ਡਾ. ਅਮਰਜੀਤ ਟਾਂਡਾ
ਸ਼ਿੰਗਾਰ ਨੰਗੇਜ਼ ਨਹੀਂ ਬਣ ਸਕਦਾ ਨੰਗੇਜ਼ ਕਦੀ ਸ਼ਿੰਗਾਰ ਨਹੀਂ ਬਣ ਸਕਦਾ। ਜੋ ਆਕਰਸ਼ਨ ਦੀ ਤਰੰਗ ਲੁਤਫ਼ ਘੁੰਢ ਚ ਸੀ-ਨੰਗੇ ਮੂੰਹ ਨਹੀਂ ਰਿਹਾ-ਸ਼ਰਮ ਹਯਾ ਵੀ ਖੁਰ ਗਈ ਕਿੱਧਰੇ-ਔਰਤ ਸ਼ਿੰਗਾਰ ਦੀ ਤਸਵੀਰ ਹੈ, ਜੇਕਰ ਸ਼ਿੰਗਾਰ ਤੋਂ ਬਾਹਰ ਹੋ ਕੇ ਤੁਰੇਗੀ ਤਾਂ ਉਸ ਦਾ ਟੁਰਨਾ ਮੁਸ਼ਕਲ ਹੋਵੇਗਾ। ਮਾਡਲ ਮੁਟਿਆਰਾਂ ਦੇ ਨੰਗੇਜ਼ ਭਰਪੂਰ ਪਹਿਰਾਵੇ ਟੈਲੀਵਿਜ਼ਨਾ ਤੋਂ ਪ੍ਰੇਰਿਤ ਹੋ ਕੇ ਕੋਝੇ ਰਾਹ 'ਤੇ ਤੁਰੀਆਂ ਮੁਟਿਆਰਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਉਨ੍ਹਾਂ ਦਾ ਇਸ ਤਰ੍ਹਾਂ ਦਾ ਗ਼ੈਰ-ਜ਼ਿੰਮੇਵਾਰ ਰੁਝਾਨ ਸਰੀਰਕ ਸ਼ੋਸ਼ਣ ਵਧਾਏਗਾ- ਭਰੂਣ-ਹੱਤਿਆ ਵਰਗੀ ਕੁਰੀਤੀ ਦੀ ਧੂਣੀ ਹੋਰ ਬਲੇਗੀ-ਸ਼ਿੰਗਾਰ ਚ ਭਿਆਨਕ ਮੋੜ ਉਦੋਂ ਆਇਆ ਹੈ ਜਦ ਵਿਚ 'ਨੰਗੇਜ਼' ਸ਼ਾਮਿਲ ਹੋਇਆ। ਨੰਗੇਜ਼ ਅਤੇ ਅੰਗ-ਪ੍ਰਦਰਸ਼ਨੀ ਦਾ ਰੁਝਾਨ ਸ਼ਿੰਗਾਰ ਵਿਚ ਇਸ ਤਰ੍ਹਾਂ ਵੜਿਆ ਹੈ ਪਿਛਲੇ ਇਕ ਡੇਢ ਦਹਾਕੇ ਤੋਂ ਕਿ ਦੇਖਣ ਵਾਲੇ ਦੇ ਮੂੰਹ ਵਿਚ ਉਂਗਲ ਪਾਈਂ ਹੀ ਰਹਿ ਜਾਂਦੀਂ ਹੈ। ਇਸ ਨੂੰ ਫੈਸ਼ਨ ਦਾ ਨਾਂਅ ਦਿੱਤਾ ਜਾ ਸਕਦਾ ਸੀ ਜਦੋਂ ਕਿਸੇ ਹੱਦ ਬੰਨ੍ਹੇ ਤੱਕ ਸੀਮਤ ਸੀ -ਅੱਜ ਜਦੋਂ ਇਹ ਬੇਸ਼ਰਮੀ ਅਤੇ ਬੇਹਿਆਈ ਦੀ ਸੀਮਾ ਨੂੰ ਵੀ ਪਾਰ ਕਰ ਗਿਆ ਹੈ - ਇਲਾਕੇ ਵਿਚ ਮੰਨੇ-ਦੰਨੇ ਬਾਪ ਦੀਆਂ ਬੇਟੀਆਂ ਚੰਗੇ-ਚੰਗੇ ਘਰਾਂ ਦੀਆਂ ਔਰਤਾਂ ਧੀਆ ਸੂਟ ਸੁਆ ਕੇ ਛਾਤੀ ਤੇ ਯੂ ਕੱਟ ਬਣਵਾ ਕੇ ਤੁਰਦੀਆਂ ਹਨ ਤਾਂ ਲੋਕ ਦੰਗ ਰਹਿ ਜਾਂਦੇ ਹਨ। ਛਾਤੀ ਪ੍ਰਦਰਸ਼ਨ ਦੂਸਰੇ ਲਿੰਗ ਚ ਆਕਰਸ਼ਨ ਦੀ ਲੋਅ ਹੈ। ਕਾਮੁਕਤਾ ਦਾ ਬੀਜ ਹੈ। ਨੰਗੇਜ਼ਤਾ ਦੇ ਰਾਹ ਟੁਰਿਆ ਹੈ ਦੇਹ-ਸ਼ਿੰਗਾਰ ।
ਬਿਮਾਰੀ ਜੇਕਰ ਉਠਦੀ ਨੂੰ ਹੀ ਦੱਬ ਲਿਆ ਹੁੰਦਾ ਤਾਂ ਉਹ ਇਸ ਕੋਹੜ ਤੋਂ ਬਚ ਗਏ ਹੁੰਦੇ। ਕੈਪਰੀ, ਮਿੰਨੀ ਸਕਰਟ, ਨਿੱਕਰ, ਟੀ-ਸ਼ਰਟ ਅਤੇ ਸਕਿੰਨ ਟਾਈਟ ਕਈ ਅਜਿਹੇ ਪਹਿਰਾਵੇ ਅੱਜਕਲ੍ਹ ਦੀ ਪੀੜ੍ਹੀ ਤੱਕ ਆ ਪੁੱਜੇ ਹਨ ਜੋ ਨੰਗੇਜ਼ ਤੋਂ ਵੀ ਜ਼ਿਆਦਾ ਨੰਗੇ ਅਤੇ ਭੜਕਾਊ ਹਨ।ਇਸ ਵਿਚ ਕੋਈ ਦੂਜੀ ਰਾਇ ਨਹੀਂ ਕਿ ਹਰ ਨਵੇਂ ਸ਼ਖ਼ਸ ਦੀ ਮੁਲਾਕਾਤ ਤੁਹਾਡੇ ਤੋਂ ਵੀ ਪਹਿਲਾਂ ਤੁਹਾਡੇ ਪਹਿਰਾਵੇ ਨਾਲ ਹੁੰਦੀ ਹੈ ਅਤੇ ਪਹਿਰਾਵੇ ਨੂੰ ਦੇਖ ਕੇ ਹੀ ਉਹ ਤੁਹਾਡੀ ਸ਼ਖ਼ਸੀਅਤ ਅਤੇ ਚਾਲ ਚਲਣ ਦਾ ਬਿੰਬ ਤਿਆਰ ਕਰ ਲੈਂਦਾ ਹੈ।ਅੱਧ-ਨੰਗੇ ਅੰਗ ਜਾਂ ਛਾਤੀ ਪ੍ਰਦਰਸ਼ਨ ਕਰ ਕੇ ਉਹ ਆਪਣੇ ਸਕੂਲਾਂ, ਕਾਲਜਾਂ ਵਿਚ, ਬਾਜ਼ਾਰਾਂ ਵਿਚ, ਲੋਕਲ ਬੱਸਾਂ ਵਿਚ ਅਤੇ ਹੋਰ ਕਿੱਥੇ-ਕਿੱਥੇ ਭੈੜੇ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਦਾ ਕੇਂਦਰ ਬਣਦੀਆਂ ਫਿਰਦੀਆਂ ਹਨ। ਆਪਣੀ ਟੀ-ਸ਼ਰਟ ਦੀ ਛਾਤੀ 'ਤੇ ਬਿਊਟੀਫੁੱਲ ਲਿਖਵਾ ਕੇ ਪਬਲਿਕ ਵਿਚ ਫਿਰਦੀਆਂ ਮੁਟਿਆਰਾਂ ਆਖਰ ਦੱਸਣਾ ਕੀ ਚਾਹੁੰਦੀਆਂ ਹਨ? ਮਨੋਵਿਗਿਆਨਿਕ ਸਚਾਈ ਹੈ ਕਿ ਇਸ ਤਰ੍ਹਾਂ ਦੇ ਭੜਕਾਊ ਜਾਂ ਨੰਗੇਜ਼ ਭਰਪੂਰ ਪਹਿਰਾਵੇ ਦੇ ਪਹਿਨਣਹਾਰ ਦੇ ਆਪਣੇ ਸੁਭਾਅ ਅਤੇ ਚਾਲਚਲਣ 'ਤੇ ਵੀ ਤਿੱਖਾ ਅਸਰ ਪੈਂਦਾ ਹੈ। ਅੰਦਾਜ਼ਾ ਲਾਓ, ਉਸ ਬੇਵੱਸ ਬਾਪ ਜਾਂ ਭਰਾ ਦੀ ਸਥਿਤੀ ਦਾ ਜਿਸ ਦੇ ਨਾਲ ਭਰੇ ਬਾਜ਼ਾਰ ਵਿਚ ਉਸ ਦੀ ਮੁਟਿਆਰ ਧੀ, ਭੈਣ ਭੜਕਾਊ ਪੁਸ਼ਾਕ ਪਹਿਨ ਕੇ ਤੁਰਦੀ ਆਉਂਦੀ ਹੈ ਅਤੇ ਅੱਗੋਂ ਆਉਣ ਵਾਲੇ ਹਰ ਕਿਸੇ ਦੀ ਚੰਗੀ ਮਾੜੀ ਨਜ਼ਰ ਉਸ ਉੱਤੇ ਆ ਕੇ ਜਦ ਰੁਕ ਜਾਂਦੀ ਹੈ।
ਪੁਰਾਣੇ ਸਮਿਆਂ ਵਿਚ ਸੁਰਮਾ ਅੱਜ ਵਾਂਗ ਤਿਆਰ ਹਾਲਤ ਵਿਚ ਨਹੀਂ ਮਿਲਦਾ ਸੀ। ਪੱਥਰ ਵਰਗੇ ਟੁਕੜਿਆਂ ਦੀ ਹਾਲਤ ਵਿਚ ਸੁਰਮਾ ਕਰਿਆਨੇ ਦੀ ਦੁਕਾਨ ਤੋਂ ਆਮ ਮਿਲ ਜਾਂਦਾ ਸੀ, ਜਿਸ ਨੂੰ ਸੁਆਣੀਆਂ ਘਰ ਲਿਆ ਕੇ ਪੱਥਰ ਦੇ ਖਰਲ ਵਿਚ ਪਾ ਕੇ ਬੜੀ ਰੀਝ ਨਾਲ ਆਪਣੇ ਵਿਹਲੇ ਪਲਾਂ ਵਿਚ ਕਈ-ਕਈ ਦਿਨ ਮਹੀਨੇ ਰਗੜਦੀਆਂ ਰਹਿੰਦੀਆਂ ਸਨ ਅਤੇ ਬਾਰੀਕ ਪਾਊਡਰ ਵਰਗਾ ਸਾਫ਼-ਸੁਥਰਾ ਸੁਰਮਾ ਆਪ ਖੁਦ ਘਰ ਵਿਚ ਤਿਆਰ ਕਰ ਲੈਂਦੀਆਂ ਸਨ। ਸੋਹਣੀਆਂ-ਸੋਹਣੀਆਂ ਸੁਰਮੇਦਾਨੀਆਂ ਉਦੋਂ ਵੀ ਬਾਜ਼ਾਰ ਵਿਚੋਂ ਆਮ ਮਿਲ ਜਾਂਦੀਆਂ ਸਨ, ਜਿਸ ਵਿਚ ਪਾਇਆ ਹੋਇਆ ਸੁਰਮਾ ਕਈ-ਕਈ ਮਹੀਨੇ ਚੱਲ ਜਾਂਦਾ ਸੀ ਜੋ ਸ਼ਿੰਗਾਰ ਦੀ ਜਿੰਦਜਾਨ ਹੁੰਦਾ ਸੀ।
'ਹੁਸਨ ਚਾਹੇਗਾ ਬਹਰਹਾਲ ਨੁਮਾਯਾ ਹੋਨਾ।' ਬਸ ਇਥੋਂ ਸ਼ੁਰੂ ਹੋਇਆ ਸ਼ਿੰਗਾਰ ਦਾ ਸਿਲਸਿਲਾ ਅਤੇ ਇਹੀ ਵਜ੍ਹਾ ਹੈ ਕਿ ਸ਼ਿੰਗਾਰ ਦਾ ਰੁਝਾਨ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਜ਼ਿਆਦਾ ਹੈ। ਕਿਹਾ ਜਾ ਸਕਦਾ ਹੈ ਕਿ ਦੇਹ-ਸ਼ਿੰਗਾਰ ਦਾ ਸਿਲਸਿਲਾ ਸ਼ੁਰੂ ਜਗਤ ਤੋਂ ਚਲਦਾ ਆ ਰਿਹਾ ਹੈ, ਜਦ ਤੋਂ ਇਨਸਾਨੀ ਹੋਂਦ ਲੀਹ 'ਤੇ ਚੜ੍ਹੀ ਹੈ। ਸਾਦਾ ਜ਼ਿੰਦਗੀ ਅਤੇ ਉਸ ਤੋਂ ਵੀ ਵੱਧ ਸਾਦਾ ਸ਼ਿੰਗਾਰ, ਸ਼ੁਰੂ ਜ਼ਿੰਦਗੀ ਦੇ ਉਹ ਮੁਢਲੇ ਦਿਨ ਯਾਦ ਕਰਨੇ ਦਾ ਅੱਜ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ, ਜਦ ਸ਼ਿੰਗਾਰ ਦਾ ਮਾਇਨਾ ਮਕਸਦ ਹੁਣ ਬਿਲਕੁਲ ਬਦਲ ਚੁੱਕਾ ਹੈ। ਵਿਰੋਧੀ ਲਿੰਗ ਪ੍ਰਤੀ ਖਿੱਚ ਜੀਵਨ ਪ੍ਰਣਾਲੀ ਹੈ, ਕੁਦਰਤ ਦੀ ਇਕ ਸੋਚੀ-ਸਮਝੀ ਚਾਲ ਹੈ ਅਤੇ ਇਸ ਦਾ ਚਲਦੇ ਰਹਿਣਾ ਹੀ ਜੀਵਨ ਲੀਲ੍ਹਾ ਹੈ। ਪ੍ਰਵਾਨੇ ਇਸ ਅਗਨਕੁੰਡ ਵਿਚ ਜਲ ਕੇ ਕਿਉਂ ਰਾਖ ਹੋ ਜਾਂਦੇ ਹਨ ਇਹ ਵੀ ਇਸੇ ਪ੍ਰਣਾਲੀ ਦਾ ਤਾਣਾ-ਬਾਣਾ ਹੈ। ਸ਼ਮ੍ਹਾਂ ਵਰਗ ਨੂੰ ਵੀ ਇਸ ਸਥਿਤੀ ਦਾ ਪੂਰਾ ਇਲਮ ਹੈ ਅਤੇ ਉਸ ਦੀ ਮਨਸ਼ਾ ਵੀ ਹਮੇਸ਼ਾ ਇਹੀ ਰਹੀ ਹੈ ਕਿ ਇਹ ਕਸ਼ਮਕਸ਼ੀ ਚਲਦੀ ਰਹੇ, ਬਣੀ ਰਹੇ। 'ਮੁੰਡਾ ਮੋਹ ਲਿਆ ਤਬੀਤਾਂ ਵਾਲਾ ਦਮੜੀ ਦਾ ਸਕ ਮਲ ਕੇ'। ਸੱਕ ਦੰਦਾਸੇ ਨੂੰ ਕਿਹਾ ਜਾਂਦਾ ਹੈ ਕਿਉਂ ਜੋ ਇਹ ਦਰੱਖਤ ਦੀ ਲੱਕੜੀ ਦਾ ਸੱਕ ਹੁੰਦਾ ਹੈ, ਅਖਰੋਟ ਦੀ ਲੱਕੜੀ ਦਾ ਸੱਕ ਅਤੇ ਵਿਸ਼ੇਸ਼ ਕਰਕੇ ਅਖਰੋਟ ਦੇ ਦਰੱਖਤ ਦੀਆਂ ਜੜ੍ਹਾਂ ਦਾ ਸੱਕ। ਦੰਦਾਸਾ ਦੰਦਾਂ ਵਿਚ ਕੁਝ ਦੇਰ ਤੱਕ ਚਬਾਉਣ ਨਾਲ ਜਿਥੇ ਦੰਦਾਂ ਦੀ ਸਫਾਈ ਕਰਦਾ ਹੈ, ਉਥੇ ਇਹ ਬੁੱਲ੍ਹਾਂ 'ਤੇ ਲਾਲ ਰੰਗ ਵੀ ਚੜ੍ਹਾ ਦਿੰਦਾ ਹੈ, ਜੋ ਕਈ ਦਿਨਾਂ ਤੱਕ ਬੁੱਲ੍ਹਾਂ ਤੇ ਸੁਰਖੀ ਵਾਲਾ ਰੰਗ ਰੂਪ ਬਣਾ ਕੇ ਰੱਖਦਾ ਹੈ। ਜਗਤ ਪ੍ਰਸਿੱਧ ਹੋ ਚੁੱਕੇ ਹਨ, ਕਿਸੇ ਨਗਮੇ ਦੇ ਇਹ ਬੋਲ 'ਪਿਸ਼ਾਵਰ ਸੇ ਮੇਰੇ ਖਾਤਿਰ ਦੰਦਾਸਾ ਲਾਨਾ, ਓ ਦਿਲਬਰ ਜਾਨਾਂ।' ਇਸੇ ਤਰ੍ਹਾਂ ਕੱਜਲ ਵੀ ਪੁਰਾਣੇ ਵੇਲਿਆਂ ਦੇ ਸ਼ਿੰਗਾਰ ਵਿਚ ਬੇਹੱਦ ਅਹਿਮ ਭੂਮਿਕਾ ਨਿਭਾਅ ਕੇ ਬੀਤੇ ਸਮੇਂ ਦੀ ਗੱਲ ਹੋ ਨਿਬੜਿਆ ਹੈ। ਅਜੋਕੇ ਯੁੱਗ ਦੇ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਕੱਜਲ ਸੁਰਮੇ ਦਾ ਹੀ ਦੂਜਾ ਰੂਪ ਹੈ ਜੋ ਕਿ ਉਦੋਂ ਸਾਰੇ ਦਾ ਸਾਰਾ ਘਰ ਵਿਚ ਹੀ ਤਿਆਰ ਕੀਤਾ ਜਾਂਦਾ ਸੀ। ਘਰ ਵਿਚ ਮੌਜੂਦ ਕੋਈ ਵੀ ਲੋਹੇ ਦੀ ਪੱਤੀ, ਦਾਤੀ, ਰੰਬਾ, ਹੋਰ ਨਹੀਂ ਤਾਂ ਸਾਗ ਚੀਰਨ ਵਾਲੀ ਦਾਤੀ ਦਾ ਬਲੇਡ ਸਰ੍ਹੋਂ ਦੇ ਤੇਲ ਦੇ ਜਲਦੇ ਦੀਵੇ ਦੀ ਲਾਟ ਉਤੇ ਕੁਝ ਦੇਰ ਤੱਕ ਟਿਕਾਅ ਦਿੱਤਾ ਜਾਂਦਾ ਸੀ ਅਤੇ ਉਸ ਨਾਲ ਜੋ ਕਾਲਖ ਬਲੇਡ 'ਤੇ ਬੈਠ ਜਾਂਦੀ ਸੀ ਉਹ ਚੀਚੀ ਉਂਗਲੀ ਦੇ ਪੋਟੇ ਨਾਲ ਅੱਖ ਵਿਚ ਪਾ ਲਈ ਜਾਂਦੀ ਸੀ, ਜਿਸ ਨੂੰ ਕੱਜਲ ਕਿਹਾ ਜਾਂਦਾ ਹੈ ਜੋ ਕਈ ਦਿਨਾਂ ਤੱਕ ਅੱਖ ਵਿਚ ਸ਼ਿੰਗਾਰ ਦਾ ਕੰਮ ਕਰ ਜਾਂਦਾ ਹੈ ਅਤੇ ਦੇਖਣ ਵਿਚ ਅੱਖ ਸਧਾਰਨ ਨਾਲੋਂ ਮੋਟੀ ਚਮਕੀਲੀ ਅਤੇ ਖੂਬਸੂਰਤ ਦਿਸਦੀ ਹੈ। ਇਸੇ ਤਰ੍ਹਾਂ ਸੁਰਮਾ ਜੋ ਅਜੋਕੇ ਸ਼ਿੰਗਾਰ ਵਿਚ ਵੀ ਅਜੇ ਪੂਰੀ ਤਰ੍ਹਾਂ ਮਰਿਆ ਨਹੀਂ ਹੈ ਭਾਵੇਂ ਘਟ ਚੁੱਕਾ ਹੈ।
ਸ਼ਿੰਗਾਰ ਨੂੰ ਦੇਖਣ ਵਾਲੇ ਦੇ ਮਨ ਚਿੱਤ 'ਤੇ ਜੋ ਪ੍ਰਭਾਵ ਪੈਂਦਾ ਹੈ ਉਹ ਸ਼ਿੰਗਾਰ ਦਾ ਅਸਲ ਮੰਤਵ ਨਹੀਂ ਹੈ।
ਮੁਲਕ ਦੀ ਵੰਡ ਤੋਂ ਲੈ ਕੇ ਅੱਜ ਤੱਕ ਦਾ ਯੁੱਗ ਦੇਹ-ਸ਼ਿੰਗਾਰ ਦੇ ਮੁੱਦੇ 'ਤੇ ਟਿੱਪਣੀ ਲਿਖਣ ਲਈ ਬਹੁਤ ਹੀ ਮਹੱਤਵਪੂਰਨ ਯੁੱਗ ਕਿਹਾ ਜਾ ਸਕਦਾ ਹੈ। ਸ਼ਿੰਗਾਰ ਨੇ ਜੋ ਮਹੱਤਵਪੂਰਨ ਕਰਵਟਾਂ ਇਸ ਯੁੱਗ ਵਿਚ ਬਦਲੀਆਂ ਹਨ ਉਹ ਪਹਿਲਾਂ ਕਦੀ ਨਹੀਂ ਸਨ ਅਤੇ ਬਾਅਦ ਵਿਚ ਵੀ ਹੁਣ ਕਦੀ ਨਹੀਂ ਹੋ ਸਕਣਗੀਆਂ ਕਿਉਂ ਜੋ ਹੁਣ ਇਹ ਸਫ਼ਰ ਆਪਣੀ ਚਰਮਸੀਮਾ ਨੂੰ ਪਾਰ ਕਰਕੇ ਕੁਰੀਤੀ ਵੱਲ ਨੂੰ ਮੁੜ ਤੁਰਿਆ ਹੈ-ਜਦੋਂ ਜ਼ਿੰਦਗੀ ਬੜੀ ਸਾਦਾ ਸੀ ਦੇਹ-ਸ਼ਿੰਗਾਰ ਦਾ ਸਫ਼ਰ ਉਸ ਪੜਾਅ ਤੋਂ ਸ਼ੁਰੂ ਹੋਇਆ ਅਤੇ ਉਤਨਾ ਹੀ ਸਾਦਾ ਸੀ ਸ਼ਿੰਗਾਰ। ਮੰਜੇ ਦਾ ਓਹਲਾ ਬਣਾ ਕੇ ਜਾਂ ਹਨੇਰੇ-ਸਵੇਰੇ ਇਸ਼ਨਾਨ ਭੁਗਤਾਅ ਲਿਆ ਜਾਂਦਾ ਸੀ। ਲੋਕ ਖੂਹਾਂ ਜਾਂ ਪਬਲਿਕ ਸਥਾਨਾਂ 'ਤੇ ਇਸ਼ਨਾਨ ਕਰਦੇ ਸਨ। ਅੱਜ ਕਿਧਰੇ ਵਾਂਢੇ ਜਾਣਾ ਹੈ? ਸਾਬਣ ਲਾ ਕੇ ਨਹਾਉਣ ਵਾਲੇ ਨੂੰ ਲੋਕ ਪੁੱਛਣ ਲੱਗ ਜਾਂਦੇ ਸਨ -ਦੰਦਾਸਾ, ਕੱਜਲ, ਸੁਰਮਾ, ਘੱਗਰਾ, ਗਰਾਰਾ, ਕੌਡੀਆਂ, ਰੱਤੀਆਂ ਅੱਜ ਦੇ ਸ਼ਿੰਗਾਰ 'ਚੋਂ ਬਾਹਰ ਹਨ। ਕਢਾਈ ਪੇਸ਼ਾਵਰ ਲੋਕਾਂ ਦੇ ਹੱਥੀਂ ਕੱਢੀ ਹੋਈ ਕਢਾਈ ਤੱਕ ਸੀਮਤ ਰਹਿ ਗਈ ਹੈ, ਕਿਤੇ ਵੱਧ ਦਾ ਖਰਚਾ ਆ ਪੈਂਦਾ ਹੈ। ਗਹਿਣੇ, ਜ਼ੇਵਰ, ਭਾਰੇ ਭਾਰੇ ਸੈੱਟ ਅੱਜ ਦੇ ਸ਼ਿੰਗਾਰ ਵਿਚ ਇਕ ਵੱਖਰਾ ਰੰਗ ਲੈ ਕੇ ਆਏ ਹਨ। ਅੱਜ ਦੇ ਕਿਸੇ ਵੀ ਸਮਾਗਮ ਵਿਚ ਸ਼ਿੰਗਾਰ ਰੁਚੀ ਨੂੰ ਗਹੁ ਨਾਲ ਵੇਖੋ ਅਤੇ ਫਿਰ ਆਪਣੇ-ਆਪ ਤੋਂ ਪੁੱਛੋ ਕਿ ਝਲਕ ਸ਼ਿੰਗਾਰ ਦੀ ਦਿਸਦੀ ਹੈ ਕਿ ਅਮੀਰੀ ਦੀ।
ਸਾਧਾਰਨ ਪਰਿਵਾਰਾਂ ਵਿਚ ਔਰਤ ਦੀ ਜ਼ਿੰਦਗੀ ਵਿਚ ਟੁੰਬਾਂ ਦਾ ਰਿਸ਼ਤਾ ਵਿਆਹ ਤੋਂ ਸ਼ੁਰੂ ਹੁੰਦਾ ਸੀ। ਦੇਹ-ਸ਼ਿੰਗਾਰ ਦੀ ਹੋਂਦ ਵਿਚ ਟੁੰਬਾਂ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਲੜਕੀ ਦੇ ਮਾਪੇ ਵਿਆਹ ਸਮੇਂ ਆਪਣੀ ਲੜਕੀ ਨੂੰ ਕੁਝ ਸੋਨਾ ਕਿਸੇ ਵੀ ਗਹਿਣੇ ਦੇ ਰੂਪ ਵਿਚ ਇਸ ਮਕਸਦ ਨਾਲ ਪਾਉਂਦੇ ਸਨ ਕਿ ਅਗਰ ਲੜਕੀ ਨੂੰ ਆਪਣੀ ਅਗਲੇਰੀ ਜ਼ਿੰਦਗੀ ਵਿਚ ਕੋਈ ਮੁਸੀਬਤ ਦੀ ਮਾਰ ਆਣ ਪਵੇ ਤਾਂ ਉਹ ਗਹਿਣਾ ਸੋਨਾ ਵੇਚ ਕੇ ਆਪਣਾ ਔਖਾ ਵੇਲਾ ਨਿਪਟਾ ਸਕੇ ਅਤੇ ਸਾਧਾਰਨ ਹਾਲਾਤਾਂ ਵਿਚ ਉਹ ਇਨ੍ਹਾਂ ਟੁੰਬਾਂ ਨੂੰ ਆਪਣੇ ਸ਼ਿੰਗਾਰ ਲਈ ਵੀ ਵਰਤ ਸਕੇ।
ਪੁਰਾਣੇ ਸਮੇਂ ਵਿਚ ਆਪਣੇ ਸ਼ਿੰਗਾਰ ਲਈ ਉਦੋਂ ਦੀਆਂ ਔਰਤਾਂ ਨੇ ਆਪ ਖੁਦ ਕੋਸ਼ਿਸ਼ ਅਤੇ ਮਿਹਨਤ ਕਰਕੇ ਸ਼ਿੰਗਾਰ ਦੇ ਸਾਧਨ ਜ਼ਿਆਦਾਤਰ ਨਿੱਤ ਵਰਤੋਂ ਦੀ ਘਰੇਲੂ ਸਮੱਗਰੀ ਵਿਚੋਂ ਹੀ ਕੱਢ ਕੇ ਬਣਾਏ ਹੁੰਦੇ ਸਨ- ਕੌਡੀਆਂ ਦੇ ਗਾਨੇ, ਠੂਠੀਆਂ ਦੇ ਕਲ੍ਹੀਰੇ, ਮੱਖਣ ਤੇ ਸੰਧੂਰ ਮਿਲਾ ਕੇ ਬੁੱਲ੍ਹਾਂ 'ਤੇ ਲਾਉਣ ਵਾਲੀ ਸੁਰਖੀ ਅਤੇ ਗੱਲ੍ਹਾਂ 'ਤੇ ਲਾਉਣ ਵਾਲੀ ਲਾਲੀ, ਦੁੱਧ ਦਹੀਂ, ਲੱਸੀ ਗਾਚਣੀ ਵਰਗੇ ਘਰੇਲੂ ਸਾਮਾਨ ਦਾ ਨਹਾਉਣ ਧੋਣ ਵਿਚ ਇਸਤੇਮਾਲ, ਘਰੇਲੂ ਚਾਰਦੀਵਾਰੀ ਵਿਚ ਉਪਲਬੱਧ ਬਨਸਪਤੀ, ਪੱਤੇ, ਮਹਿੰਦੀ, ਕੁਆਰ ਆਦਿ ਦਾ ਸਰੀਰ ਦੀ ਸਫਾਈ ਅਤੇ ਸ਼ਿੰਗਾਰ ਵਿਚ ਇਸਤੇਮਾਲ, ਫੁੱਲਾਂ ਦੇ ਹਾਰ, ਕਲੀਆਂ ਦੇ ਗਜਰੇ, ਵਾਲਾਂ ਵਿਚ ਜਿਊਂਦੇ ਫੁੱਲਾਂ ਦਾ ਸ਼ਿੰਗਾਰ, ਨਿੰਬੂ ਦਾ ਰਸ, ਨਿੰਬੂ ਦੀ ਛਿੱਲ, ਕੁਆਰ ਦਾ ਲੇਪ, ਵਟਣੇਂ ਦੀ ਸਮੱਗਰੀ ਵਿਚ ਹਲਦੀ, ਸਰ੍ਹੋਂ ਦਾ ਤੇਲ, ਚਣਿਆਂ ਦਾ ਆਟਾ, ਚੰਦਨ ਦਾ ਬੂਰਾ ਆਦਿ ਪੂਰੇ ਦਾ ਪੂਰਾ ਘਰੇਲੂ ਸਾਮਾਨ, ਆਪਣੇ ਹੱਥੀਂ ਖੁਦ ਕਢਾਈ ਕੀਤੇ ਹੋਏ ਕੱਪੜੇ, ਫੁੱਲ-ਬੂਟੀਆਂ, ਫੁਲਕਾਰੀਆਂ, ਚੁੰਨੀਆਂ ਤੇ ਹੱਥੀਂ ਲਾਏ ਹੋਏ ਗੋਟੇ ਆਦਿ ਦਾ ਸ਼ਿੰਗਾਰ ਵਿਚ ਇਸਤੇਮਾਲ ਬੜੀ ਦੇਰ ਤੋਂ ਚਲਦਾ ਆਇਆ ਹੈ।
ਦੇਹ ਸ਼ਿੰਗਾਰ ਵਿਚ ਸੂਈ ਧਾਗਾ, ਮਿਹਨਤ ਅਤੇ ਕਢਾਈ ਦਾ ਜ਼ਿਕਰ ਆਇਆ ਤਾਂ ਸਾਡੇ ਕੁਝ ਇਕ ਖਾਨਾ ਬਦੋਸ਼ ਕਬੀਲੇ, ਖਾਸ ਕਰਕੇ 'ਗੱਡੀਆਂ ਵਾਲਿਆਂ' ਦੀਆਂ ਔਰਤਾਂ ਦੀ ਇਹ ਕਲਾ ਵਿਸ਼ੇਸ਼ ਸਿਫ਼ਤ ਦੇ ਕਾਬਲ ਹੈ-ਅੰਗਪ੍ਰਦਰਸ਼ਨੀ ਜਾਂ ਨੰਗੇਜ਼ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਸੀ ਪਹਿਨਣ ਵਾਲੇ ਕੱਪੜਿਆਂ ਵਿਚ ਵੀ ਖਾਸ ਧਿਆਨ ਰੱਖਿਆ ਜਾਂਦਾ ਸੀ। ਬੁਰਕਾ ਅਤੇ ਪਰਦਾ ਉਸ ਵੇਲੇ ਦੀ ਔਰਤ ਦੀ ਆਨ ਅਤੇ ਸ਼ਾਨ ਸੀ। ਦੇਹ-ਸ਼ਿੰਗਾਰ ਦੀ ਹੋਂਦ ਵਿਚ ਮਰਦਾਂ ਨਾਲੋਂ ਔਰਤਾਂ ਨੇ ਕਿਤੇ ਵੱਧ ਸਬਰ ਤੇ ਸ਼ਮੂਲੀਅਤ ਦਿਖਾਈ ਹੈ
No comments:
Post a Comment