ਜੱਟ ਦੀ ਪਸੰਦ: ਸ਼ਮਸ਼ੇਰ ਸੰਧੂ

ਬਲਰਾਜ ਸਿੱਧੂ, ਬ੍ਰਮਿੰਘਮ, (ਯੂ.ਕੇ.)
ਮੈਂ ਤੇ ਨਿੰਦਰ ਘੁੰਗਆਣਵੀ ਚੰਡੀਗੜ੍ਹ ਗਏ। ਨਿੰਦਰ ਕਹਿਣ ਲੱਗਾ ਟ੍ਰਿਬਿਉਨ ਦੇ ਦਫਤਰ ਚੱਲਦੇ ਹਾਂ ਮੈਂ ਲੇਖ ਦੇ ਕੇ ਆਉਣਾ ਹੈ।ਮੈਂ ਕਿਹਾ, "ਚੱਲ, ਟ੍ਰਿਬਿਉਨ ਦਾ ਸਹਾਇਕ ਸੰਪਾਦਕ ਦਲਵੀਰ ਸਿੰਘ ਮੇਰਾ ਮਿੱਤਰ ਹੈ। ਉਹਨੂੰ ਵੀ ਬਹਾਨੇ ਨਾਲ ਮਿਲ ਹੋ ਜਾਊਗਾ।ਉਹਨਾਂ ਨੇ ਪਿਛਲੇ ਹਫਤੇ ਐਤਵਾਰ ਦੀ ਐਡੀਸ਼ਨ ਵਿਚ ਮੇਰਾ ਲੇਖ 'ਪਿਆਰ ਪਿਆਰ ਪਿਆਰ' ਬਹੁਤ ਵਧੀਆ ਕਰਕੇ ਛਾਪਿਆ ਸੀ, ਉਸਦਾ ਧੰਨਵਾਦ ਵੀ ਕਰ ਦੇਵਾਂਗੇ।"
ਟ੍ਰਿਬਿਊਨ ਦੇ ਦਫਤਰ ਦੀਆਂ ਪੌੜ੍ਹੀਆਂ ਚੜ੍ਹਦਿਆਂ ਹੋਇਆਂ ਮੈਂ ਨਿੰਦਰ ਨੂੰ ਕਿਹਾ, "ਯਾਰ ਇਥੇ ਤਾਂ ਆਪਣਾ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਵੀ ਕੰਮ ਕਰਦੈ। ਆਪਾਂ ਉਹਨੂੰ ਜ਼ਰੂਰ ਮਿਲ ਕੇ ਜਾਣਾ ਹੈ। ਮੇਰੇ ਇਲਾਕੇ ਦਾ ਹੈ। ਉਹ ਸਿਧਵਾਂ ਬੇਟ ਕੋਲ ਮਦਾਰੇ ਦਾ।"
ਨਿੰਦਰ ਕਹਿੰਦਾ, "ਠੀਕ ਹੈ ਜੇ ਹੋਇਆ ਤਾਂ ਮਿਲ ਲਵਾਂਗੇ।"
ਅਸੀਂ ਸਿੱਧਾ ਸੰਪਾਦਕ ਦੇ ਦਫਤਰ ਵਿਚ ਦਲਬੀਰ ਸਿੰਘ ਕੋਲ ਜਾ ਬੈਠੇ। ਸਿੰਗਾਰਾ ਸਿੰਘ ਭੁੱਲਰ ਮੁੱਖ ਸੰਪਾਦਕ ਸੀ। ਉਹਨਾਂ ਦਿਨਾਂ ਵਿਚ ਮੈਂ ਇਕ ਪੁਲਿਸ ਕੇਸ ਵਿਚ ਕਸੁਤਾ ਫਸਿਆ ਸੀ। ਮੈਨੂੰ ਕਿਸੇ ਨੇ ਕਿਹਾ ਸੀ।ਭੁੱਲਰ ਤੇਰੀ ਮਦਦ ਕਰ ਸਕਦਾ ਹੈ। ਭੁੱਲਰ ਨੂੰ ਮੈਂ ਪਹਿਲੀ ਵਾਰ ਮਿਲਿਆ ਸੀ। ਗੱਲਾਂਬਾਤਾਂ ਕਰਦੇ ਤੇ ਚਾਹ ਪਾਣੀ ਪੀ ਰਹੇ ਸੀ ਕਿ ਐਨੇ ਨੂੰ ਮੇਰੇ ਪਿਛਿਉਂ ਕਿਸੇ ਨੇ ਆ ਕੇ ਮਾਰਕ ਕਰਨ ਲਈ ਇਕ ਸਫਾ ਮੇਜ਼ 'ਤੇ ਰੱਖ ਦਿੱਤਾ। ਮੈਂ ਪਿਛੇ ਦੇਖਿਆ ਤਾਂ ਇਹ ਸਫਾਰੀ ਸੂਟ ਪਾਈ, ਹਰੀ ਪੱਗ ਬੰਨ੍ਹੀ ਖੜ੍ਹਾ ਬਾਈ ਸ਼ਮਸ਼ੇਰ ਸੰਧੂ ਸੀ। ਨਿੰਦਰ ਨੂੰ ਤਾਂ ਉਹ ਜਾਣਦਾ ਸੀ। ਪਰ ਮੈਨੂੰ ਉਸ ਨੇ ਨਹੀਂ ਸੀ ਦੇਖਿਆ। ਦਲਬੀਰ ਸਿੰਘ ਨੇ ਸੰਧੂ ਨੂੰ ਮੇਰੇ ਵੱਲ ਇਸ਼ਾਰਾ ਕਰ ਕੇ ਕਿਹਾ, "ਪਤੈ ਇਹ ਮੁੰਡਾ ਕੌਣ ਐ?... ਇੰਗਲੈਂਡ ਦਾ ਚਰਚਿਤ ਕਹਾਣੀਕਾਰ ਬਲਰਾਜ ਸਿੱਧੂ।"
"ਉਹ ਅੱਅਛਾ ਅੱਛਾ।" ਸੰਧੂ ਨੇ ਮੇਰੇ ਵੱਲ ਦੇਖਿਆ।
ਮੈਂ ਅਦਬ ਨਾਲ ਖੜ੍ਹਾ ਹੋ ਕੇ ਮਿਲਾਉਣ ਲਈ ਹੱਥ ਕੱਢਿਆ ਤਾਂ ਸੰਧੂ ਨੇ ਮੇਰਾ ਹੱਥ ਫੜ੍ਹ ਕੇ ਮੈਨੂੰ ਕਲਾਵੇ ਵਿਚ ਲੈ ਲਿਆ, "ਮੇਰਾ ਦਫਤਰ ਹੇਠਲੀ ਮੰਜ਼ਿਲ 'ਤੇ ਹੈ। ਜਾਂਦਾ ਹੋਇਆ ਮਿਲ ਕੇ ਜਾਈਂ।"
"ਜੀ ਜ਼ਰੂਰ, ਮੈਂ ਆਪ ਤੁਹਾਨੂੰ ਮਿਲਣਾ ਚਾਹੁੰਦਾ ਸੀ ਹਜ਼ੂਰ।"
ਸੰਧੂ ਚਲਾ ਗਿਆ ਤੇ ਮੈਂ ਬੈਠ ਗਿਆ।ਮੱਠੀਆਂ ਖਾਹ ਕੇ ਅਸੀਂ ਦਲਬੀਰ ਸਿੰਘ ਤੋਂ ਵਿਦਾਅ ਲੈ ਕੇ ਸੰਧੂ ਦੇ ਦਫਤਰ ਵਿਚ ਜਾ ਬੈਠੇ।ਸਾਹਿਤ, ਸੰਗੀਤ ਅਤੇ ਨਿੱਜੀ ਜ਼ਿੰਦਗੀ ਬਾਰੇ ਸਾਡੀਆਂ ਗੱਲਾਂ ਹੁੰਦੀਆਂ ਰਹੀਆਂ।ਮੈਂ ਸੰਧੂ ਨੂੰ ਦੱਸਿਆ ਕਿ ਮੈਂ ਜਗਰਾਮਾਂ ਦਾ ਹਾਂ ਤੇ ਮੇਰੇ ਦਾਦਕੇ ਤੇ ਨਾਨਕਿਆਂ ਦੇ ਐਨ ਵੱਖੀ ਉੱਤੇ ਉਹਦਾ ਪਿੰਡ ਮਦਾਰਾ ਹੈ। ਇਹ ਸੁਣ ਕੇ ਉਸਦੀਆਂ ਗੱਲਾਂ ਵਿਚ ਹੋਰ ਵੀ ਅਪਨਾਪਨ ਛਲਕ ਪਿਆ। ਮੈਂ ਸੰਧੂ ਦੀਆਂ ਕਈ ਕਹਾਣੀਆਂ ਬਾਰੇ ਉਸ ਕੋਲ ਜ਼ਿਕਰ ਕੀਤਾ। ਉਸਦੀ ਇਕ ਕਹਾਣੀ 'ਗੱਛਾ ਨਚਾਰ' ਮੈਨੂੰ ਬਹੁਤ ਪਸੰਦ ਸੀ।ਉਹਦੀਆਂ ਕਹਾਣੀਆਂ ਵਿਚੋਂ ਸਾਡੇ ਪਿੰਡ ਬੋਲਦੇ ਹਨ। ਉਹਨਾਂ ਦਿਨਾਂ ਵਿਚ ਸੰਧੂ ਦਾ ਗੀਤ 'ਤੂੰ ਨ੍ਹੀਂ ਬੋਲਦੀ ਰਕਾਨੇ ਤੂੰ ਨ੍ਹੀਂ ਬੋਲਦੀ। ਤੇਰੇ 'ਚੋਂ ਤੇਰਾ ਯਾਰ ਬੋਲਦਾ।' ਬਹੁਤ ਹਿੱਟ ਹੋਇਆ ਸੀ। ਇਕ ਹੋਰ ਗੀਤ ਸੰਧੂ ਦਾ ਉਦੋਂ ਕਾਫੀ ਚੱਲ ਰਿਹਾ ਸੀ, 'ਜੱਟ ਦੀ ਪਸੰਦ ਜੱਟ ਨੇ ਵਿਆਹਣੀ ਐ।' ਇਸ ਗੀਤ ਵਿਚ ਇਕ ਸੱਤਰ ਆਉਂਦੀ ਸੀ, 'ਬਾਹਮਣਾਂ ਦੀ ਨਹੀਂ ਜੱਟ ਦੀ ਇਹ ਯਾਰੀ ਹੈ।' ਇਸਦਾ ਪਡੰਤਾਂ ਦੇ ਮੁੰਡਿਆਂ ਨੇ ਕਾਫੀ ਇਤਰਾਜ਼ ਕੀਤਾ ਸੀ।
ਮੈਂ ਸੰਧੂ ਨੂੰ ਸੁਆਲ ਕੀਤਾ, "ਬਾਹਮਣਾਂ ਦੀ ਤਸ਼ਬੀਹ ਦੇਣ ਦੀ ਬਜਾਏ ਕੋਈ ਹੋਰ ਨਹੀਂ ਸੀ ਦਿੱਤੀ ਜਾ ਸਕਦੀ?"
"ਆਪਣੇ ਪਿੰਡਾਂ ਦੀ ਬੋਲੀ ਹੈ ਹੀ ਇਹੋ ਜਿਹੀ ਐ, ਮੈਂ ਕੀ ਕਰਾਂ?"
ਇਸ ਇਤਰਾਜ਼ ਦਾ ਸੰਧੂ ਨੂੰ ਇਕ ਇਹ ਫਾਇਦਾ ਹੋ ਗਿਆ ਕਿ ਲੋਕਾਂ ਦਾ ਧਿਆਨ ਕੇਵਲ 'ਬਾਹਮਣਾਂ' ਸ਼ਬਦ ਉੱਤੇ ਕੇਦ੍ਰਿਤ ਹੋ ਕੇ ਰਹਿ ਗਿਆ ਤੇ ਕਿਸੇ ਨੇ ਗੌਰ ਨਹੀਂ ਕੀਤੀ ਕਿ ਇਸ ਗੀਤ ਵਿਚ ਇਕ ਕਾਫੀਆ ਦੋਸ਼ ਵੀ ਹੈ, ਜੋ ਸ਼ਾਇਦ ਸੰਧੂ ਨੂੰ ਵੀ ਨਹੀਂ ਪਤਾ ਹੋਵੇਗਾ। ਜੋ ਹੁਣ ਤੱਕ ਢੱਕਿਆ ਹੀ ਰਹਿ ਗਿਆ ਹੈ।ਸੰਧੂ ਨੇ 'ਤੂੰ ਨ੍ਹੀਂ ਬੋਲਦੀ ਰਕਾਨੇ ਦਾ' ਜੁਆਬ ਲਿਖਿਆ ਸੀ ਜੋ ਉਸ ਨੇ ਅਜੇ ਰਿਕਾਰਡ ਕਰਨਾ ਸੀ। ਸੰਧੂ ਸਾਨੂੰ ਉਹ ਸੁਣਾਉਣ ਲੱਗ ਪਿਆ।ਹੋਰ ਵੀ ਉਸਨੇ ਕਈ ਗੀਤ ਸੁਣਾਏ। ਅਸੀਂ ਅੱਧੇ ਪੌਣੇ ਘੰਟੇ ਬਾਅਦ ਸੰਧੂ ਨੂੰ ਅਲਵਿਦਾ ਆਖ ਕੇ ਆ ਗਏ।
ਸੰਧੂ ਦਾ ਮੇਰੇ 'ਤੇ ਕਾਫੀ ਪ੍ਰਭਾਵ ਪੈ ਗਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਉਸ ਨੂੰ ਆਕੜਖੋਰ ਸਮਝਦਾ ਹੁੰਦਾ ਸੀ। ਪਰ ਉਹ ਸਾਡੇ ਨਾਲ ਬਹੁਤ ਪਿਆਰ ਅਤੇ ਸਲੀਕੇ ਨਾਲ ਪੇਸ਼ ਆਇਆ ਸੀ। ਗੱਡੀ ਵਿਚ ਬੈਠਦਿਆਂ ਹੀ ਮੈਂ ਨਿੰਦਰ ਕੋਲ ਸੰਧੂ ਦਾ ਗੁਣਗਾਨ ਸ਼ੂਰੂ ਕਰ ਦਿੱਤਾ, "ਨਿੰਦਰਾ, ਇਹ ਤਾਂ ਬੜ੍ਹਾ ਨਾਇਸ ਬੰਦੈ ਯਾਰ।… ਇਹ ਪਹਿਲਾਂ ਕਹਾਣੀਕਾਰ ਬਣ ਕੇ ਉਭਰਿਆ। ਫਿਰ ਇਹ ਰੇਖਾ ਚਿੱਤਰ ਲਿਖਣ ਲੱਗ ਪਿਆ। ਇਹਦਾ ਗਾਇਕਾਂ ਨਾਲ ਸੰਪਰਕ ਬਣ ਗਿਆ ਤੇ ਇਹ ਗੀਤਕਾਰ ਬਣ ਗਿਆ।ਮੇਰੇ ਨਾਲ ਵੀ ਏਕਣ ਹੀ ਹੋਇਆ। ਨਾਲੇ ਅਖਬਾਰਾਂ ਦੀਆਂ ਨੌਕਰੀਆਂ। ਮੇਰੀਆਂ ਤੇ ਇਹਦੀਆਂ ਕਈ ਗੱਲਾਂ ਰਲਦੀਆਂ। ਸਾਡੇ ਗੋਤਾਂ ਵਿਚ ਵੀ ਸੇਮ ਹੀ ਅੱਖਰ ਨੇ ਬਸ ਲਗਾਂ ਮਾਤਰਾ ਦਾ ਵੀ ਫਰਕ ਐ।… ਸੰਧੂ, ਬਿੰਦਰਖੀਏ ਤੇ ਅਤੁਲ ਸ਼ਰਮੇ ਦੀ ਤਿਕੜੀ ਏਸ ਵੇਲੇ ਚੋਟੀ 'ਤੇ ਐ। ਕੋਈ ਗੀਤ ਭੁੰਜੇ ਨ੍ਹੀਂ ਡਿੱਗਣ ਦਿੰਦੇ। ਧੂੜਾਂ ਪੱਟੀ ਜਾਂਦੇ ਨੇ।…"
ਨਿੰਦਰ ਬਿਮਾਰ ਕੁਕੜੀ ਵਾਂਗ ਗਰਦਨ ਢਿੱਲੀ ਕਰਕੇ ਅੱਧਸੁੱਤਾ ਜਿਹਾ ਹੋ ਗਿਆ।
ਮੈਂ ਥਰੀਕੇ ਗਿਆ ਤਾਂ ਸੰਧੂ ਬਾਰੇ ਗੱਲ ਚੱਲ ਪਈ। ਬਾਈ ਦੇਵ ਕਹਿਣ ਲੱਗਾ, "ਸੰਧੂ ਦਾ ਲੇਖ ਪੜ੍ਹਿਐ? ਲਿਖਦੈ ਮਲਕੀਤ ਦੀ ਅਵਾਜ਼ ਜ਼ੁਕਾਮੀ ਹੋਈ ਐ।"
ਮੈਂ ਸੁਣ ਕੇ ਹੈਰਾਨ ਹੋ ਗਿਆ।ਐਨਾ ਜ਼ਿੰਮੇਵਾਰ ਬੰਦਾ ਇਸ ਤਰ੍ਹਾਂ ਕਿਵੇਂ ਲਿਖ ਸਕਦਾ ਹੈ? ਐਮ ਬੀ ਈ ਗੋਲਡਨ ਸਟਾਰ ਮਲਕੀਤ ਤਾਂ ਕਈ ਵਰ੍ਹਿਆਂ ਤੋਂ ਗਾਇਕੀ 'ਤੇ ਰਾਜ ਕਰ ਰਿਹਾ ਹੈ। ਉਸਦਾ ਨਾਂ ਤਾਂ ਗਿਨੀਜ਼ ਬੁੱਕ 'ਚ ਦਰਜ਼ ਹੈ। ਮੈਂ ਅਚਾਨਕ ਬੋਲ ਪਿਆ, "ਭਲਾਂ ਮਲਕੀਤ ਨੇ ਸੰਧੂ ਦਾ ਕੋਈ ਗੀਤ ਗਾਇਐ?"
"ਮੈਨੂੰ ਨ੍ਹੀਂ ਲਗਦੈ।"
"ਬਸ ਫੇਰ। ਇਕ ਚੋਟੀ ਦਾ ਗੀਤਕਾਰ, ਦੂਜਾ ਪੱਤਰਕਾਰ, ਤੀਜਾ ਟੌਪ ਦੇ ਅਖਬਾਰ ਦੀ ਨੌਕਰੀ ਤੇ ਚੌਥਾ ਜੱਟ ਤੇ ਫੇਰ ਉਹਵੀ ਮਾਲਵੇ ਦਾ। ਸੰਧੂ 'ਚ ਜੱਟਵਾਦ ਆ ਗਿਆ ਹੋਣੈ। ਕਹਿੰਦਾ ਹੋਊ ਵੱਡਿਆ ਗਾਇਕਾ ਲਿਆ ਤੈਨੂੰ ਕਲਮ ਦੀ ਤਾਕਤ ਦਿਖਾਈਏ… 'ਮੂੰਹੋਂ ਕੱਢੀ ਗੱਲ ਪੂਰੀ ਮੈਂ ਪੁਗਾਉਣੀ ਐ, ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ' ਮਲਕੀਤ ਨੂੰ ਇੰਗਲੈਂਡ ਜਾ ਕੇ ਕਹੂੰ ਸੰਧੂ ਦਾ ਇਕ ਗੀਤ ਕਰ ਲੈ। ਆਪੇ ਅਗਲੇ ਲੇਖ ਵਿਚ ਉਹਨੂੰ ਨੁਸਰਤ ਦੇ ਸਿਰ 'ਤੇ ਬਹਾ'ਦੂ।"
ਅਸੀਂ ਹੱਸ ਪਏ।

No comments:

Post a Comment