ਭਈਏ ਭਈਏ ਕੂਕਦਾ ਬਾਬਾ ਕੰਵਲ!

ਨਿੰਦਰ ਘੁਗਿਆਣਵੀ
ਸਾਡਾ ਹਰਮਨ-ਪਿਆਰਾ ਨਾਵਲਕਾਰ ਬਾਬਾ ਜਸਵੰਤ ਸਿੰਘ ਕੰਵਲ ਅੱਜ ਕੱਲ੍ਹ ਫਿਰ ਚਰਚਾ ਵਿੱਚ ਹੈ, ਪੰਜਾਬ ਦੇ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਖੁੱਲੀ ਚਿੱਠੀ ਲਿਖਣ ਕਰਕੇ। ਇੱਹ ਚਿੱਠੀ ਪੰਜਾਬੀ ਟ੍ਰਿਬਿਊਨ ਦੇ ਐਤਵਾਰਤਾ ਅੰਕ ਵਿੱਚ ਤਾਂ ਮੁਫ਼ਤੋ-ਮੁਫ਼ਤੀ ਛਪ ਗਈ ਪਰ ਮਨਪ੍ਰੀਤ ਬਾਦਲ ਦੇ ਹਮਾਇਤੀਆਂ ਨੂੰ ਇਹ ਚਿੱਠੀ ਦੋ ਹੋਰ ਅਖ਼ਬਾਰਾਂ ਵਿੱਚ ਹਜ਼ਾਰਾਂ ਰੁਪਏ ਦੇਕੇ ਛਪਵਾਉਣੀ ਪਈ। ਖ਼ੈਰ!
ਪਿੱਛੇ ਜਿਹੇ ਤੋਂ ਬਾਬਾ ਇੱਕ ਹੋਰ ਗੱਲ ਕਰਕੇ ਵੀ ਚਰਚਾ ਵਿੱਚ ਹੈ, ਉਹ ਹੈ ਉਹਦੇ 'ਭਈਏ ਭਈਏ' ਕੂਕਣ ਵਾਲੀ ਗੱਲ! ਬਾਬਾ ਦੇਰ ਤੋਂ ਕਹਿ ਰਿਹਾ ਹੈ ਤੇ ਲਿਖ ਰਿਹਾ ਹੈ ਕਿ ਪੰਜਾਬ ਵਿੱਚ ਭਈਏ ਕਿਉਂ ਆ ਰਹੇ ਹਨ...ਪੰਜਾਬ ਨੂੰ ਭਈਏ ਖਾ ਗਏ..ਪੰਜਾਬ ਵਿੱਚ ਭਈਏ ਆਉਣੇ ਬੰਦ ਕਰੋ। ਬਾਬੇ ਕੰਵਲ ਇਸ ਆਖਣੇ ਦਾ ਦੇਸ਼-ਬਦੇਸ਼ ਬੈਠੇ ਪੰਜਾਬੀਆਂ ਨੇ ਗੰਭੀਰ ਤੇ ਤਿੱਖਾ ਨੋਟਿਸ ਲਿਆ।
ਪਿੱਛੇ ਜਿਹੇ ਜਦ ਮੈਂ ਵਲੈਤ ਸਾਂ, ਇੱਕ ਰੇਡੀਓ ਸਟੇਸ਼ਨ ਵਿੱਚ ਮੇਰੇ ਨਾਲ ਗੱਲਬਾਤ ਕਰਦਿਆਂ ਮੁਲਕਾਤੀ ਨੇ ਪੁੱਛਿਆ ਸੀ ਕਿ ਬਾਬੇ ਕੰਵਲ ਦੇ ਇਸ ਕਹਿਣੇ ਨਾਲ ਤੁਸੀਂ ਕਿੱਥੋਂ ਤੀਕਰ ਸਹਿਮਤ ਹੋ? ਮੈਂ ਆਖਿਆ ਸੀ,"ਭੋਰਾ ਸਹਿਮਤ ਨਹੀਂ ਆਂ..ਦੁਨੀਆਂ ਦਾ ਕੋਈ ਬੰਦਾ, ਕਦੋਂ ਵੀ, ਕਿਤੇ ਵੀ, ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਆਪਣਾ ਰੁਜ਼ਗਾਰ ਢੂੰਡਣ ਜਾ ਸਕਦਾ ਹੈ। ਆਪਣੇ ਢਿੱਡ ਨੂੰ ਝੁਲਕਾ ਦੇਣ ਲਈ ਕੰਮ ਕਰ ਸਕਦਾ ਹੈ।" ਮੈਂ ਆਖਿਆ ਸੀ ਕਿ ਤੁਸੀ ਹੀ ਦੱਸੋ? ਜਿਹੜੇ ਦੇਸ਼æ-ਬਦੇਸ਼ ਵਿੱਚ ਬੈਠੇ ਆਂ..ਕੀ ਅਸੀਂ ਭਈਏ ਆਂ? ਜੇ ਕੋਈ ਸਾਨੂੰ-ਤੁਹਾਨੂੰ...ਸਾਡੇ ਭੈਣਾਂ-ਭਰਾਵਾਂ ਤੇ ਚਾਚਿਆਂ-ਤਾਇਆਂ ਨੂੰ 'ਭਈਏ ਭਈਏ' ਆਖੇ ਤੇ ਕਹੋ ਸਾਡੇ ਦੇਸ਼ ਵਿੱਚ ਨਾ ਆਵੋ...ਤੁਸੀਂ ਸਾਡਾ ਰੁਜ਼ਗਾਰ ਖੋਹਣ ਆਏ ਓ..ਵਾਪਸ ਜਾਓ...ਤਾਂ ਕੀ ਅਸੀਂ ਜਰ ਲਵਾਂਗੇ ਇਹ ਗੱਲ? ਬਾਬਾ ਭਈਆਂ ਨੂੰ ਰੋਕਣ ਦੀ ਬਿਜਾਏ ਪੰਜਾਬ ਦੇ ਗੱਭਰੂਆਂ ਨੂੰ ਕਿਉਂ ਨਹੀਂ ਕਹਿੰਦਾ ਕਿ ਤੁਸੀਂ ਹੱਥੀਂ ਕਿਰਤ ਕਰੋ।" ਭਾਬਾ ਇਹ ਕਿਉਂ ਨਹੀਂ ਸੋਚਦਾ ਕਿ ਜੇਕਰ ਪੰਜਾਬ ਤੋਂ ਰੁਪੱੀਆਂ ਦੀ ਭਰੀ ਪੰਡ ਬਿਹਾਰ ਜਾਂ ਯੂਪੀ ਜਾਂਦੀ ਹੈ ਤਾਂ ਕੀ ਪੰਜਾਬ ਵਿੱਚ ਕਦੇ ਕਿਸੇ ਮੁਲਕ ਤੋਂ ਡਾਲਰ-ਪੌਂਡ ਨਹੀਂ ਆਉਂਦੇ?
ਸਾਡੀ ਇਸ ਗੱਲਬਾਤ ਦੌਰਾਨ ਘਰਾਂ ਵਿੱਚ ਰੇਡੀਓ ਪ੍ਰੋਗਰਾਮ ਸੁਣ ਰਹੇ ਲੋਕਾਂ ਤੇ ਬੱਸਾਂ-ਟਰੱਕਾਂ ਵਿੱਚ ਸੁਣਦੇ ਜਾ ਰਹੇ ਸ੍ਰੋਤਿਆਂ ਦੇ ਫ਼ੋਨ 'ਤੇ ਫੋਨ ਆਉਣ ਲੱਗੇ। ਉਹ ਸਾਰੇ ਮੇਰੀ ਗੱਲ ਨਾਲ ਇੱਕ ਦਮ ਸਹਿਮਤ ਸਨ।
ਮੈਂ ਆਖਿਆ ਸੀ,"ਅਸੀਂ ਏਹਨਾਂ ਮੁਲਕਾਂ ਵਿੱਚ ਆਏ ਆਂ...ਅਸੀਂ ਸੁਪਰੀਮ ਕੋਰਟਾਂ ਦੇ ਜੱਜ, ਮੁਖ-ਮੰਤਰੀ, ਮੰਤਰੀ, ਐੱਮæਪੀ,ਮਨਿਸਟਰ, ਐੱਮ ਐੱਲ ਏ, ਮੇਅਰ, ਕੌਸਲਰ, ਵਕੀਲ, ਡਾਕਟਰ, ਟਰਾਂਸਪੋਰਟਰ, ਗਵਰਨਰ, ਵਪਾਰੀ ਤੇ ਵੱਡੇ-ਵੱਡੇ ਫਾਰਮਾਂ ਦੇ ਮਾਲਕ ਬਣ ਗਏ ਆਂ ਇਹਨਾਂ ਮੁਲਕਾਂ ਵਿੱਚ ਆਣ ਕੇ। ਜੇ ਸਾਨੂੰ ਦੁਨੀਆਂ ਭਰ ਵਿੱਚ ਇਹ ਸਭ ਬਣਨ ਦਾ ਅਧਿਕਾਰ ਹੈ ਤਾਂ ਪੰਜਾਬ ਵਿੱਚ ਭਈਆਂ ਨੂੰਂ ਕਿਰਤ ਕਰਨ ਦਾ ਅਧਿਕਾਰ ਕਿਉਂ ਨਹੀਂ? ਇਹ ਉਦਹਾਰਨ ਦਿੰਦਆਂ ਆਖਿਆ ਕਿ ਇੱਕ ਪਿੰਡ ਵਿੱਚ ਕੋਈ ਭਈਆ ਮੈਂਬਰ ਪੰਚਾਇਤ ਬਣ ਜਾਂਦਾ ਹੈ ਤਾਂ ਅਸੀਂ ਹੈਰਾਨ ਹੁੰਦੇ ਹਾਂ ਕਿ ਇਹ ਕਿਉ ਬਣ ਗਿਆ? ਇੱਕ ਪਿੰਡ ਵਿੱਚ ਕਿਸੇ ਝੁੱਗੀ ਵਿੱਚ ਭਈਆਂ ਆਪਣੇ ਪਰਿਵਾਰ ਨਾਲ ਰਲ-ਮਿਲ ਕੇ ਬੈਠਾ ਢੋਲਕੀ ਵਜਾ ਕੇ ਆਪਣੀ ਮਾਂ ਬੋਲੀ ਦਾ ਗੀਤ ਗਾ ਰਿਹਾ ਹੈ ਤੇ ਨੇੜਲੇ ਘਰਾਂ ਦੇ ਲੋਕ ਟੰਬੇ ਕੱਢ ਕੇ ਉਥੇ ਜਾ ਧਮਕਾਉਂਦੇ ਹਨ ਕਿ ਉਏ ਸਾਲਿਆ ਭਈਆ ਚੁੱਪ ਕਰਕੇ ਪੈ ਜਾਹ...ਕੀ ਰੌਲ਼ਾ ਪਾਇਆ ਅੱਧੀ ਰਾਤ ਨੂੰ? ਕੀ ਸਾਡਾ ਇਹ ਕਰਨਾ ਠੀਕ ਹੈ? ਅਸੀਂ ਇਹਨਾਂ ਮੁਲਕਾਂ ਵਿੱਚ ਗਾਉਂਦੇ ਹਾਂ। ਨੱਚਦੇ ਹਾਂ। ਮੰਦਰਾਂ-ਗੁਰੁਦਵਾਰਿਆਂ ਵਿੱਚ ਭਜਨ-ਬੰਦਗੀ ਕਰਦੇ ਗਾਉਂਦੇ ਹਾਂ। ਸਾਨੂੰ ਕੋਈ ਰੋਕੇ ਤਾਂ ਫਿਰ?ਕੀ ਭਈਏ ਦਾ ਕੋਈ ਜਜ਼ਬਾਤ ਨਹੀਂ? ਕੀ ਉਹਦਾ ਕੋਈ ਸਭਿਆਚਾਰ, ਉਹਦੀ ਬੋਲੀ ਜਾਂ ਉਹਦਾ ਸੰਗੀਤ ਨਹੀਂ?
ਰੇਡੀਓ ਪਰੋਗਰਾਮ ਵਿੱਚ ਜਿੰਨੇ ਵੀ ਲੋਕਾਂ ਦੇ ਫ਼ੋਨ ਆਏ ਸਭਨਾਂ ਨੇ ਇਹੀ ਆਖਿਆ ਕਿ ਕੰਵਲ ਬਾਬੇ ਨੂੰ ਭਈਆਂ ਦੇ ਖ਼ਿਲਾਫ਼ ਇੰਝ ਦੇ ਬਿਆਨ ਦੇ ਕੇ ਆਪਣਾ ਕੱਦ ਛੋਟਾ ਨਹੀਂ ਕਰਨਾ ਚਾਹੀਦਾ।
ਜਿਵੇਂ ਅਸੀਂ ਉਹਨਾਂ ਮੁਲਕਾਂ ਦੇ ਵਿਕਾਸ ਵਿੱਚ ਯੋਗਦਾਨ ਪਾ ਹਰੇ ਹਾਂ ਉਵੇਂ ਸਾਡੇ ਵੀ ਪਰਵਾਸੀ ਮਜ਼ਦੂਰ ਆਪਣਾ ਸਾਡੇ ਪਾਸੇ ਆਪਣਾ ਯੋਗਦਾਨ ਪਾ ਰਹੇ ਹਨ। ਅਸੀਂ ਕਿਉਂ ਜਾਂਦੇ ਹਾਂ ਪਰਵਾਸੀ ਮਜ਼ਦੂਰਾਂ ਨੂੰ ਸਟੇਸ਼ਨਾਂ 'ਤੇ ਟਰਾਲੀਆਂ ਭਰ-ਭਰ ਕੇ ਲੈਣ ਲਈ? ਕੀ ਅਸੀਂ ਆਪਣੇ ਬੱਚਿਆਂ ਨੂੰ ਕਹਿਣ ਜੋਗੇ ਨਹੀਂ ਰਹੇ ਕਿ ਆਪਣਾ ਕੰਮ ਆਪ ਕਰੋ? ਕੰਵਲ ਬਾਬਾ ਅਜਿਹੇ ਕਾਰਨ ਲੱਭਣ ਦੀ ਬਿਜਾਏ ਕਿ ਸਾਡੇ ਬੱਚੇ ਹੱਥੀਂ ਕੰਮ ਕਰਨਾ ਕਿਉਂ ਛੱਡ ਗਏ ਹਨ? ਜਾਂ ਇਹਨਾਂ ਨੂੰ ਕਿਰਤ ਕਰਨ ਲਈ ਕਿਵੇਂ ਪ੍ਰੇਰਿਆ ਜਾਵੇ ਕਿ ਹੱਥੀਂ ਕੰਮ ਕਰੋ...ਸਗੋਂ ਉਹ ਭਈਆਂ ਨੂੰ ਪੈ ਜਾਂਦਾ ਹੈ ਕਿ ਭਈਓ ਪੰਜਾਬ ਵਿੱਚ ਨਾ ਆਵੋ। ਭਈਆਂ ਨੇ ਪੰਜਾਬ ਬਿਹਾਰ ਬਣਾ ਦਿੱਤਾ ਐ..। ਸੁਆਲ ਹੈ, ਕੀ ਅਸੀਂ ਵੈਨਕੂਵਰ, ਟੋਰਾਂਟੋ, ਸਾਊਥਾਲ ਜਾਂ ਬਰਮਿੰਘਮ ਨੂੰ 'ਪੰਜਾਬ' ਬਣਾ ਦਿੱਤਾ ਹੈ? ਸਾਡੇ ਜਗਤ ਬਾਬੇ ਨੂੰ ਇਥੇ ਮਜ਼ਦੂਰਾਂ ਲਈ ਹਮਦਰਦੀ ਵਰਤਣ ਦੀ ਲੋੜ ਹੈ ਤੇ ਅਜਿਹੇ ਬਿਆਨ ਦੇਣ ਨਾਲੋਂ ਕੋਈ ਢੁਕਵੀਂ ਲਿਖ਼ਤ ਲਿਖਣ ਦੀ..ਜਿਸ ਨਾਲ ਦੇਸ਼-ਬਦੇਸ਼ ਬੈਠੈ ਪੰਜਾਬੀਆਂ ਦੇ ਮਨਾਂ ਨੂੰ ਠੰਢ ਪਵੇ ਨਾ ਕਿ ਉਹ ਕਲਪੀ ਜਾਣ ਕਿ ਸਾਡਾ ਆਪਣਾ ਪਿਆਰਾ ਤੇ ਆਦਰਯੋਗ ਬਾਬਾ ਕੀ ਲਿਖ ਰਿਹਾ ਹੈ..ਕੀ ਕਹਿ ਰਿਹਾ ਹੈ!
ਸਾਡੇ ਇੱਕ ਮਿੱਤਰ ਕਵੀ ਡਾ.ਕੇਵਲ ਅਰੋੜਾ ਦੀਆਂ ਇਹ ਸਤਰਾਂ ਏਥੇ ਦੇਣਾ ਮੁਨਾਸਿਬ ਸਮਝਦਾ ਹਾਂ:
ਅਸੀਂ ਦੇਸ਼ ਬਿਗਾਨੇ ਜਾ ਕੇ ਜਦ
ਮਿਹਨਤ ਦੀ ਕਰਕੇ ਖਾਂਦੇ ਹਾਂ
ਸਾਨੂੰ ਮਾਣ ਹੈ ਆਪਣੀ ਮਿਹਨਤ 'ਤੇ
ਫਿਰ ਉੱਚੇ ਅਹੁਦੇ ਪਾਂਦੇ ਹਾਂ
ਸਾਡੇ ਆਪਣੇ ਦੇਸ਼ 'ਚ ਲੋਕੀ ਜਦ
ਆ ਮਿਹਨਤ ਦੇ ਨਾਲ ਛਾਉਂਦੇ ਨੇ
ਕੋਈ ਕਮੀਂ ਸਾਡੇ ਵਿੱਚ ਆ ਗਈ ਹੈ
ਕਿ ਲੋਕ ਸਾਡੇ ਘਬਰਾਉਂਦੇ ਨੇ....

No comments:

Post a Comment