ਉੱਚਾ ਉੱਠ ਰਿਹਾ ਸੂਰਜ..

ਕਹਾਣੀ/ਕੁਲਦੀਪ ਸਿੰਘ ਘੁਮਾਣ
ਅਰਸ਼ਦੀਪ ਦੇ ਦਿਮਾਗ 'ਚ ਬਦੋਬਦੀ ਮੁੰਡੇ ਦਾ ਚਿਹਰਾ ਆ ਖੜੋਂਦਾ। ਮੁੰਡੇ ਦੀਆਂ ਠੋਸ ਦਲੀਲਾਂ, ਉਸਾਰੂ ਸੋਚ ਤੇ ਲੋਹੇ ਵਰਗਾ ਮਜ਼ਬੂਤ ਇਰਾਦਾ, ਕੁੜੀ ਦੇ ਦਿਮਾਗ 'ਤੇ ਭਾਰੂ ਹੋਇਆ ਖੜ੍ਹਾ ਸੀ। ਬੇਰੋਕ, ਆਹਰਨ 'ਤੇ ਵੱਜਦੀਆਂ ਹਥੌੜੇ ਦੀਆਂ ਸੱਟਾਂ ਵਾਂਗ, ਮੁੰਡੇ ਦੇ ਵਿਚਾਰਾਂ ਦਾ ਹਰਫ–ਦਰ–ਹਰਫ ਉਸ ਦੇ ਦਿਮਾਗ 'ਤੇ ਹਥੌੜੇ ਵਾਂਗ ਵੱਜ ਰਿਹਾ ਸੀ। ਨਿਰੰਤਰ ਚੱਲ ਰਹੀ ਘੜੀ ਦੀ ਟਿਕ–ਟਿਕ ਵਾਂਗ।
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਮੁੰਡੇ ਵੱਲੋਂ ਪ੍ਰਗਟਾਏ ਵਿਚਾਰਾਂ ਦੀ ਕੀਲੀ ਹੋਈ, ਉਹ ਮੁੰਡੇ ਵੱਲੋਂ ਚੁਣੇ ਗਏ ਰਸਤੇ ਨੂੰ ਆਪਣੀ ਜਿੰਦਗੀ ਦਾ ਉਦੇਸ਼ ਸਮਝਣ ਲੱਗ ਪਈ ਸੀ। ਭਾਵੇਂ ਉਹ ਆਪਣੇ ਘਰ ਦੀ ਹਾਲਤ ਜਾਣਦੀ ਹੋਈ ਆਪਣੇ ਸਮਾਜ ਵਿਚਲੇ ਥਾਂ ਬਾਰੇ ਸਭ ਕੁਝ ਜਾਣਦੀ ਸੀ, ਪਰ ਫਿਰ ਵੀ ਇਸ ਸਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਪੱਛਮ ਦੀ ਗੁੱਠੋਂ ਕਾਲੀਆਂ ਘਨਘੋਰ ਘਟਾਵਾਂ, ਹਮੇਸ਼ਾਂ ਉਦੋਂ ਉੱਠਦੀਆਂ ਨੇ, ਜਦੋਂ ਸੂਰਜ ਦੀ ਤਪਸ਼ ਦੀ ਅੱਤ ਹੋ ਜਾਵੇ। ਵੈਸੇ ਵੀ ਹੱਕਾਂ ਦੇ ਪੈਰੀਂ ਪਈਆਂ ਬੇੜੀਆਂ ਨੂੰ ਤੋੜਨ ਵਾਸਤੇ, ਜਦੋਂ ਵੀ ਕਿਸੇ ਹੰਭਲਾ ਮਾਰਿਐ ਤਾਂ ਆਰਥਿਕ ਪੱਖੋਂ ਕਮਜ਼ੋਰ ਵਰਗ ਨੇ; ਜਿਨ੍ਹਾਂ ਨੂੰ ਜਦੋਂ ਵੀ ਕਿਸੇ ਬੇਕਿਰਕ ਸਰਮਾਏਦਾਰ ਦੇ ਬੇਤਹਾਸ਼ਾ ਠੁੱਡਿਆਂ ਦੀ ਮਾਰ ਪਈ ਤਾਂ ਉਨ੍ਹਾਂ ਦੇ ਮੂੰਹੋਂ 'ਹਾਇ' ਨਿਕਲੀ ਤੇ ਜਦੋਂ ਸਮੇਂ ਦੇ ਹਾਕਮਾਂ ਨੇ ਵੀ 'ਹਾਇ' ਪ੍ਰਤੀ ਆਹ ਦਾ ਨਾਅਰਾ ਨਾ ਮਾਰਿਆ ਤਾਂ 'ਹਾਇ' ਨੇ ਬਗਾਵਤ ਦਾ ਰੂਪ ਧਾਰਿਆ ਏ ਹਮੇਸ਼ਾਂ।

ਉਂਜ ਉਸ ਦੀਆਂ ਤਕਰੀਬਨ ਸਾਰੀਆਂ ਹੀ ਨਿੱਜੀ ਸਹੇਲੀਆਂ ਨੂੰ ਉਸ ਦੀ ਗੁੱਝੀ–ਗੁੱਝੀ ਖੁਸ਼ੀ ਦੀ ਭਿਣਕ ਪੈ ਗਈ ਸੀ। ਜਿਨ੍ਹਾਂ ਨੂੰ 90 ਫੀਸਦੀ ਯਕੀਨ ਸੀ ਕਿ ਦਾਲ 'ਚ ਕੁਝ ਕਾਲਾ–ਕਾਲਾ ਜਰੂਰ ਐ। ਪਰ ਅਰਸ਼ਦੀਪ ਇਕ ਵੱਖਰੇ ਈ ਵਿਸਮਾਦ ਰੰਗ 'ਚ ਰੰਗੀ ਹੋਈ ਸੀ। ਉਸ ਨੂੰ ਸਹੇਲੀਆਂ ਦੇ ਹਾਸੇ–ਠੱਠੇ ਤੋਂ ਸਕੂਨ ਜਿਹਾ ਮਿਲਦਾ। ਕੋਈ ਅਕਹਿ ਖੁਸ਼ੀ ਉਸ ਦੁਆਲੇ ਝੁੰਮਰ ਪਾਉਂਦੀ ਤੇ ਇਕ ਵਿਸ਼ਵਾਸ ਉਸ ਦੇ ਕੁਆਰੇ ਮਨ 'ਤੇ ਤਾਲ ਬੰਨ੍ਹ ਲੈਂਦਾ ਤੇ ਇਕ ਦਿਨ ਵਿਹਲੇ ਪੀਰੀਅਡ 'ਚ ਉਸ ਦੀ ਖੁਸ਼ੀ ਅੱਡੀ ਮਾਰ ਕੇ ਨੱਚ ਉੱਠੀ:
'ਕੌਣ ਐ ਉਹ ਤਖਤ ਹਜ਼ਾਰੇ ਦਾ ਚੌਧਰੀ...?' ਉਸ ਦੀ ਹਮਰਾਜ਼ ਜਸ਼ਨਪ੍ਰੀਤ ਦੀਆਂ ਚੜ੍ਹ ਮਚੀਆਂ ਸੀ।
'ਹੋਊ ਕੋਈ ਕਰਮਾਂ ਵਾਲਾ...।' ਅਰਸ਼ਦੀਪ ਦੀ ਖੁਸ਼ੀ ਨੇ ਖੰਭ ਖਿਲਾਰ ਲਏ।
'ਤੇ ਓਸੇ ਗਰਕ ਜਾਣੇ ਦਾ ਤਾਂ ਨਾਂ ਪੁੱਛਦੀ ਆਂ ਪਈ।' ਜਸ਼ਨਪ੍ਰੀਤ ਨੇ ਟੇਢੀ ਸੱਟ ਮਾਰੀ।
'ਇਕ ਵਾਰੀ ਦਰਸ਼ਨ ਕਰ ਲੇ' ਤਾਂ ਅੱਖਾਂ ਤਾੜੇ ਲੱਖ ਜੂ ਗੀਆਂ ਵੱਡੀ ਚਲਾਕੋ ਦੀਆਂ।' ਅਰਸ਼ਦੀਪ ਨੇ ਫਖ਼ਰ ਨਾਲ ਸ਼ੇਖੀ ਮਾਰੀ।
'ਚੱਲ ਫਿਰ ਵੀ...ਊਂ ਹੈ ਕੋਈ ਫੋਟੋ ਫਾਟੋ...…?' ਜਸ਼ਨਪ੍ਰੀਤ ਨੇ ਨਿਮਰਤਾ ਦੀ ਗੁੱਝੀ ਛੁਰੀ ਚਲਾਈ।
'ਕਿਉਂ ਮੈਂ ਕੋਈ ਫੋਟੋਗ੍ਰਾਫਰਾਂ ਦੀ ਕੁੜੀ ਆਂ?' ਅਰਸ਼ਦੀਪ ਚਾਮ੍ਹਲ ਗਈ ਸੀ।
'ਲੈ, ਅਹੁ ਆ ਗਿਆ ਈ ਤੇਰਾ ਤਖਤ ਹਜ਼ਾਰੇ ਦਾ ਚੌਧਰੀ।' ਅਰਸ਼ਦੀਪ ਨੇ ਆਉਂਦੇ ਮੁੰਡੇ ਵੱਲ ਇਸ਼ਾਰਾ ਕਰਕੇ ਜਸ਼ਨਪ੍ਰੀਤ ਨੂੰ ਚਿੜਾਇਆ।
'ਚੱਲ ਮੇਰਾਂ ਤਾਂ ਚੌਧਰੀ ਹੈ, ਮੈਂ ਕੋਈ ਮੁੱਕਰਦੀ ਥੋੜ੍ਹੇ ਆਂ...ਪਰ ਤੂੰ ਆਵਦੀ ਦੱਸ...?'
ਜਸ਼ਨਪ੍ਰੀਤ ਦੇ ਇਕ ਤਰ੍ਹਾਂ ਸਾਰੇ ਹਥਿਆਰ ਖੁੰਢੇ ਹੋ ਚੁੱਕੇ ਸੀ।
'ਨੀ ਦੱਸ ਦੇਨੀ ਆਂ...ਕਿਉਂ ਜਾਨ ਨਿਕਲਣ ਲੱਗੀ ਤੇਰੀ...ਉਂਜ ਲਾ ਲੀ ਵਾਹ ਜਿੰਨੀ ਆਪਣੀ ਲਾਉਣੀ ਸੀ?' ਅਰਸ਼ਦੀਪ ਦੇ ਚਿਹਰੇ 'ਤੇ ਜੇਤੂਆਂ ਵਰਗੀ ਮੁਸਕਾਣ ਸੀ।
'ਚੱਲ ਤੂੰ ਜਿੱਤੀ ਤੇ ਮੈਂ ਹਾਰੀ ਸਹੀ ਪਰ ਨਾਂ–ਥੇਹ ਤਾਂ ਦੱਸ ਉਸ ਭੌਂਦੂ ਦਾ...? ਜਸ਼ਨਪ੍ਰੀਤ ਨੇ ਕਚੀਚੀ ਵੱਟੀ।
'ਬਲਬੀਰ।'
ਅਰਸ਼ਦੀਪ ਦੀਆਂ ਖੁਸ਼ੀ ਨਾਲ ਵਰਾਛਾਂ ਖਿੜ ਗਈਆਂ।
'ਕਿਹੜਾ ਬਲਬੀਰ...ਮਸਤਗੜ੍ਹੀਆਂ ਤਾਂ ਨਹੀ...?' ਜਸ਼ਨਪ੍ਰੀਤ ਨੇ ਹੈਰਾਨੀ ਪ੍ਰਗਟਾਈ।
'ਹਾਂ–ਹਾਂ ਮਸਤਗੜ੍ਹੀਆ ਹੀ, ਪਰ ਤੂੰ ਦੱਸ ਪਈ ਤੂੰ ਉਹਨੂੰ ਕਿਵੇਂ ਜਾਣਦੀ ਏਂ...? ਅਰਸ਼ਦੀਪ ਦਾ ਹੈਰਾਨੀ 'ਚ ਮੂੰਹ ਖੁੱਲ੍ਹ ਗਿਆ।
'ਉਹ ਮੇਰੇ ਵੱਡੇ ਵੀਰ ਸਰਦੂਲ ਦਾ ਕਲਾਸ ਫੈਲੋ ਸੀ। ਬੜਾ ਨੇਕ ਮੁੰਡਾ ਐ, ਬੜਾ ਇਮਾਨਦਾਰ ਤੇ ਸੁਲਝਿਆ ਹੋਇਆ।' ਜਸ਼ਨਪ੍ਰੀਤ ਨੇ ਨਜ਼ਰਾਂ ਅਰਸ਼ਦੀਪ ਦੇ ਚਿਹਰੇ 'ਤੇ ਗੱਡ ਦਿੱਤੀਆਂ। ਇਕ ਸੰਤੁਸ਼ਟੀ ਉਸ ਦੇ ਚਿਹਰੇ 'ਤੇ ਘਰ ਕਰੀ ਬੈਠੀ ਸੀ ਤੇ ਇਕ ਜਿੱਤ; ਰਾਜ।
'ਪਰ ਤੂੰ ਦੱਸ, Àਹ ਤੇਰੇ ਕਾਬੂ ਕਿਵੇਂ ਆ ਗਿਆ... ਉਹ ਤਾਂ ਬੜਾ ਸਾਊ ਮੁੰਡਾ ਏ?' ਜਸ਼ਨਪ੍ਰੀਤ ਨੇ ਹੈਰਾਨੀ ਪ੍ਰਗਟਾਈ।
'ਨੀ ਜੁਆਨੀ ਤਾਂ ਕੀੜਿਆਂ–ਮਕੌੜਿਆਂ ਨੂੰ ਮਾਣ ਨ੍ਹੀ ਹੁੰਦੀ। ਉਹ ਤਾਂ ਫਿਰ ਵੀ ਹੱਡਮਾਸ ਦਾ ਬਣਿਆ–ਬਣਾਇਆ ਮੁੰਡਾ ਏ।' ਅਰਸ਼ਦੀਪ ਨੂੰ ਖੁਸ਼ੀ ਵਾਵਰੋਲੇ ਵਾਂਗੂੰ ਚੜ੍ਹਦੀ ਜਾਂਦੀ ਸੀ।
'ਉਹ ਤਾਂ ਊਂ ਕੁੜੀਆਂ ਅਰਗੈ...ਤੂੰ ਲੈ ਜਾ ਉਹਨੂੰ ਕੱਢ ਤੇ ਕਿਤੇ।'
'ਨਹੀ ਜਸ਼ਨਪ੍ਰੀਤ! ਮਾਮਲਾ ਬਹੁਤ ਪੇਚੀਦਾ ਐ।' ਇਕ ਪਲ ਵਿਚ ਈ ਕੁੜੀ ਦਾ ਚਿਹਰਾ ਪੀਲਾ ਪੈ ਗਿਆ।
'ਕਿਉਂ...ਦੱਸ ਤਾਂ ਸਹੀ, ਇਹੋ ਜਿਹੀ ਕਿਹੜੀ ਬਲਾਅ ਆ ਪਈ?' ਜਸ਼ਨਪ੍ਰੀਤ ਨੇ ਹੱਲਾਸ਼ੇਰੀ ਦਿੱਤੀ।
'ਬਲਾਅ ਤਾਂ ਕੋਈ ਨਹੀਂ, ਪਰ ਪਹਿਲੀ ਗੱਲ ਤਾਂ ਇਹ ਵਾ ਕਿ ਮੈਂ ਉਹਦੀ ਕਦਰ ਜ਼ਰੂਰ ਕਰਦੀ ਆਂ... ਪਰ ਕਿਸੇ ਲਾਲਚ ਕਰਕੇ ਨਹੀਂ; ਸਿਰਫ ਉਹਦੀ ਕਾਬਲੀਅਤ ਉਹਦੀ ਲਿਆਕਤ, ਉਹਦੇ ਰੂੰ ਦੇ ਗੋਹੜਿਆਂ ਵਰਗੇ ਸਾਫ–ਸੁਥਰੇ ਖਿਆਲਾਤ...ਦੂਰ...ਦਿਸਹੱਦੇ ਤੱਕ ਪਹਾੜਾਂ ਦੀਆਂ ਚੋਟੀਆਂ 'ਤੇ ਵਿਛੀ ਚਿੱਟੀ ਚਾਂਦੀ ਰੰਗੀ ਬਰਫ ਵਰਗੀ ਬੇਪ੍ਰਵਾਹੀ ਤੇ ਜਬਰ ਜ਼ੁਲਮ ਖਿਲਾਫ ਲੋਹਾ ਲੈਣ ਵਾਲਾ ਫੌਲਾਦੀ ਜੇਰਾ...।'
'ਨੀ ਬੱਸ!ਬੱਸ!!ਰਹਿਣ ਦੇ ਕਿਉਂ ਕਿਸੇ ਕਲਮ ਘਸਾਈ ਕਰਕੇ ਰੋਟੀ ਖਾਂਦੇ ਲਿਖਾਰੀ ਦਾ ਅੱਗਾ ਮਾਰਦੀ ਐਂ...।'
ਜਸ਼ਨਪ੍ਰੀਤ, ਅਰਸ਼ਦੀਪ ਦੇ ਸੁਭਾਅ ਬਾਰੇ ਅਕਸਰ ਜਾਣਦੀ ਸੀ ਪਰ ਅੱਜ ਵਾਲੀ ਇੰਨੀ ਡੂੰਘਾਈ ਉਸ ਨੂੰ ਹੈਰਾਨ ਕਰਨੋਂ ਨਾ ਰਹਿ ਸਕੀ।
'ਪਰ ਉਹ ਮੇਰਾ ਗੁਆਂਢੀ ਮੁੰਡਾ ਐ...ਮੇਰੇ ਪਿੰਡ ਦਾ...ਨੇਕ...ਸੱਚਾ–ਸੁੱਚਾ ਤੇ ਅਣਖ ਨਾਲ ਜਿਊਣ ਵਾਲਾ। ਧੱਕੇਸ਼ਾਹੀ ਉਹਨੂੰ ਸੌਂਕਣਾਂ ਵਾਂਙੂੰ ਚੁਭਦੀ ਐ; ਰਿਸ਼ਵਤਖੋਰੀ ਦੀਆਂ ਜੜ੍ਹਾਂ ਉਹ ਮੁੱਢੋਂ ਪੁੱਟਣੀਆਂ ਚਾਹੁੰਦੈ। ਪਰ ਇਹੋ ਜਿਹ ਚੰਦਰੇ ਨੜ੍ਹਿਨਵੇਂ ਪਰਸੈਂਟ ਦਗੇਬਾਜ਼, ਝੂਠੇ, ਫਰੇਬੀ ਤੇ ਮਲਕ ਭਾਗੋਆਂ ਦੀ ਛਤਰ ਛਾਇਆ ਹੇਠ ਕੋਈ ਕਿੰਨੀ ਕੁ ਦੇਰ ਮਹਿਫੂਜ਼ ਰਹਿ ਸਕਦੈ ਭਲਾ...? ਅਰਸ਼ਦੀਪ ਨੇ ਤੌਖਲਾ ਜ਼ਹਾਰ ਕੀਤਾ।
'ਨਹੀ ਝੱਲੀਏ! ਸ਼ੇਰ ਇਕ ਹੀ ਹੁੰਦਾ ਹੈ; ਤੇ ਉਸ ਦੀ ਇਕੋ ਹੀ ਭਬਕ, ਗਿੱਦੜਾਂ ਨੂੰ ਜੰਗਲ ਛੱਡ ਦੇਣ ਲਈ ਮਜਬੂਰ ਕਰ ਦਿੰਦੀ ਏ। ਸੂਰਜ ਦੀ ਹੋਂਦ, ਲੱਖਾਂ–ਕਰੋੜਾਂ ਦੀਵਿਆਂ, ਮਸ਼ਾਲਾਂ ਦੀ ਹੋਂਦ ਨੂੰ ਖਤਮ ਕਰ ਦਿੰਦੀ ਏ। ਲੋੜ ਏ ਉਹਦੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਜੂਝਣ ਦੀ...ਝੂਠੀਆਂ ਦੌਲਤਾਂ ਨੂੰ ਛਿੱਕੇ ਟੰਗ,...ਨੌਕਰੀ ਦਾ ਲਾਲਚ ਛੱਡ...ਮਨੁੱਖਤਾ ਦੀ ਪੀੜ ਹਿੱਕ 'ਚ ਘੁੱਟੀ...ਜ਼ਿੰਦਗੀ ਦੀ ਕਬਰ 'ਤੇ ਤੇਰਾ ਹੁੰਗਾਰਾ ਭਰਨਾ ਜ਼ਰੂਰੀ ਬਣਦੈ। ਲੋਕਾਂ ਦੀ ਦੰਦ ਕਥਾ ਅਕਾਸ਼ 'ਚ ਗੁਆਚੇ ਧੂੰਏ ਵਾਂਗ ਸਮੇਂ ਦੇ ਨਾਲ–ਨਾਲ ਆਪਣੇ ਆਪ ਅਲੋਪ ਹੋ ਜਾਵੇਗੀ।
ਜਸ਼ਨਪ੍ਰੀਤ ਨੇ ਜ਼ਿੰਦਗੀ ਜਿਊਣ ਦਾ ਨਵਾਂ ਆਸ਼ਾ ਅਰਸ਼ਦੀਪ ਦੇ ਸਾਹਮਣੇ ਰੱਖਿਆ। ਅਰਸ਼ਦੀਪ ਦਾ ਜੀਅ ਕੀਤਾ ਜਸ਼ਨਪ੍ਰੀਤ ਨੂੰ ਕਲਾਵੇ 'ਚ ਘੁੱਟ ਲਵੇ।
'ਜਸ਼ਨਪ੍ਰੀਤ! ਇਸ ਜ਼ਮਾਨੇ 'ਚ ਸੱਚ ਦੀ ਕਦਰ ਨਹੀਂ...ਝੂਠ ਦੇ ਗਲ ਫਰਜ਼ ਦੀ ਵਰਦੀ ਆ। ਰਿਸ਼ਵਤਖੋਰੀ ਕਾਨੂੰਨ ਦੀ ਰਖਵਾਲੀ ਕਰਦੀ ਐ। ਸੱਚ ਨੂੰ ਫਾਂਸੀ ਲੱਗਦੀ ਏ ਤੇ ਝੂਠ ਬੂਹੇ 'ਚ ਪਹਿਰੇਦਾਰ ਖੜ੍ਹਾ ਹੁੰਦੈ।
ਪਿਛੇ ਜਿਹੇ ਬਲਬੀਰ ਦੇ ਮਹਿਕਮੇ ਵਾਲਿਆਂ...ਮੁਲਕ ਵਿਰੋਧੀ ਤਕਰੀਰਾਂ ਕਰਨ ਵਾਲਾ ਤੇ ਬਾਗੀ ਜਿਹੇ ਇਲਜ਼ਾਮ ਲਗਾ ਕੇ ਉਸ ਨੂੰ ਨੌਕਰੀਓਂ ਕਢਵਾ ਦਿੱਤਾ! ਡਿੱਗੇ ਮਨ ਨੂੰ ਢਾਰਸ ਦੇਣ ਲਈ ਉਸ ਗੁਰੂ ਘਰ ਦਾ ਆਸਰਾ ਜਾ ਲਿਆ ਤੇ ਹੁਣ ਸੁਣਿਆ ਕੋਈ ਉਹਨੂੰ ਅੱਤਵਾਦੀ ਗਰਦਾਨੀ ਜਾ ਰਿਹੈ, ਕੋਈ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਾ ਕਹਿੰਦੈ ਤੇ ਕੋਈ ਸਰਕਾਰ ਨਾਲ ਮਿਲਿਆ ਹੋਇਆ ਏਜੰਟ ਦੱਸਦੈ।'
ਅਰਸ਼ਦੀਪ ਨੇ ਮੁੰਡੇ ਦਾ ਦੁੱਖ ਰੋਇਆ।
'ਬੀਬੀ ਜੀ! ਬੀਬੀ ਜੀ! ! ਤੁਹਾਨੂੰ ਕੋਈ ਘਰੋਂ ਮਿਲਣ ਆਇਐ।' ਕਾਲਜ ਦਾ ਬਜ਼ੁਰਗ ਚਪੜਾਸੀ ਹੱਥ ਜੋੜੀ ਖੜ੍ਹਾ ਸੀ।
ਉਹ ਦੋਵੇਂ ਫਟਾਫਟ ਕਾਲਜ ਦੇ ਗੇਟ ਵੱਲ ਨੂੰ ਹੋ ਤੁਰੀਆਂ।
'ਹੈਂ! ਸੁੱਖ ਹੋਵੇ ਸਹੀ, ਕਾਲਜ 'ਚ ਘਰ ਦੀ ਜੀਅ, ਨਾ ਕੋਈ ਅੱਗੇ ਨਾ ਪਿੱਛੇ। ਅੱਜ ਕਿਵੇਂ ਆ ਗਿਆ?'
ਅਰਸ਼ਦੀਪ ਦੇ ਦਿਮਾਗ 'ਚ ਖਿਆਲਾਂ ਦਾ ਭੂਚਾਲ ਜਿਹਾ ਆਇਆ ਹੋਇਆ ਸੀ। ਸੁੰਨ ਜਿਹੀਆਂ ਹੋਈਆਂ ਉਹ ਦੋਵੇਂ ਗੇਟ 'ਤੇ ਆ ਗਈਆਂ। ਸਾਹਮਣੇ ਸਾਈਕਲ ਨਾਲ ਬਸਤਾ ਟੰਗੀ ਪਾਲੀ ਖੜ੍ਹਾ ਸੀ। ਅਰਸ਼ਦੀਪ ਤੋਂ ਤੀਜੇ ਥਾਂ ਸਰਕਾਰੀ ਹਾਈ ਸਕੂਲ 'ਚ ਪੜ੍ਹਦਾ; ਉਸ ਦਾ ਛੋਟਾ ਭਰਾ ਗੁਰਪਾਲ।
'ਪਾਲੀ ਕੀ ਗੱਲ; ਘਰੇ ਤਾਂ ਸਭ ਸੁੱਖ–ਸਾਂਦ ਐ ਨਾ;
ਕਿਵੇਂ ਡੌਰ–ਭੌਰ ਜਿਹਾ ਹੋਇਆ ਖੜ੍ਹੈਂ?'
ਅਰਸ਼ਦੀਪ ਦੀ ਜਗ੍ਹਾ ਜਸ਼ਨਪ੍ਰੀਤ ਨੇ ਸੁਆਲ ਕੀਤਾ।
ਅਰਸ਼ਦੀਪ ਦੇ ਘਰ ਆਉਣ–ਜਾਣ ਕਰਕੇ ਉਹ ਪਾਲੀ ਦੇ ਸ਼ਰਾਰਤੀ ਸੁਭਾਅ ਬਾਰੇ ਅਕਸਰ ਜਾਣਦੀ ਸੀ।
'ਨਹੀਂ! ਘਰੇ ਤਾਂ ਸਭ ਠੀਕ–ਠਾਕ ਆ...?' ਪਾਲੀ ਨੂੰ ਕੁਝ ਅਹੁੜ ਨਹੀ ਸੀ ਰਿਹਾ ਕਿ ਕੀ ਕਹੇ।
'ਚਲ! ਆ ਜਾ ਫਿਰ ਚਾਹ ਪੀਨੇ ਆਂ...ਸਾਈਕਲ ਉਥੇ ਸਟੈਂਡ 'ਤੇ ਲਾ ਦੇ।' ਅਰਸ਼ਦੀਪ ਦਾ ਖਿਆਲ ਸੀ ਕਿ ਆਉਣ ਦਾ ਕਾਰਨ ਚਾਹ ਪੀਂਦਿਆਂ ਪੁੱਛ ਲਵਾਂਗੀਆਂ।
'ਨਹੀਂ ਭੈਣੇ! ਚਾਹ–ਚੂਹ ਨ੍ਹੀ ਪੀਣੀ...ਮੈਂ ਤਾਂ...।' ਮੁੰਡੇ ਦਾ ਬਾਕੀ ਵਾਕ ਬਦੋਬਦੀ ਅਧੂਰਾ ਰਹਿ ਗਿਆ।
'ਵੇ ਕੁਝ ਨਹੀਂ ਅਸੀਂ ਤੈਨੂੰ ਤਵੀਤ ਘੋਲ ਕੇ ਪਿਆਉਂਦੀਆਂ। ਚਾਹ Âਂੀ ਐ ਕੋਈ ਸੁੱਖਾ ਤਾਂ ਨ੍ਹੀਂ ਜਿਹੜਾ ਦਿਮਾਗ ਨੂੰ ਚੜ੍ਹ ਜੂ।' ਜਸ਼ਨਪ੍ਰੀਤ ਨੂੰ ਖੁਸ਼ੀ ਸੀ ਕਿ ਚਲੋ ਕੋਈ ਫਿਕਰ ਵਾਲੀ ਗੱਲ ਨਹੀਂ।
'ਨਹੀਂ ਭੈਣੇ ਚਾਹ ਨਹੀਂ, ਮੈਂ ਤਾਂ ਤੈਨੂੰ ਲੈਣ ਆਇਆ ਸੀ।' ਪਾਲੀ ਅਰਸ਼ਦੀਪ ਨੂੰ ਮੁਖ਼ਾਤਬ ਸੀ।
'ਕਿÀੁਂ, ਤੂੰ ਦੱਸਦਾ ਕਿਉਂ ਨਹੀਂ, ਸੁੱਖ ਤਾਂ ਹੈ...ਅਸਲ ਗੱਲ ਕੀ ਐ?'
ਅਰਸ਼ਦੀਪ ਨੇ ਖਿਝ ਕੇ ਜਿਹੇ ਪੁੱਛਿਆ।
'ਭੈਣੇ ਹਸਪਤਾਲ ਜਾਣੈ...ਮੈਨੂੰ ਮਾਸੀ ਸਰਬੀ ਨੇ ਘੱਲਿਐ...ਬੀਰ੍ਹਾ ਦਾਖਲ ਐ।' ਮੁੰਡੇ ਨੇ ਆਪਣੇ ਦਿਮਾਗ ਦਾ ਸਾਰਾ ਬੋਝ ਕੁੜੀ ਦੀ ਝੋਲੀ 'ਚ ਵਗਾਹ ਮਾਰਿਆ।
'ਕਿਉਂ ਕੀ ਗੱਲ ਹੋ ਗੀ'...ਕਿੱਥੇ ਆ ਦਾਖਲ?'
ਅਰਸ਼ਦੀਪ ਦੀ ਜਗ੍ਹਾ ਡੌਰ ਭੌਰੀ ਹੋਈ ਜਸ਼ਨਪ੍ਰੀਤ ਪੁੱਛ ਰਹੀ ਸੀ।
'ਸੱਟਾਂ ਬਹੁਤ ਵੱਜੀਆਂ, ਡਾਕਟਰ ਗਿੱਲ ਦੇ ਦਾਖਲ ਐ, ਮੈਂ ਚੱਲਦੈਂ ਤੂੰ ਸਿੱਧੀ ਰਿਕਸ਼ੇ'ਤੇ ਆ ਜੀਂ।' ਕਹਿੰਦਾ ਹੋਇਆ ਮੁੰਡਾ, ਸਾਇਕਲ 'ਤੇ ਪੱਤਰਾ ਵਾਚ ਗਿਆ।
ਅਰਸ਼ਦੀਪ ਤੇ ਜਸ਼ਨਪ੍ਰੀਤ ਰਿਕਸ਼ਾ ਲੈ ਸਿੱਧਾ ਹਸਪਤਾਲ ਪਹੁੰਚ ਗਈਆਂ। ਕੰਪਾਊਡਰ ਤੋਂ ਕਮਰਾ ਪੁੱਛ ਪੌੜੀਆਂ ਚੜ੍ਹ ਗਈਆਂ। ਸਾਹਮਣੇ ਮਾਸੀ ਬੈਠੀ ਸੀ। ਬਲਬੀਰ ਦੀ ਮਾਂ। ਬੈੱਡ 'ਤੇ ਬਲਬੀਰ ਪਿਆ ਸੀ।
'ਮਾਸੀ ਜੀ ਕੀ ਗੱਲ ਹੋ ਗੀ...?' ਅਰਸ਼ਦੀਪ ਦਾ ਲੂੰ ਲੂੰ ਸਵਾਲੀਆ ਚਿੰਨ੍ਹ ਬਣਿਆ ਖੜ੍ਹਾ ਸੀ।
'ਧੀਏ ਹੋਣਾ ਕੀ ਸੀ,
ਕਰਮਾਂ ਦੀ ਖੇਡ...ਜੋ ਵਾਖਰੂ ਨੂੰ ਭਾਉਂਦਾ ਏ, ਉਹੀ ਹੋਣੈ...'।
ਮਾਸੀ ਦੀਆਂ ਅੱਖਾਂ 'ਚ ਅੱਥਰੂ ਆ ਗਏ ਤੇ ਆਖਰੀ ਬੋਲ ਸੰਘ ਵਿੱਚ ਈ ਗੁੰਮ ਹੋ ਗਏ।
'ਮਾਸੀ ਜੀ ਹੌਸਲਾ ਕਰੋ...ਜੇ ਸਾਡਾ ਕਿਤੇ ਮਨ ਡੋਲੇ ਤਾਂ ਤੁਸੀ ਹੌਸਲਾ ਦੇਣਾ ਏਂ, ਤੁਸੀਂ ਆਪ ਈ ਮਨ ਭਰੀ ਬੈਠੇ ਓ।' ਜਸ਼ਨਪ੍ਰੀਤ ਨੇ ਅਪਣੱਤ ਜਤਾਈ।
ਅਰਸ਼ਦੀਪ ਬਲਬੀਰ ਦੇ ਨੇੜੇ ਹੋ ਕੇ ਹੋਰ ਉੱਤੇ ਝੁਕ ਗਈ।
'ਪੁੱਤ ਵੇਖੀਂ ਕਿਤੇ...ਜਗਾਈਂ ਨਾ...ਅਜੇ ਹੁਣ ਸੁੱਤਾ ਏ।' ਬਜ਼ੁਰਗ ਮਾਸੀ ਨੇ ਸਮਝੌਤੀ ਦਿੱਤੀ।
'ਮਾਸੀ ਜੀ ਗੱਲ ਕੀ ਹੋਈ ਆ...?' ਅਰਸ਼ਦੀਪ ਦਾ ਚਿਹਰਾ ਪੀਲਾ ਭੂਕ ਹੋਇਆ ਖੜ੍ਹਾ ਸੀ।
'ਹੋਣਾ ਕੀ ਸੀ ਧੀਏ...ਰਾਤ ਆਂਹਦਾ ਸੀ ਮੈਂ ਸਵੇਰੇ ਮੂੰਹ ਨੇਰ੍ਹੇ ਜਾਣਾ ਕਿਤੇ...ਤੜਕੇ ਉੱਠਿਆ...ਚਾਹ ਪੀਤੀ ਸੂ...ਤੇ ਬਾਹਰ ਜੰਗਲ ਪਾਣੀ ਤੁਰ ਗਿਆ...ਤਾਹੀਓਂ ਖੌਰੇ ਪਿੰਡ ਦੀ ਫਿਰਨੀ ਵਾਲੇ ਪਾਸੇ ਜੀਪ ਦੀ' 'ਵਾਜ ਸੁਣੀ ਆ... ਮੇਰੇ ਚਿੱਤ 'ਚ ਸੀ, ਪੀ' ਆਂਹਦਾ ਸੀ, ਸਵੇਰੇ ਮੈਂ ਮੂੰਹ-ਨ੍ਹੇਰੇ ਜਾਣਾ ਕਿਤੇ, ਚਲਾ ਗਿਆ ਹੋਣੈ ਪਰ ਮੈਨੂੰ ਕੀ ਸੀ ਪਤਾ ਸੀ ਧੀਏ...ਵਾੜ ਈ ਖੇਤ ਨੂੰ ਖਾਈ ਜਾ ਰਹੀ ਐ।
ਦਸ ਕੁ ਵਜੇ ਦਾ ਵੇਲਾ ਹੋਊ, ਜਦੋਂ ਸ਼ਹਿਰੋਂ ਦੁੱਧ ਦੇ ਕੇ ਆਇਆ ਈ ਭਾਨਾ। ਛੇੜੂ ਮੁੰਡਾ ਭੱਜਾ ਆਇਆ ਘਰੇ...ਅਖੇ 'ਦੋਧੀ ਆਇਆ ਸ਼ਹਿਰੋਂ, ਆਂਹਦਾ ਬੀਰ੍ਹਾ ਮਾਰਤਾ ਜੌੜਿਆਂ ਪੁਲਾਂ ਲਾਗੇ।' ਜੀ ਭਿਆਣੇ ਭੱਜ ਤੁਰੇ ਆਂ, ਓਤਰਾਂ ਈ ਤੇ ਚੁੱਕ–ਚੁਕਾ ਏ ਏਥੇ ਸ਼ਹਿਰ ਲੈ ਆਂਦਾ ਏ। ਤੇਰੇ ਮਾਸੜ ਨੂੰ ਘੱਲਿਆ ਈ ਆੜ੍ਹਤੀਆਂ ਦੇ।...ਤੇ ਮੇਰਾ ਦਾ ਸੱਚ ਪੁੱਛੇਂ ਤਾਂ ਕਲੇਜਾ ਨਿਕਲ–ਨਿਕਲ ਜਾਂਦਾ ਸੀ।
ਵਾਹਵਾ ਚਿਰ ਹੋਇਆ। ਉਦੋਂ ਸੁਰਤ 'ਚ ਸੀ। ਆਂਹਦਾ, ਅਖੇ
'ਬੀਬੀ ਅਰਸ਼ਦੀਪ ਨੂੰ ਬੁਲਾ ਲਓ ਮੇਰੇ ਕਲੇਜੇ ਦੀ ਪੀੜ ਘਟ ਜੂ' ਮੈਂ ਬਾਹਰ ਨਿਕਲੀ ਤਾਂ ਆਪਣਾ ਪਾਲੀ ਮਿਲ ਪਿਆ ਤੇ ਮੈਂ ਉਹਨੂੰ ਤੇਰੇ ਅੱਲੇ ਭਜਾ ਤਾ।' 'ਬੀਬੀ!...ਕਾ...ਔਣ...ਕਾਉਂਣ ਆਇਆ...।'
ਨੀਮ ਬੇਹੋਸ਼ੀ 'ਚ ਅੱਖਾਂ ਮੀਟੀ ਪਏ ਬਲਬੀਰ ਨੇ ਮਰੀ ਜਿਹੀ ਅਵਾਜ਼ 'ਚ ਪੁੱਛਿਆ।
'ਪੁੱਤ! ਅਰਸ਼ਦੀਪ ਆ...ਆਪਣੀ ਦੀਪੀ।'
ਬਜ਼ੁਰਗ ਮਾਈ ਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਦੌੜ ਗਈ।
'ਵੇਖ ਮਾਂ...!ਵੇਖ...ਮਾਂ!!ਤੇਰੇ ਪੁੱਤ ਨੇ ਪਿੱਠ ਨਹੀਂ ਵਿਖਾਈ...ਆਹ ਵੇਖ!...ਆਹ ਵੇਖ! !ਗੋਲੀ ਅੱਗੋਂ...ਹਿੱਕ 'ਚ ਵੱਜੀ ਆ...ਹਿੱਕ 'ਚ, ਕੰਡ 'ਚ ਨਹੀਂ।...ਜਬਰ ਸਾਹਵੇਂ ਝੁਕਣਾ...ਮਰਦਾਂ ਦਾ ਕੰਮ ਨਹੀਂ...। ਮਾਂ ਤੇਰੇ ਬੁਸਕਣ ਦੀ 'ਵਾਜ ਆÀਂਦੀ ਆ।
'ਮਾਂ!...ਮਾਂ...ਤੂੰ ਤਾਂ ਕਹਿੰਨੀ ਹੁੰਨੀ ਐਂ, ਸਾਡੀ ਕੌਮ ਦਾ ਤਾਂ ਬਹੁਤ ਵੱਡਾ ਇਤਿਹਾਸ ਐ...ਇਕ...ਇਕ ਸਤਰ 'ਚ ਦਸ–ਦਸ ਕੁਰਬਾਨੀਆਂ ਨੇ...। ਤੇਰੇ ਪੁੱਤਰ ਨੇ ਗੋਲੀਆਂ ਹਿੱਕ ਡਾਹ ਕੇ ਖਾਧੀਆਂ...ਭਲਾਂ ਤੈਨੂੰ ਕੋਈ ਮਿਹਣਾ ਦੇਵੇ...ਦੁੱਖ...ਸਿਰਫ ਇਸ ਗੱਲ ਦਾ ਏ...ਕਿ ਮੈਂ ਨਿਹੱਥਾ ਸਾਂ...ਨਾਲੇ ਉਨ੍ਹਾਂ ਵੰਗਾਰ ਕੇ ਨਹੀਂ ਮਾਰਿਆ...ਵਸਾਹ ਕੇ ਮਾਰਿਆ ਈ...।'
'ਬਲਬੀਰ!...ਬਲਬੀਰ... ! !'?'
ਅਰਸ਼ਦੀਪ ਇਕ ਤਰ੍ਹਾਂ ਚੀਕ ਹੀ ਪਈ ਸੀ।
'ਹਾਂ...ਕਾਔਣ...?'
'ਜ਼ਮਾਨੇ ਸਾਹਮਣੇ ਹਿੱਕ ਡਾਹ ਕੇ...ਤੇਰੇ ਪਾਏ ਹੋਏ ਪੂਰਨਿਆਂ 'ਤੇ ਤੇਰੇ ਮੋਢੇ ਨਾਲ ਮੋਢਾ ਡਾਹ ਕੇ ਚੱਲਣ ਵਾਲੀ...
ਤੇਰੀ ਆਪਣੀ...ਅਰਸ਼ਦੀਪ...।
ਤੂੰ ਤਕੜਾ ਹੋ ਮੈਂ ਤੇਰੇ ਨਾਲ ਆਂ।'
ਕੁੜੀ ਨੇ ਮੁੰਡੇ ਦਾ ਹੱਥ ਫੜ ਕੇ ਕਿਸੇ ਅਕਹਿ ਅਨੰਦ 'ਚ ਚੁੰਮਿਆ ਤੇ ਅੱਖਾਂ ਮੀਟ ਲਈਆਂ। ਆਪ–ਮੁਹਾਰੇ ਉਸ ਦਾ ਸਿਰ ਬਲਬੀਰ ਦੀ ਛਾਤੀ 'ਤੇ ਜਾ ਟਿਕਿਆ।
ਦਰਵਾਜ਼ੇ 'ਚ ਸਰਪੰਚ, ਮਾਸੜ ਅਵਤਾਰ ਸਿੰਘ ਅਰਸ਼ਦੀਪ ਦਾ ਪਿਤਾ, ਗੋਰਾ ਭਾਊ ਸ: ਜਗਤਾਰ ਸਿੰਘ ਰੇਂਜ ਅਫਸਰ, ਸੂਬੇਦਾਰ ਸਰਦੂਲ ਸਿੰਘ, ਨੰਬਰਦਾਰ ਸੁੱਖਰਾਜ ਸਿੰਘ ਤੇ ਹੋਰ ਪਿੰਡ ਦੇ ਸਿਰ ਕੱਢਵੇਂ ਬੰਦੇ–ਖੜ੍ਹੇ ਸੀ ਜਿਨ੍ਹਾਂ ਦੇ ਚਿਹਰਿਆਂ ਤੇ ਸੰਤੁਸ਼ਟੀ ਤੇ ਪਹਿਲਾ ਨਾਲੋਂ ਖੇੜਾ ਸੀ।
ਬਾਹਰ ਸੂਰਜ ਹੋਰ ਉੱਚਾ ਉੱਠ ਰਿਹਾ ਸੀ।

ਕੁਲਦੀਪ ਸਿੰਘ ਘੁਮਾਣ
kuldeepsinghmks0gmail.com

No comments:

Post a Comment