ਦ੍ਰਿਸ਼ਟੀਕੋਣ (67)-ਜਤਿੰਦਰ ਪਨੂੰ

ਪੰਜਾਬ ਦੇ ਚੋਣ ਨਤੀਜਿਆਂ ਦੇ ਇਹ ਵੀ ਹਨ ਗਿਣਨ ਯੋਗ ਪੱਖ
ਲੋਕ-ਤੰਤਰ ਦਾ ਪੰਜ ਸਾਲਾਂ ਪਿੱਛੋਂ ਆਉਂਦਾ ਮਹਾਂ-ਸੰਘਰਸ਼ ਲੰਘ ਜਾਣ ਪਿੱਛੋਂ ਅਕਾਲੀਆਂ ਬਾਰੇ ਇਹ ਕਹਿਣਾ ਠੀਕ ਹੈ ਕਿ ਉਨ੍ਹਾਂ ਨੇ ਜਮਰੌਦ ਦਾ ਟੁੱਟ ਰਿਹਾ ਕਿਲ੍ਹਾ ਬਚਾ ਲਿਆ ਹੈ ਅਤੇ ਕਾਂਗਰਸੀਆਂ ਨੇ ਮੁਦਕੀ ਦੀ ਲੜਾਈ ਜਿੱਤ ਦੇ ਲਾਗੇ ਜਾ ਕੇ ਹਰਾ ਲਈ ਹੈ। ਇਸ ਦੀ ਪੁਣ-ਛਾਣ ਦੋਵੇਂ ਧਿਰਾਂ ਆਪੋ ਆਪਣੇ ਢੰਗ ਨਾਲ ਕਰਨਗੀਆਂ, ਅਤੇ ਤੀਸਰੀ ਧਿਰ ਦੀ ਅਗਵਾਨੂੰ ਬਣੀ ਪੰਜਾਬ ਪੀਪਲਜ਼ ਪਾਰਟੀ ਸਮੇਤ ਹੋਰਨਾਂ ਨੂੰ ਵੀ ਕਰਨੀ ਪਵੇਗੀ। ਅਸੀਂ ਮੀਡੀਏ ਵਾਲੇ ਹੋਰ ਹਰ ਕਿਸੇ ਦੇ ਨੁਕਸ ਕੱਢਦੇ ਰਹਿੰਦੇ ਹਾਂ, ਪਰ ਆਮ ਕਰ ਕੇ ਆਪਣੀ ਕਚਿਆਈ ਮੰਨਣ ਤੋਂ ਕੰਨੀ ਕਤਰਾ ਜਾਂਦੇ ਹਾਂ। ਇਸ ਵਾਰ ਮੰਨਣਾ ਪਵੇਗਾ ਕਿ ਇਨ੍ਹਾਂ ਸਤਰਾਂ ਦੇ ਲੇਖਕ ਸਮੇਤ ਅਸੀਂ ਸਾਰੇ ਵੀ ਜਿਹੜੀ ਧਾਰਨਾ ਬਣਾਈ ਫਿਰਦੇ ਸਾਂ ਕਿ ਰਾਜ ਕਰਨ ਦੀ ਵਾਰੀ ਹੁਣ ਵਾਲੀ ਧਿਰ ਦੀ ਨਹੀਂ ਰਹਿਣੀ ਤੇ ਕਾਂਗਰਸ ਪਾਰਟੀ ਨੇ ਆ ਹੀ ਜਾਣਾ ਹੈ, ਉਹ ਗਲਤ ਸਾਬਤ ਹੋਈ ਹੈ। ਦੋ-ਤਿੰਨ ਜਣੇ ਅਕਾਲੀ-ਭਾਜਪਾ ਦੇ ਮੁੜ ਜਿੱਤਣ ਦੀ ਗੱਲ ਕਰਦੇ ਸਨ, ਜਿਹੜੇ ਉਸ ਧਿਰ ਨਾਲ ਪੱਕੇ ਜੁੜੇ ਹੋਏ ਹੋਣ ਕਰ ਕੇ ਉਨ੍ਹਾਂ ਦੀ ਰਾਏ ਨੂੰ ਬਹੁਤਾ ਵਜ਼ਨ ਨਹੀਂ ਸੀ ਦਿੱਤਾ ਜਾਂਦਾ, ਪਰ ਪਿੱਛੋਂ ਆਏ ਨਤੀਜੇ ਨੇ ਤਬਦੀਲੀ ਦੇ ਪੱਖ ਦੀਆਂ ਸਭ ਗਿਣਤੀਆਂ-ਮਿਣਤੀਆਂ ਫੇਲ੍ਹ ਕਰ ਦਿੱਤੀਆਂ ਹਨ।
ਹੁਣ ਸਭ ਤੋਂ ਪਹਿਲਾਂ ਉਸ ਧਿਰ ਨੂੰ ਵਧਾਈ ਦੇਣੀ ਬਣਦੀ ਹੈ, ਜਿਸ ਦੇ ਆਪਣੇ ਬਹੁਤ ਸਾਰੇ ਲੋਕ ਵੀ ਘਰਾਂ ਨੂੰ ਮੁੜ ਜਾਣ ਲਈ ਬਿਸਤਰੇ ਬੰਨ੍ਹੀ ਬੈਠੇ ਸਨ, ਪਰ ਲੋਕਾਂ ਨੇ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਪੰਜ ਸਾਲ ਹੋਰ ਰਹਿਣ ਦਾ ਹੱਕ ਫੇਰ ਦੇ ਦਿੱਤਾ ਹੈ। ਇਹ ਕਹਿਣਾ ਉਨ੍ਹਾਂ ਦਾ ਵੀ ਗਲਤ ਹੈ ਕਿ ਉਨ੍ਹਾਂ ਨੂੰ ਆਪਣੀ ਜਿੱਤ ਦਾ ਯਕੀਨ ਸੀ। ਕੁਝ ਆਖਰੀ ਹੱਲੇ ਦੀ ਉਨ੍ਹਾਂ ਦੀ 'ਹਰ ਕਿਸਮ ਦੀ ਹਿੰਮਤ' ਤੇ ਕੁਝ ਕਾਂਗਰਸੀਆਂ ਦੇ ਜਿੱਤ ਜਾਣ ਦੇ ਵਹਿਮ ਨੇ ਉਨ੍ਹਾਂ ਦੀ ਕਿਸਮਤ ਦੀ ਪੁੜੀ ਖੋਲ੍ਹ ਦਿੱਤੀ ਤੇ ਕੁਝ ਇਸ ਗੱਲ ਨੇ ਵੀ ਕਿ ਆਟਾ-ਦਾਲ ਦੀ ਜਿਹੜੀ ਸਕੀਮ ਹੋਰ ਕਿਸੇ ਨੂੰ ਨਹੀਂ ਦਿਸਦੀ ਸੀ, ਉਸ ਦੀ ਗਰੀਬ ਲੋਕਾਂ ਨੇ ਕਦਰ ਪਾਈ ਹੈ। ਹੁਣ ਅੱਗੇ ਦਾ ਕੰਮ ਵੀ ਉਨ੍ਹਾਂ ਦਾ ਸੁਖਾਲਾ ਹੋ ਗਿਆ ਹੈ। ਕਈ ਵੱਡੇ ਆਗੂ ਪਿਛਲੇ ਸਮੇਂ ਵਿੱਚ ਅਕਾਲੀ ਦਲ ਲਈ ਸਿਰ-ਦਰਦੀ ਬਣਦੇ ਰਹੇ ਸਨ, ਉਨ੍ਹਾਂ ਤੋਂ ਛੁਟਕਾਰਾ ਹੋ ਗਿਆ ਹੈ ਅਤੇ ਵਜ਼ੀਰੀ ਦੇ ਇਹੋ ਜਿਹੇ ਦਾਅਵੇਦਾਰ ਬਹੁਤੇ ਨਹੀਂ ਰਹਿ ਗਏ, ਜਿਹੜੇ ਨਜ਼ਰ-ਅੰਦਾਜ਼ ਕਰ ਸਕਣੇ ਔਖੇ ਹੋਣ। ਭਾਰਤੀ ਜਨਤਾ ਪਾਰਟੀ ਵੀ ਹੁਣ ਅੱਗੇ ਜਿੰਨੀ ਉਭਾਸਰ ਸਕਣ ਜੋਗੀ ਨਹੀਂ ਰਹਿ ਗਈ ਤੇ ਜਿੰਨਾ ਕੁ ਮਿਲ ਗਿਆ, ਉਸ ਉੱਤੇ ਸਬਰ ਕਰ ਕੇ ਦਿਹਾੜੇ ਕੱਟਣ ਵਿੱਚ ਸ਼ੁਕਰ ਕਰੇਗੀ।
ਸਭ ਤੋਂ ਮਾੜੀ ਹਾਲਤ ਹੋਈ ਮੰਨੀ ਜਾਂਦੀ ਹੈ ਪੰਜਾਬ ਪੀਪਲਜ਼ ਪਾਰਟੀ ਅਤੇ ਉਸ ਦੀ ਅਗਵਾਈ ਵਾਲੇ ਤੀਸਰੇ ਮੋਰਚੇ ਦੀ। ਇਹ ਠੀਕ ਹੈ ਕਿ ਪੰਜਾਬ ਪੀਪਲਜ਼ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ, ਪਰ ਸੀਟਾਂ ਤੋਂ ਬਿਨਾਂ ਵੀ ਕੋਈ ਆਧਾਰ ਹੁੰਦਾ ਹੈ, ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਦੋਂ ਦੇਸ਼ ਦੀ ਪਾਰਲੀਮੈਂਟ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਿਰਫ ਦੋ ਸੀਟਾਂ ਆਈਆਂ ਸਨ, ਉਸ ਦਾ ਮਤਲਬ ਇਹ ਨਹੀਂ ਸੀ ਕਿ ਅੱਗੇ ਲਈ ਉਸ ਦਾ ਭੋਗ ਪਾ ਦੇਣ ਦਾ ਵਕਤ ਆ ਗਿਆ ਹੈ। ਸਿਰਫ ਪੰਜ ਸਾਲ ਬਾਅਦ ਉਹ ਆਪਣੇ ਪੱਕੇ ਆਧਾਰ ਨੂੰ ਸਰਗਰਮ ਕਰ ਕੇ ਦੋ ਤੋਂ ਛਿਆਸੀ ਸੀਟਾਂ ਵਾਲੀ ਬਣ ਗਈ ਸੀ। ਇਸ ਵਾਰੀ ਪੀਪਲਜ਼ ਪਾਰਟੀ ਦੀਆਂ ਸੀਟਾਂ ਦੇ ਖਾਤੇ ਵਿੱਚ ਗੋਲ ਆਂਡਾ ਵੇਖਣ ਦੀ ਥਾਂ ਇਹ ਵੇਖਣਾ ਪਵੇਗਾ ਕਿ ਉਸ ਪਾਰਟੀ ਨੂੰ ਸੱਤ ਲੱਖ ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ ਹਨ। ਜੇ ਇਸ ਵਾਰੀ ਦੋ ਧਿਰਾਂ ਵਿੱਚ ਵਾਰੋ-ਵਾਰੀ ਪੰਜ-ਪੰਜ ਸਾਲ ਰਾਜ ਕਰਨ ਦੀ ਰੀਤ ਟੁੱਟੀ ਹੈ ਤਾਂ ਇਸ ਵਿੱਚ ਪੀਪਲਜ਼ ਪਾਰਟੀ ਦੀ ਭੂਮਿਕਾ ਵੀ ਗਿਣਨੀ ਪਵੇਗੀ। ਉਸ ਨੇ ਕਾਂਗਰਸ ਨੂੰ ਹਰਾਉਣ ਵਾਸਤੇ ਨਹੀਂ, ਲੋਕਾਂ ਨੂੰ ਇੱਕ ਨਵਾਂ ਬਦਲ ਪੇਸ਼ ਕਰਨ ਦਾ ਸੰਘਰਸ਼ ਵਿੱਢਿਆ ਸੀ, ਜਿਸ ਵਿੱਚ ਸੱਤ ਲੱਖ ਤੋਂ ਵੱਧ ਲੋਕਾਂ ਦਾ ਉਸ ਦੇ ਨਾਲ ਖੜੇ ਰਹਿਣਾ ਅਤੇ ਇੱਕ ਲੱਖ ਤੋਂ ਵੱਧ ਲੋਕਾਂ ਦਾ ਸੀ ਪੀ ਆਈ ਪਿੱਛੇ ਭੁਗਤਣਾ ਕੋਈ ਅਰਥ ਰੱਖਦਾ ਹੈ। ਦੇਸ਼ ਦੇ ਖੱਬੇ ਪੱਖ ਦੀ ਅਗਵਾਨੂੰ ਮੰਨੀ ਜਾਂਦੀ ਦੂਸਰੀ ਖੱਬੀ ਪਾਰਟੀ ਦੇ ਮਗਰ ਵੀ ਲੋਕ ਤਾਂ ਭੁਗਤੇ ਹਨ, ਪਰ ਉਨ੍ਹਾਂ ਦੀ ਗਿਣਤੀ ਦਾ ਜ਼ਿਕਰ ਕੀਤਾ ਜਾਣਾ ਸ਼ਾਇਦ ਉਸ ਪਾਰਟੀ ਵਾਲਿਆਂ ਨੂੰ ਵੀ ਚੰਗਾ ਨਹੀਂ ਲੱਗੇਗਾ।
ਜਿਹੜੀ ਗੱਲ ਬਹੁਤ ਧਿਆਨ ਮੰਗਦੀ ਹੈ, ਉਹ ਇਹ ਕਿ ਪੰਜਾਬ ਪੀਪਲਜ਼ ਪਾਰਟੀ ਬਣਦੇ ਸਾਰ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਸੀ ਕਿ ਇਸ ਦਾ ਲਾਭ ਅਕਾਲੀ-ਭਾਜਪਾ ਨੂੰ ਹੋਵੇਗਾ। ਉਸ ਦੀ ਗਿਣਤੀ-ਮਿਣਤੀ ਇਹ ਸੀ ਕਿ ਕਿਸੇ ਵੀ ਸਰਕਾਰ ਨਾਲ ਕੁਝ ਲੋਕ ਨਾਰਾਜ਼ ਹੋ ਕੇ ਉਸ ਦੇ ਖਿਲਾਫ ਹੋ ਜਾਂਦੇ ਹਨ। ਜਦੋਂ ਚੋਣਾਂ ਆਉਂਦੀਆਂ ਹਨ ਤਾਂ ਉਹ ਵਿਰੋਧੀ ਧਿਰ ਦੀ ਪਾਰਟੀ ਨਾਲ ਜੁੜ ਕੇ ਪਾਸਾ ਪਲਟ ਦੇਂਦੇ ਹਨ, ਪਰ ਜੇ ਉਹ ਕਿਸੇ ਤੀਸਰੇ ਪਾਸੇ ਨੂੰ ਮੁੜ ਜਾਣ ਤਾਂ ਵਿਰੋਧੀ ਧਿਰ ਦੀ ਮੁੱਖ ਪਾਰਟੀ ਨੂੰ ਜਿਹੜਾ ਸਰਕਾਰ ਵਿਰੋਧੀ ਵੋਟਾਂ ਦਾ ਲਾਭ ਮਿਲਣਾ ਹੁੰਦਾ ਹੈ, ਉਹ ਮਿਲਣ ਤੋਂ ਰਹਿ ਜਾਂਦਾ ਹੈ। ਓਦੋਂ ਇਹ ਗੱਲ ਐਵੇਂ ਜਾਪਦੀ ਸੀ, ਹੁਣ ਇਹ ਵਾਪਰ ਚੁੱਕੀ ਹੈ। ਤੀਸਰੇ ਮੋਰਚੇ ਦੀ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਦੀ ਰਣਨੀਤੀ ਨਹੀਂ ਸੀ, ਪਰ ਤੀਸਰਾ ਬਦਲ ਪੇਸ਼ ਕਰਨ ਦੇ ਚੱਕਰ ਵਿੱਚ ਉਸ ਦਾ ਰਾਹ ਕੱਟਿਆ ਗਿਆ ਹੈ, ਜਿਸ ਦਾ ਦੋਸ਼ ਇਸ ਤੀਸਰੀ ਧਿਰ ਨੂੰ ਨਹੀਂ ਦਿੱਤਾ ਜਾ ਸਕਦਾ।
ਕਾਂਗਰਸ ਪਾਰਟੀ ਦੇ ਆਗੂਆਂ ਦਾ ਇਹ ਆਖਣਾ ਹਕੀਕਤਾਂ ਤੋਂ ਅੱਖਾਂ ਚੁਰਾਉਣਾ ਹੋਵੇਗਾ ਕਿ ਸਿਰਫ਼ ਪੰਜਾਬ ਪੀਪਲਜ਼ ਪਾਰਟੀ ਦੇ ਕਾਰਨ ਹੀ ਉਹ ਹਾਰ ਗਏ ਹਨ। ਉਨ੍ਹਾਂ ਨੂੰ ਬਹੁਤ ਸਾਰੇ ਹੋਰ ਪੱਖ ਵੀ ਵੇਖਣੇ ਪੈਣਗੇ।
ਇੱਕ ਪੱਖ ਤਾਂ ਇਹ ਹੈ ਕਿ ਅੰਨਾ ਹਜ਼ਾਰੇ ਦੀ ਲਹਿਰ ਹੋਵੇ ਜਾਂ ਰਾਮਦੇਵ ਵਰਗੇ ਯੋਗ ਦੇ ਓਹਲੇ ਹੇਠ ਬਿਜ਼ਨਿਸ ਕਰਨ ਵਾਲੇ ਰਾਮਦੇਵ ਦੀ ਨੌਟੰਕੀ ਹੋਵੇ, ਕਾਂਗਰਸ ਦੇ ਖਿਲਾਫ ਇੱਕ ਲਹਿਰ ਬਣਦੀ ਗਈ ਕਿ ਭ੍ਰਿਸ਼ਟਾਚਾਰ ਦਾ ਮੁੱਖ ਵਹਿਣ ਇਹੋ ਪਾਰਟੀ ਹੈ। ਟੈਲੀਕਾਮ ਦੇ ਟੂ-ਜੀ ਸਪੈਕਟਰਮ ਵਿੱਚ ਤਾਂ ਕਾਂਗਰਸੀਆਂ ਦਾ ਘੱਟ ਅਤੇ ਭਾਈਵਾਲਾਂ ਦਾ ਵੱਧ ਹੱਥ ਰਿਹਾ ਹੋਵੇਗਾ, ਪਰ ਕਾਮਨਵੈੱਲਥ ਖੇਡਾਂ ਤੋਂ ਲੈ ਕੇ ਕਾਰਗਿਲ ਦੇ ਸ਼ਹੀਦਾਂ ਦੇ ਨਾਂਅ ਉੱਤੇ ਬਣੀ ਮੁੰਬਈ ਦੀ ਆਦਰਸ਼ ਸੋਸਾਈਟੀ ਵਾਲੇ ਸਾਰੇ ਸਕੈਂਡਲਾਂ ਦੀ ਜ਼ਿੰਮੇਵਾਰੀ ਤੋਂ ਕਾਂਗਰਸ ਲਾਂਭੇ ਨਹੀਂ ਕੀਤੀ ਜਾ ਸਕਦੀ। ਦੇਸ਼ ਵਿੱਚ ਉਨ੍ਹਾਂ ਦੇ ਖਿਲਾਫ ਜਿਹੜਾ ਮਾਹੌਲ ਬਣਦਾ ਗਿਆ, ਉਸ ਤੋਂ ਨਾ ਕਾਂਗਰਸ ਪਾਰਟੀ ਉੱਤਰ ਪ੍ਰਦੇਸ਼ ਵਿੱਚ ਬਚ ਸਕੀ ਤੇ ਨਾ ਪੰਜਾਬ ਵਿੱਚ, ਉੱਤਰਾ ਖੰਡ ਵਿੱਚ ਵੀ ਇਸ ਦਾ ਅਸਰ ਪਿਆ ਹੈ। ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਚੋਣ ਜਿੱਤਣ ਲਈ ਇਸ ਪਾਰਟੀ ਦੀ ਲੀਡਰਸ਼ਿਪ ਨੇ ਹੋਰ ਵੀ ਕੁਚੱਜ ਕੀਤਾ, ਜਦੋਂ ਇਸ ਨੇ ਮੁਸਲਮਾਨਾਂ ਦੀਆਂ ਵੋਟਾਂ ਖਿੱਚਣ ਲਈ ਕਦੇ ਉਨ੍ਹਾਂ ਨੂੰ ਉਚੇਚੀ ਰਿਜ਼ਰਵੇਸ਼ਨ ਦੇਣ ਤੇ ਕਦੇ ਬਾਟਲਾ ਹਾਊਸ ਦੇ ਪੁਲਸ ਮੁਕਾਬਲੇ ਨੂੰ ਝੂਠਾ ਦੱਸ ਕੇ ਮੁਸਲਮਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨਾਲ ਜ਼ਿਆਦਤੀਆਂ ਹੋ ਰਹੀਆਂ ਹਨ। ਗੁਜਰਾਤ ਦੀ ਗੱਲ ਨੂੰ ਤਾਂ ਉਹ ਮੁਸਲਮਾਨਾਂ ਨਾਲ ਜ਼ਿਆਦਤੀ ਦੱਸ ਕੇ ਲਾਭ ਲੈ ਸਕਦੇ ਸਨ, ਦਿੱਲੀ ਵਾਲੇ ਪੁਲਸ ਮੁਕਾਬਲੇ ਨੂੰ ਝੂਠਾ ਦੱਸ ਕੇ ਉਹ ਇਸ ਦੀ ਜ਼ਿੰਮੇਵਾਰੀ ਤੋਂ ਆਪ ਕਿਵੇਂ ਬਚ ਜਾਂਦੇ, ਜਿੱਥੇ ਮੁੱਖ ਮੰਤਰੀ ਵੀ ਉਨ੍ਹਾਂ ਦੀ ਸ਼ੀਲਾ ਦੀਕਸ਼ਤ ਲੋਕਾਂ ਨੂੰ ਦਿਖਾਈ ਦੇਂਦੀ ਹੈ ਤੇ ਓਥੋਂ ਦੀ ਪੁਲਸ ਵੀ ਸਿੱਧੀ ਕਾਂਗਰਸ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਅਧੀਨ ਹੈ? ਇਹ ਦਾਅ ਉਨ੍ਹਾਂ ਨੂੰ ਪੁੱਠਾ ਪੈ ਗਿਆ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਮੱਧ ਵਰਗ ਦਾ ਹਿੰਦੂ ਇਸ ਪੱਖ ਤੋਂ ਕਾਂਗਰਸ ਦੇ ਵਿਰੁੱਧ ਕਤਾਰਬੰਦ ਹੋਣ ਲੱਗ ਪਿਆ ਕਿ ਇਹ ਪਾਰਟੀ ਮੁਸਲਮਾਨਾਂ ਦੀਆਂ ਵੋਟਾਂ ਲੈਣ ਖਾਤਰ ਅੱਤਵਾਦ ਦੇ ਪੱਖੋਂ ਵੀ ਤੀਹ ਸਾਲ ਬਾਅਦ ਇੱਕ ਵਾਰੀ ਫਿਰ ਕੁਰਾਹੇ ਪੈਣ ਲੱਗ ਪਈ ਹੈ।
ਸੁਭਾਵਕ ਤੌਰ ਉੱਤੇ ਇਹ ਸਵਾਲ ਉੱਠ ਖੜਾ ਹੋਵੇਗਾ ਕਿ ਕਾਂਗਰਸ ਪਾਰਟੀ ਦੀਆਂ ਇਨ੍ਹਾਂ ਕੁਚੱਜੀਆਂ ਹਰਕਤਾਂ ਦੇ ਬਾਵਜੂਦ ਉਹ ਪਿਛਲੇ ਸਾਲ ਆਸਾਮ ਵਿੱਚ ਲਗਾਤਾਰ ਤੀਸਰੀ ਵਾਰ ਜਿੱਤ ਗਈ ਸੀ ਤੇ ਹੁਣ, ਭਾਵੇਂ ਛੋਟਾ ਰਾਜ ਹੀ ਸਹੀ, ਮਨੀਪੁਰ ਵਿੱਚ ਵੀ ਉਸ ਦੀ ਤੀਸਰੀ ਵਾਰੀ ਕਿਵੇਂ ਜਿੱਤ ਹੋ ਗਈ ਹੈ? ਇਹ ਵਜ਼ਨਦਾਰ ਸਵਾਲ ਹੈ ਤੇ ਇਸੇ ਵਿੱਚੋਂ ਵੇਖਿਆਂ ਪਤਾ ਲੱਗ ਜਾਂਦਾ ਹੈ ਕਿ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਇਸ ਦੇ ਲੀਡਰਾਂ ਨੇ ਵੀ ਮਾਰਿਆ ਹੈ। ਜਦੋਂ ਅਕਾਲੀ-ਭਾਜਪਾ ਗੱਠਜੋੜ ਚੋਣ ਮੈਦਾਨ ਵਿੱਚ ਲਸ਼ਕਰ ਲੈ ਕੇ ਨਿਕਲ ਚੁੱਕਾ ਸੀ, ਓਦੋਂ ਕਾਂਗਰਸ ਲੀਡਰਸ਼ਿਪ ਹਾਲੇ ਤੱਕ ਦਿੱਲੀ ਦਫਤਰ ਦੇ ਕੰਪਿਊਟਰਾਂ ਉੱਤੇ ਉਮੀਦਵਾਰਾਂ ਦੇ ਨਾਵਾਂ ਦੀਆਂ ਸੂਚੀਆਂ ਇੱਕ-ਇੱਕ ਘੰਟੇ ਪਿੱਛੋਂ ਬਦਲ-ਬਦਲ ਕੇ ਕੱਢ ਰਹੀ ਸੀ। ਕੁਝ ਥਾਂਵਾਂ ਉੱਤੇ ਉਸ ਨੇ ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਵਾਪਸ ਲੈ ਲਈਆਂ ਤੇ ਇਸ ਦੇ ਨਤੀਜੇ ਵਜੋਂ ਵਿਰੋਧੀ ਧਿਰ ਦੀ ਜਿੱਤ ਦਾ ਰਾਹ ਸੌਖਾ ਕਰ ਦਿੱਤਾ। ਪਾਰਟੀ ਦੇ ਸਾਰੇ ਨੇਤਾ ਆਪੋ ਆਪਣਾ ਧੜਾ ਭਾਰਾ ਕਰਨ ਦੇ ਚੱਕਰ ਵਿੱਚ ਪਏ ਰਹੇ ਤੇ ਕਾਗਜ਼ਾਂ ਦੀ ਵਾਪਸੀ ਮਗਰੋਂ ਓਦੋਂ ਚੋਣ ਮੈਦਾਨ ਵਿੱਚ ਨਜ਼ਰ ਆਏ, ਜਦੋਂ ਦੂਸਰੀ ਧਿਰ ਇੱਕ ਗੇੜਾ ਲੋਕਾਂ ਤੱਕ ਲਾ ਵੀ ਚੁੱਕੀ ਸੀ। ਇਸ ਮੋੜ ਉੱਤੇ ਵੀ ਉਹ ਇੱਕ ਸੁਰ ਹੋ ਕੇ ਨਹੀਂ ਚੱਲ ਸਕੇ।
ਬੜੇ ਨਾਜ਼ਕ ਪੜਾਅ ਉੱਤੇ ਜਾ ਕੇ ਇਸ ਪਾਰਟੀ ਨੂੰ ਸੱਚਾ ਸੌਦਾ ਡੇਰੇ ਵਾਲਿਆਂ ਨੇ ਵੀ ਠਿੱਬੀ ਲਾ ਦਿੱਤੀ। ਇਹ ਤਾਂ ਲੱਗਣੀ ਵੀ ਸੀ। ਕਾਂਗਰਸ ਵਾਲੇ ਆਸ ਲਾਈ ਬੈਠੇ ਸਨ ਕਿ ਡੇਰੇ ਵਾਲਿਆਂ ਨੂੰ ਅਕਾਲੀਆਂ ਨੇ ਕੁੱਟਿਆ ਬੜਾ ਹੈ ਤੇ ਓਸੇ ਕੌੜ ਦੇ ਮਾਰੇ ਉਹ ਸਾਡੇ ਪਿੱਛੇ ਭੁਗਤ ਜਾਣਗੇ। ਇਹ ਨਿਰੰਕਾਰੀਆਂ ਦੇ ਮਾਮਲੇ ਵਿੱਚ ਤੀਹ ਸਾਲ ਪਹਿਲਾਂ ਕੀਤੀ ਗਲਤੀ ਦਾ ਦੁਹਰਾਓ ਸੀ। ਓਦੋਂ ਉਹ ਵੀ ਇਸ ਗੱਲੋਂ ਨਾਰਾਜ਼ ਹੋ ਕੇ ਕਾਂਗਰਸ ਦੇ ਵਿਰੁੱਧ ਭੁਗਤੇ ਸਨ ਕਿ ਜਦੋਂ ਸਾਨੂੰ ਕੁੱਟ ਪੈਂਦੀ ਹੈ, ਕਾਂਗਰਸੀ ਸਾਡੀ ਖੈਰ ਨਹੀਂ ਪੁੱਛਦੇ, ਪਿੱਛੋਂ ਵੋਟਾਂ ਭਾਲਦੇ ਹਨ। ਇਹੋ ਗੱਲ ਇਸ ਵਾਰ ਸੱਚੇ ਸੌਦੇ ਡੇਰੇ ਵਾਲਿਆਂ ਨੇ ਕਹੇ ਤੋਂ ਬਿਨਾਂ ਕਰ ਵਿਖਾਈ ਕਿ ਜਦੋਂ ਅਕਾਲੀਆਂ ਨੇ ਉਨ੍ਹਾਂ ਨੂੰ ਵੱਟੋ-ਵੱਟ ਪਾ ਲਿਆ, ਓਦੋਂ ਕਾਂਗਰਸੀਆਂ ਨੇ ਸਾਰ ਨਹੀਂ ਸੀ ਲਈ, ਇਸ ਲਈ ਇਨ੍ਹਾਂ ਉੱਤੇ ਭਰੋਸਾ ਨਹੀਂ ਕਰਨਾ। ਡੇਰਾ ਸੱਚਾ ਸੌਦਾ ਵਾਲੇ ਜਦੋਂ ਅਕਾਲੀਆਂ ਨਾਲ ਅੰਦਰ-ਖਾਤੇ ਦਾ ਸੌਦਾ ਮਾਰ ਚੁੱਕੇ ਸਨ, ਕਾਂਗਰਸ ਵਾਲਿਆਂ ਨੇ ਓਦੋਂ ਦਿੱਲੀ ਤੋਂ ਖਜ਼ਾਨਾ ਮੰਤਰੀ ਪ੍ਰਣਬ ਮੁਖਰਜੀ ਨੂੰ ਲਿਆ ਕੇ ਉਨ੍ਹਾਂ ਦੇ ਦਰਬਾਰ ਵਿੱਚ ਬਿਠਾ ਦਿੱਤਾ ਤੇ ਸਮਝ ਲਿਆ ਕਿ ਵੋਟਾਂ ਸਾਡੇ ਮਗਰ ਭੁਗਤ ਜਾਣਗੀਆਂ। ਦੂਜੇ ਪਾਸੇ ਉਸ ਡੇਰੇ ਦੀ ਰਾਜਸੀ ਕਮੇਟੀ ਕਾਂਗਰਸੀਆਂ ਤੋਂ ਵੱਧ ਚੁਸਤ ਨਿਕਲੀ। ਉਸ ਨੇ ਆਪਣੇ ਬੰਦੇ ਭੇਜ ਕੇ ਕਾਰਾਂ ਤਾਂ ਕਾਂਗਰਸੀਆਂ ਤੋਂ ਲੈ ਕੇ ਅਖੀਰਲੇ ਦੋ ਦਿਨ ਘੁੰਮਾਈਆਂ ਤੇ ਵੋਟਾਂ ਇਨ੍ਹਾਂ ਦੇ ਵਿਰੁੱਧ ਅਕਾਲੀਆਂ ਨੂੰ ਏਨੀ ਗੁਪਤਤਾ ਨਾਲ ਭੁਗਤਾ ਦਿੱਤੀਆਂ ਕਿ ਉਨ੍ਹਾਂ ਨਾਲ ਨੇੜ ਰੱਖਣ ਵਾਲਿਆਂ ਨੂੰ ਵੀ ਤਿੰਨ ਦਿਨ ਲੰਘਾ ਕੇ ਪਤਾ ਲੱਗਾ।
ਆਖਰੀ ਗੱਲ ਇਹ ਕਿ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਕਿਸੇ ਵੀ ਹੋਰ ਗੱਲ ਤੋਂ ਵੱਧ ਅਗਵਾਈ ਦੀ ਕਮਜ਼ੋਰੀ ਨੇ ਮਾਰਿਆ ਹੈ। ਪਾਰਟੀ ਦਾ ਪ੍ਰਧਾਨ ਬਿਨਾਂ ਸ਼ੱਕ ਇੱਕ ਧੜੱਲੇਦਾਰ ਆਗੂ ਹੈ, ਪਰ ਉਹ ਆਪਣੇ ਨਾਲ ਦੂਨ ਸਕੂਲ ਦੇ ਕੈਡਿਟਾਂ ਦੀ ਇਹੋ ਜਿਹੀ ਪਲਟਣ ਲਾਈ ਰੱਖਦਾ ਹੈ, ਜਿਹੜੀ ਉਸ ਨੂੰ ਲੋਕਾਂ ਦਾ ਲੀਡਰ ਬਣਨ ਹੀ ਨਹੀਂ ਦੇਂਦੀ ਤੇ 'ਮਹਾਰਾਜਾ ਸਾਹਿਬ' ਬਣਾਈ ਰੱਖਦੀ ਸੀ। ਸ਼ਾਮ ਪੈਣ ਤੋਂ ਪਹਿਲਾਂ ਉਸ ਟੀਮ ਦੇ ਮੈਂਬਰ 'ਸ਼ਾਹੀ ਜਗਰਾਤਾ' ਕਰਨਾ ਸ਼ੁਰੂ ਕਰ ਦੇਂਦੇ ਸਨ ਤੇ ਸਵੇਰੇ ਜਦੋਂ ਉਹ ਸੌ-ਸੌ ਗਰਾਮ ਫਿਕਸੋ ਲਾ ਕੇ ਲਿਸ਼ਕਣ ਮਗਰੋਂ ਸ਼ਕਲ ਵਿਖਾਉਂਦੇ ਸਨ, ਓਦੋਂ ਨੂੰ ਬਾਦਲ ਬਾਪ-ਬੇਟਾ ਚਾਰ-ਚਾਰ ਪਿੰਡ ਕੱਢ ਵੀ ਲੈਂਦੇ ਸਨ। ਇਸ ਤੋਂ ਇਲਾਵਾ ਪਾਕਿਸਤਾਨ ਦੀ ਇੱਕ ਬਹੁ-ਚਰਚਿਤ ਬੀਬੀ ਦੇ ਏਧਰਲੇ ਪੰਜਾਬ ਦੇ ਗੇੜੇ ਚੋਣਾਂ ਵਿੱਚ ਵੀ ਨਹੀਂ ਰੁਕੇ। ਉਹ ਉਮੀਦਵਾਰਾਂ ਦੀ ਚੋਣ ਦੇ ਦਿਨਾਂ ਵਿੱਚ ਵੀ ਭਾਰਤੀ ਪੰਜਾਬ ਵਿੱਚ ਸੀ, ਚੋਣ ਪ੍ਰਚਾਰ ਦੇ ਆਖਰੀ ਦਿਨਾਂ ਵਿੱਚ ਵੀ। ਜਦੋਂ ਵੋਟਾਂ ਦੀ ਗਿਣਤੀ ਹੋਣੀ ਸੀ, ਉਹ ਓਦੋਂ ਵੀ ਏਥੇ ਆ ਵੜੀ। ਇਹ ਕਾਂਗਰਸ ਪਾਰਟੀ ਨੂੰ ਵੇਖਣਾ ਚਾਹੀਦਾ ਹੈ ਕਿ ਭਾਰਤੀ ਪੰਜਾਬ ਦੀ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਚੋਣ-ਮੱਤਾਂ ਦੇਣ ਲਈ ਉਹ ਬੀਬੀ ਪਾਕਿਸਤਾਨ ਤੋਂ ਮੁੜ-ਮੁੜ ਏਥੇ ਆਪ ਆਉਂਦੀ ਹੈ ਕਿ ਉਸ ਨੂੰ ਕੋਈ ਭੇਜਦਾ ਹੈ?
ਬੜੇ ਸਾਲ ਹੋ ਗਏ ਆਦਮਪੁਰ ਦੀ ਵਿਧਾਨ ਸਭਾ ਦੀ ਉਸ ਉੱਪ-ਚੋਣ ਨੂੰ, ਜਿਸ ਵਿੱਚ ਕੰਵਲਜੀਤ ਸਿੰਘ ਲਾਲੀ ਸਿਰਫ ਛੇ ਵੋਟਾਂ ਨਾਲ ਜਿੱਤਿਆ ਸੀ। ਉਸ ਦੀ ਧੰਨਵਾਦੀ ਪਾਰਟੀ ਵਿੱਚ ਲਾਲੀ ਨੇ ਸਾਨੂੰ ਵੀ ਸੱਦ ਲਿਆ। ਜਲੰਧਰ ਦੇ ਇੱਕ ਹੋਟਲ ਵਿੱਚ ਜਦੋਂ ਅਸੀਂ ਕੋਈ ਵੀਹ ਕੁ ਸਾਲ ਮਗਰੋਂ ਬੀਰ ਦਵਿੰਦਰ ਸਿੰਘ ਨੂੰ ਮਿਲੇ ਤਾਂ ਉਨ੍ਹਾ ਪਹਿਲਾ ਸਵਾਲ ਇਹ ਕੀਤਾ: 'ਮਹਾਰਾਜਾ ਸਾਹਿਬ ਨੂੰ ਮਿਲੇ ਕਿ ਨਹੀਂ?' ਮੈਂ ਕਹਿ ਦਿੱਤਾ ਕਿ 'ਨਹੀਂ ਮਿਲਿਆ', ਪਰ ਇਹ ਕਹਿਣ ਤੋਂ ਪਹਿਲਾਂ ਕਿ 'ਲੋਕ-ਰਾਜ ਵਿੱਚ ਮਹਾਰਾਜਾ ਸਾਹਿਬ ਨਹੀਂ ਹੁੰਦੇ', ਬੀਰ ਦਵਿੰਦਰ ਸਿੰਘ ਹੁਰੀਂ ਬਾਂਹੋਂ ਫੜ ਕੇ ਕੈਪਟਨ ਅਮਰਿੰਦਰ ਸਿੰਘ ਕੋਲ ਲੈ ਗਏ। ਪਹਿਲੀ ਵਾਰੀ ਮਿਲੇ ਸਾਂ, ਪਰ ਜਾਣਦੇ ਇੱਕ-ਦੂਜੇ ਨੂੰ ਦੋਵੇਂ ਸਾਂ। ਦੁਆ-ਸਲਾਮ ਤੋਂ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਪੁੱਛ ਲਿਆ: 'ਅੱਗੋਂ ਤੁਸੀਂ ਕਾਂਗਰਸ ਦਾ ਭਵਿੱਖ ਹੁਣ ਕਿਹੋ ਜਿਹਾ ਵੇਖਦੇ ਹੋ?' ਮੇਰੇ ਮੂੰਹੋਂ ਸਿੱਧੀ ਗੱਲ ਨਿਕਲ ਗਈ, 'ਕਾਂਗਰਸ ਦੀ ਟੀਮ ਨੂੰ ਕੈਪਟਨ ਦੀ ਲੋੜ ਹੈ, ਜੇ ਤੁਸੀਂ ਕੈਪਟਨ ਬਣ ਕੇ ਚੱਲੇ ਤਾਂ ਬੇੜੀ ਪਾਰ ਲੱਗੇਗੀ, ਪਰ ਆਹ ਲੋਕ ਤੁਹਾਨੂੰ ਕੈਪਟਨ ਦੀ ਥਾਂ ਮਹਾਰਾਜਾ ਵੱਧ ਮੰਨਦੇ ਹਨ।' ਉਸ ਨੇ ਟੀਰੀ ਅੱਖ ਨਾਲ ਮੇਰੇ ਵੱਲ ਝਾਕ ਕੇ ਨਾਲ ਖੜੇ ਆਪਣੇ ਇੱਕ ਚੇਲੇ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਕੱਲ੍ਹ ਸਵੇਰ ਦਾ ਕੀ ਪ੍ਰੋਗਰਾਮ ਹੈ? ਇਹ ਮੇਰੇ ਲਈ ਇਸ਼ਾਰਾ ਸੀ ਕਿ ਤੇਰੀ ਇਸ ਸਲਾਹ ਦੀ ਲੋੜ ਨਹੀਂ। ਮੈਂ ਬਾਹਰ ਆ ਗਿਆ ਤੇ ਫਿਰ ਜਦੋਂ ਉਹ ਪੰਜ ਸਾਲ ਰਾਜ ਕਰਦਾ ਰਿਹਾ, ਕਦੇ ਉਸ ਨੂੰ ਮਿਲਣ ਨਹੀਂ ਸਾਂ ਗਿਆ, ਕਿਉਂਕਿ ਓਥੇ ਜਾਣ ਲਈ ਉਸ ਨੂੰ 'ਮਹਾਰਾਜਾ' ਮੰਨਣ ਦੀ ਲੋੜ ਪੈਂਦੀ ਸੀ। ਕਾਂਗਰਸ ਪਾਰਟੀ ਦੇ ਅੱਧੇ ਤੋਂ ਵੱਧ ਉਮੀਦਵਾਰ ਇਸ ਵਾਰ ਜਿਸ ਆਗੂ ਦੀ ਫੋਟੋ ਹੇਠ ਸਿਰਫ ਉਸ ਦਾ ਨਾਂਅ ਲਿਖਣ ਦੀ ਥਾਂ ਉਚੇਚ ਨਾਲ 'ਮਹਾਰਾਜਾ' ਲਫਜ਼ ਲਿਖਵਾ ਕੇ ਖੁਸ਼ ਹੁੰਦੇ ਰਹੇ ਸਨ, ਜੇ ਉਹ ਆਗੂ ਜੰਗ ਦੇ ਮੈਦਾਨ ਵਿੱਚ ਨਿੱਠ ਕੇ ਨਿੱਤਰਨ ਦੀ ਥਾਂ ਆਪਣੇ ਜੀ-ਹਜ਼ੂਰੀਆਂ ਦੇ ਘੇਰੇ ਤੋਂ ਬਾਹਰ ਨਹੀਂ ਨਿਕਲ ਸਕਿਆ ਤਾਂ ਇਹ ਪਾਰਟੀ ਪੰਜਾਬ ਦੀ ਚੋਣ-ਨਦੀ ਨੂੰ ਪਾਰ ਕਿਵੇਂ ਕਰ ਜਾਂਦੀ ?

No comments:

Post a Comment