ਜਸਬੀਰ ਦੋਲੀਕੇ (ਨਿਊਜੀਲੈਂਡ )
ਜਿੱਥੇ ਜੰਮੇ ਜਿੱਥੇ ਪਲੇ ਕਿਓਂ ਛੱਡ ਕੇ ਉਹ ਪੰਜਾਬ ਆਏ ,
ਗੈਰਾਂ ਵਿਚ ਅਸੀਂ ਗੈਰ ਜਹੇ ਹੋ ਗਏ ਰੂਹ ਸਾਡੀ ਨੇ ਵੈਣ ਪਾਏ .
ਜਦ ਵਤਨਾਂ ਦੀਆਂ ਯਾਦਾਂ ਆਉਂਦੀਆਂ ਉੱਠ - ਉੱਠ ਰੋਈਏ ਰਾਤਾਂ ਨੂੰ
ਕੰਨੀਂ ਪੈ ਜਾਣ ਤਰਸਦੇ ਰਹੀਏ ਮਾਂ ਪਿਉ ਦੀਆਂ ਮਿੱਠੀਆਂ ਬਾਤਾਂ ਨੂੰ
ਭੈਣਾਂ - ਵੀਰਾਂ, ਯਾਰਾਂ - ਮਿੱਤਰਾਂ ਨੂੰ ਹੁਣ ਖੌਰੇ ਕਦ ਅਸੀਂ ਮਿਲਣਾ ਏ
ਸੁੰਨੇ ਦਿਲ ਦੇ ਪਏ ਬਗੀਚੇ ਵਿੱਚ ਫੁੱਲ ਰੱਬਾ ਕਦ ਖਿਲਣਾ ਏ
ਕੀਤਾ ਘਰੋਂ ਬੇਘਰ ਪੈਸੇ ਨੇ ਮਿੱਠੀ ਜੇਲ੍ਹ 'ਚ ਕੈਦ ਹੋਏ
ਤੜਫਦੇ ਰਹੀਏ ਵਿਲਕਦੇ ਰਹੀਏ ਸ਼ੌਂਕ ਤੇ ਸਾਡੇ ਚਾਅ ਮੋਏ
ਚਿੱਟਾ ਕੁੜਤਾ ਕੱਢਵੀ ਜੁੱਤੀ ਪਾ ਬੁੱਲਟ 'ਤੇ ਘੁਮਦੇ ਸੀ
ਫੁੱਟਬਾਲ ,ਘੋਲ ,ਕਬੱਡੀਆਂ ਜਿੱਤ ਕੇ ਮੈਡਲ ਸ਼ੀਲਡਾਂ ਚੁਮਦੇ ਸੀ
ਫੋਰਡ 'ਤੇ ਬੈਠੇ ਮਾਣ ਨਹੀਂ ਸੀ ,ਸੀ ਟੋਹਰ ਅਨੋਖੀ ਯਾਰਾਂ ਦੀ
ਏਥੇ ਰੁੱਲ ਗਏ ਨੋਕਰ ਬਣ ਕੇ ਕੀ ਜਿੰਦਗੀ ਪੁੱਤ ਸਰਦਾਰਾਂ ਦੀ
ਛਿੰਝਾਂ ,ਮੇਲੇ ,ਮਹਿਫਲਾਂ ,ਖੁਸ਼ੀਆਂ ਇੱਕ ਬਣ ਕੇ ਸੁਫਨਾ ਰਹਿ ਗਈਆਂ
ਕਈ ਮਜਬੂਰੀਆਂ ਲੱਖਾਂ ਦੂਰੀਆਂ ਬੱਸ ਹੱਡਾਂ ਵਿੱਚ ਬਹਿ ਗਈਆਂ
ਬੋਹੜਾਂ ,ਬਾਬੇ ,ਪਿੰਡ ਦੀਆਂ ਗਲੀਆਂ ,ਹੱਟੀਆਂ,ਭੱਠੀਆਂ ਓਹ ਮੋੜਾਂ
ਤਾਸ਼ਾਂ,ਤੂਤ ,ਖੂਹ ,ਗੁੜ- ਸ਼ੱਕਰ ਨਾ ਲੱਭਦੀਆਂ ਬਲਦਾਂ ਦੀਆਂ ਦੋੜਾਂ
ਕੱਚੇ ਕੋਠੇ ,ਬਾਣ ਦੇ ਮੰਜੇ ,ਛੰਨੇ,ਕੁੱਜੇ ਅਤੇ ਮਧਾਣੀਆਂ ਨੀ
ਗੱਡੇ ,ਹੱਲ,ਪੰਜਾਲੀਆਂ ,ਟੋਕੇ ਨਾ ਪੱਤਾ ਲਿਆਉਣ ਸਵਾਣੀਆਂ ਨੀ
ਚੁੱਲੇ ,ਚੌਂਕੇ,ਖਿੜਕ ,ਕਾੜਨੇ ,ਆਲੇ ,ਡਿਓੜੀਆਂ ਨਾ ਹਾਸੇ
ਨਾ ਜਵਾਰਾਂ ,ਬਾਜਰੇ ,ਚਰੀ ,ਗੁਵਾਰੇ ਬੱਸ ਸੋਗ ਨੇ ਚਾਰੇ ਹੀ ਪਾਸੇ
ਜਾਨ ਤੋਂ ਪਿਆਰੀ ਜਾਨ ਵੀ ਛੱਡੀ ਜਾਨੋਂ ਵੱਧ ਜੋ ਚਾਉਂਦੀ ਸੀ
ਮਾਪੇ ਕਿਤੇ ਨਾ ਹੋਰ ਵਿਆਹ ਦੇਣ ਨਾ ਜਾ ਵਾਸਤੇ ਪਾਉਂਦੀ ਸੀ
ਉਹ ਵੀ ਤਾਂ ਕਦੇ ਦਿਨ ਸੀ ਹੁੰਦੇ ਜਦ ਮੌਜ ਯਾਰਾਂ ਨਾਲ ਕਰਦੇ ਸੀ
ਬੇਫਿਕਰੇ ਸੀ ਬਾਪ ਦੇ ਸਿਰ 'ਤੇ ਜਦ ਖਾਲਸਾ ਕਾਲਜ ਪੜਦੇ ਸੀ
ਕੋਡੀ ਦਾ ਵੀ ਗੋਰਾ ਘੂਰੇ ਘੂਰਦੀ ਹਰ ਇੱਕ ਸ਼ਹਿ ਜਾਪੇ
ਖਾਂਦਾ ਖੂਨ ਉਬਲੇ ਡਾਢੇ ਲਈ ਪੈਰੀਂ ਕੁਹਾੜੀ ਮਾਰ ਆਪੇ
ਏਥੇ ਸੂਰਜ ਦਾ ਰੰਗ ਫਿੱਕਾ ਚੰਨ ਤਾਰਿਆਂ ਤੋ ਨਾ ਚਾਂਦਨੀ ਡੁੱਲਦੀ ਏ
ਵੇਖਣ ਨੂੰ ਬੜੇ ਸੋਹਣੇ ਲੱਗਦੇ ਨਾ ਮਹਿਕ ਆਉਂਦੀ ਕਿਸੇਫੁੱਲਦੀ ਏ
ਕੌਣ ਕਿਸੇ ਨੂੰ ਮਿਲਦਾ ਏਥੇ ਵਿਹਲ ਕਿਸੇ ਕੋਲ ਟਾਈਮ ਨਹੀਂ
ਡਾਲਰਾਂ ਪਿੱਛੇ ਰਿਸ਼ਤੇ ਭੁੱਲ ਗਏ ਇਸ ਵਿੱਚ ਕੋਈ ਵਹਿਮ ਨਹੀਂ
ਕੀ ਖੱਟਿਆ ਪਰਦੇਸੀਂ ਆ ਕੇ ਆਪਣਾ ਸਭ ਕੱਝ ਗੁਆ ਬੈਠੇ
ਸੁਰਗਾਂ ਨੂੰ ਛੱਡ ਨਰਕ 'ਚ ਆ ਗਏ ਕੀ ਖੋਟੇ ਲੇਖ ਲਿਖਾ ਬੈਠੇ
ਸਾਹਾਂ ਵਿੱਚ ਪੰਜਾਬ ਹੈ ਵੱਸਦਾ ਜਿਹਨੂੰ ਜਾਨੋਂ ਵੱਧ ਕੇ ਚਾਹੀਏ ਨੀ
ਚਿੱਤ ਕਰੇ ਲੰਬੀ ਮਾਰ ਉਡਾਰੀ ਹੁਣੇ ਉਥੇ ਉੱਡ ਜਾਈਏ ਨੀ
'ਦੋਲੀਕੇ ਜਸਬੀਰ ' ਜਵਾਨੀ ਕਿਉਂ ਰੋਲ ਲਈ ਵਿੱਚ ਪਰਦੇਸਾਂ ਦੇ
ਸੁੱਖ ਦੀ ਰੋਟੀ ਵੀ ਲੱਭਦੀ ਸੀ ਆਪਣੇ ਵਿੱਚ ਵੀ ਦੇਸ਼ਾਂ ਦੇ
0064 2102387106
dolikejasbir@yahoo.com
No comments:
Post a Comment