ਦ੍ਰਿਸ਼ਟੀਕੋਣ (73)-ਜਤਿੰਦਰ ਪਨੂੰ

ਕਦਰਾਂ ਤੋਂ ਸੱਖਣੀ ਲੀਡਰਸ਼ਿਪ ਦੇ ਹੱਥਾਂ ਵਿੱਚ ਭਾਰਤ ਦਾ ਭਵਿੱਖ ਭਲਾ ਨਹੀਂ
ਬਹੁਤ ਮਹਾਨ ਦੇਸ਼ ਹੈ ਹਿੰਦੁਸਤਾਨ, ਬਹੁਤ ਹੀ ਮਹਾਨ ਦੇਸ਼, ਪਰ ਹੁਣ ਮਹਾਨ ਨਹੀਂ ਬਣਿਆ, ਹਜ਼ਾਰਾਂ ਸਾਲ ਪਹਿਲਾਂ ਵੀ ਮਹਾਨ ਹੁੰਦਾ ਸੀ। ਕੋਈ ਸਮਾਂ ਸੀ ਕਿ ਇਸ ਦੇ ਲੋਕ ਨਗਰਾਂ ਵਿੱਚ ਰਹਿੰਦੇ ਸਨ, ਪੱਕੇ ਘਰ ਸਨ ਤੇ ਉਨ੍ਹਾਂ ਵਿੱਚ ਸੌਣ, ਬਹਿਣ ਤੇ ਖਾਣਾ ਪਕਾਉਣ ਦੇ ਕਮਰੇ ਓਦੋਂ ਵੱਖੋ-ਵੱਖ ਸਨ, ਜਦੋਂ ਬਾਕੀ ਦੁਨੀਆ ਵਿੱਚ ਬਹੁਤੇ ਲੋਕ ਅਜੇ ਜੰਗਲਾਂ ਵਿੱਚ ਨੰਗੇ ਤੁਰੇ ਫਿਰਦੇ ਸਨ। ਫਿਰ ਇਹ ਪਛੜਨ ਲੱਗ ਪਿਆ ਸੀ। ਇਸ ਲਈ ਪਛੜਨ ਲੱਗ ਪਿਆ ਸੀ ਕਿ ਇਸ ਦੀ ਲੀਡਰਸ਼ਿਪ ਆਪਣੇ ਫਰਜ਼ਾਂ ਦੇ ਹਾਣ ਦੀ ਨਹੀਂ ਸੀ ਨਿਕਲੀ। ਹੁਣ ਫਿਰ ਓਸੇ ਤਰ੍ਹਾਂ ਦੇ ਹਾਲਾਤ ਬਣਨ ਲੱਗ ਪਏ ਹਨ। ਇਸ ਮਹਾਨ ਦੇਸ਼ ਦੀ ਮਹਾਨਤਾ ਭਵਿੱਖ ਦੀਆਂ ਚੁਣੌਤੀਆਂ ਦੇ ਟਾਕਰੇ ਦੀ ਨਹੀਂ ਜਾਪ ਰਹੀ।
ਭਾਰਤ ਨੇ ਇੱਕ ਮਿਜ਼ਾਈਲ ਬਣਾ ਕੇ ਟੈਸਟ ਕਰ ਲਈ, ਜਿਹੜੀ ਪੰਜ ਹਜ਼ਾਰ ਕਿਲੋਮੀਟਰ ਤੱਕ ਜਾ ਕੇ ਮਾਰ ਕਰ ਸਕਦੀ ਹੈ। ਇਸ ਨੂੰ ਮਹਾਨਤਾ ਦੇ ਇੱਕ ਨਵੇਂ ਪੜਾਅ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਭਾਰਤ ਤੋਂ ਪਹਿਲਾਂ ਸਿਰਫ ਚਾਰ ਦੇਸ਼ਾਂ ਦੇ ਕੋਲ ਇਹ ਤਾਕਤ ਸੀ, ਇਹ ਪੰਜਵਾਂ ਬਣ ਕੇ ਖੁਸ਼ ਹੋ ਗਿਆ। ਇਸ ਦੇ ਵਿਗਿਆਨੀ ਬਹੁਤ ਕਮਾਲ ਦੇ ਹਨ। ਉਨ੍ਹਾਂ ਨੇ ਭਾਰਤ ਨੂੰ ਐਟਮੀ ਤਾਕਤ ਬਣਾ ਦਿੱਤਾ ਤੇ ਦੁਨੀਆ ਨੂੰ ਇਹ ਦਾਅਵਾ ਵੀ ਮੰਨਣਾ ਪੈ ਗਿਆ। ਭਾਰਤ ਦੀ ਮਹਾਨਤਾ ਦਾ ਇਹ ਵੀ ਇੱਕ ਪੈਮਾਨਾ ਮੰਨਿਆ ਗਿਆ ਹੈ। ਅਸੀਂ ਇਸ ਦਾਅਵੇ ਨੂੰ ਕੱਟਦੇ ਨਹੀਂ। ਭਾਰਤ ਪੁਲਾੜ ਵਿੱਚ ਖੋਜਾਂ ਦੇ ਮਾਮਲੇ ਵਿੱਚ ਸੰਸਾਰ ਦੇ ਵਿਕਸਤ ਦੇਸ਼ਾਂ ਨਾਲ ਬਰਾਬਰੀ ਕਰ ਰਿਹਾ ਹੈ, ਇਹ ਵੀ ਸਾਡੀ ਮਹਾਨਤਾ ਦਾ ਇੱਕ ਪੈਮਾਨਾ ਮੰਨਿਆ ਜਾਂਦਾ ਹੈ। ਜਦੋਂ ਦੁਨੀਆ ਇਸ ਮਾਮਲੇ ਵਿੱਚ ਭਾਰਤ ਨੂੰ ਮਹਾਨ ਹੋਣ ਦੇ ਦਾਅਵੇਦਾਰਾਂ ਵਿੱਚ ਗਿਣਦੀ ਹੈ ਤਾਂ ਦੇਸ਼ ਦੇ ਅੰਦਰ ਵੀ ਕਿਸੇ ਨੂੰ ਇਸ ਦਾਅਵੇਦਾਰੀ ਉੱਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਸੰਸਾਰ ਦੇ ਅਮਨ ਦੇ ਮਾਮਲਿਆਂ ਵਿੱਚ ਭਾਰਤ ਦੀ ਵਧਦੀ ਪੁੱਛ-ਦੱਸ ਦੇ ਕਾਰਨ ਕਈ ਦੇਸ਼ਾਂ ਨੇ ਇਹ ਹਾਮੀ ਭਰ ਦਿੱਤੀ ਹੈ ਕਿ ਦੁਨੀਆ ਦੀ ਸਾਂਝੀ ਪੰਚਾਇਤ ਮੰਨੀ ਜਾਂਦੀ ਯੂ ਐਨ ਓ ਵਿੱਚ ਇਸ ਦੀ ਇੱਕ ਪੱਕੀ ਸੀਟ ਹੋਣੀ ਚਾਹੀਦੀ ਹੈ। ਇਹ ਹਾਮੀ ਭਾਰਤ ਵੱਲੋਂ ਕਈ ਅਹਿਮ ਮੋੜਾਂ ਉੱਤੇ ਨਿਭਾਈ ਗਈ ਭੂਮਿਕਾ ਦੇ ਕਾਰਨ ਭਰੀ ਜਾਣ ਲੱਗੀ ਹੈ ਤਾਂ ਇਸ ਨੂੰ ਵੀ ਮਹਾਨਤਾ ਦਾ ਇੱਕ ਤਮਗਾ ਮੰਨ ਲੈਣਾ ਚਾਹੀਦਾ ਹੈ। ਕੀ ਏਨਾ ਕੁਝ ਹੋਣ ਨਾਲ ਭਾਰਤ ਦਾ ਆਪਣਾ ਭਵਿੱਖ ਵੀ ਭਲਾ ਹੋ ਜਾਵੇਗਾ?
ਸਾਨੂੰ ਏਦਾਂ ਦੇ ਬੁਲੰਦ ਬਾਂਗ ਦਾਅਵੇ ਕਰਨ ਤੋਂ ਪਹਿਲਾਂ ਕੁਝ ਹੋਰ ਕੌੜੀਆਂ ਹਕੀਕਤਾਂ ਵੱਲ ਵੇਖਣ ਦਾ ਸਮਾਂ ਕੱਢਣਾ ਚਾਹੀਦਾ ਹੈ। ਹੋਰ ਕੁਝ ਨਹੀਂ ਤਾਂ ਰੂਸ ਦਾ ਤਜਰਬਾ ਹੀ ਵੇਖ ਲੈਣਾ ਚਾਹੀਦਾ ਹੈ। ਸਾਡੇ ਕੋਲ ਮਿਜ਼ਾਈਲਾਂ ਹਨ, ਪਰ ਇਹ ਰੂਸ ਕੋਲ ਵੀ ਪੰਝੀ ਸਾਲ ਪਹਿਲਾਂ ਓਦੋਂ ਸਨ, ਜਦੋਂ ਸੋਵੀਅਤ ਕੈਂਪ ਨੂੰ ਢਾਹ ਲੱਗੀ ਸੀ। ਅਸੀਂ ਪੁਲਾੜ ਦੇ ਟੀਚਿਆਂ ਤੇ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ, ਪਰ ਰੂਸ ਨੇ ਇਹ ਕੰਮ ਸਾਡੇ ਤੋਂ ਸਾਢੇ ਚਾਰ ਦਹਾਕੇ ਪਹਿਲਾਂ ਕਰ ਲਿਆ ਸੀ, ਫਿਰ ਵੀ ਰੂਸ ਨਹੀਂ ਸੀ ਬਚ ਸਕਿਆ। ਕਦੇ ਨਾ ਕਦੇ ਇਹ ਸੋਚਣ ਦੀ ਖੇਚਲ ਕਰਨੀ ਚਾਹੀਦੀ ਹੈ ਕਿ ਰੂਸ ਕਿਉਂ ਨਹੀਂ ਸੀ ਟਿਕ ਸਕਿਆ, ਫਿਰ ਭਾਰਤ ਦੇ ਭਵਿੱਖ ਦੇ ਖਤਰਿਆਂ ਦਾ ਪਤਾ ਲੱਗ ਜਾਵੇਗਾ।
ਇੱਕ ਰੂਸ ਉਹ ਹੁੰਦਾ ਸੀ, ਜਿਸ ਵਿੱਚ ਜ਼ਾਰ ਦਾ ਰਾਜ ਸੀ ਤੇ ਫਿਰ ਇੱਕ ਰੂਸ ਉਹ ਸੀ, ਜਿਸ ਨੂੰ ਸੋਵੀਅਤਾਂ ਦੇ ਪੰਚਾਇਤੀ ਪ੍ਰਬੰਧ ਹੇਠ ਸਮਾਜਵਾਦ ਦਾ ਕੇਂਦਰ ਮੰਨਿਆ ਗਿਆ ਸੀ। ਉਹ ਨਵਾਂ ਰੂਸੀ ਪ੍ਰਬੰਧ ਕਾਇਮ ਨਹੀਂ ਰਹਿ ਸਕਿਆ। ਰੂਸ ਵਿੱਚ ਨਵੇਂ ਪ੍ਰਬੰਧ ਦੀ ਕਾਇਮੀ ਦੀ ਅਗਵਾਈ ਕਰਨ ਵਾਲਾ ਆਗੂ ਲੈਨਿਨ ਬੜਾ ਮਹਾਨ ਸੀ। ਜਦੋਂ ਓਸੇ ਪ੍ਰਬੰਧ ਦੀ ਕਮਾਨ ਉਨ੍ਹਾਂ ਦੇ ਹੱਥਾਂ ਵਿੱਚ ਆ ਗਈ, ਜਿਹੜੇ ਲੈਨਿਨ ਦੇ ਗਿੱਟੇ ਤੱਕ ਨਹੀਂ ਸਨ ਆਉਂਦੇ ਤਾਂ ਰੂਸ ਦਿਨਾਂ ਵਿੱਚ ਰੇਤ ਦੀ ਬੋਰੀ ਵਾਂਗ ਕਿਰ ਗਿਆ ਸੀ। ਕੋਈ ਨੇਤਾ ਇਸ ਗੱਲੋਂ ਆਪਣੇ ਆਪ ਨੂੰ ਲੈਨਿਨ ਨਾਲ ਤੋਲਣ ਲੱਗ ਪੈਂਦਾ ਸੀ ਕਿ ਲੈਨਿਨ ਦਾ ਨਾਂਅ 'ਵਲਾਦੀਮੀਰ' ਸੀ ਤੇ ਮੇਰੇ ਨਾਂਅ ਦਾ ਵੀ ਪਹਿਲਾ ਸ਼ਬਦ 'ਵਲਾਦੀਮੀਰ' ਹੈ ਤੇ ਕੋਈ ਇਸ ਗੱਲ ਉੱਤੇ ਚਾਂਭਲ ਜਾਂਦਾ ਸੀ ਕਿ ਲੈਨਿਨ ਦੇ ਨਾਂਅ ਦਾ ਵਿਚਕਾਰਲਾ ਸ਼ਬਦ 'ਇਲੀਇਚ' ਸੀ ਤੇ ਮੇਰਾ ਵੀ ਹੈ। ਇਹ ਮਸਖਰਿਆਂ ਦੀ ਰਾਜਨੀਤੀ ਸੀ ਜਾਂ ਰਾਜਨੀਤੀ ਦਾ ਮਸਖਰਾਪਣ, ਜਿਹੜਾ ਸਮਾਜਵਾਦੀ ਰੂਸ ਨੂੰ ਲੈ ਡੁੱਬਿਆ ਸੀ।
ਅੱਜ ਦੇ ਯੁੱਗ ਵਿੱਚ ਇਹੋ ਜਿਹਾ ਸੰਕਟ ਭਾਰਤ ਦੀ ਜਨਤਾ ਦੇ ਸਾਹਮਣੇ ਹੈ। ਜਿਹੜੇ ਮੁਲਕ ਨੂੰ ਆਜ਼ਾਦ ਹੋਣ ਵੇਲੇ ਪੰਡਤ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਵੱਡੇ ਰਾਜਸੀ ਕੱਦ ਅਤੇ ਪਰਪੱਕ ਸੂਝ ਵਾਲੇ ਆਗੂਆਂ ਦੀ ਅਗਵਾਈ ਮਿਲੀ, ਉਸ ਦੀ ਅਗਵਾਈ ਅੱਜ ਸਰਕਸ ਦੇ ਬੌਣੇ ਕਲਾਕਾਰਾਂ ਦੇ ਹੱਥ ਆ ਗਈ ਜਾਪਦੀ ਹੈ। ਕੋਈ ਇਹੋ ਜਿਹਾ ਲੱਭਦਾ ਹੀ ਨਹੀਂ, ਜਿਸ ਨੂੰ ਜ਼ਿੰਮੇਵਾਰੀ ਦੇ ਹਾਣ ਦਾ ਕਹਿ ਸਕੀਏ। ਰਾਜ-ਭਾਗ ਦੀ ਕਮਾਨ ਸਾਂਭਣ ਦਾ ਦਾਅਵਾ ਕਰਦੀਆਂ ਲੱਗਭੱਗ ਸਾਰੀਆਂ ਪਾਰਟੀਆਂ ਵਿੱਚ ਅਗਵਾਈ ਦਾ ਇਹ ਸੰਕਟ ਖੜਾ ਹੈ ਤੇ ਬੌਣੇ ਰਾਜਸੀ ਕੱਦਾਂ ਵਾਲੇ ਇਸ ਨੂੰ ਸੰਕਟ ਮੰਨਣ ਤੋਂ ਇਨਕਾਰੀ ਹਨ।
ਸਾਨੂੰ ਇਹ ਦੱਸ ਕੇ ਖੁਸ਼ ਕੀਤਾ ਜਾਂਦਾ ਹੈ ਕਿ ਅਸੀਂ ਫਲਾਣੇ-ਫਲਾਣੇ ਮਾਮਲੇ ਵਿੱਚ ਦੁਨੀਆ ਦੇ ਸਿਖਰਲੇ ਦਸ ਦੇਸ਼ਾਂ ਵਿੱਚ ਸ਼ਾਮਲ ਹਾਂ ਜਾਂ ਸੰਸਾਰ ਦੇ ਸਿਖਰਲੇ ਵੀਹ ਸਰਮਾਏਦਾਰਾਂ ਵਿੱਚ ਭਾਰਤ ਦੇ ਸੱਤ ਜਾਂ ਅੱਠ ਅਮੀਰ ਸ਼ਾਮਲ ਹੋ ਜਾਣ ਦੀ ਖੁਸ਼ੀ ਮਨਾਈ ਜਾਂਦੀ ਹੈ। ਇਹ ਤਸਵੀਰ ਦਾ ਇੱਕ ਪਾਸਾ ਹੈ। ਦੂਸਰਾ ਪਾਸਾ ਇਹ ਹੈ ਕਿ ਖੁਸ਼ਹਾਲ ਲੋਕਾਂ ਦੇ ਵਸੇਬੇ ਵਾਲੀਆਂ ਕਾਲੋਨੀਆਂ ਵਿੱਚ ਵੜਨ ਤੋਂ ਪਹਿਲਾਂ ਝੁੱਗੀਆਂ-ਝੌਂਪੜੀਆਂ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਹੈ ਅਤੇ ਓਥੇ ਵੀ ਇਸ ਮਹਾਨ ਦੇਸ਼ ਦੇ ਬਰਾਬਰ ਦੇ ਨਾਗਰਿਕ ਵੱਸਦੇ ਹਨ। ਰਾਜਧਾਨੀ ਤੇ ਸ਼ਤਾਬਦੀ ਗੱਡੀ ਵਿੱਚ ਬੈਠ ਜਾਈਏ ਤਾਂ ਜਹਾਜ਼ ਦੀ ਸਵਾਰੀ ਵਰਗਾ ਮਜ਼ਾ ਆਉਂਦਾ ਹੈ ਤੇ ਖਾਣ-ਪੀਣ ਦੀ ਸੇਵਾ ਵੀ ਓਸੇ ਤਰ੍ਹਾਂ ਦੀ ਹੁੰਦੀ ਹੈ, ਪਰ ਉਨ੍ਹਾਂ ਦੇ ਸਵਾਰ ਬਣਨ ਲਈ ਜਦੋਂ ਰੇਲਵੇ ਪਲੇਟਫਾਰਮ ਉੱਤੇ ਖੜੇ ਹੋਈਏ, ਕਿਸੇ ਬੱਚੇ ਜਾਂ ਕਿਸੇ ਕੁੱਬੇ ਲੱਕ ਵਾਲੀ ਮਾਈ ਵੱਲੋਂ ਆ ਕੇ ਇਹ ਤਰਲਾ ਪਾਉਣਾ ਆਮ ਗੱਲ ਹੈ ਕਿ 'ਰਾਤ ਦਾ ਕੁਝ ਖਾਧਾ ਨਹੀਂ, ਦੋ ਰੁਪਏ ਰੋਟੀ ਲਈ ਦੇ ਦਿਓ।'
ਭੁੱਖੇ ਢਿੱਡਾਂ ਮੂਹਰੇ ਸਿਰਫ ਚੰਗਾ-ਚੰਗਾ ਜ਼ਾਹਰ ਕਰਨ ਵਾਲੇ ਅੰਕੜੇ ਪੇਸ਼ ਕੀਤੇ ਜਾਂਦੇ ਹਨ, ਪਰ ਜਿਹੜੇ ਅੰਕੜੇ ਵੇਖ ਕੇ ਮਨ ਖੱਟਾ ਹੋ ਜਾਵੇ, ਉਹ ਲੁਕਾ ਲਏ ਜਾਂਦੇ ਹਨ। ਸੰਸਾਰ ਦੇ ਅੰਕੜੇ ਵੇਖੇ ਜਾਣ ਤਾਂ ਜੀਵਨ ਪੱਧਰ ਵੱਲੋਂ ਭਾਰਤ ਦਾ ਨੰਬਰ ਦੁਨੀਆ ਦੇ ਦੇਸ਼ਾਂ ਵਿੱਚ ਤੇਹੱਤਰਵਾਂ ਹੈ। ਇਮਾਨਦਾਰੀ ਦੇ ਪੱਖੋਂ ਅਸੀਂ ਸਤਾਸੀ ਨੰਬਰ ਉੱਤੇ ਖੜੇ ਹਾਂ। ਮਨੁੱਖੀ ਵਸੀਲਿਆਂ ਦੇ ਵਿਕਾਸ ਦੇ ਪੱਖੋਂ ਭਾਰਤ ਦਾ ਨੰਬਰ ਇੱਕ ਸੌ ਉੱਨੀਵਾਂ ਹੈ। ਜੇ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਗਿਣਨੀ ਹੋਵੇ ਤਾਂ ਸੰਸਾਰ ਬੈਂਕ ਦੇ ਮੁਤਾਬਕ ਭਾਰਤ ਦਾ ਨੰਬਰ ਸੰਸਾਰ ਵਿੱਚ ਨੌਂਵਾਂ ਹੈ, ਪਰ ਇਹ ਅੰਕੜਾ ਸਹੀ ਨਹੀਂ। ਭਾਰਤ ਅਬਾਦੀ ਦੇ ਪੱਖੋਂ ਦੂਸਰਾ ਵੱਡਾ ਦੇਸ਼ ਹੈ ਅਤੇ ਖੇਤਰਫਲ ਵੱਲੋਂ ਸੱਤਵਾਂ ਵੱਡਾ ਮੁਲਕ ਹੈ। ਕੁੱਲ ਘਰੇਲੂ ਪੈਦਾਵਾਰ ਵੱਲੋਂ ਭਾਰਤ ਤੋਂ ਉਤਲੇ ਦਰਜੇ ਉੱਤੇ ਖੜੇ ਅੱਠ ਦੇਸ਼ਾਂ ਵਿੱਚ ਘੱਟੋ ਘੱਟ ਪੰਜ ਇਹੋ ਜਿਹੇ ਹਨ, ਜਿਹੜੇ ਅਬਾਦੀ ਤੇ ਖੇਤਰਫਲ ਦੇ ਪੱਖੋਂ ਭਾਰਤ ਤੋਂ ਬਹੁਤ ਛੋਟੇ ਹਨ, ਪਰ ਇਸ ਤੋਂ ਬਹੁਤ ਖੁਸ਼ਹਾਲ ਹਨ। ਜੇ ਅਸਲੀ ਤਸਵੀਰ ਵੇਖਣੀ ਹੋਵੇ ਤਾਂ ਪ੍ਰਤੀ ਜੀਅ ਘਰੇਲੂ ਪੈਦਾਵਾਰ ਦੇ ਅੰਕੜੇ ਤੋਂ ਮਿਲਦੀ ਹੈ। ਪ੍ਰਤੀ ਜੀਅ ਪੈਦਾਵਾਰ ਦੇ ਪੱਖ ਤੋਂ ਭਾਰਤ ਦਾ ਨਾਂਅ ਸੰਸਾਰ ਵਿੱਚ ਇੱਕ ਸੌ ਅਠੱਤੀਵੇਂ ਨੰਬਰ ਉੱਤੇ ਲਿਖਿਆ ਹੈ। ਇਹ ਪੱਖ ਦੱਸ ਦੇਂਦਾ ਹੈ ਕਿ ਅਸੀਂ ਹਕੀਕੀ ਤਰੱਕੀ ਤੋਂ ਕਿੰਨੇ ਦੂਰ ਹਾਂ।
ਕੌਮਾਂ ਤਰੱਕੀ ਓਦੋਂ ਕਰਦੀਆਂ ਹਨ, ਜਦੋਂ ਉਨ੍ਹਾਂ ਦੀ ਅਗਵਾਈ ਉਨ੍ਹਾਂ ਹੱਥਾਂ ਵਿੱਚ ਹੋਵੇ, ਜਿਹੜੇ ਅਕਲ ਦੇ ਪੱਖ ਤੋਂ ਭਾਵੇਂ ਸਿਖਰਲੇ ਨਾ ਹੋਣ, ਸਮਾਜੀ ਸੂਝ, ਪ੍ਰਤੀਬੱਧਤਾ ਤੇ ਫੈਸਲੇ ਲੈਣ ਦੀ ਦਲੇਰੀ ਦੇ ਨਾਲ-ਨਾਲ ਆਪਣੇ ਮੁਲਕ ਦੇ ਲੋਕਾਂ ਵਿੱਚ ਵਿਸ਼ਵਾਸ ਦੇ ਲਾਇਕ ਵੀ ਸਮਝੇ ਜਾਂਦੇ ਹੋਣ। ਸਾਡੇ ਦੇਸ਼ ਵਿੱਚ ਏਸੇ ਗੱਲ ਦੀ ਇਸ ਵਕਤ ਸਭ ਤੋਂ ਵੱਡੀ ਘਾਟ ਹੈ। ਰਾਜ-ਭਾਗ ਦੇ ਹੱਕ ਦੀ ਲੜਾਈ ਲੜ ਰਹੀਆਂ ਸਿਆਸੀ ਪਾਰਟੀਆਂ ਵਿੱਚੋਂ ਕਿਸੇ ਇੱਕ ਵਿੱਚ ਵੀ ਇਸ ਵੇਲੇ ਅਗਵਾਈ ਦੇਣ ਜੋਗਾ ਆਗੂ ਨਜ਼ਰ ਨਹੀਂ ਆ ਰਿਹਾ। ਕਿਸੇ ਕੋਲ ਸੰਜੀਦਗੀ ਨਹੀਂ, ਕਿਸੇ ਕੋਲ ਭਵਿੱਖ ਨਕਸ਼ੇ ਦੀ ਘਾਟ ਹੈ ਤੇ ਕੋਈ ਹੋਰ ਲੋਕਾਂ ਦਾ ਵਿਸ਼ਵਾਸ ਤਾਂ ਕਿਧਰੇ ਰਿਹਾ, ਆਤਮ-ਵਿਸ਼ਵਾਸ ਤੋਂ ਵੀ ਸੱਖਣਾ ਹੈ।
ਸਾਡੇ ਕੋਲ ਇੱਕ ਪ੍ਰਧਾਨ ਮੰਤਰੀ ਹੈ, ਜਿਸ ਨੂੰ ਸਵੇਰੇ ਉੱਠ ਕੇ ਪਹਿਲਾਂ ਇਹ ਪਤਾ ਕਰਨਾ ਪੈਂਦਾ ਹੈ ਕਿ ਅਜੇ ਤੱਕ ਮੈਂ ਹੀ ਪ੍ਰਧਾਨ ਮੰਤਰੀ ਹਾਂ ਜਾਂ ਜਿਸ ਮੁੰਡੇ ਬਾਰੇ ਕਹਿੰਦੇ ਸਨ ਕਿ 'ਅੱਧੀ ਰਾਤ ਨੂੰ ਵੀ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ', ਉਸ ਨੂੰ ਬਣਾਉਣ ਦਾ ਫੈਸਲਾ ਹੋ ਗਿਆ ਹੈ। ਉਸ ਨੂੰ ਇਹ ਰਿਪੋਰਟ ਪਤਾ ਕਰਨੀ ਪੈਂਦੀ ਹੈ ਕਿ ਪਿਛਲੇ ਚੌਵੀ ਘੰਟਿਆਂ ਦੌਰਾਨ ਪਾਰਟੀ ਦੀ ਕਮਾਨ ਸਾਂਭਣ ਵਾਲੀ ਬੀਬੀ ਕੋਲ ਮੇਰੀਆਂ ਜੜ੍ਹਾਂ ਵੱਢਣ ਵਾਲੇ ਲੋਕ ਵੱਧ ਗਏ ਕਿ 'ਹਾਲ ਦੀ ਘੜੀ ਏਸੇ ਨੂੰ ਟਿਕਿਆ ਰਹਿਣ ਦਿਓ' ਕਹਿਣ ਵਾਲੇ ਵੀ ਲੋੜ ਜੋਗੇ ਚਲੇ ਗਏ ਸਨ। ਰਾਜ ਦੀ ਅਗਵਾਈ ਕਰਦੀ ਪਾਰਟੀ ਦੇ ਬਹੁਤੇ ਲੀਡਰ 'ਜੁਗਾੜੀ' ਕਿਸਮ ਦੇ ਹਨ, ਜਿਹੜੇ ਆਪੋ ਆਪਣੇ ਰਾਜ ਵਿੱਚ ਲੋਕਾਂ ਕੋਲ ਜਾਣ ਜੋਗੇ ਨਹੀਂ, ਪਰ ਦਿੱਲੀ ਵਿੱਚ ਬੈਠੇ ਪਾਰਲੀਮੈਂਟ ਦੇ ਉਤਲੇ ਸਦਨ ਵਾਲੀ ਰਾਜ ਸਭਾ ਤੋਂ ਵੱਧ ਰਾਜ-ਭਾਗ ਦੇ ਗਲਿਆਰਿਆਂ ਵਿੱਚ ਚੱਲਦੀ 'ਰਾਜ ਸਭਾ' ਵਿੱਚ ਪੂਰਾ ਪ੍ਰਭਾਵ ਬਣਾਈ ਬੈਠੇ ਹਨ। ਜਿਸ ਬੰਦੇ ਦੇ ਹੱਥ ਦੇਸ਼ ਦੀ ਕਮਾਨ ਸੌਂਪੀ ਹੋਈ ਹੈ, ਉਸ ਨੂੰ ਆਪਣੇ ਵੀ ਕੌੜਾ-ਫਿੱਕਾ ਬੋਲ ਜਾਂਦੇ ਹਨ ਤੇ ਪਰਾਏ ਵੀ ਨਹੀਂ ਝਿਜਕਦੇ, ਕਿਉਂਕਿ ਉਹ ਜਾਣਦੇ ਹਨ ਕਿ ਇਹ ਬੰਦਾ ਸਾਡੀ ਮਰਜ਼ੀ ਤੋਂ ਬਿਨਾਂ ਅਗਲੀ ਪੰਦਰਾਂ ਅਗਸਤ ਨੂੰ ਲਾਲ ਕਿਲ੍ਹੇ ਦੀ ਕੰਧ ਉੱਤੇ ਨਹੀਂ ਚੜ੍ਹ ਸਕਦਾ।
ਵਿਰੋਧੀ ਧਿਰ ਦੀ ਜਿਹੜੀ ਪਾਰਟੀ ਰਾਜ ਸੰਭਾਲਣ ਲਈ ਕਾਹਲੀ ਪਈ ਹੋਈ ਹੈ ਤੇ ਜਿਸ ਦੇ ਆਗੂ ਹੁਣੇ ਹੀ ਸਿਹਰੇ ਲਾਉਣ ਤੋਂ ਲੜੀ ਜਾਂਦੇ ਹਨ, ਉਸ ਦੇ ਮੌਜੂਦਾ ਆਗੂ ਵੀ ਅਟਲ ਬਿਹਾਰੀ ਵਾਜਪਾਈ ਵਰਗੇ ਨਹੀਂ। ਵਾਜਪਾਈ ਦੇ ਹੋਰ ਜੋ ਵੀ ਨੁਕਸ ਕੱਢ ਲਏ ਜਾਣ, ਉਹ ਇੱਕ ਖਾਸ ਪੱਧਰ ਦਾ ਨੀਤੀਵਾਨ ਸੀ, ਪਰ ਹੁਣ ਉਸ ਦੀ ਥਾਂ ਪਾਰਲੀਮੈਂਟ ਅੰਦਰ ਵਿਰੋਧੀ ਧਿਰ ਦੀ ਲੀਡਰ ਉਹ ਬੀਬੀ ਹੈ, ਜਿਹੜੀ ਰਾਮ ਲੀਲ੍ਹਾ ਮੈਦਾਨ ਵਿੱਚ ਲੋਕਾਂ ਨੂੰ ਪੁਲਸ ਦੀ ਕੁੱਟ ਪੈਣ ਦਾ ਰੋਸ ਕਰਨ ਲਈ ਮਹਾਤਮਾ ਗਾਂਧੀ ਦੀ ਸਮਾਧੀ ਮੂਹਰੇ ਧਰਨਾ ਦੇਣ ਗਈ ਤਾਂ ਓਥੇ ਜਾ ਕੇ ਨੱਚਣ ਲੱਗ ਪਈ ਸੀ। ਕੁੱਟ ਦੀ ਪੀੜ ਦੇ ਰੋਸ ਵਿੱਚ ਨੱਚਣਾ, ਤੇ ਉਹ ਵੀ ਇੱਕ ਸਮਾਧੀ ਅੱਗੇ ਜਾ ਕੇ, ਇਹ ਗੱਲ ਜ਼ਾਹਰ ਕਰਦੀ ਹੈ ਕਿ ਨਾ ਪਾਰਟੀ ਗੰਭੀਰ ਹੈ, ਨਾ ਪਾਰਟੀ ਦੀ ਲੀਡਰਸ਼ਿਪ। ਆਰ ਐੱਸ ਐੱਸ ਵਾਲੇ ਨਰਿੰਦਰ ਮੋਦੀ ਨੂੰ ਥਾਪੜੇ ਦੇ ਰਹੇ ਹਨ, ਪਰ ਪਾਰਟੀ ਦਾ ਪ੍ਰਧਾਨ ਜਿਸ ਨੂੰ ਉਨ੍ਹਾਂ ਆਪ ਬਣਾਇਆ ਹੈ, ਉਸ ਨੇ ਪਿਛਲੇ ਸੱਤ ਮਹੀਨਿਆਂ ਵਿੱਚ ਓਸੇ ਮੋਦੀ ਨਾਲ ਕਦੀ ਫੋਨ ਉੱਤੇ ਵੀ ਗੱਲ ਨਹੀਂ ਕੀਤੀ ਤੇ ਉਸ ਦੇ ਆਪਣੇ ਉੱਤੇ ਰਾਜ ਸਭਾ ਦੀ ਚੋਣ ਲਈ ਟਿਕਟਾਂ ਵੇਚ ਦੇਣ ਦਾ ਦੋਸ਼ ਉਸ ਦੀ ਪਾਰਟੀ ਦੇ ਆਗੂ ਆਪ ਲਾਈ ਜਾਂਦੇ ਹਨ।
ਭਾਰਤੀ ਜਨਤਾ ਪਾਰਟੀ ਆਖਦੀ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਵਾਲੇ ਮਨਮੋਹਨ ਸਿੰਘ ਦੀ ਕਾਂਗਰਸ ਦੇ ਅੰਦਰ ਕੋਈ ਪੁੱਛਗਿੱਛ ਨਹੀਂ ਤੇ ਇਸ ਤਰ੍ਹਾਂ ਇਸ ਅਹੁਦੇ ਦੀ ਕਦਰ ਘਟਾਈ ਜਾ ਰਹੀ ਹੈ, ਪਰ ਅਹੁਦੇ ਦੀ ਕਦਰ ਘਟਾਉਣ ਵਾਲਾ ਵੱਡਾ ਵਾਰ ਵੀ ਭਾਜਪਾ ਆਗੂ ਨਰਿੰਦਰ ਮੋਦੀ ਨੇ ਕੀਤਾ ਸੀ। ਓਦੋਂ ਤੱਕ ਰਵਾਇਤ ਹੁੰਦੀ ਸੀ ਕਿ ਪ੍ਰਧਾਨ ਮੰਤਰੀ ਬੋਲਦਾ ਹੋਵੇ ਤਾਂ ਮੁੱਖ ਮੰਤਰੀ ਭਾਵੇਂ ਵਿਰੋਧੀ ਪਾਰਟੀ ਦਾ ਵੀ ਹੋਵੇ, ਉਸ ਦੀ ਗੱਲ ਨਹੀਂ ਸੀ ਟੋਕਦਾ ਹੁੰਦਾ। ਜੇ ਕੁਝ ਕਹਿਣ ਦੀ ਲੋੜ ਮਹਿਸੂਸ ਕਰੇ ਤਾਂ ਉਹ ਬਾਅਦ ਵਿੱਚ ਵੱਖਰੀ ਮੁਨਾਸਬ ਥਾਂ ਲੱਭ ਕੇ ਕਹਿੰਦਾ ਹੁੰਦਾ ਸੀ। ਗੁਜਰਾਤ ਦੇ ਦੰਗਿਆਂ ਪਿੱਛੋਂ ਓਥੇ ਗਏ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜਦੋਂ ਇਹ ਕਿਹਾ ਕਿ ਮੁੱਖ ਮੰਤਰੀ ਨੂੰ ਰਾਜ ਧਰਮ ਨਿਭਾਉਣਾ ਚਾਹੀਦਾ ਹੈ, ਤਾਂ ਨਰਿੰਦਰ ਮੋਦੀ ਨੇ ਉਸ ਦੀ ਗੱਲ ਵਿਚਾਲੇ ਕੱਟ ਕੇ ਕਿਹਾ ਸੀ, 'ਇਹੋ ਤਾਂ ਨਿਭਾ ਰਿਹਾ ਹਾਂ।' ਓਦੋਂ ਵਾਜਪਾਈ ਦੇ ਦੰਦ ਜੁੜੇ ਰਹਿ ਗਏ ਸਨ ਤੇ ਓਦੋਂ ਦੀ ਘਟਦੀ ਗਈ ਇਹ ਕਦਰ ਹੁਣ ਮਨਮੋਹਨ ਸਿੰਘ ਦੇ ਵੇਲੇ ਤੱਕ ਹੋਰ ਨੀਵਾਣਾਂ ਵੱਲ ਰੁੜ੍ਹੀ ਜਾਂਦੀ ਦਿਖਾਈ ਦੇ ਰਹੀ ਹੈ।
ਇੱਕ ਸਮੇਂ ਮਹਾਤਮਾ ਗਾਂਧੀ ਉੱਤੇ ਆਰ ਐੱਸ ਐੱਸ ਦੇ ਹਮਲਿਆਂ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਕਿਹਾ ਸੀ ਕਿ ਅਸੀਂ ਰੂਸ ਦੇ ਤਜਰਬੇ ਤੋਂ ਸਿੱਖੀਏ, ਓਥੇ ਮਹਾਨ ਲੈਨਿਨ ਉੱਤੇ ਹਮਲਿਆਂ ਦੀ ਸ਼ੁਰੂਆਤ ਜਦੋਂ ਗੋਰਬਾਚੇਵ ਦੇ ਦੌਰ ਵਿੱਚ ਹੋਈ ਤੇ ਬਾਕੀ ਲੋਕ ਚੁੱਪ ਕੀਤੇ ਰਹੇ ਸਨ, ਉਹ ਚੁੱਪ ਲੈ ਕੇ ਬਹਿ ਗਈ ਸੀ। ਚੰਦਰ ਸ਼ੇਖਰ ਦਾ ਵਿਚਾਰ ਸੀ ਕਿ ਮਹਾਤਮਾ ਗਾਂਧੀ ਬਾਰੇ ਆਰ ਐੱਸ ਐੱਸ ਦਾ ਇਹ ਵਿਹਾਰ ਭਾਰਤ ਨੂੰ ਲੈ ਬੈਠੇਗਾ। ਫਿਰ ਇੱਕ ਹੋਰ ਮੌਕੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਪਾਰਲੀਮੈਂਟ ਵਿੱਚ ਬੋਲਣ ਲੱਗੇ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਜਨਤਾ ਦਲ ਦੇ ਪ੍ਰਧਾਨ ਸ਼ਰਦ ਯਾਦਵ ਨੇ ਟੋਕਣਾ ਸ਼ੁਰੂ ਕਰ ਦਿੱਤਾ ਸੀ। ਚੰਦਰ ਸ਼ੇਖਰ ਨੇ ਉਸ ਦਿਨ ਵੀ ਉੱਠ ਕੇ ਕਿਹਾ ਸੀ ਕਿ ਪਾਰਲੀਮੈਂਟ ਦੀ ਮਰਿਯਾਦਾ ਇਹ ਹੈ ਕਿ ਜਦੋਂ ਪ੍ਰਧਾਨ ਮੰਤਰੀ ਬੋਲਦੇ ਹੋਣ, ਉਨ੍ਹਾ ਨੂੰ ਟੋਕਿਆ ਨਹੀਂ ਜਾਂਦਾ, ਪਰ ਇਹ ਗੱਲ ਮੰਨਣ ਦੀ ਥਾਂ ਸ਼ਰਦ ਯਾਦਵ ਅੱਗੋਂ ਇਹ ਕਹਿ ਗਿਆ ਸੀ, 'ਪ੍ਰਧਾਨ ਮੰਤਰੀ ਕੋਈ ਖੁਦਾ ਨਹੀਂ ਹੁੰਦਾ'।
ਇਹ ਠੀਕ ਹੈ ਕਿ ਪ੍ਰਧਾਨ ਮੰਤਰੀ ਖੁਦਾ ਨਹੀਂ ਹੁੰਦਾ, ਪਰ ਜੇ ਉਸ ਦੀ ਕੋਈ ਕਦਰ ਹੀ ਨਾ ਰਹਿ ਜਾਵੇ ਤਾਂ ਉਹ ਮੁਲਕ ਨੂੰ ਕਿਸੇ ਆਤਮ ਵਿਸ਼ਵਾਸ ਨਾਲ ਅਗਵਾਈ ਵੀ ਨਹੀਂ ਦੇ ਸਕਦਾ। ਜਿੱਥੇ ਲੀਡਰਸ਼ਿਪ ਏਨੀ ਕਦਰ ਤੋਂ ਸੱਖਣੀ ਹੋਵੇ, ਉਸ ਦੇ ਭਵਿੱਖ ਦੀ ਆਸ ਕਿਸੇ ਅਗਨੀ ਮਿਜ਼ਾਈਲ ਦੀ ਨੋਕ ਨਾਲ ਨਹੀਂ ਟਿਕੀ ਰਹਿਣੀ। ਦੇਸ਼ ਦੀ ਲੀਡਰਸ਼ਿਪ ਨੂੰ ਫਰਜ਼ਾਂ ਦੇ ਹਾਣ ਦੀ ਹੋਣਾ ਚਾਹੀਦਾ ਹੈ ਤੇ ਇਹੋ ਜਿਹਾ ਹਾਣ ਜਦੋਂ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਤਾਂ ਭਵਿੱਖ ਦੀ ਆਸ ਕਿੱਥੋਂ ਬੱਝ ਸਕੇਗੀ? ਭਾਰਤ ਬਹੁਤ ਮਹਾਨ ਹੈ, ਸਿੰਧ ਘਾਟੀ ਦੀ ਸੱਭਿਅਤਾ ਵੇਲੇ ਵੀ ਮਹਾਨ ਹੁੰਦਾ ਸੀ, ਪਰ ਫਿਰ ਰੁਲ ਕੇ ਰਹਿ ਗਿਆ ਸੀ। ਹੁਣ ਵਾਲੀ ਕਦਰਾਂ ਤੋਂ ਸੱਖਣੀ ਲੀਡਰਸ਼ਿਪ ਪਤਾ ਨਹੀਂ ਕਿ ਚੰਦ ਚਾੜ੍ਹੇਗੀ?

No comments:

Post a Comment