ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ (ਕਿਸ਼ਤ 6)

ਯੂਰਪੀਅਨ ਯੂਨੀਅਨ ਅਮੀਰਾਂ ਲਈ ਵਰਦਾਨ ਅਤੇ ਆਮ ਨਾਗਰਿਕ ਲਈ ਸ਼ਰਾਪ ਬਣੀ!...ਸ਼ਿਵਚਰਨ ਜੱਗੀ ਕੁੱਸਾ
ਯੂਰਪੀਅਨ ਯੂਨੀਅਨ ਬਣਾਉਣ ਵੇਲੇ ਜਿਹੜੇ ਦਮਗੱਜੇ ਸਿਆਸਤਦਾਨਾਂ ਨੇ ਮਾਰੇ ਸਨ, ਸਬਜ਼ਬਾਗ ਦਿਖਾਏ ਸਨ, ਉਹ ਸਾਰੇ ਹੀ ਖੋਖਲੇ ਸਾਬਤ ਹੋਏ ਹਨ। ਅਸਲੀਅਤ ਤਾਂ ਇਹ ਹੈ ਕਿ ਯੂਰਪੀਅਨ ਯੂਨੀਅਨ ਬਣਨ ਨਾਲ ਆਮ ਕਾਮੇਂ (ਵਰਕਰ) ਦਾ ਤਾਂ ਦੀਵਾਲਾ ਨਿਕਲਣ ਕਿਨਾਰੇ ਹੈ! ਜਦੋਂ ਦਾ 'ਯੂਰੋ' ਮਾਰਕੀਟ ਵਿਚ ਆਇਆ ਹੈ, ਇਸ ਨੇ ਆਮ ਨਾਗਰਿਕ ਨੂੰ ਤਾਂ ਬਿਲਕੁਲ ਹੀ ਭੁੰਜੇ ਲਾਹ ਦਿੱਤਾ ਅਤੇ ਝੱਗੇ ਝਾੜਨ ਦੀ ਸੀਮਾਂ 'ਤੇ ਲਿਆ ਖੜ੍ਹਾ ਕੀਤਾ ਹੈ। ਮਾੜੇ ਮੋਟੇ ਵਪਾਰੀਆਂ ਨੇ ਜਾਂ ਤਾਂ ਆਪਣੇ ਕਾਰੋਬਾਰ ਬੰਦ ਕਰ ਦਿੱਤੇ ਅਤੇ ਜਾਂ ਕੁਰਕੀ ਦਿਖਾ ਦਿੱਤੀ, ਕਿਉਂਕਿ ਲੋਕ ਯੂਰਪੀਅਨ ਯੂਨੀਅਨ ਦੇ ਖਰਚੇ ਝੱਲਣ ਤੋਂ ਅਸਮਰੱਥ ਹਨ! ਕੀੜੀ ਨੂੰ ਤਾਂ ਤੱਕਲੇ ਦਾ ਦਾਗ ਹੀ ਬਥੇਰਾ ਹੁੰਦਾ ਹੈ!
ਜਦੋਂ ਯੂਰੋ ਮਾਰਕੀਟ ਵਿਚ ਆਇਆ ਤਾਂ ਇਸ ਨੂੰ ਲੋਕਾਂ ਨੇ ਇਕ ḔਵਰਦਾਨḔ ਕਰਕੇ ਲਿਆ ਸੀ। ਆਮ ਲੋਕਾਂ ਦੇ ਦਿਲ ਵਿਚ ਸੀ ਕਿ ਚਲੋ ਜਦੋਂ ਛੁੱਟੀਆਂ ਮਨਾਉਣ ਯੂਰਪ ਦੇ ਹੋਰ ਦੇਸ਼ਾਂ ਵਿਚ ਜਾਈਦਾ ਸੀ ਤਾਂ ਮਾਰਕ, ਪੌਂਡ, ਲੀਰੇ, ਸ਼ਿਲਿੰਗ ਆਦਿ ਕਰੰਸੀ ਉਸ ਦੇਸ਼ ਦੀ ਕਰੰਸੀ ਵਿਚ ਵਟਾਉਣੀ ਪੈਂਦੀ ਸੀ ਅਤੇ ਢੇਰ ਸਾਰੇ ਪੈਸੇ ਦੇਣੇ ਪੈਂਦੇ ਸਨ, ਇਸ ਪੱਖੋਂ ਤਾਂ ਯੱਭ ਨਿੱਬੜਿਆ! ਦੋ-ਚਾਰ ਮਹੀਨੇ ਤਾਂ ਲੋਕਾਂ ਨੇ ਇਸ ਨੂੰ ਬਾਣੀਏਂ ਵਾਂਗ Ḕਸ਼ੁਭ ਲਾਭḔ ਹੀ ਸਮਝਿਆ। ਪਰ ਜਦੋਂ ਯੂਰੋ ਦੇ ਆਉਣ ਨਾਲ ਆਮ ਵਸਤਾਂ ਦੇ ਭਾਅ ਅਕਾਸ਼ਾਂ ਨੂੰ ਚੜ੍ਹਨ ਲੱਗੇ ਤਾਂ ਹਰ ਇਕ ਬੰਦਾ ਆਪਣੇ ਆਪ ਨੂੰ ਠੱਗਿਆ-ਠੱਗਿਆ ਜਿਹਾ ਮਹਿਸੂਸ ਕਰਨ ਲੱਗ ਪਿਆ। ਤਨਖਾਹਾਂ ਉਤਨੀਆਂ ਹੀ ਹਨ, ਜਿੰਨੀਆਂ ਕਿ ਆਮ ਪਹਿਲਾਂ ਮਿਲਦੀਆਂ ਸਨ, ਪਰ ਖਾਣ-ਪੀਣ ਅਤੇ ਪਹਿਨਣ ਦੀਆਂ ਵਸਤਾਂ ਦੇ ਭਾਅ ਅਸਮਾਨੀਂ ਜਾ ਲੱਗੇ ਹਨ। ਹੁਣ ਸਾਰੀ ਜਨਤਾ ਦੋਨੀਂ ਹੱਥੀਂ ਛਾਤੀ 'ਪਿੱਟ' ਰਹੀ ਹੈ ਕਿ ਸਾਨੂੰ ਯੂਰੋ ਨੇ 'ਨੰਗ' ਕਰਕੇ ਰੱਖ ਦਿੱਤਾ।
ਜਦੋਂ ਦੇ ਰਿਪਬਲਿਕ ਚੈੱਕ, ਸਲਵਾਕ, ਪੋਲੈਂਡ ਅਤੇ ਰੋਮਾਨੀਆਂ ਜਿਹੇ ਦੇਸ਼ ਇਸ ਯੂਨੀਅਨ ਵਿਚ ਆ ਕੇ ਰਲੇ ਹਨ ਤਾਂ ਲੋਕਾਂ ਦੀ ਆਰਥਿਕ ਹਾਲਤ ਹੋਰ ਵੀ ਪਤਲੀ ਪੈ ਗਈ ਹੈ ਅਤੇ ਲੋਕਾਂ ਵਿਚ ਇਕ ਤਰ੍ਹਾਂ ਨਾਲ ਹਾਹਾਕਾਰ ਮੱਚ ਗਈ ਹੈ! ਕਿਉਂ? ਪਿੱਛੇ ਜਿਹੇ ਅਖਬਾਰਾਂ ਵਿਚ ਰੌਲਾ ਮੱਚਿਆ ਸੀ ਕਿ ਸਲਵਾਕ ਵਿਚ ਜਿਹੜੇ ਲੋਕ ਵਿਹਲੇ ਬੈਠੇ ਹਨ, ਉਹਨਾਂ ਨੂੰ ਉਹਨਾਂ ਦੇ 'ਜੌਬ-ਸੈਂਟਰ' ਵਾਲੇ ਆਪਣੇ ਵੱਲੋਂ ਖਰਚਾ ਦੇ ਕੇ ਆਸਟਰੀਆ, ਬੈਲਜੀਅਮ ਅਤੇ ਹੌਲੈਂਡ ਵਰਗੇ ਦੇਸ਼ਾਂ ਵਿਚ ਭੇਜ ਰਹੇ ਹਨ। ਸ਼ਰਤ ਇਹ ਰੱਖੀ ਜਾਂਦੀ ਹੈ ਕਿ ਉਹ ਇਹਨਾਂ ਦੇਸ਼ਾਂ ਵਿਚ ਜਾ ਕੇ ਕੋਈ ਜੌਬ ਲੱਭਣ, ਉਥੋਂ ਦੇ ਜੌਬ-ਸੈਂਟਰ ਵਾਲਿਆਂ ਦਾ ਪੱਤਰ ਦਿਖਾਉਣ, ਤਾਂ ਉਹਨਾਂ ਨੂੰ ਇਕ Ḕਵਿਸ਼ੇਸ਼ ਭੱਤਾḔ ਵੀ ਮੁਹੱਈਆ ਕਰਵਾਇਆ ਜਾਵੇਗਾ। ਜਦ ਇਹ ਖ਼ਬਰ ਆਸਟਰੀਆ ਦੇ ਅਖਬਾਰਾਂ ਵਿਚ ਨਸ਼ਰ ਹੋਈ ਤਾਂ ਲੋਕਾਂ ਨੇ ਆਪਣੀ ਤਿੱਖੀ ਆਲੋਚਨਾ ਦੀਆਂ ਤੋਪਾਂ ਦਾ ਮੂੰਹ ਇੱਥੋਂ ਦੇ ਪ੍ਰਧਾਨ ਮੰਤਰੀ ਵੋਲਫ਼ਗਾਂਗ ਸ਼ਿਊਸਲ ਵੱਲ ਕਰ ਲਿਆ।
ਚਾਹੇ ਵੋਲਫ਼ਗਾਂਗ ਸ਼ਿਊਸਲ ਨੇ ਇਸ ਪ੍ਰਤੀ ਆਪਣਾ ਪ੍ਰਤੀਕਰਮ ਜਾਂ ਬਿਆਨ ਜਾਰੀ ਕੀਤਾ ਹੈ, ਉਥੋਂ ਦੇ ਮੰਤਰਾਲੇ ਨੂੰ ਇਕ ਚਿੱਠੀ ਵੀ ਲਿਖੀ ਹੈ, ਪਰ ਇਸ ਉਪਰੋਕਤ ਘਟਨਾ ਨੂੰ ਅਖਬਾਰਾਂ ਵਿਚ ਪੜ੍ਹ ਕੇ ਲੋਕ ਆਪਣੇ ਆਪ ਨੂੰ ਲੁੱਟਿਆ ਗਿਆ ਮਹਿਸੂਸਦੇ ਹਨ। ਜਿਹੜੇ ਵਾਅਦੇ ਅਤੇ ਸਬਜ਼ਬਾਗ ਯੂਰਪੀਅਨ ਯੂਨੀਅਨ ਬਣਨ ਮੌਕੇ ਦਿਖਾਏ ਗਏ ਸਨ, ਉਹ ਸਾਰੇ ਹੀ ਲੋਕਾਂ ਨੂੰ ਝੂਠ ਦਾ ਪੁਲੰਦਾ ਅਤੇ ਰੇਤ ਦੀ ਕੰਧ ਭਾਸਣ ਲੱਗ ਪਏ ਹਨ। ਆਸਟਰੀਆ ਇਕ ਬਹੁਤ ਹੀ ਸ਼ਾਂਤਮਈ ਅਤੇ ਖੁਸ਼ਹਾਲ ਦੇਸ਼ ਸੀ। ਪਰ ਜਦੋਂ ਤੋਂ ਰੋਮਾਨੀਆਂ, ਰਿਪਬਲਿਕ ਚੈੱਕ ਅਤੇ ਸਲਵਾਕ ਜਿਹੇ ਦੇਸ਼ ਇਸ ਵਿਚ ਆ ਕੇ ਰਲੇ ਹਨ, ਉਦੋਂ ਤੋਂ ਉਥੋਂ ਦੇ ਜ਼ਰਾਇਮ ਪੇਸ਼ਾ ਲੋਕ ਵੀ ਇਹਨਾਂ ਦੇਸ਼ਾਂ ਵਿਚ ਆ ਘੁਸੇ ਹਨ ਅਤੇ ਚੋਰੀ-ਚਕਾਰੀ ਵਧ ਗਈ ਹੈ। ਅੱਗੇ ਇਸ ਦੇਸ਼ ਵਿਚ ਕਦੇ ਮਹੀਨੇ ਵਿਚ ਇਕ-ਅੱਧੀ ਚੋਰੀ ਦੀ ਵਾਰਦਾਤ ਹੁੰਦੀ ਸੀ। ਪਰ ਹੁਣ ਹਰ ਰੋਜ ਇਕ-ਇਕ ਸ਼ਹਿਰ ਵਿਚ ਚੋਰੀ ਦੀਆਂ 25-25 ਵਾਰਦਾਤਾਂ ਦੇ ਕੇਸ ਦਰਜ ਹੋ ਰਹੇ ਹਨ। ਲੋਕਾਂ ਦੀਆਂ ਜੇਬਾਂ ਵਿਚੋਂ ਬਟੂਏ ਨਿਕਲਣੇ ਅਤੇ ਔਰਤਾਂ ਦੇ ਪਰਸ ਚੋਰੀ ਹੋਣੇ ਸ਼ੁਰੂ ਹੋ ਗਏ ਹਨ। ਪਹਿਲਾਂ ਆਸਟਰੀਆ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਤੁਸੀਂ ਚਾਹੇ ਮਿਲੀਅਨ ਸ਼ਿਲਿੰਗ ਲੈ ਕੇ ਅੱਧੀ ਰਾਤੀਂ ਤੁਰੇ ਫਿਰੋ, ਤੁਹਾਨੂੰ ਕੋਈ ਨਹੀਂ ਬੁਲਾਉਂਦਾ। ਪਰ ਹੁਣ ਇਸ ਦੇਸ਼ ਵਿਚ ਡਾਕਿਆਂ ਦੀਆਂ ਖਬਰਾਂ ਆਮ ਹੀ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਹਨ! ਪਿੱਛੇ ਜਿਹੇ ਸਲਵਾਕ ਬਾਰਡਰ ਸਕਿਊਰਿਟੀ ਫ਼ੋਰਸ ਦਾ ਸਿਪਾਹੀ ਸਲਵਾਕ ਦੇ ਬਾਰਡਰ ਤੋਂ ਜਾਹਲੀ ਬੰਦਿਆਂ ਨੂੰ ਖ਼ੁਦ ਆਸਟਰੀਆ ਦਾ ਬਾਰਡਰ ਟਪਾਉਂਦਾ ਫੜਿਆ ਗਿਆ। ਆਸਟਰੀਆ ਦੀ ਸਕਿਊਰਿਟੀ ਫ਼ੋਰਸ ਨੇ ਇਸ ਦੀ ਵੀਡੀਓ ਫ਼ਿਲਮ ਬਣਾ ਕੇ ਉੱਚ ਅਧਿਕਾਰੀਆਂ ਨੂੰ ਸਬੂਤ ਵਜੋਂ ਪੇਸ਼ ਕੀਤੀ ਤਾਂ ਤੜਥੱਲ ਮੱਚ ਗਿਆ। ਜਿੱਥੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ, ਤਾਂ ਉਸ ਫ਼ਸਲ ਦਾ ਤਾਂ ਰੱਬ ਹੀ ਰਾਖਾ!
ਪੁਲੀਸ ਵੱਲੋਂ ਹੁਣ ਸ਼ਾਮ ਦੀਆਂ ਖਬਰਾਂ ਵਿਚ ਆਮ ਹਦਾਇਤ ਦਿੱਤੀ ਜਾਂਦੀ ਹੈ ਕਿ ਜਿਹੜੇ ਲੋਕ ਘਰਾਂ ਤੋਂ ਚੰਦੇ ਬਗੈਰਾ ਦੀ ਉਗਰਾਹੀ ਲੋੜਵੰਦਾਂ ਦੇ ਨਾਂ ਹੇਠ ਕਰਦੇ ਹਨ, ਉਹਨਾਂ ਤੋਂ ਸਾਵਧਾਨ ਰਹੋ, ਉਹ ਤੁਹਾਡੇ ਘਰ ਦਾ ਭੇਦ ਲੈ ਕੇ ਰਾਤ ਨੂੰ ਜਾਂ ਦਿਨੇ ਵੀ ਚੋਰੀ ਦੀ ਵਾਰਦਾਤ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਹੜੀਆਂ ਬਾਹਰਲੇ ਦੇਸ਼ਾਂ ਦੀਆਂ ਔਰਤਾਂ ਦਿਨੇ ਮੇਜ਼ਪੋਸ਼ ਜਾਂ ਹੋਰ ਨਿੱਕਾ-ਮੋਟਾ ਸਮਾਨ ਘਰੋ-ਘਰੀ ਜਾ ਕੇ ਵੇਚਦੀਆਂ ਹਨ, ਉਹਨਾਂ ਤੋਂ ਖ਼ਾਸ ਤੌਰ Ḕਤੇ ਸੁਚੇਤ ਰਹਿਣ ਦੀ ਨਸੀਹਤ ਵੀ ਪੁਲੀਸ ਵੱਲੋਂ ਦਿੱਤੀ ਜਾਂਦੀ ਹੈ। ਇਹ ਔਰਤਾਂ ਚੋਰਾਂ ਜਾਂ ਡਕੈਤਾਂ ਦੇ ਗ੍ਰੋਹ ਦੀਆਂ ਮੈਂਬਰ ਹੋ ਸਕਦੀਆਂ ਹਨ।
ਵੱਡੀਆਂ-ਵੱਡੀਆਂ ਕੰਪਨੀਆਂ ਅਤੇ ਫ਼ਰਮ੍ਹਾਂ ਨੇ ਆਪਣਾ ਕਾਰੋਬਾਰ ਇਹਨਾਂ ਅਮੀਰ ਦੇਸ਼ਾਂ ਵਿਚੋਂ ਚੁੱਕ ਕੇ ਚੈੱਕ, ਪੋਲੈਂਡ, ਸਲਵਾਕ ਅਤੇ ਰੋਮਾਨੀਆਂ ਵਰਗੇ ਦੇਸ਼ਾਂ ਵਿਚ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹੋਟਲ ਅਤੇ ਰੈਸਟੋਰੈਂਟ ਬੰਦ ਹੋ ਰਹੇ ਹਨ। ਪੈਟਰੋਲ ਪੰਪਾਂ ਦੇ ਮਾਲਕ ਬੂ-ਪਾਹਰਿਆ ਕਰ ਰਹੇ ਹਨ। ਟਰੱਕਾਂ ਦੇ ਮਾਲਕ ਘਾਟੇ ਵਿਚ ਜਾ ਰਹੇ ਹਨ। ਲੇਬਰ ਦਾ ਖਰਚਾ ਸਿਰ ਟੁੱਟ ਰਿਹਾ ਹੈ। ਹੋਰ ਤਾਂ ਹੋਰ ਪੁਲੀਸ ਡਿਪਾਰਟਮੈਂਟ ਨੇ ਵੀ ਆਪਣੀਆਂ ਪੋਸਟਾਂ ਤੋਂ ਪੁਲਸੀਆਂ ਦੀ ਗਿਣਤੀ ਛਾਂਗਣੀ ਸ਼ੁਰੂ ਕਰ ਦਿੱਤੀ ਹੈ। ਇਕ ਜੁਲਾਈ 2005 ਤੋਂ ਏਅਰਪੋਰਟਾਂ 'ਤੇ ਸਾਰਾ ਕੰਮ ਪ੍ਰਾਈਵੇਟ ਕੰਪਨੀਆਂ ਨੇ ਸੰਭਾਲ ਲੈਣਾ ਹੈ। ਕੋਕਾ ਕੋਲਾ, ਐਟੋਮਿਕ ਅਤੇ ਬਲੀਜ਼ਾਰਡ ਸਕੀ ਫ਼ੈਕਟਰੀਆਂ ਵੀ ਆਪਣੀਆਂ ਫ਼ੈਕਟਰੀਆਂ ਚੁੱਕ ਕੇ ਧੜਾ-ਧੜ ਉਪਰੋਕਤ ਦੇਸ਼ਾਂ ਨੂੰ ਦੌੜ ਰਹੀਆਂ ਹਨ। ਇਕ ਮੈਨੇਜਰ ਮਿੱਤਰ ਨੂੰ ਕਾਰਨ ਪੁੱਛਣ 'ਤੇ ਉਸ ਨੇ ਮੈਨੂੰ ਦੱਸਿਆ ਕਿ ਆਸਟਰੀਆ ਵਿਚ ਬਿਜਲੀ, ਪਾਣੀ, ਟੈਕਸ, ਬਿਲਡਿੰਗ ਟੈਕਸ, ਮਟੀਰੀਅਲ ਟੈਕਸ ਅਤੇ ਹੋਰ ਫ਼ੁੱਟਕਲ ਖਰਚੇ ਰਲਾ-ਮਿਲਾ ਕੇ ਸਾਨੂੰ ਇਕ ਵਰਕਰ, ਇਕ ਘੰਟੇ ਵਿਚ 70 ਯੂਰੋ ਵਿਚ ਪੈਂਦਾ ਹੈ, ਪਰ ਰੋਮਾਨੀਆਂ ਵਰਗੇ ਦੇਸ਼ ਵਿਚ ਉਹੀ ਵਰਕਰ ਸਾਨੂੰ 30 ਯੂਰੋ ਵਿਚ ਪੈਂਦਾ ਹੈ, ਸਿੱਧਾ ਹੀ ਇਕ ਕਾਮੇਂ ਮਗਰ 40 ਯੂਰੋ ਘੰਟੇ ਦਾ ਬਚਾਅ, ਸਾਡਾ ਦਿਮਾਗ ਖ਼ਰਾਬ ਹੈ ਕਿ ਅਸੀਂ ਇੱਥੇ ਰਹੀਏ? ਗੱਲ ਵੀ ਉਸ ਦੀ ਸਹੀ ਹੈ। ਇਕ ਵਪਾਰ ਕਰਨ ਵਾਲਾ ਬੰਦਾ ਆਪਣੇ ਘਾਟੇ ਅਤੇ ਮੁਨਾਫ਼ੇ ਬਾਰੇ ਨਾ ਸੋਚੂ ਤਾਂ ਹੋਰ ਕੀ ਸੋਚੂ?
ਹੋਰ ਤਾਂ ਹੋਰ, ਕੁਝ ਕੁ ਹਫ਼ਤੇ ਪਹਿਲਾਂ ਇੱਥੋਂ ਦੀਆਂ ਵੇਸਵਾਵਾਂ ਨੇ ਵੀ ਸਰਕਾਰ ਦੀ ਜਾਨ ਦਾ ਪਿੱਟ-ਸਿਆਪਾ ਕੀਤਾ। ਉਹਨਾਂ ਦਾ ਆਖਣਾ ਹੈ ਕਿ ਜਿਹੜੇ ਗਾਹਕ ਤੋਂ ਅਸੀਂ ਅੱਧੇ ਘੰਟੇ ਦੇ 110 ਯੂਰੋ ਲੈਂਦੀਆਂ ਸਾਂ, ਉਸੇ ਗਾਹਕ ਨੂੰ ਬਾਹਰਲੀਆਂ ਵੇਸਵਾਵਾਂ ਨੇ 50 ਯੂਰੋ ਵਿਚ ਭੁਗਤਾਉਣਾ ਸ਼ੁਰੂ ਕਰ ਦਿੱਤਾ ਹੈ। ਅੱਧੇ ਰੇਟ ਤੋਂ ਵੀ ਘੱਟ! ਗਾਹਕ ਦਾ ਸਿਰ ਫਿਰਿਆ ਹੈ ਕਿ ਉਹ ਸਾਡੇ ਕੋਲ ਆਊ? ਇਕ ਗੱਲ ਹੋਰ ਹੈ ਕਿ ਰਿਪਬਲਿਕ ਚੈੱਕ, ਸਲਵਾਕ ਅਤੇ ਰੋਮਾਨੀਆਂ ਤੋਂ ਆਈਆਂ ਕੁੜੀਆਂ ਇਹਨਾਂ ਵੇਸਵਾਵਾਂ ਨਾਲੋਂ ਹਨ ਵੀ ਬੜੀ ਛੋਟੀ ਉਮਰ ਦੀਆਂ ਅਤੇ ਰੇਟ ਵੀ ਅੱਧਾ! ਪਹਿਲਾਂ ਵੇਸਵਾਵਾਂ ਕੋਲ ਆਦਮੀ ਨੂੰ ਕਲੱਬ ਜਾਂ ਕਿਸੇ ਮਕਾਨ ਵਿਚ ਚੱਲ ਕੇ ਜਾਣਾ ਪੈਂਦਾ ਸੀ। ਪਰ ਇਹਨਾਂ ਅੱਲ੍ਹੜ ਉਮਰ ਦੀਆਂ ਕੁੜੀਆਂ ਨੇ ਰਾਤ 10 ਵਜੇ ਤੋਂ ਬਾਅਦ ਸ਼ਰੇਆਮ ਸੜਕਾਂ ਉਪਰ ਹੀ ਖੜ੍ਹਨਾ ਸ਼ੁਰੂ ਕਰ ਦਿੱਤਾ। ਆਦਮੀ ਕਾਰ ਵਿਚ ਬਿਠਾ ਕੇ ਇਹਨਾਂ ਨੂੰ ਕਿਸੇ ਵੀ ਹੋਟਲ ਜਾਂ ਆਪਣੇ ਘਰ ਲਿਜਾ ਸਕਦਾ ਹੈ। ਇਹਨਾਂ ਨੇ ਗਾਹਕ ਦਾ ਇਸ ਪੱਖੋਂ ਵੀ ਕੰਮ ਸੌਖਾ ਕਰ ਦਿੱਤਾ ਹੈ। ਕਹਿਣ ਦਾ ਮਤਲਬ ਗਾਹਕ ਨੂੰ ਨਾ ਤਾਂ ਕਲੱਬ ਲੱਭਣ ਦੀ ਪਰੇਸ਼ਾਨੀ ਅਤੇ ਨਾ ਹੀ ਕਿਸੇ ਦੇਖਣ ਵਾਲੇ ਚੁਗਲ ਦਾ ਡਰ! ਗੱਡੀ ਪਾਸੇ ਲਾ ਕੇ ਆਪਣੀ ਕਾਰ ਵਿਚ ਕੁੜੀ ਨੂੰ ਬਿਠਾਇਆ ਅਤੇ ਆਪਣੇ ਟਿਕਾਣੇ ਨੂੰ ਰਵਾਨਾ ਹੋ ਗਏ। ਇਹ 18 ਤੋਂ ਲੈ ਕੇ 20 ਸਾਲ ਦੀ ਉਮਰ ਦੀਆਂ ਅੱਲੜ੍ਹ ਕੁੜੀਆਂ 150 ਯੂਰੋ ਵਿਚ ਸਾਰੀ ਰਾਤ ਦਾ ਸੌਦਾ ਵੀ ਬੇਝਿਜਕ ਕਰ ਲੈਂਦੀਆਂ ਹਨ, ਜਦ ਕਿ ਇੱਥੋਂ ਦੀਆਂ ਵੇਸਵਾਵਾਂ 220 ਯੂਰੋ ਪ੍ਰਤੀ ਘੰਟਾ ਵਸੂਲਦੀਆਂ ਹਨ। ਇੱਥੋਂ ਦੀਆਂ ਵਸਨੀਕ ਵੇਸਵਾਵਾਂ ਦਾ ਇਹ ਵੀ ਉਲਾਂਭਾ ਹੈ ਕਿ ਅਸੀਂ ਦੇਸ਼ ਲਈ ਟੈਕਸ ਭਰਦੀਆਂ ਹਾਂ, ਪਰ ਬਾਹਰੋਂ ਆਈਆਂ ਕੁੜੀਆਂ ਪੈਸੇ ਵੱਟ ਕੇ, ਜੇਬ ਵਿਚ ਪਾ ਕੇ ਤੁਰ ਜਾਂਦੀਆਂ ਹਨ। ਇਹਨਾਂ ਅੱਲੜ੍ਹ ਕੁੜੀਆਂ ਦੇ ਆਉਣ ਨਾਲ ਸਾਨੂੰ ਤਾਂ ਜਿਹੜਾ ਘਾਟਾ ਪੈਣਾ ਸੀ, ਪੈਣਾ ਹੀ ਸੀ, ਜਿਹੜਾ ਦੇਸ਼ ਨੂੰ ਟੈਕਸ ਪੱਖੋਂ ਘਾਟਾ ਪੈ ਰਿਹਾ ਹੈ, ਇਸ ਬਾਰੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਅਤੇ ਇਹਨਾਂ ਦੀ ਆਮਦ 'ਤੇ ਰੋਕ ਲਾਉਣੀ ਚਾਹੀਦੀ ਹੈ!
ਜਿਹੜੇ ਬੰਦੇ ਇੱਥੇ ਅੱਗੇ ਦੋ-ਦੋ ਕੰਮ ਕਰਦੇ ਸਨ, ਉਹਨਾਂ ਦਾ ਗਲਾ ਤਾਂ ਸਰਕਾਰ ਨੇ ਬੁਰੀ ਤਰ੍ਹਾਂ ਘੁੱਟਣਾ ਸ਼ੁਰੂ ਕਰ ਦਿੱਤਾ ਹੈ। ਜਿਹੜੇ ਅੱਗੇ ਦੋ-ਦੋ ਟੈਕਸ ਭਰਦੇ ਸਨ, ਹੁਣ ਉਹਨਾਂ ਤੋਂ ਗੌਰਮਿੰਟ ਨੇ ਸਿੱਧਾ ਹੀ ਮੁਕੰਮਲ ਆਮਦਨ ਵਿਚੋਂ 60 ਪ੍ਰਤੀਸ਼ਤ ਟੈਕਸ ਕੱਟਣਾ ਸ਼ੁਰੂ ਕਰ ਦਿੱਤਾ ਹੈ। ਆਦਮੀ ਨੂੰ ਆਪਣੀ ਸਾਰੀ ਆਮਦਨ ਵਿਚੋਂ ਸਿਰਫ਼ 40 ਪ੍ਰਤੀਸ਼ਤ ਹੀ ਬਚਦਾ ਹੈ, ਜਿਸ ਵਿਚੋਂ ਉਸ ਨੇ ਮਕਾਨ ਦੀ ਕਿਸ਼ਤ ਜਾਂ ਕਿਰਾਇਆ, ਬਿਜਲੀ, ਪਾਣੀ, ਗੈਸ, ਟੈਲੀਫ਼ੋਨ, ਖਾਣ-ਪੀਣ ਅਤੇ ਪਹਿਨਣ ਦਾ ਖਰਚਾ ਵੀ ਚਲਾਉਣਾ ਹੁੰਦਾ ਹੈ। ਖੂਹ ਦੀ ਮਿੱਟੀ ਖੂਹ ਵਿਚ ਹੀ ਡਿੱਗਣੀ ਸ਼ੁਰੂ ਹੋ ਗਈ ਹੈ ਅਤੇ ਦਾਹੜੀ ਨਾਲੋਂ ਮੁੱਛਾਂ ਵਧਣ ਲੱਗ ਪਈਆਂ ਹਨ।
ਪਿਛਲੇ ਹਫ਼ਤੇ ਰੋਮਾਨੀਆਂ ਦੇ ਸੱਤ ਡਕੈਤਾਂ ਨੇ ਸਟਾਈਨ-ਜੇਲ੍ਹ ਵਿਚ ਸੁਰੰਗ ਬਣਾ ਕੇ ਸਪੈਸ਼ਲ-ਸਟਾਫ਼ ਨੂੰ ਚਕਿੱਤ ਕਰ ਦਿੱਤਾ। ਜੇਲ੍ਹ ਵਿਚ ਸੁਰੰਗ ਪੁੱਟਣ ਦੀ ਇਹ ਘਟਨਾ ਆਸਟਰੀਆ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਘਟਨਾ ਹੈ। ਇਸ ਸੁਰੰਗ ਬਾਰੇ ਖੁਫ਼ੀਆ ਕਰਮਚਾਰੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ 'ਕੋਬਰਾ' ਅਤੇ 'ਡਬਲਿਯੂ ਡੀ ਕਮਾਂਡੋ' ਦੀ ਮੱਦਦ ਨਾਲ ਦੋਸ਼ੀਆਂ ਨੂੰ ਪਕੜਿਆ। ਇਸ ਸੁਰੰਗ ਦਾ ਹੈਰਾਨੀਜਨਕ ਪੱਖ ਤਾਂ ਇਹ ਹੈ ਕਿ ਇਹ ਸੁਰੰਗ ਜੇਲ੍ਹ ਦੇ ਅੰਦਰੋਂ ਨਹੀਂ, ਡਕੈਤਾਂ ਦੇ ਸਹਿਯੋਗੀਆਂ ਵੱਲੋਂ ਬਾਹਰੋਂ ਪੱਟੀ ਜਾ ਰਹੀ ਸੀ! ਖੁਫ਼ੀਆ ਵਿਭਾਗ ਅਤੇ ਕਮਾਂਡੋ ਨੇ ਸਾਂਝੀ ਕਾਰਵਾਈ ਗੁਪਤ ਕੀਤੀ ਅਤੇ ਰਾਤ ਨੂੰ ਸੁਰੰਗ ਪੁੱਟਣ ਆਏ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਮਯਾਬੀ ਹਾਸਲ ਕੀਤੀ। ਕੈਦੀਆਂ ਦੇ ਸਹਿਯੋਗੀਆਂ ਕੋਲੋਂ ਮੋਬਾਇਲ ਫ਼ੋਨ ਅਤੇ ਹੱਥੀਂ ਬਣਾਏ ਨਕਸ਼ੇ ਵੀ ਫੜੇ ਹਨ। ਇਸ ਘਟਨਾ ਨੂੰ ਸੁਣ-ਪੜ੍ਹ ਕੇ ਲੋਕਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ। ਜੇਲ੍ਹ ਦੇ ਉੱਚ ਅਧਿਕਾਰੀ ਕਾਰਲ ਟਰੈਕਸਲਰ ਦੇ ਕਹਿਣ ਅਨੁਸਾਰ, ਜਦੋਂ ਸਾਨੂੰ ਇਸ ਸੁਰੰਗ ਦੇ ਪੱਟੇ ਜਾਣ ਬਾਰੇ ਖੁਫ਼ੀਆ ਏਜੰਸੀਆਂ ਨੇ ਦੱਸਿਆ ਤਾਂ ਸਾਨੂੰ ਸੱਚ ਹੀ ਨਾ ਆਇਆ। ਜਦ ਅਸੀਂ ਗੁਪਤ ਤਰੀਕੇ ਨਾਲ ਜਾ ਕੇ ਇਸ ਪੱਟੀ ਜਾ ਰਹੀ ਸੁਰੰਗ ਨੂੰ ਦੇਖਿਆ ਤਾਂ ਅਸੀਂ ਮਹਿਸੂਸ ਕੀਤਾ ਕਿ ਹੋਰ ਦੇਸ਼ਾਂ ਵਾਂਗ ਹੁਣ ਸਾਡਾ ਸ਼ਾਂਤਮਈ ਦੇਸ਼ ਆਸਟਰੀਆ ਵੀ ਸੁਰੱਖਿਅਤ ਨਹੀਂ! ਇਸ ਨੂੰ ਵੀ ਕਿਸੇ ਮਾੜੇ ਬੰਦੇ ਦੀ ਬੁਰੀ ਨਜ਼ਰ ਲੱਗ ਗਈ ਹੈ।
ਹੁਣ ਆਮ ਨਾਗਰਿਕ ਇਸ ਦੇਸ਼ ਵਿਚੋਂ ਕਿਨਾਰਾ ਕਰੀ ਜਾ ਰਿਹਾ ਹੈ। ਸੰਨ 2004 ਵਿਚ ਹੀ ਤਕਰੀਬਨ 12000 ਲੋਕਾਂ ਨੇ ਆਸਟਰੀਆ ਵਿਚੋਂ ਬਾਹਰ ਰਹਾਇਸ਼ ਕੀਤੀ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ ਵਿਚ ਇਸ ਦੀ ਗਿਣਤੀ ਇਸ ਨਾਲੋਂ ਕਿਤੇ ਵੱਧ ਹੋਵੇਗੀ! ਸਿਰਫ਼ ਪੰਜਾਬ ਜਿੱਡੇ ਦੇਸ਼ ਵਿਚੋਂ ਇਕ ਸਾਲ ਵਿਚ ਹੀ 12000 ਲੋਕਾਂ ਦਾ ਹਿਜ਼ਰਤ ਕਰ ਜਾਣਾ, ਕਿਸੇ ਨਾ ਕਿਸੇ ਤਰੁਟੀ ਜਾਂ ਅਸੰਤੁਸ਼ਟੀ ਵੱਲ ਤਿੱਖਾ ਸੰਕੇਤ ਕਰਦਾ ਹੈ। ਜਿੱਥੇ ਬਾਹਰਲੇ ਦੇਸ਼ਾਂ ਦੇ ਲੋਕ ਧੜਾ-ਧੜ ਇਸ ਦੇਸ਼ ਦੇ ਵਸਨੀਕ ਬਣ ਰਹੇ ਹਨ, ਉਥੇ ਇੱਥੋਂ ਦੇ ਲੋਕ ਆਪਣਾ ਘਰ-ਘਾਟ ਛੱਡ ਕੇ ਬਾਹਰ ਤੁਰ ਪਏ ਹਨ, ਕਿਉਂਕਿ ਲੋਕਾਂ ਨੂੰ ਆਸਟਰੀਆ ਦਾ ਭਵਿੱਖ ਅਤੀਅੰਤ ਧੁੰਦਲਾ ਨਜ਼ਰ ਆ ਰਿਹਾ ਹੈ। ਮੇਰੀ ਜੌਬ ਆਸਟਰੀਆ ਅਤੇ ਜਰਮਨ ਦੀ ਬਾਰਡਰ ਪੁਲੀਸ ਵਿਚ ਹੋਣ ਕਾਰਨ ਜਰਮਨ ਅਤੇ ਆਸਟਰੀਆ ਦੇ ਲੋਕ ਨਿਰਾਸ਼ਾ ਵਿਚ ਇਹ ਆਮ ਆਖਦੇ ਸੁਣੇਂ ਜਾ ਸਕਦੇ ਹਨ ਕਿ ਕੋਈ ਦਿਨ ਐਸਾ ਆਵੇਗਾ, ਜਦੋਂ ਸਾਨੂੰ ਸਲਵਾਕ ਜਾਂ ਰਿਪਬਲਕ ਚੈੱਕ ਵਰਗੇ ਦੇਸ਼ਾਂ ਵਿਚ ਕੰਮ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਹ ਭਵਿੱਖਬਾਣੀ ਤਾਂ ਖ਼ੈਰ ਨਹੀਂ, ਪਰ ਆਮ ਲੋਕਾਂ ਦਾ ਵਿਚਾਰ ਹੈ ਕਿ ਯੂਰਪੀਅਨ ਯੂਨੀਅਨ ਜਲਦੀ ਹੀ ਖ਼ੇਰੂੰ-ਖ਼ੇਰੂੰ ਹੋ ਜਾਵੇਗੀ। ਕੌੜਾ ਸੱਚ ਤਾਂ ਇਹ ਹੈ ਕਿ ਅਮਰੀਕਾ ਅਤੇ ਇੰਗਲੈਂਡ ਨੂੰ ਦੂਜੇ ਦੇਸ਼ਾਂ ਦੇ ਕੰਧਾਂ-ਕੌਲਿਆਂ 'ਤੇ ਲੱਤ ਚੁੱਕ ਕੇ Ḕਧਾਰ ਮਾਰਨḔ ਦੀ ਬੁਰੀ ਆਦਤ ਹੈ। ਇੰਗਲੈਂਡ ਨੇ ਆਪਣੀ ਵੀਜ਼ਾ, ਪਾਸਪੋਰਟ ਅਤੇ ਕਰੰਸੀ ਪਾਲਿਸੀ ਤਾਂ ਆਪਣੇ ਕੋਲ਼ 'ਰਾਖਵੀਂ' ਰੱਖੀ ਹੀ ਹੋਈ ਹੈ, ਪਰ ਜਦੋਂ ਤੋਂ ਸਾਮਰਾਜੀ ਦੇਸ਼ ਇੰਗਲੈਂਡ ਨੇ ਯੂਰਪੀਅਨ ਯੂਨੀਅਨ ਅੱਗੇ ਆਪਣੀਆਂ ਨਵੀਆਂ ਸ਼ਰਤਾਂ ਰੱਖੀਆਂ ਹਨ, ਯੂਰਪੀਅਨ ਦੇਸ਼ਾਂ ਦੇ ਆਮ ਲੋਕ ਹੋਰ ਚਿੜ ਗਏ ਹਨ। ਆਮ ਜਨਤਾ ਦਾ ਕਥਨ ਹੈ ਕਿ ਹੁਣ ਅਸੀਂ ਇੰਗਲੈਂਡ ਨੂੰ ਆਪਣੇ ਸਿਰ ਵਿਚ 'ਮੂਤਣ' ਨਹੀਂ ਦੇਣਾ! ਰੱਬ ਖ਼ੈਰ ਕਰੇ!!

No comments:

Post a Comment