ਹਮ ਬੋਲੇਗਾ ਤੋ ਬੋਲੋਗੇ ਕਿ ਬੋਲਤਾ ਹੈ (2)

ਅਥਾਹ ਪੀੜਾਂ ਦੀ ਪੰਡ ਚੁੱਕੀ ਫਿਰਦੇ ਲੋਕ.....ਸ਼ਿਵਚਰਨ ਜੱਗੀ ਕੁੱਸਾ
6 ਅਪ੍ਰੈਲ 2009 ਨੂੰ ਸਵੇਰੇ ਇਟਲੀ ਵਿਚ ਆਏ ਭਿਆਨਕ ਭੂਚਾਲ਼ ਨੇ ਮੇਰੀਆਂ ਯਾਦਾਂ ਨੂੰ ਇਕ ਵਾਰ ਫ਼ਿਰ ਲਹੂ ਲੁਹਾਣ ਕਰ ਦਿੱਤਾ! ਸੋਚਿਆ, ਕੀ ਐ ਬੰਦੇ ਦਾ..? ਪਲ ਭਰ ਦਾ ਵੀ ਭਰੋਸਾ ਨਹੀਂ..! ਸਾਰੀ ਉਮਰ 'ਮੇਰੀ-ਮੇਰੀ' ਕਰਦਾ ਰਹਿੰਦਾ ਹੈ ਅਤੇ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਮੌਤ ਨੇ ਵਾਰੰਟ ਲੈ ਕੇ ਦਰਵਾਜੇ 'ਤੇ ਆ ਖੜ੍ਹਨਾ ਹੈ? ...ਕ੍ਰਿਸਮਿਸ 1998 ਤੋਂ ਪਹਿਲਾਂ ਮੇਰਾ ਅਤੇ ਮੇਰੇ ਗੋਰੇ ਮਿੱਤਰ ਮਾਰਟਿਨ ਦਾ ਇਟਲੀ ਜਾਣ ਦਾ ਪ੍ਰੋਗਰਾਮ ਬਣਿਆਂ। ਜਿਤਨਾ ਚਾਅ ਅਤੇ ਉਤਸ਼ਾਹ ਅਸੀਂ ਆਪਣੇ ਹਿਰਦਿਆਂ ਵਿਚ ਵਸਾ ਕੇ ਗਏ ਸੀ, ਉਸ ਤੋਂ ਕਿਤੇ ਵੱਧ ਦੁੱਖ-ਦਰਦ ਮਨਾਂ 'ਤੇ ਲੱਦ ਅਸੀਂ ਆਸਟਰੀਆ ਵਾਪਿਸ ਪਰਤੇ! ਇਟਲੀ ਵਿਚ 1997-1998 ਵਿਚ
ਕਈ ਵਾਰ ਭੂਚਾਲ ਆ ਚੁੱਕਾ ਸੀ। ਸ਼ਹਿਰਾਂ ਵਿਚ ਤਾਂ ਨੁਕਸਾਨ ਘੱਟ ਹੋਇਆ, ਪਰ 'ਪਾਰਮਾ' ਸ਼ਹਿਰ ਤੋਂ ਪਰ੍ਹੇ ਤਾਂ ਲੋਕਾਂ ਦੀ ਤਬਾਹੀ ਦੇਖੀ ਨਹੀਂ ਸੀ ਜਾਂਦੀ। ਰੰਗੀਂ ਵਸਦੇ ਲੋਕ ਉਜੜੇ, ਚਾਰ-ਚਾਰ ਪੁੱਤਰਾਂ ਦੀਆਂ ਮਾਵਾਂ ਦੀਆਂ ਗੋਦਾਂ ਸੱਖਣੀਆਂ ਹੋਈਆਂ, ਭਰੇ-ਭਕੁੰਨੇ ਘਰਾਂ ਦੇ ਮਾਲਕ ਉਖੜੀਆਂ ਸੜਕਾਂ Ḕਤੇ ਆ ਗਏ...।
ਸੜਕ 'ਤੇ ਇਕ 75 ਕੁ ਸਾਲ ਦੀ ਅੰਡੇ ਵੇਚਦੀ ਬਿਰਧ ਮਾਈ ਦਾ ਜਦੋਂ ਅਸੀਂ ਪ੍ਰਤੀਕਰਮ ਜਾਨਣਾ ਚਾਹਿਆ ਤਾਂ ਉਹ ਅੱਖਾਂ ਭਰ ਕੇ ਬੋਲੀ, "ਜਦੋਂ ਭੂਚਾਲ ਦੇ ਝਟਕੇ ਲੱਗਦੇ ਹਨ ਤਾਂ ਅਸੀਂ ਉਪਰ ਅਸਮਾਨ ਵੱਲ ਦੇਖਣ ਲੱਗ ਪੈਂਦੇ ਹਾਂ ਕਿ ਸ਼ਾਇਦ ਰੱਬ ਸਾਡੀ ਮੱਦਦ ਲਈ ਉਤਰ ਹੀ ਆਵੇ!" ਅਤੇ ਫਿਰ ਪੂਰਾ ਸਾਹ ਲੈ ਕੇ ਉਹ ਗੰਭੀਰਤਾ ਨਾਲ ਬੋਲੀ, "ਅਸੀਂ ਤਾਂ ਇਸ ਆਸ ਵਿਚ ਹੀ ਦਿਨ-ਕਟੀ ਕਰ ਰਹੇ ਹਾਂ ਕਿ ਰੱਬ ਸਾਡੇ ਉਪਰ ਜ਼ਰੂਰ ਰਹਿਮਤ ਕਰੇਗਾ।" ਉਸ ਮਾਈ ਦੇ ਬੋਲਾਂ ਵਿਚ ਗੁੱਸਾ, ਆਸ ਅਤੇ ਮਾਯੂਸੀ ਫ਼ੈਲੀ ਹੋਈ ਸੀ। ਦੋ ਵੱਡੇ ਭੂਚਾਲਾਂ ਨਾਲ ਬੁਰੀ ਤਰ੍ਹਾਂ ਤਬਾਹ ਹੋਏ ਲੋਕ ਆਪਣੇ ਦਿਲਾਂ ਅੰਦਰ ਅਥਾਹ ਪੀੜਾਂ ਸਮਾਈ, ਮੁੜ ਵਸੇਬੇ ਦੀ ਆਸ ਵਿਚ ਦਿਨ ਤੋੜ ਰਹੇ ਹਨ।
26 ਸਤੰਬਰ 1997 ਨੂੰ ਅਤੇ ਉਸ ਤੋਂ ਬਾਅਦ ਪੂਰੇ ਨੌਂ ਘੰਟੇ ਬਾਅਦ ਆਏ ਦੋ ਵੱਡੇ ਭੂਚਾਲਾਂ ਨੇ ਇਟਲੀ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਜੜ੍ਹੋਂ ਪੁੱਟ ਕੇ ਰੱਖ ਦਿੱਤਾ ਸੀ। ਮਿਰਸਾਲੀ-ਸਕਾਲਾ ਇਲਾਕੇ ਵਿਚ ਚਾਰ-ਪੰਜ ਵਾਰ ਕਈ-ਕਈ ਮਿੰਟ ਧਰਤੀ ਉਪਰੋਥਲੀ ਹੁੰਦੀ ਰਹੀ। ਲੂਈਸਾ ਸੇਰੀਨਾਂ ਦੇ ਦੱਸਣ ਮੁਤਾਬਿਕ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਆਨੀਫ਼ੋ ਨਾਂ ਦੇ ਪਿੰਡ ਵਿਚ ਇਕ ਨਵਾਂ ਮਕਾਨ ਉਸਾਰਿਆ ਸੀ। ਜਿਸ ਵਿਚ ਉਹ ਵਿਧਵਾ ਕੁੜੀ ਆਪਣੇ ਅਪਾਹਜ ਪੁੱਤਰ ਕਾਰਲੋ ਨਾਲ ਸੋਹਣੀ ਦਿਨ-ਕਟੀ ਕਰ ਰਹੀ ਸੀ। ਪਰ ਭੂਚਾਲ ਉਸ ਦੀ ਜ਼ਿੰਦਗੀ ਵਿਚ ਇਕ ਐਸਾ ਪੱਥਰ ਬਣ ਕੇ ਡਿੱਗਿਆ ਕਿ ਉਹ ਲੱਖਾਂ ਤੋਂ ਕੱਖ ਹੋ ਕੇ ਰਹਿ ਗਈ। ਬੈਂਕ ਦਾ ਕਰਜ਼ਾ ਜਿਉਂ ਦਾ ਤਿਉਂ ਸਿਰ ਖੜ੍ਹਾ, ਦੈਂਤ ਵਾਂਗ ਡਰਾ ਰਿਹਾ ਹੈ, ਪਰ ਮਾਂ-ਬੇਟੇ ਕੋਲ ਸਿਰ ਢਕਣ ਨੂੰ ਵੀ ਜਗਾਹ ਨਹੀਂ ਸੀ। ਆਨੀਫ਼ੋ ਨਾਂ ਦਾ ਪਿੰਡ ਖੰਡਰਾਂ ਵਿਚ ਬਦਲ ਚੁੱਕਾ ਸੀ ਅਤੇ ਕਿਸੇ ਪਿੰਡ ਵਾਸੀ ਨੂੰ, ਇਸ ਨੂੰ ਦੁਬਾਰਾ ਉਸਾਰੇ ਜਾਣ ਦੀ ਆਸ ਨਹੀਂ ਸੀ। ਇਸ ਪਿੰਡ ਵਿਚ 250 ਵਸਨੀਕ ਸਨ। ਇੱਥੋਂ ਤੀਹ ਕਿਲੋਮੀਟਰ ਦੂਰ ਇਕ ਫ਼ੋਲੀਰਾਨੋਂ ਨਾਂ ਦਾ ਪਿੰਡ, ਇਕ 870 ਮੀਟਰ ਉਚੀ ਪਹਾੜੀ 'ਤੇ ਵਸਿਆ ਹੋਇਆ ਸੀ। ਭਿਆਨਕ ਭੂਚਾਲ ਦੌਰਾਨ ਇਕ ਪਹਾੜੀ ਦੋ ਹਿੱਸਿਆਂ ਵਿਚ ਫ਼ਟ ਗਈ ਅਤੇ ਅੱਧਾ ਪਿੰਡ ਇਸ ਦੇ ਪਾੜ ਵਿਚ ਗਰਕ ਹੋ ਗਿਆ। ਬਾਕੀ ਬਚੇ ਪਿੰਡ ਦਾ ਹਿੱਸਾ ਵੀ ਡਿੱਗੂੰ-ਡਿੱਗੂੰ ਕਰਦਾ ਸੀ। ਆਪਣੇ ਬਚਾਓ ਲਈ ਮਾਵਾਂ ਪੰਘੂੜ੍ਹਿਆਂ ਵਿਚ ਸੁੱਤੇ ਮਾਲੂਕੜੇ ਬਾਲ ਛੱਡ ਕੇ ਦੌੜ ਤੁਰੀਆਂ। ਮਾਂ-ਮਮਤਾ ਦੀ ਛਾਂ ਇਕ ਪਸੀਜੇ ਹਾਉਕੇ ਵਿਚ ਵਟ ਕੇ ਰਹਿ ਗਈ।
ਨੋਸੇਰਾ ਉਮਬਾਰਾ ਅਤੇ ਸੇਲਾਨੋ ਜਿਹੇ ਪੁਰਾਣੇ ਇਤਿਹਾਸਕ ਪਿੰਡ ਵੀ ਇਸ ਭਿਆਨਕ ਭੂਚਾਲ ਦੇ ਕਹਿਰ-ਕਰੋਧ ਤੋਂ ਨਹੀਂ ਬਚ ਸਕੇ। ਇਹਨਾਂ ਪਿੰਡਾਂ ਦੇ ਲੋਕਾਂ ਦਾ ਵਿਚਾਰ ਸੀ ਕਿ ਅੱਬਲ ਤਾਂ ਇਹ ਬਿਲਕੁਲ ਹੀ ਨਹੀਂ ਉਸਾਰੇ ਜਾਣਗੇ, ਅਗਰ ਗੌਰਮਿੰਟ ਵੱਲੋਂ ਪਹਿਲ-ਕਦਮੀ ਹੋਈ ਤਾਂ ਇਹਨਾਂ ਨੂੰ ਉਸਾਰਨ ਲਈ ਦਹਾਕੇ ਲੱਗ ਜਾਣਗੇ। ਅੱਛੀ ਪੜ੍ਹੀ ਲਿਖੀ ਲੂਈਸਾ ਸੇਰੀਨਾ ਕਹਿੰਦੀ ਹੈ, "ਗੌਰਮਿੰਟ ਦੀਆਂ ਨਜ਼ਰਾਂ ਵਿਚ ਤਾਂ ਸਾਰਾ ਕੁਝ ਨਾਰਮਲ ਹੀ ਹੈ।" ਜਦੋਂ ਮੈਂ ਲੂਈਸਾ ਸੇਰੀਨਾ ਨੂੰ ਪਾਪੀ ਪੇਟ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮੈਂ ਆਪਣਾ ਸ਼ਿਕਾਰੀ ਕੁੱਤਾ ਲੈ ਕੇ ਖੇਤਾਂ ਵਿਚ ਚਲੀ ਜਾਂਦੀ ਹਾਂ। ਉਥੇ ਇਹ ਕੋਈ ਖ਼ਰਗੋਸ਼ ਬਗੈਰਾ ਮਾਰ ਲੈਂਦਾ ਹੈ ਅਤੇ ਅਸੀਂ ਤਿੰਨੇ 'ਕਾਲਜਾ ਧਾਫ਼ੜ' ਲੈਂਦੇ ਹਾਂ। ਕਦੇ ਕੋਈ ਸ਼ਿਕਾਰ ਨਹੀਂ ਮਿਲਦਾ ਤਾਂ ਸਾਨੂੰ ਭੁੱਖੇ ਹੀ ਸੌਣਾ ਪੈਂਦਾ ਹੈ।
ਹੁਣ ਇਹਨਾਂ ਪਿੰਡਾਂ ਵਿਚ ਅਵਾਰਾ ਬਿੱਲੀਆਂ, ਕੁੱਤਿਆਂ ਅਤੇ ਖਿੱਲਰੇ ਮਲਬੇ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ। ਇਸ ਇਲਾਕੇ ਦੇ ਸੈਂਕੜੇ ਘਰ ਮਲਬੇ ਵਿਚ ਬਦਲ ਚੁੱਕੇ ਸਨ। ਇਸ ਕੁਦਰਤੀ ਤਬਾਹੀ ਨੂੰ ਅੱਖੀਂ ਦੇਖਣ ਵਾਲਿਆਂ ਦੇ ਕਥਨ ਸੀ, "ਇਹ ਇਤਨਾ ਦਿਲ-ਹਿਲਾਊ ਦ੍ਰਿਸ਼ ਸੀ ਕਿ ਭੂਚਾਲ ਦੌਰਾਨ ਪੁਰਾਣੇ ਤੋਂ ਪੁਰਾਣੇ ਦਰੱਖ਼ਤ ਵੀ ਗਰਨ੍ਹਿਆਂ ਦੀਆਂ ਤੀਲਾਂ ਵਾਂਗ ਉਪਰ ਨੂੰ ਉਡ ਕੇ ਫਿਰ ਧਰਤੀ 'ਤੇ ਡਿੱਗੇ ਅਤੇ ਸਾਡੇ ਦੇਖਦਿਆਂ-ਦੇਖਦਿਆਂ ਖੰਡਰ ਬਣ ਗਏ।" ਇਕ ਹੋਰ ਵਿਅਕਤੀ ਦਾ ਕਹਿਣਾਂ ਸੀ ਕਿ ਮੇਰੀ 72 ਸਾਲ ਦੀ ਦਾਦੀ ਮੇਰੇ ਸਾਹਮਣੇ ਮਲਬੇ ਹੇਠ ਦੱਬੀ ਗਈ, ਪਰ ਮੈਂ ਉਸ ਨੂੰ ਬਚਾ ਨਾ ਸਕਿਆ। ਉਹ ਪਨੀਰ ਬਣਾਉਣ ਅਤੇ ਪਸ਼ੂ ਪਾਲਣ ਵਿਚ ਮੇਰੀ ਮੱਦਦ ਕਰਦੀ ਸੀ।
ਇਕ 77 ਸਾਲਾ ਜੋਇਸੇਪਾ ਓਰਾਸੀ ਦਾ ਕਹਿਣਾ ਸੀ, "ਮੇਰਾ ਸਾਰਾ ਪ੍ਰੀਵਾਰ ਹੀ ਮਾਰਿਆ ਗਿਆ-ਕਿੰਨਾ ਚੰਗਾ ਹੁੰਦਾ ਕਿ ਮੈਂ ਵੀ ਨਾਲ ਹੀ ਮਰ ਜਾਂਦਾ।" ਤੇ ਉਹ ਭੁੱਬੀਂ ਰੋ ਪਿਆ। ਜਦੋਂ ਮੇਰੇ ਮਿੱਤਰ ਮਾਰਟਿਨ ਨੇ ਇਕ ਛੋਟੇ ਜਿਹੇ ਬੱਚੇ ਅਨਟੋਨੀਓਂ ਨੂੰ ਭੂਚਾਲ ਦੇ ਬਾਰੇ ਪੁੱਛਿਆ ਤਾਂ ਉਸ ਨੇ ਬੜੀ ਮਾਸੂਮੀਅਤ ਨਾਲ ਉਤਰ ਦਿੱਤਾ, "ਡਰ ਤਾਂ ਲੱਗਦਾ ਹੈ-ਪਰ ਹੁਣ ਪਹਿਲਾਂ ਜਿੰਨਾ ਨਹੀਂ।" ਮੇਰਾ ਇਹ ਗੋਰਾ ਦੋਸਤ ਮਾਰਟਿਨ ਆਸਟਰੀਆ ਦਾ ਸਿਰ-ਕਰਦਾ ਪੱਤਰਕਾਰ ਹੈ ਅਤੇ ਫ਼ਰਾਟੇਦਾਰ ਇਟਾਲੀਅਨ ਭਾਸ਼ਾ ਬੋਲਦਾ ਹੈ।
ਬੇਸ਼ੱਕ ਗੌਰਮਿੰਟ ਨੇ ਭੂਚਾਲ ਪੀੜਤ ਲੋਕਾਂ ਲਈ ਇਕ (Sciacalli) ਨਾਂ ਦੀ ਜੱਥੇਬੰਦੀ ਸਥਾਪਤ ਕੀਤੀ ਹੋਈ ਹੈ, ਪ੍ਰੰਤੂ ਨੁਕਸਾਨ ਹੀ ਇਤਨਾ ਜ਼ਿਆਦਾ ਹੋ ਗਿਆ ਕਿ ਇਹਨਾ ਲੋਕਾਂ ਨੂੰ ਮੁੜ ਪੂਰਨ ਤੌਰ ''ਤੇ ਵਸਾਉਣ ਲਈ ਅਜੇ ਘੱਟੋ-ਘੱਟ ਪੰਜ ਸਾਲ ਹੋਰ ਲੱਗ ਜਾਣਗੇ। ਫ਼ਰਬਰੀ 1998 ਦੇ ਸ਼ੁਰੂ ਵਿਚ ਇੰਨਾਂ ਲੋਕਾਂ ਨੂੰ ਵਕਤੀ ਤੌਰ 'ਤੇ ਵਸੋਂ ਜੋਕਰੇ ਕਮਰੇ ਜਾਂ ਫ਼ਲੈਟ ਅਲਾਟ ਕੀਤੇ ਗਏ ਸਨ, ਜਿੱਥੇ ਉਹਨਾਂ ਨੇ ਆਪਣਾ ਸੰਕਟ ਕੱਟਿਆ। ਖਾਣ-ਪੀਣ ਦੀਆਂ ਵਸਤੂਆਂ ਇਹਨਾਂ ਨੂੰ ਗਿਰਜਾਘਰ ਵੱਲੋਂ ਮੁਹੱਈਆ ਕੀਤੀਆਂ ਗਈਆਂ। ਖਾਣ-ਪੀਣ ਦੀਆਂ ਵਸਤਾਂ, ਕੱਪੜੇ ਦਵਾਈਆਂ ਅਤੇ ਹੋਰ ਅੱਤਿ-ਲੋੜੀਂਦਾ ਸਮਾਨ ਇਹਨਾਂ ਲੋਕਾਂ ਨੂੰ ਗੁਆਂਢੀ ਦੇਸ਼ਾਂ ਵੱਲੋਂ ਵੀ ਨਿਰੰਤਰ ਸਪਲਾਈ ਕੀਤਾ ਗਿਆ। ਖ਼ੁਸ਼ਕਿਸਮਤੀ ਨਾਲ ਉਸ ਸਾਲ, ਇਸ ਇਲਾਕੇ ਵਿਚ ਬਹੁਤ ਘੱਟ ਬਰਫ਼ਬਾਰੀ ਹੋਈ। ਨਹੀਂ ਤਾਂ ਬੁੱਢੇ ਅਤੇ ਬੱਚਿਆਂ ਦੀ ਜ਼ਿੰਦਗੀ ਦਾ ਅੰਤ ਲਾਜ਼ਮੀ ਸੀ!
ਤਬਾਹ ਹੋਏ ਪਿੰਡਾਂ ਦੇ ਵਿਚਕਾਰ ਇਕ (Casa de Popolo di dio) ਅਰਥਾਤ "ਰੱਬ ਦੇ ਲੋਕਾਂ ਦਾ ਘਰ" ਸੰਸਥਾ ਬਿਠਾਈ ਗਈ। ਇਹ ਸੰਸਥਾ ਪੀੜਤ ਲੋਕਾਂ ਦੀ ਹਰ ਤਰ੍ਹਾਂ ਮੱਦਦਗਾਰ ਰਹੀ ਹੈ ਅਤੇ ਇਸ ਸੰਸਥਾ ਨੂੰ ਇਟਲੀ ਦੇ ਪ੍ਰਮੁੱਖ ਪਾਦਰੀਆਂ ਦਾ ਹਰ ਸਹਿਯੋਗ ਹਾਸਲ ਰਿਹਾ ਹੈ। ਇਹ ਸੰਸਥਾ ਲੋੜਵੰਦਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਦੀ ਰਹੀ।
ਆਨੀਫ਼ੋ ਪਿੰਡ ਦੇ ਲੋਕਾਂ ਨੇ ਖ਼ੁਦ ਵੀ ਹੰਭਲਾ ਮਾਰ ਕੇ ਦਸ ਕੁ ਘਰ ਤਾਂ ਵਸੋਂ ਜੋਕਰੇ ਕਰ ਲਏ ਸਨ। ਜਿੱਥੇ ਪਿੰਡ ਦੇ ਸਾਰੇ ਲੋਕ ਹੀ ਰਲ-ਮਿਲ ਕੇ ਰਾਤ ਕੱਟ ਲੈਂਦੇ ਸਨ। ਇਹਨਾਂ ਘਰਾਂ ਵਿਚ ਹੀ ਲੋਕਾਂ ਨੇ ਪਵਿੱਤਰ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਸੀ। ਵਿਛੜਿਆਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਲਈ ਪ੍ਰਭੂ ਅੱਗੇ ਅੱਗੇ ਬੇਨਤੀਆਂ ਕੀਤੀਆਂ ਗਈਆਂ ਅਤੇ ਜਿਉਂਦੀ ਲੋਕਤਾਈ ਲਈ ਮੁੜ-ਵਸੇਬੇ ਲਈ ਵੀ ਅਰਦਾਸਾਂ ਹੋਈਆਂ।
ਉਪਰੋਕਤ ਸੰਸਥਾ ਵੱਲੋਂ ਇਕ ਮਿੰਨ੍ਹੀ ਸ਼ਾਪਿੰਗ-ਸੈਂਟਰ ਤਿਆਰ ਕਰਨ ਦਾ ਮਸਲਾ ਵੀ ਉਲੀਕਿਆ ਗਿਆ। ਜਿੱਥੋਂ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਤੋਂ ਇਲਾਵਾ ਸਿਗਰਟ, ਵਿਸਕੀ ਅਤੇ ਬੀਅਰ -ਵਾਈਨ ਵੀ ਪ੍ਰਾਪਤ ਹੋ ਸਕਿਆ ਕਰੇਗੀ। ਇਸ ਸੰਸਥਾ ਦਾ ਅਜੇ ਮੁੱਖ-ਕਰਮ ਉਜੜੇ 40,000 ਲੋਕਾਂ ਨੂੰ ਮੁੜ ਆਬਾਦ ਕਰਨਾ ਹੈ। ਇਸ 'ਰੱਬ ਦੇ ਲੋਕਾਂ ਦਾ ਘਰ' ਨਾਂ ਦੀ ਬਿਲਡਿੰਗ ਦਾ ਕੰਮ 25 ਦਸੰਬਰ 1998 ਅਰਥਾਤ ਕ੍ਰਿਸਮਿਸ ਵਾਲੇ ਦਿਨ ਸ਼ੁਰੂ ਹੋਇਆ ਸੀ। ਪਰ ਫਿਰ ਭਾਰੀ ਬਾਰਿਸ਼ਾਂ ਅਤੇ ਝੱਖੜ ਕਰਕੇ ਇਹ ਕੰਮ ਅੱਗੇ ਹੀ ਪੈਂਦਾ ਗਿਆ। ਹੁਣ ਤੱਕ ਤਕਰੀਬਨ 300 ਪ੍ਰੀਵਾਰ ਆਪਣੇ ਫ਼ਲੈਟਾਂ ਦੇ ਐਲਾਨ ਹੋਣ ਦੇ ਇੰਤਜ਼ਾਰ ਵਿਚ ਸਨ।
ਇਕ ਨੌਜਵਾਨ ਲੜਕੀ ਸਿਲਵਾਨਾ ਰਿੱਸੀ ਦਾ ਮਕਾਨ ਲੋਕਾਂ ਨੇ ਵਾਹਵਾ ਗੁਜ਼ਾਰੇ ਜੋਕਰਾ ਖੜ੍ਹਾ ਕਰ ਦਿੱਤਾ ਸੀ, ਪਰ ਉਹ ਡਰਦੀ ਆਪਣੇ ਮਕਾਨ ਵਿਚ ਨਹੀਂ ਜਾਂਦੀ! ਕਾਰਣ ਪੁੱਛਣ 'ਤੇ ਉਹ ਡੁਸਕਦੀ ਆਖਣ ਲੱਗੀ, "ਮੇਰਾ ਸਾਰਾ ਪ੍ਰੀਵਾਰ ਇਸ ਮਕਾਨ ਅੰਦਰ ਦੱਬਿਆ ਗਿਆ-ਜਿਸ ਵਿਚ ਮੇਰਾ ਸੱਤ ਸਾਲਾਂ ਦਾ ਇਕਲੌਤਾ ਭਰਾ ਵੀ ਸੀ-ਹੁਣ ਮੈਨੂੰ ਇਸ ਘਰ ਤੋਂ ਭੈਅ ਆਉਂਦਾ ਹੈ ਅਤੇ ਮਾੜੀਆਂ ਯਾਦਾਂ ਕਿਸੇ ਨਾਗ ਵਾਂਗ ਡੰਗਦੀਆਂ ਹਨ-ਮੈਂ ਸਾਰੀ ਸਾਰੀ ਰਾਤ ਸੌਂ ਨਹੀਂ ਸਕਦੀ-ਬੁਰੇ ਬੁਰੇ ਸੁਪਨੇ ਆਉਂਦੇ ਹਨ!" ਭੂਚਾਲ ਮੌਕੇ ਸਿਲਵਾਨਾ ਰਿੱਸੀ ਹਸਪਤਾਲ ਦਾਖਲ ਹੋਣ ਕਾਰਣ ਬਚ ਗਈ ਸੀ। ਇਤਨੇ ਉਜਾੜੇ ਦੇ ਬਾਵਜੂਦ ਵੀ ਲੋਕ ਪਾਦਰੀਆਂ, ਫ਼ਾਇਰ ਬਰਗੇਡ ਟੀਮਾਂ ਅਤੇ ਐਂਬੂਲੈਂਸ ਟੀਮਾਂ ਦਾ ਅਤੀ ਧੰਨਵਾਦ ਕਰਦੇ ਹਨ। ਜਿਹਨਾਂ ਨੇ ਤੁਰੰਤ ਪੁੱਜ ਕੇ ਇਹਨਾਂ ਲੋਕਾਂ ਦਾ ਬਚਾਓ ਕੀਤਾ ਅਤੇ ਕੁਝ ਜ਼ਰੂਰੀ ਸਹੂਲਤਾਂ ਦਿੱਤੀਆਂ।
ਵਾਪਿਸੀ ਵੇਲੇ ਜਦ ਮੈਂ ਲੂਈਸਾ ਸੇਰੀਨਾ ਨੂੰ ਦੋ ਸੌ ਡਾਲਰ ਦਿੱਤਾ ਤਾਂ ਉਹ ਮੈਨੂੰ ਗਲਵਕੜੀ ਪਾ ਕੇ ਰੋ ਪਈ। ਮੇਰੀ ਰੂਹ ਵੀ ਉਸ ਦੇ ਦੁੱਖ-ਦਰਦ ਵਿਚ ਲਹੂ-ਲੁਹਾਣ ਹੋਈ ਪਈ ਸੀ। ਕਸੀਸ ਵੱਟੀ ਖੜ੍ਹਾ, ਫ਼ਿੱਸਿਆ ਜਿਹਾ ਮੈਂ ਉਸ ਨੂੰ ਥਾਪੜੀ ਜਾ ਰਿਹਾ ਸਾਂ। ਪਤਾ ਨਹੀਂ ਸਾਡਾ ਕੀ ਰਿਸ਼ਤਾ ਸੀ? ਕਿਹੜੇ ਜੁੱਗਾਂ ਦੀ ਸਾਂਝ ਸੀ? ਦੁਖਿਆਰੀ ਅਤੇ ਹਮਦਰਦ 'ਇਕ' ਹੋਏ ਖੜ੍ਹੇ ਸਨ। ਪੀੜ ਅਤੇ ਮੱਲ੍ਹਮ ਦਾ ਇਕ ਸੁਮੇਲ! ਮੇਰਾ ਮਨ ਵਾਰ-ਵਾਰ ਭਰ ਰਿਹਾ ਸੀ। ਉਸ ਦਾ ਦਰਦ ਮੇਰਾ ਦਰਦ ਹੋ ਨਿੱਬਿੜਿਆ ਸੀ। ਮੈਥੋਂ ਮੇਰੇ ਨੱਕੋ-ਨੱਕ ਭਰੇ ਜਜ਼ਬਾਤਾਂ ਕਾਰਣ ਗੱਲ ਨਹੀਂ ਹੋ ਰਹੀ ਸੀ। ਜਦ ਲੂਈਸਾ ਨੇ ਗਲਵਕੜੀ ਢਿੱਲੀ ਕੀਤੀ ਤਾਂ ਉਸ ਦਾ ਅਪਾਹਜ ਬੇਟਾ ਕਾਰਲੋ ਮੇਰੀਆਂ ਲੱਤਾਂ ਨੂੰ ਚਿੰਬੜ ਗਿਆ। ਮੋਹ, ਵੈਰਾਗ ਵਿਚ ਚੁੱਕ ਕੇ ਮੈਂ ਉਸ ਨੂੰ ਆਪਣੀ ਹਿੱਕੜੀ ਨਾਲ ਲਾ ਲਿਆ ਅਤੇ ਦੋ ਡਾਲਰ ਦਿੱਤੇ, "ਇਹਨਾਂ ਦਾ ਕੀ ਖਰੀਦੇਂਗਾ...?" ਮੇਰੇ ਲਾਡ ਜਿਹੇ ਨਾਲ ਪੁੱਛਣ 'ਤੇ ਉਹ ਤੁਰੰਤ ਬੋਲਿਆ, "ਬਰੈੱਡ...!" ਤਾਂ ਮੇਰਾ ਖਲਪਾੜਾਂ ਹੋਇਆ ਮਨ ਭਰ ਕੇ ਉਛਲ ਗਿਆ। ਮੈਂ ਰਤੀ ਭਰ ਬਾਲ ਨੂੰ ਹਿੱਕ ਨਾਲ ਹੋਰ ਜ਼ੋਰ ਦੀ ਘੁੱਟ ਲਿਆ। ਸੋਚਿਆ ਕਿ ਖਿਡੌਣੇ ਤਾਂ ਇਸ ਲਈ ਓਪਰੇ ਹੋ ਗਏ ਹਨ। ਇਹਨਾਂ ਤਬਾਹ ਹੋਏ ਪਿੰਡਾਂ ਦਾ 'ਭਵਿੱਖ' ਕਾਰਲੋ ਮੇਰੀ ਕੁੱਛੜ ਚੁੱਕਿਆ ਹੋਇਆ ਸੀ। ਮੋਹ ਅਤੇ ਦੁੱਖ ਨਾਲ ਮੇਰੀਆਂ ਅੱਖਾਂ 'ਤਰਿੱਪ-ਤਰਿੱਪ' ਚੋਈ ਜਾ ਰਹੀਆਂ ਸਨ। ਕੁਝ ਪਲ ਮਨ ਹਲਕਾ ਕਰਕੇ ਮੈਂ ਕਾਰਲੋ ਨੂੰ ਉਸ ਦੀ ਮਾਂ ਲੂਈਸਾ ਦੀ ਬੁੱਕਲ ਵਿਚ ਦਿੱਤਾ ਅਤੇ ਮੈਂ ਅਤੇ ਮਾਰਟਿਨ ਗੱਡੇ ਵਾਂਗ ਭਾਰੇ-ਭਾਰੇ ਪੈਰ ਘੜੀਸਦੇ ਆਪਣੀ ਕਾਰ ਵੱਲ ਨੂੰ ਤੁਰ ਪਏ।
ਲੂਈਸਾ ਅਤੇ ਕਾਰਲੋ ਦਾ ਦਰਦ ਮੇਰੇ ਦਿਲ ਅੰਦਰ ਕਿਸੇ 'ਸਿਵੇ' ਵਾਂਗ ਬਲ ਰਿਹਾ ਸੀ। ਲੂਈਸਾ ਅਤੇ ਕਾਰਲੋ ਦੀਆਂ ਤਸਵੀਰਾਂ ਅਜੇ ਵੀ ਮੇਰੇ ਦਿਲ 'ਤੇ ਕਿਸੇ ਸ਼ਿਲਾਲੇਖ ਵਾਂਗ ਉੱਕਰੀਆਂ ਪਈਆਂ ਹਨ। ਡੁਸਕਦਿਆਂ ਦੀਆਂ ਤਸਵੀਰਾਂ, ਹਾਉਕੇ ਭਰਦਿਆਂ ਦੀਆਂ ਤਸਵੀਰਾਂ...! ਅਤੇ ਮੇਰਾ ਮਨ ਬੜਾ ਹੀ ਬੇਚੈਨ ਹੋ ਉਠਦਾ ਹੈ। ਇਕ-ਦੋ ਵਾਰ ਮੈਂ ਲੂਈਸਾ ਨੂੰ ਖ਼ਤ ਲਿਖਣ ਬਾਰੇ ਇਰਾਦਾ ਕੀਤਾ, ਪਰ ਫਿਰ ਸੋਚਿਆ: ਜਿਹਨਾਂ ਲੋਕਾਂ ਪਾਸ ਖਾਣ ਲਈ ਬਰੈੱਡ ਨਹੀਂ ਪੁੱਜਦੀ , ਉਥੇ ਚਿੱਠੀ ਕਦ ਪਹੁੰਚੇਗੀ ਭੋਲਿਆ ਮਿੱਤਰਾ...! ਪਰ ਸਹਿਜ ਸਮਾਂ ਆਉਣ 'ਤੇ ਲੂਈਸਾ ਅਤੇ ਕਾਰਲੋ ਮੈਨੂੰ ਜ਼ਰੂਰ ਪੱਤਰ ਪਾਉਣਗੇ, ਇਹ ਮੇਰਾ ਧੁਰ-ਦਿਲੀ ਅਤੇ ਅਟੁੱਟ ਵਿਸ਼ਵਾਸ ਹੈ। ਗੁਰੂ ਮਹਾਰਾਜ ਭਲੀ ਕਰਨ...!

No comments:

Post a Comment