
ਰੁਪਿੰਦਰ ਕੁੱਕੀ
ਮੇਰੇ ਮਿੱਤਰ ਮੇਰੇ ਹਾਣੀ,
ਬਹੁਤੀ ਲੰਬੀ ਨਹੀਂ ਕਹਾਣੀ।
ਵਕਤ ਨੇ ਪੱਤੇ ਐਸੇ ਖੇਡੇ,
ਲਗਦੈ ਜਿਉਂ ਗੱਲ ਬੜੀ ਪੁਰਾਣੀ।
ਮਿਲਕੇ ਬਹਿੰਦੇ ਹਸਦੇ ਗਾਉਂਦੇ,
ਜੁੜਦੀ ਸੀ ਜਦ ਸਾਡੀ ਢਾਣੀ।
ਰੱਬ ਕਰੇ ਨਾ.. ਮੈਂ ਕੱਲਾ ਈ ਰੱਖਾਂ,
ਸਭ ਕੋਲ ਜਾਵੇ ਯਾਦ ਨਿਮਾਣੀ।
ਖਬਰੇ ਕਦ ਮੂੰਹ ਮਿੱਠਾ ਹੋਣਾ,
ਜਿਆਦਾ ਪੀ ਲਏ ਰਲ ਕੌੜੇ ਪਾਣੀ।
ਜਦ ਵੀ ਮਿਲੇ ਤਦ ਰਾਜੇ ਬਣਗੇ,
ਹੋਵੇ ਭਾਵੇਂ ਨਾ ਪੱਲੇ ਕੌਡੀ ਕਾਣੀ।
ਚੰਗੇ ਮਾੜੇ ਗੱਲਾਂ ਅੰਤ ਦੀਆਂ,
ਯਾਰੀ ਅਸਾਂ ਹਾਲੇ ਹੋਰ ਕਮਾਣੀ। {ਕਮਾਉਣੀ}
"ਕੁੱਕੀ" ਕੋਲ ਬਸ ਇਹ ਸਰਮਾਇਆ,
ਮਾਇਆ ਤਾਂ ਬੜੀ ਆਉਣੀ ਜਾਣੀ।
ਮੇਰੇ ਮਿੱਤਰ ਮੇਰੇ ਹਾਣੀ,
ਬਹੁਤੀ ਲੰਬੀ ਨਹੀਂ ਕਹਾਣੀ।
No comments:
Post a Comment