ਦ੍ਰਿਸ਼ਟੀਕੋਣ (52)-ਜਤਿੰਦਰ ਪਨੂੰ

-ਪੰਜਾਬ ਦੀ ਰਾਜਨੀਤੀ ਵਿੱਚ ਹੈਰਾਨੀ ਵਾਲੇ ਨਤੀਜੇ ਪੇਸ਼ ਕਰ ਸਕਦਾ ਹੈ ਤੀਜੇ ਮੋਰਚੇ ਦਾ ਉਭਾਰ-
ਪੰਜਾਬ ਹੁਣ ਵਿਧਾਨ ਸਭਾ ਚੋਣਾਂ ਦੇ ਗੇਅਰ ਵਿੱਚ ਪੈ ਚੁੱਕਾ ਹੈ। ਪਿਛਲੀਆਂ ਕਈ ਵਾਰੀਆਂ ਤੋਂ ਲੜਾਈ ਦੋ-ਧਿਰੀ ਹੁੰਦੀ ਸੀ, ਪਰ ਇਸ ਵਾਰੀ ਵੱਡੀਆਂ ਧਿਰਾਂ ਭਾਵੇਂ ਅਜੇ ਤੱਕ ਨਹੀਂ ਮੰਨ ਰਹੀਆਂ, ਖਿੱਚੋਤਾਣ ਲਈ ਤਿੰਨ ਬਾਕਾਇਦਾ ਧਿਰਾਂ ਮੈਦਾਨ ਵਿੱਚ ਨਿੱਖਰ ਚੁੱਕੀਆਂ ਹਨ। ਇੱਕ ਤਾਂ ਹਾਕਮ ਅਕਾਲੀ-ਭਾਜਪਾ ਗੱਠਜੋੜ ਹੈ, ਜਿਸ ਨੇ ਗੱਦੀ ਬਚਾਉਣ ਲਈ ਲੜਨਾ ਹੈ। ਦੂਸਰੀ ਕਾਂਗਰਸ ਪਾਰਟੀ ਹੈ, ਜਿਸ ਦੇ ਲੀਡਰ ਇਹ ਸੋਚ ਕੇ ਚੱਲ ਰਹੇ ਹਨ ਕਿ ਕੰਮ ਕਰੀਏ ਜਾਂ ਨਾ ਕਰੀਏ, ਲੋਕਾਂ ਕੋਲ ਸਾਨੂੰ ਵੋਟਾਂ ਪਾਉਣ ਤੋਂ ਬਿਨਾਂ ਹੋਰ ਚਾਰਾ ਹੀ ਨਹੀਂ ਹੈ, ਇਸ ਲਈ ਅਸੀਂ ਕੁਰਸੀ ਸੰਭਾਲ ਹੀ ਲੈਣੀ ਹੈ। ਤੀਜੀ ਧਿਰ ਚਾਰ ਪਾਰਟੀਆਂ ਦਾ ਉਹ ਸਾਂਝਾ ਮੋਰਚਾ ਹੈ, ਜਿਸ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਵੀ ਹੈ, ਦੋਵੇਂ ਕਮਿਊਨਿਸਟ ਪਾਰਟੀਆਂ ਪਹਿਲਾਂ ਉਸ ਨਾਲ ਜੁੜ ਗਈਆਂ ਸਨ ਅਤੇ ਹੁਣ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਲੌਂਗੋਵਾਲ ਅਕਾਲੀ ਦਲ ਵੀ ਆਣ ਰਲਿਆ ਹੈ। ਇਹ ਮੋਰਚਾ ਛੇ ਨਵੰਬਰ ਦੀ 'ਇੱਜ਼ਤ ਸੰਭਾਲ ਰੈਲੀ' ਤੋਂ ਚੋਣ ਮੁਹਿੰਮ ਦਾ ਅਸਲੀ ਆਗਾਜ਼ ਕਰੇਗਾ।
ਜਿੱਥੋਂ ਤੱਕ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਇਸ ਸੋਚ ਦਾ ਸਵਾਲ ਹੈ ਕਿ ਅਸੀਂ ਹੀ ਜਿੱਤਣਾ ਹੈ, ਲੋਕਾਂ ਕੋਲ ਹੋਰ ਕੋਈ ਬਦਲ ਹੀ ਨਹੀਂ, ਜਿਸ ਕਿਸੇ ਨੂੰ ਇਹ ਵਹਿਮ ਪੈ ਜਾਵੇ, ਉਸ ਦਾ ਪਾਰ ਲੰਘਣਾ ਸ਼ੱਕੀ ਹੋ ਜਾਂਦਾ ਹੈ। ਪਿਛਲੀ ਵਾਰੀ ਵੀ ਕਾਂਗਰਸ ਪਾਰਟੀ ਦੀ ਹਾਰ ਦਾ ਇੱਕ ਕਾਰਨ ਇਸੇ ਤਰ੍ਹਾਂ ਦਾ ਵਹਿਮ ਬਣਿਆ ਸੀ। ਓਦੋਂ ਪਾਰਟੀ ਦੇ ਅਗਵਾਨੂੰ ਧੜੇ ਨੂੰ ਇਹ ਜਾਪਦਾ ਸੀ ਕਿ ਮਾਲਵਾ ਅਸੀਂ ਹੂੰਝ ਲੈਣਾ ਹੈ ਤੇ ਦੋਆਬਾ ਸਾਡੀ ਜੇਬ ਵਿੱਚ ਪਹਿਲਾਂ ਹੈ, ਇਸ ਲਈ ਪਾਰਟੀ ਅੰਦਰਲੇ ਵਿਰੋਧੀ ਧੜੇ ਨੂੰ ਵੇਲੇ ਸਿਰ ਛਾਂਗ ਲਈਏ। ਛਾਂਗਣ ਦੀ ਇਸ ਖੇਡ ਵਿੱਚ ਦੋਵਾਂ ਧਿਰਾਂ ਨੇ ਏਨੀਆਂ ਸੀਟਾਂ ਇੱਕ ਦੂਜੇ ਦੀਆਂ ਹਰਾ ਦਿੱਤੀਆਂ ਕਿ ਨਤੀਜੇ ਵਜੋਂ ਦੋਵੇਂ ਧਿਰਾਂ ਕੁਰਸੀਆਂ ਤੇ ਝੰਡੀ ਵਾਲੀਆਂ ਕਾਰਾਂ ਗੁਆ ਕੇ ਸੜਕ ਸਵਾਰ ਹੋ ਗਈਆਂ ਸਨ। ਇਸ ਵਾਰ ਵੀ ਦੋਵੇਂ ਧੜੇ ਇਹੋ ਕੁਝ ਕਰ ਰਹੇ ਹਨ। ਗਵਾਂਢ ਹਰਿਆਣੇ ਵਿੱਚ ਹਿਸਾਰ ਲੋਕ ਸਭਾ ਹਲਕੇ ਦੀ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਓਥੋਂ ਵਾਲੇ ਕਾਂਗਰਸੀ ਇੱਕ ਦੂਜੇ ਦੀਆਂ ਸ਼ਿਕਾਇਤਾਂ ਲੈ ਕੇ ਸੋਨੀਆ ਗਾਂਧੀ ਵੱਲ ਇੰਜ ਦੌੜ ਰਹੇ ਹਨ, ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਕਿਸੇ ਟੀਚਰ ਵੱਲ ਦੌੜਦੇ ਵੇਖੇ ਜਾਂਦੇ ਹਨ। ਹੁਣ ਵਾਲੀ ਹਾਲਤ ਬਣੀ ਰਹੀ ਤਾਂ ਅਗਲੇ ਸਾਲ ਪੰਜਾਬ ਦੇ ਕਾਂਗਰਸੀ ਵੀ ਦਿੱਲੀ ਨੂੰ ਇਹੋ ਦੌੜਾਂ ਲਾਉਂਦੇ ਦਿੱਸਣਗੇ।
ਇਸ ਪਾਰਟੀ ਦੀ ਗੁੱਟਬੰਦੀ ਦਾ ਇੱਕ ਪ੍ਰਗਟਾਵਾ ਇਹ ਸੀ ਕਿ ਜਲੰਧਰ ਦੇ ਇੱਕ ਨਿਗੂਣੇ ਜਿਹੇ ਕਾਂਗਰਸੀ ਨੇ ਕਿਸੇ ਗੈਰ-ਸਿੱਖ, ਫਿਰ ਸਿੱਧੇ ਸ਼ਬਦਾਂ ਵਿੱਚ 'ਹਿੰਦੂ', ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਤੋਰ ਦਿੱਤੀ। ਪੰਜਾਬ ਵਿੱਚ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਡਿਸਿਪਲਿਨ ਦਾ ਡੰਡਾ ਚੁੱਕਿਆ ਤਾਂ ਉਸ ਜਲੰਧਰੀਏ ਕਾਂਗਰਸੀ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਦੇ ਸਿਰ ਭਾਂਡਾ ਭੰਨ ਦਿੱਤਾ ਕਿ ਉਸ ਨੇ ਇਹ ਬਿਆਨ ਦਿਵਾਇਆ ਹੈ। ਫਿਰ ਦਿੱਲੀ ਤੋਂ ਆ ਕੇ ਬੂਟਾ ਸਿੰਘ ਨੇ ਇਹ ਬਿਆਨ ਦਾਗ ਦਿੱਤਾ ਕਿ ਕਿਸੇ ਦਲਿਤ ਨੂੰ ਅਗਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ। ਆਪਣੇ ਆਪ ਨੂੰ ਸਭ ਤੋਂ ਵੱਡਾ ਦਲਿਤਾਂ ਦਾ ਕਾਂਗਰਸੀ ਲੀਡਰ ਮੰਣ ਵਾਲੇ ਬੂਟਾ ਸਿੰਘ ਨੂੰ ਦਲਿਤਾਂ ਦੀ ਭਲਾਈ ਵਾਲੇ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ ਤਾਂ ਉਸ ਦਾ ਪੁੱਤਰ ਇਸ ਗੱਲ ਵਿੱਚ ਗ੍ਰਿਫਤਾਰ ਹੋ ਗਿਆ ਸੀ ਕਿ ਉਹ ਬਾਪ ਕੋਲ ਆਈਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਕਰੋੜਾਂ ਦੇ ਸੌਦੇ ਆਪ ਮਾਰ ਲੈਂਦਾ ਸੀ। ਹੁਣ ਬੂਟਾ ਸਿੰਘ ਦੀ ਮੰਗ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਤੋਂ ਤੁਰਨੀ ਹੈ ਤੇ ਫਿਰ ਆਪਣੇ ਦੋ ਜਾਂ ਤਿੰਨ ਪੱਕੇ ਬੰਦਿਆਂ ਲਈ ਸੀਟਾਂ ਮੰਗਣ ਉੱਤੇ ਪਹੁੰਚ ਕੇ ਮੁੱਕ ਜਾਣੀ ਹੈ, ਪਰ ਇਸ ਨਾਲ ਪਾਰਟੀ ਦੇ ਅੱਗੇ ਕੰਡੇ ਬੀਜਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਕਮਿਊਨਿਸਟਾਂ ਨੂੰ ਨਾਲ ਲੈ ਕੇ ਤੁਰੇ ਹੋਏ ਮਨਪ੍ਰੀਤ ਸਿੰਘ ਬਾਦਲ ਦੀ ਸੁਰਜੀਤ ਸਿੰਘ ਬਰਨਾਲਾ ਨਾਲ ਢੋਅ ਜੁੜਨ ਦਾ ਪੰਜਾਬ ਦੀ ਰਾਜਨੀਤੀ ਉੱਤੇ ਇੱਕ ਦਮ ਚੋਖਾ ਅਸਰ ਪਿਆ ਹੈ। ਇਹ ਧਿਰ ਹੁਣ ਹਰ ਕਿਸੇ ਨੂੰ ਮੁਕਾਬਲੇ ਵਿੱਚ ਦਿੱਸ ਰਹੀ ਹੈ। ਛੇ ਨਵੰਬਰ ਨੂੰ ਇਸ ਵੱਲੋਂ ਇੱਕ ਵੱਡੀ ਰੈਲੀ ਢੁੱਡੀਕੇ ਵਿੱਚ ਕੀਤੀ ਜਾਣੀ ਹੈ, ਜਿਹੜਾ ਲਾਲਾ ਲਾਜਪਤ ਰਾਏ ਦਾ ਪਿੰਡ ਹੈ। ਦੋ ਵੱਡੀਆਂ ਰੈਲੀਆਂ ਕਰ ਕੇ ਆਪਣੀ ਤਾਕਤ ਦਾ ਵਿਖਾਵਾ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਕਰ ਚੁੱਕਾ ਹੈ। ਮੁਕਤਸਰ ਵਿੱਚ ਮਾਘੀ ਦੇ ਮੇਲੇ ਮੌਕੇ ਉਸ ਨੇ ਆਪਣਾ ਪੰਡਾਲ ਅਕਾਲੀ-ਭਾਜਪਾ ਦੇ ਬਿਲਕੁਲ ਸਾਹਮਣੇ ਲਾਇਆ ਸੀ ਤੇ ਇਸ ਦੀ ਭੀੜ ਉਨ੍ਹਾਂ ਤੋਂ ਵੱਧ ਸਾਰੀਆਂ ਅਖਬਾਰਾਂ ਦੇ ਪੱਤਰਕਾਰਾਂ ਨੇ ਮੰਨੀ ਸੀ। ਸ਼ਾਇਦ ਇਸ ਭੀੜ ਦਾ ਅਸਰ ਹੀ ਸੀ ਕਿ ਉਸ ਮੌਕੇ ਸਭ ਤੋਂ ਉੱਖੜੀ ਹੋਈ ਤਕਰੀਰ ਸੁਖਬੀਰ ਸਿੰਘ ਬਾਦਲ ਦੀ ਸੁਣੀ ਗਈ ਸੀ। ਤਕਰੀਰ ਕਰਦਾ ਉਹ ਏਨਾ ਉੱਖੜ ਗਿਆ ਕਿ ਤਿੰਨ ਵਾਰੀ ਉਸ ਦੇ ਮੂੰਹੋਂ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਲਈ 'ਪਿਤਾ ਜੀ' ਦੀ ਬਜਾਏ 'ਪਿਤਾ ਸਮਾਨ' ਕਿਹਾ ਗਿਆ। ਪਿੱਛੋਂ ਜਦੋਂ ਖੁਦ ਬਾਦਲ ਸਾਹਿਬ ਤਕਰੀਰ ਕਰਨ ਆਏ ਤਾਂ ਉਨ੍ਹਾ ਨੇ ਹਾਸੇ ਦੇ ਰੌਂਅ ਵਿੱਚ ਇਹ ਕਹਿ ਕੇ ਗੱਲ ਟਾਲੀ ਸੀ ਕਿ 'ਸੁਖਬੀਰ ਸਿੰਹਾਂ, ਮੈਂ ਪਿਤਾ ਸਮਾਨ ਨਹੀਂ, ਮੈਂ ਤੇਰਾ ਪਿਤਾ ਹੀ ਹਾਂ।' ਉਸ ਦੇ ਪਿੱਛੋਂ ਤੇਈ ਮਾਰਚ ਆ ਗਈ, ਜਿਸ ਮੌਕੇ ਖਟਕੜ ਕਲਾਂ ਵਿੱਚ ਅਕਾਲੀ-ਭਾਜਪਾ ਦੇ ਮੁਕਾਬਲੇ ਕਾਂਗਰਸ ਪਾਰਟੀ ਦੀ ਰੈਲੀ ਵੱਡੀ ਸੀ, ਪਰ ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਰੈਲੀ ਚਾਰ ਦਿਨ ਪਿੱਛੋਂ ਕੀਤੀ ਗਈ, ਉਹ ਇਨ੍ਹਾਂ ਦੋਵਾਂ ਦੇ ਜੋੜ ਨਾਲੋਂ ਵੀ ਢਾਈ ਗੁਣੀ ਵੱਡੀ ਹੋ ਗਈ ਸੀ। ਜਿੰਨਾ ਥਾਂ ਉਸ ਨੇ ਰੈਲੀ ਵਾਸਤੇ ਲਿਆ ਸੀ, ਉਸ ਦੇ ਨਾਲ ਦੇ ਖੇਤਾਂ ਵਿੱਚ ਇੱਕ ਦਿਨ ਪਹਿਲਾਂ ਪਾਣੀ ਵੀ ਛੱਡਵਾ ਦਿੱਤਾ ਗਿਆ ਸੀ, ਪਰ ਇਸ ਨਾਲ ਲੋਕਾਂ ਦੇ ਜੋਸ਼ ਨੂੰ ਫਰਕ ਨਹੀਂ ਸੀ ਪਿਆ, ਸਗੋਂ ਰੋਸ ਹੋਰ ਵੱਧ ਭਰ ਗਿਆ ਸੀ। ਹੁਣ ਜਦੋਂ ਉਹ ਢੁੱਡੀਕੇ ਵਿੱਚ ਰੈਲੀ ਕਰਨ ਜਾ ਰਹੇ ਹਨ, ਪਾਰਟੀ ਵੀ ਇੱਕ ਨਹੀਂ, ਚਾਰ ਹੋ ਗਈਆਂ ਹਨ, ਤਾਂ ਇਸ ਦੇ ਇਕੱਠ ਬਾਰੇ ਹੁਣੇ ਤੋਂ ਅੰਦਾਜ਼ੇ ਇਹੋ ਜਿਹੇ ਲਾਏ ਜਾ ਰਹੇ ਹਨ ਕਿ ਇਸ ਨੇ ਦੋਵਾਂ ਦੂਜੀਆਂ ਰਾਜਸੀ ਧਿਰਾਂ ਦੀ ਨੀਂਦ ਉਡਾ ਰੱਖੀ ਹੈ।
ਕਾਂਗਰਸ ਪਹਿਲਾਂ ਇਹ ਸਮਝਦੀ ਸੀ ਕਿ ਇਹ ਤੀਸਰੀ ਧਿਰ ਸਿਰਫ ਰਾਜ ਕਰਦੇ ਗੱਠਜੋੜ ਨੂੰ ਖੋਰਾ ਲਾਵੇਗੀ। ਦੂਜੇ ਪਾਸੇ ਅਕਾਲੀ-ਭਾਜਪਾ ਦੇ ਕੁਝ ਆਗੂ, ਖਾਸ ਕਰ ਕੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਜੋੜੀਦਾਰ, ਇਸ ਸੋਚ ਨਾਲ ਖੁਸ਼ ਸਨ ਕਿ ਜਿੰਨੇ ਕੁ ਲੋਕ ਸਾਡੇ ਤੋਂ ਨਾਰਾਜ਼ ਸਨ, ਉਹ ਕਾਂਗਰਸ ਦੇ ਖਾਤੇ ਨਹੀਂ ਪੈਣਗੇ ਤੇ ਨਵੀਂ ਧਿਰ ਪਿੱਛੇ ਜਾਣ ਦਾ ਓਨਾ ਨੁਕਸਾਨ ਸਾਨੂੰ ਨਹੀਂ ਹੋਣ ਲੱਗਾ, ਜਿੰਨਾ ਕਾਂਗਰਸ ਪਾਰਟੀ ਨੂੰ ਹੋ ਜਾਣਾ ਹੈ। ਕਾਂਗਰਸ ਨੂੰ ਸਾਡੇ ਵੱਲੋਂ ਮੋੜਾ ਕੱਟ ਰਹੀ ਵੋਟ ਨਹੀਂ ਮਿਲ ਸਕਣੀ ਤੇ ਏਧਰ ਦੀ ਪਾਸੇ-ਪਾਸੇ ਨਿਕਲ ਜਾਣੀ ਹੈ। ਹੁਣ ਦੋਵਾਂ ਪਾਸਿਆਂ ਦੇ ਆਗੂ ਮੰਨਣ ਲੱਗ ਪਏ ਹਨ ਕਿ ਤਲਵਾਰ ਦੋ-ਧਾਰੀ ਹੈ ਅਤੇ ਇਸ ਨੇ ਇੱਕ ਦਾ ਆਧਾਰ ਨਹੀਂ ਖੋਹਣਾ, ਦੋਵਾਂ ਤੋਂ ਹਿੱਸਾ ਵੰਡਾ ਲੈਣਾ ਹੈ।
ਇਸ ਦਾ ਕਾਰਨ ਸਮਝਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਪੰਜਾਬ ਵਿੱਚ ਇਹੋ ਜਿਹੇ ਹਨ, ਜਿਨ੍ਹਾਂ ਦੇ ਹੱਡਾਂ ਵਿੱਚ ਕਾਂਗਰਸ ਦਾ ਵਿਰੋਧ ਸਮਾਇਆ ਹੋਣ ਕਰ ਕੇ ਕਿਸੇ ਵੀ ਹਾਲਤ ਉਸ ਦੇ ਹੱਕ ਵਿੱਚ ਭੁਗਤਣ ਦੀ ਥਾਂ ਉਸ ਦੇ ਹਰ ਵਿਰੋਧੀ ਵੱਲ ਉੱਲਰ ਜਾਂਦੇ ਹਨ। ਉਹ ਕਾਂਗਰਸ ਵਿਰੋਧੀ ਮਾਨਸਿਕਤਾ ਦੇ ਤਾਂ ਹਨ, ਪਰ ਅਕਾਲੀ-ਭਾਜਪਾ ਦੇ ਪੱਕੇ ਸਮੱਰਥਕ ਨਹੀਂ, ਇਸ ਕਰ ਕੇ ਇਸ ਵਾਰੀ ਓਧਰ ਜਾਣ ਦੀ ਬਜਾਏ ਤੀਜੇ ਪਾਸੇ ਵੱਲ ਮੁੜਨ ਦਾ ਪ੍ਰਭਾਵ ਦੇ ਰਹੇ ਹਨ। ਇੰਜ ਹੀ ਕਈ ਲੋਕ ਦੂਜੇ ਪਾਸੇ ਵੀ ਹਨ, ਜਿਹੜੇ ਫਿਰਕਾਪ੍ਰਸਤੀ ਦੇ ਦੋਸ਼ਾਂ ਕਾਰਨ ਨਾ ਸਾਰੀ ਉਮਰ ਅਕਾਲੀ ਦਲ ਨੂੰ ਵੋਟ ਪਾ ਸਕੇ ਹਨ, ਨਾ ਭਾਰਤੀ ਜਨਤਾ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਨਾਲ ਭੁਗਤਣਾ ਉਨ੍ਹਾਂ ਦੀ ਮਜਬੂਰੀ ਬਣਿਆ ਰਿਹਾ ਹੈ। ਇਸ ਵਾਰੀ ਉਨ੍ਹਾਂ ਨੂੰ ਵੀ ਇੱਕ ਇਹੋ ਜਿਹਾ ਬਦਲ ਲੱਭਣ ਵਾਲਾ ਹੈ, ਜਿਹੜਾ ਫਿਰਕੂ ਸੋਚ ਨੂੰ ਕਾਂਗਰਸ ਵਾਂਗ ਆਪਣੇ ਹਿੱਤਾਂ ਲਈ ਵਰਤਣ ਵਾਲਾ ਨਹੀਂ ਹੋਵੇਗਾ। ਨਤੀਜੇ ਵਜੋਂ ਇਸ ਵਾਰੀ ਦਾ ਚੋਣ ਘੋਲ ਪੰਜਾਬ ਦੇ ਲੋਕਾਂ ਨੂੰ ਬੜੇ ਵੱਖਰੇ ਰੰਗ ਵਿੱਚ ਕਤਾਰਬੰਦ ਹੁੰਦਾ ਪੇਸ਼ ਕਰ ਸਕਦਾ ਹੈ।
ਜਿਹੜੀ ਗੱਲ ਪੰਜਾਬ ਦੇ ਘਰ-ਘਰ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ ਤੇ ਕਾਂਗਰਸੀ ਅਤੇ ਅਕਾਲੀ-ਭਾਜਪਾ ਵਾਲੇ ਸਾਰੇ ਆਗੂ ਅੱਖੋਂ ਪਰੋਖੇ ਕਰਦੇ ਰਹੇ ਹਨ, ਉਹ ਬਦਅਮਨੀ ਤੇ ਨਸ਼ਿਆਂ ਦਾ ਤੇਜ਼ ਹੋਇਆ ਵਹਿਣ ਹੈ। ਦੋਵਾਂ ਦੇ ਮਾਮਲੇ ਵਿੱਚ ਦੋਵੇਂ ਧਿਰਾਂ ਇੱਕੋ ਜਿਹੀਆਂ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ। ਲੋਕ ਜਾਣਦੇ ਹਨ ਕਿ ਅਕਾਲੀ-ਭਾਜਪਾ ਦੇ ਰਾਜ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਬੰਦੇ ਇਨ੍ਹਾਂ ਦੀਆਂ ਝੰਡੀ ਵਾਲੀਆਂ ਕਾਰਾਂ ਵਿੱਚ ਮਾਲ ਲਈ ਫਿਰਦੇ ਹਨ ਤੇ ਜਦੋਂ ਰਾਜ ਕਾਂਗਰਸ ਦਾ ਹੋਵੇ ਤਾਂ ਕਾਂਗਰਸੀ ਵਜ਼ੀਰਾਂ ਦੀ ਉਨ੍ਹਾਂ ਨਾਲ ਸਾਂਝ ਹੁੰਦੀ ਹੈ। ਇਹੋ ਜਿਹੇ ਲੋਕ ਆਪਣਾ ਧੰਦਾ ਚਲਾਉਂਦੇ ਹੋਏ ਦੋਵਾਂ ਮੁੱਖ ਧਿਰਾਂ ਲਈ ਦਸਵੰਧ ਕੱਢਦੇ ਹਨ, ਪਰ ਫਰਕ ਏਨਾ ਕੁ ਹੁੰਦਾ ਹੈ ਕਿ ਰਾਜ ਕਰਨ ਵਾਲੀ ਧਿਰ ਦੇ ਆਗੂ ਨੂੰ ਉਸ ਦਸਵੰਧ ਵਿੱਚੋਂ ਸੱਠ ਫੀਸਦੀ ਹਿੱਸਾ ਭੇਜਿਆ ਜਾਂਦਾ ਹੈ ਤੇ ਵਿਰੋਧੀ ਧਿਰ ਵਾਲੇ ਦਾ ਚਾਲੀ ਫੀਸਦੀ ਭੇਜ ਕੇ ਇਹ ਆਸ ਰੱਖੀ ਜਾਂਦੀ ਹੈ ਕਿ ਜੇ ਕੱਲ੍ਹ ਨੂੰ ਇਨ੍ਹਾਂ ਦੀ ਸਰਕਾਰ ਆ ਗਈ ਤਾਂ ਕੰਮ ਕਰਵਾਈ ਜਾਵੇਗਾ। ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਹੋਣ ਕਰ ਕੇ ਇਨ੍ਹਾਂ ਦੋਵਾਂ ਪਾਰਟੀਆਂ ਦੇ ਲੀਡਰ ਜਿਨ੍ਹਾਂ ਬਿਮਾਰੀਆਂ ਨੂੰ ਫੈਲਾਉਣ ਵਾਲਾ ਕੰਮ ਕਰੀ ਜਾਂਦੇ ਹਨ, ਉਹ ਅਜੇ ਤੱਕ ਤੀਜੀ ਧਿਰ ਵਾਲਿਆਂ ਵਿੱਚੋਂ ਕਿਸੇ ਦੇ ਨਾਂਅ ਨਹੀਂ ਲੱਗੀਆਂ।
ਕਤਲ ਦੇ ਕੇਸ ਪਿਛਲੇ ਸਮੇਂ ਵਿੱਚ ਬਹੁਤ ਵਧ ਗਏ ਹਨ, ਜਿਨ੍ਹਾਂ ਦਾ ਇੱਕ ਪੱਖ ਇਹ ਹੈ ਕਿ ਇਨਾਂ ਦੀ ਜ਼ਿੰਮੇਵਾਰੀ ਇਸ ਵਕਤ ਰਾਜਸੀ ਧਿਰਾਂ ਉੱਤੇ ਪੈਣ ਲੱਗੀ ਹੈ। ਕਈ ਕਤਲ ਰਾਜਸੀ ਪਰਵਾਰਾਂ, ਵਿਧਾਇਕਾਂ ਦੇ ਘਰਾਂ ਦੇ ਜੀਆਂ ਜਾਂ ਹੋਰ ਅਹੁਦੇਦਾਰਾਂ ਵੱਲੋਂ ਕੀਤੇ ਗਏ ਹਨ, ਪਰ ਪੁਲਸ ਨੇ ਠੋਸ ਕਾਰਵਾਈ ਇਸ ਲਈ ਨਹੀਂ ਕੀਤੀ ਕਿ ਕਾਤਲਾਂ ਦਾ ਸੰਬੰਧ ਰਾਜ ਕਰਦੀ ਧਿਰ ਨਾਲ ਜੁੜਦਾ ਸੀ। ਜਿੱਥੇ ਕਾਰਵਾਈ ਕੀਤੀ ਵੀ ਗਈ, ਅੱਧੇ ਮਨੋਂ ਕੀਤੀ ਗਈ ਹੈ। ਪੰਜਾਬ ਦੇ ਲੋਕਾਂ ਨੂੰ ਇਹ ਗੱਲ ਚੁਭਦੀ ਹੈ, ਪਰ ਰਾਜ ਕਰਨ ਵਾਲੀ ਧਿਰ ਨੂੰ ਇਨ੍ਹਾਂ ਕਾਤਲਾਂ ਦਾ ਅਪਰਾਧੀ ਹੋਣਾ ਬੁਰਾ ਮਹਿਸੂਸ ਨਹੀਂ ਹੁੰਦਾ, ਸਗੋਂ ਇਹ ਸਮਝਿਆ ਜਾ ਰਿਹਾ ਹੈ ਕਿ 'ਬੰਦੇ ਜੁਰਅੱਤ ਵਾਲੇ ਹਨ, ਚੋਣਾਂ ਵਿੱਚ ਕੰਮ ਆਉਣਗੇ।'
ਇਸ ਵਕਤ ਜੇ ਕਿਸੇ ਧਿਰ ਦਾ ਦੂਜੀਆਂ ਸਾਰੀਆਂ ਨਾਲੋਂ ਲੋਕਾਂ ਵਿੱਚ ਮਾੜਾ ਅਕਸ ਹੈ ਤਾਂ ਉਹ ਅਕਾਲੀ-ਭਾਜਪਾ ਗੱਠਜੋੜ ਹੀ ਹੈ। ਆਏ ਦਿਨ ਕਚਹਿਰੀਆਂ ਵਿੱਚ ਇਸ ਦੇ ਸਕੈਂਡਲ ਪੇਸ਼ ਕੀਤੇ ਜਾ ਰਹੇ ਹਨ। ਰਾਜ ਦੀ ਟਰਾਂਸਪੋਰਟ ਨੀਤੀ ਮੁੱਖ ਮੰਤਰੀ ਦੇ ਪਰਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਦੀ ਕਮਾਈ ਵਧਾਉਣ ਲਈ ਜਿਵੇਂ ਛਾਂਗੀ ਗਈ ਹੈ, ਉਸ ਦਾ ਜਵਾਬ ਦੇਣਾ ਇਨ੍ਹਾਂ ਲਈ ਔਖਾ ਹੋਇਆ ਪਿਆ ਹੈ। ਪੁਲਸ ਵਿੱਚ ਈਮਾਨਦਾਰ ਬੰਦੇ ਖੂੰਜੇ ਲਾ ਕੇ ਦਾਗੀ, ਅਤੇ ਅਦਾਲਤਾਂ ਤੋਂ ਸਜ਼ਾ ਹੋ ਚੁੱਕੇ, ਪੁਲਸ ਅਫਸਰ ਜਿਵੇਂ ਮਲਾਈਦਾਰ ਕੁਰਸੀਆਂ ਉੱਤੇ ਬਿਠਾਏ ਹੋਏ ਹਨ, ਉਹ ਵੀ ਇਸ ਗੱਠਜੋੜ ਨੂੰ ਲੋਕਾਂ ਦੀ ਕਚਹਿਰੀ ਵਿੱਚ ਸ਼ਰਮਿੰਦਾ ਕਰਨ ਦਾ ਕਾਰਨ ਬਣ ਰਹੇ ਹਨ। ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਜਿਵੇਂ ਰੋਜ਼ ਕੁਟਾਪਾ ਚਾੜ੍ਹਿਆ ਜਾ ਰਿਹਾ ਹੈ, ਅਤੇ ਕਈ ਥਾਂ ਪੁਲਸ ਨੂੰ ਪਿੱਛੇ ਕਰ ਕੇ ਜਾਣੇ-ਪਛਾਣੇ ਅਕਾਲੀ ਜਥੇਦਾਰਾਂ ਨੇ ਆਪ ਇਹ 'ਕਾਰਜ' ਸਿਰੇ ਚਾੜ੍ਹਿਆ ਹੈ, ਉਸ ਤੋਂ ਵੀ ਲੋਕਾਂ ਵਿੱਚ ਰੋਹ ਪੈਦਾ ਹੋ ਰਿਹਾ ਹੈ। ਬਠਿੰਡੇ ਵਿੱਚ ਇੱਕ ਸਮਾਗਮ ਮੌਕੇ ਮੁਜ਼ਾਹਰਾ ਕਰ ਰਹੀਆਂ ਕੁੜੀਆਂ ਨੂੰ ਚਪੇੜਾਂ ਮਾਰਦਾ ਇੱਕ ਸਾਬਕਾ ਅਕਾਲੀ ਮੰਤਰੀ ਅਗਲੇ ਦਿਨ ਦੀਆਂ ਅਖਬਾਰਾਂ ਦੇ ਪਹਿਲੇ ਸਫੇ ਉੱਤੇ ਛਪ ਚੁੱਕਾ ਹੈ। ਬੀਤੇ ਹਫਤੇ ਇੱਕ ਅਕਾਲੀ ਸਰਪੰਚ ਨੇ ਆਪਣੇ ਕਿਰਦਾਰ ਦੀ ਕਾਲਖ ਛੁਪਾਉਣ ਲਈ ਇੱਕ ਅਧਿਆਪਕ ਨੂੰ ਫੜ ਕੇ ਉਸ ਦੇ ਗਲ਼ ਛਿੱਤਰਾਂ ਦਾ ਹਾਰ ਪਾ ਕੇ ਕੁੱਟ-ਮਾਰ ਕਰਦਿਆਂ ਪਿੰਡ ਵਿੱਚ ਘੁੰਮਾਉਣਾ ਸ਼ੁਰੂ ਕੀਤਾ ਤਾਂ ਪਿੰਡ ਅਤੇ ਆਸ-ਪਾਸ ਦੇ ਲੋਕਾਂ ਨੇ ਲੜ ਕੇ ਛੁਡਾਇਆ ਸੀ। ਲੋਕਾਂ ਨੇ ਰੋਸ ਵਜੋਂ ਸਰਪੰਚ ਦੀ ਕਾਰ ਵੀ ਸਾੜ ਦਿੱਤੀ ਸੀ। ਇਸ ਦੇ ਪਿੱਛੋਂ ਵੀ ਪੁਲਸ ਨੇ ਓਨੀ ਦੇਰ ਤੱਕ ਉਸ ਸਰਪੰਚ ਨੂੰ ਹੱਥ ਨਹੀਂ ਸੀ ਪਾਇਆ, ਜਿੰਨੀ ਦੇਰ ਸਰਕਾਰ ਦੇ ਵੱਡੇ ਪਰਵਾਰ ਤੋਂ ਇਸ ਦੀ ਹਰੀ ਝੰਡੀ ਨਹੀਂ ਸੀ ਲੈ ਲਈ। ਕੀ ਇਹ ਸਾਰਾ ਕੁਝ ਲੋਕ ਨਹੀਂ ਵੇਖਦੇ? ਤੀਜੇ ਮੋਰਚੇ ਨੇ ਜਦੋਂ ਢੁੱਡੀਕੇ ਪਿੰਡ ਦੀ ਰੈਲੀ ਦਾ ਨਾਂਅ 'ਇੱਜ਼ਤ ਸੰਭਾਲ ਰੈਲੀ' ਰੱਖਿਆ ਹੈ ਤਾਂ ਇਹ ਨਾਹਰਾ ਉਨ੍ਹਾਂ ਸਭ ਲੋਕਾਂ ਨੂੰ ਖਿੱਚ ਪਾ ਰਿਹਾ ਹੈ, ਜਿਨ੍ਹਾਂ ਦੀ ਅਣਖ ਨੂੰ ਇਸ ਸਰਕਾਰ ਦੌਰਾਨ ਪੁਲਸ ਜਾਂ ਨੀਲੀ ਦਸਤਾਰ ਵਾਲਿਆਂ ਨੇ ਇਸ ਤਰ੍ਹਾਂ ਚੋਟ ਪਹੁੰਚਾਈ ਹੈ।
ਅਜੇ ਚੋਣਾਂ ਦਾ ਐਲਾਨ ਨਹੀਂ ਹੋਇਆ, ਪਰ ਇਹ ਸਵਾਲ ਹੁਣੇ ਪੁੱਛਿਆ ਜਾਣ ਲੱਗਾ ਹੈ ਕਿ ਅਗਲੀ ਵਾਰੀ ਸਰਕਾਰ ਬਣਾ ਲੈਣ ਦਾ ਦਾਅਵਾ ਜਿਵੇਂ ਅਕਾਲੀ-ਭਾਜਪਾ ਗੱਠਜੋੜ ਵੱਲੋਂ ਕੀਤਾ ਜਾ ਰਿਹਾ ਹੈ, ਉਸ ਵਿੱਚ ਕਿੰਨਾ ਕੁ ਦਮ ਮੰਨਿਆ ਜਾਣਾ ਚਾਹੀਦਾ ਹੈ? ਇਸ ਸੰਬੰਧ ਵਿੱਚ ਇੱਕ ਪੈਮਾਨਾ ਵਰਤਿਆ ਜਾ ਸਕਦਾ ਹੈ। ਅਕਾਲੀ ਦਲ ਨੇ ਭਾਵੇਂ ਏਦਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਕਿ ਪਿਛਲੀ ਵਾਰੀ ਦੀਆਂ ਪੰਜਤਾਲੀ ਸੀਟਾਂ ਨੂੰ ਖੋਰਾ ਲੱਗਣ ਤੋਂ ਬਚਿਆ ਰਹੇ, ਪਰ ਜੇ ਫਿਰ ਵੀ ਇਹ ਮੰਨ ਲਿਆ ਜਾਵੇ ਕਿ ਉਸ ਦੀਆਂ ਪੰਜਤਾਲੀ ਸੀਟਾਂ ਕਾਇਮ ਰਹਿ ਜਾਣਗੀਆਂ ਤਾਂ ਪੰਜਤਾਲੀ ਨਾਲ ਸਰਕਾਰ ਨਹੀਂ ਬਣਦੀ ਹੁੰਦੀ। ਸਰਕਾਰ ਬਣਾਉਣ ਲਈ ਉਨਾਹਠ ਵਿਧਾਇਕ ਚਾਹੀਦੇ ਹਨ ਤੇ ਪਿਛਲੀ ਵਾਰੀ ਉਹ ਭਾਜਪਾ ਦੇ ਉੱਨੀ ਵਿਧਾਇਕ ਜੋੜ ਕੇ ਬਣੇ ਸਨ। ਇਸ ਵਾਰੀ ਭਾਜਪਾ ਵਾਲੇ ਆਪ ਮੰਨਦੇ ਹਨ ਕਿ ਦੋ ਸੀਟਾਂ ਤੋਂ ਵੱਧ ਦੀ ਉਨ੍ਹਾਂ ਨੂੰ ਉਮੀਦ ਨਹੀਂ ਜਾਪਦੀ, ਫਿਰ ਉਨਾਹਠ ਸੀਟਾਂ ਕਿੱਥੋਂ ਹੋਣੀਆਂ ਹਨ ਤੇ ਸਰਕਾਰ ਕਾਹਦੇ ਨਾਲ ਬਣਨੀ ਹੈ? ਜਦੋਂ ਇਹੋ ਜਿਹਾ ਹਾਲ ਸਰਕਾਰ ਚਲਾਉਣ ਵਾਲਿਆਂ ਦਾ ਹੋਵੇ ਅਤੇ ਉਨ੍ਹਾਂ ਦੇ ਵਿਰੋਧ ਦੀ ਮੁੱਖ ਧਿਰ ਕਾਂਗਰਸ ਪਾਰਟੀ ਘਰ ਦੇ ਕਲੇਸ਼ ਵਿੱਚ ਇੱਕ ਦੂਜੇ ਦੇ ਗਿੱਟੇ ਸੇਕਣ ਰੁੱਝੀ ਹੋਈ ਹੋਵੇ, ਓਦੋਂ ਨਵੇਂ ਉੱਸਰ ਰਹੇ ਮੋਰਚੇ ਤੋਂ ਲੋਕਾਂ ਦਾ ਇੱਕ ਨਵੀਂ ਉਡਾਣ ਦੀ ਆਸ ਰੱਖਣਾ ਹੈਰਾਨੀ ਜਨਕ ਨਤੀਜੇ ਵੀ ਪੇਸ਼ ਕਰ ਸਕਦਾ ਹੈ।

No comments:

Post a Comment