ਧਮਾਕਿਆਂ ਦੀ ਧਮਕ ਵਿੱਚ ਰਾਜਨੀਤੀ ਕਰਨ ਤੇ ਬੰਸੀ ਵਜਾਉਣ ਵਾਲੇ ਨੀਰੋ
ਬਹੁਤਾ ਚਿਰ ਨਹੀਂ ਹੋਇਆ, ਜਦੋਂ ਮੁੰਬਈ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਹਮਲਾ ਹੋਇਆ ਸੀ। ਉਸ ਹਮਲੇ ਤੋਂ ਪਿੱਛੋਂ ਚੌਕਸੀ ਦੀਆਂ ਗੱਲਾਂ ਅਸੀਂ ਬਹੁਤ ਸੁਣੀਆਂ ਸਨ। ਇੱਕ ਕੌਮੀ ਪੱਧਰ ਦੀ
ਜਾਂਚ ਏਜੰਸੀ ਨਵੀਂ ਖੜੀ ਕੀਤੀ ਗਈ ਸੀ, ਜਿਸ ਤੋਂ ਲੋਕਾਂ ਨੇ ਇਹ ਆਸ ਰੱਖ ਲਈ ਕਿ ਸ਼ਾਇਦ ਇਹ ਹਮਲੇ ਰੋਕਣ ਦਾ ਕੰਮ ਕਰੇਗੀ। ਜਾਂਚ ਏਜੰਸੀ ਦਾ ਕੰਮ ਹਮਲੇ ਰੋਕਣਾ ਨਹੀਂ, ਹੋ ਚੁੱਕੇ ਅਪਰਾਧ ਦੀ ਜਾਂਚ ਕਰਨਾ ਤੇ ਦੋਸ਼ੀ ਨੂੰ ਲੱਭਣਾ ਹੁੰਦਾ ਹੈ। ਇੱਕ ਨਵੀਂ ਫੋਰਸ ਦਾ ਗਠਨ ਵੀ ਕੀਤਾ ਗਿਆ, ਜਿਸ ਨਾਲ ਇਹ ਤਾਂ ਹੋ ਸਕਦਾ ਹੈ ਕਿ ਜੇ ਕਦੇ ਮੁੜ ਕੇ ਓਦੋਂ ਵਰਗਾ ਵੱਡਾ ਹਮਲਾ ਕਿਸੇ ਗਰੁੱਪ ਵੱਲੋਂ ਕੀਤਾ ਜਾਵੇ ਤਾਂ ਦਿੱਲੀ ਦੇ ਕਮਾਂਡੋ ਉਡੀਕਣ ਦੀ ਥਾਂ ਸ਼ਹਿਰ ਵਿੱਚੋਂ ਹੀ ਲੜਾਕੇ ਮਿਲ ਜਾਣ, ਪਰ ਉਸ ਨੇ ਵੀ ਹਮਲਾ ਹੋਣ ਤੋਂ ਰੋਕਣ ਦਾ ਕੰਮ ਨਹੀਂ ਕਰਨਾ। ਫੋਰਸ ਲੜਨ ਦਾ ਕੰਮ ਕਰਦੀ ਹੈ, ਹਮਲੇ ਹੋਣ ਤੋਂ ਰੋਕਣ ਦਾ ਕੰਮ ਸੂਹੀਆ ਏਜੰਸੀਆਂ ਜਾਂ ਸੰਬੰਧਤ ਇਲਾਕੇ ਦੀ ਸੁਰੱਖਿਆ ਵਾਸਤੇ ਲੱਗੀ ਆਮ ਪੁਲੀਸ ਦੇ ਜਿੰਮੇ ਹੁੰਦਾ ਹੈ। ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਇਹ ਦੋਵੇਂ ਫੇਲ੍ਹ ਹੋਈਆਂ ਹਨ। ਰਾਹਾਂ ਵਿੱਚ ਲਾਏ ਗਏ ਆਮ ਸਿਪਾਹੀ ਤੋਂ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਹਰ ਰੋਜ਼ ਹਰ ਵੇਲੇ ਇੱਕੋ ਜਿਹਾ ਚੌਕਸ ਰਹੇਗਾ। ਲੋਕਾਂ ਵਿੱਚ ਵਿਚਰਦੇ ਹੋਏ ਉਹ ਕੁਝ ਚਿਰ ਪਿੱਛੋਂ ਢਿੱਲਾ ਹੋ ਜਾਂਦਾ ਹੈ। ਹਜ਼ਾਰਾਂ ਲੋਕਾਂ ਨੂੰ ਗੁਜ਼ਰਦੇ ਵੇਖ ਕੇ ਇਹ ਵੀ ਸੋਚਦਾ ਹੈ ਕਿ ਏਨੇ ਲੋਕਾਂ ਵਿੱਚੋਂ ਕਿਸੇ ਦੇ ਬੈਗ ਵਿੱਚ ਵੀ ਕੁਝ ਹੋ ਸਕਦਾ ਹੈ, ਸਾਰਿਆਂ ਦੇ ਥੈਲੇ ਫੋਲੇ ਨਹੀਂ ਜਾ ਸਕਦੇ ਤੇ ਜਿਸ ਇਕੱਲੇ ਦਾ ਫੋਲਿਆ, ਉਹ ਦੁਰ-ਵਿਹਾਰ ਜਾਂ ਵਿਤਕਰੇ ਦੀ ਸ਼ਿਕਾਇਤ ਕਰ ਸਕਦਾ ਹੈ। ਅਸੀਂ ਇਹੋ ਜਿਹੇ ਮੌਕੇ ਵੇਖੇ ਹਨ, ਜਿੱਥੇ ਏਦਾਂ ਦੀ ਤਲਾਸ਼ੀ ਲੈਣ ਉੱਤੇ ਲੋਕ ਪੁੱਠਾ-ਸਿੱਧਾ ਵੀ ਬੋਲਦੇ ਹਨ। ਇਹ ਬੋਲ-ਕੁਬੋਲ ਸੁਣਦਾ ਨਾਕੇ ਉੱਤੇ ਖੜਾ ਬੰਦਾ ਅਵਾਜ਼ਾਰ ਵੀ ਹੁੰਦਾ ਹੈ।
ਲੈ-ਦੇ ਕੇ ਗੱਲ ਸੂਹੀਆ ਏਜੰਸੀਆਂ ਉੱਤੇ ਆ ਜਾਂਦੀ ਹੈ। ਭਾਰਤ ਦਾ ਗ੍ਰਹਿ ਮੰਤਰੀ ਚਿਦੰਬਰਮ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਕਿ ਇਨ੍ਹਾਂ ਏਜੰਸੀਆਂ ਤੋਂ ਕਿਤੇ ਕੋਈ ਕਮੀਂ ਰਹੀ ਹੈ। ਗੱਲ ਤਾਂ ਖਾਮੀ ਰਹਿਣ ਦੀ ਹੈ, ਉਨ੍ਹਾਂ ਉੱਤੇ ਕੋਈ ਦੁਸ਼ਮਣ ਨਾਲ ਰਲ ਜਾਣ ਦਾ ਦੋਸ਼ ਨਹੀਂ ਲਾ ਰਿਹਾ, ਪਰ ਉਹ ਖਾਮੀ ਵੀ ਮੰਨਣ ਨੂੰ ਤਿਆਰ ਨਹੀਂ। ਉਸ ਨੂੰ ਇਹ ਚੇਤਾ ਵੀ ਭੁਲ ਗਿਆ ਕਿ ਜਦੋਂ ਤਾਜ ਹੋਟਲ ਅਤੇ ਹੋਰਨੀਂ ਥਾਂਈਂ ਵੱਡਾ ਹਮਲਾ ਹੋਇਆ ਸੀ, ਓਦੋਂ ਖੁਫੀਆ ਏਜੰਸੀਆਂ ਨੇ ਅਗਾਊਂ ਸੂਹ ਲਾ ਕੇ ਸੁਰੱਖਿਆ ਫੋਰਸਾਂ ਨੂੰ ਦੱਸ ਦਿੱਤਾ ਸੀ, ਪਰ ਉਹ ਉਸ ਖੇਤਰ ਵਿੱਚ ਆਉਂਦੀ ਇੱਕ ਕਿਸ਼ਤੀ ਨਹੀਂ ਸਨ ਰੋਕ ਸਕੀਆਂ, ਜਦ ਕਿ ਇਸ ਵਾਰ ਏਦਾਂ ਵੀ ਨਹੀਂ ਹੋਇਆ। ਜੇ ਹੋਇਆ ਹੈ ਤਾਂ ਇਹ ਕਿ ਪਿਛਲੇ ਦਿਨਾਂ ਵਿੱਚ ਰਾਜ ਸਰਕਾਰਾਂ ਨੂੰ ਉੱਕਾ-ਪੁੱਕਾ ਜਿਹਾ ਸੁਨੇਹਾ ਭੇਜ ਦਿੱਤਾ ਜਾਂਦਾ ਰਿਹਾ ਕਿ ਕਿਸੇ ਥਾਂ ਹਮਲਾ ਹੋ ਸਕਦਾ ਹੈ, ਚੌਕਸੀ ਰੱਖਣ ਦਾ ਯਤਨ ਕਰੋ। ਏਦਾਂ ਦੇ ਰਸਮੀ ਸੁਨੇਹਿਆਂ ਨਾਲ ਕੋਈ ਵੀ ਰਾਜ ਸਰਕਾਰ ਬਹੁਤੀ ਚੌਕਸੀ ਨਹੀਂ ਰੱਖਦੀ ਹੁੰਦੀ।
ਅੱਗੋਂ ਜਿਨ੍ਹਾਂ ਨੇ ਚੌਕਸੀ ਰੱਖਣ ਵਾਲਿਆਂ ਤੋਂ ਕੰਮ ਕਰਵਾਉਣਾ ਹੁੰਦਾ ਹੈ, ਉਹ ਦੇਸ਼ ਦੇ ਗ੍ਰਹਿ ਮੰਤਰੀ ਤੋਂ ਵੀ ਵੱਧ ਅਜੀਬ ਕਿਸਮ ਦੇ ਹਨ ਅਤੇ ਇਸ ਦੀ ਦਾਸਤਾਨ ਮਹਾਰਾਸ਼ਟਰ ਦੇ ਮਾਮਲੇ ਵਿੱਚ ਹੀ ਬਹੁਤ ਲੰਮੀ ਹੈ। ਦੁੱਖ ਤਾਂ ਧਮਾਕੇ ਵੀ ਲੋਕਾਂ ਨੂੰ ਬਥੇਰਾ ਦੇ ਗਏ ਹਨ, ਪਰ ਜਿਹੜਾ ਵਿਹਾਰ ਭਾਰਤ ਦੇ ਰਾਜਸੀ ਖੇਤਰ ਦੇ ਪਹਿਲਵਾਨਾਂ ਦਾ ਵੇਖਣ ਨੂੰ ਮਿਲ ਰਿਹਾ ਹੈ, ਉਹ ਇਸ ਨੂੰ ਘਟਾਉਣ ਦੀ ਥਾਂ ਹੋਰ ਜ਼ਿਆਦਾ ਵਧਾ ਦੇਣ ਵਾਲਾ ਹੈ।
ਸਭ ਤੋਂ ਪਹਿਲਾਂ ਤਾਂ ਮੌਜੂਦਾ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਦੀ ਕਹੀ ਗੱਲ ਹੀ ਧਿਆਨ ਮੰਗਦੀ ਹੈ। ਉਸ ਨੇ ਸੁਰੱਖਿਆ ਵਿੱਚ ਢਿੱਲ ਬਾਰੇ ਇਹ ਕਹਿ ਦਿੱਤਾ ਹੈ ਕਿ ਮਹਾਰਾਸ਼ਟਰ ਵਿੱਚ ਸਾਂਝੀ ਸਰਕਾਰ ਹੈ ਤੇ ਇਹ ਉਸ ਦੀ ਪਾਰਟੀ ਦੀ ਗਲਤੀ ਹੈ ਕਿ ਉਸ ਨੇ ਪੁਲਸ ਨੂੰ ਕੰਟਰੋਲ ਕਰਨ ਵਾਲਾ ਗ੍ਰਹਿ ਵਿਭਾਗ ਭਾਈਵਾਲ ਪਾਰਟੀ ਨੂੰ ਦੇਣਾ ਮੰਨ ਲਿਆ ਸੀ। ਇਸ ਗੱਲ ਤੋਂ ਭਾਈਵਾਲ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਕਾਫੀ ਔਖੇ-ਭਾਰੇ ਹੋਏ ਹਨ। ਪਹਿਲੀ ਗੱਲ ਇਹ ਕਿ ਮੁੱਖ ਮੰਤਰੀ ਨੇ ਇਹ ਗੱਲ ਕਹਿਣੀ ਸੀ ਤਾਂ ਯੋਗ ਮੌਕੇ ਕਿਸੇ ਯੋਗ ਅਦਾਰੇ ਵਿੱਚ ਕਹਿੰਦਾ, ਚੁਰਾਹੇ ਵਿੱਚ ਢੋਲ ਪਿੱਟ ਕੇ ਦੁੱਖ ਦੀ ਘੜੀ ਭਾਈਵਾਲ ਪਾਰਟੀ ਦੇ ਸਿਰ ਜ਼ਿਮੇਵਾਰੀ ਪਾਉਣ ਦਾ ਹੋਛਾਪਣ ਵਿਖਾਉਣ ਦੀ ਲੋੜ ਨਹੀਂ ਸੀ। ਦੂਜੀ ਇਹ ਕਿ ਜੇ ਇਹ ਮਹਿਕਮਾ ਦੇਣਾ ਗਲਤ ਸੀ ਤਾਂ ਜਦੋਂ ਉਸ ਪਾਰਟੀ ਦੇ ਗ੍ਰਹਿ ਮੰਤਰੀ ਨੇ ਇੱਕ ਵਾਰੀ ਗਲਤੀ ਕਰ ਦਿੱਤੀ ਸੀ, ਅਗਲੀ ਵਾਰੀ ਇਹ ਮਹਿਕਮਾ ਉਸ ਪਾਰਟੀ ਨੂੰ ਦੇਣ ਦੀ ਗਲਤੀ ਨਾ ਕਰਦੇ। ਤਾਜ ਹੋਟਲ ਤੇ ਹੋਰ ਥਾਂਈਂ ਹੋਏ ਇਕੱਠੇ ਹਮਲੇ ਮੌਕੇ ਉਸ ਮੰਤਰੀ ਨੇ ਇਹ ਕਹਿ ਕੇ ਬਖੇੜਾ ਖੜਾ ਕਰ ਦਿੱਤਾ ਸੀ ਕਿ ਘਟਨਾਵਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ, ਦੂਜੀ ਵਾਰੀ ਗ੍ਰਹਿ ਵਿਭਾਗ ਉਸ ਪਾਰਟੀ ਨੂੰ ਦੇਣ ਬਾਰੇ ਸ਼ਰਦ ਪਵਾਰ ਦਾ ਦਬਾਅ ਕਾਂਗਰਸ ਨਾ ਮੰਨਦੀ।
ਦੂਸਰਾ ਸਵਾਲ ਇਹ ਹੈ ਕਿ ਜੇ ਸ਼ਰਦ ਪਵਾਰ ਦੀ ਪਾਰਟੀ ਨੂੰ ਇਹ ਮੰਤਰਾਲਾ ਨਾ ਦਿੱਤਾ ਹੁੰਦਾ ਤਾਂ ਕੀ ਹਮਲੇ ਤੋਂ ਬਚਿਆ ਜਾ ਸਕਦਾ ਸੀ? ਇਸ ਦੀ ਵੀ ਕੋਈ ਗਾਰੰਟੀ ਨਹੀਂ। ਜਿਸ ਮੁੱਖ ਮੰਤਰੀ ਚਵਾਨ ਨੇ ਇਹ ਬਿਆਨ ਦੇ ਕੇ ਪ੍ਰਭਾਵ ਦਿੱਤਾ ਹੈ ਕਿ ਭਾਈਵਾਲ ਪਾਰਟੀ ਨਾਲੋਂ ਪੁਲਸ ਦਾ ਮਹਿਕਮਾ ਅਸੀਂ ਵਧੀਆ ਸੰਭਾਲ ਲੈਣਾ ਸੀ, ਉਸ ਨੂੰ ਹੁਣੇ ਲੰਘੀ ਤੇਰਾਂ ਜੁਲਾਈ ਦੀ ਘਟਨਾ ਵੀ ਯਾਦ ਨਾ ਰਹੀ। ਤੇਰਾਂ ਜੁਲਾਈ ਦੇ ਦਿਨ ਮੁੱਖ ਮੰਤਰੀ ਦੀ ਪਤਨੀ ਸ੍ਰੀਮਤੀ ਸ਼ੀਲਾ ਨੇ ਜਲਗਾਉਂ ਦੇ ਮੈਡੀਕਲ ਕਾਲਜ ਦਾ ਦੌਰਾ ਕਰਨ ਜਾਣਾ ਸੀ। ਉਸ ਨੂੰ ਰਸਤੇ ਵਿੱਚ ਹੀ ਲੁੱਟ ਲਿਆ ਗਿਆ। ਮੁੱਖ ਮੰਤਰੀ ਦੀ ਪਤਨੀ ਦੀ ਸੁਰੱਖਿਆ ਲਈ ਲੱਗੀ ਹੋਈ ਫੋਰਸ ਦੇ ਢਿੱਲੇਪਣ ਨੂੰ ਗ੍ਰਹਿ ਮੰਤਰੀ ਦੇ ਸਿਰ ਨਹੀਂ ਮੜ੍ਹਿਆ ਜਾ ਸਕਦਾ। ਅਸਲ ਸਥਿਤੀ ਇਹ ਹੈ ਕਿ ਓਥੇ ਸਾਰੀ ਫੋਰਸ ਹੀ ਚੌਕਸ ਨਹੀਂ, ਗ੍ਰਹਿ ਮੰਤਰੀ ਕਾਂਗਰਸ ਪਾਰਟੀ ਦਾ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ, ਇਸ ਨਾਲ ਕੋਈ ਫਰਕ ਨਹੀਂ ਪੈ ਜਾਣਾ।
ਇਹ ਗੱਲ ਇੱਕ ਹੋਰ ਇਸ ਪ੍ਰਸੰਗ ਵਿੱਚ ਕਹਿਣੀ ਜ਼ਰੂਰੀ ਬਣ ਜਾਂਦੀ ਹੈ। ਜਦੋਂ ਇਹ ਤਾਜ਼ਾ ਹਮਲਾ ਹੋਇਆ, ਓਸੇ ਦਿਨ ਤੋਂ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰਾਂ ਦੇ ਬਿਆਨਾਂ ਦੀ ਲੜੀ ਬੱਝੀ ਪਈ ਹੈ। ਇੱਕ ਜਣਾ ਇਹ ਕਹਿ ਰਿਹਾ ਹੈ ਕਿ ਪਾਰਲੀਮੈਂਟ ਉੱਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਹੁਣ ਤੱਕ ਫਾਂਸੀ ਦੇ ਦਿੱਤੀ ਹੁੰਦੀ ਤਾਂ ਹਮਲਾ ਹੀ ਨਹੀਂ ਹੋਣਾ ਸੀ। ਖਿਆਲੀ ਉਡਾਰੀ ਇੱਕ ਅੱਖ ਤੋਂ ਕਾਣੇ ਪੰਛੀ ਵਾਂਗ ਇੱਕੋ ਦਿਸ਼ਾ ਵਿੱਚ ਲੱਗ ਰਹੀ ਹੈ ਤੇ ਉਸ ਦਿਸ਼ਾ ਦਾ ਸਾਰੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ। ਜੇ ਅਫਜ਼ਲ ਨੂੰ ਫਾਂਸੀ ਹੋ ਜਾਂਦੀ, ਇਸ ਨਾਲ ਵੀ ਹਮਲੇ ਨਾ ਹੋਣ ਦੀ ਗਾਰੰਟੀ ਨਹੀਂ ਸੀ ਮਿਲ ਸਕਣੀ। ਦੂਸਰਾ ਭਾਜਪਾ ਆਗੂ ਇਹ ਕਹਿੰਦਾ ਹੈ ਕਿ ਅਮਰੀਕਾ ਵਿੱਚ ਗਿਆਰਾਂ ਸਤੰਬਰ ਦੇ ਇੱਕ ਹਮਲੇ ਤੋਂ ਪਿੱਛੋਂ ਕਦੇ ਕੋਈ ਦੂਜਾ ਹਮਲਾ ਨਹੀਂ ਕੀਤਾ ਜਾ ਸਕਿਆ। ਤੀਜਾ ਕਹਿੰਦਾ ਹੈ ਕਿ ਭਾਰਤ ਦੀ ਸਰਕਾਰ ਹੀ ਕੁਝ ਕਰਨ ਜੋਗੀ ਨਹੀਂ। ਉਸ ਦੀ ਰਾਏ ਸਾਫ ਬੋਲੀ ਵਿੱਚ ਭਾਵੇਂ ਨਹੀਂ, ਪਰ ਜਦੋਂ ਉਹ ਇਹ ਕਹਿੰਦਾ ਹੈ ਕਿ ਅਮਰੀਕਾ ਵਾਲਿਆਂ ਨੇ ਪਾਕਿਸਤਾਨ ਦੇ ਅੰਦਰ ਹਮਲਾ ਕਰ ਕੇ ਓਸਾਮਾ ਬਿਨ ਲਾਦੇਨ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਵੀ ਲੈ ਗਏ ਹਨ, ਤਾਂ ਬਿਨਾਂ ਕਹੇ ਵੀ ਪਤਾ ਲੱਗ ਜਾਂਦਾ ਹੈ ਕਿ ਉਹ ਭਾਰਤ ਨੂੰ ਅਮਰੀਕਾ ਵਰਗੀ ਦਿਲ-ਵਧੀ ਲਈ ਉਕਸਾ ਰਿਹਾ ਹੈ।
ਪੰਜਾਬੀ ਮੁਹਾਵਰਾ ਹੈ ਕਿ 'ਬੇਗਾਨੇ ਹੱਥ ਕਹੀ ਹੌਲੀ ਲੱਗਦੀ ਹੈ'। ਜਦੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੁੰਦੀ ਸੀ, ਓਦੋਂ ਵੀ ਇਹੋ ਜਿਹੇ ਮੌਕੇ ਆਏ ਸਨ, ਪਰ ਵਾਜਪਾਈ ਸਾਹਿਬ ਅਤੇ ਅਡਵਾਨੀ ਸਾਹਿਬ ਵਰਗੇ ਸਖਤ ਪੈਂਤੜੇ ਦੇ ਧਾਰਨੀ ਓਦੋਂ ਇਹ ਕੁਝ ਨਹੀਂ ਸਨ ਕਰ ਸਕੇ। ਪਾਰਲੀਮੈਂਟ ਉੱਤੇ ਹਮਲਾ ਹੋਇਆ ਤਾਂ ਭਾਰਤ ਸਰਕਾਰ ਨੇ ਹੱਦਾਂ ਉੱਤੇ ਰਾਤੋ-ਰਾਤ ਫੌਜਾਂ ਭੇਜ ਦਿੱਤੀਆਂ ਸਨ ਅਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜੰਮੂ-ਕਸ਼ਮੀਰ ਵਿੱਚ ਜਾ ਕੇ ਐਲਾਨ ਕੀਤਾ ਸੀ ਕਿ 'ਬਾਦਲ ਗਰਜ ਰਹੇ ਹੈਂ, ਬਰਸਾਤ ਤੋ ਹੋਗੀ ਹੀ।' ਸਿਰਫ ਇੱਕ ਦਿਨ ਬਾਅਦ ਉਨ੍ਹਾਂ ਨੇ ਇਸ ਗੱਲ ਨੂੰ ਮਰੋੜਾ ਦੇ ਕੇ ਇਹ ਕਹਿ ਦਿੱਤਾ ਕਿ 'ਯੇ ਸਬ ਜ਼ਰੂਰੀ ਨਹੀਂ ਹੋਤਾ, ਕਈ ਬਾਰ ਬਾਦਲ ਭੀ ਗਰਜਤੇ ਹੈਂ, ਬਿਜਲੀਆਂ ਭੀ ਕੜਕਤੀ ਹੈਂ, ਪਰ ਬਰਸਾਤ ਨਹੀਂ ਭੀ ਹੋਤੀ'। ਫਿਰ ਕੁਝ ਦਿਨ ਹੱਦਾਂ ਉੱਤੇ ਤੰਬੂ ਗੱਡ ਕੇ ਫੌਜਾਂ ਪਿੱਛੇ ਮੁੜ ਆਈਆਂ ਸਨ। ਉਸ ਸਰਕਾਰ ਦੇ ਹੁੰਦਿਆਂ ਫੇਰ ਵੀ ਹਮਲੇ ਹੁੰਦੇ ਰਹੇ ਸਨ। ਅਮਰੀਕਾ ਦੇ 'ਇੱਕ ਹਮਲੇ ਤੋਂ ਪਿੱਛੋਂ ਕਦੇ ਕੋਈ ਦੂਜਾ ਹਮਲਾ ਨਹੀਂ ਕੀਤਾ ਜਾ ਸਕਿਆ' ਕਹਿਣ ਵਾਲਿਆਂ ਨੂੰ ਭੁੱਲ ਜਾਂਦਾ ਹੈ ਕਿ ਪਾਰਲੀਮੈਂਟ ਉੱਤੇ ਹੀ ਨਹੀਂ, ਲਾਲ ਕਿਲ੍ਹੇ ਉੱਤੇ ਵੀ ਹਮਲਾ ਹੋਇਆ ਸੀ, ਅਕਸ਼ਰਧਾਮ ਮੰਦਰ ਉੱਤੇ ਵੀ ਤੇ ਜੰਮੂ-ਕਸ਼ਮੀਰ ਦੀ ਅਸੈਂਬਲੀ ਉੱਤੇ ਵੀ। ਜਿਹੜਾ ਅਮਰੀਕਾ ਵਾਲਾ ਫਾਰਮੂਲਾ ਹੁਣ ਵਾਲੀ ਸਰਕਾਰ ਨੂੰ ਪੜ੍ਹਾਉਣਾ ਚਾਹੁੰਦੇ ਹਨ, ਉਨ੍ਹਾਂ ਨੇ ਆਪਣੇ ਵਕਤ ਉਹ ਵਰਤੋਂ ਵਿੱਚ ਲਿਆਂਦਾ ਹੀ ਨਹੀਂ ਸੀ ਤੇ ਹਮਲੇ ਹੁੰਦੇ ਰਹੇ ਸਨ। ਉਨ੍ਹਾਂ ਦੇ ਵਕਤ ਐਟਮੀ ਧਮਾਕੇ ਕਰਨ ਪਿੱਛੋਂ ਭਾਰਤ ਦੇ ਇੱਕ ਕੇਂਦਰੀ ਮੰਤਰੀ ਅਤੇ ਇੱਕ ਸਾਬਕਾ ਮੁੱਖ ਮੰਤਰੀ ਨੇ ਸ੍ਰੀਨਗਰ ਵਿੱਚ ਜਾ ਕੇ ਕਿਹਾ ਸੀ ਕਿ 'ਭਾਰਤ ਹੁਣ ਐਟਮੀ ਤਾਕਤ ਬਣ ਚੁੱਕਾ ਹੈ, ਪਾਕਿਸਤਾਨ ਜਦੋਂ ਚਾਹੇ, ਸਾਡੇ ਨਾਲ ਲੜ ਕੇ ਵੇਖ ਸਕਦਾ ਹੈ'। ਅਗਲੇ ਹਫਤੇ ਜਦੋਂ ਉਸ ਨੇ ਭਾਰਤ ਦੇ ਪੰਜਾਂ ਧਮਾਕਿਆਂ ਦੇ ਮੁਕਾਬਲੇ ਛੇ ਐਟਮੀ ਧਮਾਕੇ ਕਰ ਦਿੱਤੇ ਤਾਂ ਓਹੋ ਮੰਤਰੀ ਇਹ ਕਹਿੰਦਾ ਸੀ ਕਿ ਅਸੀਂ ਪਾਕਿਸਤਾਨ ਨੂੰ ਇਸ ਲਈ ਲਲਕਾਰ ਰਹੇ ਸਾਂ ਕਿ ਉਸ ਦੇ ਕੋਲ ਜੋ ਕੁਝ ਹੈ, ਉਹ ਉਕਸਾਵੇ ਵਿੱਚ ਆ ਕੇ ਜ਼ਾਹਰ ਕਰ ਦੇਵੇ। ਰਾਜਨੀਤੀ ਦਾ ਇਹ ਬਚਕਾਨਾਪਣ ਦੇਸ਼ ਦੀ ਵਿਰੋਧੀ ਧਿਰ ਦਾ ਪੱਧਰ ਵੀ ਚੋਖਾ ਨੀਵਾਂ ਕਰ ਦੇਂਦਾ ਹੈ।
ਭਾਰਤ ਦੀਆਂ ਦੋਵਾਂ ਮੁੱਖ ਪਾਰਟੀਆਂ ਦੇ ਲੀਡਰਾਂ ਦਾ ਮੌਕੇ ਦੀ ਨਜ਼ਾਕਤ ਜਾਂ ਆਮ ਆਦਮੀ ਦੇ ਦੁੱਖ ਨੂੰ ਦੁੱਖ ਨਾ ਸਮਝਣਾ ਵੀ ਦੇਸ਼ ਦੇ ਲੋਕਾਂ ਲਈ ਦੁਖਦਾਈ ਹੈ। ਅਸੀਂ ਸੁਣਿਆ ਸੀ ਕਿ ਜਦੋਂ ਰੋਮ ਸੜ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ। ਭਾਰਤ ਦੇ ਲੀਡਰਾਂ ਦੀ ਜਮਾਤ ਵਿੱਚ 'ਨੀਰੋ' ਦੀ ਨਸਲ ਵਾਲੇ ਵਾਹਵਾ ਸਾਰੇ ਮਿਲ ਜਾਂਦੇ ਹਨ। ਉਹ ਇਸ ਪੱਖ ਤੋਂ ਵੀ ਆਪਣੀ ਨੁਕਤਾਚੀਨੀ ਕਰਵਾਉਣ ਦਾ ਕੋਈ ਮੌਕਾ ਨਹੀਂ ਛੱਡਦੇ।
ਜਦੋਂ ਮੁੰਬਈ ਵਿੱਚ ਪਿਛਲਾ ਵੱਡਾ ਹਮਲਾ ਹੋਇਆ ਸੀ, ਕਈ ਦਿਨ ਲੜਾਈ ਚੱਲਦੀ ਰਹੀ ਤੇ ਲੋਕ ਸਹਿਮੇ ਰਹੇ ਸਨ। ਜਿਸ ਦਿਨ ਗੋਲੀ ਚੱਲਣੀ ਬੰਦ ਹੋਈ, ਮਹਾਂਰਾਸ਼ਟਰ ਦਾ ਕਾਂਗਰਸੀ ਮੁੱਖ ਮੰਤਰੀ ਮੌਕਾ ਵੇਖਣ ਚਲਾ ਗਿਆ। ਕਮਾਲ ਦੀ ਗੱਲ ਇਹ ਕਿ ਉਸ ਦਿਨ ਮੁੱਖ ਮੰਤਰੀ ਵਿਲਾਸ ਰਾਓ ਦੇਸ਼ਮੁਖ ਦੇ ਨਾਲ ਸਰਕਾਰੀ ਅਮਲਾ ਤਾਂ ਹੋਣਾ ਹੀ ਸੀ, ਇੱਕ ਫਿਲਮ ਨਿਰਦੇਸ਼ਕ ਵੀ ਗਿਆ ਅਤੇ ਮੁੱਖ ਮੰਤਰੀ ਦਾ ਫਿਲਮ ਸਟਾਰ ਪੁੱਤਰ ਵੀ। ਭੇਦ ਇਹ ਖੁੱਲ੍ਹਾ ਕਿ ਉਹ ਮੌਕਾ ਵੇਖ ਕੇ ਫਿਲਮ ਨਿਰਦੇਸ਼ਕ ਇੰਨ-ਬਿੰਨ ਓਸੇ ਤਰ੍ਹਾਂ ਦਾ ਦ੍ਰਿਸ਼ ਬਣਾ ਕੇ ਇੱਕ ਫਿਲਮ ਬਣਾਉਣ ਦੀ ਸਕੀਮ ਬਣਾ ਰਿਹਾ ਸੀ ਤੇ ਮੁੱਖ ਮੰਤਰੀ ਦੇ ਪੁੱਤਰ ਨੂੰ ਉਸ ਫਿਲਮ ਵਿੱਚ ਹੀਰੋ ਲਿਆ ਜਾਣ ਦਾ ਵਾਅਦਾ ਸੀ। ਜੇ ਏਦਾਂ ਦੀ ਕੋਈ ਯੋਜਨਾ ਸੀ ਤਾਂ ਦੋ ਦਿਨ ਸਬਰ ਵੀ ਕੀਤਾ ਜਾ ਸਕਦਾ ਸੀ, ਪਰ ਖੜੇ ਪੈਰ ਜਦੋਂ ਲਾਸ਼ਾਂ ਤੇ ਲਹੂ-ਮਿੱਝ ਖਿੱਲਰੀ ਪਈ ਸੀ, ਓਥੇ ਜਾ ਕੇ ਉਨ੍ਹਾਂ ਨੇ ਇਹੋ ਜਿਹੀ ਖੇਹ ਉਡਵਾਈ ਕਿ ਸਾਰੇ ਮੁਲਕ ਵਿੱਚੋਂ ਲਾਹਨਤਾਂ ਪੈਂਦੀਆਂ ਰਹੀਆਂ ਸਨ।
ਇਸ ਵਾਰੀ ਜਿਨ੍ਹਾਂ ਲੋਕਾਂ ਨੇ ਇਹੋ ਜਿਹਾ ਕੋਝਾਪਣ ਵਿਖਾਇਆ ਹੈ, ਉਨ੍ਹਾਂ ਵਿੱਚ ਕਾਂਗਰਸ ਪਾਰਟੀ ਦੇ ਆਗੂ ਵੀ ਹਨ ਅਤੇ ਵਿਰੋਧ ਦੀ ਮੁੱਖ ਪਾਰਟੀ ਭਾਜਪਾ ਦੇ ਵੀ। ਜਦੋਂ ਮੁੰਬਈ ਵਿੱਚ ਧਮਾਕੇ ਹੋਣ ਨਾਲ ਸਾਰੇ ਦੇਸ਼ ਵਿੱਚ ਲੋਕ ਦੁਖੀ ਹੋਏ ਬੈਠੇ ਸਨ, ਇਹ ਲੀਡਰ ਇੱਕ ਥਾਂ ਫੈਸ਼ਨ ਸ਼ੋਅ ਦੇ ਨਜ਼ਾਰੇ ਮਾਣ ਰਹੇ ਸਨ। ਫੈਸ਼ਨ ਸ਼ੋਅ ਦਾ ਮੁੱਖ ਮਹਿਮਾਨ ਭਾਰਤ ਸਰਕਾਰ ਦਾ ਸੈਰ-ਸਪਾਟਾ ਮੰਤਰੀ ਤੇ ਕਾਂਗਰਸੀ ਆਗੂ ਸੁਬੋਧ ਕਾਂਤ ਸਹਾਏ ਸੀ, ਜਿਹੜਾ ਸਿੱਧਾ ਝੂਠ ਬੋਲੀ ਜਾਂਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਮੁੰਬਈ ਵਿੱਚ ਧਮਾਕੇ ਹੋ ਗਏ ਹਨ। ਧਮਾਕੇ ਹੋਣ ਤੋਂ ਇੱਕ ਘੰਟਾ ਬਾਅਦ ਸ਼ੋਅ ਸ਼ੁਰੂ ਹੋਇਆ ਤੇ ਦੋ ਘੰਟੇ ਚੱਲਦਾ ਰਿਹਾ ਸੀ, ਏਨਾ ਚਿਰ ਉਸ ਨੂੰ ਪਤਾ ਨਹੀਂ ਲੱਗ ਸਕਿਆ, ਇਹ ਗੱਲ ਕਿਸੇ ਨੇ ਮੰਨ ਨਹੀਂ ਲੈਣੀ। ਸਿਰਫ ਉਹ ਹੀ ਨਹੀਂ, ਓਥੇ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਵੀ ਮੌਜੂਦ ਸਨ। ਫੈਸ਼ਨ ਸ਼ੋਅ ਭਾਜਪਾ ਦੀ ਵਾਜਪਾਈ ਸਰਕਾਰ ਵੇਲੇ ਦੇ ਮੰਤਰੀ ਤੇ ਹੁਣ ਭਾਜਪਾ ਦੇ ਕੇਂਦਰੀ ਜਨਰਲ ਸਕੱਤਰ ਅਸ਼ੋਕ ਪ੍ਰਧਾਨ ਦੀ ਧੀ ਕਰਵਾ ਰਹੀ ਸੀ, ਜਿਸ ਵਿੱਚ ਭਾਜਪਾ ਦੀ ਕੇਂਦਰੀ ਆਗੂ ਅਤੇ ਰਾਜਧਾਨੀ ਦਿੱਲੀ ਦੀ ਸਾਬਕਾ ਮੇਅਰ ਆਰਤੀ ਮਹਿਰਾ ਪਹਿਲੀ ਲਾਈਨ ਵਿੱਚ ਬੈਠੀ ਹੋਈ ਸੀ। ਜਵਾਬ ਬੀਬੀ ਆਰਤੀ ਮਹਿਰਾ ਦਾ ਵੀ ਉਹੋ ਹੈ, ਜਿਹੜਾ ਮੁੰਬਈ ਦੇ ਪਿਛਲੀ ਵਾਰੀ ਦੇ ਤਾਜ ਹੋਟਲ ਵਾਲੇ ਵੱਡੇ ਹਮਲੇ ਮੌਕੇ ਓਥੋਂ ਦੇ ਗ੍ਰਹਿ ਮੰਤਰੀ ਨੇ ਦਿੱਤਾ ਸੀ ਕਿ ਇਹੋ ਜਿਹੀਆਂ ਘਟਨਾਵਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਬੀਬੀ ਆਰਤੀ ਦੇ ਓਥੇ ਹੋਣ ਦਾ ਪਤਾ ਲੱਗਣ ਤੋਂ ਪਹਿਲਾਂ ਭਾਜਪਾ ਦੇ ਇੱਕ ਕੇਂਦਰੀ ਆਗੂ ਨੇ ਸੈਰ-ਸਪਾਟਾ ਮੰਤਰੀ ਸੁਬੋਧ ਕਾਂਤ ਸਹਾਏ ਦੀ ਫੈਸ਼ਨ ਸ਼ੋਅ ਵਿੱਚ ਹਾਜ਼ਰੀ ਦੀ ਨਿਖੇਧੀ ਕਰ ਦਿੱਤੀ, ਪਰ ਜਦੋਂ ਪਤਾ ਲੱਗਾ ਕਿ ਆਪਣੇ ਕਈ ਆਗੂ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ ਤਾਂ ਪਾਰਟੀ ਨੇ ਚੁੱਪ ਵੱਟ ਲਈ ਸੀ।
ਜਿਹੜੇ ਲੋਕ ਫਿਲਮ ਸਟਾਰਾਂ ਦੇ ਪ੍ਰਸੰਸਕਾਂ ਵਿੱਚ ਨਹੀਂ ਗਿਣੇ ਜਾਂਦੇ, ਉਹ ਵੀ ਇਸ ਵਾਰੀ ਅਮਿਤਾਬ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਦੀ ਦਾਦ ਦਿੱਤੇ ਬਿਨਾਂ ਨਹੀਂ ਰਹਿ ਸਕਦੇ। ਉਸ ਨੂੰ ਫਰਾਂਸ ਦੀ ਸਰਕਾਰ ਵੱਲੋਂ ਕਲਾਕਾਰਾਂ ਲਈ ਸਭ ਤੋਂ ਵੱਡਾ ਸਨਮਾਨ ਦਿੱਤਾ ਜਾਣਾ ਸੀ। ਇੱਕ ਪੰਜ-ਤਾਰਾ ਹੋਟਲ ਵਿੱਚ ਸਮਾਗਮ ਸੀ। ਫਰਾਂਸ ਸਰਕਾਰ ਦਾ ਰਾਜਦੂਤ ਵੀ ਓਥੇ ਹਾਜ਼ਰ ਸੀ। ਐਸ਼ਵਰਿਆ ਰਾਏ ਬੱਚਨ ਆਪਣੇ ਪਤੀ ਨਾਲ ਓਥੇ ਗਈ ਅਤੇ ਸਟੇਜ ਉੱਤੇ ਜਾ ਕੇ ਕਹਿ ਦਿੱਤਾ ਕਿ ਸਨਮਾਨ ਲਈ ਤੁਹਾਡਾ ਧੰਨਵਾਦ, ਪਰ ਇਸ ਮੌਕੇ ਜਦੋਂ ਦੇਸ਼ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਮੁੰਬਈ ਬੰਬਾਂ ਦੇ ਧਮਾਕਿਆਂ ਨਾਲ ਹਿੱਲਿਆ ਪਿਆ ਹੈ, ਲੋਕ ਦਹਿਸ਼ਤ ਦੀ ਮਾਰ ਹੇਠ ਹਨ, ਮੈਂ ਉਨ੍ਹਾਂ ਦੇ ਦੁੱਖ ਨੂੰ ਭੁਲਾ ਕੇ ਸਨਮਾਨ ਲੈਣ ਦਾ ਕੰਮ ਨਹੀਂ ਕਰ ਸਕਦੀ। ਫਿਰ ਓਸੇ ਦੀ ਪਹਿਲਕਦਮੀ ਉੱਤੇ ਓਥੇ ਹਾਜ਼ਰ ਸਾਰੇ ਲੋਕਾਂ ਨੇ ਮੁੰਬਈ ਦੇ ਮ੍ਰਿਤਕਾਂ ਲਈ ਦੋ ਮਿੰਟਾਂ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਤੇ ਸਮਾਗਮ ਰੱਦ ਕਰ ਦਿੱਤਾ ਗਿਆ। ਜੋ ਕੰਮ ਐਸ਼ਵਰਿਆ ਰਾਏ ਨੇ ਇੱਕ ਕਲਾਕਾਰ ਹੁੰਦੇ ਹੋਏ ਕੀਤਾ, ਉਹੋ ਆਗੂ ਵਜੋਂ ਦੇਸ਼ ਦੇ ਲੋਕਾਂ ਦੀ ਅਗਵਾਈ ਕਰਨ ਵਾਲੇ ਸੁਬੋਧ ਕਾਂਤ ਸਹਾਏ ਅਤੇ ਬੀਬੀ ਆਰਤੀ ਮਹਿਰਾ ਵਰਗਿਆਂ ਨੂੰ ਕਿਉਂ ਨਾ ਸੁੱਝਾ?
ਇਹੋ ਨਹੀਂ, ਇੱਕ ਹੋਰ ਗੱਲ ਇਹ ਵੀ ਹੈ ਕਿ ਬੰਬ ਧਮਾਕੇ ਹੋਣ ਤੋਂ ਦੋ ਦਿਨ ਬਾਅਦ ਤੱਕ ਲੋਕਾਂ ਦਾ ਦੁੱਖ ਜਾਨਣ ਦਾ ਵਕਤ ਨਾ ਕੇਂਦਰੀ ਮੰਤਰੀ ਸ਼ਰਦ ਪਵਾਰ ਕੱਢ ਸਕੇ ਤੇ ਨਾ ਕੇਂਦਰੀ ਮੰਤਰੀ ਵਿਲਾਸ ਰਾਓ ਦੇਸ਼ਮੁਖ। ਇਹ ਦੋਵੇਂ ਜਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ ਅਤੇ ਦੋਵੇਂ ਮੁੰਬਈ ਵਿੱਚ ਸਨ। ਕਾਰਨ ਇਹ ਕਿ ਅਗਲੇਰੇ ਦਿਨ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਹੋਣੀ ਸੀ, ਜਿਸ ਵਿੱਚ ਇੱਕ ਧਿਰ ਦਾ ਉਮੀਦਵਾਰ ਵਿਲਾਸ ਰਾਓ ਦੇਸ਼ਮੁਖ ਸੀ ਤੇ ਸ਼ਿਵ ਸੈਨਾ ਦੇ ਅਸ਼ੀਰਵਾਦ ਵਾਲੀ ਦੂਜੀ ਧਿਰ ਵੱਲੋਂ ਸਾਬਕਾ ਕ੍ਰਿਕਟਰ ਦਲੀਪ ਵੈਂਗਸਰਕਰ ਖੜਾ ਸੀ। ਇਹ ਚੋਣ ਚਾਰ ਦਿਨ ਅੱਗੇ ਵੀ ਪਾਈ ਜਾ ਸਕਦੀ ਸੀ, ਪਰ ਇਹ ਤਦੇ ਹੋ ਸਕਦਾ ਸੀ, ਜੇ ਲੀਡਰਾਂ ਲਈ ਲੋਕ ਵੱਧ ਮਹੱਤਵ ਰੱਖਦੇ ਹੁੰਦੇ। ਉਨ੍ਹਾਂ ਲਈ ਕਰੋੜਾਂ ਦੇ ਕਾਰੋਬਾਰ ਵਾਲੀ ਕ੍ਰਿਕਟ ਦੀ ਚੌਧਰ ਲੋਕਾਂ ਤੋਂ ਵੱਡੀ ਹੈ। ਜਿਸ ਮੁਲਕ ਵਿੱਚ ਲੀਡਰਾਂ ਵਿੱਚ ਇਸ ਪੱਧਰ ਦੀ ਸੰਵੇਦਨਹੀਣਤਾ ਹੋਵੇ, ਓਥੇ ਲੋਕਾਂ ਦੇ ਦੁੱਖ ਨੂੰ ਸਮਝ ਕੌਣ ਸਕਦਾ ਹੈ?
No comments:
Post a Comment