ਦ੍ਰਿਸ਼ਟੀਕੋਣ (57)-ਜਤਿੰਦਰ ਪਨੂੰ

ਹਾਲਤ ਖਾਮੋਸ਼ ਪਾਣੀਆਂ ਵਿੱਚ ਤੂਫਾਨ ਆਉਣ ਵਾਲੀ ਤੇ ਸੁਫਨੇ ਪੰਜਾਹ ਸਾਲ ਰਾਜ ਕਰਨ ਦ
ਅੱਜ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੌਣੇ ਤਿੰਨ ਮਹੀਨੇ ਬਾਕੀ ਰਹਿ ਗਏ ਹਨ, ਇਹ ਗੱਲ ਆਮ ਪੁੱਛੀ ਜਾ ਰਹੀ ਹੈ ਕਿ ਜਿੱਤ ਕਿਸ ਦੀ ਹੋਵੇਗੀ ਤੇ ਹੁਣ ਵਾਲਾ ਹਾਕਮ ਗੱਠਜੋੜ ਕਿੰਨੇ ਕੁ ਪਾਣੀ ਵਿੱਚ ਰਹੇਗਾ? ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੀਹ ਨਵੰਬਰ ਦੇ ਦਿਨ ਇੱਕ ਪੱਤਰਕਾਰ ਨੂੰ ਇਹ ਵੀ ਕਹਿ ਦਿੱਤਾ ਕਿ ਉਨ੍ਹਾ ਨੇ ਕਾਂਗਰਸ ਪਾਰਟੀ ਦੇ ਕੰਪਿਊਟਰ ਸਰਵੇਖਣ ਦੀ ਰਿਪੋਰਟ ਕੱਢਵਾ ਕੇ ਵੇਖ ਲਈ ਹੈ ਤੇ ਉਸ ਦੇ ਮੁਤਾਬਕ ਕਾਂਗਰਸ ਨੂੰ ਸਿਰਫ ਤਿਰਵੰਜਾ ਸੀਟਾਂ ਆਉਣ ਦੀ ਆਸ ਹੈ। ਏਦਾਂ ਦਾ ਦਾਅਵਾ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੀਤਾ ਹੈ, ਪਰ ਉਹ ਵਿਰੋਧੀ ਧਿਰ ਵਿੱਚ ਹੈ ਤੇ ਸਰਕਾਰੀ ਮਸ਼ੀਨਰੀ ਵਰਤ ਕੇ ਦੂਜੀ ਧਿਰ ਦੀ ਜਾਸੂਸੀ ਕਰਾਉਣ ਦਾ ਜਿਹੜਾ ਦੋਸ਼ ਹਾਕਮ ਧਿਰ ਉੱਤੇ ਲੱਗ ਸਕਦਾ ਹੈ, ਉਹ ਉਸ ਉੱਤੇ ਨਹੀਂ ਲੱਗਣਾ। ਚੋਣ ਪ੍ਰਕਿਰਿਆ ਨਾਲ ਜੁੜੇ ਹੋਏ ਤਾਂ ਅਸੀਂ ਵੀ 1969 ਦੀਆਂ ਚੋਣਾਂ ਦੇ ਵੇਲੇ ਤੋਂ ਹਾਂ, ਜਦੋਂ ਅਜੇ ਪੜ੍ਹਦੇ ਹੁੰਦੇ ਸਾਂ, ਪਰ ਇੱਕ ਹੋਰ ਸੱਜਣ, ਜਿਹੜੇ ਦਿੱਲੀ ਵਿੱਚ ਸਿਰਫ ਚੋਣ ਸਰਵੇਖਣਾਂ ਨਾਲ ਮੱਥਾ ਮਾਰਨ ਲਈ ਜਾਣੇ ਜਾਂਦੇ ਹਨ, ਨੇ ਸਾਨੂੰ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਰਾਜਸੀ ਪਰਪੱਕਤਾ ਦੀ ਘਾਟ ਕਾਰਨ ਇਹ ਵੀ ਨਹੀਂ ਪਤਾ ਕਿ ਇੰਜ ਕਰਨਾ 'ਵਾਟਰਗੇਟ ਸਕੈਂਡਲ' ਵਰਗੀ ਹਰਕਤ ਹੁੰਦੀ ਹੈ। ਇੱਕ ਮੌਕੇ ਅਮਰੀਕਾ ਦੇ ਇੱਕ ਰਾਸ਼ਟਰਪਤੀ ਨੇ ਵਾਟਰਗੇਟ ਹੋਟਲ ਵਿੱਚ ਆਪਣੀ ਵਿਰੋਧੀ ਪਾਰਟੀ ਵਾਲਿਆਂ ਦੀਆਂ ਚੋਣਾਂ ਦੇ ਸਿਲਸਿਲੇ ਵਿੱਚ ਸਰਗਰਮੀਆਂ ਦੀ ਜਾਸੂਸੀ ਕਰਨ ਦਾ ਜਦੋਂ ਕਾਰਾ ਕੀਤਾ ਤਾਂ ਉਹ ਏਨਾ ਬਦਨਾਮ ਹੋ ਗਿਆ ਕਿ ਹੁਣ ਤੱਕ ਜਿੱਥੇ ਕਿਤੇ ਇਹੋ ਜਿਹੀ ਕੋਈ ਗੱਲ ਵਾਪਰੇ, ਉਸ ਦੇ ਨਾਂਅ ਨਾਲ ਓਸੇ ਵਾਟਰਗੇਟ ਸਕੈਂਡਲ ਦਾ 'ਗੇਟ' ਜੋੜ ਕੇ ਹਵਾਲਾ ਦਿੱਤਾ ਜਾਣਾ ਆਮ ਗੱਲ ਹੋ ਚੁੱਕੀ ਹੈ। ਫਿਰ ਵੀ ਇਹੋ ਜਿਹੇ ਕੰਮ ਕਰਨ ਵਾਲੇ ਕਰੀ ਜਾਂਦੇ ਹਨ।
ਕਾਂਗਰਸ ਪਾਰਟੀ ਦੇ ਕੰਪਿਊਟਰ ਵਿੱਚੋਂ ਇਹੋ ਜਿਹੀ ਕੋਈ ਗੱਲ ਵੇਖੀ ਜਾਂ ਨਹੀਂ ਵੇਖੀ, ਇਹ ਬਾਅਦ ਦੀ ਗੱਲ ਹੈ, ਵੱਡਾ ਸਵਾਲ ਇਹ ਹੈ ਕਿ ਅਕਾਲੀ ਦਲ ਇਸ ਤਿਰਵੰਜਾ ਸੀਟਾਂ ਦੇ ਅੰਕੜੇ ਪਿਛੋਂ ਕੀ ਕਹਿੰਦਾ ਤੇ ਕੀ ਕਰਦਾ ਹੈ? ਇਸ ਦੀ ਲੀਡਰਸ਼ਿਪ ਨੇ ਇੱਕ ਹਫਤੇ ਵਿੱਚ ਦੋ ਵੱਡੀਆਂ ਗਲਤੀਆਂ ਕੀਤੀਆਂ ਹਨ, ਜਿਨ੍ਹਾਂ ਦਾ ਬੁਰਾ ਅਸਰ ਇਸ ਦੇ ਅਕਸ ਉੱਤੇ ਪੈ ਗਿਆ ਹੈ। ਇੱਕ ਤਾਂ ਬਠਿੰਡੇ ਵਿੱਚ ਕਈ ਦਹਾਕਿਆਂ ਦੇ ਹਿੰਦੂ ਅਕਾਲੀ ਆਗੂ ਚਿਰੰਜੀ ਲਾਲ ਗਰਗ ਨੂੰ ਕੱਢਣਾ ਅਤੇ ਫਿਰ ਸਿਰਫ਼ ਦੋ ਘੰਟੇ ਬਾਅਦ ਵਾਪਸ ਲੈ ਲੈਣਾ। ਕੱਢਣ ਦਾ ਐਲਾਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ ਤੇ ਇਸ ਫੈਸਲੇ ਨੂੰ ਰੱਦ ਕਰਨ ਦਾ ਐਲਾਨ ਉਸ ਦੇ ਪਿਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਸਰਪ੍ਰਸਤ ਵਜੋਂ ਕੀਤਾ। ਕਰਨਾ ਇਸ ਕਰ ਕੇ ਪਿਆ ਕਿ ਜੇ ਨਾ ਕਰਦੇ ਤਾਂ ਮਾਲਵੇ ਵਿੱਚ ਫੱਟੀ ਪੋਚੀ ਜਾਣ ਦਾ ਡਰ ਪੈਦਾ ਹੋ ਗਿਆ ਸੀ। ਦੂਸਰੀ ਗਲਤੀ ਸੀ ਪ੍ਰਚੂਨ ਬਾਜ਼ਾਰ ਵਿੱਚ ਵਿਦੇਸ਼ੀ ਨਿਵੇਸ਼ ਦੇ ਮਾਮਲੇ ਵਿੱਚ ਪਹਿਲਾਂ ਕੇਂਦਰ ਸਰਕਾਰ ਦੇ ਫੈਸਲੇ ਦੀ ਹਮਾਇਤ ਕਰ ਕੇ ਫਿਰ ਉਸ ਦੇ ਵਿਰੋਧ ਵਿੱਚ ਖੜੋਣ ਦਾ ਐਲਾਨ ਕਰ ਦੇਣਾ। ਇਹ ਫੈਸਲਾ ਵੀ ਲਿਆ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸੀ ਤੇ ਪਲਟਾਉਣ ਦਾ ਕੰਮ ਬਾਪੂ ਬਾਦਲ ਨੂੰ ਕਰਨਾ ਪਿਆ ਹੈ।
ਕਈ ਲੋਕਾਂ ਨੂੰ ਜਾਪਦਾ ਹੈ ਕਿ ਅਜਿਹਾ ਹੁਣ ਹੀ ਕੀਤਾ ਗਿਆ ਹੈ, ਪਰ ਅਸਲ ਵਿੱਚ ਅਜਿਹਾ ਪਿਛਲੇ ਸਾਲ ਵੀ ਵਾਪਰਿਆ ਸੀ। ਓਦੋਂ ਸੁਖਬੀਰ ਸਿੰਘ ਬਾਦਲ ਨੇ ਡਿਪਟੀ ਮੁੱਖ ਮੰਤਰੀ ਵਜੋਂ ਗ੍ਰਹਿ ਮੰਤਰੀ ਦੇ ਫਰਜ਼ ਨਿਭਾਉਂਦਿਆਂ ਪੁਲਸ ਦੇ ਵੱਡੇ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਸਨ ਤੇ ਫਾਈਲ ਉੱਤੇ ਮੁੱਖ ਮੰਤਰੀ ਬਾਦਲ ਸਾਹਿਬ ਦੇ ਦਸਖਤ ਅਖੀਰ ਵਿੱਚ ਹੋਣੇ ਸਨ। ਮੁੱਖ ਮੰਤਰੀ ਸਾਹਿਬ ਨੇ ਫਾਈਲ ਰੱਖੀ ਛੱਡੀ ਤੇ ਕੰਮ ਦੇ ਬੋਝ ਦਾ ਹਵਾਲਾ ਦੇ ਕੇ ਟਾਲਦੇ ਰਹੇ, ਪਰ ਜਦੋਂ ਡਿਪਟੀ ਮੁੱਖ ਮੰਤਰੀ ਦਾ ਜਹਾਜ਼ ਦਿੱਲੀ ਤੋਂ ਵਿਦੇਸ਼ ਨੂੰ ਉਡਾਰੀ ਮਾਰ ਗਿਆ ਤਾਂ ਅਗਲੇ ਦੇਸ਼ ਜਾ ਕੇ ਉਸ ਦੇ ਪਹੀਏ ਲੱਗਣ ਤੋਂ ਪਹਿਲਾਂ ਫਾਈਲ ਮੰਗਾ ਕੇ ਉਸ ਵਿੱਚੋਂ ਕਈ ਨਾਂਅ ਬਦਲ ਦਿੱਤੇ ਸਨ। ਇੱਕ ਅੰਗਰੇਜ਼ੀ ਅਖਬਾਰ ਵਿੱਚ ਓਦੋਂ ਦੋ ਵਾਰੀ ਛਾਪੀ ਗਈ ਇਸ ਖਬਰ ਦਾ ਅੱਜ ਤੱਕ ਵੀ ਕਿਸੇ ਨੇ ਖੰਡਨ ਨਹੀਂ ਕੀਤਾ।
ਫਿਰ ਜਦੋਂ ਇਹ ਗੱਲ ਚੱਲੀ ਕਿ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਤਾਂ ਨਾਲ ਹੀ ਇਹ ਚਰਚਾ ਚੱਲ ਪਈ ਕਿ ਪਾਰਟੀ ਦੇ ਅੰਦਰੋਂ ਵਿਰੋਧ ਹੋਣ ਕਰ ਕੇ ਬਾਦਲ ਸਾਹਿਬ ਅਜੇ ਉਸ ਨੂੰ ਇਹ ਜ਼ਿੰਮੇਵਾਰੀ ਨਹੀਂ ਸੌਂਪ ਰਹੇ। ਅਸੀਂ ਓਦੋਂ ਵੀ ਲਿਖ ਦਿੱਤਾ ਸੀ ਕਿ ਗੱਲ ਸਿਰਫ ਏਨੀ ਨਹੀਂ, ਕੁਝ ਪਰਪੱਕਤਾ ਦੀ ਘਾਟ ਦਾ ਸਵਾਲ ਵੀ ਹੈ। ਮੁੱਖ ਮੰਤਰੀ ਨੂੰ ਪਤਾ ਹੈ ਕਿ ਡਿਪਟੀ ਮੁੱਖ ਮੰਤਰੀ ਦੇ ਤੌਰ ਉੱਤੇ ਵੀ ਸਰਕਾਰ ਤਾਂ ਸੁਖਬੀਰ ਸਿੰਘ ਬਾਦਲ ਹੀ ਚਲਾ ਰਿਹਾ ਹੈ ਤੇ ਇਸ ਵਿੱਚ ਸੌਖ ਇਹ ਹੈ ਕਿ ਉਹ ਗਲਤੀ ਕਰੇ ਤਾਂ ਮੁੱਖ ਮੰਤਰੀ ਕੋਲ ਉਸ ਨੂੰ ਸੰਭਾਲਣ ਦਾ ਵਕਤ ਰਹਿੰਦਾ ਹੈ, ਪਰ ਜੇ ਮੁੱਖ ਮੰਤਰੀ ਹੀ ਉਹ ਆਪ ਹੋਵੇ ਤੇ ਕੋਈ ਬੱਜਰ ਭੁੱਲ ਕਰ ਦੇਵੇ, ਫਿਰ ਸੰਭਾਲਣ ਵਾਸਤੇ ਸੁਪਰ ਮੁੱਖ ਮੰਤਰੀ ਦੀ ਕੋਈ ਪਦਵੀ ਹੀ ਨਹੀਂ ਹੁੰਦੀ, ਇਸ ਲਈ ਮੁਸ਼ਕਲ ਪੈਦਾ ਹੋ ਸਕਦੀ ਹੈ। ਇਸ ਗੱਲ ਨੂੰ ਸਮਝਦੇ ਹੋਏ ਬਾਦਲ ਸਾਹਿਬ ਨੇ ਮੱਡ-ਗਾਰਡ ਉੱਤੇ ਬੈਠ ਕੇ ਆਪਣੇ ਪੁੱਤਰ ਨੂੰ ਟਰੈਕਟਰ ਚਲਾਉਣਾ ਸਿਖਾਉਣ ਵਾਲੇ ਬਾਪ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ ਤੇ ਆਸ ਕੀਤੀ ਕਿ ਪੁੱਤਰ ਕੁਝ ਸਮੇਂ ਤੱਕ ਆਪਣੇ ਆਪ ਚਲਾਉਣ ਜੋਗਾ ਹੋ ਜਾਵੇਗਾ। ਅਮਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਏਨਾ ਸਮਾਂ ਲੰਘਾ ਕੇ ਵੀ ਸੰਭਲ ਕੇ ਕਦਮ ਚੁੱਕਣ ਜੋਗਾ ਨਹੀਂ ਹੋ ਸਕਿਆ ਤੇ ਇੱਕੋ ਹਫਤੇ ਵਿੱਚ ਦੋ ਵਾਰੀ ਵੱਡੀ ਗਲਤੀ ਕਰ ਗਿਆ ਹੈ, ਜਿਸ ਨੂੰ ਸੁਧਾਰਨ ਲਈ ਮੁੱਖ ਮੰਤਰੀ ਨੂੰ ਅੱਗੇ ਹੋ ਕੇ ਭਾਜਪਾ ਦੇ ਕੌਮੀ ਆਗੂ ਅਰੁਣ ਜੇਤਲੀ ਕੋਲ ਇਹ ਕਹਿਣਾ ਪਿਆ ਹੈ ਕਿ 'ਸਾਡੇ ਤੋਂ ਗਲਤੀ ਹੋ ਗਈ ਹੈ।'
ਹੁਣ ਜਿਹੜਾ ਇਹ ਬਿਆਨ ਛਪਿਆ ਹੈ ਕਿ ਵਿਰੋਧੀ ਪਾਰਟੀ ਦੇ ਕੰਪਿਊਟਰ ਤੋਂ ਸਰਵੇਖਣ ਦਾ ਵੇਰਵਾ ਅਸੀਂ ਪ੍ਰਾਪਤ ਕਰ ਲਿਆ ਹੈ, ਉਹ ਵੀ ਸੁਖਬੀਰ ਸਿੰਘ ਬਾਦਲ ਦੀ ਰਾਜਸੀ ਪ੍ਰਪੱਕਤਾ ਦੀ ਘਾਟ ਨੂੰ ਪ੍ਰਗਟ ਕਰਦਾ ਹੈ। ਅਜੇ ਏਸੇ ਤਰ੍ਹਾਂ ਦਾ ਇੱਕ ਹੋਰ ਵਲਾਵਾਂ ਬਠਿੰਡੇ ਦੇ ਨਾਲ ਲੱਗਦੇ ਮੰਡੀ ਖੁਰਦ ਪਿੰਡ ਵਿੱਚ ਕੂੜੇ ਦੇ ਡੰਪ ਵਾਲੇ ਸਕੈਂਡਲ ਦਾ ਬਣ ਜਾਣਾ ਹੈ। ਚੰਡੀਗੜ੍ਹ ਵਿੱਚ ਪਹਿਲਾਂ ਇਹ ਤੈਅ ਕੀਤਾ ਗਿਆ ਕਿ ਫਲਾਣੇ ਥਾਂ ਕੂੜੇ ਦਾ ਡੰਪ ਬਣਾਉਣ ਲਈ ਜ਼ਮੀਨ ਚਾਹੀਦੀ ਹੈ, ਫਿਰ ਅਕਾਲੀ ਦਲ ਦੇ ਕੁਝ ਯੂਥ ਵਿੰਗ ਨਾਲ ਜੁੜੇ ਬੰਦੇ ਓਥੇ ਗਏ ਤੇ ਸੰਬੰਧਤ ਜ਼ਮੀਨ ਖਰੀਦ ਲਈ ਅਤੇ ਦੋ ਦਿਨਾਂ ਦੇ ਵਿੱਚ ਇੰਤਕਾਲ ਵੀ ਉਨ੍ਹਾਂ ਦੇ ਨਾਂਅ ਚੜ੍ਹ ਗਏ। ਇੱਕ ਹਫਤਾ ਬਾਅਦ ਸਰਕਾਰੀ ਮਸ਼ੀਨਰੀ ਸਰਗਰਮ ਹੋਈ ਤੇ ਜਿਹੜੀ ਜ਼ਮੀਨ ਡੇਢ ਕੁ ਕਰੋੜ ਰੁਪੈ ਦੇ ਨੇੜੇ ਖਰੀਦੀ ਸੀ, ਇੱਕ ਮਹੀਨੇ ਬਾਅਦ ਸੱਤ ਕਰੋੜ ਰੁਪਏ ਦੀ ਉਨ੍ਹਾਂ ਬੰਦਿਆਂ ਤੋਂ ਸਰਕਾਰ ਨੇ ਖਰੀਦ ਲਈ, ਜਿਨ੍ਹਾਂ ਦਾ ਸੰਬੰਧ ਹਾਕਮ ਪਾਰਟੀ ਦੇ ਸਿਖਰਲੇ ਗਲਿਆਰਿਆਂ ਨਾਲ ਜੁੜਦਾ ਹੈ। ਕਾਂਗਰਸ ਪਾਰਟੀ ਦੇ ਕੰਪਿਊਟਰਾਂ ਵਿੱਚ ਸੰਨ੍ਹ ਲਾਉਣ ਵਾਲੇ 'ਕੰਪਿਊਟਰ ਗੇਟ' ਤੋਂ ਵੀ ਅਸੂਲੀ ਤੌਰ ਉੱਤੇ ਇਹ 'ਕੂੜਾ ਗੇਟ' ਵੱਡਾ ਮਾਮਲਾ ਬਣ ਜਾਂਦਾ ਹੈ, ਜਿਹੜਾ ਸਾਫ ਦੱਸਦਾ ਹੈ ਕਿ ਸਾਰਾ ਕੁਝ ਚੰਡੀਗੜ੍ਹ ਵਿੱਚੋਂ ਬੈਠ ਕੇ ਯੋਜਨਾ ਬੱਧ ਤਰੀਕੇ ਨਾਲ ਕੀਤਾ ਗਿਆ ਜਾਂ ਕਰਵਾਇਆ ਗਿਆ ਹੈ।
ਇਸ ਤਰ੍ਹਾਂ ਦੇ ਕਈ ਸਕੈਂਡਲਾਂ ਵਿੱਚ ਨਾ ਉਲਝ ਕੇ ਜੇ ਪੰਜਾਬ ਦੇ ਰਾਜਸੀ ਦ੍ਰਿਸ਼ ਦੀ ਚਰਚਾ ਕਰਨ ਦੀ ਲੋੜ ਹੋਵੇ ਤਾਂ ਕੋਈ ਵੀ ਬੰਦਾ ਇਹ ਸੋਚ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਕਿਹਾ ਸੀ ਕਿ ਪੰਝੀ ਸਾਲ ਰਾਜ ਕਰਨਾ ਹੈ, ਪਿਛਲੇ ਹਫਤੇ ਤੋਂ ਪੰਜਾਹ ਸਾਲ ਰਾਜ ਕਰਨ ਦੀ ਗੱਲ ਸ਼ੁਰੂ ਕਰ ਦਿੱਤੀ ਹੈ, ਉਹ ਕਿਸ ਦੇ ਆਸਰੇ ਕਰਨਾ ਹੈ? ਰਾਜ ਦਰਬਾਰ ਨਾਲ ਜੁੜੇ ਹੋਏ ਕੁਝ ਲੋਕ ਆਖਦੇ ਹਨ ਕਿ ਜਦੋਂ ਤੱਕ ਪੰਜਾਬ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੈ, ਇਨ੍ਹਾਂ ਦੇ ਰਾਜ ਦੀ ਸੰਭਾਵਨਾ ਉੱਤੇ ਕਾਟਾ ਮਾਰਨਾ ਔਖਾ ਹੈ। ਹੋ ਸਕਦਾ ਹੈ ਕਿ ਉਹ ਠੀਕ ਕਹਿੰਦੇ ਹੋਣ, ਪਰ ਜੇ ਹੇਠਾਂ ਹਕੀਕੀ ਸਥਿਤੀ ਵੱਲ ਵੇਖੀਏ ਤਾਂ ਇਹੋ ਜਿਹਾ ਕੋਈ ਇਸ਼ਾਰਾ ਹੀ ਨਹੀਂ ਮਿਲਦਾ। ਅਕਾਲੀ ਪਾਰਟੀ ਨੂੰ ਪਿਛਲੀ ਵਾਰੀ ਅਠਤਾਲੀ ਸੀਟਾਂ ਆਈਆਂ ਸਨ, ਲੋਕ ਇਹ ਨਹੀਂ ਮੰਨਦੇ ਕਿ ਇਸ ਵਾਰ ਅਠਤਾਲੀ ਆਉਣੀਆਂ ਹਨ, ਪਰ ਅਸੀਂ ਇਹ ਫਰਜ਼ ਕਰ ਲਈਏ ਕਿ ਅਠਤਾਲੀ ਆ ਜਾਣਗੀਆਂ, ਫਿਰ ਵੀ ਸਰਕਾਰ ਤਾਂ ਉਨਾਹਠ ਵਿਧਾਇਕ ਹੋਣ ਨਾਲ ਬਣਦੀ ਹੈ ਤੇ ਉਹ ਭਾਈਵਾਲ ਭਾਜਪਾ ਦੇ ਆਸਰੇ ਹੀ ਬਣ ਸਕਦੇ ਹਨ। ਭਾਜਪਾ ਦੀਆਂ ਪਿਛਲੀ ਵਾਰੀ ਉੱਨੀ ਸੀਟਾਂ ਸਨ, ਇਸ ਵਾਰੀ ਦੋ ਜਾਂ ਤਿੰਨ ਤੋਂ ਵੱਧ ਜਦੋਂ ਭਾਜਪਾ ਦੇ ਨੇਤਾ ਆਪ ਨਹੀਂ ਮੰਨਦੇ ਤਾਂ ਸੁਖਬੀਰ ਸਿੰਘ ਬਾਦਲ ਦਾ ਉਹ ਕੀ ਪਾਰ-ਉਤਾਰਾ ਕਰ ਦੇਣਗੇ?
ਜੀ ਹਾਂ, ਦਾਅਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਕੁਝ ਵੀ ਕਰੀ ਜਾਣ, ਕੋਈ ਉਨ੍ਹਾਂ ਨੂੰ ਰੋਕਦਾ ਨਹੀਂ, ਪਰ ਹਕੀਕਤ ਇਹ ਹੈ ਕਿ ਉਨ੍ਹਾਂ ਨੇ ਆਪ ਹੀ ਆਪਣਾ ਬੇੜਾ ਗਰਕ ਕੀਤਾ ਪਿਆ ਹੈ। ਇੱਕ ਮਾਰ ਤਾਂ ਉਨ੍ਹਾਂ ਨੂੰ ਇਹ ਪੈਣੀ ਹੈ ਕਿ ਕਾਂਗਰਸ ਵਿੱਚੋਂ ਮੰਗਵਾਂ ਲੈ ਕੇ ਪਿਛਲੀ ਵਾਰੀ ਜਿਤਾਇਆ ਤੇ ਚੀਫ ਪਾਰਲੀਮੈਂਟਰੀ ਸੈਕਟਰੀ ਬਣਵਾਇਆ ਰਾਜ ਖੁਰਾਣਾ ਡੇਢ ਕਰੋੜ ਰੁਪੈ ਦੀ ਰਿਸ਼ਵਤ ਲੈਂਦਾ ਫੜਿਆ ਗਿਆ। ਉਸ ਦੀ ਤਫਤੀਸ਼ ਦੋ ਮੰਤਰੀਆਂ ਮਨੋਰੰਜਨ ਕਾਲੀਆ ਤੇ ਸਵਰਨਾ ਰਾਮ ਦੇ ਜੜ੍ਹੀਂ ਬੈਠ ਗਈ। ਤੀਸਰਾ ਜਗਦੀਸ਼ ਸਾਹਨੀ ਪਾਰਟੀ ਵਿਚਲੀ ਧੜੇਬੰਦੀ ਕਾਰਨ ਆਪਣੀ ਪਾਰਟੀ ਦੀ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਦੇ ਕਹਿਰ ਦਾ ਸ਼ਿਕਾਰ ਹੋ ਗਿਆ ਤੇ ਹੁਣ ਉਸ ਦੀ ਹਾਲਤ ਪਾਣੀਓਂ ਪਤਲੀ ਕਿਸੇ ਹੋਰ ਨੇ ਨਹੀਂ, ਖੁਦ ਉਸ ਦੀ ਪਾਰਟੀ ਨੇ ਕਰ ਛੱਡੀ ਹੈ। ਉਸ ਨੂੰ ਪਾਰਟੀ ਵੱਲੋਂ ਟਿਕਟ ਦੇਣ ਜਾਂ ਨਾ ਦੇਣ ਦਾ ਵੀ ਅਜੇ ਤੱਕ ਕਿਸੇ ਨੂੰ ਪੱਕਾ ਪਤਾ ਨਹੀਂ। ਜਿਹੜੀ ਲਕਸ਼ਮੀ ਕਾਂਤਾ ਚਾਵਲਾ ਨੇ ਉਸ ਦੇ ਰਾਹ ਵਿੱਚ ਕੰਡੇ ਖਿਲਾਰੇ ਸਨ, ਉਸ ਦੇ ਆਪਣੇ ਬਾਰੇ ਜਗਦੀਸ਼ ਸਾਹਨੀ ਨੇ ਜੋ ਕੁਝ ਵਿਧਾਨ ਸਭਾ ਵਿੱਚ ਕਹਿ ਦਿੱਤਾ ਸੀ, ਉਸ ਨੇ ਬੀਬੀ ਨੂੰ ਚੋਣ ਲੜਨ ਜੋਗੀ ਨਹੀਂ ਛੱਡਿਆ ਤੇ ਹੁਣ ਉਹ ਸੰਨਿਆਸ ਲੈਣ ਦੀਆਂ ਗੱਲਾਂ ਕਰੀ ਜਾ ਰਹੀ ਹੈ। ਇੱਕ ਹੋਰ ਥਾਂ ਪਾਰਟੀ ਦਾ ਸੂਬਾ ਪ੍ਰਧਾਨ ਆਪਣੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਤੋਂ ਸੀਟ ਖੋਹਣ ਲਈ ਸਰਗਰਮ ਹੋਇਆ ਪਿਆ ਹੈ ਤੇ ਦੋਵਾਂ ਦੇ ਝਗੜੇ ਨੇ ਪਾਰਟੀ ਨੂੰ ਓਥੋਂ ਪਾਰ ਨਹੀਂ ਲੱਗਣ ਦੇਣਾ। ਭ੍ਰਿਸ਼ਟਾਚਾਰ ਦੇ ਕੇਸ ਕਾਰਨ ਮੰਤਰੀ ਮੰਡਲ ਤੋਂ ਪਾਸੇ ਕੀਤੇ ਗਏ ਮਨੋਰੰਜਨ ਕਾਲੀਆ ਦੀ ਥਾਂ ਜਿਸ ਤੀਕਸ਼ਣ ਸੂਦ ਨੂੰ ਆਗੂ ਬਣਾਇਆ ਗਿਆ ਸੀ, ਉਸ ਦੇ ਆਪਣੇ ਖਿਲਾਫ ਹੁਣ ਕੇਸ ਹਾਈ ਕੋਰਟ ਤੱਕ ਜਾ ਪਹੁੰਚਿਆ ਹੈ ਤੇ ਦੋਸ਼ ਵੀ ਵਾਹਵਾ ਸੰਗੀਨ ਹਨ। ਅੰਮ੍ਰਿਤਸਰ ਵਿੱਚ ਇੱਕ ਭਾਜਪਾ ਵਿਧਾਇਕ ਦੇ ਖਿਲਾਫ ਇੱਕ ਕੇਸ ਇਸ ਹਫਤੇ ਸੇਲਜ਼ ਟੈਕਸ ਦੀ ਟੀਮ ਨੇ ਦਰਜ ਕਰਵਾ ਦਿੱਤਾ ਹੈ। ਲੁਧਿਆਣੇ ਦੇ ਇੱਕ ਭਾਜਪਾ ਮੰਤਰੀ ਦੇ ਪੁੱਤਰ ਦੇ ਖਿਲਾਫ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨਾਲ ਬਦਸਲੂਕੀ ਦਾ ਕੇਸ ਦਰਜ ਕੀਤਾ ਪਿਆ ਹੈ।
ਉਂਜ ਤਾਂ ਏਨਾ ਕੁਝ ਵੀ ਕਾਫੀ ਸੀ, ਪਰ ਪਿਛਲੇ ਦਿਨਾਂ ਵਿੱਚ ਇੱਕ ਹੋਰ ਵਰਤਾਰਾ ਵੀ ਇਹੋ ਜਿਹਾ ਪੰਜਾਬ ਦੀ ਰਾਜਨੀਤੀ ਵਿੱਚ ਆ ਗਿਆ ਹੈ, ਜਿਸ ਦਾ ਅਸਰ ਅਣਖ ਵਾਲੇ ਅਕਾਲੀਆਂ ਨਾਲ ਗੱਲਬਾਤ ਵਿੱਚ ਝਲਕਣ ਲੱਗ ਪਿਆ ਹੈ। ਜਦੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਤਾਂ ਉਸ ਦੇ ਨਾਲ ਜਾਂਦੇ ਪੱਕੇ ਬੰਦਿਆਂ ਨੂੰ ਤੋੜਨ ਲਈ ਸਰਕਾਰੀ ਮਸ਼ੀਨਰੀ, ਖਾਸ ਕਰ ਕੇ ਪੁਲਸ, ਦੀ ਦੁਰਵਰਤੋਂ ਕੀਤੀ ਗਈ। ਮਨਪ੍ਰੀਤ ਸਿੰਘ ਬਾਦਲ ਦਾ ਕਈ ਸਾਲਾਂ ਦਾ ਸਹਾਇਕ ਰਿਹਾ ਚਰਨਜੀਤ ਸਿੰਘ ਉਸ ਦਾ ਪੱਕਾ ਵਫਾਦਾਰ ਹੁੰਦਾ ਸੀ, ਉਸ ਨੂੰ ਇੱਕ ਦਮ ਪੁਰਾਣੇ ਦੱਬ ਕੇ ਰੱਖੇ ਹੋਏ ਕੇਸ ਪੁੱਟ ਕੇ ਥਾਣੇ ਦਾ ਦਰਵਾਜ਼ਾ ਵਿਖਾ ਦਿੱਤਾ ਗਿਆ। ਫਿਰ ਉਸ ਦਾ ਅਖਬਾਰਾਂ ਵਿੱਚ ਬਿਆਨ ਆਇਆ ਕਿ ਜਦੋਂ ਉਸ ਉੱਤੇ 'ਹਕੂਮਤ ਦਾ ਜਬਰ' ਹੋਣ ਲੱਗਾ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਉਸ ਦੀ ਪੈਰਵੀ ਨਹੀਂ ਕੀਤੀ, ਇਸ ਕਰ ਕੇ ਉਹ ਵੱਡੇ ਬਾਦਲ ਸਾਹਿਬ ਤੇ ਉਨ੍ਹਾ ਦੇ ਪੁੱਤਰ ਦੀ ਅਗਵਾਈ ਕਬੂਲ ਕਰ ਰਿਹਾ ਹੈ। ਇਹ ਆਪਣੇ ਆਪ ਵਿੱਚ ਇਸ ਗੱਲ ਦਾ ਇਕਬਾਲ ਕਰਨਾ ਸੀ ਕਿ ਉਹ ਅਗਵਾਈ ਕਬੂਲ ਨਹੀਂ ਕਰ ਰਿਹਾ, ਉਸ ਨੂੰ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਹੈ। ਉਸ ਪਿੱਛੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦੇ ਨਾਲ ਕਈ ਸਾਲਾਂ ਤੋਂ ਪ੍ਰਛਾਵੇਂ ਵਾਂਗ ਜੁੜੇ ਹੋਏ ਸੇਵਕ ਨਾਲ ਇਹੋ ਵਿਹਾਰ ਕੀਤਾ ਗਿਆ ਤੇ ਅੰਤ ਨੂੰ ਇੱਕ ਜਲਸੇ ਵਿੱਚ ਉਸ ਦੇ ਕੋਲੋਂ ਵੀ ਓਹੋ ਐਲਾਨ ਕਰਵਾਇਆ ਗਿਆ, ਜਿਹੜਾ ਚਰਨਜੀਤ ਸਿੰਘ ਨੇ ਕੀਤਾ ਸੀ। ਕੁਝ ਅਕਾਲੀ ਆਗੂਆਂ ਨੇ ਬੜੇ ਬੁਲੰਦ ਬਾਂਗ ਦਾਅਵੇ ਕਰ ਕੇ ਅਕਾਲੀ ਦਲ ਨੂੰ ਛੱਡਿਆ ਸੀ ਅਤੇ ਫਿਰ ਉਨ੍ਹਾਂ ਨੇ ਵਾਪਸੀ ਕੀਤੀ ਜਾਂ ਉਨ੍ਹਾਂ ਨੂੰ ਕਰਨੀ ਪੈ ਗਈ ਸੀ ਅਤੇ ਹਰ ਮਾਮਲੇ ਵਿੱਚ ਕਹਾਣੀ ਇਹੋ ਦੁਹਰਾਈ ਜਾਣ ਦੀ ਗੱਲ ਲੋਕਾਂ ਵਿੱਚ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਹੋਰ ਵਿਵਾਦ ਬਹੁਤ ਹੁੰਦੇ ਸਨ, ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂਅ ਇਸ ਤਰ੍ਹਾਂ ਦੇ ਕਿਸੇ ਮਾਮਲੇ ਵਿੱਚ ਪਿਛਲੇ ਸਾਰੇ ਸਾਲਾਂ ਵਿੱਚ ਕਦੇ ਨਹੀਂ ਸੀ ਜੁੜਿਆ। ਹੁਣ ਜਿਸ ਤਰ੍ਹਾਂ ਹਰ ਕਿਸੇ ਨੂੰ ਦਬਾਅ ਕੇ ਰੱਖਣ ਦੀ ਖੇਡ ਚੱਲ ਰਹੀ ਹੈ, ਇਸ ਨਾਲ ਅਕਾਲੀ ਦਲ ਦੇ ਅੰਦਰਲਾ ਘੁਟਨ ਦਾ ਮਾਹੌਲ ਲੁਕਿਆ ਹੋਇਆ ਨਹੀਂ ਰਿਹਾ। ਚਿਰੰਜੀ ਲਾਲ ਗਰਗ ਵਾਲੇ ਮਾਮਲੇ ਵਿੱਚ ਤਾਂ ਬਾਦਲ ਸਾਹਿਬ ਨੇ ਗੱਲ ਸੰਭਾਲਣ ਦਾ ਯਤਨ ਕਰ ਲਿਆ, ਭਾਵੇਂ ਗਰਗ ਨੇ ਅਜੇ ਵੀ ਰੋਸਾ ਛੱਡਿਆ ਨਹੀਂ ਤੇ ਆਪਣੀ ਥਾਂ ਅੜਿਆ ਖੜਾ ਹੈ, ਪਰ ਅਕਾਲੀ ਦਲ ਵਿੱਚ ਇਸ ਰਾਜਸੀ ਤਿਕੜਮਬਾਜ਼ੀ ਦੇ ਕਾਰਨ ਅਗਲੇ ਦਿਨੀਂ ਕਈ ਕੁਝ ਹੋਰ ਵਾਪਰਨ ਦੇ ਸੰਕੇਤ ਪੱਤਰਕਾਰੀ ਨਾਲ ਜੁੜੇ ਹਲਕਿਆਂ ਵਿੱਚ ਸੁਣੇ ਜਾ ਰਹੇ ਹਨ। ਸੁਖਬੀਰ ਬਾਦਲ ਨੂੰ ਕੁਦਰਤ ਦਾ ਇਹ ਨਿਯਮ ਵੀ ਯਾਦ ਨਹੀਂ ਕਿ ਜਦੋਂ ਸਮੁੰਦਰ ਬਿਲਕੁਲ ਖਾਮੋਸ਼ ਹੋਵੇ, ਓਦੋ ਤੂਫਾਨ ਆਉਂਦਾ ਹੁੰਦਾ ਹੈ। ਇੰਜ ਹੀ ਜਿਸ ਪਾਰਟੀ ਅੰਦਰ ਹੱਦੋਂ ਬਾਹਲੀ ਜੀ-ਹਜ਼ੂਰੀ ਦਾ ਮਾਹੌਲ ਬਣ ਜਾਵੇ, ਉਸ ਵਿੱਚੋਂ ਫਿਰ ਜਗਜੀਵਨ ਰਾਮ ਅਤੇ ਬਹੁਗੁਣੇ ਨਿਕਲਦੇ ਹੁੰਦੇ ਹਨ। ਪੰਜਾਬ ਵਿੱਚ ਵੀ ਇਹ ਵਾਪਰ ਸਕਦਾ ਹੈ। ਫਿਰ ਵੀ ਸੁਖਬੀਰ ਸਿੰਘ ਬਾਦਲ ਪੰਜ, ਪੰਝੀ ਜਾਂ ਪੰਜਾਹ ਸਾਲ ਰਾਜ ਕਰਨ ਦਾ ਸੁਫਨਾ ਦੇਖਦਾ ਹੈ, ਤਾਂ ਇਹ ਉਸ ਦੀ 'ਹਿੰਮਤ' ਹੀ ਹੈ।

No comments:

Post a Comment