ਭਾਰਤਵਰਸ਼ ਦੇ ਨੇਤਾ

(ਡਾ.ਸਾਥੀ ਲੁਧਿਆਣਵੀ)
ਨੇਤਾ ਵਤਨ ਪ੍ਰਸਤ ਕਹਾ ਕੇ ਹਿੰਦ ਨੂੰ ਤਾਰਨਗੇ।
ਜਨ ਗਣ ਮਨ ਅਧਿਨਾਇਕ ਗਾ ਕੇ
ਹਿੰਦ ਨੂੰ ਤਾਰਨਗੇ।

=ਨਹਿਰੂ ਵਰਗੀ ਅਚਕਨ ਜੇਕਰ ਕੰਮ ਨਾ ਆਵੇਗੀ,
ਨੇਤਾ ਭਗਵੇਂ ਕੱਪੜੇ ਪਾ ਕੇ ਹਿੰਦ ਨੂੰ ਤਾਰਨਗੇ।

=ਰਾਮਦੇਵ ਤੇ ਅੰਨਾਂ ਦਾ ਅਸੀਂ ਵਰਤ ਤੁੜਾਣਾ ਹੈ,
ਗਾਂਧੀ ਜੀ ਦਾ ਵਰਤ ਭੁਲਾ ਕੇ ਹਿੰਦ ਨੂੰ ਤਾਰਨਗੇ।

=ਬੁਰੀ ਨਜ਼ਰ ਨਾ ਲੱਗੇ ਸਾਡੇ ਭਾਰਤ ਪਿਆਰੇ ਨੂੰ,
ਮੱਥੇ ਉੱਤੇ ਤਿਲਕ ਲਗਾ ਕੇ ਹਿੰਦ ਨੂੰ ਤਾਰਨਗੇ।

=ਜੋਤਸ਼ੀਆਂ ਨੂੰ ਪੁੱਛ ਕੇ ਇਨ੍ਹਾਂ ਇਲੈਕਸ਼ਨ ਲੜਨੀ ਹੈ,
ਪੰਡਤ ਤੋਂ ਮੰਤਰ ਪੜ੍ਹਵਾ ਕੇ ਹਿੰਦ ਨੂੰ ਤਾਰਨਗੇ।

=ਕਿਸੇ ਵਿਦੇਸ਼ੀ ਔਰਤ ਨੂੰ ਗੱਦੀ ਤੋਂ ਲਾਹੁਣ ਲਈ,
ਸਿਰ ਦੇ ਲੰਮੇਂ ਵਾਲ਼ ਮੁਨਾ ਕੇ ਹਿੰਦ ਨੂੰ ਤਾਰਨਗੇ।

=ਰਥ ਯਾਤਰਾ, ਪਦ ਯਾਤਰਾ ਪੂਰਬ ਪੱਛਮ ਤੀਕ,
ਕੁਝ ਦਿਨ ਮੋਟਰ ਕਾਰ ਭੁਲਾ ਕੇ ਹਿੰਦ ਨੂੰ ਤਾਰਨਗੇ।

=ਜਿੱਥੇ ਜੰਮਿਆਂ ਰਾਮ ਹੈ, ਉੱਥੇ ਮਸਜਦ ਕਾਹਨੂੰ ਹੈ,
ਅੱਲਾ ਦੇ ਇਕ ਘਰ ਨੂੰ ਢਾਹ ਕੇ ਹਿੰਦ ਨੂੰ ਤਾਰਨਗੇ।

=ਕਹਿੰਦੇ ਸੱਤਰ ਲੱਖ਼ ਭਾਰਤੀ ਸਾਧੂ ਬਣ ਗਏ ਨੇ,
ਪਿੰਡੇ ਉੱਤੇ ਧੂੜ ਨਮਾ ਕੇ ਹਿੰਦ ਨੂੰ ਤਾਰਨਗੇ।

ਵੋਟਾਂ ਵੇਲੇ ਦਾਰੂ ਭੁੱਕੀ ਰੱਜ ਰੱਜ ਵੰਡਣਗੇ,
ਥੋੜ੍ਹੇ ਅਮਲੀ ਹੋਰ ਬਣਾ ਕੇ ਹਿੰਦ ਨੂੰ ਤਾਰਨਗੇ।

=ਅਪਨਾ ਭਾਰਤ ਦੇਸ਼ ਵਿਸ਼ਵ ਮੇਂ ਅੱਵਲ ਨੰਬਰ ਹੈ,
ਗੱਲ ਨੂੰ ਥੋੜ੍ਹਾ ਜਿਹਾ ਵਧਾ ਕੇ ਹਿੰਦ ਨੂੰ ਤਾਰਨਗੇ।

=ਮੰਤਰੀਆਂ ਵਿਚ ਭੋਲ਼ਾ ਚਿਹਰਾ ਚੰਗਾ ਹੁੰਦਾ ਹੈ,
ਮਨ ਮੋਹਨ ਨੂੰ ਅੱਗੇ ਲਾ ਕੇ ਹਿੰਦ ਨੂੰ ਤਾਰਨਗੇ।

=ਭ੍ਰਿਸ਼ਟਾਚਾਰ ਤੇ ਬੇਈਮਾਨੀ ਖ਼ਬਰੇ ਕਿੱਥੇ ਹੈ,
ਨੇਤਾ ਸੱਚ ਨੂੰ ਝੂਠ ਬਣਾ ਕੇ ਹਿੰਦ ਨੂੰ ਤਾਰਨਗੇ।

=ਰਿਸ਼ਵਤ ਖ਼ਾ ਕੇ ਨੇਤਾ ਢਿੱਡ ਵਧਾਈ ਫ਼ਿਰਦੇ ਨੇ,
ਸੰਮਾਂ ਵਾਲ਼ੀ ਡਾਂਗ ਚਲਾ ਕੇ ਹਿੰਦ ਨੂੰ ਤਾਰਨਗੇ।

=ਦੇਸ਼ ਦੇ ਵਿੱਚੋਂ ਅਸੀਂ ਗਰੀਬੀ ਕੱਢ ਕੇ ਛੱਡਾਂਗੇ,
ਉੱਚੇ ਉੱਚੇ ਨਾਅਰੇ ਲਾ ਕੇ ਹਿੰਦ ਨੂੰ ਤਾਰਨਗੇ।

=ਭਾਰਤ ਮਾਤਾ ਖ਼ਾਤਰ ਸੂਲ਼ੀ ਚੜ੍ਹਨਾ ਪੈਣਾ ਹੈ,
ਮੁੰਡਿਆਂ ਕੁੜੀਆਂ ਨੂੰ ਉਕਸਾਅ ਕੇ ਹਿੰਦ ਨੂੰ ਤਾਰਨਗੇ।

=ਆਤਮ ਹੱਤਿਆ ਕਰਦੇ ਪਏ ਨੇ ਵਾਰਸ ਧਰਤੀ ਦੇ,
ਨੇਤਾ ਕਾਲ਼ੀ ਐਨਕ ਲਾ ਕੇ ਹਿੰਦ ਨੂੰ ਤਾਰਨਗੇ।

=ਸੌ ਕਰੋੜ ਲੋਗ਼ੋਂ ਕਾ ਭਾਰਤ ਦੇਸ਼ ਹਮਾਰਾ ਹੈ,
ਇਸ ਦੀ ਗਿਣਤੀ ਹੋਰ ਵਧਾ ਕੇ ਹਿੰਦ ਨੂੰ ਤਾਰਨਗੇ।

="ਸਾਥੀ" ਵਰਗ਼ਾ ਸ਼ਾਇਰ ਲੋਕਾਂ ਨਾਲ਼ ਖ਼ੜੋਤਾ ਹੈ,
ਉਸ ਨੂੰ ਲੋਕਾਂ ਤੋਂ ਤੁੜਵਾ ਕੇ ਹਿੰਦ ਨੂੰ ਤਾਰਨਗੇ।

No comments:

Post a Comment