ਗੁਰਮੀਤ ਸਿੰਘ ਮਹਿਰੋਂ
ਤੂੰ ਹੀ ਆਲਮ ਫਾਜ਼ਲ ਹੋ ਗਿਆ
ਸਾਡੀ ਤਾਂ ਗੱਲਬਾਤ ਉਹੀ ਏ..
ਤੇਰੇ ਮਹਿਲ ਮੁਬਾਰਕ ਤੈਨੂੰ
ਸਾਡੇ ਕੋਲ ਸਬਾਤ ਉਹੀ ਏ..
ਭੁਲ ਗਏ ਤੈਨੂੰ ਤਾਰਿਆਂ ਛਾਵੇਂ
ਨਾਲ ਨਿਭਣ ਦੇ ਵਾਅਦੇ ਕੀਤੇ
ਹੋਇ ਮੁਬਾਰਕ ਸੂਰਜ ਤੈਨੂੰ
ਸਾਡੇ ਕੋਲ ਤਾਂ ਰਾਤ ਉਹੀ ਏ..
ਦੁੱਖ ਆ ਮੈਨੂੰ ਬਦਲੀ ਹਵਾ
ਨਾਲ ਹੀ ਤੂੰ ਵੀ ਬਦਲ ਗਿਆ ਏ
ਜਿਹੜੇ ਹਾਲ ਚ ਛੱਡ ਗਇਓਂ ਸੀ
ਸਾਡੇ ਤਾਂ ਹਾਲਾਤ ਉਹੀ ਏ..
ਅਕਸਰ ਜਿਵੇਂ ਮੈਂ ਕਹਿ ਦਿੰਦਾ ਸੀ
ਨਦੀਓਂ ਵਿਛੜੇ ਨੀਰ ਨੀ ਮਿਲਦੇ
ਭਾਵੇਂ ਬੜਾ ਅਜੀਬ ਲੱਗਾ ਸੀ
ਪਰ ਸੱਜਣਾ ਇਤਫ਼ਾਕ ਉਹੀ ਏ..
ਮੇਰੀ ਗੱਲ ਨਾ ਦਿਲ ਤੇ ਲਾਵੀਂ
ਜੋ ਮੂੰਹ ਆਈ ਕਹਿ ਦਿੰਦਾਂ ਹਾਂ
ਹੱਸਦਾ ਵੱਸਦਾ ਰਹੇਂ ਸਦਾ
'ਗੁਰਮੀਤ' ਦੇ ਤਾਂ ਜਜ਼ਬਾਤ ਉਹੀ ਏ..
No comments:
Post a Comment