ਭਾਰਤ ਦੀ ਪਹਿਲੀ ਲੋਕਤੰਤਰੀ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਅਣਗੌਲੇ ਮੁੱਦੇ
ਭਾਵੇਂ ਇਹ ਸਤਰਾਂ ਲਿਖਣ ਵੇਲੇ ਸਾਰੇ ਭਾਰਤ ਦੇ ਲੋਕਾਂ ਦਾ ਧਿਆਨ ਅੰਨਾ ਹਜ਼ਾਰੇ ਦੇ ਵਰਤ ਬਾਰੇ ਸਰਕਾਰ ਜਾਂ ਸਿਆਸੀ ਪਾਰਟੀਆਂ ਦੇ ਵਤੀਰੇ ਵੱਲ ਲੱਗਾ ਹੋਇਆ ਹੈ, ਅਸੀਂ ਉਸ ਦੀ ਗੱਲ
ਕਿਸੇ ਅਗਲੇ ਮੌਕੇ ਲਈ ਰਾਖਵੀਂ ਰੱਖ ਕੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਚਰਚਾ ਕਰਨਾ ਠੀਕ ਜਾਣਿਆ ਹੈ। ਇਹ ਭਾਰਤ ਦੀ ਸਭ ਤੋਂ ਪਹਿਲੀ ਚੁਣੀ ਹੋਈ ਲੋਕਤੰਤਰੀ ਸੰਸਥਾ ਸੀ ਅਤੇ ਇਸ ਵਿੱਚ ਇਸਤਰੀ-ਮਰਦ ਨੂੰ ਬਰਾਬਰ ਵੋਟ ਦਾ ਹੱਕ ਓਦੋਂ ਮਿਲ ਗਿਆ ਸੀ, ਜਦੋਂ ਕਈ ਦੇਸ਼ਾਂ ਵਿੱਚ ਪਾਰਲੀਮੈਂਟ ਲਈ ਵੀ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ ਮਿਲਿਆ। ਇਹ ਸੰਸਥਾ ਬਣਨ ਨਾਲ ਅਨੇਕਾਂ ਲੋਕਾਂ ਦੀਆਂ ਕੁਰਬਾਨੀਆਂ ਜੁੜੀਆਂ ਹੋਣ ਦੀ ਗੱਲ ਸਭ ਨੂੰ ਪਤਾ ਹੈ, ਪਰ ਇਸ ਨੂੰ ਜਿਵੇਂ ਅਕਾਲੀ ਆਗੂਆਂ ਵੱਲੋਂ ਪੇਸ਼ ਕੀਤਾ ਜਾਂਦਾ ਹੈ, ਉਹ ਵੀ ਬਿਲਕੁਲ ਗਲਤ ਹੈ। ਜਿਨ੍ਹਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਸਨ, ਉਹ ਮਹੰਤਾਂ ਦੇ ਪ੍ਰਬੰਧ ਹੇਠ ਗੁਰਦੁਆਰਿਆਂ ਅੰਦਰ ਹੋ ਰਹੇ ਕੁਕਰਮਾਂ ਤੋਂ ਤੰਗ ਸਨ, ਜਦ ਕਿ ਅੱਜ ਇਸ ਦੀ ਚਰਚਾ ਉਹ ਅਕਾਲੀ ਨੇਤਾ ਕਰਦੇ ਹਨ, ਜਿਨ੍ਹਾਂ ਨੇ ਆਪ ਇਸ ਪ੍ਰਬੰਧ ਨੂੰ ਪਲੀਤ ਕਰਨ ਵਿੱਚ ਕਸਰ ਨਹੀਂ ਛੱਡੀ। ਸ਼ੇਰਾਂ ਦੀਆਂ ਮਾਰਾਂ ਉੱਤੇ ਗਿੱਦੜਾਂ ਨੂੰ ਮੌਜ ਦਾ ਸਬੱਬ ਬਣਿਆ ਪਿਆ ਹੈ, ਜਿਹੜੇ ਖਾਂਦੇ ਵੀ ਹਨ ਅਤੇ ਹਵਾਂਕਦੇ ਵੀ ਹਨ।
ਅਸੀਂ ਇਹ ਚੇਤਾ ਨਹੀਂ ਭੁੱਲ ਸਕਦੇ ਕਿ ਜਿਹੜੇ ਲੋਕਾਂ ਨੇ ਓਦੋਂ ਇਸ ਲਹਿਰ ਦੀ ਅਗਵਾਈ ਕੀਤੀ ਸੀ, ਉਨ੍ਹਾਂ ਦੇ ਅਕਸ ਉੱਤੇ ਕੋਈ ਦਾਗ ਨਹੀਂ ਸੀ। ਲੋਕਾਂ ਨੇ ਬੇਦਾਗ ਹੋਣ ਕਰ ਕੇ ਹੀ ਉਨ੍ਹਾਂ ਨੂੰ ਆਪਣੇ ਜਥਿਆਂ ਦੇ ਆਗੂ ਚੁਣਿਆ ਸੀ ਤੇ ਏਸੇ ਤੋਂ ਤਖਤਾਂ ਦੇ 'ਜਥੇਦਾਰ' ਦੀ ਪਦਵੀ ਦੀ ਆਰੰਭਤਾ ਹੋਈ ਸੀ, ਉਸ ਤੋਂ ਪਹਿਲਾਂ ਇਹ ਸ਼ਬਦ ਓਥੇ ਕਦੇ ਨਹੀਂ ਸੀ ਵਰਤਿਆ ਗਿਆ, ਸਗੋਂ ਪੁਜਾਰੀ ਅਤੇ ਸਰਬਰਾਹ ਹੁੰਦੇ ਸਨ। ਜੱਲ੍ਹਿਆਂਵਾਲਾ ਕਾਂਡ ਲਈ ਬਦਨਾਮ ਹੋ ਚੁੱਕੇ ਡਾਇਰ ਨੂੰ ਜਦੋਂ ਅਕਾਲ ਤਖਤ ਤੋਂ ਸਿਰੋਪਾ ਭੇਟ ਕੀਤਾ ਗਿਆ, ਇਹ ਪਾਪ ਕਮਾਉਣ ਵਾਲਾ ਮੁਖੀ ਅਰੂੜ ਸਿੰਘ ਵੀ 'ਸਰਬਰਾਹ' ਹੀ ਹੁੰਦਾ ਸੀ, ਉਹ ਜਥੇਦਾਰ ਨਹੀਂ ਸੀ। ਓਦੋਂ ਤੱਕ ਅਕਾਲ ਤਖਤ ਨੂੰ ਵੀ ਅਕਾਲ ਤਖਤ ਨਹੀਂ, ਇਸ ਦੀ ਥਾਂ 'ਅਕਾਲ ਬੁੰਗਾ' ਕਿਹਾ ਜਾਂਦਾ ਸੀ। ਫਿਰ ਕੁਰਬਾਨੀਆਂ ਕਰਨ ਅਤੇ ਆਪਣਾ ਅਕਸ ਬੇਦਾਗ ਰੱਖਣ ਵਾਲੇ ਲੋਕ ਹੌਲੀ-ਹੌਲੀ ਪਾਸੇ ਹੁੰਦੇ ਗਏ ਤੇ ਉਨ੍ਹਾਂ ਦੀ ਥਾਂ ਇਹੋ ਜਿਹੇ ਲੋਕ ਅੱਗੇ ਆਉਂਦੇ ਗਏ, ਜਿਨ੍ਹਾਂ ਲਈ ਗੁਰਦੁਆਰੇ ਨਾਲੋਂ ਗੋਲਕ ਦਾ ਪ੍ਰਬੰਧ ਕਰਨਾ ਵੱਡੀ ਗੱਲ ਸੀ। ਉਹ ਗੁਰੂ ਘਰਾਂ ਨੂੰ ਸਿੱਖੀ ਸ਼ਰਧਾ ਦੇ ਅਸਥਾਨ ਤੋਂ ਰਾਜਨੀਤੀ ਦੇ ਅਖਾੜੇ ਬਣਾਉਣ ਤੱਕ ਪਹੁੰਚ ਗਏ। ਕੁਝ ਮੌਕੇ ਇਹੋ ਜਿਹੇ ਆਏ ਸਨ, ਜਦੋਂ ਅੰਗਰੇਜ਼ ਦੀ ਪੁਲਸ ਨੇ ਕਿਹਾ ਸੀ ਕਿ ਫਲਾਣਾ ਬੰਦਾ ਗ੍ਰਿਫਤਾਰ ਕਰਨਾ ਹੈ ਤੇ ਓਦੋਂ ਦੇ ਪ੍ਰਬੰਧਕਾਂ ਨੇ ਉਸ ਨੂੰ ਆਪ ਜਾ ਕੇ ਗ੍ਰਿਫਤਾਰੀ ਦੇਣ ਲਈ ਕਿਹਾ ਸੀ। ਇਹ ਰਵਾਇਤ ਭਾਈ ਮਨੀ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਦੇ ਵਕਤ ਤੋਂ ਤੁਰੀ ਆਈ ਸੀ। ਹੁਣ ਉਹ ਗੱਲਾਂ ਨਹੀਂ ਰਹੀਆਂ। ਪਿਛਲੇ ਮਹੀਨੇ ਅਸੀਂ ਇਹ ਪੜ੍ਹ ਲਿਆ ਹੈ ਕਿ ਕਈ ਦਰਜਨਾਂ ਇਹੋ ਜਿਹੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸੇਵਾਦਾਰ ਤੋਂ ਨਿਗਰਾਨ ਤੱਕ ਦੀਆਂ ਨੌਕਰੀਆਂ ਕਰ ਰਹੇ ਹਨ, ਜਿਹੜੇ ਪੁਲਸ ਦੇ ਰਿਕਾਰਡ ਵਿੱਚ 'ਦਸ ਨੰਬਰੀਆ ਬਦਮਾਸ਼' ਵਜੋਂ ਦਰਜ ਹਨ। ਇਹੋ ਜਿਹੇ ਕੁਝ ਸੱਜਣ ਸ਼੍ਰੋਮਣੀ ਕਮੇਟੀ ਦੇ 'ਸਤਿਕਾਰਤ' ਮੈਂਬਰ ਵੀ ਬਣ ਜਾਂਦੇ ਹਨ। ਜੇ ਫੇਰ ਵੀ ਕੋਈ ਪੁਰਾਣੇ ਕਾਂਡਾਂ ਦੀ ਕਥਾ ਸੁਣਾ ਕੇ ਵੋਟਾਂ ਮੰਗ ਰਿਹਾ ਹੈ ਤਾਂ ਉਸ ਦੀ 'ਹਿੰਮਤ' ਦੀ ਦਾਦ ਦੇਣੀ ਬਣਦੀ ਹੈ।
ਇੱਕ ਬੰਦਾ ਓਦੋਂ ਨਕਸਲੀਆਂ ਨਾਲ ਸੰਬੰਧ ਰੱਖਣ ਦੇ ਦੋਸ਼ ਵਿੱਚ ਪੁਲਸ ਨੇ ਬਦਮਾਸ਼ਾਂ ਦੇ ਇਸ ਰਜਿਸਟਰ ਵਿੱਚ ਦਰਜ ਕੀਤਾ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਹੁਰੀਂ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਸਨ ਤੇ ਉਨ੍ਹਾਂ ਨੇ ਨਕਸਲੀਆਂ ਦੇ ਸਫਾਏ ਨੂੰ ਆਪਣਾ ਮੁੱਖ ਨਿਸ਼ਾਨਾ ਮਿਥਿਆ ਸੀ। ਜਦੋਂ ਦੂਜੀ ਵਾਰੀ ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਉਹ 'ਦਸ ਨੰਬਰੀਆ' ਹੀ ਸੀ, ਪਰ ਤੀਜੀ ਵਾਰੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਾਦਲ ਅਕਾਲੀ ਦਲ ਦੀ ਟਿਕਟ ਉੱਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣ ਗਿਆ ਸੀ। ਫੇਰ ਉਸ ਦਾ ਨਾਂਅ ਉਸ ਰਜਿਸਟਰ ਵਿੱਚੋਂ ਕਟਵਾਇਆ ਗਿਆ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਫੇਰ ਓਸੇ ਖਾਤੇ ਵਿੱਚ ਲਿਖਵਾ ਦਿੱਤਾ ਤੇ ਜਿਨ੍ਹਾਂ ਪੁਲਸ ਅਫਸਰਾਂ ਨੇ ਪਹਿਲਾਂ ਕੱਟਿਆ ਸੀ, ਉਨਾਂ ਨੇ ਉਸ ਕਾਰਵਾਈ ਦੌਰਾਨ ਕੀਤੇ ਆਪਣੇ ਦਸਖਤ ਵੀ ਆਪ ਕੀਤੇ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਹੋ ਜਿਹੇ ਕਈ ਹੋਰ ਵੀ ਹੋ ਸਕਦੇ ਹਨ, ਭਾਵੇਂ ਉਨ੍ਹਾਂ ਦੀ ਕਦੇ ਚਰਚਾ ਚੱਲਦੀ ਨਹੀਂ ਸੁਣੀ ਗਈ।
ਪੰਜਾਬ ਦੇ ਸਮਾਜ ਵਿੱਚ ਬਦ-ਇਖਲਾਕੀ ਨੂੰ ਬੜੀ ਮਾੜੀ ਸਮਝਿਆ ਜਾਂਦਾ ਹੈ। ਏਥੇ ਪਿੰਡ ਦੀ ਧੀ-ਭੈਣ ਨੂੰ ਸਾਰੇ ਪਿੰਡ ਦੀ ਧੀ-ਭੈਣ ਸਮਝਿਆ ਜਾਂਦਾ ਹੈ। ਇੱਕ ਸੱਜਣ ਨੇ ਵਿਆਹੇ ਹੋਣ ਦੇ ਬਾਵਜੂਦ ਆਪਣੇ ਪਿੰਡ ਦੀ ਦੂਜੇ ਪਿੰਡ ਵਿੱਚ ਵਿਆਹੀ ਕੁੜੀ ਨਾਲ ਸੰਬੰਧ ਬਣਾਏ, ਬਿਨਾਂ ਤਲਾਕ ਤੋਂ ਉਸ ਨੂੰ ਪਤੀ ਤੋਂ ਵੱਖ ਕਰ ਕੇ ਨਾਲ ਲੱਗਦੇ ਛੋਟੇ ਸ਼ਹਿਰ ਵਿੱਚ ਰੱਖਿਆ ਅਤੇ ਉਸ ਤੋਂ ਪੈਦਾ ਹੋਏ ਬੱਚਿਆਂ ਦੇ ਖਾਤੇ ਵਿੱਚ ਪਿਤਾ ਵਜੋਂ ਆਪਣਾ ਨਾਂਅ ਲਿਖਵਾ ਲਿਆ, ਉਹ ਵੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ, ਅਹੁਦੇਦਾਰ ਵੀ ਬਣ ਗਿਆ ਸੀ। ਏਸੇ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਉੱਤੇ ਇਹ ਦੋਸ਼ ਲੱਗਾ ਕਿ ਸ੍ਰੀ ਹਰਮੰਦਰ ਸਾਹਿਬ ਦੇ ਇੱਕ ਨੇਤਰਹੀਣ ਰਾਗੀ ਦੀ ਪਤਨੀ ਦੀ ਇੱਜ਼ਤ ਨੂੰ ਹੱਥ ਪਾਇਆ ਹੈ, ਪਰ ਉਸ ਦੋਸ਼ੀ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਰਾਗੀ ਸਿੰਘ ਨੂੰ ਪੰਜਾਹ ਕਿਲੋਮੀਟਰ ਦੂਰ ਦੇ ਗੁਰਦੁਆਰੇ ਡਿਊਟੀ ਕਰਨ ਤੋਰ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦਾ ਮੈਂਬਰ ਉਸ ਦੇ ਬਾਅਦ ਵੀ 'ਸਤਿਕਾਰਤ' ਰਿਹਾ ਸੀ। ਜਿਸ ਕਮੇਟੀ ਵਿੱਚ ਇਹੋ ਜਿਹੇ ਲੋਕ ਹਨ, ਉਸ ਦੇ ਕਿਸੇ ਅਧਿਕਾਰੀ ਦੀ 'ਰੰਗ-ਬਿਰੰਗੀ' ਸੀ ਡੀ ਬਜ਼ਾਰਾਂ ਵਿੱਚ ਆ ਜਾਵੇ ਤਾਂ ਥੋੜ੍ਹੀ ਹੈਰਾਨੀ ਹੁੰਦੀ ਹੈ, ਬਹੁਤੀ ਨਹੀਂ। ਇਸੇ ਕਮੇਟੀ ਦੇ ਇੱਕ ਅਧਿਕਾਰੀ ਦੇ ਭਤੀਜੇ ਨੂੰ ਕੁਝ ਸਾਲ ਪਹਿਲਾਂ ਪੁਲਸ ਨੇ ਗੁਰਦਾਸਪੁਰ ਵਿੱਚ ਫੜ ਕੇ ਉਸ ਕੋਲੋਂ ਡੇਢ ਦਰਜਨ ਦੇ ਕਰੀਬ ਮੋਟਰ ਸਾਈਕਲ ਬਰਾਮਦ ਕੀਤੇ ਸਨ। ਪਤਾ ਲੱਗਾ ਸੀ ਕਿ ਉਹ ਸਾਰੇ ਹਰਮੰਦਰ ਸਾਹਿਬ ਦੇ ਰਾਗੀ ਸਿੰਘਾਂ ਦੇ ਸਨ ਅਤੇ ਗੁਰੂ ਘਰ ਨੌਕਰੀ ਕਰਦਾ ਭਤੀਜਾ ਓਦੋਂ ਚੋਰੀ ਕਰਦਾ ਸੀ, ਜਦੋਂ ਉਹ ਡਿਊਟੀ ਕਰ ਰਹੇ ਹੁੰਦੇ ਸਨ ਤੇ ਉਸ ਨੂੰ ਪਤਾ ਹੁੰਦਾ ਸੀ ਕਿ ਹੁਣ ਉਹ ਦੋ ਘੰਟੇ ਓਥੋਂ ਉੱਠ ਨਹੀਂ ਸਕਦੇ। ਇਹੋ ਜਿਹੇ ਕੰਮ ਕਈ ਹੋਰ ਇਤਹਾਸਕ ਗੁਰਦੁਆਰਿਆਂ ਵਿੱਚ ਵੀ ਹੋਏ ਸਨ, ਪਰ ਕਿਸੇ ਦੇ ਖਿਲਾਫ ਖਾਸ ਕਾਰਵਾਈ ਕਦੇ ਨਹੀਂ ਹੋਈ। ਮਿਸਾਲ ਵਜੋਂ ਪੰਜਾਬ ਵਿੱਚ ਇੱਕ ਧਰਮ ਅਸਥਾਨ ਦੇ ਪ੍ਰਬੰਧਕ ਉੱਤੇ ਸਮਾਨ ਚੋਰੀ ਕਰ ਕੇ ਵੇਚ ਦੇਣ ਦਾ ਦੋਸ਼ ਲੱਗਾ ਤਾਂ ਉਸ ਦੇ ਖਿਲਾਫ ਕਾਰਵਾਈ ਲਈ ਲੋਕਾਂ ਨੇ ਆਵਾਜ਼ ਉੱਚੀ ਕੀਤੀ। ਉਨ੍ਹੀਂ ਦਿਨੀਂ ਹਰਿਆਣੇ ਵਿੱਚ ਵੀ ਇੱਕ ਗੁਰੂ ਘਰ ਦੇ ਪ੍ਰਬੰਧਕ ਉੱਤੇ ਇਹੋ ਦੋਸ਼ ਲੱਗ ਗਿਆ ਤੇ ਕਾਰਵਾਈ ਕਰਨੀ ਜ਼ਰੂਰੀ ਹੋ ਗਈ। ਦੋਵਾਂ ਦੇ ਖਿਲਾਫ ਕਾਰਵਾਈ ਇਹ ਹੋਈ ਕਿ ਇੱਕ ਦੂਜੇ ਦੀ ਥਾਂ ਲਾ ਦਿੱਤਾ ਗਿਆ। ਬਾਬਾ ਬਕਾਲਾ ਵਿੱਚ ਨੌਵੇਂ ਗੁਰੂ ਸਾਹਿਬ ਦੇ ਗੁਰੂ ਘਰ ਦੇ ਇੱਕ ਅਧਿਕਾਰੀ ਦੇ ਖਿਲਾਫ ਸ਼ਿਕਾਇਤਾਂ ਆਈਆਂ ਤਾਂ ਉਸ ਨੂੰ ਗੋਇੰਦਵਾਲ ਸਾਹਿਬ ਤੀਜੇ ਗੁਰੂ ਸਾਹਬ ਦੇ ਅਸਥਾਨ ਦੀ ਸੰਭਾਲ ਕਰਨ ਭੇਜ ਦਿੱਤਾ ਗਿਆ। ਹੁਣ ਓਥੇ ਅਖੰਡ ਪਾਠਾਂ ਦੀ ਜਾਅਲੀ ਬੁੱਕਿੰਗ ਹੁੰਦੀ ਤੇ ਪੈਸੇ ਬਾਹਰੋ-ਬਾਹਰ ਵੰਡਣ ਦੀ ਖਬਰ ਆ ਗਈ ਹੈ। ਜੇ ਤਾਂ ਏਸ ਕੁਚੱਜ ਨੂੰ ਸੁਚੱਜਾ ਪ੍ਰਬੰਧ ਕਿਹਾ ਜਾਂਦਾ ਹੈ, ਫਿਰ ਜਿਵੇਂ ਕੀਤਾ ਜਾ ਰਿਹਾ ਹੈ, ਇਹੋ ਜਿਹਾ 'ਪ੍ਰਬੰਧ' ਯਕੀਨੀ ਬਣਾਉਣ ਵਾਲਿਆਂ ਨੂੰ ਸੌ-ਬਟਾ-ਸੌ ਨੰਬਰ ਦੇ ਦੇਣੇ ਚਾਹੀਦੇ ਹਨ।
ਕੁਝ ਹੋਰ ਮਾਮਲੇ ਵੀ ਦੁਰ-ਪ੍ਰਬੰਧ ਅਤੇ ਇਸ ਵਿੱਚ ਕਮਾਈ ਕਰਨ ਨਾਲ ਜੁੜੇ ਹੋਏ ਹਨ। ਮਿਸਾਲ ਵਜੋਂ ਮੌਜੂਦਾ ਪੰਜਾਬ ਸਰਕਾਰ ਦੇ ਪਹਿਲੇ ਸਾਲ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਛਪਾਈ ਸਿਰਫ ਸ਼੍ਰੋਮਣੀ ਕਮੇਟੀ ਕਰਵਾਏਗੀ, ਹੋਰ ਕਿਸੇ ਨੂੰ ਇਹ ਕੰਮ ਕਰਨ ਦਾ ਅਧਿਕਾਰ ਨਹੀਂ ਹੋਵੇਗਾ ਅਤੇ ਜੇ ਕੋਈ ਕਰੇਗਾ ਤਾਂ ਉਸ ਦੇ ਵਿਰੁੱਧ ਕੇਸ ਦਰਜ ਹੋਵੇਗਾ। ਪਿਛਲੇ ਮਹੀਨੇ ਇਹ ਗੱਲ ਚਰਚਾ ਵਿੱਚ ਆ ਗਈ ਕਿ ਇੰਗਲੈਂਡ ਦੇ ਇੱਕ ਸਿੱਖ ਨੇ ਸ਼ਰਧਾ ਵਜੋਂ ਸੁਨਹਿਰੀ ਅੱਖਰਾਂ ਵਾਲੀਆਂ ਬੀੜਾਂ ਦੀ ਛਪਾਈ ਦਾ ਖਰਚਾ ਕੀਤਾ ਤੇ ਜਿਨ੍ਹਾਂ ਨੇ ਛਾਪੀਆਂ, ਉਨ੍ਹਾਂ ਨੇ ਭਰਪੂਰ ਗਲਤੀਆਂ ਨਾਲ ਛਾਪ ਦਿੱਤੀਆਂ ਹਨ। ਇਸ ਉੱਤੇ ਇਹ ਰੌਲਾ ਪੈ ਗਿਆ ਕਿ ਨਵਾਂ ਕਾਨੂੰਨ ਬਣਨ ਪਿੱਛੋਂ ਤਾਂ ਇਹ ਬੀੜਾਂ ਛਾਪਣ ਦਾ ਕਿਸੇ ਨੂੰ ਹੱਕ ਹੀ ਨਹੀਂ ਸੀ। ਜਿਸ ਸਿੱਖ ਨੇ ਸ਼ਰਧਾ ਵਜੋਂ ਪੈਸੇ ਦਿੱਤੇ ਸਨ, ਅਤੇ ਛਪਾਈ ਦੇ ਖਰਚ ਨਾਲੋਂ ਚੌਗੁਣੇ ਪੈਸੇ ਉਸ ਦੀ ਜੇਬ ਵਿੱਚੋਂ ਕੱਢ ਲਏ ਗਏ ਸਨ, ਉਸ ਵਿਚਾਰੇ ਦੇ ਖਿਲਾਫ ਤਾਂ ਕਾਰਵਾਈ ਸ਼ੁਰੂ ਹੋ ਗਈ, ਪਰ ਬੀੜਾਂ ਛਾਪਣ ਦੀ ਹਾਮੀ ਸ਼੍ਰੋਮਣੀ ਕਮੇਟੀ ਦੇ ਜਿਸ ਆਗੂ ਨੇ ਭਰੀ ਅਤੇ ਬੀੜਾਂ ਪੁਚਾਉਣ ਲਈ ਆਪਣੀ ਗੱਡੀ ਵੀ ਦਿੱਤੀ ਸੀ, ਉਸ ਬਾਰੇ ਚੁੱਪ ਵੱਟ ਲਈ ਗਈ। ਛਾਪਣ ਵਾਲੇ ਸੱਜਣਾਂ ਬਾਰੇ ਕਾਰਵਾਈ ਲਈ ਸ਼ਿਕਾਇਤਾਂ ਬੜੀ ਤੇਜ਼ੀ ਨਾਲ ਆਈਆਂ, ਪਰ ਜਦੋਂ ਇਹ ਚਰਚਾ ਚੱਲੀ ਕਿ ਕਾਰਵਾਈ ਹੋਣ ਨਾਲ ਇਹ ਭੇਦ ਖੁੱਲ੍ਹ ਜਾਣਾ ਹੈ ਕਿ ਕਿਸ ਦੀ ਕਿੰਨੀ ਸੇਵਾ ਹੋਈ ਹੈ, ਫਿਰ ਕਾਰਵਾਈ ਦੀ ਰਫਤਾਰ ਮੱਠੀ ਹੋ ਗਈ।
ਇੱਕ ਹੋਰ ਮਾਮਲਾ ਸਿੱਖ ਧਰਮ ਅਸਥਾਨਾਂ ਦੀ ਕਾਰ-ਸੇਵਾ ਵਿੱਚ ਹੁੰਦੇ ਘਪਲਿਆਂ ਦਾ ਹੈ। ਪਹਿਲਾਂ ਤਾਂ ਇਹ ਹੀ ਗਲਤ ਗੱਲ ਹੈ ਕਿ ਕਾਰ ਸੇਵਾ ਉਨ੍ਹਾਂ ਹੱਥਾਂ ਵਿੱਚ ਦੇ ਦਿੱਤੀ ਜਾਵੇ, ਜਿਹੜੇ ਸਿੱਖ ਵਿਰਸੇ ਬਾਰੇ ਨਹੀਂ ਜਾਣਦੇ ਅਤੇ ਸਾਰੇ ਇਤਹਾਸਕ ਨਿਸ਼ਾਨ ਮਿਟਾ ਕੇ ਸੰਗਮਰਮਰ ਥੱਪਣ ਲੱਗੇ ਹੋਏ ਹਨ। ਦੂਜੀ ਗੱਲ ਇਹ ਕਿ ਕਾਰ-ਸੇਵਾ ਦਾ ਹੱਕ ਦੇਣ ਬਾਰੇ ਲੈਣ-ਦੇਣ ਹੋਣ ਦੇ ਚਰਚੇ ਵਾਰ-ਵਾਰ ਚੱਲਦੇ ਹਨ। ਕੁਝ ਸਾਲ ਪਹਿਲਾਂ ਇੱਕ ਕਾਰ-ਸੇਵਾ ਵਾਲੇ ਬਾਬੇ ਬਾਰੇ ਇਹ ਰੌਲਾ ਪਿਆ ਕਿ ਉਹ ਜਿਸ ਡੇਰੇ ਦਾ ਦੂਜੇ ਨੰਬਰ ਦਾ ਮੁਖੀ ਹੁੰਦਾ ਸੀ, ਓਥੋਂ ਤਿੰਨ ਕਰੋੜ ਰੁਪੈ ਲੈ ਕੇ ਦੌੜ ਗਿਆ ਹੈ। ਉਸ ਦੇ ਵਿਰੁੱਧ ਕੇਸ ਦਰਜ ਹੋਇਆ, ਉਸ ਦੀ ਗ੍ਰਿਫਤਾਰੀ ਵੀ ਪਾਈ ਗਈ, ਪਰ ਹੁਣ ਓਸੇ ਨੂੰ ਕਿਸੇ ਦੂਜੇ ਡੇਰੇ ਨਾਲ ਜੁੜਨ ਦੀ ਵੀ ਲੋੜ ਨਹੀਂ ਰਹੀ ਤੇ ਆਪਣੇ ਆਪ ਵਿੱਚ ਪੂਰਨ ਸੰਤ ਮੰਨ ਕੇ ਇੱਕ ਇਤਹਾਸਕ ਅਸਥਾਨ ਦੀ ਕਾਰ-ਸੇਵਾ ਸੌਂਪ ਦਿੱਤੀ ਗਈ ਹੈ। ਜਿਹੜਾ ਬੰਦਾ ਕੱਲ੍ਹ ਤੱਕ ਚੋਰ ਦੱਸਿਆ ਜਾ ਰਿਹਾ ਸੀ, ਉਹ ਰਾਤੋ-ਰਾਤ ਦੁੱਧ-ਧੋਤਾ ਕਿਵੇਂ ਹੋ ਗਿਆ, ਇਹ ਸਿਰਫ ਸ਼੍ਰੋਮਣੀ ਕਮੇਟੀ ਦੇ ਉਹ ਅਧਿਕਾਰੀ ਦੱਸ ਸਕਦੇ ਹਨ, ਜਿਹੜੇ ਏਦਾਂ ਦੇ ਕਮਜ਼ੋਰੀਆਂ ਵਾਲੇ ਬੰਦੇ ਆਪਣੇ ਲਈ ਫਾਇਦੇਮੰਦ ਸਮਝ ਕੇ ਸੱਜੇ-ਖੱਬੇ ਨੇੜੇ ਲਾਈ ਫਿਰਦੇ ਹਨ।
ਜਿਹੜੀ ਗੱਲ ਇਨ੍ਹਾਂ ਚੋਣਾਂ ਵਿੱਚ ਕਿਸੇ ਪਾਸੇ ਤੋਂ ਨਹੀਂ ਕਹੀ ਜਾ ਰਹੀ, ਉਹ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਪੰਜਾਬ ਦੀ ਪ੍ਰਚੱਲਤ ਭਾਸ਼ਾ ਵਿੱਚ ਆਪਣਾ ਸੰਦੇਸ਼ ਦਿੱਤਾ ਸੀ। ਸਿਰਫ ਪੰਜਾਬੀ ਵਿੱਚ ਹੀ ਨਹੀਂ, ਜਿਸ ਵੀ ਖੇਤਰ ਦੇ ਲੋਕਾਂ ਕੋਲ ਗਏ, ਓਥੋਂ ਦੀ ਭਾਸ਼ਾ ਵਿੱਚ ਕੁਝ ਨਾ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾ ਨੇ ਹਿੰਦੂ ਧਰਮ ਨਾਲ ਜੁੜੇ ਲੋਕਾਂ ਨੂੰ ਸਮਝਾਉਣ ਲਈ ਇਹ ਕਿਹਾ ਸੀ:
ਦਇਆ ਕਪਾਹ, ਸੰਤੋਖੁ ਸੂਤੁ, ਜਤੁ ਗੰਢੀ, ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤਾ ਪਾਡੇ ਘਤੁ॥
ਭਾਵ ਇਹ ਕਿ ਦਇਆ ਰੂਪੀ ਕਪਾਹ ਹੋਵੇ, ਸਬਰ-ਸੰਤੋਖ ਦਾ ਸੂਤ ਹੋਵੇ, ਜਤ ਦੀਆਂ ਗੰਢਾਂ ਅਤੇ ਸਤ (ਸੱਚ) ਦਾ ਵੱਟ ਚਾੜ੍ਹਿਆ ਹੋਵੇ, ਇਹੋ ਜਿਹਾ ਸੁੱਚੇ ਕਿਰਦਾਰ ਦਾ ਜਨੇਊ ਪਹਿਨਣਾ ਚਾਹੀਦਾ ਹੈ।
ਜਿਹੜੀਆਂ ਗੱਲਾਂ ਉਨ੍ਹਾ ਨੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਕਹੀਆਂ ਸਨ, ਉਹੋ ਮੁਸਲਮਾਨ ਭਾਈਚਾਰੇ ਬਾਰੇ ਵੀ ਉਨ੍ਹਾ ਨੇ ਇਨ੍ਹਾਂ ਸ਼ਬਦਾਂ ਵਿੱਚ ਕਹਿ ਦਿੱਤੀਆਂ ਸਨ:
ਮਿਹਰ ਮਸੀਤਿ, ਸਿਦਕੁ ਮੁਸਲਾ, ਹਕੁ ਹਲਾਲੁ ਕੁਰਾਣੁ॥
ਸਰਮ ਸੁੰਨਤਿ, ਸੀਲੁ ਰੋਜਾ, ਹੋਹੁ ਮੁਸਲਮਾਣੁ॥
ਭਾਵ ਇਹ ਕਿ ਮਿਹਰਾਂ ਰੂਪੀ ਮਸੀਤ ਵਿੱਚ ਨਿਵਾਸ ਕਰਿਆ ਕਰੋ, ਸਿਦਕ ਦਾ ਮੁਸਲਾ (ਨਮਾਜ ਪੜ੍ਹਨ ਵਾਸਤੇ ਵਿਛਾਉਣਾ) ਰੱਖੋ, ਹੱਕ-ਹਲਾਲ ਦੀ ਕਿਰਤ ਕਰ ਕੇ ਖਾਇਆ ਕਰੋ। ਅੱਖ ਦੀ ਸ਼ਰਮ ਨੂੰ ਸੁੰਨਤ ਸਮਝੋ, ਸੀਲ-ਹਲੀਮੀ ਨੂੰ ਰੋਜ਼ਾ ਮੰਨੋ, ਇਸ ਤਰ੍ਹਾ ਦੇ ਸੁੱਚੇ ਕਿਰਦਾਰ ਵਾਲੇ ਮੁਸਲਮਾਨ ਬਣੋ। ਕੀ ਇਹ ਗੱਲਾਂ ਸਿੱਖ ਸਮਾਜ ਨੂੰ ਦੱਸਣ ਦੀ ਲੋੜ ਨਹੀਂ ਹੈ? ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਇਹ ਗੱਲ ਕੋਈ ਧਿਰ ਵੀ ਨਹੀਂ ਕਰ ਰਹੀ। ਆਪ ਗੱਲ ਤਾਂ ਕੀ ਕਰਨੀ ਹੈ, ਕੋਈ ਧਿਰ ਸਿੱਖਾਂ ਨੂੰ ਇਹ ਵੀ ਨਹੀਂ ਕਹਿੰਦੀ ਕਿ ਬੁੱਕਿੰਗ ਕਰਵਾ ਕੇ ਕੀਤੇ-ਕਰਾਏ ਪਾਠ ਲੈਣ ਦੀ ਥਾਂ ਗੁਰੂ ਬਾਬੇ ਦਾ ਸੰਦੇਸ਼ ਆਪ ਪੜ੍ਹੋ ਅਤੇ ਵਿਚਾਰ ਕੇ ਜੀਵਨ ਵਿੱਚ ਲਾਗੂ ਕਰਨ ਦਾ ਯਤਨ ਕਰੋ।
ਜਿਹੜੀ ਸ਼੍ਰੋਮਣੀ ਕਮੇਟੀ ਵਾਸਤੇ ਅੱਜ ਚੋਣਾਂ ਦੀ ਛਿੰਝ ਪੈ ਰਹੀ ਹੈ, ਇਸ ਦਾ ਪ੍ਰਬੰਧ ਇੱਕ ਸਮੇਂ ਗਦਰ ਲਹਿਰ ਦੇ ਮਹਾਨ ਬਾਬਿਆਂ ਕੋਲ ਵੀ ਹੁੰਦਾ ਸੀ। ਬਾਬਾ ਈਸ਼ਰ ਸਿੰਘ ਮਰਹਾਣਾ ਨੂੰ ਹਰਮੰਦਰ ਸਾਹਿਬ ਦੇ ਨਾਲ ਲੱਗਦੀ ਸਰਾਂ ਦੀ ਉਸਾਰੀ ਦੀ ਦੇਖ-ਰੇਖ ਦੀ ਜ਼ਿਮੇਵਾਰੀ ਸੌਂਪੀ ਗਈ ਤਾਂ ਉਹ ਰੋਜ਼ ਹਰੀਕੇ ਪੱਤਣ ਨੇੜੇ ਦੇ ਆਪਣੇ ਪਿੰਡੋਂ ਸਾਈਕਲ ਉੱਤੇ ਅੰਮ੍ਰਿਤਸਰ ਆ ਕੇ ਇਹ ਸੇਵਾ ਨਿਭਾਉਂਦੇ ਸਨ, ਪਰ ਰੋਟੀ ਲੰਗਰ ਵਿੱਚੋਂ ਰੋਜ਼ ਖਾਣ ਦੀ ਥਾਂ ਆਪਣੇ ਘਰੋਂ ਪੋਣੇ ਵਿੱਚ ਦੋ ਰੋਟੀਆਂ ਅਤੇ ਅਚਾਰ ਦੀ ਫਾੜੀ ਰੱਖ ਕੇ ਲਿਆਉਂਦੇ ਸਨ। ਕੀ ਅੱਜ ਵਾਲੇ ਪ੍ਰਬੰਧਕਾਂ ਜਾਂ ਚੋਣਾਂ ਦੇ ਉਮੀਦਵਾਰਾਂ ਵਿੱਚ ਇੱਕ ਵੀ ਹੈ ਉਸ ਬਾਬੇ ਦੇ ਨੇੜੇ-ਤੇੜੇ ਦੇ ਕਿਰਦਾਰ ਵਾਲਾ? ਖਡੂਰ ਸਾਹਿਬ ਵਿੱਚ ਸੱਤ ਗੁਰੂ ਸਾਹਿਬਾਨ ਦੇ ਅਸਥਾਨ ਹਨ, ਓਥੋਂ ਦੇ ਗੁਰੂ ਘਰਾਂ ਦੀ ਸੰਭਾਲ ਦਾ ਜਿੰæਮਾ ਕਈ ਸਾਲ ਨਾਗੋਕੇ ਪਿੰਡ ਵਾਲੇ ਕਾਮਰੇਡ ਦਲਬੀਰ ਸਿੰਘ ਕੋਲ ਰਿਹਾ, ਜੋ ਹਾਲੇ ਪਿਛਲੇ ਸਾਲ ਵਿਛੋੜਾ ਦੇ ਗਏ ਹਨ। ਏਸੇ ਸੇਵਾ ਨਿਭਾਉਣ ਕਾਰਨ ਉਨ੍ਹਾ ਨੂੰ ਕਾਮਰੇਡ ਬਜਾਏ ਉਮਰ ਭਰ 'ਜਥੇਦਾਰ' ਕਿਹਾ ਜਾਂਦਾ ਰਿਹਾ ਸੀ। ਉਨ੍ਹਾ ਦੇ ਵਕਤ ਕਦੇ ਵੀ ਓਥੇ ਕੋਈ ਮਾੜਾ ਕੰਮ ਨਹੀਂ ਸੀ ਵਾਪਰਿਆ ਅਤੇ ਜਿਸ ਦਿਨ ਉਨ੍ਹਾ ਦਾ ਸ਼ੋਕ ਸਮਾਗਮ ਹੋਇਆ ਸੀ, ਇਲਾਕੇ ਦੇ ਸੰਤਾਂ ਅਤੇ ਸੰਗਤਾਂ ਦੋਵਾਂ ਨੇ ਓਥੇ ਜਾ ਕੇ ਕਿਹਾ ਸੀ ਕਿ ਜਿਹੜਾ ਪ੍ਰਬੰਧ ਦਲਬੀਰ ਸਿੰਘ ਜੀ ਕਰ ਗਏ, ਉਹ ਆਪਣੇ ਆਪ ਵਿੱਚ ਮਿਸਾਲ ਸੀ।
ਅੱਜ ਕਾਮਰੇਡ ਗੁਰਦੁਆਰਾ ਪ੍ਰਬੰਧ ਵਿੱਚ ਸ਼ਾਮਲ ਨਹੀਂ, ਤੇ ਅਸੀਂ ਉਨ੍ਹਾਂ ਨੂੰ ਮੁੜ ਕੇ ਉਸ ਪਾਸੇ ਜਾਣ ਵਾਸਤੇ ਵੀ ਨਹੀਂ ਕਹਾਂਗੇ, ਪਰ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਰਤ ਦੀ ਇਸ ਪਹਿਲੀ ਲੋਕਤੰਤਰੀ ਸੰਸਥਾ ਨੂੰ ਬਚਾਉਣ ਲਈ ਚੰਗੇ ਬੰਦੇ ਚੁਣੇ ਜਾਣ ਦੀ ਲੋੜ ਹੈ। ਕਈ ਲੋਕ ਇਸ ਨੂੰ 'ਸਿੱਖਾਂ ਦੀ ਪਾਰਲੀਮੈਂਟ' ਆਖ ਕੇ ਵਡਿਆਉਂਦੇ ਹਨ। ਜੇ ਇੰਜ ਕਹਿਣ ਦਾ ਮਤਲਬ ਭਾਰਤ ਦੀ ਪਾਰਲੀਮੈਂਟ ਦੀ ਬਰਾਬਰੀ ਕਰਨਾ ਹੈ, ਜਿਸ ਦੇ ਇੱਕ ਸੌ ਤਰਵੰਜਾ ਮੈਂਬਰਾਂ ਖਿਲਾਫ ਮੁਕੱਦਮੇ ਚੱਲ ਰਹੇ ਹਨ, ਫਿਰ ਤਾਂ ਥੋੜ੍ਹੀ ਕਸਰ ਹੀ ਰਹਿੰਦੀ ਹੈ, ਪਰ ਜੇ ਇਸ ਨੂੰ ਬਾਬੇ ਨਾਨਕ ਦੇ ਅਸੂਲਾਂ ਮੁਤਾਬਕ ਸੰਸਾਰ ਦੇ ਸਿੱਖਾਂ ਅਤੇ ਦੂਜੇ ਲੋਕਾਂ ਸਾਹਮਣੇ ਮਿਸਾਲ ਵਜੋਂ ਪੇਸ਼ ਕਰਨਾ ਹੈ ਤਾਂ ਵੱਡੇ ਸੁਧਾਰਾਂ ਦੀ ਲੋੜ ਹੈ। ਮਹੰਤਾਂ ਵਾਲੇ ਪ੍ਰਬੰਧ ਦੇ ਵਿਰੁੱਧ ਜਿਹੜੀ ਲਹਿਰ ਚੱਲੀ ਸੀ, ਉਸ ਨੂੰ 'ਮਹੰਤ ਵਿਰੋਧੀ ਲਹਿਰ' ਦੀ ਥਾਂ 'ਗੁਰਦੁਆਰਾ ਸੁਧਾਰ ਲਹਿਰ' ਕਿਹਾ ਗਿਆ ਸੀ, ਜੇ ਹੁਣ ਇਸ ਦੇ ਸੁਧਾਰ ਦੀ ਗੱਲ ਨਾ ਚਲਾਈ ਗਈ ਤਾਂ ਕਿਸੇ ਦਿਨ ਆਪ ਮੁਹਾਰੇ ਵੀ ਚੱਲ ਸਕਦੀ ਹੈ।
No comments:
Post a Comment