ਤਰਲੋਚਨ ਸਿੰਘ ਦੁਪਾਲਪੁਰ
ਕੇਂਦਰੀ ਸਿੱਖ ਸਿਆਸਤ ਵਿਚ ਆਉਣ ਵਾਲੀ ਕਿਸੇ ਸੰਭਾਵੀ ਤਬਦੀਲੀ ਦੇ ਆਸਵੰਦ ਬਹੁਤੇ ਸਿੱਖਾਂ ਦੀ ਸ਼੍ਰੋਮਣੀ ਅਕਾਲੀ ਦਲ ਬਾਰੇ ਇਹ ਸੋਚਣੀ ਹੈ ਕਿ ਜੇ ਕਿਤੇ ਬਿਅੰਤ ਕੁਦਰਤ ਦੇ ਕਿਸੇ ਅਚਨਚੇਤੀ ਵਰਤਾਰੇ ਸਦਕਾ ਇਹ ਦਲ, ਮੌਜੂਦਾ ਇਕੋ ਟੱਬਰ ਦੇ ਗਲਬੇ ਤੋਂ ਮੁਕਤ ਹੋਇਆ, ਤਾਂ ਉਸ ਮੌਕੇ ਜਿਹੜੇ ਆਗੂ ਇਸਨੂੰ ਮੁੜ ਪੰਥ ਦੀਆਂ ਰੀਝਾਂ ਤੇ ਉਮੰਗਾਂ ਅਨੁਸਾਰ ਢਾਲਣ ਲਈ ਸੰਘਰਸ਼ਸ਼ੀਲ ਹੋਣਗੇ, ਉਹਨਾਂ ਆਗੂਆਂ ਵਿਚ ਸ਼ਾਇਦ ਸ੍ਰ. ਸੁਖਦੇਵ ਸਿੰਘ ਢੀਂਡਸਾ ਦਾ ਉੱਘਾ ਰੋਲ ਹੋਵੇਗਾ। ਇਹ ਸੁਭਾਗੀ ਆਸ' ਰੱਖਣ ਵਾਲਿਆਂ ਦਾ ਦਿਲ, ਜੇ ਉਸ ਦਿਨ ਟੁੱਟਿਆ ਨਹੀਂ ਹੋਵੇਗਾ ਤਾਂ ਉਸ ਨੂੰ ਬਹੁਤ ਸਖਤ ਝਟਕਾ ਜ਼ਰੂਰ ਲੱਗਿਆ ਹੋਵੇਗਾ, ਜਿਸ ਦਿਨ ਉਨ•ਾਂ ਨੇ 'ਆਲਮ ਸੈਨਾ' ਦੇ ਸਾਬਕਾ ਮੁਖੀ ਮੁਹੰਮਦ ਇਜ਼ਹਾਰ ਆਲਮ ਨੂੰ 'ਨਿਰਦੋਸ਼ ਕਰਾਰ' ਦੇਣ ਵਾਲਾ ਸ੍ਰ. ਢੀਂਡਸਾ ਦਾ ਬਿਆਨ ਪੜਿ•ਆ ਹੋਵੇਗਾ।
ਬੀਤੇ ਦਿਨੀਂ ਜਦੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁਰਾਣੇ 'ਮੀਸਣਾ-ਸਟਾਈਲ' ਅੰਦਾਜ਼ ਨਾਲ ਇਹ ਆਖਿਆ ਸੀ ਕਿ ਮੈਨੂੰ ਤਾਂ ਇਜ਼ਹਾਰ ਆਲਮ ਦੇ ਪੁਰਾਣੇ ਰਿਕਾਰਡ ਬਾਰੇ ਕੁਝ ਪਤਾ ਹੀ ਨਹੀਂ। ਤਾਂ ਜਾਗਰੂਕ ਸਿੱਖਾਂ ਨੂੰ ਇਸ ਦੀ ਕੋਈ ਹੈਰਾਨੀ ਨਹੀਂ ਸੀ ਹੋਈ। ਕਿਉਂ ਕਿ ਉਹ ਸਮਝਦੇ ਹਨ ਕਿ ਬਜ਼ੁਰਗ ਬਾਦਲ ਨੇ ਤਾਂ ਇਹ ਸਹੁੰ ਹੀ ਖਾਧੀ ਲੱਗਦੀ ਹੈ ਕਿ ਆਖਰੀ ਦਮ ਤੱਕ ਸਿੱਖਾਂ ਦੇ ਭਲੇ ਦੀ ਕੋਈ ਗੱਲ ਕਰਨੀ ਹੀ ਨਹੀਂ। ਸਗੋਂ ਉਹਨਾਂ ਨੂੰ ਹਰ ਹੀਲੇ ਨਿਤਾਣੇ ਤੇ ਘਸਿਆਰੇ ਬਣਾਉਣ ਵਾਲਿਆਂ ਦਾ ਡਟ ਕੇ ਸਾਥ ਦੇਈ ਜਾਣਾ ਹੈ। ਪਰ ਸ੍ਰ. ਸੁਖਦੇਵ ਸਿੰਘ ਢੀਂਡਸਾ ਵੱਲੋਂ ਸ੍ਰੀ ਬਾਦਲ ਦੇ ਉਕਤ ਬਿਆਨ ਦੀ ਵਜਾਹਤ ਕਰਦਿਆਂ, ਇਜ਼ਹਾਰ ਆਲਮ ਦੇ ਹੱਕ ਵਿਚ ਬੋਲਣਾ ਸਭ ਨੂੰ ਹੈਰਾਨ ਕਰ ਗਿਆ ਹੈ। ਸ੍ਰ. ਢੀਂਡਸਾ ਨੇ ਵੀ ਆਪਣੇ ਆਕਾ ਦੀ ਪਿੱਠ ਪੂਰਦਿਆਂ 'ਜਲੇਬੀ ਵਰਗੀਆਂ ਸਿੱਧੀਆਂ' ਗੱਲਾਂ ਕਰਕੇ ਇਕ 'ਪ੍ਰੋਫੈਸ਼ਨਲ ਚਾਪਲੂਸ' ਹੋਣ ਦਾ ਹੀ ਸਬੂਤ ਦਿੱਤਾ ਹੈ। ਪ੍ਰਵਾਰ-ਪ੍ਰਸਤੀ ਉਪਰੋਂ ਪੰਥ-ਪ੍ਰਸਤੀ ਵਾਰ ਸੁੱਟੀ ਹੈ। ਅਫਸੋਸ!!
ਖਾੜਕੂਵਾਦ ਦੇ ਦਿਨਾਂ ਵਿਚ ਜੋ ਕਾਰੇ ਆਲਮ ਸੈਨਾ ਦੇ ਦੱਸੇ ਜਾਂਦੇ ਹਨ, ਉਹਨਾਂ ਨੂੰ ਸੁਣ ਕੇ ਵਿਅੰਗ ਤਾਂ ਨਹੀਂ ਸੁੱਝਦਾ ਪਰ ਜਿਸ ਤਰ•ਾਂ ਸ੍ਰ. ਢੀਂਡਸਾ ਨੇ ਖਵਾਜੇ ਦਾ ਗਵਾਹ ਡੱਡੂ ਬਣਨ ਵਾਲੀ ਕਹਾਵਤ ਚੇਤੇ ਕਰਵਾਈ ਹੈ। ਇਸ ਨੂੰ ਦੇਖਦਿਆਂ ਪੰਜਾਬੀ ਲੋਕ-ਯਾਨ ਦੀ ਇਕ ਸਾਖੀ ਸਾਹਮਣੇ ਆਉਂਦੀ ਹੈ।
ਕਹਿੰਦੇ ਨੇ ਇਕ ਬਜ਼ੁਰਗ ਸ਼ਿਕਾਰੀ ਪਿੰਡ ਦੀਆਂ ਸੱਥਾਂ 'ਚ ਬੈਠਾ ਆਪਣੇ ਪੁਰਾਣੇ ਕਿੱਸੇ ਸੁਣਾ ਰਿਹਾ ਸੀ। ਆਪਣੇ ਨਿਪੁੰਨ ਸ਼ਿਕਾਰੀ ਹੋਣ ਦੀ ਸ਼ੇਖੀ ਮਾਰਦਿਆਂ ਉਹ ਦੱਸ ਰਿਹਾ ਸੀ ਕਿ ਇਕ ਵਾਰ ਉਸਨੇ ਘਣੇ ਜੰਗਲ ਵਿਚ ਖੜ•ੇ ਇਕ ਹਿਰਨ ਦੇ ਤੀਰ ਮਾਰਿਆ। ਸ਼ੂਅ ਕਰਦਾ ਤੀਰ, ਹਿਰਨ ਦੇ ਇਉਂ ਵੱਜਿਆ- ਉਸ ਦੇ ਇਕ ਖੁਰ (ਪੈਰ) ਨੂੰ ਚੀਰਦਾ ਹੋਇਆ, ਕੰਨ ਵਿਚੋਂ ਲੰਘ ਕੇ ਉਹਦੇ ਸਿੰਗ 'ਤੇ ਜਾ ਵੱਜਾ!.... ਤੇ ਹਿਰਨ ਥਾਏਂ ਢੇਰੀ ਹੋ ਗਿਆ!!
ਸੱਥਾਂ 'ਚ ਬੈਠੇ ਸਾਰੇ ਸਰੋਤੇ ਇਕ ਦੂ!ੇ ਦੇ ਮੂੰਹਾਂ ਵੱਲ ਦੇਖ ਕੇ ਹੱਸ ਪਏ!..... 'ਇਹ ਤਾਂ ਬਈ ਬਹੁਤ ਵੱਡੀ ਗੱਪ ਹੈ!!.... ਕਿੱਥੇ ਪੈਰ, ਕਿੱਥੇ ਹਿਰਨ ਦੇ ਕੰਨ ਤੇ ਸਿੰਗ। ਇਕੋ ਤੀਰ ਤਿੰਨਾਂ ਥਾਵਾਂ ਨੂੰ ਕਿਵੇਂ ਵਿੰਨ• ਸਕਦਾ ਹੈ?' ਇਤਰਾਜ਼ ਸੁਣ ਕੇ ਬੁੱਢੇ ਸ਼ਿਕਾਰੀ ਦੇ ਮੂੰਹ 'ਤੇ ਹਵਾਈਆਂ ਉਡਣ ਲੱਗ ਪਈਆਂ। ਲੇਕਿਨ ਕੋਲ ਹੀ ਬੈਠੇ ਉਸਦੇ ਇਕ ਖਾਸ ਚਮਚੇ ਨੇ ਝੱਪ ਪੱਟ ਮੌਕਾ ਸਾਂਭ ਲਿਆ। ਉਹ ਬੋਲਿਆ ''.... ਉਸ ਦਿਨ ਮੈਂ ਬਾਪੂ ਜੀ ਹੁਣਾ ਦੇ ਨਾਲ ਹੀ ਸਾਂ.... ਇਨ•ਾਂ ਨੇ ਸ਼ਿਸਤ ਬੰਨ• ਕੇ ਜਦੋਂ ਹਿਰਨ 'ਤੇ ਤੀਰ ਛੱਡਿਆ, ਉਦੋਂ ਉਹ (ਹਿਰਨ) ਆਪਣਾ ਇਕ ਖੁਰ ਚੁੱਕੇ ਕੇ ਕੰਨ ਉਤੇ ਖਾਜ ਕਰ ਰਿਹਾ ਸੀ।..... ਬੱਸ, ਮੇਰੇ ਦੇਖਦਿਆਂ ਹੀ ਤਿੱਖਾ ਤੀਰ ਖੁਰ ਅਤੇ ਕੰਨ 'ਚੋਂ ਲੰਘ ਕੇ ਸਿੱਧਾ ਸਿੰਗਾਂ 'ਤੇ ਜਾ ਵੱਜਾ!''
ਇਹੋ ਜਿਹੀਆਂ 'ਚਮਚਾ-ਗਿਰੀਆਂ' ਹੋਰ ਥਾਈਂ ਬੇਸ਼ੱਕ ਚੱਲੀ ਜਾਣ। ਪਰ ਜਿਸ ਕੌਮ ਦੇ ਪੈਰੋਕਾਰਾਂ ਨੇ ਆਪਣੇ ਰਹਿਬਰ ਨੂੰ ਵੀ ਦਾਦੂ ਪੀਰ ਦੀ ਕਬਰ ਵੱਲ ਤੀਰ ਦੀ ਮੁਖੀ ਨਿਵਾਉਣ ਬਦਲੇ 'ਤਨਖਾਹ' ਲਾਈ ਹੋਵੇ, ਉਸ ਅਣਖੀਲੀ ਕੌਮ ਦੇ ਸਿਆਸੀ ਦਲ ਵਿਚ ਛਾਈ ਹੋਈ ਮੁਰਦੇ ਹਾਣੀ ਅਤੇ ਚਾਪਲੂਸੀ ਸੋਭਦੀ ਨਹੀਂ ਢੀਂਡਸਾ ਜੀ।
-001-408-903-9952
No comments:
Post a Comment