ਦ੍ਰਿਸ਼ਟੀਕੋਣ (48)-ਜਤਿੰਦਰ ਪਨੂੰ

ਡੁੰਮ੍ਹ ਵਿੱਚ ਡੋਬਣ ਵਾਲਾ ਮਨਮੋਹਨ ਦੀ ਬੇੜੀ ਦਾ ਪੱਥਰ ਬਣ ਗਿਐ ਚਿਦੰਬਰਮ
ਭਾਰਤ ਦੇ ਟੈਲੀਕਾਮ ਮੰਤਰਾਲੇ ਨਾਲ ਜੁੜਿਆ ਸਪੈਕਟਰਮ ਦਾ ਸਕੈਂਡਲ ਜਦੋਂ ਪਿਛਲੇ ਸਾਲ ਉੱਭਰਿਆ ਸੀ, ਕੋਈ ਵੀ ਨਹੀਂ ਸੀ ਜਾਣਦਾ ਕਿ ਇਹ ਸ਼ੈਤਾਨ ਦੀ ਆਂਦਰ ਵਾਂਗ ਵਧਦਾ ਹੋਇਆ
ਕਈ ਵੱਡੀਆਂ ਸ਼ਖਸੀਅਤਾਂ ਨੂੰ ਲਪੇਟ ਵਿੱਚ ਲੈਣ ਤੱਕ ਜਾ ਪਹੁੰਚੇਗਾ। ਪਹਿਲੇ ਕੁਝ ਮਹੀਨੇ ਇਹੋ ਜਾਪਦਾ ਰਿਹਾ ਕਿ ਇਸ ਵਿੱਚ ਡੀ ਐਮ ਕੇ ਪਾਰਟੀ ਨਾਲ ਸੰਬੰਧ ਰੱਖਦਾ ਇੱਕ ਕੇਂਦਰੀ ਮੰਤਰੀ ਏæ ਰਾਜਾ ਹੀ ਆਵੇਗਾ। ਫਿਰ ਡੀ ਐਮ ਕੇ ਵਾਲਿਆਂ ਦੇ ਪ੍ਰਧਾਨ ਅਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਕਰੁਣਾਨਿਧੀ ਦੀ ਪਾਰਲੀਮੈਂਟ ਮੈਂਬਰ ਬੇਟੀ ਕਨੀਮੋਈ ਨੂੰ ਵੀ ਜੇਲ੍ਹ ਜਾਣਾ ਪੈ ਗਿਆ। ਵਿਰੋਧੀ ਧਿਰ ਹਾਲੇ ਕੁਝ ਹੋਰ ਲੋਕਾਂ ਦੇ ਸਿਰ ਵੀ ਮੰਗ ਰਹੀ ਸੀ, ਪਰ ਏਨੇ ਨੂੰ ਇਹ ਭੇਦ ਖੁੱਲ੍ਹ ਗਿਆ ਕਿ ਓਧਰ ਵੀ ਸਾਰੇ ਲੋਕ ਪਾਕ-ਪਵਿੱਤਰ ਨਹੀਂ। ਭਾਰਤੀ ਜਨਤਾ ਪਾਰਟੀ ਦੇ ਇੱਕ ਮਰਹੂਮ ਆਗੂ ਪ੍ਰਮੋਦ ਮਹਾਜਨ ਦਾ ਨਾਂਅ ਆਇਆ ਤਾਂ ਉਸ ਪਾਰਟੀ ਲਈ ਵੱਡੀ ਚਿੰਤਾ ਦੀ ਗੱਲ ਨਹੀਂ ਸੀ, ਕਿਉਂਕਿ ਉਸ ਬਾਰੇ ਕਿਹਾ ਜਾ ਸਕਦਾ ਸੀ ਕਿ ਜਿਹੜਾ ਦੁਨੀਆ ਉੱਤੇ ਨਹੀਂ, ਉਸ ਦਾ ਮਾਮਲਾ ਆਪਣੇ ਆਪ ਠੱਪ ਹੁੰਦਾ ਰਹੇਗਾ। ਫਿਰ ਗੱਲ ਅੱਗੇ ਵਧੀ ਅਤੇ ਉਸ ਦੇ ਸਾਬਕਾ ਮੰਤਰੀ ਅਰੁਣ ਸ਼ੋਰੀ ਤੱਕ ਵੀ ਚਲੀ ਗਈ। ਉਹ ਆਪਣੇ ਬੰਦਿਆਂ ਦਾ ਬਚਾਅ ਕਰਨ ਲਈ ਦਲੀਲਾਂ ਲੱਭਣ ਵਿੱਚ ਉਲਝ ਗਈ, ਪਰ ਦੂਜੇ ਪਾਸੇ ਸਪੈਕਟਰਮ ਦਾ ਵਲਾਵਾਂ ਅੱਗੇ ਤੋਂ ਅੱਗੇ ਵਧਦਾ ਗਿਆ ਤੇ ਹੁਣ ਭਾਰਤ ਸਰਕਾਰ ਦੇ ਚਾਰ ਸਿਖਰਲੇ ਗਿਣੇ ਜਾਂਦੇ ਲੋਕਾਂ ਵਿੱਚੋਂ ਇੱਕ, ਗ੍ਰਹਿ ਮੰਤਰੀ ਪੀæ ਚਿਦੰਬਰਮ, ਦੇ ਗਲ਼ ਤੱਕ ਏਦਾਂ ਪਹੁੰਚ ਗਿਆ ਹੈ ਕਿ ਇਸ ਤੋਂ ਛੁਟਕਾਰਾ ਸੌਖਾ ਨਹੀਂ ਹੋ ਸਕਣਾ।
ਮੌਜੂਦਾ ਗ੍ਰਹਿ ਮੰਤਰੀ ਪੀæ ਚਿਦੰਬਰਮ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਵਿਰੋਧ ਦੀ ਧਿਰ ਵੀ ਇਸ ਸਪੈਕਟਰਮ ਦੇ ਸਿਆਪੇ ਵਿੱਚ ਆਪਣੀ ਸਾਫਗੋਈ ਪੇਸ਼ ਕਰਦੀ ਸੱਚੀ ਨਹੀਂ ਜਾਪਦੀ। ਉਂਜ ਧਿਰਾਂ ਕਈ ਹੋਰ ਵੀ ਹਨ, ਜਿਹੜੀਆਂ ਇਸ ਦੀ ਲਪੇਟ ਵਿੱਚ ਆ ਰਹੀਆਂ ਹਨ। ਇੱਕ ਧਿਰ ਤਾਂ ਦੇਸ਼ ਦੇ ਕੁਝ ਨਾਮਣੇ ਵਾਲੇ ਕਾਰਖਾਨੇਦਾਰ ਹਨ, ਜਿਨ੍ਹਾਂ ਨੇ ਇੱਕ ਲਾਬੀ ਕਰਨ ਦੀ ਮਾਹਰ ਬੀਬੀ ਨੀਰਾ ਰਾਡੀਆ ਦੀਆਂ ਸੇਵਾਵਾਂ ਲਈਆਂ ਅਤੇ ਇੱਕ ਦੂਜੇ ਤੋਂ ਇਸ ਸਪੈਕਟਰਮ ਦੇ ਸਰਕਿਟ ਖੋਹਣ ਲੱਗੇ ਰਹੇ ਸਨ। ਜਿੰਨੀ ਖੋਹ-ਖਿੰਝ ਵਧਦੀ ਗਈ, ਉਸ ਨੂੰ ਵੇਖਦੇ ਹੋਏ ਬੋਲੀ ਕਰਵਾਉਣੀ ਚਾਹੀਦੀ ਸੀ, ਤਾਂ ਕਿ ਵੱਧ ਪੈਸੇ ਦੇਣ ਵਾਲਾ ਮਾਇਆਧਾਰੀ ਲੈ ਜਾਂਦਾ ਤੇ ਮੁਲਕ ਦੇ ਖਜ਼ਾਨੇ ਵਿੱਚ ਵੀ ਚਾਰ ਪੈਸੇ ਪੈ ਜਾਂਦੇ। ਇਹ ਕਰਵਾਉਣ ਦੀ ਥਾਂ ਵਾਜਪਾਈ ਸਰਕਾਰ ਵੇਲੇ ਅਪਣਾਇਆ ਗਿਆ 'ਪਹਿਲਾਂ ਆਓ, ਪਹਿਲਾਂ ਲਓ' ਦਾ ਫਾਰਮੂਲਾ ਹੀ ਵਰਤ ਲਿਆ ਗਿਆ, ਜਿਸ ਕਾਰਨ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੀ ਗਿਣਤੀ-ਮਿਣਤੀ ਮੁਤਾਬਕ ਇੱਕ ਲੱਖ ਛੇਹੱਤਰ ਹਜ਼ਾਰ ਕਰੋੜ ਰੁਪੈ ਦਾ ਘਾਟਾ ਸਰਕਾਰੀ ਖਜ਼ਾਨੇ ਨੂੰ ਪੈ ਗਿਆ। ਜਿਹੜੇ ਵੱਡੇ ਕਾਰੋਬਾਰੀ ਘਰਾਣੇ ਇਸ ਤੋਂ ਲਾਭ ਲੈ ਗਏ, ਉਨ੍ਹਾਂ ਨੇ 'ਹਿੰਗ ਲੱਗੇ ਨਾ ਫਟਕੜੀ, ਰੰਗ ਵੀ ਚੋਖਾ ਆਵੇ' ਦੇ ਫਾਰਮੂਲੇ ਨਾਲ ਜਿੰਨੇ ਪੈਸਿਆਂ ਦੇ ਸਰਕਿਟ ਅਲਾਟ ਕਰਵਾਏ, ਉਸ ਤੋਂ ਵੱਧ ਪੈਸਿਆਂ ਵਿੱਚ ਬਾਹਰ ਵੇਚ ਕੇ ਵੀ ਆਪਣੀ ਲੋੜ ਦੋ ਦੁੱਗਣੇ ਆਪਣੇ ਕੋਲ ਰੱਖ ਲਏ ਸਨ। ਸੰਸਾਰ ਦੇ ਸਿਖਰਲੇ ਦਸ 'ਮਹਾਨ' ਲੋਕਾਂ ਵਿੱਚ ਨੌਵੇਂ ਥਾਂ ਆਉਣ ਵਾਲੇ ਰਤਨ ਟਾਟਾ ਦਾ ਨਾਂਅ ਵੀ ਇਸ ਵਿੱਚ ਆ ਗਿਆ ਤੇ ਸੰਸਾਰ ਦੇ ਦਸ ਵੱਡੇ ਮਾਇਆਧਾਰੀਆਂ ਵਿੱਚ ਆਉਂਦੇ ਅੰਬਾਨੀ ਭਰਾਵਾਂ ਦਾ ਵੀ। ਇਹ ਸਾਰੇ ਉਸ ਸਰਕਾਰ ਦੀ ਗਲਤ ਨੀਤੀ ਨਾਲ ਆਪਣੇ ਮਾਇਆ ਦੇ ਬੋਹਲ ਹੋਰ ਉੱਚੇ ਕਰ ਗਏ, ਜਿਸ ਦਾ ਮੁਖੀ ਸੰਸਾਰ ਪੱਧਰ ਦਾ ਆਰਥਿਕ ਮਾਹਰ ਮਨਮੋਹਨ ਸਿੰਘ ਹੈ।
ਅਸੀਂ ਇਸ ਵਕਤ ਭ੍ਰਿਸ਼ਟਾਚਾਰ ਦੀ ਭੁੱਬਲ ਵਿੱਚੋਂ ਇਹ ਲੱਭਣ ਲਈ ਸਮਾਂ ਜ਼ਾਇਆ ਨਹੀਂ ਕਰ ਸਕਦੇ ਕਿ ਪਿਛਲੇ ਸਮੇਂ ਵਿੱਚ ਸਿਰਹਾਣਿਆਂ ਵਿੱਚ ਨੋਟ ਭਰ ਕੇ ਪੂਜਾ ਦੀਆਂ ਮੂਰਤੀਆਂ ਪਿੱਛੇ ਰੱਖਣ ਵਾਲੇ ਸੁਖਰਾਮ ਤੋਂ ਲੈ ਕੇ ਕਿਸ ਨੇ ਕੀ ਖੇਡ ਖੇਡੀ, ਸਗੋਂ ਇਹ ਵੇਖਣਾ ਪਵੇਗਾ ਕਿ ਮੌਜੂਦਾ ਮਹਾਂਰਥੀਆਂ ਦੇ ਹੱਥ ਕਿੰਨੇ ਕੁ ਸਾਫ ਹਨ? ਕੁਝ ਮਹੀਨੇ ਪਹਿਲਾਂ ਦੀ ਉਹ ਗੱਲ ਵੀ ਪਿੱਛੇ ਰਹਿ ਗਈ ਕਿ ਸਾਬਕਾ ਮੰਤਰੀ ਏæ ਰਾਜਾ ਨੇ ਇਸ ਵਿੱਚੋਂ ਸੱਠ ਹਜ਼ਾਰ ਰੁਪੈ ਦੀ ਨਿੱਜੀ ਕਮਾਈ ਕਰ ਲਈ ਅਤੇ ਉਸ ਤੱਕ ਇਹ ਮਾਇਆ ਕਿਸੇ ਸ਼ਾਹਿਦ ਬਲਵਾ ਦੀ ਕੰਪਨੀ ਨੇ ਵੀਹ ਵਲਾਵੇਂ ਪਾ ਕੇ ਭੇਜੀ ਸੀ। ਨਾ ਹੀ ਅਸੀਂ ਕਰੁਣਾਨਿਧੀ ਦੀ ਬੇਟੀ ਕਨੀਮੋਈ ਅਤੇ ਉਸ ਦੇ ਟੀ ਵੀ ਚੈਨਲ ਰਾਹੀਂ ਇਸ ਵਿੱਚ ਕਰੋੜਾਂ ਦੇ ਲੈਣ-ਦੇਣ ਲਈ ਹੋਰ ਮੱਥਾ ਮਾਰ ਸਕਦੇ ਹਾਂ। ਇਹ ਗੱਲ ਵੀ ਸਾਬਤ ਹੋ ਚੁੱਕੀ ਹੈ ਕਿ ਕਰੁਣਾਨਿਧੀ ਦਾ ਭਤੀਜਾ ਦਇਆਨਿਧੀ ਮਾਰਨ ਜਦੋਂ ਏæ ਰਾਜਾ ਤੋਂ ਪਹਿਲਾਂ ਏਸੇ ਮਹਿਕਮੇ ਦਾ ਮੰਤਰੀ ਹੁੰਦਾ ਸੀ, ਉਸ ਨੇ ਸਰਕਾਰੀ ਟੈਲੀਫੋਨ ਕੰਪਨੀ ਦੀਆਂ ਤਿੰਨ ਸੌ ਫੋਨ ਲਾਈਨਾਂ ਆਪਣੇ ਘਰ ਲਈ ਮੰਗ ਕੇ ਆਪਣੇ ਭਰਾ ਦੀ ਟੈਲੀਕਾਮ ਕੰਪਨੀ ਨੂੰ ਵਰਤਣ ਲਈ ਦੇ ਛੱਡੀਆਂ ਸਨ। ਬੜਾ ਕੁਝ ਹੋਰ ਵੀ ਏਸੇ ਤਰ੍ਹਾਂ ਦਾ ਸਾਹਮਣੇ ਆ ਚੁੱਕਾ ਹੈ। ਸਵਾਲ ਹੁਣ ਕਿਸੇ ਏæ ਰਾਜਾ, ਦਇਆਨਿਧੀ ਮਾਰਨ ਜਾਂ ਹੋਰਨਾਂ ਦਾ ਨਾਂ ਹੋ ਕੇ ਖੁਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਹੈ ਕਿ ਕੀ ਉਨ੍ਹਾਂ ਨੂੰ ਆਪਣੇ ਕਿਸੇ ਵੀ ਮੰਤਰੀ ਬਾਰੇ ਪਤਾ ਨਹੀਂ ਸੀ ਲੱਗਦਾ ਕਿ ਉਹ ਕਿਸ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮ ਕਰ ਰਹੇ ਹਨ? ਉਨ੍ਹਾ ਕੋਲ ਕਈ ਕਿਸਮ ਦੀਆਂ ਸੂਹਾਂ ਕੱਢਣ ਵਾਲੀਆਂ ਖੁਫੀਆ ਏਜੰਸੀਆਂ ਸਨ, ਕੀ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਨ੍ਹਾ ਨੂੰ ਨਹੀਂ ਸੀ ਦੱਸਿਆ ਕਿ ਆਹ ਕੁਝ ਹੋ ਰਿਹਾ ਹੈ, ਜਾਂ ਫਿਰ ਉਹ ਪਤਾ ਲੱਗਣ ਦੇ ਬਾਵਜੂਦ ਉਹ ਇਸ ਲਈ ਚੁੱਪ ਕੀਤੇ ਰਹੇ ਕਿ ਮੇਰੀ ਕੁਰਸੀ ਬਚੀ ਰਹੇ? ਜੇ ਏਦਾਂ ਸੀ ਤਾਂ ਇਹ ਵੀ ਗਲਤ ਹੀ ਸੀ।
ਅੱਜ ਲੋਕ ਪੁੱਛ ਰਹੇ ਹਨ ਕਿ ਪੀæ ਚਿਦੰਬਰਮ ਤਾਂ ਚੰਗਾ ਬੰਦਾ ਸਮਝਿਆ ਜਾਂਦਾ ਸੀ, ਇਹ ਇਸ ਤਰ੍ਹਾਂ ਦਾ ਕਿਵੇਂ ਹੋ ਗਿਆ? ਇਹ ਕਹਿਣ ਵਾਲਿਆਂ ਨੂੰ ਚਿਦੰਬਰਮ ਦਾ ਪਿਛੋਕੜ ਜਾਂ ਤਾਂ ਪੂਰਾ ਪਤਾ ਨਹੀਂ ਜਾਂ ਉਹ ਭੁੱਲ ਚੁੱਕੇ ਹਨ।
ਰਾਜੀਵ ਗਾਂਧੀ ਦੀ ਅਚਾਨਕ ਮੌਤ ਨਾਲ ਨਰਸਿਮਹਾ ਰਾਓ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ, ਜਿਹੜਾ ਉਂਜ ਉਸ ਵਾਰੀ ਚੋਣ ਵੀ ਨਹੀਂ ਸੀ ਲੜ ਰਿਹਾ ਤੇ ਸੰਨਿਆਸ ਲੈ ਕੇ ਘਰ ਜਾਣ ਲਈ ਬਿਸਤਰਾ ਬੰਨ੍ਹੀ ਬੈਠਾ ਸੀ। ਓਦੋਂ ਤੱਕ ਉਹ ਵੀ ਬੜਾ ਇਮਾਨਦਾਰ ਗਿਣਿਆ ਜਾਂਦਾ ਸੀ। ਕੁਝ ਸਮੇਂ ਬਾਅਦ ਉਸ ਦੇ ਖਿਲਾਫ ਏਨੇ ਕੇਸ ਬਣ ਗਏ ਕਿ ਅਹੁਦਾ ਛੱਡਣ ਮਗਰੋਂ ਉਸ ਨੂੰ ਜੇਲ੍ਹ ਦਾ ਫਾਟਕ ਵੇਖਣਾ ਪੈ ਗਿਆ ਸੀ। ਹੁਣ ਚਰਚਾ ਵਿੱਚ ਆਇਆ ਪੀæ ਚਿਦੰਬਰਮ ਉਸ ਦੀ ਸਰਕਾਰ ਵਿੱਚ ਵੀ ਸੀ ਤੇ ਇਸ ਨੂੰ ਓਦੋਂ ਵੀ ਇੱਕ ਵਾਰ ਦਾਗੀ ਹੋਣ ਕਰ ਕੇ ਅਸਤੀਫਾ ਦੇਣਾ ਪਿਆ ਸੀ। ਮਾਮਲਾ ਇੱਕ ਸਕਿਓਰਟੀ ਸਕੈਂਡਲ ਦਾ ਸੀ, ਜਿਸ ਨੇ ਭਾਰਤ ਦੀ ਸਾਰੀ ਸ਼ੇਅਰ ਮਾਰਕੀਟ ਹੀ ਨਹੀਂ, ਸਾਰੀ ਆਰਥਿਕਤਾ ਹਿਲਾ ਕੇ ਰੱਖ ਦਿੱਤੀ ਸੀ। ਉਸ ਸਕੈਂਡਲ ਦਾ ਸੂਤਰਧਾਰ ਹਰਸ਼ਦ ਮਹਿਤਾ ਨਾਂਅ ਦਾ ਬੰਦਾ ਸੀ, ਜਿਸ ਨੇ ਫੇਅਰਫੈਕਸ ਨਾਂਅ ਵਾਲੀ ਇੱਕ ਕੰਪਨੀ ਬਣਾ ਕੇ ਸਾਰੀ ਕਲਾਬਾਜ਼ੀ ਕੀਤੀ ਸੀ। ਕਿਸੇ ਤਰ੍ਹਾਂ ਇਹ ਭੇਦ ਖੁੱਲ੍ਹ ਗਿਆ ਕਿ ਹਰਸ਼ਦ ਮਹਿਤਾ ਦੀ ਉਸ ਜਾਅਲਸਾਜ਼ ਕੰਪਨੀ ਵਿੱਚ ਉਸ ਵਕਤ ਦੇ ਵਪਾਰ ਮੰਤਰੀ ਚਿਦੰਬਰਮ ਨੇ ਦਸ ਹਜ਼ਾਰ ਸ਼ੇਅਰ ਖਰੀਦੇ ਹਨ ਅਤੇ ਉਸ ਨੂੰ ਉਹ ਸ਼ੇਅਰ ਓਦੋਂ ਦਸ ਰੁਪੈ ਪ੍ਰਤੀ ਸ਼ੇਅਰ ਦੇ ਹਿਸਾਬ ਦਿੱਤੇ ਗਏ, ਜਦੋਂ ਸ਼ੇਅਰ ਦੀ ਮਾਰਕੀਟ ਕੀਮਤ ਚਰਵੰਜਾ ਰੁਪੈ ਸੀ ਤੇ ਫਿਰ ਉਹ ਵਧਦੀ ਗਈ ਸੀ। ਸਾਫ ਹੈ ਕਿ ਖਰੀਦਣ ਵੇਲੇ ਹੀ ਚਿਦੰਬਰਮ ਦਾ ਦਸਵੰਧ ਕੱਢ ਦਿੱਤਾ ਗਿਆ ਸੀ। ਰੌਲਾ ਪਿਆ ਤਾਂ ਚਿਦੰਬਰਮ ਨੇ ਅਸਤੀਫਾ ਦੇ ਦਿੱਤਾ ਅਤੇ ਘਾਬਰੇ ਹੋਏ ਪੀ ਵੀ ਨਰਸਿਮਹਾ ਰਾਓ ਨੇ ਕਾਹਲੀ ਵਿੱਚ ਮਨਜ਼ੂਰ ਕਰ ਲਿਆ, ਜਿਸ ਲਈ ਚਿਦੰਬਰਮ ਨੇ ਉਸ ਨੂੰ ਫਿਰ ਕਦੇ ਮੁਆਫ ਨਹੀਂ ਸੀ ਕੀਤਾ। ਫੇਅਰਫੈਕਸ ਕੰਪਨੀ ਵਾਲੇ ਉਸ ਕੇਸ ਵਿੱਚ ਚਿਦੰਬਰਮ ਨੇ, ਹਾਲਾਂਕਿ ਉਹ ਆਪ ਵੀ ਵਕੀਲ ਸੀ, ਜਿਸ ਵਕੀਲ ਦੀਆਂ ਸੇਵਾਵਾਂ ਲਈਆਂ, ਉਹ ਭਾਜਪਾ ਆਗੂ ਅਰੁਣ ਜੇਤਲੀ ਸੀ। ਉਸ ਕੇਸ ਵਿੱਚੋਂ ਚਿਦੰਬਰਮ ਬਚ ਗਿਆ ਸੀ, ਪਰ ਦਾਗ ਤਾਂ ਲੱਗ ਚੁੱਕਾ ਸੀ।
ਏਸੇ ਪੀæ ਚਿਦੰਬਰਮ ਬਾਰੇ ਇੱਕ ਹੋਰ ਕਹਾਣੀ ਵੀ ਹੈ। ਅਮਰੀਕਾ ਦੀ ਇੱਕ ਕੰਪਨੀ ਐਨਰਾਨ ਨੇ ਮਹਾਰਾਸ਼ਟਰ ਦੇ ਡਬਹੋਲ ਵਿੱਚ ਇੱਕ ਬਿਜਲੀ ਪਲਾਂਟ ਲਾਉਣਾ ਸੀ, ਜਿਸ ਦਾ ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ ਨੇ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਸ ਦੀ ਮਨਜ਼ੂਰੀ ਪੈਸੇ ਲੈ ਕੇ ਦਿੱਤੀ ਜਾ ਰਹੀ ਹੈ। ਨਰਸਿਮਹਾ ਰਾਓ ਦੀ ਸਰਕਾਰ ਟੁੱਟ ਗਈ ਤੇ ਦੇਵਗੌੜਾ ਵਾਲੀ ਤੀਜੇ ਮੋਰਚੇ ਦੀ ਬਣਨ ਤੋਂ ਪਹਿਲਾਂ ਇੱਕ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣ ਗਈ, ਜਿਸ ਨੂੰ ਭਰੋਸੇ ਦਾ ਵੋਟ ਨਾ ਮਿਲ ਸਕਣ ਕਾਰਨ ਤੇਰਾਂ ਦਿਨਾਂ ਵਿੱਚ ਗੱਦੀ ਛੱਡਣੀ ਪਈ ਸੀ। ਕਮਾਲ ਦੀ ਗੱਲ ਇਹ ਕਿ ਓਦੋਂ ਤੱਕ ਐਨਰਾਨ ਕੰਪਨੀ ਦੇ ਬਿਜਲੀ ਪ੍ਰਾਜੈਕਟ ਦਾ ਵਿਰੋਧ ਕਰਨ ਵਾਲੀ ਭਾਜਪਾ ਤੇ ਸ਼ਿਵ ਸੈਨਾ ਦੀ ਸਾਂਝੀ ਸਰਕਾਰ ਨੇ ਉਨ੍ਹਾਂ ਤੇਰਾਂ ਦਿਨਾਂ ਵਿੱਚ ਹੀ ਉਸੇ ਪ੍ਰਾਜੈਕਟ ਨੂੰ ਪਾਸ ਕਰ ਦਿੱਤਾ। ਜੇ ਨਰਸਿਮਹਾ ਰਾਓ ਸਰਕਾਰ ਕਰਦੀ ਤਾਂ ਇਸ ਨੂੰ ਪੈਸੇ ਲੈ ਕੇ ਪਾਸ ਕੀਤਾ ਕਹਿਣ ਵਾਲਿਆਂ ਨੇ ਆਪ ਕਿਹੜਾ ਉਸ ਨੂੰ ਪੁੰਨ ਦਾ ਕੰਮ ਸਮਝ ਕੇ ਮੁਫਤ ਕੀਤਾ ਹੋਵੇਗਾ? ਫਿਰ ਤੇਰਾਂ ਦਿਨਾਂ ਵਿੱਚ ਹੀ ਪਾਸ ਕਰਨ ਦੀ ਕੀ ਕਾਹਲੀ ਸੀ, ਇਸ ਦਾ ਜਵਾਬ ਕਦੇ ਵੀ ਭਾਜਪਾ ਨਹੀਂ ਦੇ ਸਕੀ, ਪਰ ਇਹ ਚਰਚਾ ਹਰ ਪਾਸੇ ਸੀ ਕਿ ਉਹ ਕੰਪਨੀ ਲੈ-ਦੇ ਕੇ ਕੰਮ ਕਰਵਾਉਣੇ ਜਾਣਦੀ ਹੈ। ਕੁਝ ਸਮੇਂ ਬਾਅਦ ਐਨਰਾਨ ਕੰਪਨੀ ਨੂੰ ਆਪਣੇ ਦੇਸ਼ ਅਮਰੀਕਾ ਵਿੱਚ ਹੀ ਕਾਰੋਬਾਰੀ ਅਸੂਲਾਂ ਦੀ ਉਲੰਘਣਾ ਦੇ ਦੋਸ਼ ਦਾ ਸਾਹਮਣਾ ਕਰਨਾ ਪੈ ਗਿਆ ਤੇ ਉਹ ਦੀਵਾਲੀਆ ਹੋ ਗਈ, ਜਿਸ ਕਾਰਨ ਅਮਰੀਕਾ ਦੇ ਕਈ ਰਾਜਸੀ ਆਗੂ ਵੀ ਦਾਗੀ ਹੋ ਗਏ। ਕਮਾਲ ਦੀ ਗੱਲ ਇਹ ਵੀ ਹੈ ਕਿ ਉਸ ਕੰਪਨੀ ਦੇ ਵਕੀਲ ਦੀ ਸੇਵਾ ਵੀ ਇਹੋ ਪੀæ ਚਿਦੰਬਰਮ ਨਿਭਾ ਚੁੱਕਾ ਹੈ।
ਬਰਤਾਨੀਆ ਦੀ ਵੇਦਾਂਤਾ ਰਿਸੋਰਸਿਜ਼ ਕੰਪਨੀ ਵੱਲੋਂ ਉਹ ਬੰਬੇ ਹਾਈ ਕੋਰਟ ਵਿੱਚ ਵਕੀਲ ਵਜੋਂ ਪੇਸ਼ ਹੁੰਦਾ ਰਿਹਾ ਹੈ ਅਤੇ ਫਿਰ ਉਸ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਵਿੱਚ ਵੀ ਰਹਿ ਚੁੱਕਾ ਹੈ। ਉਸ ਕੰਪਨੀ ਦੇ ਨਾਂਅ ਨਾਲ ਵੀ ਕਈ ਵਿਵਾਦ ਜੁੜਦੇ ਰਹੇ ਹਨ। ਇਸ ਤਰ੍ਹਾਂ ਦੀਆਂ ਕਈ ਕੰਪਨੀਆਂ ਨਾਲ ਚਿਦੰਬਰਮ ਦਾ ਵਾਸਤਾ ਰਹਿ ਚੁੱਕਾ ਹੈ, ਜਿਹੜੀਆਂ ਇੱਕ ਜਾਂ ਦੂਜੇ ਕਾਰਨ ਕਰ ਕੇ ਚਰਚਾ ਵਿੱਚ ਰਹਿ ਚੁੱਕੀਆਂ ਹਨ। ਇੱਕ ਕੇਸ ਵਿੱਚ ਪੀæ ਚਿਦੰਬਰਮ ਦੇ ਖਜ਼ਾਨਾ ਮੰਤਰੀ ਹੁੰਦਿਆਂ ਉਸ ਦੇ ਮਹਿਕਮੇ ਵੱਲੋਂ ਉਸ ਦੇ ਪਰਵਾਰ ਦੇ ਇੱਕ ਜੀਅ ਨੂੰ ਵਕੀਲ ਕੀਤੇ ਜਾਣ ਅਤੇ ਮਾਮਲਾ ਰਫ਼ਾ-ਦਫ਼ਾ ਕਰਨ ਦੇ ਚਰਚੇ ਵੀ ਚੱਲੇ ਸਨ। ਹਾਲੇ ਵੀ ਚਿਦੰਬਰਮ ਸਾਫ ਕਿਰਦਾਰ ਵਾਲਾ ਸਿਆਸੀ ਆਗੂ ਗਿਣਿਆ ਜਾਂਦਾ ਹੈ। ਇਹ ਭਾਰਤੀ ਰਾਜਨੀਤੀ ਦੀ ਤ੍ਰਾਸਦੀ ਹੀ ਹੈ।
ਹੁਣ ਜਿੱਥੋਂ ਤੱਕ ਗੱਲ ਜਾ ਪਹੁੰਚੀ ਹੈ, ਪ੍ਰਧਾਨ ਮੰਤਰੀ ਨੂੰ ਚਿਦੰਬਰਮ ਦਾ ਬਚਾਅ ਕਰਨ ਵਿੱਚ ਮੁਸ਼ਕਲ ਆਵੇਗੀ। ਸੂਚਨਾ ਅਧਿਕਾਰ ਕਾਨੂੰਨ ਦਾ ਲਾਭ ਲੈ ਕੇ ਭਾਜਪਾ ਦੇ ਆਰ ਟੀ ਆਈ (ਰਾਈਟ ਟੂ ਇਨਫਰਮੇਸ਼ਨ) ਸੈੱਲ ਨਾਲ ਸੰਬੰਧ ਰੱਖਦੇ ਇੱਕ ਨੇਤਾ ਨੇ ਟੂ-ਜੀ ਸਪੈਕਟਰਮ ਮਾਮਲੇ ਵਿੱਚ ਕੁਝ ਚਿੱਠੀਆਂ ਬਾਰੇ ਜਾਣਕਾਰੀ ਮੰਗੀ ਸੀ। ਜਾਣਕਾਰੀ ਦੇਣੀ ਹੀ ਪੈਣੀ ਸੀ ਅਤੇ ਦਿੱਤੀ ਗਈ ਤਾਂ ਦੋ ਗੱਲਾਂ ਦਾ ਭੇਦ ਖੁੱਲ੍ਹ ਗਿਆ। ਪਹਿਲੀ ਇਹ ਕਿ ਜਦੋਂ ਏæ ਰਾਜਾ ਵੱਲੋਂ ਸਪੈਕਟਰਮ ਦੀ ਨਿਲਾਮੀ ਦੀ ਥਾਂ ਅੰਦਰ-ਖਾਤੇ ਦੀ ਸੌਦੇਬਾਜ਼ੀ ਕਰ ਕੇ ਸਰਕਾਰੀ ਖਜ਼ਾਨੇ ਨੂੰ ਰਗੜਾ ਲਾਇਆ ਜਾ ਰਿਹਾ ਸੀ, ਓਦੋਂ ਉਸ ਦੇ ਪੱਖ ਵਿੱਚ ਪੀæ ਚਿਦੰਬਰਮ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮਾਮਲਾ ਖਤਮ ਕਰਨ ਦੀ ਸਿਫਾਰਸ਼ ਕੀਤੀ ਸੀ। ਦੂਸਰਾ ਭੇਦ ਇਹ ਕਿ ਹੁਣ ਵਾਲੇ ਖਜ਼ਾਨਾ ਮੰਤਰੀ ਪ੍ਰਣਬ ਮੁਕਰਜੀ ਨੇ ਛੇ ਕੁ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖ ਕੇ ਕਿਹਾ ਸੀ ਕਿ ਏæ ਰਾਜਾ ਦੇ ਮਾਮਲੇ ਵਿੱਚ ਓਦੋਂ ਚਿਦੰਬਰਮ ਦਾ ਖਜ਼ਾਨਾ ਮੰਤਰੀ ਵਜੋਂ ਦਖਲ ਗਲਤ ਢੰਗ ਨਾਲ ਦਿੱਤਾ ਗਿਆ ਸੀ। ਜੇ ਚਿਦੰਬਰਮ ਓਦੋਂ ਚਾਹੁੰਦੇ ਤਾਂ ਏæ ਰਾਜਾ ਨੂੰ ਸਪੈਕਟਰਮ ਦੀ ਧਾਂਦਲੀ ਕਰਨ ਤੋਂ ਰੋਕ ਸਕਦੇ ਸਨ, ਪਰ ਉਨ੍ਹਾ ਨੇ ਰੋਕੀ ਨਹੀਂ ਸੀ, ਸਗੋਂ ਰਾਜਾ ਦੀ ਸਿਫਾਰਸ਼ ਕਰ ਕੇ ਗਲਤ ਕੰਮ ਕੀਤਾ ਸੀ।
ਇਹ ਦੋਵੇਂ ਚਿੱਠੀਆਂ ਸਾਹਮਣੇ ਆਉਣ ਤੋਂ ਬਾਅਦ ਗੱਲ ਸਿਰਫ ਚਿਦੰਬਰਮ ਤੱਕ ਸੀਮਤ ਰਹਿਣ ਵਾਲੀ ਨਹੀਂ, ਸਗੋਂ ਪ੍ਰਧਾਨ ਮੰਤਰੀ ਤੱਕ ਆ ਸਕਦੀ ਹੈ। ਜੇਲ੍ਹ ਬੈਠੇ ਏæ ਰਾਜਾ ਦੀ ਇੱਕ ਪੇਸ਼ੀ ਮੌਕੇ ਵਕੀਲਾਂ ਨੇ ਹੜਤਾਲ ਕੀਤੀ ਹੋਈ ਸੀ। ਉਸ ਦਿਨ ਦਾ ਮੌਕਾ ਏæ ਰਾਜਾ ਨੇ ਜੱਜ ਸਾਹਿਬਾਨ ਨਾਲ ਆਪ ਖੁੱਲ੍ਹੀਆਂ ਗੱਲਾਂ ਕਰਨ ਲਈ ਵਰਤ ਲਿਆ ਤੇ ਇਹ ਵੀ ਦੱਸ ਦਿੱਤਾ ਕਿ ਜੋ ਕੁਝ ਉਸ ਨੇ ਕੀਤਾ ਸੀ, ਉਸ ਬਾਰੇ ਪ੍ਰਧਾਨ ਮੰਤਰੀ ਨੂੰ ਵੀ ਪਤਾ ਸੀ। ਏæ ਰਾਜਾ ਦੇ ਇਹ ਦੱਸਣ ਦੇ ਦਿਨ ਤੋਂ ਹੀ ਇਹ ਗੱਲ ਕਹੀ ਜਾਣ ਲੱਗ ਪਈ ਕਿ ਜੇ ਪਤਾ ਹੋਣ ਦੇ ਬਾਵਜੂਦ ਇਹ ਸਕੈਂਡਲ ਵਾਪਰਨ ਤੋਂ ਪ੍ਰਧਾਨ ਮੰਤਰੀ ਨੇ ਰੋਕਣ ਦੀ ਕੋਸ਼ਿਸ਼ ਨਹੀਂ ਸੀ ਕੀਤੀ ਤਾਂ ਉਸ ਨੇ ਵੀ ਗਲਤ ਕੀਤਾ ਸੀ। ਹੁਣ ਸਿੱਧੀ ਉਂਗਲ ਉਠਾਈ ਜਾਣ ਲੱਗੀ ਹੈ।
ਆਪਣੀ ਇਸ ਹਾਲਤ ਲਈ ਪ੍ਰਧਾਨ ਮੰਤਰੀ ਖੁਦ ਜ਼ਿਮੇਵਾਰ ਹੈ। ਉਹ ਆਰਥਿਕ ਪੜ੍ਹਾਈ ਦਾ ਡਾਕਟਰ ਹੋਣ ਦੀ ਬਜਾਏ ਜੇ ਸਰੀਰ ਵਿਗਿਆਨ ਦੀ ਸਰਜਰੀ ਦਾ ਡਾਕਟਰ ਹੁੰਦਾ ਤਾਂ ਉਸ ਨੂੰ ਪਤਾ ਹੋਣਾ ਸੀ ਕਿ ਜਦੋਂ ਇੱਕ ਅੰਗ ਦੇ ਜ਼ਖਮ ਦੀ ਵਧ ਰਹੀ ਲਾਗ ਕਾਬੂ ਨਾ ਆਵੇ ਤਾਂ ਸਾਰੇ ਸਰੀਰ ਵਿੱਚ ਜ਼ਹਿਰ ਫੈਲਣ ਤੋਂ ਰੋਕਣ ਲਈ ਉਹ ਅੰਗ ਕੱਟਣ ਦਾ ਫੈਸਲਾ ਛੇਤੀ ਕਰਨਾ ਪੈਂਦਾ ਹੈ। ਇਸ ਗੱਲ ਵਿੱਚ ਸਮਾਂ ਨਹੀਂ ਗੁਆਇਆ ਜਾ ਸਕਦਾ। ਮਨਮੋਹਨ ਸਿੰਘ ਨੇ ਕਦੇ ਵੀ ਵਕਤ ਨਹੀਂ ਸੰਭਾਲਿਆ ਅਤੇ ਹਰ ਜ਼ਖਮ ਮੁੱਢਲੇ ਪੜਾਅ ਵਿੱਚ ਪੱਟੀਆਂ ਲਪੇਟ ਕੇ ਲੁਕਾਉਣ ਦੇ ਯਤਨ ਕੀਤੇ ਹਨ। ਏæ ਰਾਜਾ ਬਾਰੇ ਵੀ ਪਹਿਲਾਂ ਇਹ ਕਿਹਾ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ। ਉਸ ਨੇ ਦਇਆਨਿਧੀ ਮਾਰਨ ਬਾਰੇ ਵੀ ਪਹਿਲਾਂ ਇਹੋ ਕਿਹਾ ਸੀ ਕਿ ਉਹ ਗਲਤ ਨਹੀਂ ਹੈ। ਸੁਰੇਸ਼ ਕਲਮਾਡੀ ਬਾਰੇ ਵੀ ਪਹਿਲਾਂ ਉਸ ਦਾ ਇਹੋ ਕਹਿਣਾ ਸੀ ਕਿ ਉਹ ਕੁਝ ਗਲਤ ਨਹੀਂ ਕਰ ਰਿਹਾ। ਹੁਣ ਪੀæ ਚਿਦੰਬਰਮ ਬਾਰੇ ਵੀ ਉਸ ਨੇ ਅਮਰੀਕਾ ਤੋਂ ਟੈਲੀਫੋਨ ਕਰ ਕੇ ਇਹੋ ਪ੍ਰਭਾਵ ਦੇਣ ਦਾ ਯਤਨ ਕੀਤਾ ਹੈ ਕਿ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ। ਹਾਲਾਤ ਜਿਸ ਪਾਸੇ ਨੂੰ ਜਾ ਰਹੇ ਹਨ, ਉਨ੍ਹਾਂ ਦੇ ਹੁੰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਪਣੇ ਗ੍ਰਹਿ ਮੰਤਰੀ ਚਿਦੰਬਰਮ ਨੂੰ ਬਚਾ ਸਕਣਗੇ, ਇਸ ਦੀ ਸੰਭਾਵਨਾ ਘੱਟ ਜਾਪਦੀ ਹੈ ਤੇ ਜੇ ਉਹ ਸੰਭਾਵਨਾਵਾਂ ਦੇ ਉਲਟ ਬੇੜੀ ਚਲਾਉਣ ਲੱਗੇ ਰਹੇ ਤਾਂ ਇੱਕ ਦਿਨ ਇਹੋ ਚਿਦੰਬਰਮ ਉਨ੍ਹਾਂ ਦੀ ਬੇੜੀ ਵਿੱਚ ਪਿਆ ਇਹੋ ਜਿਹਾ ਪੱਥਰ ਬਣ ਜਾਵੇਗਾ, ਜਿਹੜਾ ਸਾਰੀ ਸਰਕਾਰ ਨੂੰ ਡੁੰਮ੍ਹ ਵਿੱਚ ਡੋਬ ਦੇਵੇਗਾ।

No comments:

Post a Comment