇ ਦੀ ਪੜਚੋਲ ਕਰਨ ਦੀ ਪਾਰਲੀਮੈਂਟ ਮੈਂਬਰ ਦੀ ਜ਼ਿਮੇਵਾਰੀ ਨਿਭਾਉਣ ਗਏ ਸਨ ਤੇ ਉਨ੍ਹਾਂ ਦਾ ਇਹੋ ਜਿਹੇ ਦੌਰੇ ਸਮੇਂ ਸਰਕਾਰੀ ਰੈੱਸਟ ਹਾਊਸ ਵਿੱਚ ਠਹਿਰਨਾ ਬਣਦਾ ਸੀ, ਪਰ ਉਹ ਤਾਜ ਹੋਟਲ ਠਹਿਰੇ ਸਨ, ਜਿਸ ਦਾ ਇੱਕ ਰਾਤ ਦਾ ਕਿਰਾਇਆ ਇੱਕ ਲੱਖ ਰੁਪੈ ਤੋਂ ਵੱਧ ਲੱਗਦਾ ਹੈ। ਇਹ ਪੈਸੇ ਉਨ੍ਹਾਂ ਨੇ ਪੱਲਿਓਂ ਨਹੀਂ ਸਨ ਦੇਣ, ਦੇਣ ਵਾਲਿਆਂ ਦੇਣੇ ਸਨ ਤੇ ਪਾਰਲੀਮੈਂਟ ਮੈਂਬਰ ਇਹ ਕਿਸੇ ਇੱਕ ਪਾਰਟੀ ਦੇ ਨਹੀਂ, ਵੱਖੋ-ਵੱਖ ਪਾਰਟੀਆਂ ਦੇ ਸਨ, ਹਾਕਮ ਧਿਰ ਵਿੱਚੋਂ ਵੀ ਤੇ ਵਿਰੋਧੀ ਧਿਰ ਦੇ ਵੀ। ਹਮਲੇ ਦੌਰਾਨ ਇਹ ਗੱਲ ਸਾਹਮਣੇ ਆ ਜਾਣ ਦੇ ਬਾਵਜੂਦ ਦਬਾ ਦਿੱਤੀ ਗਈ ਤਾਂ ਸਿਰਫ ਇਸ ਲਈ ਕਿ ਓਥੇ 'ਤੂੰ ਵੀ ਚੋਰ ਤੇ ਮੈਂ ਵੀ ਚੋਰ' ਦੇ ਆਸਰੇ ਕੰਮ ਚੱਲਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਦਿੱਲੀ ਜਾ ਕੇ ਮਜ਼ੇ ਮਾਣਨ ਵਾਲਿਆਂ ਇਨ੍ਹਾਂ ਲੋਕਾਂ ਨੂੰ ਸਾਡੇ ਦੇਸ਼ ਦੇ ਆਮ ਲੋਕ ਅਜੇ ਵੀ ਆਪਣੇ ਪ੍ਰਤੀਨਿਧ ਸਮਝੀ ਜਾਂਦੇ ਹਨ।

No comments:

Post a Comment