ਮਾ.ਗੁਰਮੇਲ ਬੌਡੇ
ਮਾ.ਗੁਰਮੇਲ ਬੌਡੇ,ਜਿੱਥੇ ਇੱਕ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਹਨ। ਉੱਥੇ ਕੈਨੇਡਾ ਤੋਂ ਛਪਦੇ ਮਾਸਿਕ ਪੱਤਰ 'ਦਸਤਕ' ਦੇ ਆਨਰੇਰੀ ਸੰਪਾਦਕ ਵੀ ਹਨ। ਮੇਰੀ ਉਹਨਾਂ ਨਾਲ ਗੁਰੂ-ਚੇਲੇ ਵਾਲੀ ਸਾਂਝ ਹੋਣ ਕਰਕੇ ਹਮੇਸ਼ਾ ਹੀ ਉਹਨਾਂ ਦੀਆਂ ਲਿਖਤਾਂ ਦਾ ਪ੍ਰਭਾਵ ਕਬੂਲਦਾ ਰਿਹਾ ਹਾਂ। ਕਾਫ਼ੀ ਅਰਜੋਈਆਂ ਬਾਦ ਮਾਸਟਰ ਜੀ ਦੀਆਂ ਕਹਾਣੀਆਂ 'ਨਸੀਬ' ਹੋਈਆਂ ਹਨ। ਸੋ ਪਾਠਕਾਂ ਨਾਲ ਸਾਂਝੀਆਂ ਕਰਨ ਦੀ ਖੁਸ਼ੀ ਲੈ ਰਹੇ ਹਾਂ-
ਭਾਦੋਂ ਦੇ ਮਹੀਨੇ ਦਾ ਵੱਟ ਮਰੋੜ ਆਪਣੇ ਪੂਰੇ ਜੋਰ ਤੇ ਸੀ। ਮੀਂਹ ਪਏ ਨੂੰ ਕਾਫੀ ਚਿਰ ਹੋ ਗਿਆ ਸੀ। ਲਗਦਾ ਸੀ ਕਿ ਮਨੁੱਖ ਵਾਂਗ ਮੌਸਮ ਵੀ ਬੇਇਤਬਾਰੇ ਹੋ ਗਏ ਸਨ। ਰੋਜ਼ ਹੀ ਦਿਨ ਵੇਲੇ ਅਸਮਾਨ ਸਿਆਹ ਜੋ ਹੋ ਜਾਂਦਾ, ਖੇਤਾਂ ਦੀਆਂ ਔੜ ਕਾਰਨ ਕਿਸਾਨ ਦੇ ਅੱਟਣਾਂ ਵਾਂਗ ਪਾਟੀਆਂ ਬਿਆਈਆਂ ਮੀਂਹ ਦੀਆਂ ਬੂੰਦਾਂ ਵੱਲ ਤੱਕਦੀਆਂ ਪਰ ਬੱਦਲ ਧੁੰਦ ਜੇਹੀ ਬਣ ਲੰਘ ਜਾਂਦੇ। ਫਿਰ ਓਹੀ ਤਮਾੜ ਭਾਰੂ ਹੋ ਜਾਂਦੀ। ਖੇਤਾਂ ਵਿੱਚ ਬਰੋ ਉੱਡ ਰਹੀ ਸੀ। ਖੇਤੀ ਕਰਨ ਵਾਲਿਆਂ ਦਾ ਸਾਰਾ ਜੋਰ ਸੁੱਕਦੇ ਝੋਨੇ ਨੂੰ ਪਾਣੀ ਲਗਾਉਣ 'ਤੇ ਲੱਗਾ ਹੋਇਆ ਸੀ। ਬਿਜਲੀ ਐਸੀ ਵੈਸੀ ਹੀ ਆਉਂਦੀ ਸੀ। ਜਿੰਨੀ ਕੁ ਆਉਂਦੀ ਉਸ ਨਾਲ ਪੂਰੀ ਨਹੀਂ ਸੀ ਪੈਂਦੀ। ਖੇਤਾਂ ਵਿੱਚ ਜਨਰੇਟਰਾਂ 'ਤੇ ਚਲਦੀਆਂ ਮੋਟਰਾਂ ਤੇਲ ਨਹੀਂ ਬਲਕਿ ਕਿਸਾਨ ਦਾ ਖੂਨ ਪੀਂਦੀਆਂ ਸਨ। ਸਰਕਾਰ ਅੱਠ ਘੰਟੇ ਦਾ ਇਕਰਾਰ ਕਰਕੇ ਮਸਾਂ ਛੇ ਸਾਢੇ ਛੇ ਘੰਟੇ ਬਿਜਲੀ ਦੇ ਰਹੀ ਸੀ। ਇੰਜ ਜਨਰੇਟਰ ਛੇ-ਸੱਤ ਘੰਟੇ ਮੋਟਰਾਂ ਚਲਾਕੇ ਹਰ ਰੋਜ ਹਜਾਰ ਨੂੰ ਥੁੱਕ ਲਾ ਜਾਂਦਾ ਸੀ। ਆਮ ਕਿਸਾਨ ਲਈ ਖੇਤੀ ਕਰਨਾ ਹੁਣ ਅੱਕ ਚੱਬਣ ਦੇ ਬਰਾਬਰ ਸੀ ਅਤੇ ਉਨ੍ਹਾਂ ਦਾ ਠੂਠੇ ਨਾਲ ਕਨਾਲਾ ਵੱਜ ਰਿਹਾ ਸੀ। ਦੁਪਹਿਰ ਬਾਅਦ ਬਿਜਲੀ ਬੰਦ ਹੋਣ ਕਾਰਨ ਸਤਨਾਮ ਸਿੰਘ ਨੇ ਮੋਟਰ ਵਾਲੀ ਕੋਠੜੀ 'ਚੋਂ ਦਾਤੀ ਚੁੱਕੀ ਤੇ ਪਸ਼ੂਆਂ ਲਈ ਪੱਠਿਆਂ ਦੀਆਂ ਦੋ ਕੁ ਭਰੀਆਂ ਵੱਢਣ ਲਈ ਚਰੀ ਦੇ ਵੱਢ ਵਿੱਚ ਆ ਗਿਆ ਸੀ। ਸਤਨਾਮ ਸਿੰਘ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਸੀ। ਪਿਤਾ ਪੁਰਖੀ ਸੱਤ ਕੁ ਏਕੜ ਜ਼ਮੀਨ ਸੀ ਤੇ ਨਾਲ ਲੱਗਦੀ ਪੰਜ ਕੁ ਏਕੜ ਭੌਲ੍ਹੀ 'ਤੇ ਲੈ ਕੇ ਉਹ ਗੁਜਾਰੇ ਜੋਗੀ ਖੇਤੀ ਕਰ ਰਿਹਾ ਸੀ। ਉਸਨੂੰ ਫ਼ਿਕਰ ਸੀ ਕਿ ਜੇ ਮੌਸਮ ਦਾ ਮਿਜਾਜ ਏਹੀ ਰਿਹਾ ਤਾਂ ਜ਼ਮੀਨ ਦੇ ਠੇਕੇ ਦੀ ਕਿਸ਼ਤ ਉਸਦੇ ਆਪਣੇ ਖੇਤਾਂ ਦੀ ਕਮਾਈ 'ਚੋਂ ਬੁਰਕ ਭਰਕੇ ਲੈ ਜਾਵੇਗੀ। ਉਸ ਕੋਲ ਜਨਰੇਟਰ ਚਲਾਉਣ ਤੇ ਸਾਂਝੀ ਰੱਖਣ ਦੀ ਪੁੱਗਤ ਨਹੀਂ ਸੀ ਬੱਸ ਸਬਰ ਦੀ ਘੁੱਟ ਭਰਕੇ ਸਾਰਾ ਧੰਦ ਇਕੱਲੇ ਨੂੰ ਪਿੱਟਣਾ ਪੈਂਦਾ ਸੀ। ਇਨ੍ਹਾਂ ਹੀ ਸੋਚਾਂ ਵਿਚ ਜਦੋਂ ਉਸਨੇ ਚਰੀ ਦੇ ਵੱਢ ਵਿੱਚ ਆ ਕੇ ਚਾਰ ਕੁ ਸੱਥਰੀਆ ਵੱਢੀਆਂ ਤਾਂ ਗਰਮੀ ਨਾਲ ਉਸਦਾ ਬੁਰਾ ਹਾਲ ਸੀ। ਇੱਕ ਪਲ ਤਾਂ ਉਸਦਾ ਜੀ ਕੀਤਾ ਕਿ ਉਹ ਪੱਠੇ ਨਾ ਵੱਢੇ ਪਰ ਦੂਸਰੇ ਪਾਸੇ ਪੱਠਿਆਂ ਦਾ ਵੇਲਾ ਹੋ ਚੁੱਕਾ ਸੀ ਤੇ ਘਰੇ ਕਿੱਲਿਆਂ ਨਾਲ ਬੰਨੇ ਬੇਜੁਬਾਨਾਂ ਦਾ ਕੀ ਕਸੂਰ। ਇਹ ਸੋਚ ਉਸਨੇ ਕਸੀਸ ਜੇਹੀ ਵੱਟੀ ਤੇ ਤੇਜੀ ਨਾਲ ਦਾਤੀ ਚਲਾਉਣ ਲੱਗਾ। ਗਰਮੀ ਤੋਂ ਧਿਆਨ ਲਾਂਭੇ ਕਰਨ ਲਈ ਦਿਮਾਗ ਵਿੱਚ ਅਤੀਤ ਦੀਆਂ ਯਾਦਾਂ ਦੇ ਬੱਦਲ ਉਘੜਨ ਲੱਗੇ। ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਮਾਂ-ਬਾਪ ਦੀ ਇੱਛਾ ਸੀ ਕਿ ਉਨ੍ਹਾਂ ਦਾ ਸਤਨਾਮ ਸਿੰਘ ਪੜ੍ਹ ਲਿਖਕੇ ਰੋਟੀ ਦੇ ਸਿਰੇ ਹੋ ਜਾਵੇ। ਆਪਣੀ ਤੇ ਮਾਪਿਆਂ ਦੀ ਇੱਛਾ ਪੂਰੀ ਕਰਨ ਲਈ ਅੱਜ ਤੋਂ ਵੀਹ ਕੁ ਸਾਲ ਪਹਿਲਾਂ ਉਸਨੇ ਕਾਲਜ ਤੋਂ ਪਹਿਲਾਂ ਬੀ. ਏ. ਫਿਰ ਬੀ-ਐੱਡ ਤੇ ਪ੍ਰਾਈਵੇਟ ਤੌਰ ਤੇ ਦੋ ਵਿਸ਼ਿਆਂ ਦੀ ਐਮ. ਏ. ਕਰ ਲਈ ਸੀ। ਉਸ ਸਮੇਂ ਬਾਪ ਵਿੱਚ ਬਲ ਸੀ ਤੇ ਉਹ ਖੇਤੀ ਦਾ ਸਾਰਾ ਕੰਮ ਚੁੱਕੀ ਫਿਰਦੇ ਸਨ। ਪੁੱਤਰ ਦਾ ਐਨੀਆਂ ਜਮਾਤਾਂ ਪੜ੍ਹ ਜਾਣ ਦਾ ਹੌਸਲਾ ਉਨ੍ਹਾਂ ਨੂੰ ਉਡਾਈ ਫਿਰਦਾ ਸੀ। ਉਸ ਸਮੇਂ ਪੰਜਾਬ ਦੇ ਹਲਾਤ ਬਦਤਰ ਸਨ। ਰਾਜ ਸਤ੍ਹਾ ਅਫਸਰਸ਼ਾਹੀ ਦੇ ਹੱਥ ਸੀ। ਆਮ ਆਦਮੀ ਦੀ ਚੰਡੀਗੜ ਦੇ ਅਫਸਰਾਂ ਤੱਕ ਰਸਾਈ ਕਿਵੇ ਵੀ ਸੰਭਵ ਨਹੀਂ ਸੀ। ਉਸਨੇ ਕਈ ਥਾਂਵਾਂ 'ਤੇ ਨੌਕਰੀ ਲਈ ਅਰਜੀਆਂ ਦਿੱਤੀਆਂ ਪਰ ਨਤੀਜਾ ਓਹੀ ਢਾਕ ਕੇ ਤੀਨ ਪਾਤ ਰਿਹਾ। ਉਸਨੂੰ ਲੱਗਦਾ ਕਿ ਐਮ. ਏ. ਕਰਕੇ ਵੀ ਨੌਕਰੀ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਉਹ ਐਵੇਂ ਹੀ ਰਹਿ ਗਿਆ ਸੀ। ਉਹ ਜਦੋਂ ਵੀ ਨੌਕਰੀ ਲਈ ਇੰਟਰਵਿਊ ਲਈ ਘਰੋ ਨਿਕਲਦਾ ਮਾਂ ਕਿੰਨੀਆਂ ਹੀ ਸੁੱਖਾਂ ਸੁਖਦੀ। ਉਸਨੂੰ ਲੱਗਦਾ ਕਿ ਜਿਸ ਦਿਨ ਉਸਨੂੰ ਨੌਕਰੀ ਮਿਲ ਗਈ ਤਾਂ ਸੁੱਖਣਾ ਲਾਹੁਣ ਲਈ ਉਸਨੂੰ ਘਰੇ ਵਿਆਹ ਵਾਲੇ ਘਰ ਵਾਂਗ ਕੜਾਹੀ ਚੜਾਉਣੀ ਪਵੇਗੀ। ਨੌਕਰੀ ਮਿਲਣ ਵਿੱਚ ਹੋ ਰਹੀ ਦੇਰੀ ਮਾਂ-ਬਾਪ ਦੇ ਹੀ ਨਹੀਂ ਸਗੋਂ ਉਸਦੇ ਮੱਥੇ ਵਿੱਚ ਸੋਚਾਂ ਦੀ ਤ੍ਰਿਸ਼ੂਲ ਜੇਹੀ ਬਣਾਉਣ ਲੱਗੀ। ਪਿੰਡ ਵਿੱਚੋ ਦੀ ਲੰਘਦੇ ਕਰਦੇ ਸਮੇਂ ਲੋਕ ਸੁਭਾਵਕ ਹੀ ਪੁੱਛਦੇ ''ਕਿਉ ਬਈ ਪਾਹੜਿਆ ਅਜੇ ਬਣਿਆ ਨੀ ਕਿਤੇ ਨੌਕਰੀ ਦਾ ਜੁਗਾੜ'' ''ਨਹੀਂ ਜੀ ਅਜੇ ਬਣਿਆ ਨੀ'' ਉਹ ਸਵਾਲਾਂ ਤੋਂ ਕੰਨੀ ਕਤਰਾਉਂਦਾ ਜਵਾਬ ਦਿੰਦਾ। ਹੁਣ ਮਾਂ ਨੂੰ ਲੱਗਣ ਲੱਗ ਪਿਆ ਸੀ ਕਿ ਨੌਕਰੀ ਮਿਲਣ ਵਿੱਚ ਪੈ ਰਿਹਾ ਅੜਿੱਕਾ ਕਿਸੇ ਗ੍ਰਹਿ ਦੀ ਕ੍ਰੋਪੀ ਹੈ। ਬੇਬੇ ਮਮਤਾ ਦਾ ਵਾਸਤਾ ਪਾ ਕੇ ਉਸਨੂੰ ਕਦੇ ਕੀੜੀਆ ਦੇ ਭੌਣ 'ਤੇ ਅਨਾਜ, ਕਦੇ ਕਾਲੇ ਕੁੱਤੇ ਨੂੰ ਚੋਪੜੀ ਹੋਈ ਅਧ ਕੱਚੀ ਰੋਟੀ ਪਾਉਣ ਲਈ ਕਹਿੰਦੀ। ਮਾਂ ਨੂੰ ਜਿਵੇ ਕੋਈ ਪਾਂਧਾ ਕਹਿ ਦਿੰਦਾ ਉਹ ਓਵੇ ਹੀ ਕਰਦੀ। ਕਦੇ ਉਹ ਉਸਨੂੰ ਵਗਦੇ ਪਾਣੀ ਵਿੱਚ ਨਾਰੀਅਲ ਤਾਰਨ ਲਈ ਲੈ ਜਾਂਦੀ। ਅੰਦਰੇ ਅੰਦਰ ਉਹ ਖਿੱਝ ਜਾਂਦਾ। ਇਹ ਕਰਦੇ ਸਮੇਂ ਉਸਨੂੰ ਵੀਹ ਸਾਲ ਲਗਾਕੇ ਕੀਤੀ ਪੜਾਈ 'ਤੇ ਖਿਝ ਆਉਂਦੀ। ਮਾਂ ਬੀਹੀ 'ਚੋਂ ਲੰਘਦੇ ਤਿਲਕਧਾਰੀ ਨੂੰ ਸੱਦਕੇ ਉਸਦਾ ਹੱਥ ਦਿਖਾਉਂਦੀ। ਪੰਡਤ ਦੱਛਣਾ ਲੈ ਕੇ ਮਾਂ ਨੂੰ ਭਰਮ ਜਾਲ ਦਾ ਲੌਲੀਪਾਪ ਦੇ ਜਾਂਦਾ। ਮਾਂ ਉਸਦੇ ਕਿਸਮਤ ਵਾਲਾ ਹੋਣ ਦੇ ਭਰਮ ਵਿੱਚ ਉੱਡਦੀ ਰਹਿੰਦੀ। ਇੱਕ ਦਿਨ ਮਾਂ-ਲਾਗਲੇ ਪਿੰਡ ਆਏ ਕਿਸੇ ਸੰਤ ਤੋਂ ਅੰਮ੍ਰਿੰਤ ਛਕ ਆਈ ਸੀ। ਮਾਂ ਨਹਾ ਧੋ ਕੇ ਦੋ ਵੇਲੇ ਪਾਠ ਕਰਨ ਲੱਗੀ ਸੀ। ਉਸਨੂੰ ਲੱਗਦਾ ਸੀ ਕਿ ਪਾਠ ਕਰਨ ਨਾਲ ਉਸ ਦੇ ਮਨ ਦੀਆਂ ਖਾਹਸ਼ਾਂ ਪੂਰੀਆਂ ਹੋਣਗੀਆਂ। ਅੰਮ੍ਰਿਤ ਛਕ ਕੇ ਵੀ ਉਹ ਵੀ ਪੱਤਰੀਆਂ, ਹਸਤ ਰੇਖਾਵਾਂ ਤੇ ਟੇਵਿਆਂ 'ਚੋਂ ਨਿਕਲ ਨਾ ਸਕੀ। ਮਾਂ ਦੇ ਉਸਦੀ ਨੌਕਰੀ ਪ੍ਰਤੀ ਐਨੇ ਲਗਾਓ ਤੇ ਉਸਨੂੰ ਮਾਂ 'ਤੇ ਤਰਸ ਆਉਂਦਾ ਤੇ ਇਸ ਦੀ ਆੜ ਵਿਚ ਮਾਂ ਦੀਆਂ ਅਧੂਰੀਆਂ ਖਾਹਸ਼ਾਂ ਨੂੰ ਲਾਰਾ ਬਣਾਉਣ ਵਾਲੇ ਪਾਂਡੇ ਪਾਂਧਿਆ 'ਤੇ ਨਫ਼ਰਤ ਦੀ ਇੱਕ ਚੀਹ ਚੜਦੀ ਜੋ ਉਸਦੀ ਆਰਥਿਕ ਤੇ ਮਾਨਸਿਕ ਲੁੱਟ ਕਰਦੇ। ਉਸ ਤੋਂ ਮਾਂ ਨੂੰ ਅਜਿਹੇ ਢੋਂਗੀ ਤੇ ਅਨਪੜ ਲੋਕਾਂ ਤੋਂ ਲੁੱਟੇ ਜਾਣਾ ਵੀ ਬਰਦਾਸ਼ਤ ਨਹੀਂ ਸੀ ਹੁੰਦਾ। ਮਾਂ ਚਾਹੁੰਦੀ ਸੀ ਕਿ ਕਿਹੜਾ ਵੇਲਾ ਹੋਵੇ ਪੁੱਤ ਪੜ੍ਹ ਲਿਖਕੇ ਨੌਕਰੀ 'ਤੇ ਲੱਗ ਜਾਵੇ ਤੇ ਉਹ ਪੜ੍ਹੀ ਲਿਖੀ ਨੌਕਰੀ ਕਰਦੀ ਬਹੂ ਵਿਆਹ ਕੇ ਲਿਆਵੇ ਤਾਂ ਜੋ ਘਰ ਦੇ ਧੋਣੇ ਧੋਤੇ ਜਾ ਸਕਣ। ਪਰ ਘਰ ਤਾਂ ਉਸਦੀ ਪੜਾਈ ਦੇ ਖਰਚਿਆਂ ਤੋਂ ਬਾਅਦ ਨੌਕਰੀ ਦੇ ਅਰਜੀ ਫਾਰਮਾਂ ਨਾਲ ਲੱਗਦੇ ਫੀਸਾਂ ਦੇ ਡਰਾਫਟ ਤੇ ਫੋਟੋਆਂ 'ਤੇ ਖਰਚ ਹੁੰਦੀ ਰਕਮ ਨਾਲ ਧੋਤਾ ਜਾ ਰਿਹਾ ਸੀ। ਪੜ੍ਹ੍ਹਾਈ ਕਰਨ ਤੋਂ ਬਾਅਦ ਉਸ ਵਾਸਤੇ ਕਈ ਰਿਸ਼ਤੇ ਆਏ ਪਰ ਨੌਕਰੀ ਪ੍ਰਾਪਤ ਕਰਕੇ ਤੇ ਨੌਕਰੀ ਪੇਸ਼ਾ ਲੜਕੀ ਨਾਲ ਵਿਆਹ ਕਰਵਾਉਣ ਦੀ ਰੀਝ ਕਾਰਨ ਉਹ ਨਾਂਹ ਕਰਦੇ ਰਹੇ। ਹੁਣ ਨੌਕਰੀ ਨਾ ਲੱਗਣ ਕਰਕੇ ਤੇ ਵਕਤ ਲੰਘਣ ਕਰਕੇ ਰਿਸ਼ਤਾ ਕਰਨ ਵਾਲਿਆਂ ਦੀ ਆਮਦ ਘੱਟ ਗਈ ਸੀ। ਇਸ ਦੌਰਾਨ ਉਸ ਤੋਂ ਵੱਡੀ ਭੈਣ ਦਾ ਵਿਆਹ ਕੀਤਾ ਗਿਆ। ਬਾਪੂ ਨੇ ਲੋਕ ਲੱਜੋ ਆਪਣੀ ਨੱਕ ਰੱਖਣ ਲਈ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਂਗ ਵਿਆਹ ਵੀ ਚੱਕਵਾਂ ਕੀਤਾ। ਪ੍ਰਾਹੁਣੇ ਨੂੰ ਜੋੜੀ-ਵੱਡਾ ਮੋਟਰਸਾਈਕਲ ਤੇ ਹੋਰ ਨਿੱਕ ਸੁੱਕ ਪਾਇਆ ਗਿਆ। ਇੰਜ ਕਰਨ ਨਾਲ ਖੇਤੀ ਕਰਜ਼ੇ ਦੇ ਥੱਲੇ ਆ ਗਈ। ਹਰ ਸਾਲ ਰੇਹ, ਤੇਲ, ਦਵਾਈਆਂ ਦੀਆਂ ਵਧਦੀਆਂ ਕੀਮਤਾਂ ਤੇ ਹਰ ਸਾਲ ਵਧਦੇ ਜ਼ਮੀਨ ਦੇ ਠੇਕਿਆਂ ਕਾਰਨ ਘਰ ਇੱਕ ਤੰਦੂਆ ਜਾਲ ਵਿੱਚ ਫਸ ਚੁੱਕਾ ਸੀ। ਬੇਬੇ ਦੀਆਂ ਗ੍ਰਹਿ ਕਰੋਪੀ ਦੂਰ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਰਥਿਕ ਤੰਗੀ ਤੇ ਮਹਿੰਗਾਈ ਦਾ ਗ੍ਰਹਿ ਘਰ ਨੂੰ ਲੱਕੋ ਲੈ ਰਹੇ ਸਨ। ਘਰ ਵਿੱਚ ਸੁਖਮਨੀ ਦੇ ਪਾਠ ਹੋਣ ਦੇ ਬਾਵਜੂਦ ਘਰ ਵਿੱਚ ਤੰਗੀਆਂ ਤੁਰਸ਼ੀਆਂ ਦੁਖਮਨੀ ਬਣ ਰਹੀਆਂ ਸਨ। ਧਾਰਮਿਕ ਸਥਾਨਾਂ 'ਤੇ ਮੱਥੇ ਰਗੜਦਿਆ ਤੇ ਘਰ ਦੇ ਭਾਂਡੇ ਮਾਂਜਦਿਆ ਬੇਬੇ ਦੇ ਮੱਥੇ 'ਤੇ ਹੱਥਾਂ ਦੀਆਂ ਲਕੀਰਾਂ ਘਸ ਰਹੀਆਂ ਸਨ। ਕਾਲਜ ਪੜ੍ਹਦਿਆਂ ਉਸਨੂੰ ਐਨੀ ਕੁ ਸਮਝ ਤਾਂ ਆ ਗਈ ਸੀ ਕਿ ਜਿਹੜੇ ਲੀਡਰ, ਸੇਠ, ਵਪਾਰੀ, ਸਾਧ, ਬਲੈਕੀਏ, ਭ੍ਰਿਸ਼ਟ ਅਫ਼ਸਰ ਕੁਝ ਵੀ ਨਹੀਂ ਸਨ ਕਰਦੇ ਉਨ੍ਹਾਂ ਦੇ ਵਾਰੇ ਨਿਆਰੇ ਹੋ ਗਏ ਸਨ। ਪੰਜਾਬ ਦੇ ਵਿਗੜਦੇ ਹਲਾਤਾਂ ਦੌਰਾਨ ਜੋ ਮਰਜੀਵੜੇ ਬਣੇ ਸਨ ਉਹ ਮੌਕਾਪ੍ਰਸਤੀ ਕਰਕੇ ਹੁਣ ਵੋਟ ਜੀਵੜੇ ਬਣਕੇ ਕਾਰਾਂ ਕੋਠੀਆਂ ਤੇ ਜਾਇਦਾਦਾਂ ਦੇ ਮਾਲਕ ਬਣ ਗਏ ਸਨ। ਉਹ ਸੋਚਦਾ ਕਿ ਇਹ ਸਾਰੇ ਉਸਦੇ ਤੇ ਉਸ ਵਰਗੇ ਹਜ਼ਾਰਾਂ ਲੱਖਾਂ ਦੀ ਜ਼ਿੰਦਗੀ ਦੇ ਅਸਲੀ ਗਰੌਹ ਹਨ। ਬੇਬੇ ਐਵੇ ਤਾਂਬੇ-ਪਿੱਤਲ ਦੀ ਪੱਤੀ ਦੇ ਸ਼ਨੀ ਨੂੰ ਤੇਲ ਚੜਾ ਰਹੀ ਸੀ। ਨੌਕਰੀ ਦੀ ਉਡੀਕ ਵਿੱਚ ਉਸਦੀ ਉਮਰ ਲੰਘ ਰਹੀ ਸੀ। ਪੰਜ-ਛੇ ਸਾਲ ਲੰਘਣ ਤੋਂ ਬਾਅਦ ਮਾਂ-ਬਾਪ ਨੂੰ ਫ਼ਿਕਰ ਹੋਇਆ ਕਿ ਪੁੱਤ ਕਿਤੇ ਇੰਜ ਹੀ ਨਾ ਰਹਿ ਜਾਵੇ। ਪਹਿਲਾਂ ਉਹ ਸਾਕ ਵਾਲਿਆਂ ਨੂੰ ਤੇ ਹੁਣ ਰਿਸ਼ਤਾ ਕਰਨ ਵਾਲੇ ਲੜ ਨਹੀਂ ਫੜਾ ਰਹੇ ਸਨ। ਜਦੋਂ ਉਹ ਸਤਨਾਮ ਸਿੰਘ ਪਿੰਡ ਵਾਲਿਆਂ ਲਈ ਸੱਤਾ ਬਣਕੇ ਖੇਤੀ ਦੇ ਕਿੱਤੇ ਵਿੱਚ ਆਇਆ ਖੇਤੀ ਦਾ ਕਰਜਾ ਇੱਕ ਖੇਤ ਖਾ ਚੁੱਕਾ ਸੀ।
ਕਾਫੀ ਕੋਸ਼ਿਸ਼ਾਂ ਬਾਅਦ ਇੱਕ ਦਰਮਿਆਨੇ ਜੇਹੇ ਪ੍ਰ੍ਰੀਵਾਰ ਦੇ ਰਿਸ਼ਤੇ ਦੀ ਦੱਸ ਪਈ ਤਾਂ ਇਹ ਰਿਸ਼ਤਾ ਪ੍ਰਵਾਨ ਕਰ ਲਿਆ ਗਿਆ ਇੰਜ ਸਤਨਾਮ ਸਿੰਘ ਦਾ ਘਰ ਵਸਦਿਆਂ ਵਿੱਚ ਹੋ ਗਿਆ। ਸਤਵੀਰ ਕੌਰ ਉਸਦੀ ਜੀਵਨ ਸਾਥੀ ਬਣ ਗਈ। ਉਹ ਸ਼ਕਲ ਤੇ ਸੀਰਤ ਪੱਖੋ ਨੇਕ ਤੇ ਚੰਗੀ ਸੀ। ਭਾਵੇ ਉਹ ਬਾਰਾਂ ਕੁ ਜਮਾਤਾਂ ਹੀ ਪੜ੍ਹੀ ਹੋਈ ਸੀ। ਪਰ ਪਿੰਡ ਵਿੱਚ ਆਈਆਂ ਵਹੁਟੀਆਂ ਨਾਲੋ ਸੁਭਾਓ ਪੱਖੋ ਤੇ ਸ਼ਕਲ ਪੱਖੋ ਸਿਰ ਕੱਢਵੀਂ ਹੋਣ ਕਰਕੇ ਉਸਦੀ ਮਾਂ ਨਾਲ ਮੀਚਾ ਬਹੁਤ ਮਿਲਦੀ ਸੀ। ਉਸਦੀ ਮਾਨਸਿਕਤਾ ਬੇਬੇ ਵਰਗੀ ਸੀ। ਸਤਨਾਮ ਸਿੰਘ ਇਸ ਗੱਲੋਂ ਸੰਤੁਸ਼ਟ ਸੀ ਕਿ ਆਮ ਘਰਾਂ ਵਿੱਚ ਨੌਂਹ ਸੱਸ ਦੀ ਸੱਥਰੀ ਨਹੀਂ ਸੀ ਪੈਂਦੀ ਤੇ ਏਥੇ ਨੌਹ ਸੱਸ ਦੇ ਸੁਭਾਓ ਦੇ ਬੂੜੀਏ ਪੂਰੀ ਤਰ੍ਹਾਂ ਫਿੱਟ ਸਨ। ਭਾਵੇਂ ਘਰ ਵਿੱਚ ਆਰਥਿਕ ਤੰਗੀਆਂ ਸਨ। ਕਿੰਨੀਆਂ ਰੀਝਾਂ ਨੂੰ ਦਬਾ ਕੇ ਰੱਖਣਾ ਪੈਂਦਾ ਸੀ। ਪਰ ਘਰ ਦਾ ਮਾਹੌਲ ਨਿੱਕੀਆਂ ਨਿੱਕੀਆਂ ਗੱਲਾਂ ਦੇ ਕਜੀਆ ਕਲੇਸ਼ਾਂ ਤੇ ਤਣਾਓ ਤੋਂ ਮੁਕਤ ਸੀ। ਸਤਨਾਮ ਸਿੰਘ ਨੇ ਮਨ ਨੂੰ ਇਸ ਗੱਲ 'ਤੇ ਖੜਾ ਲਿਆ ਸੀ ਕਿ ਮਨੁੱਖ ਨੂੰ ਜ਼ਿੰਦਗੀ ਵਿੱਚ ਚਾਹੀਦਾ ਤਾਂ ਬਹੁਤ ਕੁਛ ਹੈ। ਪਰ ਸਾਰਾ ਕੁਝ ਮਿਲ ਵੀ ਨਹੀਂ ਸਕਦਾ। ਪਰ ਜ਼ਿੰਦਗੀ 'ਚ ਜੋ ਕੁਝ ਮਿਲੇ ਉਸ 'ਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ। ਹੁਣ ਨੌਕਰੀ ਦੀ ਆਸ ਲਹਿ ਚੁੱਕੀ ਸੀ। ਉਹ ਨੌਕਰੀ ਦੀ ਉਮਰ ਸੀਮਾ ਪਾਰ ਕਰਨ ਦੇ ਨੇੜੇ ਸੀ। ਘਰ ਪਰਿਵਾਰ ਵਿੱਚ ਆਪਸੀ ਤਾਲਮੇਲ ਹੋਵੇ ਤਾਂ ਆਰਥਿਕ ਤੰਗੀਆਂ ਦੀ ਪ੍ਰੇਸ਼ਾਨੀ ਵੀ ਕੱਟੀ ਜਾਂਦੀ ਹੈ। ਵਿਆਹ ਤੋਂ ਦੋ ਕੁ ਸਾਲ ਬਾਅਦ ਘਰ ਵਿੱਚ ਉਸ ਸਮੇਂ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦ ਸਤਵੀਰ ਨੇ ਘਰ ਨੂੰ ਪੁੱਤਰ ਦੀ ਦਾਤ ਨਾਲ ਨਿਵਾਜ ਦਿੱਤਾ। ਪੋਤੇ ਦੇ ਰੂਪ ਵਿੱਚ ਹੁਣ ਬੇਬੇ ਨੂੰ ਇੱਕ ਰੁਝੇਵਾਂ ਮਿਲ ਗਿਆ। ਦੋਵੇਂ ਨੌਹ ਸੱਸ ਬੱਚੇ ਦਾ ਮੁੜ੍ਹਕਾ ਨਾ ਸਹਾਰਦੀਆਂ। ਘਰ ਵਿੱਚ ਚਾਅ ਨਾਲ ਬੱਚੇ ਦਾ ਨਾਂ ਕੰਵਰਪਾਲ ਰੱਖਿਆ ਗਿਆ। ਘਰ ਵਿੱਚ ਦੋ ਮੈਂਬਰਾਂ ਦੀ ਆਮਦ ਨਾਲ ਪ੍ਰੀਵਾਰਕ ਖਰਚੇ ਕੁੱਝ ਵਧੇ ਪਰ ਫਿਰ ਵੀ ਸਾਰਾ ਪਰਿਵਾਰ ਇਸਨੂੰ ਸਹਿਜ ਰੂਪ ਵਿੱਚ ਲੈ ਰਿਹਾ ਸੀ। ਇੰਜ ਰੁੱਖ-ਮਿੱਸਾ ਗੁਜ਼ਾਰਾ ਚੱਲੀ ਜਾ ਰਿਹਾ ਸੀ। ਜਦੋਂ ਕਦੇ ਕੁਦਰਤੀ ਕ੍ਰੋਪੀ ਕਾਰਨ ਫਸਲ ਨੂੰ ਕੋਈ ਅਚਾ ਆਉਂਦੀ ਤਾਂ ਮਾਂ ਬਾਪ ਦੇ ਇਹ ਬੋਲ ''ਕੋਈ ਨਾ ਪੁੱਤ ਕਿਹੜਾ ਆਪਣੇ ਕੱਲਿਆ ਨਾਲ ਹੋਈ ਐ, ਆਪਾਂ ਲੋਕਾਂ ਦੇ ਨਾਲ ਹੀ ਹਾਂ।'' ਉਸਨੂੰ ਮੁਸ਼ਕਲ ਦਾ ਸਾਹਮਣਾ ਕਰਨ ਦਾ ਬਲ ਬਖਸ਼ਦੇ। ਅਚਾਨਕ ਪਸੀਨੇ ਨਾਲ ਭਰੇ ਹੱਥਾਂ ਤੋਂ ਦਾਤੀ ਤਿਲਕ ਕੇ ਹੱਥੋ ਛੁੱਟ ਗਈ। ਐਨੀ ਬੱਚਤ ਕਿ ਇਹ ਪੈਰ ਦੇ ਅੰਗੂਠੇ ਤੇ ਨਹੀਂ ਲੱਗੀ। ਉਹ ਸੋਚਾਂ ਦੇ ਘੋੜੇ ਤੋਂ ਉਤਰਿਆ। ਉਸ ਪਿਛਾਂਹ ਨਜਰ ਮਾਰੀ ਪੱਠਿਆਂ ਦੀਆਂ ਪੰਜ-ਸੱਤ ਸੱਥਰੀਆਂ ਵੱਧ ਵੱਢ ਲਈਆਂ ਸਨ। ਉਸਦਾ ਸਰੀਰ ਪਸੀਨੇ ਨਾਲ ਤਰ ਬ ਤਰ ਹੋ ਚੁੱਕਾ ਸੀ। ਕਮੀਜ ਉਸਦੇ ਸਰੀਰ ਨਾਲ ਚਿਪਕ ਚੁੱਕਾ ਸੀ। ਫਿਰ ਉਸਨੇ ਦਾਤੀ ਵਾਢੇ 'ਚ ਰੱਖਕੇ ਸੱਥਰੀਆਂ ਦੇ ਥੱਬੇ ਭਰਕੇ ਬਲਦ ਵਾਲੀ ਰੇਹੜੀ 'ਤੇ ਲੱਦੇ। ਚਰੀ ਤੇ ਪੱਤਿਆਂ ਨੇ ਉਸਦੀਆਂ ਬਾਹਾਂ ਅਤੇ ਲੱਤਾਂ ਤੇ ਬਿੱਲੀ ਦੀਆਂ ਨੌਹਦਰਾਂ ਵਾਂਗ ਘਰੂਟ ਜੇਹੇ ਭਰ ਲਏ ਸਨ। ਪਰ ਸੋਚਾਂ ਵਿੱਚ ਉਸਨੂੰ ਇਸਦੀ ਕਸਕ ਮਹਿਸੂਸ ਨਾ ਹੋਈ। ਪਰ ਹੁਣ ਸਲੂਣਾ ਪਸੀਨਾ ਇਨ੍ਹਾਂ ਚੀਰਾਂ ਵਿੱਚ ਮਿੱਠੀ ਮਿੱਠੀ ਜਲੂਣ ਕਰਦਾ ਮਹਿਸੂਸ ਹੋਇਆ। ਹੁਣ ਪਰਛਾਵੇ ਢਲ ਰਹੇ ਸਨ। ਹਵਾ ਅਜੇ ਵੀ ਬੰਦ ਸੀ। ਉਸਨੇ ਦੇਖਿਆ ਕਿ ਬਾਪੂ ਜੀ ਮੋਟਰ ਵਾਲੀ ਕੋਠੜੀ ਕੋਲ ਟਾਹਲੀ ਦੀ ਛਾਵੇਂ ਮੰਜੇ ਤੇ ਅਰਾਮ ਕਰ ਰਹੇ ਸਨ ''ਬਾਪ ਜੀ, ਬਾਪੂ ਜੀ'', ਉਸ ਨੇ ਲੰਬੀ ਹਾਕ ਮਾਰਦਿਆ ਕਿਹਾ, ''ਮੈਂ ਪੱਠੇ ਲੈ ਕੇ ਘਰੇ ਚੱਲਿਆ - ਜੇ ਬਿਜਲੀ ਆ ਗਈ ਤਾਂ ਮੋਟਰ ਚਲਾ ਦਿਓ - ਨੱਕਾ ਮੇਰਾ ਛੱਡਿਆ ਹੋਇਐ।'' ਜਵਾਬ ਵਿੱਚ ਬਾਪੂ ਜੀ ਨੇ ਹੱਥ ਚੁੱਕ ਦਿੱਤਾ। ਉਸਨੇ ਰੇਹੜੀ ਅੱਗੇ ਵਹਿਕੜਾ ਜੋੜਿਆ ਤੇ ਗਰਮੀ ਨਾਲ ਅੱਕਲਕਾਣ ਹੋਇਆ ਘਰੇ ਪਹੁੰਚਿਆ। ਘਰ ਦੇ ਵਰਾਂਡੇ ਵਿੱਚ ਕੁੜੀਆਂ-ਬੁੜੀਆਂ ਦਾ ਝੁਰਮਟ ਜੇਹਾ ਦੇਖਕੇ ਉਸਨੂੰ ਹੈਰਾਨੀ ਹੋਈ। ਉਸ ਬਲਦ ਨੂੰ ਰੇੜੀ ਹੇਠੋ ਕੱਢਕੇ ਰੇੜੀ ਨੂੰ ਖੁਦ ਹੀ ਪਿੱਛੇ ਕਰਕੇ ਕੁਤਰੇ ਵਾਲੀ ਮਸ਼ੀਨ ਦੇ ਨੇੜੇ ਕੀਤਾ। ਉਸਨੂੰ ਘਰੇ ਆਇਆ ਦੇਖ ਬੇਬੇ ਦਲਾਨ ਵਿੱਚ ਆਈ ਤੇ ਬੋਲੀ, ''ਆ ਗਿਆ ਪੁੱਤ ਪੱਠੇ ਲੈ ਕੇ - ਵੇਖਾਂ ਮੇਰਾ ਪੁੱਤ ਕਿਵੇਂ ਮੁੜਕੋ ਮੁੜਕੀ ਹੋਇਐ - ਪਤਾ ਨਹੀਂ ਮੇਰੇ ਪੁੱਤ ਦੇ ਦਿਨ ਕਦੋਂ ਫਿਰਨਗੇ ਉਸ ਹਮਦਰਦੀ ਭਰੇ ਬੋਲਾਂ ਦਾ ਤਾਣਾ ਬਾਣਾ ਬੁਣਦਿਆਂ ਕਿਹਾ ''ਪੁੱਤ ਆਪਣੇ ਘਰੇ ਇੱਕ ਗੁਣੀ ਗਿਆਨੀ ਪਾਂਡਾ ਆਇਐ - ਸਭ ਸੱਚੀਆਂ ਗੱਲਾਂ ਦੱਸਦੈ, ਬੱਸ ਰੇਖ ਵਿੱਚ ਮੇਖ ਮਾਰਦੈ ਮੇਰਾ ਪੁੱਤ ਤੂੰ ਕੁਝ ਕਹੀ ਨਾ ਮੈਂ ਤਾਂ ਚਾਹੁੰਦੀ ਆ ਕਿ ਜੇ ਤੇਰੇ ਮਨ 'ਚ ਕੁਝ ਹੈ ਤਾਂ ਪੁੱਛ ਲੈ ਖਬਰੈ ਦਿਨ ਫਿਰ ਜਾਣ'' ਹੁਣ ਉਸਨੂੰ ਪਤਾ ਲੱਗ ਗਿਆ ਸੀ ਵਰਾਂਡੇ 'ਚ ਕਾਹਦਾ ਕੱਠ ਐ। ''ਬੇਬੇ ਜੇ ਤੂੰ ਅਮ੍ਰਿਤ ਛਕ ਕੇ ਵੀ ਕਿਸਮਤ ਦੇ ਗਧੀ ਗੇੜ ਵਿਚ ਹੀ ਪੈਣਾ ਸੀ ਤਾਂ ਅੰਮ੍ਰਿਤ ਦਾਤ ਨੂੰ ਕਾਹਨੂੰ ਲਾਜ ਲਾਉਣੀ ਸੀ। ਗੁਰੂ ਸਾਹਿਬ ਨੇ ਤਾਂ ਤਕਦੀਰ ਬਦਲਾਉਣ ਲਈ ਇਹ ਭਗੌਤੀ ਬਖਸ਼ੀ ਐ ਪੱਤਰੀਆਂ ਰਾਹੀਂ ਨਹੀਂ'' ਉਸਨੇ ਬੇਬੇ ਨੂੰ ਮੋੜ ਦਿੱਤਾ। ''ਵੇ ਪੁੱਤ ਆਪਾਂ ਹੋਏ ਪਾਪੀ ਜਿਓੜੇ, ਮੋਹ ਅਤੇ ਕਬੀਲਦਾਰੀਆਂ ਦੇ ਚਿੱਕੜ ਵਿੱਚ ਫਸੇ ਹੋਏ ਆਪਾ ਨੀ ਭਗੌਤੀਆਂ ਚਲਾ ਸਕਦੇ ਭਗੌਤੀ ਚਲਾਉਣ ਲਈ ਮੋਹ ਤਿਆਗਣਾ ਪੈਂਦਾ ਐ ਬਾਜਾਂ ਵਾਲੇ ਵਾਂਗ'' ਮਾਂ ਨੇ ਕਿਹਾ ''ਬੇਬੇ ਇੱਕ ਗੱਲ ਪੁੱਛਾ ਜਿੰਨਾ ਸੰਤਾਂ ਤੋਂ ਤੂੰ ਅੰਮ੍ਰਿਤ ਪਾਨ ਕੀਤਾ ਐ ਤੇ ਭਗੌਤੀ ਪੁਆਈ ਹੈ ਉਨ੍ਹਾਂ ਨੂੰ ਪੁੱਛਣਾ ਸੀ ਕਿ ਸੰਤੋ ਇਹ ਤਾਂ ਦੱਸੋ ਇਹ ਚਲਾਉਣੀ ਕਦੋ ਐ? ਜੇ ਭਗੌਤੀ ਚਲਾਉਣੀ ਹੀ ਨਹੀਂ ਤਾਂ ਫਿਰ ਭੁਗਤੀ ਚੱਲੋ। ਫਿਰ ਪੱਤਰੀਆਂ ਦੇ, ਪੁੱਛਾਂ ਦੇ, ਟੇਵਿਆਂ ਦੇ ਚਿੱਕੜ 'ਚ ਕਿਉਂ ਵੜੇ ਹੋਏ ਹੋ। ਗੁਰੂ ਸਾਹਿਬ ਨੇ ਤਾਂ ਇਹ ਸਭ ਵਰਜਤ ਕੀਤੇ ਹਨ। ਗੁਰੂ ਸਾਹਿਬ ਨੇ ਤਾਂ ਪ੍ਰਿਥਮੈ ਭਗੌਤੀ ਸਿਮਰੀਏ ਦਾ ਫੁਰਮਾਨ ਕੀਤੈ ਏਹੀ ਸਾਰੇ ਦੁੱਖਾਂ ਦੀ ਦਾਰੂ ਹੈ। ਤੇ ਤੁਰੀ ਤੂੰ ਉਨ੍ਹਾਂ ਮਗਰ ਫਿਰਦੀ ਐ ਜਿਨ੍ਹਾਂ ਨੂੰ ਆਵਦੇ ਭਵਿੱਖ ਦਾ ਵੀ ਪਤਾ ਨਹੀਂ। ਸਤਨਾਮ ਗੱਲਾਂ ਕਰਦਾ ਕਰਦਾ ਬਾਹਰ ਨਿੰਮ ਹੇਠਾਂ ਵਹਿੜਕਾ ਬੰਨਣ ਆ ਗਿਆ ਸੀ ''ਪੁੱਤ ਸੰਤ ਮਹਾਰਾਜ ਤਾਂ ਕਹਿੰਦੈ ਆ ਕਿ ਭਾਈ ਸ਼ਾਂਤੀ ਰੱਖੋ, ਜੋ ਕੁਝ ਹੋ ਰਿਹਾ ਐ ਉਸਦੇ ਭਾਣੇ ਵਿਚ ਹੋ ਰਿਹੈ, ਬੱਸ ਨਾਮ ਜਪੋ ਅਗਲਾ ਜਨਮ ਸੰਵਾਰੋ।'' ਬੇਬੇ ਨੇ ਸ੍ਰੀ ਸਾਹਿਬ ਨੂੰ ਠੀਕ ਕਰਦਿਆਂ ਕਿਹਾ ''ਮਾਂ-ਮੇਰੀਏ ਇਹ ਸੰਤ ਤਾਂ ਸ਼ਾਂਤੀ ਨੂੰ ਅੱਗ ਲਾਉਂਦੇ ਐ। ਪਿਛਲੇ ਸਾਲ ਕੀ ਹੋਇਆ ਸੀ ਬਾਬੇ ਦਾ ਕਿਸੇ ਬਾਹਰਲੇ ਮੁਲਕ 'ਚ ਕਤਲ ਹੋ ਗਿਆ ਸੀ ਤੇ ਸਿਰ ਏਥੇ ਪਾਟ ਰਹੇ ਸਨ। ਅੱਗਾਂ ਲੱਗ ਰਹੀਆਂ ਸਨ। ਚਲੋ ਤੇਰੀ ਮੰਨ ਲੈਂਦੇ ਹਾਂ ਬਾਬੇ ਤਾਂ ਸ਼ਾਂਤੀ ਰੱਖ ਲੈਣਗੇ ਪਰ ਜੋ ਆਮ ਬੰਦਾ ਜੋ ਦਿਨ ਦਿਹਾੜੇ ਲੁੱਟਿਆ ਜਾ ਰਿਹੈ ਮਹਿੰਗਾਈ ਨਾਲ ਨਪੀੜਿਆ ਜਾ ਰਿਹੈ ਉਹ ਸ਼ਾਂਤੀ ਕਿਵੇਂ ਰੱਖ ਲੂ। ਇਹ ਤਾਂ ਜਿੰਨਾ ਦੇ ਦਿਮਾਗ 'ਚ ਥੋੜਾ ਬਹੁਤ ਚਾਨਣ ਐਂ ਉਨ੍ਹਾਂ ਨੂੰ ਵੀ ਪਤਾ ਹੈ ਕਿ ਅੱਜ ਕੱਲ ਦੇ ਬਾਬੇ ਅਮ੍ਰਿਤ ਪਾਨ ਕਰਵਾਕੇ ਭਗੌਤੀ ਚਲਾਉਣ ਲਈ ਨਹੀਂ ਸਗੋਂ ਲਮਕਾਉਣ ਲਈ ਪੁਆਉਂਦੇ ਹਨ। ਲਮਕਾ ਕੇ ਤੁਰੇ ਫਿਰੋ। ਤੂੰ ਦੱਸ ਅੰਮ੍ਰਿਤ ਛਕਾਉਣ ਵਾਲਿਆਂ ਨੇ ਕਿਹੜਾ ਯੁੱਧ ਲੜਿਐ? ਉਹ ਤੁਹਾਨੂੰ ਕਿਵੇਂ ਕਹਿ ਦੇਣਗੇ ਕਿ ਭਗੌਤੀ ਚਲਾਓ?'' ਵੋਟਾਂ ਦੇ ਦਿਨਾਂ ਵਿੱਚ ਇਹ ਬਾਬੇ ਪਾਰਟੀਆਂ ਦੇ ਏਜੰਟ ਬਣ ਜਾਂਦੇ ਆ। ਇਨ੍ਹਾਂ ਵਲੋ ਕੀ ਐ ਭਾਵੇ ਤੇਰੇ ਪੁੱਤ ਵਰਗਿਆਂ ਦੀ ਉਮਰ ਨੌਕਰੀ ਦੀ ਉਡੀਕ ਕਰਦਿਆ ਲੰਘ ਜੇ, ਚਾਹੇ ਤੇਰੇ ਪੁੱਤ ਵਰਗੇ ਪੁੱਤਾਂ ਦੀ ਮੰਡੀ ਲਿਆਂਦੀ ਜਿਣਸ ਨੂੰ ਕੋਈ ਦਸ ਦਸ ਦਿਨ ਨਾ ਪੁੱਛੇ, ਤਕੜੇ ਸੇਠ ਨੇ ਮਾਸੜ ਦੇ ਪਿੰਡ ਧੌਲੇ ਬੰਨੀ ਲੋਕਾਂ ਦੀ ਜ਼ਮੀਨ ਰੋਕ ਲਈ ਐ, ਤਕੜੇ ਮਾੜੇ ਦੀਆਂ ਧੀਆਂ ਨਾਲ ਖੇਹ ਖਾਹ ਲੈਣ, ਉਹ ਦਾਜ ਖਾਤਰ ਮਾਰੀ ਜਾਣ ਜਾਂ ਜਨਮ ਲੈਣ ਤੋਂ ਪਹਿਲਾਂ ਮਰੀ ਜਾਣ ਸੰਤਾਂ ਨੂੰ ਕੋਈ ਫ਼ਿਕਰ ਨਹੀਂ ਐ। ਉਨ੍ਹਾਂ ਨੂੰ ਤਾਂ ਐਨੇ ਯੁੱਧ ਦੇ ਮੈਦਾਨ ਪਏ ਆ ਫਿਰ ਵੀ ਭਗੌਤੀ ਚਲਾਉਣ ਲਈ ਕੋਈ ਵੀ ਨਹੀਂ ਦਿਸਦਾ ਸਿਰਫ਼ ਸ਼ਾਤੀ ਹੀ ਦਿਸਦੀ ਐ। ਬੱਸ ਕੁਛ ਨਾ ਕਰੋ ਭਗੌਤੀ ਪਾ ਕੇ ਤੁਰੇ ਫਿਰੋ ਕਿਉਂਕਿ ਸਭ ਕੁਛ ਉਸਦੇ ਭਾਣੇ ਵਿੱਚ ਹੀ ਤਾਂ ਹੋ ਰਿਹੈ ਇਹ ਗੱਲ ਤਾਂ ਦਸਮ ਪਿਤਾ ਨੇ ਵੀ ਨਹੀਂ ਸੀ ਮੰਨੀ। ਉਨ੍ਹਾਂ ਕਿਲੇ ਉਸਾਰੇ ਤੇ ਯੁੱਧ ਲੜੇ ਤੇ ਇਹ ਠਾਠਾਂ ਉਸਾਰ ਰਹੇ ਹਨ।'' ਉਸਨੇ ਮਾਂ ਨੂੰ ਕਿਹਾ ਤੇ ਉਹ ਨਿੰਮ ਦੀ ਛਾਂ ਹੇਠ ਖੜ ਗਿਆ ਕਿਉਂਕਿ ਏਥੇ ਅਰਾਮਦਾਰੀ ਸੀ। ''ਵੇ ਪੁੱਤ ਤੇਰੇ ਨਾਲ ਕੌਣ ਬਹਿਸੇ? ਪਤਾ ਨਹੀਂ ਜਮਾਨੇ ਨੂੰ ਕੀ ਅੱਗ ਲੱਗੀ ਐ। ਜੀਹਦੇ ਡਮਾਕ 'ਚ ਚਾਰ ਅੱਖਰ ਪੈ ਜਾਣ ਉਹ ਗੱਲੀ ਬਾਤੀ ਕਿਸੇ ਨੂੰ ਬਾਰੇ ਨੀਂ ਆਉਣ ਦਿੰਦਾ। ਬੇਬੇ ਕੋਲ ਪੁੱਤ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ। ਪੁੱਤ ਦੀ ਇੱਕ ਇੱਕ ਗੱਲ ਸਹੀ ਸੀ। ਉਸਨੂੰ ਪੜੇ ਲਿਖੇ ਪੁੱਤ ਨੂੰ ਅਜਿਹੀ ਹਾਲਤ 'ਚ ਦੇਖਕੇ ਤਰਸ ਵੀ ਆਇਆ ਤੇ ਇੱਕ ਲੰਬਾ ਹਾਉਕਾ ਭਰਿਆ ਤੇ ਅੱਗੇ ਬੋਲੀ ''ਚਲ ਠੀਕ ਐ ਪੁੱਤ ਪਾਂਡਾ ਆਉਣ ਵਾਲਾ ਆ ਗਿਆ ਤੇ ਅਸੀਂ ਘਰੇ ਬਹਾ ਲਿਆ। ਆਂਢ ਗੁਆਂਢ ਦੀਆਂ ਬੁੜੀਆਂ ਬੈਠੀਆਂ ਹਨ ਜੇ ਤੂੰ ਕੁਝ ਕਿਹਾ ਤਾਂ ਐਵੇਂ ਬੁਰਾ ਮਨਾਉਣਗੀਆਂ ਨਾਲੇ ਮੈਂ ਹੌਲੀ ਪਵਾਂਗੀ।'' ਉਸ ਅੱਗੇ ਵਧਦਿਆ ਕਿਹਾ, ''ਚਲ ਠੀਕ ਐ ਬੇਬੇ ਤੁਸੀਂ ਆਵਦਾ ਝੱਸ ਪੂਰਾ ਕਰੋ। ਜੇ ਤੂੰ ਸੱਤਰੀ ਬਹੱਤਰੀ ਹੋ ਕੇ ਵੀ ਸਮਝਣਾ ਨਹੀਂ ਚਾਹੁੰਦੀ ਤਾਂ ਮੈਂ ਤੈਨੂੰ ਕੀ ਕਹਾਂ? ਤੇਰੀ ਸਮਝ ਤੈਨੂੰ ਮੁਬਾਰਕ।'' ਉਹ ਘਰ ਅੰਦਰ ਆਇਆ ਤੇ ਗੁਸਲਖਾਨੇ ਕੋਲ ਆ ਕੇ ਟੂਟੀ ਛੱਡੀ ਤੇ ਲੱਤਾਂ ਬਾਹਾਂ ਤੇ ਪਾਣੀ ਪਾਇਆ। ਇੰਜ ਕਰਨ ਨਾਲ ਚਰੀ ਦੇ ਪੱਤਿਆਂ ਦੇ ਵੱਜੇ ਪੱਛਾਂ ਦੀ ਜਲੂਣ ਤੋਂ ਕੁਝ ਰਾਹਤ ਮਿਲੀ ਮੂੰਹ ਤੇ ਪਾਣੀ ਦੇ ਕੁਝ ਛਿੱਟੇ ਮਾਰੇ ਅਤੇ ਵਰਾਂਡੇ ਵੱਲ ਆਇਆ। ਆਂਢ ਗੁਆਂਢ ਦੀਆਂ ਕੁੜੀਆਂ ਬੁੜੀਆਂ ਆਪਣੀ ਕਿਸਮਤ ਦੀ ਰੇਖ ਵਿੱਚ ਮੇਖ ਵੱਜਣ ਦੀ ਆਸ ਨਾਲ ਪੰਡਤ ਨੂੰ ਦੇਣ ਵਾਸਤੇ ਖੇਸ, ਟੋਟੇ, ਦਾਣੇ, ਦਾਣਿਆਂ ਉੱਪਰ ਰੁਪਈਏ ਤੇ ਹੋਰ ਨਿਕ ਸੁੱਕ ਲਈ ਬੈਠੀਆਂ ਸਨ। ਪੰਡਤ ਆਪਣੀ ਨਿੱਕ ਸੁੱਕ ਵਾਲੀ ਪਟਾਰੀ ਖੋਲੀ ਬੈਠਾ ਸੀ। ਪੰਡਤ ਕੋਈ ਚਾਲੀ-ਪੰਜਤਾਲੀ ਸਾਲ ਦਾ ਅਧਖੜ ਪਰ ਹੱਟਾ ਕੱਟਾ ਕਲੀਨ ਸ਼ੇਵ ਸੀ। ਉਸਦੇ ਨਾਲ ਇੱਕ ਸਤਾਰਾਂ ਅਠਾਰਾਂ ਸਾਲ ਦਾ ਮੁੰਡਾ ਸੀ ਜੋ ਚੁੱਪ ਚਾਪ ਬੈਠਾ ਸੁਣ ਰਿਹਾ ਸੀ। ਪੰਡਤ ਦਾ ਮੁੰਡਾ ਹੋਵੇਗਾ ਜਾਂ ਚੇਲਾ ਬਾਲਕਾ ਹੋਵੇਗਾ। ਪੰਡਤ ਜੱਟਾਂ ਦੇ ਵਹਿੜਕਾ ਕੱਢਣ ਵਾਂਗ ਉਸਨੂੰ ਆਪਣੇ ਵਾਲੇ ਧੰਦੇ ਵਿੱਚ ਹਾਲੀ ਕੱਢ ਰਿਹਾ ਸੀ। ਪੰਡਤ ਦੀ ਆਟੇ ਦਾਣੇ ਨਾਲ ਭਰੀ ਉਸਦੀ ਬਗਲੀ ਉਸਦੇ ਹੁਨਰ ਦੀ ਪੁਸ਼ਟੀ ਕਰ ਰਹੀ ਸੀ। ਉਸਦੀ ਪੈੜ ਚਾਲ ਤੇ ਬੁੜੀਆਂ ਕੁੜੀਆਂ ਨੇ ਪਿੱਛੇ ਭੌਂ ਕੇ ਦੇਖਿਆ। ਸਤਨਾਮ ਦਾ ਆਉਣਾ ਪੰਡਤ ਨੂੰ ਵੀ ਚੰਗਾ ਨਾ ਲੱਗਿਆ। ਸਭ ਤੇ ਚਿਹਰਿਆਂ ਤੇ ਝੁੰਜਲਾਏ ਹੋਏ ਹਾਵ-ਭਾਵ ਸਾਫ ਦਿਸ ਰਹੇ ਸਨ। ਪੰਡਤ ਦੇ ਮੱਥੇ ਤੇ ਪੁੜਪੁੜੀਆਂ ਤੱਕ ਲਗਾਇਆ ਲਾਲ ਰੰਗ ਦਾ ਤਿਲਕ ਪਸੀਨੇ ਦੀਆਂ ਬੂੰਦਾਂ ਕਾਰਨ ਅੰਬੈਸਡਰ ਕਾਰ ਦੇ ਬੰਪਰ ਵਾਂਗ ਚਮਕ ਰਿਹਾ ਸੀ। ਗਲ ਵਿਚ ਫਿੱਕੇ ਹਰੇ ਤੇ ਪੀਲੇ ਮਣਕਿਆਂ ਅਤੇ ਰੀਠਿਆਂ ਦੀਆਂ ਪਹਿਨੀਆਂ ਮਲਾਵਾਂ ਆਪਸ ਵਿੱਚ ਉਲਝੀਆਂ ਪਈਆਂ ਸਨ। ਪੰਡਤ ਮਹਾਤਮਾ ਗਾਂਧੀ ਵਰਗੀਆਂ ਗੋਲ ਸ਼ੀਸ਼ੇ ਦੀਆਂ ਐਨਕਾਂ ਵਿੱਚੋ ਦੀ ਉਸ ਵੱਲ ਝਾਕਿਆ ਤੇ ਆਪਣੀ ਪੁਸ਼ਤੈਨੀ ਭਾਸ਼ਾ 'ਚ ਬੋਲਿਆ, ''ਆਓ ਬੱਚਾ ਆਓ, ਬੜਾ ਭਾਗਾਂ ਵਾਲਾ ਮਸਤਕ ਐ ਜਜਮਾਨਾਂ, ਤੂੰ ਕਰਦਾ ਸਿੱਧਾ ਏ ਪਰ ਪੈਦਾ ਪੁੱਠਾ ਏ, ਮਸਤਕ ਦੀਆਂ ਰੇਖਾਵਾਂ ਸ਼ਨੀ ਦੀ ਗਰਦਿਸ਼ ਵਿੱਚ ਹਨ। ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਫਲ ਨਹੀਂ ਮਿਲਿਆ ਜਜਮਾਨਾ ਇਸ ਪੰਡਤ ਨੇ ਸਭ ਕੁਝ ਪੜ ਲਿਆ ਏ ਜਾਣ ਲਿਆ ਏਂ ਤੇ ....'' ਉਹ ਕਿੰਨਾ ਕੁਝ ਬੋਲਦਾ ਗਿਆ ਤੇ ਉਹ ਵਰਾਂਡੇ ਦੇ ਸਿਰੇ ਵੱਲ ਬਣੀ ਬੈਠਕ ਵੱਲ ਵਧਿਆ। ਉਸਨੂੰ ਪੰਡਤ ਮੂਹਰੇ ਪਿਆ ਨਿੱਕ ਸੁੱਕ ਦੇਖਕੇ ਚੀਹ ਚੜ ਗਈ ਸੀ ਕਿ ਇੱਕ ਲਫੰਡਰ ਦਸ ਬੁੜੀਆਂ ਨੂੰ ਬੇਵਕੂਫ ਬਣਾ ਕੇ ਪੰਜ-ਸੰਤ ਸੌ ਨੂੰ ਥੁੱਕ ਲਾ ਰਿਹਾ ਏ। ਉਹ ਵੀ ਉਸਦੇ ਆਪਣੇ ਘਰੇ ਤੇ ਉਹ ਮਾਂ-ਵਲੋਂ ਮੂੰਹ ਬੰਨਣ ਤੇ ਕੁਝ ਵੀ ਨਹੀਂ ਕਰ ਸਕਿਆ। ਬੁੜੀਆਂ 'ਚ ਬੈਠੀ ਬੇਬੇ ਪੂਰੀ ਖੁਸ਼ ਸੀ। ਉਹ ਪੰਡਤ ਵਲੋਂ ਦਿੱਤੇ ਸੁਝਾਵਾਂ ਨੂੰ ਦੁਰਹਾਉਂਦੀ ਹੋਈ ਕਹਿ ਰਹੀ ਸੀ ''ਬੇਬੇ ਜੀ ਪੰਡਤ ਜੀ ਨੇ ਜਿਵੇਂ ਦੱਸਿਐ ਉਵੇ ਕਰਨਾ ਸਤਨਾਜਾ ਲੈ ਕੇ ਕੁੜੀ ਦੇ ਸਿਰ ਤੋਂ ਦੀ ਛੁਹਾ ਕੇ ਨਾਰੀਅਲ ਦੇ ਨਾਲ ਨਹਿਰ ਵਿੱਚ ਤਾਰ ਆਵੀ। ਜਲ ਦੇ ਜੀਅ ਜੰਤਾਂ ਦੇ ਢਿੱਡ ਵਿੱਚ ਜਾਵੇਗਾ ਤਾਂ ਉਹ ਅਸੀਸਾਂ ਦੇਣਗੇ ਤੇ ਕਸ਼ਟ ਦੂਰ ਹੋਊ - ਸਮਝਗੀ ਨਾ ...'' ''ਹਾਂ ਧੀਏ ਸਭ ਕੁਝ ਸਮਝ ਗਈ ਆਹ ਤਾਂ ਤੂੰ ਮੇਰਾ ਪੁੰਨ ਖੱਟ ਲਿਆ।'' ''ਅੰਮਾਂ ਜੀ ਬੁਰੇ ਸਮੇਂ ਦਾ ਕਿਹੜਾ ਪਤਾ ਲੱਗਦੈ ਆਪਾਂ ਹੋਏ ਆਮ ਪ੍ਰਾਣੀ, ਆਪਣੇ ਤਾਂ ਜਦੋਂ ਕਪਾਲ 'ਚ ਪੈਂਦੀ ਐ ਫਿਰ ਪਤਾ ਲੱਗਦੈ, ਢਿੱਲ ਮੱਠ ਹੋਵੇ ਤਾਂ ਡਾਕਟਰ ਵੱਲ ਭੱਜੀਦੈ, ਮੇਰਾ ਆਹ ਕੰਵਰਪਾਲ ਰਿਹਾੜ ਕਰੇ ਤਾਂ ਮੈਂ ਫੌਰਨ ਸਮਝ ਜਾਂਦੀ ਹਾਂ ਕਿ ਕਿਸੇ ਕੁਲਹਿਣੀ ਦੀ ਨਜ਼ਰ ਲੱਗ ਗਈ ਐ ਮੈਂ ਤਾਂ ਫੌਰਨ ਪੰਜ ਮਿਰਚਾਂ ਇਹਦੇ ਸਿਰ ਤੋਂ ਦੀ ਵਾਰਕੇ ਚੁੱਲੇ 'ਚ ਸੁੱਟ ਦਿੰਦੀ ਹਾਂ। ਇਹ ਕੀਤਾ ਨਹੀਂ ਤੇ ਜੁਆਕ ਚੁੱਪ ਹੋਇਆ ਨਹੀਂ। ਜੇ ਫਿਰ ਵੀ ਨਾ ਹਟੇ ਤਾਂ ਗੁਰਦੁਆਰੇ ਵਾਲੇ ਭਾਈ ਤੋਂ ਜਾ ਕੇ ਹਥੋਲਾ ਕਰਵਾਕੇ ਪਾਣੀ ਕਰਵਾ ਲਿਆਈਦਾ ਹੈ। ਤੇ ਮੁੰਡਾ ਨੌ ਬਰ ਨੌ - ਹੁਣ ਇਹ ਗੱਲਾਂ ਆਪਾਂ ਨੂੰ ਥੋੜੋ ਪਤਾ ਐ। ਭੈਣੇ ਜੇ ਹੱਥ ਤੰਗ ਹੋਵੇ ਤਾਂ ਕਿਸੇ ਭੈਣ-ਭਾਈ ਜਾਂ ਆੜਤੀਏ ਵੱਲ ਭੱਜੀਦੈ - ਦਿਨ ਪੁੱਠੇ ਚੱਲ ਰਹੇ ਹੋਣ ਤਾਂ ਕਿਸੇ ਸਿਆਣੇ ਵੱਲ ਭੱਜੀ ਦਾ'' ਬੇਬੇ ਅੰਮਾ ਜੀ ਤੇ ਆਪਣੀਆਂ ਦਲੀਲਾਂ ਦਾ ਪੂਰਾ ਵਿਖਿਆਨ ਝਾੜ ਰਹੀ ਸੀ। ਬੇਬੇ ਉਹਦੇ ਵਾਂਗ ਕਿਉਂ ਨਹੀਂ ਸੋਚਦੀ ਕਿਉਂ ਨਹੀਂ ਸਮਝਦੀ? ਉਹ ਬੇਬੇ ਦੀ ਹੋਂਦ ਦਾ ਹਿੱਸਾ ਹੈ ਉਸ ਨੇ ਸੋਚਿਆ। ''ਚੱਲ ਅੰਮਾਂ ਜੀ ਮੈਂ ਤੇਰੇ ਨਾਲ ਚਲਦੀ ਆਂ - ਕੁੜੇ ਸਤਵੀਰ ਕੁੜੇ ਧੀਏ - ਆਹ ਫੜੀ ਕੰਵਰ ਨੂੰ ਮੈਂ ਅੰਮਾ ਜੀ ਨਾਲ ਜਾ ਆਵਾਂ। ਬਾਬਾ ਜੀ ਤੁਸੀਂ ਬੈਠੋ ਅਸੀਂ ਹੁਣੇ ਅੱਧੇ-ਪੌਣੇ ਘੰਟੇ 'ਚ ਤੁਹਾਡੇ ਵਾਸਤੇ ਸੱਤ ਕੱਪੜੀ ਤੇ ਹੋਰ ਸਮਾਨ ਲੈ ਕੇ ਹੁਣੇ ਆਈਆਂ।'' ਇਹ ਕਹਿ ਬੇਬੇ ਸਤਵੀਰ ਨੂੰ ਮੁੰਡਾ ਫੜਾਕੇ ਵਡੇਰੀ ਉਮਰ ਕਾਰਨ ਹੌਲੀ ਹੌਲੀ ਤੁਰਦੀ ਅੰਮਾ ਜੀ ਨਾਲ ਵਿਹੜਾ ਪਾਰ ਕਰ ਰਹੀ ਸੀ। ਉਸਨੂੰ ਲੱਗਾ ਕਿ ਆਂਡ ਗੁਆਂਡ ਦੀਆਂ ਕੁੜੀਆਂ ਚੁੱਪ ਚਾਪ ਬੈਠੀਆਂ ਹਨ ਤੇ ਉਸਦੀ ਮੌਜੂਦਗੀ ਤੋਂ ਝਿਜਕ ਰਹੀਆਂ ਹਨ। ਉਹ ਬੈਠਕ 'ਚੋਂ ਪੱਖਾ ਬੰਦ ਕਰਕੇ ਨਿਕਲਿਆ ਤੇ ਕੁਤਰੇ ਵਾਲੀ ਮਸ਼ੀਨ ਦੇ ਟੋਕੇ ਤਿੱਖੇ ਕਰਨ ਲੱਗਾ। ਕੁਝ ਸਮੇਂ ਬਾਅਦ ਕੁੜੀਆਂ ਤੇ ਬੁੜੀਆਂ ਪੰਡਤ ਕੋਲੋਂ ਝੂਠੀਆਂ ਤਸੱਲੀਆਂ ਤੇ ਸੁਪਨਿਆਂ ਦੇ ਸਬਜ ਬਾਗ ਲੈ ਕੇ ਤੁਰਨ ਲੱਗੀ ਆ। ਇਨ੍ਹਾਂ ਬੁੜੀਆਂ ਦੇ ਨਾਲ ਹੀ ਪਾਂਡੇ ਦਾ ਸਹਾਇਕ ਲੜਕਾ ਸਿਰ ਤੇ ਖੇਸਾਂ ਟੋਟਿਆਂ ਤੇ ਹੋਰ ਨਿੱਕ ਸੁੱਕ ਦੀ ਪੰਡ ਲੈ ਕੇ ਜਾ ਰਿਹਾ ਸੀ। ਉਸਨੂੰ ਲੱਗਾ ਕਿ ਲੀਡਰਾਂ ਤੇ ਪੰਡਤਾਂ ਵਿੱਚ ਕੋਈ ਫਰਕ ਨਹੀਂ ਇਹ ਸਾਰੇ ਹੀ ਲੋਕਾਂ ਦੇ ਜਜਬਿਆਂ ਦੀ ਤਜਾਰਤ ਕਰਦੇ ਹਨ ਲੀਡਰ ਲੋਕਾਂ ਨੂੰ ਇਹ ਕਹਿੰਦੇ ਹਨ ਕਿ ਤੁਹਾਡੀ ਮਾੜੀ ਹਾਲਤ ਇਸ ਕਰਕੇ ਹੈ ਕਿ ਤੁਸੀਂ ਫਲਾਣੀ ਲੋਟੂ ਪਾਰਟੀ ਦੀ ਸਰਕਾਰ ਬਣਾਈ ਜੇ ਸਾਡੀ ਬਣਾਈ ਹੁੰਦੀ ਤਾਂ ਫਿਰ ਤੁਹਾਡਾ ਇਹ ਹਾਲ ਨਾ ਹੁੰਦਾ। ਤੁਸੀਂ ਸਾਡੀ ਪਾਰਟੀ ਨਾਲ ਰੋਸਾ ਦਿਖਾਇਆ ਤੇ ਸਾਡੀ ਪਾਰਟੀ ਤੁਹਾਡੇ ਨਾਲ ਰੁੱਸੀ ਹੋਈ ਐ। ਪੰਡਤ ਕਹਿੰਦਾ ਹੈ ਕਿ ਤੁਹਾਡੀ ਹਾਲਤ ਇਸ ਕਰਕੇ ਮਾੜੀ ਐ ਕਿ ਤੁਸੀਂ ਕਰੋਪ ਹੋਏ ਗ੍ਰਹਿਆਂ ਦਾ ਉਪਾਓ ਨਹੀਂ ਕੀਤਾ ਇਸ ਕਰਕੇ ਤੁਹਾਡੀ ਹਾਲਤ ਮਾੜੀ ਹੈ। ਇਨ੍ਹਾਂ ਦਾ ਉੱਲੂ ਬਣਾਇਆ ਮਨੁੱਖ ਗਧੀ ਗੇੜ ਵਿੱਚ ਪਿਆ ਰਹਿੰਦਾ ਹੈ। ਆਮ ਮਨੁੱਖ ਬੇਬੇ ਵਾਂਗ ਗੁਰੂ ਦੀ ਬਖਸ਼ੀ ਭਗੌਤੀ ਹਵਾ ਲੁਆਉਣਾ ਜਾਂ ਬਾਹਰ ਕੱਢਣਾ ਉਚਿਤ ਹੀ ਨਹੀਂ ਸਮਝਦਾ। ਅਕਲ ਬਿਨਾ ਇਹ ਸੰਭਵ ਨਹੀਂ ਹੈ। ਆਮ ਬੰਦੇ ਦੀ ਅਕਲ ਤਾਂ ਪਾਂਡਿਆਂ, ਪਾਂਧਿਆਂ, ਸੰਤਾਂ ਦੇ ਵੱਗ ਤੇ ਪਾਰਟੀਆਂ ਕੋਲ ਗਹਿਣੇ ਧਰੀ ਹੋਈ ਹੈ। ਗੁਰੂ ਸਾਹਿਬ ਨੇ ਤਾਂ ਕਿਹੈ ਕਿ ਜਦ ਸੀਸ ਤਲੀ ਤੇ ਧਰੀਏ ਤਾਂ ਇਨਕਲਾਬ ਆਉਂਦੇ ਨੇ, ਉਨ੍ਹਾਂ ਲੋਕਾਂ ਦਾ ਕੀ ਕਰੀਏ ਜੋ ਇਸ ਸੀਸ ਨੂੰ ਥਾਂ ਥਾਂ ਤੇ ਝੁਕਾਉਂਦੇ ਨੇ। ਇਨ੍ਹਾਂ ਖਿਆਲਾਂ ਦਾ ਪ੍ਰਵਾਹ ਸਤਨਾਮ ਅੰਦਰ ਹੁੱਝਾਂ ਮਾਰ ਰਿਹਾ ਸੀ। ਅਜਿਹੇ ਖਿਆਲ ਨੂੰ ਜਾਗ ਉਸ ਸਮੇਂ ਲੱਗਾ ਜਦ ਉਸਦੀ ਮਾਸੀ ਮਾਸੜ ਦੀ ਜ਼ਮੀਨ ਤੇ ਤਕੜਿਆ ਨੇ ਫੈਕਟਰੀ ਲਗਾਉਣ ਲਈ ਕਬਜਾ ਕਰ ਲਿਆ। ਮਾਸੀ-ਮਾਸੜ ਤੇ ਜੁਆਕਾਂ ਦਾ ਰੋ-ਰੋ ਬੁਰਾ ਹਾਲ ਸੀ ਕਿਧਰੇ ਕੋਈ ਸੁਣਵਾਈ ਨਹੀਂ ਸੀ। ਫਿਰ ਕਿਸਾਨ ਜੱਥੇਬੰਦੀ ਨੇ ਇਹ ਮਸਲਾ ਚੁੱਕਿਆ ਤੇ ਉਹ ਇਨ੍ਹਾਂ ਇਕੱਠਾਂ ਵਿੱਚ ਜਾਣ ਲੱਗ ਪਿਆ ਸੀ। ਕੁਤਰੇ ਵਾਲੀ ਮਸ਼ੀਨ ਦੇ ਟੋਕੇ ਤਿੱਖੇ ਹੋਣ ਤੇ ਉਸਨੇ ਨਜ਼ਰ ਉਠਾਈ ਤੇ ਦੇਖਿਆ ਕਿ ਪੰਡਿਤ ਅੱਖਾਂ ਬੰਦ ਕਰੀ ਵਰਾਂਡੇ ਵਿੱਚ ਬੈਠਾ ਸੀ। ਉਸਦੀ ਪਤਨੀ ਚੁੱਲੇ ਚੌਕੇ ਦਾ ਆਹਰ ਕਰ ਰਹੀ ਸੀ। ਕੰਵਰਪਾਲ ਢਾਕ ਤੇ ਲਾਇਆ ਹੋਇਆ ਸੀ। ਉਸਨੂੰ ਬਾਹਰ ਆਇਆਂ ਦੇਖ ਉਸ ਕਿਹਾ ''ਜੀ ਬੇਬੇ ਨੇ ਤਾਂ ਕਾਫੀ ਚਿਰ ਲਾਤਾ ਜੇ ਘਰੇ ਹੁੰਦੀ ਤਾਂ ਕੰਵਰਪਾਲ ਨੂੰ ਫੜ ਲੈਂਦੀ ਤਾਂ ਮੈਂ ਰੁੱਗ ਲਾ ਦਿੰਦੀ। ਪੱਠਿਆਂ ਦਾ ਵੇਲਾ ਹੋ ਗਿਆ ਏ ਤੇ ਪਸ਼ੂ ਕਿੱਲਿਆਂ ਤੇ ਗੇੜੇ ਲੈ ਰਹੇ ਹਨ। ਉਸ ਕੰਵਰ ਨੂੰ ਢਾਕ ਤੇ ਅਗਾਸਦਿਆਂ ਤੇ ਉਪਰ ਚੜੀਆਂ ਵੰਗਾਂ ਨੂੰ ਗੁੱਟ ਵੱਲ ਖਿੱਚਦਿਆਂ ਕਿਹਾ। ਪਸੀਨੇ ਨਾਲ ਉਸਦਾ ਵੀ ਕਮੀਜ ਭਿੱਜਿਆ ਪਿਆ ਸੀ। ਇੱਕ ਹੁੰਮਸ ਜਿਹੀ ਆ ਰਹੀ ਸੀ। ਅਚਾਨਕ ਉਸਨੂੰ ਫੁਰਨਾ ਫੁਰਿਆ।
''ਪੰਡਤ ਜੀ ਆ ਜੋ-ਜਿੰਨਾ ਚਿਰ ਸਾਮੀ ਨੀ ਆਉਂਦੀ ਥੋੜੀ ਬਹੁਤੀ ਵਰਜਿਸ਼ ਕਰ ਲੋ ਦਿਹਾੜੀ ਤਾਂ ਥੋਡੀ ਪੈ ਹੀ ਗਈ ਐ'' ਉਸ ਪੰਡਤ ਕੋਲੇ ਆ ਕੇ ਕਿਹਾ ਤਾਂ ਪੰਡਤ ਤ੍ਰਭੀਕਆ। ''ਹੈਂ - ਅ - ਅ ਭਗਤਾ ਸ਼ੁਭ ਸ਼ੁਭ ਬੋਲ ਅਸੀਂ ਪੰਡਤ ਲੋਕ ਤੇ ਇਹ ਕੰਮ ਹਰੇ ਰਾਮ ਹਰੇ ਰਾਮ, ਬੱਚਾ! ਸੰਤਾਂ ਨਾਲ ਮਜਾਕ ਨੀਂ ਕਰੀਦੇ।'' ਪੰਡਤ ਨੇ ਹਕਲਾਉਂਦੇ ਹੋਏ ਕਿਹਾ। ''ਕਿਓਂ? ਜਿੰਨਾ ਦੇ ਘਰ ਬਗਲੀ ਚੁੱਕੀ ਫਿਰਦਾ ਏਂ ਉਹ ਇਹ ਕੰਮ ਨੀਂ ਕਰਦੇ। ਤੇਰਾ ਤੋਰੀ ਫੁਲਕਾ ਤਾਂ ਸਾਡੇ ਵਰਗੇ ਘਰਾਂ 'ਚੋਂ ਹੀ ਚਲਦੈ। ਜੇ ਕੁਝ ਸਮਾਂ ਹੱਥੀਂ ਕਿਰਤ ਕਰਲੇਂਗਾ ਤਾਂ ਕੀ ਘਸ ਜੂ - ਪੰਡਤਾ ਅਸੀਂ ਥੋਡੀਆ ਸੁਣਦੇ ਹਾਂ ਅੱਜ ਤੂੰ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਦੀ ਸੁਣ ''ਇਹ ਸੁਣਕੇ ਪੰਡਤ ਉਸਦੇ ਮੂੰਹ ਵੱਲ ਝਾਕਿਆ ਤੇ ਸਤਨਾਮ ਬੋਲਿਆ ''ਹੱਥੀ ਕਿਰਤ ਕਰਦੇ ਤੇਰਾ ਜਨਮ ਸਫਲਾ ਹੋ ਜੂ'' ਇਹ ਕਹਿ ਉਸਨੇ ਦਲਾਨ ਅੰਦਰ ਜਾ ਕੇ ਅੰਦਰੋਂ ਅਰਲ ਲਗਾ ਦਿੱਤਾ।'' ਇਹ ਦੇਖਕੇ ਪੰਡਤ ਦਾ ਚੇਹਰਾ ਫੱਕ ਹੋ ਗਿਆ। ''ਪੰਡਤਾ ਭੱਜ ਤਾਂ ਤੂੰ ਹੁਣ ਸਕਦਾ ਨਹੀ। ਔਹ ਸਾਹਮਣੇ ਪਈ ਪਰਾਣੀ ਦੀਂਹਦੀ ਐ ਨਾਂ ਅਸੀਂ ਤਾਂ ਸਾਡੇ ਨਾਲ ਕਿਰਤ ਕਰਕੇ ਗਊ ਦੇ ਜਾਏ ਦੇ ਕੁਝ ਮੱਠਾ ਪੈਣ ਤੇ ਪਰਾਣੀ ਮਾਰਨ ਲੱਗੇ ਤਰਸ ਨਹੀਂ ਕਰਦੇ ਤੂੰ ਤਾਂ ਵਿਹਲੜ ਢੱਠਾ ਏਂ ਹੁਣ ਦੱਸ ਪੱਠੇ ਕੁਤਰ ਕੇ ਦਸਾਂ ਨੌਹਾਂ ਦੀ ਕਿਰਤ ਦਾ ਭਾਗੀ ਬਣਨੈ ਕਿ ਬਲਦ ਵਾਲੀ ਪਰਾਲੀ ਖਾਣੀ ਐਂ'' ਇਹ ਸੁਣਕੇ ਉਸਦੀ ਪਤਨੀ ਬੋਲੀ ''ਮਖਿਆ ਇਹ ਕੀ ਕਰਕੇ ਓ ਜੀ, ਬੇਬੇ ਆ ਗਈ ਤਾਂ ਗੁੱਸੇ ਹੋਵੇਗੀ'' ''ਸਤਵੀਰ ਤੂੰ ਵਿੱਚ ਨਾ ਆ, ਬੇਬੇ ਨੂੰ ਆਪੇ ਸਮਝਾ ਦੇਵਾਂਗਾ ਤੂੰ ਚੁੱਪ ਕਰਕੇ ਤਮਾਸ਼ਾ ਦੇਖ'' ਪਤਨੀ ਉਸਦੇ ਤੇਵਰ ਦੇਖ ਸਹਿਮ ਕੇ ਵਰਾਂਡੇ ਵਿੱਚ ਬੈਠ ਗਈ ਤਿੰਨ ਸਾਲਾਂ ਦੀ ਵਿਆਹੁਤਾ ਜ਼ਿੰਦਗੀ 'ਚ ਉਸਨੇ ਸਤਨਾਮ ਇਸ ਲਹਿਜੇ 'ਚ ਨਹੀਂ ਤੱਕਿਆ ਸੀ। ''ਬੱਚਾ ਤੂੰ ਨਦਾਨ ਏਂ, ਤੂੰ ਠੀਕ ਨਹੀਂ ਕਰ ਰਿਹਾ - ਪੰਡਤ ਪ੍ਰੋਹਤ ਦੇ ਮੂੰਹੋ ਨਿਕਲੀ ਬਦ-ਅਸੀਸ ਆਲਹੀ ਨਹੀਂ ਜਾਂਦੀ ਪ੍ਰਮਾਤਮਾ ਸਭ ਕੁਝ ਦੇਖ ਰਿਹੈ ਅਜੇ ਵੀ ਸੰਭਲ ਜਾ'' ਪੰਡਤ ਨੇ ਡਰਾਵੇ ਦਾ ਪੱਤਾ ਖੇਡਿਆ ''ਗੱਲ ਸੁਣ ਓ ਪੰਡਤਾਂ ਜਦੋਂ ਦੇ ਅਸੀਂ ਜਨਮੇਂ ਹਾਂ ਰੱਬ ਸਾਨੂੰ ਓਦੋਂ ਦਾ ਹੀ ਦੇਖਦੈ, ਸਾਨੂੰ ਪੋਹ ਮਾਘ ਦੀਆਂ ਰਾਤਾਂ ਨੂੰ ਪਾਣੀ ਲਗਾਉਂਦਿਆਂ, ਭਾਦੋਂ ਦੀ ਇਸ ਤਮਾੜ ਵਿੱਚ ਪੱਠੇ ਵੱਢਦਿਆਂ ਨੂੰ ਕੁਤਰਦਿਆਂ ਨੂੰ, ਥਰੈਸ਼ਰਾਂ ਤੇ ਰੁੱਗ ਲਾਉਂਦਿਆਂ ਨੂੰ, ਮੰਡੀ ਵਿੱਚ ਬੋਲੀ ਉਡੀਕਦਿਆਂ ਨੂੰ, ਮੌਸਮਾਂ ਦੀ ਮਾਰ 'ਚ ਅਧਿਓ ਡੂਢ ਹੁੰਦੀ ਸਾਡੀ ਕਿਰਤ ਨੂੰ, ਜ਼ਮੀਨਾਂ ਖੋਹਦੇ ਮਿੱਲ ਮਾਲਕਾਂ ਨੂੰ ਕਰਜੇ ਦੇ ਹੇਠ ਆ ਕੇ ਖੁਦਕਸ਼ੀ ਕਰਦਿਆਂ ਨੂੰ ਰੱਬ ਸਭ ਦੇਖਦਾ ਏ। ਜੇ ਅੱਜ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਜੱਟ ਨਾਲ ਪੰਡਤ ਨੂੰ ਪੱਠੇ ਕੁਤਰਦਿਆਂ ਦੇਖ ਲਵੇਗਾ ਤਾਂ ਰੱਬ ਨੂੰ ਲੂਜ ਮੋਸ਼ਨ ਨੀ ਲੱਗਣ ਲੱਗੇ ਰੱਬ ਤੇਰਾ ਇਕੱਲੇ ਦਾ ਨਹੀਂ ਹੈ - ਦੇਖ ਪੰਡਤਾ ਮੇਰੀ ਮਾਂ ਨੇ ਮੇਰਾ ਨਾਮ ਸਤਨਾਮ ਰੱਖਿਐ ਉਹ ਵੀ ਗੁਰਬਾਣੀ ਵਾਲਾ। ਫਿਰ ਵੀ ਮੇਰੇ ਵਰਗੇ ਕਿੰਨੇ ਹੀ ਸੱਚੀ ਕਿਰਤ ਕਰਨ ਵਾਲੇ ਸਤਨਾਮ ਏਥੇ ਰੁਲਦੇ ਫਿਰਦੇ ਹਨ। ਪੰਡਤਾ ਇਸ ਗੱਲ ਤੇ ਗੁੱਸਾ ਵੀ ਆਉਂਦੈ ਸ਼ਾਇਦ ਤੇਰੀ ਪੱਤਰੀ ਵਿੱਚ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਹੋਵੇਗਾ ਕਿ ਦੁਨੀਆ ਦੀ ਸਾਰੀ ਲਾਹਣਤ ਸਾਡੇ ਵਰਗੇ ਲੋਕਾਂ ਦੇ ਹਿੱਸੇ ਹੀ ਕਿਉਂ ਆਉਂਦੀ ਹੈ। ਜੇ ਤਾਂ ਤੇਰੀ ਵਿੱਦਿਆ 'ਚ ਇਸਦਾ ਜਵਾਬ ਹੈ ਤਾਂ ਦੱਸਦੇ ਨਹੀਂ ਤਾਂ ਪੰਡਤਾ ਸਿੱਧਾ ਹੋ ਕੇ ਮਸ਼ੀਨ ਵੱਲ ਤੁਰਪਾ - ਔਹ ਦੇਖ ਬੇਜੁਬਾਨ ਡੰਗਰ ਕਿੱਲੇ ਤੇ ਗੇੜੇ ਲੈ ਰਹੇ ਆ।'' ਉਸ ਸਖਤੀ ਨਾਲ ਕਿਹਾ ਪੰਡਤ ਮਨ ਹੀ ਮਨ ਪਛਤਾ ਰਿਹਾ ਸੀ ਕਿ ਜੇ ਉਸਨੂੰ ਪਤਾ ਹੁੰਦਾ ਕਿ ਉਸ ਨਾਲ ਇੰਜ ਹੋਣੀ ਏ ਉਹ ਇਸ ਘਰ ਵੱਲ ਮੂੰਹ ਹੀ ਨਾਂ ਕਰਦਾ। ਹੁਣ ਜੱਟ ਵੀ ਬੁਰੀ ਆਇਆ ਹੋਇਆ ਸੀ ਦਲਾਨ ਦਾ ਬਾਰ ਬੰਦ ਸੀ ਤੇ ਪਰਾਣੀ ਉਸਦੇ ਹੱਥ ਵਿੱਚ ਸੀ। ਉਸਨੇ ਬਹੁਤ ਸਮਾਂ ਪਹਿਲਾਂ ਸੁਣਿਆ ਸੀ ਕਿ ਜੱਟ ਪਿਆਈ ਲੱਸੀ ਤੇ ਗਲ ਵਿੱਚ ਪਾ ਲੀ ਰੱਸੀ ਤੇ ਉਹ ਗੱਲ ਉਸ ਨਾਲ ਵਾਪਰ ਰਹੀ ਸੀ। ਉਹ ਪਛਤਾ ਰਿਹਾ ਸੀ ਕਿ ਗਿਰਧਾਰੀ ਲਾਲ ਨੂੰ ਖੇਸਾਂ ਦੀ ਪੰਡ ਚੁਕਾ ਕੇ ਕਿਉਂ ਭੇਜਿਆ ਜੇ ਉਹ ਹੁੰਦਾ ਤਾਂ ਦੋਵੇ ਰਲਕੇ ਮਸ਼ੀਨ ਗੇੜ ਲੈਂਦੇ। ਮੂੰਹ ਵਿੱਚ ਬੁੜ ਬੁੜ ਕਰਦਾ ਪੰਡਤ ਮਸ਼ੀਨ ਵੱਲ ਵਧਿਆ ਸਤਨਾਮ ਮਸ਼ੀਨ ਦੇ ਪਰਨਾਲੇ ਕੋਲ ਖੜ ਗਿਆ ਤੇ ਉਸਨੇ ਪੰਡਤ ਨੂੰ ਕੁਤਰੇ ਵਾਲੀ ਮਸ਼ੀਨ ਦੇ ਡੰਡੇ ਵੱਲ ਹੱਥ ਕੀਤਾ। ਪੰਡਤ ਮਸ਼ੀਨ ਗੇੜਨ ਲੱਗਾ ਤੇ ਸਤਨਾਮ ਨੇ ਚਰੀ ਦੇ ਰੁੱਗ ਲਗਾਉਣੇ ਸ਼ੁਰੂ ਕਰ ਦਿੱਤੇ। ਪੰਡਤ ਹੌਲੀ ਹੌਲੀ ਮਸ਼ੀਨ ਗੇੜ ਰਿਹਾ ਸੀ। ਸਤਨਾਮ ਨੇ ਕਿਹਾ ''ਪੰਡਤਾ ਜਿਵੇਂ ਜੁਬਾਨ ਚਲਾਉਨੈ ਮਸ਼ੀਨ ਵੀ ਓਵੇ ਚਲਾ ਜੇ ਆਹ ਚਾਲ ਰੱਖੀ ਤਾਂ ਦੇਖ ਲੈ ਤਿੰਨ ਭਰੀਆਂ ਪਈ ਐ ਜੇ ਛੇਤੀ ਹੱਥ ਚਲਾਏਂਗਾ ਤਾਂ ਜਲਦੀ ਖਹਿੜਾ ਛੁੱਟ ਜੂ'' ਇਹ ਸੁਣ ਪੰਡਿਤ ਤੇਜੀ ਨਾਲ ਮਸ਼ੀਨ ਚਲਾਉਣ ਲੱਗਾ। ਦਸਾਂ ਮਿੰਟਾਂ ਵਿੱਚ ਹੀ ਭਰੀ ਕੁਤਰੀ ਗਈ ਤੇ ਪੱਠੇ ਮਸ਼ੀਨ ਦੇ ਚੱਕਰ ਨਾਲ ਲੱਗਕੇ ਫੁਲਝੜੀ ਜੀ ਬਣਾਉਣ ਲੱਗੇ। ਪਸੀਨੇ ਨਾਲ ਪੰਡਤ ਤੇ ਮੱਥੇ ਤੇ ਲਗਾਇਆ ਅੰਬੈਸਡਰ ਕਾਰ ਦੇ ਬੰਪਰ ਵਰਗਾ ਤਿਲਕ ਪਸੀਨੇ ਵਿੱਚ ਵਹਿਕੇ ਪੱਠਿਆਂ 'ਚ ਰੁਲ ਚੁੱਕਾ ਸੀ। ਪਸੀਨੇ ਦੀਆਂ ਘਰਾਲਾਂ ਵਹਿ ਰਹੀਆਂ ਸਨ। ਦੂਸਰੀ ਭਰੀ ਦੇ ਦੋ ਕੁ ਰੁੱਗ ਰਹਿ ਗਏ ਸਨ। ਪੰਡਤ ਦੇ ਗਲ ਵਿੱਚ ਪਾਈ ਹਲਕੇ ਪੀਲੇ ਰੰਗ ਦੇ ਮਣਕਿਆਂ ਵਾਲੀ ਤੇ ਫਿੱਕੇ ਹਰੇ ਰੰਗ ਦੇ ਮਣਕਿਆਂ ਵਾਲੀ ਤੇ ਰੀਠਿਆਂ ਵਾਲੀ ਮਾਲਾ ਪੱਠੇ ਕੁਤਰਦੇ ਸਮੇਂ ਛਾਤੀ ਵਿੱਚ ਵੱਜ ਕੇ ਇੰਜ ਬੁੜਕ ਰਹੀ ਸੀ ਜਿਵੇਂ ਹੱਥੀਂ ਝੋਨਾ ਝਾੜਨ ਵਾਲੇ ਕਾਮਿਆਂ ਵਲੋਂ ਝੋਨੇ ਦਾ ਰੁੱਗ ਫੱਟੇ ਤੇ ਮਾਰਨ ਨਾਲ ਝੋਨੇ ਦੇ ਪੀਲੇ ਹਰੇ ਦਾਣੇ ਬੁੜਕਦੇ ਹਨ। ਜਦ ਆਥਣ ਦੇ ਲਈ ਪਾਉਣ ਜੋਗੇ ਪੱਠੇ ਬਣ ਗਏ ਤਾਂ ਸਤਨਾਮ ਕਿਹਾ ''ਪੰਡਤ ਜੀ ਦਮ ਲੈ ਲੋ ਮੈਂ ਆਹ ਟੋਕਰਾ ਪੱਠਿਆਂ ਦਾ ਖੁਰਲੀ ਵਿੱਚ ਸੁੱਟ ਆਵਾਂ - ਪੰਡਤਾ ਤੂੰ ਤਾਂ ਅੱਜ ਕਿਰਤੀ ਬੰਦੇ ਦੇ ਹੱਥ ਵਟਾਕੇ ਪੁੰਨ ਖੱਟ ਲਿਆ ਜਦੋਂ ਕਾਮਿਆਂ ਦਾ ਯੁੱਗ ਆਇਆ ਤਾਂ ਸਾਰੇ ਵਿਹਲੜਾਂ ਨੂੰ ਇੰਜ ਹੀ ਕਿਰਤ ਕਰਨੀ ਪਵੇਗੀ। ਤਵਾਰੀਖ ਦੇਰ ਕਰ ਸਕਦੀ ਹੈ ਹਨੇਰ ਨਹੀਂ - ਕਦੇ ਤਵਾਰੀਖ ਦੀ ਵੀ ਪੱਤਰੀ ਦੇਖ ਲਿਆ ਕਰੋ। ਬਾਕੀ ਪੰਡਤਾ ਤੇਰੇ ਪਸੀਨੇ ਦਾ ਮੁੱਲ ਮੋੜਾਂਗਾ ਸਤਵੀਰ ਨੂੰ ਕਹਿਨੈ ਕਿ ਪੰਡਿਤ ਜੀ ਵਾਸਤੇ ਸ਼ਿਕੰਜਵੀ ਤਿਆਰ ਕਰ ਲਵੇ।'' ਪੰਡਤ ਨੇ ਕੋਈ ਜਵਾਬ ਨਾ ਦਿੱਤਾ। ਉਸਦਾ ਦਮ ਪੱਟਿਆ ਹੋਇਆ ਸੀ ਤੇ ਉਹ ਲੰਬੇ ਲੰਬੇ ਸਾਹ ਲੈ ਰਿਹਾ ਸੀ। ਉਸਨੇ ਕੋਈ ਜਵਾਬ ਨਾ ਦਿੱਤਾ। ਪੱਠਿਆਂ ਦਾ ਟੋਕਰਾ ਖੁਰਲੀ ਵਿੱਚ ਸੁੱਟਣ ਲਈ ਜਾਂਦੇ ਸਤਨਾਮ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਸਨੇ ਇਹ ਪੰਡਤ ਨੂੰ ਕੰਮ ਤੇ ਲਾ ਕੇ ਆਪਣੇ ਅੰਦਰ ਇਨ੍ਹਾਂ ਪ੍ਰਤੀ ਵਰਿਆਂ ਦੀ ਪਈ ਚੀਹ 'ਚੋਂ ਕੁਝ ਹਿੱਸਾ ਅੱਜ ਖਾਰਜ ਕਰ ਦਿੱਤਾ ਹੋਵੇ। ਉਹ ਜਲਦੀ ਹੀ ਟੋਕਰਾ ਖੁਰਲੀ ਵਿੱਚ ਸੁੱਟਕੇ ਆਇਆ ਪੰਡਤ ਉਸੇ ਤਰ੍ਹਾਂ ਅੱਖਾਂ ਮੀਟੀ ਬੈਠਾ ਸੀ। ਸਤਨਾਮ ਨੇ ਕਿਹਾ, ''ਯਾਰ ਪੰਡਤਾ ਇੱਕ ਗੱਲ ਦੱਸ ਤੂੰ ਲੋਕਾਂ ਨੂੰ ਉਨ੍ਹਾਂ ਦਾ ਭਵਿੱਖ ਤੇ ਅਗਲਾ-ਪਿਛਲਾ ਦੱਸਦਾ ਫਿਰਦਾ ਏ ਰੇਖ ਵਿੱਚ ਮੇਖ ਮਾਰਦਾ ਏਂ, ਗ੍ਰਹਿ ਟਾਲ ਕੇ ਸੰਕਟ ਮੋਚਨ ਕਰਦਾ ਏਂ ਪਰ ਯਾਰ ਤੈਨੂੰ ਆਵਦੇ ਭਵਿੱਖ ਦਾ ਪਤਾ ਹੀ ਨਹੀਂ ਲੱਗਿਆ ਕਿ ਇਸ ਘਰ ਸਤਨਾਮ ਸਿੰਘ ਦੇ ਨਾਲ ਪੱਠੇ ਕੁਤਰਨੇ ਪੈਣਗੇ - ਤੈਨੂੰ ਨਹੀਂ ਲੱਗਦਾ ਕਿ ਆਪਣਾ ਕੋਈ ਪਿਛਲੇ ਜਨਮਾਂ ਦਾ ਕੋਈ ਲੈਣ-ਦੇਣ ਬਾਕੀ ਸੀ ਉਸਨੇ ਪੰਡਤ ਤੇ ਟਕੋਰ ਕੀਤੀ। ਪੰਡਤ ਫੇਰ ਵੀ ਕੁਝ ਨਾ ਬੋਲਿਆ ਤੇ ਉਹ ਪੱਠਿਆਂ ਦਾ ਦੂਸਰਾ ਟੋਕਰਾ ਖੁਰਲੀ ਵਿੱਚ ਸੁੱਟਕੇ ਜਦ ਤੂੜੀ ਵਾਲੇ ਅੰਦਰੋਂ ਤੂੜੀ ਲੈਣ ਗਿਆ ਤਾਂ ਪੰਡਤ ਬਿਜਲੀ ਵਰਗੀ ਤੇਜੀ ਨਾਲ ਉੱਠਿਆ ਤੇ ਦਲਾਨ ਦਾ ਅਰਲ ਖੋਹਲ ਕੇ ਭੱਜ ਗਿਆ। ਇਹ ਦੇਖਕੇ ਕੰਵਰਪਾਲ ਦੀ ਮਾਂ ਦਾ ਵਰਾਂਡੇ ਵਿੱਚ ਬੈਠੀ ਦਾ ਹਾਸਾ ਬੰਦ ਨਾ ਹੋਵੇ। ਜਦ ਸਤਨਾਮ ਖਾਲੀ ਟੋਕਰਾ ਲੈ ਕੇ ਮਸ਼ੀਨ ਕੋਲੇ ਆਇਆ ਤਾਂ ਪੰਡਤ ਉੱਥੇ ਨਹੀਂ ਸੀ। ਵਰਾਂਡੇ ਵਿੱਚ ਉਸਦੀ ਆਟੇ ਤੇ ਦਾਣਿਆਂ ਦੀ ਭਰੀ ਬਗਲੀ ਤੇ ਛਿਟੀ ਪੀਹੜੀ ਕੋਲ ਪਈ ਸੀ। ਪੁਰਾਣੀ ਜੇਹੀ ਪੱਤਰੀ ਦੇ ਖਾਕੀ ਜੇਹੇ ਵਰਕਿਆਂ ਦੀ ਇਬਾਰਤ ਪੰਡਤ ਨੂੰ ਉਡੀਕ ਰਹੀ ਸੀ।
No comments:
Post a Comment