ਬਾਝ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ....
ਸਤਿੰਦਰ ਸਰਤਾਜ ਨੂੰ ਮੈਂ ਕਦੇ ਨਹੀਂ ਮਿਲਿਆ। ਉਸਦੇ ਨਾਂ ਤੋਂ ਵਾਕਫ਼ੀ ਵੀ ਉਸਦੀ ਗਾਇਕੀ ਦੇ ਖੇਤਰ ਵਿੱਚ ਉਹਦੀ ਆਮਦ ਵੇਲੇ ਹੀ ਹੋਈ ਹੈ। ਉਸਦੀ ਗਾਇਨ-ਕਲਾ ਵਿੱਚ ਨਵੀਨ ਪੇਸ਼ਕਾਰੀ ਵੀ ਕੁਝ ਕੁ ਚੰਗੀ ਲੱਗੀ...ਖ਼ਾਸ ਕਰ ਨਵੇਂ-ਨਕੋਰ ਬੋਲ ਤੇ ਨਵੀਆਂ ਤਸ਼ਬੀਹਾਂ! ਆਵਾਜ਼ ਵੀ ਸੁਧਰੀ ਹੋਈ ਤੇ ਸੁਥਰੀ ਹੈ। 'ਸਾਂਈ ਵੇ ਸਾਂਈ'... ਜਿਹੇ ਉਸਦੇ ਬੋਲ਼..ਪਰ ਓਨਾ ਤਿੱਖਾ ਪ੍ਰਭਾਵ ਨਾ ਪਿਆ ਜਿੰਨਾ ਕਿ ਹਰ ਇੱਕ 'ਤੇ ਪਿਆ ਹੋਇਆ ਹੈ। ਅੱਜ 'ਬੱਚਾ-ਬੱਚਾ' ਉਹਦੇ ਬੋਲ ਗਾ ਰਿਹਾ ਹੈ..ਸੁਣ ਰਿਹਾ ਹੈ…ਕਿਸੇ ਵੇਲੇ 'ਤੂਤਕ ਤੂਤਕ ਤੂਤੀਆਂ' ਦਾ ਨਸ਼ਾ ਲੋਕਾਂ ਨੂੰ ਇਵੇਂ ਹੀ ਚੜ੍ਹਿਆ ਰਿਹਾ ਸੀ। ਮਹੱਤਤਾ ਜਿਹੜੀ ਗੱਲ ਦੀ ਹੈ, ਉਹ ਇਹ ਹੈ ਕਿ ਲੋਕ 'ਨਵੀਂ ਚੀਜ਼' ਚਾਹੁੰਦੇ ਹਨ...ਤਾਜ਼ੀ ਹਵਾ ਦੇ ਬੁੱਲੇ ਵਰਗੀ! ਫਿਰ ਜਦੋਂ ਇਸ ਤੋਂ ਅੱਕ ਕੇ ਬੋਰ ਹੋਣ ਲਗਦੇ ਹਨ ਤਾਂ ਪਿਛਲੇ ਨੂੰ ਜਲਦੀ ਹੀ ਭੁੱਲ ਜਾਂਦੇ ਹਨ ਤੇ ਹੋਰ ਕੁਝ ਨਵਾਂ ਲੱਭਣ ਲਗਦੇ ਹਨ। ਸਰਤਾਜ ਤੋਂ ਬੇਹਤਰੀਨ ਗਾਉਣ ਵਾਲੇ ਤਾਂ ਪਹਿਲਾਂ ਵੀ ਬੈਠੇ ਹੋਏ ਹਨ ਪਰ ਹੁਣ ਉਹ ਬਹੁਤ ਪੁਰਾਣੇ ਹਨ, ਬਹੁਤ ਗਾ ਚੁੱਕੇ ਹਨ, ਇਸ ਲਈ 'ਨਾ-ਸੁਣੇ' ਜਾਣ ਵਰਗੇ ਹੀ ਹਨ, ਅਜਿਹੇ ਬਹੁਤ ਨਾਂ ਹਨ-ਪਰ ਕੁਝ ਕੁ ਹੀ ਗਿਣਦਾ ਹਾਂ...ਪੂਰਨ ਚੰਦ-ਪਿਆਰੇ ਲਾਲ ਵਡਾਲੀ ਵਾਲੇ, ਬਰਕਤ ਸਿੱਧੂ, ਪੂਰਨ ਸ਼ਾਹਕੋਟੀ, ਦੇਵ ਦਿਲਦਾਰ, ਦੀਦਾਰ ਸਿੰਘ ਪਰਦੇਸੀ ਸਮੇਤ ਪਟਿਆਲਾ ਸੰਗੀਤ ਘਰਾਣੇ ਦੇ ਵੀ ਅਨੇਕਾਂ ਨਾਂ ਹਨ। ਬਹੁਤਿਆਂ ਨੂੰ ਕੋਈ ਜਾਣਦਾ ਨਹੀਂ। ਮੀਡੀਆ ਵਿੱਚ ਨਹੀਂ ਆਏ। ਉਹ ਇੱਕ ਨਹੀਂ, ਬੇਅੰਤ ਹਨ। ਕਲਾ ਵਿੱਚ ਉੱਚੇ ਵੀ ਤੇ ਬਹੁਤ ਸੁੱਚੇ ਵੀ। ਕਲਾ ਦੇ ਪੱਖੋਂ ਇਹ ਸਾਰੇ ਸਰਤਾਜ ਦੇ ਕੱਦ ਤੋਂ ਆਪਣੇ ਖੇਤਰ ਵਿੱਚ ਕਿਤੇ ਵੱਡੇ ਹਨ। ਬਹਤੁ ਵੱਡੇ! ਪਰ ਲੋਕ, (ਖ਼ਾਸ ਕਰ ਨਵੀਂ ਪੀੜ੍ਹੀ) ਨਵਿਆਂ ਨੂੰ ਹੀ ਚਾਹੁੰਦੇ ਹਨ ਤੇ ਉਵੇਂ ਹੀ ਸਰਤਾਜ ਨੂੰ ਚਾਹਿਆ ਗਿਆ ਹੈ...ਚਾਹਿਆ ਜਾ ਰਿਹਾ ਹੈ।
ਪਿਛਲੇ ਸਾਲ ਦੀ ਗੱਲ ਹੈ। ਸਰਤਾਜ ਦਾ ਇੱਕ ਪ੍ਰੋਗਰਾਮ ਜਲੰਧਰ ਵਿੱਚ ਸੀ, ਇੱਕ ਬਹੁਤ ਮਹਿੰਗੇ ਤੇ ਵੱਡੇ ਹੋਟਲ ਵਿੱਚ। (ਉਹ ਗਰੀਬ ਸ੍ਰੋਤਿਆਂ ਦਾ ਗਾਇਕ ਨਹੀਂ ਹੈ। ਉਸਨੂੰ ਖ਼ਾਸ ਕਰ ਅਮੀਰ ਤਬਕਾ, ਵੱਡੇ ਅਫ਼ਸਰ ਤੇ ਵਪਾਰੀ ਸੁਣ ਸਕਦੇ ਹਨ ਸਾਹਮਣੇ ਬੈਠਕੇ। ਇੱਕ ਗਰੀਬ ਕਿੱਥੋਂ ਪੰਜ ਸੌ ਜਾਂ ਹਜ਼ਾਰ ਦੀ ਟਿਕਟ ਲਵੇ? ਉਹ ਵੀ ਸਮਾਂ ਸੀ, ਜਦ ਉਸਤਾਦ ਯਮਲਾ ਜੱਟ ਹੁਰੀਂ ਕਿਸੇ ਪੰਚਾਇਤ ਵੱਲੋਂ ਪੰਜ ਪੈਸੇ ਦਾ ਪੋਸਟ ਕਾਰਡ ਲਿਖਣ 'ਤੇ ਹੀ ਜਾ ਕੇ ਅਖਾੜਾ ਲਾ ਆਇਆ ਕਰਦੇ ਸੀ।
ਸੋ, ਸਬੱਬੀਂ ਮੈਂ ਜਲੰਧਰ ਆਪਣੇ ਜਾਣਕਾਰ ਇੱਕ ਸੀਨੀਅਰ ਆਈ.ਪੀ.ਐੱਸ ਅਧਿਕਾਰੀ ਕੋਲ ਬੈਠਾ ਸਾਂ, ਜਿਸਨੂੰ ਕਲਾਵਾਂ ਤੇ ਸਾਹਿਤ ਨਾਲ ਬਹੁਤ ਨੇੜੇ ਦਾ ਲਗਾਵ ਹੈ। ਉਸਨੇ ਮੈਨੂੰ ਉਸ ਦਿਨ ਹੋਣ ਵਾਲੇ ਸਰਤਾਜ ਦੇ ਸ਼ੋਅ ਦਾ ਕਾਰਡ ਦਿਖਾਇਆ ਤੇ ਕਿਹਾ ਕਿ ਆਪਾਂ ਇੱਥੇ ਜ਼ਰੂਰ ਜਾਣਾ ਹੈ, ਇਸ ਮੁੰਡੇ ਦੀ ਚਰਚਾ ਚੰਗੀ ਸੁਣੀ ਹੈ, ਸੋ, ਅੱਜ ਇਸਦਾ ਸ਼ੋਅ ਦੇਖਦੇ ਹਾਂ। ਇਹ ਸ਼ੋਅ ਪੰਜਾਬ ਪੁਲੀਸ ਦੇ ਬਹੁਤ ਵੱਡੇ ਕਈ ਅਫ਼ਸਰਾਂ ਨੇ ਰਲ-ਮਿਲ ਕੇ ਕਰਵਾਇਆ ਸੀ ਤੇ ਪੰਜਾਬੀ ਅਦਬ ਦੇ 'ਪ੍ਰਮੁੱਖ ਜਲੰਧਰੀਏ' ਉੱਥੇ ਸੱਦੇ ਹੋਏ ਸਨ। ਕਾਰਡ 'ਤੇ ਦਿੱਤੇ ਵਕਤ, ਸਾਢੇ ਸੱਤ ਵਜੇ ਅਸੀਂ ਇਸ ਲਈ ਪੁੱਜ ਗਏ ਕਿ ਕਿਧਰੇ ਉਸਦਾ ਸ਼ੋਅ ਵਕਤ ਸਿਰ ਸ਼ੁਰੂ ਹੋ ਗਿਆ ਤਾਂ ਅਸੀਂ ਉਸਦੀ ਗਾਇਕੀ ਸੁਣਨ ਤੋਂ ਵਾਂਝੇ ਹੀ ਨਾ ਰਹਿ ਜਾਈਏ। ਪਰ ਉਥੇ ਤਾਂ ਪ੍ਰੋਗਰਾਮ ਅਰੰਭ ਹੋਣ ਦੀ ਕੋਈ ਅਜੇ 'ਵਾਈ ਧਾਈ' ਵੀ ਨਹੀਂ ਸੀ। ਦਸ ਵਜੇ ਤੀਕ ਤਾਂ ਮੁੱਖ-ਮਹਿਮਾਨ ਹੀ ਨਾ ਆਇਆ। ਜਦ ਨੂੰ ਲੋਕ ਦਾਰੂ ਪੀਣ ਤੇ ਮੁਰਗੇ ਖਾਣ ਡਹਿ ਪਏ। ਜਦ ਸ਼ੋਅ ਸ਼ੁਰੂ ਹੋਇਆ ਤਾਂ ਉਦੋਂ ਤੱਕ ਵਕਤ 'ਹੋਰ ਦਾ ਹੋਰ' ਸੀ। ਲੋਕਾਂ ਨੇ ਖਾ-ਪੀਕੇ ਗੱਲਾਂ ਵੀ ਤਾਂ ਕਰਨੀਆ ਹੋਈਆਂ! ਅਸੀਂ ਸਾਢੇ ਤਿੰਨ ਘੰਟੇ ਉੱਥੇ ਬਿਤਾਏ ਤਿੰਨ ਕੁ ਘੰਟੇ ਵੇਟ ਕਰਦਿਆ ਹੀ ਲੰਘ ਗਏ ਸਨ ਤੇ ਸਿਰਫ਼ ਅੱਧਾ ਘੰਟਾ ਹੀ ਸਰਤਾਜ ਨੂੰ ਸੁਣ ਕੇ ਅਸੀਂ ਵਾਪਿਸ ਘਰ ਆ ਗਏ। ਦੂਜੇ ਦਿਨ ਸਵੇਰੇ ਮੈਂ ਉਸਦੀ ਹੌਸਲਾ ਅਫ਼ਜ਼ਾਈ ਲਈ ਉਸਨੂੰ ਮੋਬਾਈਲ ਫ਼ੋਨ 'ਤੇ ਮੈਸਿਜ਼ ਵੀ ਘੱਲਿਆ। ਪਰ ਜਿਹੜੀ ਗੱਲ ਮੈਂਨੂੰ ਅੱਖਰਦੀ ਰਹੀ ਉਹ ਇਹ ਕਿ ਇਸ ਤਰਾਂ੍ਹ ਦੀ 'ਸਾਹਿਤਕ ਮਹਿਫ਼ਲ' ਆਪਣੇ ਮਿੱਥੇ ਵਕਤ ਤੇ ਸ਼ੁਰੂ ਤੇ ਖ਼ਤਮ ਹੋਣੀ ਚਾਹੀਦੀ ਹੈ,ਦਾਰੂ ਪੀ ਕੇ 'ਹਾਤ-ਹੂਤ' ਵਾਲੇ ਪ੍ਰੋਗਰਾਮਾਂ ਦਾ ਕੋਈ ਵੇਲਾ ਹੁੰਦਾ ਹੀ ਨਹੀਂ।
ਸਰਤਾਜ ਦੀ ਗਾਇਕੀ ਬਾਰੇ ਸੰਗੀਤ ਦੇ ਵਿਦਵਾਨਾਂ ਨੇ ਉਸਦੀ ਸਿਫ਼ਤ-ਸੋਭਾ ਵਿੱਚ ਕਾਫੀ ਕੁਝ ਲਿਖਿਆ ਹੈ ਪਰ ਉਸਨੂੰ ਇਸ ਖੇਤਰ ਵਿੱਚ ਸੁਚੇਤ ਕਰਨ ਵਾਲੀਆਂ ਜਾਂ ਕੁਝ ਗੰਭੀਰ ਸੁਝਾਵਾਂ ਵਾਲੀਆਂ ਗੱਲਾਂ ਘੱਟ ਨੇ ਹੀ ਕੀਤੀਆਂ ਨੇ। ਬਹੁਤਿਆਂ ਨੇ ਤਾਂ 'ਫ਼ੋਕੀਆਂ ਸਿਫ਼ਤਾਂ' ਦੇ ਪੁੱਲ ਹੀ ਉਸਾਰੇ ਹਨ।
ਪਿੱਛੇ ਜਿਹੇ ਜਦ ਉਸ ਉੱਤੇ ਦੋਸ਼ ਲੱਗੇ ਕਿ ਉਸਨੇ ਉਸਤਾਦ ਸ਼ਾਇਰਾਂ ਦਾਮਨ ਸਾਹਿਬ, ਗੁਰਚਰਨ ਰਾਮਪੁਰੀ ਤੇ ਤਰਲੋਕ ਜੱਜ ਦੇ ਕਲਾਮ ਚੋਰੀ ਕਰਕੇ ਜਾਂ ਭੰਨ-ਤੋੜ ਕੇ ਗਾਏ ਹਨ ਤਾਂ ਉਸਦੀ ਇਸ ਪਾਸਿਓਂ ਚਰਚਾ (ਨਿਖੇਧੀ) ਜ਼ੋਰਾਂ ਨਾਲ ਹੋਈ।
ਸਮਸ਼ੇਰ ਸੰਧੂ ਨੇ ਉਹਨੀਂ ਦਿਨੀਂ ਇੱਕ ਲੇਖ ਪੰਜਾਬੀ ਟ੍ਰਿਬਿਊਨ ਵਿੱਚ ਲਿਖਿਆ,ਜਿਸਦਾ ਸਿਰਲੇਖ ਸੀ-'ਗੀਤ ਕਿਸੇ ਦਾ, ਗੀਤਕਾਰ ਕੋਈ ਹੋਰ ਹੋ ਗਿਆ'। ਇਸ ਸਿਰਲੇਖ ਵਿੱਚੋਂ 'ਪਾਣੀ ਪੰਜਾਂ ਦਰਿਆਵਾਂ ਦਾ ਵਾਲਾ ਜ਼ਹਿਰੀ ਹੋ ਗਿਆ' ਦੀ ਰਿਦਮ ਝਲਕਦੀ ਹੈ। ਇੱਕ ਪੁਰਾਣਾ ਸ਼ਾਇਰ ਤਰਲੋਕ ਜੱਜ, ਜੋ ਫਿਰੋਜ਼ਪੁਰ ਰਹਿੰਦਾ ਹੈ। ਮੇਰਾ ਦੇਰ ਦਾ ਵਾਕਿਫ਼ ਹੈ। ਵਕੀਲ ਹੈ। ਕਵਿਤਾ ਦੀਆਂ ਕਿਤਾਬਾਂ ਵੀ ਲਿਖੀਆਂ ਹਨ ਤੇ ਹੁਣ ਕੰਜ਼ਿਊਮਰ ਕੋਰਟ ਦਾ ਮੈਂਬਰ ਵੀ ਹੈ। ਉਸਨੇ ਸਾਫ਼ ਸ਼ਬਦਾਂ ਵਿੱਚ ਸਰਤਾਜ 'ਤੇ ਇਹ ਦੋਸ਼ ਲਾਇਆ ਸੀ ਕਿ ਉਸਨੇ ਉਸਦੀ ਰਚਨਾ ਤੋੜ-ਭੰਨ ਕੇ ਗਾਈ ਹੈ। ਉਹ ਜਨਤਕ ਤੌਰ 'ਤੇ ਮਾਫ਼ੀ ਮੰਗ ਲਵੇ। ਬਹੁਤ ਚਿਰ ਦੀ 'ਘੈਂਸ-ਘੈਸ' ਮਗਰੋਂ ਉਸਨੇ ਮਾਫੀ ਮੰਗੀ।
ਉਦੋਂ ਕੁ ਜਿਹੇ ਪੈਂਦੇ ਰੌਲੇ ਵਿੱਚ ਹੀ ਮੈਨੂੰ ਤਰਲੋਕ ਜੱਜ ਨੇ ਦੱਸਿਆ ਸੀ ਕਿ ਉਸਦੇ (ਜੱਜ ਦੇ) ਬਿਆਨ ਦੇਣ 'ਤੇ ਜਨਾਬ ਇਕਬਾਲ ਮਾਹਲ ਸਾਹਿਬ ਕਾਫ਼ੀ ਖ਼ਫ਼ਾ ਹੋਏ ਹਨ। (ਜਿੰਨ੍ਹਾਂ ਨੇ ਸਰਤਾਜ ਨੂੰ ਚਮਕਾਇਆ ਹੈ),ਮਾਹਲ ਸਾਹਬ ਮੇਰੇ ਲਈ ਬਹੁਤ ਸਤਿਕਾਰਯੋਗ ਹਨ। ਉਹਨਾਂ ਨੇ ਹਮੇਸ਼ਾ ਘਰ ਫੂਕ ਤਮਾਸ਼ਾ ਦੇਖਿਆ ਹੈ। ਬਹੁਤ ਸਾਰੇ ਕਲਾਕਾਰਾਂ ਨੂੰ ਚਮਕਾਇਆ ਹੈ। ਆਪਣੇ ਕੋਲੋਂ ਖਵਾਇਆ ਹੈ ਤੇ ਬਾਅਦ ਵਿੱਚ ਉਹਨਾਂ ਨੂੰ 'ਤੜਫ' ਤੇ 'ਉਦਾਸੀ' ਹੀ ਮਿਲੀ ਹੈ! ਉਹਨਾਂ ਰਾਹੀਂ ਆਪਣੀ 'ਪਛਾਣ' ਬਣਾ ਕੇ ਬਹੁਤ ਕਲਾਕਾਰ ਉਹਨਾਂ ਪਛਾਨਣੋਂ ਹੱਟ ਗਏ। ਸੋ, ਅਜਿਹੇ ਮੌਕੇ ਮਾਹਲ ਸਾਹਿਬ ਨੂੰ 'ਸੱਚ ਨੂੰ ਸੱਚ' ਤੇ 'ਝੂਠ ਨੂੰ ਝੂਠ' ਕਹਿਣਾ ਚਾਹੀਦਾ ਸੀ। ਮੇਰੇ ਉਹ ਖ਼ੈਰ-ਖਵਾਹ ਹਨ, ਮੈਂ ਉਹਨਾਂ ਨੂੰ ਬਹੁਤੀ ਮੱਤੀਂ ਨਹੀਂ ਸੀ ਦੇ ਸਕਦਾ। ਖ਼ੈਰ!
ਸਾਡੇ ਸਿਰਮੌਰ ਕਹਾਣੀਕਾਰ ਡਾæ ਵਰਿਆਮ ਸੰਧੂ ਨੇ ਵੀ ਫੇਸ ਬੁੱਕ 'ਤੇ ਲਿਖਿਆ ਸੀ ਕਿ ਸਤਿੰਦਰ ਨੇ ਦੇਸ਼ ਭਗਤ ਯਾਦਗਾਰ ਹਾਲ ਵਾਲਿਆਂ ਤੋ ਵੀ ਡੇਢ ਲੱਖ ਮੰਗ ਲਿਆ। ਕਹਿੰਦਾ ਕਿ ਏਦੂੰ ਘੱਟ ਨਹੀਂ ਗਾਉਣਾ। ਇਸ ਗਾਇਕ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਬਾਬਿਆਂ ਦੀ ਵੀ ਕਦਰ ਨਹੀਂ ਕੀਤੀ! ਉਸਦੇ ਕੁਝ ਸ਼ੋਅ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਡਿਪਟੀ ਕਮਿਸ਼æਨਰਾਂ ਤੇ ਪੂਲੀਸ ਵਾਲਿਆਂ ਨੇ ਕਰਵਾਏ। ਕਹਿੰਦੇ ਹਨ ਕਿ ਇੱਕ ਸ਼ੋਅ ਦਾ ਛੇ ਲੱਖ ਰੁਪੱਈਆ। ਕੁਝ ਪੈਸੇ ਸਰਕਾਰੀ ਤੇ ਕੁਝ ਲੋਕਾਂ ਦੇ। ਉਦੋਂ ਕੁ ਜਿਹੇ ਪੰਜਾਬ ਹੜਾਂ ਵਿੱਚ ਡੁੱਬ ਰਿਹਾ ਸੀ ਤੇ ਏਧਰ ਨਾਲ-ਨਾਲ ਸਰਤਾਜ ਦੀਆਂ ਨਾਈਟਾਂ 'ਤੇ ਸ਼ਾਮਾਂ ਰੰਗੀਨ ਕਰਦੇ ਡੀਸੀ ਤੇ ਲੀਡਰ ਭੰਗੜੇ ਪਾ ਰਹੇ ਸਨ। ਮੈਂ ਆਪਣੇ ਇੱਕ ਜਾਣਕਾਰ ਡੀਸੀ ਨੂੰ ਪੁੱਛਿਆ ਕਿ ਇਹ ਕਿਵੇ ਹੋਇਆ? ਤਾਂ ਉਸ ਦੱਸਿਆ ਕਿ ਉਹਨਾਂ ਨੂੰ ਤਾਂ 'ਉਪਰੋ' (ਕਿਸੇ ਵੱਲੋਂ?) ਹੁਕਮ ਆਇਆ ਸੀ। ਮਜਬੂਰੀ ਸੀ। ਤਦੇ ਕਰਵਾਉਣਾ ਪਿਆ ਸੀ। ਫਰੀਦਕੋਟ ਵੀ ਸ਼ੋਅ ਹੋਇਆ। ਸਰਤਾਜ ਦੇ ਕਿਸੇ ਨਜ਼ਦੀਕੀ ਨੇ ਦੱਸਿਆ ਹੈ ਕਿ ਉਹ ਕਹਿੰਦਾ ਹੈ ਕਿ ਹੁਣ 'ਤਵਾ' ਤਪਿਆ ਹੋਇਆ ਹੈ..ਹੁਣ ਪਰੌਂਠਾ ਰਾੜ੍ਹ ਲੈਣਾ ਚਾਹੀਦਾ ਹੈ। ਦੱਸੋ, ਕਿਹੜੀ ਭਾਵਨਾ ਰਹਿ ਗਈ, ਮਾਂ ਬੋਲੀ ਤੇ ਸਭਿਆਚਾਰ ਦੀ ਸੇਵਾ ਦੀ? ਸਭ ਲੋਕ ਪੈਸੇ ਪਿੱਛੇ ਪਏ ਹੋਏ ਨੇ। ਇਹ ਸਭ ਵਿਖਾਵਾ ਹੈ ਕਿ ਅਸੀਂ ਸੂਫ਼ੀ ਗਾ ਰਹੇ ਹਾਂ। ਜਿਹਨਾਂ ਨੇ ਸਾਫ਼-ਸੁਥਰਾ ਗਾਇਆ ਉਹ ਤਾਂ ਹਮੇਸ਼ਾਂ ਭੁੱਖੇ ਮਰਦੇ ਰਹੇ ਨੇ..ਉਹ ਕਦੋਂ ਕਹਿੰਦੇ ਸੀ ਕਿ ਅਸੀਂ ਸੱਚਾ-ਸੁੱਚਾ ਗਾ ਰਹੇ ਆਂ, ਲੋਕਾਂ ਨੂੰ ਪਤਾ ਹੀ ਸੀ। ਉਹਨਾਂ ਕੋਲ ਤਾਂ ਅੰਤਲੇ ਵੇਲੇ ਬੀਮਾਰੀ ਦੇ ਇਲਾਜ ਲਈ ਪੈਸਾ ਵੀ ਨਾ ਬਚਿਆ। ਖ਼ੈਰ!
ਕਈ ਲੇਖਕਾਂ ਸਮੇਤ ਪੰਜਾਬੀ ਦੇ ਗ਼ਜ਼ਲਗੋ ਸੁਰਿੰਦਰ ਸੋਹਲ, (ਅਮਰੀਕਾ ਨਿਵਾਸੀ) ਨੇ ਤੇ ਅਤੇ ਹਰਪਾਲ ਭਿੰਡਰ ਨੇ ਵੀ ਇੱਕ ਲੇਖ ਲਿਖਿਆ ਸੀ, ਜਿਸਦਾ ਸਿਰਲੇਖ ਸੀ-'ਸਤਿੰਦਰ ਸਰਤਾਜ ਦੀਆ ਬੇਤੁਕੀਆ'। ਇਹ ਲੇਖ ਮੈਨੂੰ ਕਾਫ਼ੀ ਹੱਦ ਤੀਕ ਢੁੱਕਵਾਂ ਲੱਗਿਆ ਸੀ। ਉਸ ਵਿੱਚ ਸਤਰਾਜ ਵੱਲੋਂ ਗਾਏ ਕੁਝ ਬੋਲਾਂ ਦੇ ਵੇਰਵੇ ਦਿੱਤੇ ਗਏ ਹਨ, ਜੋ ਮੈਨੂੰ ਵੀ ਬਿਲਕੁਲ ਹੀ ਬੇਤੁਕੇ ਲੱਗੇ ਹਨ, ਜੋ ਮੈਂ ਇੱਥੇ ਪਾਠਕਾਂ ਲਈ ਪੇਸ਼ ਕਰਦਾ ਹਾਂ:
ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮ੍ਹਾਂ,
ਨੀਂ ਹੋਰ ਦੱਸ ਕੀ ਭਾਲਦੀ
ਪਾ ਲਈ ਜੀਨ,ਪਰਾਂ੍ਹ ਰੱਖਤਾ ਪਜਾਮਾਂ
ਨੀਂ ਹੋਰ ਦੱਸ ਕੀ ਭਾਲਦੀ
ਬੂਟ ਲੈ ਨਈਂ ਹੁੰਦੇ
ਬੁਲੱਟ ਕਿੱਥੋਂ ਲੈ ਲਵਾਂ
ਸਾਡਾ ਤਾਂ ਕੋਈ ਅੰਕਲ ਵੀ ਹੈ ਨਹੀਂ
ਜਿਹਨੂੰ ਕਹਿ ਲਵਾਂ
ਨਾਲੇ ਪੰਪ ਵਾਲਾ ਕਿਹੜਾ ਸਾਡਾ ਮਾਮਾ
ਨੀਂ ਹੋਰ ਦੱਸ ਕੀ ਭਾਲਦੀ
ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮ੍ਹਾਂ...
ਇੱਕ ਹੋਰ ਅੰਤਰਾ ਧਿਆਨ ਮੰਗਣ ਵਲਾ ਹੈ, ਪਤਾ ਹੀ ਨਹੀਂ ਚੱਲਦਾ ਕਿ ਗਾਇਕ ਕੀ ਸੁਨੇਹਾ ਦੇਣਾ ਚਾਹੁੰਦਾ ਹੈ:
ਬਦਲੇ ਨੇ ਨੇਤਾ ਸ਼ਾਇਦ
ਦਿਨ ਚੰਗੇ ਆਉਣਗੇ
ਚਿੱਟੀ ਜਿਹੀ ਲੈਂਸਰ 'ਤੇ
ਯਾਰ ਗੇੜੀ ਲਾਉਣਗੇ
ਲਾਹ ਕੇ ਬੁਸ਼ ਮੈਂ ਜਿਤਾਇਆ ਹੈ ਉਬਾਮਾ
ਨੀਂ ਹੋਰ ਦੱਸ ਕੀ ਭਾਲਦੀ
ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਾ...
ਕੀ ਇਹ ਸੂਫ਼ੀ ਗਾਇਕੀ ਹੈ?ਕੀ ਹੈ ਇਹ? ਨਾਲੇ ਇਹ ਦੱਸ ਦੇਵਾਂ ਕਿ ਗਾਇਕੀ ਨਹੀਂ...ਸੂਫ਼ੀ ਹੁੰਦੀ, ਸੂਫ਼ੀ ਤਾਂ ਕਲਾਮ ਹੁੰਦਾ ਹੈ। ਇਹ ਸਾਰੇ 'ਸੂਫ਼ੀ ਗਾਇਕੀ, ਸੂਫ਼ੀ ਗਾਇਕੀ' ਕਰੀ ਜਾਂਦੇ ਹਨ।
ਮੈਂ ਸਤਿੰਦਰ ਸਰਤਾਜ ਨੂੰ 'ਫੋਕੀ ਫੂਕ' ਨਹੀਂ ਛਕਾਉਣੀ ਚਾਹੁੰਦਾ ਤੇ ਨਾ ਹੀ ਮੇਰੀ ਉਸ ਨਾਲ ਕੋਈ ਨਿੱਜੀ ਰੰਜ਼ਿਸ਼ ਹੀ ਹੈ। ਨਾ ਹੀ ਕਦੇ ਉਸਨੂੰ ਮਿਲਿਆ ਹੀ ਹਾਂ। ਸਗੋਂ ਮੈਂ ਤਾਂ ਕਹਿਣਾ ਚਾਹੁੰਦਾ ਹਾਂ ਕਿ ਉਹ ਜਿਤਨਾ ਪੜ੍ਹਿਆ-ਲਿਖਿਆ ਹੈ ਤੇ ਜਲਦੀ ਹੀ ਲੋਕ ਮਨਾਂ 'ਤੇ ਛਾਅ ਗਿਆ ਹੈ, ਓਤਨਾ ਹੀ ਉਸਨੂੰ ਗੰਭੀਰ ਹੋਣ ਤੇ ਸੰਭਲ-ਸੰਭਲ ਕੇ ਚੱਲਣ ਦੀ ਲੋੜ ਹੈ। ਉਹ ਬਹੁਤ ਤੇਜ਼ੀ ਨਾਲ ਆਇਆ ਹੈ,ਕੀ ਉਹ 'ਲੰਬੀ ਰੇਸ ਘੋੜਾ' ਬਣ ਸਕੇਗਾ? ਇਹ ਵੀ ਇੱਕ ਸਵਾਲ ਹੈ। ਕਲਾ ਦੇ ਖੇਤਰ ਵਿੱਚ ਅੰਤਾਂ ਦੇ ਸੰਜਮ ਤੇ ਠਹਿਰਾਓ ਦੀ ਲੋੜ ਹੈ। ਮਹਾਨ ਉਸਤਾਦਾਂ ਦੀਆਂ ਜੀਵਨ ਕਥਾਵਾਂ ਪੜ੍ਹ ਕੇ ਦੇਖੇ ਕਿ ਉਹਨਾਂ ਨੇ ਕਿੰਝ ਕਲਾ ਨਾਲ ਇਕ-ਸੁਰਤਾ ਪੈਦਾ ਕੀਤੀ ਸੀ। ਨਿਰਾ-ਪੁਰਾ ਪੈਸਾ ਹੀ ਮੁੱਖ ਨਹੀਂ ਹੁੰਦਾ। ਕਿੰਂਨੇ ਸਹਿਜ ਦੀ ਲੋੜ ਹੈ ਸੰਗੀਤ ਲਈ। ਸੋਹਲ ਤੇ ਭਿੰਡਰ ਨੇ ਸਰਤਾਜ ਬਾਰੇ ਲਿਖੇ ਆਪਣੇ ਲੇਖ ਵਿੱਚ ਇਹ ਗੱਲ ਠੀਕ ਹੀ ਲਿਖੀ ਹੈ ਕਿ ਇਕੱਲਾ ਯੂਨੀਵਰਿਸਟੀਆਂ 'ਚੋਂ ਹੀ ਡਿਗਰੀਆਂ ਲੈਣ ਨਾਲ ਹੀ ਗੱਲ ਨਹੀਂ ਬਣ ਜਾਂਦੀ, ਜੋ ਕੁਝ ਉਸਤਾਦ-ਜਨ ਦੱਸ ਜਾਂ ਸਿਖਲਾ ਸਕਦੇ ਹਨ, ਉਹ ਕਿਤਾਬਾਂ ਜਾਂ ਡਿਗਰੀਆਂ ਨਹੀਂ ਸਿਖ਼ਲਾ ਸਕਦੀਆਂ। ਸਰਤਾਜ ਮੰਨਦਾ ਹੈ ਕਿ ਉਹਨੇ ਕੋਈ ਉਸਤਾਦ ਨਹੀਂ ਧਾਰਿਆ। ਇੱਥੇ ਮੈਨੂੰ ਵਾਰਿਸ ਸ਼ਾਹ ਦੇ ਬੋਲ ਯਾਦ ਆ ਰਹੇ ਹਨ:
ਬਾਝ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ
ਤੇ ਦੁੱਧਾਂ ਬਾਝ ਨਾ ਰਿੱਝਦੀ ਖੀਰ ਮੀਆਂ
No comments:
Post a Comment