ਹੰਝੂ ਵਹਾਉਂਦੇ-ਵਹਾਉਂਦੇ 'ਹੰਝੂ' ਹੀ ਬਣ ਗਏ ਡਾ. ਚੰਨ.....

ਸਿ਼ਵਚਰਨ ਜੱਗੀ ਕੁੱਸਾ
"ਡਾ.ਚ.ਸ.ਚੰਨ ਵੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ!" ਸੁਣਿਆਂ ਤਾਂ ਓਪਰਾ ਜਿਹਾ ਲੱਗਿਆ। ਮਨ ਨੂੰ ਪੁੱਛਿਆ, "ਯਾਰ ਉਹ ਸੱਚੀਂ ਤੁਰ ਗਿਆ, ਜਿਹੜਾ ਕੱਲ੍ਹ ਬੜ੍ਹਕਾਂ ਮਾਰਦਾ
ਹੁੰਦਾ ਸੀ?" ਕਦੇ ਭਾਈ ਕਨ੍ਹਈਏ ਦੀ ਦੂਰ-ਦ੍ਰਿਸ਼ਟੀ ਦੀ ਗੱਲ ਕਰਨ ਵਾਲਾ, ਜਿਸ ਨੂੰ ਦੁਸ਼ਮਣਾਂ ਵਿਚੋਂ ਵੀ ਗੁਰੂ ਨਜ਼ਰ ਆਉਂਦਾ ਸੀ, ਅਤੇ ਕਦੇ ਬਾਬਾ ਦੀਪ ਸਿੰਘ ਦੇ, ਬਗੈਰ ਸੀਸ ਤੋਂ ਪਾਏ ਹੋਏ ਮੋਛਿਆਂ ਦੀ ਦਾਸਤਾਨ ਸੁਣਾਉਣ ਵਾਲਾ, ਤੁਰ ਗਿਆ ਸੀ? ਮਨ ਤਾਂ ਚਾਹੇ ਨਹੀਂ ਸੀ ਮੰਨਦਾ, ਪਰ ਮੌਤ ਦੇ ਲੰਬੇ ਹੱਥਾਂ ਤੋਂ ਕੌਣ ਬਚ ਸਕਦੈ? ਕਾਲ ਨੂੰ ਤਾਂ ਰਾਵਣ ਵਰਗੇ ਟਾਲ ਨਹੀਂ ਸਕੇ, ਨਾਲੇ ਮੰਜੇ ਦੇ ਪਾਵੇ ਨਾਲ ਬੰਨਿ੍ਹਆਂ ਹੋਇਆ ਸੀ, ਸੋਚ ਕੇ ਇਹ ਭਾਣਾ ਮੰਨਣਾ ਹੀ ਪਿਆ। ਡਾ ਸਾਹਿਬ ਨੂੰ ਮੈਂ 'ਦੇਸ ਪ੍ਰਦੇਸ' ਰਾਹੀਂ 1987 ਵਿਚ ਜਾਨਣ ਲੱਗਾ। ਆਸਟਰੀਆ ਰਹਿੰਦੇ ਸਮੇਂ ਇਕ ਵਾਰ ਆਪਣੀ ਇੰਗਲੈਂਡ ਫ਼ੇਰੀ ਦੌਰਾਨ ਜਦ ਮੈਂ 'ਦੇਸ ਪ੍ਰਦੇਸ' ਦੇ ਬਾਨੀ ਸੰਪਾਦਕ, ਸਵਰਗਵਾਸੀ ਮਿੱਤਰ ਤਰਸੇਮ ਸਿੰਘ ਪੁਰੇਵਾਲ ਨੂੰ "ਚਸ ਚੰਨ" ਦੇ ਮਤਲਬ ਬਾਰੇ ਪੁੱਛਿਆ ਤਾਂ ਉਹ ਆਦਤ ਅਨੁਸਾਰ ਉੱਚੀ-ਉੱਚੀ ਹੱਸ ਪਿਆ। ਅਜਿਹੀ ਗੱਲ ਉਪਰ ਉਚਾ ਹੱਸਣਾ ਤਰਸੇਮ ਪੁਰੇਵਾਲ ਦੀ ਮੀਰੀ ਆਦਤ ਸੀ।
-"ਉਏ ਉਹਦਾ ਨਾਂ ਚੰਨਣ ਸਿੰਘ ਚੰਨ ਐਂ...!" ਉਸ ਨੇ ਹੱਸਦਿਆਂ ਦੱਸਿਆ।
-"ਤੇ ਉਹ ਫਿਰ ਪੂਰਾ ਨਾਂ ਕਿਉਂ ਨਹੀਂ ਲਿਖਦਾ? 'ਕੱਲਾ ਚ. ਸ.ਚੰਨ ਹੀ ਕਿਉਂ ਲਿਖਦੈ?"
-"ਉਹ ਮੌਜੀ ਬੰਦੈ-ਆਪਣੇ ਆਪ 'ਚ ਮਸਤ ਰਹਿਣ ਵਾਲਾ!" ਤਰਸੇਮ ਪੁਰੇਵਾਲ ਨੇ ਆਖਿਆ ਸੀ।
ਡਾ. ਚੰਨਣ ਸਿੰਘ ਚੰਨ ਨਾਲ ਮੇਰੀ ਪਹਿਲੀ ਮੁਲਾਕਾਤ ਆਸਟਰੀਆ ਦੇ ਗੁਰਦੁਆਰੇ ਵਿਆਨਾ ਵਿਖੇ ਹੋਈ। ਉਥੇ ਉਸ ਨੇ ਸਿੱਖ ਧਰਮ ਪ੍ਰਤੀ ਪਰਾਤਨ ਵਸਤੂਆਂ ਦੀ ਪ੍ਰਦਰਸ਼ਨੀ ਲਾਈ ਹੋਈ ਸੀ। ਦੁਨੀਆਂ ਦੇ ਕੋਨੇ ਕੋਨੇ 'ਚੋਂ ਸਿੱਖੀ ਨਾਲ ਸਬੰਧਿਤ ਦੁਰਲੱਭ ਨਿਸ਼ਾਨੀਆਂ ਇਕੱਠੀਆਂ ਕਰਕੇ, ਤਰਤੀਬ ਦੇ ਕੇ ਬੜੇ ਹੀ ਸਲੀਕੇ ਨਾਲ ਸਜਾਈਆਂ ਹੋਈਆਂ ਸਨ। ਹਰ ਨਿਸ਼ਾਨੀ ਉਪਰ ਪੂਰਾ ਵੇਰਵਾ ਅਤੇ ਪ੍ਰਾਪਤੀ ਸਥਾਨ ਲਿਖਿਆ ਹੋਇਆ ਸੀ। ਉਹਨਾਂ ਵੱਲੋਂ ਲਗਾਈ ਹੋਈ ਪ੍ਰਦਰਸ਼ਨੀ ਵਿਚ ਕਈ ਗੱਲਾਂ ਅਦਭੁਤ ਸਨ, ਜਿਵੇਂ ਚੌਲਾਂ ਦੇ ਦਾਣੇ ਉੱਪਰ ਉਕਰਿਆ ਹੋਇਆ ਮੂਲ ਮੰਤਰ, ਆਦਿ! ਸੰਗਤਾਂ ਡਾ. ਸਾਹਿਬ ਦੀ ਸ਼ਰਧਾ ਅਤੇ ਸ਼ੌਕ ਦੇ ਬਲਿਹਾਰੇ ਜਾ ਰਹੀਆਂ ਸਨ। ਕਈ ਇਸ ਸ਼ਰਧਾ-ਸ਼ੌਕ ਨੂੰ 'ਝੱਲ' ਵੀ ਆਖ ਰਹੇ ਸਨ। ਝੱਲ ਹਰ ਆਦਮੀ ਨੂੰ ਹੁੰਦਾ ਹੈ। ਕਿਸੇ ਨੂੰ ਖਾਣ ਦਾ, ਕਿਸੇ ਨੂੰ ਪੀਣ ਦਾ, ਕਿਸੇ ਨੂੰ ਘੁੰਮਣ ਫਿਰਨ ਦਾ, ਪਰ ਡਾ ਸਾਹਿਬ ਨੂੰ ਝੱਲ ਸਿੱਖੀ ਪ੍ਰਤੀ ਵਸਤੂਆਂ ਇਕੱਤਰ ਕਰਨ ਦਾ ਸੀ। ਅਜਿਹਾ 'ਝੱਲ' ਜੇ ਹਰ ਸਿੱਖ ਦੇ ਅੰਦਰ ਜਾਗ ਪਵੇ ਤਾਂ ਸਿੱਖੀ ਪ੍ਰਤੀ ਉਪਦੇਸ਼ ਦੇਣ ਦੀ ਜ਼ਰੂਰਤ ਹੀ ਨਾ ਰਹਿ ਜਾਵੇ!
ਡਾ ਸਾਹਿਬ ਦੀ ਲਾਈ ਪ੍ਰਦਰਸ਼ਨੀ ਦੇਖਣ ਉਪਰੰਤ ਅਸੀਂ ਉਹਨਾਂ ਦੇ ਕਮਰੇ ਵਿਚ ਆ ਗਏ। ਮੇਰੇ ਨਾਲ ਸ ਼ਚਰਨਜੀਤ ਸਿੰਘ ਸਰੋਏ ਅਤੇ ਮਾਸਟਰ ਕੁਲਵੰਤ ਸਿੰਘ ਨਾਹਰਾ ਸਨ। ਚਾਹ ਪਾਣੀ ਛਕਣ ਉਪਰੰਤ ਗੱਲ ਤੁਰਦੀ ਤੁਰਦੀ ਪੰਜਾਬ ਮਸਲੇ 'ਤੇ ਪੁੱਜ ਗਈ। ਉਦੋਂ ਮੇਰਾ ਵੱਡ-ਅਕਾਰੀ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਕਈ ਅਖਬਾਰਾਂ ਵਿਚ ਇੱਕੋ ਸਮੇਂ ਲੜੀਵਾਰ ਛਪ ਰਿਹਾ ਸੀ।
-"ਕੁੱਸਾ ਸਾਹਿਬ ਗੁੱਸਾ ਨਾ ਕਰਿਓ!" ਆਦਤ ਅਨੁਸਾਰ ਡਾ ਸਾਹਿਬ ਆਪਣੀ ਧੀਮੀਂ ਜਿਹੀ ਅਵਾਜ਼ ਵਿਚ ਬੜੀ ਸਹਿਜਤਾ ਨਾਲ ਬੋਲੇ।
-"ਸਿੱਖਾਂ ਦੇ ਲੀਡਰ ਹੀ ਨਿਪੁੰਸਕ ਹਨ!" ਉਹਨਾਂ ਦੀ ਕਹੀ ਬੇਝਿਜਕ ਗੱਲ ਨੇ ਮੇਰੇ ਅੰਦਰ ਇੱਕ ਵਿਸ਼ਵਾਸ਼ ਪੈਦਾ ਕਰ ਦਿੱਤਾ ਕਿ ਡਾ ਸਾਹਿਬ ਸੱਚ ਕਹਿਣ ਲੱਗੇ ਸੰਕੋਚ ਤੋਂ ਨਹੀਂ, ਬੇਬਾਕੀ ਤੋਂ ਕੰਮ ਲੈਂਦੇ ਹਨ।
-"ਤੁਹਾਨੂੰ ਤਾਂ ਕਹਿਣ ਜਾਂ ਦੱਸਣ ਦੀ ਲੋੜ ਹੀ ਨਹੀਂ-ਤੁਸੀਂ ਤਾਂ ਆਪਣੇ ਨਾਵਲ 'ਪੁਰਜਾ ਪੁਰਜਾ ਕਟਿ ਮਰੈ' ਵਿਚ ਹੀ ਬਹੁਤ ਕੁਝ ਲਿਖ ਅਤੇ ਕਹਿ ਦਿੱਤਾ ਹੈ-!"
-"ਤੁਸੀਂ ਮੇਰਾ ਨਾਵਲ ਪੜਿ੍ਹਆ ਹੈ?" ਮੈਂ ਹੈਰਾਨ ਸਾਂ ਕਿ ਇਤਨੇ ਵੱਡੇ ਲੇਖਕ ਅਤੇ ਪੰਥ ਦਰਦੀ ਨੇ ਮੇਰੇ ਵਰਗੇ ਨਿਮਾਣੇ ਜਿਹੇ ਲੇਖਕ ਦਾ ਨਾਵਲ ਵੀ ਪੜਿ੍ਹਆ ਹੋਵੇਗਾ?
-"ਬਿਲਕੁਲ! ਇੱਕ ਇੱਕ ਅੱਖਰ ਪੜਿ੍ਹਆ ਹੈ, ਵਾਚਿਆ ਹੈ-ਸਾਡਾ ਲੇਖਕਾਂ ਦਾ ਇੱਕ ਹੀ ਦੁਖਾਂਤ ਹੈ ਕਿ ਅਸੀਂ ਲੀਡਰ ਨਹੀਂ ਬਣ ਸਕਦੇ ਅਤੇ ਲੀਡਰ ਲੇਖਕ ਨਹੀਂ ਬਣ ਸਕਦੇ।"
-"ਡਾਕਟਰ ਸਾਹਿਬ ਜੇ ਲੇਖਕ ਲੀਡਰ ਬਣ ਜਾਣ ਤਾਂ ਦੁਨੀਆਂ 'ਤੇ ਇਨਕਲਾਬ ਨਾ ਆ ਜਾਵੇ?" ਮੇਰਾ ਤਰਕ-ਵਿਅੰਗ ਸੀ।
-"ਲੇਖਕ ਨੂੰ ਲੀਡਰ ਬਣਨ ਕੀਹਨੇ ਦੇਣੈਂ? ਲੀਡਰ ਪਾਗਲ ਐ? ਲੇਖਕ ਨੇ ਹਰ ਗੱਲ ਤਰਕ ਵਿਗਿਆਨ ਨਾਲ ਸੋਚਣੀ-ਕਰਨੀ ਤੇ ਲੀਡਰਾਂ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਸਿਰਫ਼ ਵੋਟਾਂ ਦੀ ਤੱਕੜੀ ਵਿਚ ਤੋਲ ਕੇ ਦੇਖਣਾ-ਸਾਡਾ ਲੀਡਰਾਂ ਨਾਲ ਸੰਨ੍ਹ ਕਿਵੇਂ ਰਲੂ? ਮੈਂ ਲਿਖੂੰਗਾ, ਲਿਖੂੰਗਾ ਤੇਰੇ ਨਾਵਲ ਬਾਰੇ ਇੱਕ ਆਰਟੀਕਲ-ਵੈਰ੍ਹੀ ਗਰੇਟ! ਵੈਰ੍ਹੀ ਗਰੇਟ ਨਾਵਲ!"
ਉਸ ਪਹਿਲੀ ਮਿਲਣੀ ਅਤੇ ਵਿਚਾਰ ਵਟਾਂਦਰੇ ਨੇ ਦਿਲੀ ਤੌਰ 'ਤੇ ਮੈਨੂੰ ਡਾ ਸਾਹਿਬ ਦੇ ਅਤੀਅੰਤ ਨੇੜੇ ਲੈ ਆਂਦਾ।
-"ਜਿੰਨਾ ਚਿਰ ਲੋਕਾਂ ਦਾ ਦਰਦ ਚਿਤਰਦਾ ਰਹੇਂਗਾ-ਲੋਕ ਤੈਨੂੰ ਆਪਣਾ ਹੀਰੋ ਸਮਝਣਗੇ-ਜਸਵੰਤ ਸਿੰਘ ਕੰਵਲ ਦੇ ਆਖਣ ਵਾਂਗ ਜਿਹੜਾ ਆਪਣੀ ਕੌਮ ਦੇ ਦੁਖਾਂਤ ਨੂੰ ਅੱਖੋਂ ਪਰੋਖੇ ਕਰਦਾ ਹੈ-ਉਹ ਲੋਕ ਲੇਖਕ ਨਹੀਂ-ਉਹ ਸਮੇਂ ਦਾ ਭਗੌੜਾ ਅਤੇ ਲੋਕਾਂ ਦਾ ਗੱਦਾਰ ਹੁੰਦਾ ਹੈ! ਕਲਮ ਹੱਥ ਆਈ ਐ ਤਾਂ ਸੱਚ ਲਈ ਵਰਤੀਂ-ਇਹ ਇੱਕ ਰੱਬੀ ਗੁਣ ਐਂ-ਜਣੇਂ ਖਣੇਂ ਨੂੰ ਨਸੀਬ ਨਹੀਂ ਹੁੰਦਾ-ਯਾਦ ਰੱਖੀਂ!" ਉਹਨਾਂ ਦੇ ਕਹੇ ਅਲਫ਼ਾਜ਼ ਇੱਕ ਤਰ੍ਹਾਂ ਨਾਲ ਮੇਰੇ ਦਿਲ 'ਤੇ ਉੱਕਰੇ ਗਏ। ਫਿਰ ਕਾਫ਼ੀ ਦੇਰ ਡਾ ਸਾਹਿਬ ਨਾਲ ਮੁਲਾਕਾਤ ਦਾ ਸਬੱਬ ਨਾ ਬਣਿਆ।
ਫਿਰ 2003 ਵਿਚ ਜਦੋਂ 'ਪੰਜਾਬੀ ਸੱਥ ਲਾਂਬੜਾ' ਨੇ ਵਿਲੇਨਹਾਲ (ਇੰਗਲੈਂਡ) ਮੈਨੂੰ 'ਨਾਨਕ ਸਿੰਘ ਨਾਵਲਿਸਟ ਪੁਰਸਕਾਰ' ਦਿੱਤਾ ਤਾਂ ਉਹ ਇਸ ਸਮਾਗਮ 'ਤੇ ਵਿਸ਼ੇਸ਼ ਤੌਰ 'ਤੇ ਆਏ ਅਤੇ ਮੈਨੂੰ ਜੱਫ਼ੀ ਵਿਚ ਲੈ ਕੇ ਆਸ਼ੀਰਵਾਦ ਦਿੱਤਾ। ਉਹਨਾਂ ਤੋਂ ਬਾਅਦ ਡਾਕਟਰ ਨਿਰਮਲ ਸਿੰਘ ਲਾਂਬੜਾ ਨੇ ਮੈਨੂੰ 'ਬਾਲਾ' ਕੱਢ ਕੇ ਥਾਪੜਾ ਦਿੱਤਾ। ਡਾਕਟਰ ਸਾਹਿਬ ਤੋਂ ਇਲਾਵਾ ਉਥੇ ਮੇਰੇ ਮਿੱਤਰ ਬਲਿਹਾਰ ਸਿੰਘ ਰੰਧਾਵਾ, ਮੁੱਖ ਸੰਪਾਦਕ 'ਪੰਜਾਬੀ ਵਿਰਸਾ', ਪ੍ਰੋਫ਼ੈਸਰ ਮੋਤਾ ਸਿੰਘ ਸਰਾਏ, ਹਰਦੇਵ ਦਿਲਗੀਰ (ਦੇਵ ਥਰੀਕੇ ਵਾਲਾ), ਬਾਬਾ ਤੇਜਾ ਸਿੰਘ ਜੀ ਤੇਜ ਕੋਟਲੇ ਵਾਲੇ, ਤਾਰਾ ਸਿੰਘ ਤਾਰਾ ਆਧੀ ਵਾਲਾ, ਸ਼ਮਸ਼ੇਰ ਸਿੰਘ ਰਾਏ ਪੰਜਾਬ ਰੇਡੀਓ, ਦਲਬੀਰ ਸੁੰਮਨ ਪੱਤਰਕਾਰ ਪੰਜਾਬ ਟਾਈਮਜ਼, ਰਣਜੀਤ ਸਿੰਘ ਰਾਣਾ ਮੁੱਖ ਸੰਪਾਦਕ 'ਸਾਹਿਬ', ਕੁਲਵਿੰਦਰ ਕੌਰ ਮਾਨ, ਬੀਬੀ ਗੁਰਦੇਵ ਕੌਰ ਮੁਖੀ ਸਿੱਖ ਨਾਰੀ ਮੰਚ ਅਤੇ ਦਲਬੀਰ ਕੌਰ ਵੁਲਵਰਹੈਂਪਟਨ ਹਾਜ਼ਰ ਸਨ।
ਫਿਰ ਇਕ ਵਾਰ ਮੇਰਾ ਫਿਰ ਦੋ ਕੁ ਦਿਨ ਇੰਗਲੈਂਡ ਜਾਣ ਦਾ ਪ੍ਰੋਗਰਾਮ ਬਣ ਗਿਆ। ਮੈਂ ਬਾਈ ਜਰਨੈਲ ਸਿੰਘ ਬਿੱਲੂ ਦੇ ਘਰ ਸਾਂ। ਪ੍ਰਸਿੱਧ ਵਿਦਵਾਨ ਅਤੇ 'ਸਾਹਿਬ' ਦੇ ਸਹਾਇਕ ਸੰਪਾਦਕ ਡਾ ਤਾਰਾ ਸਿੰਘ ਜੀ ਆਲਮ ਮੈਨੂੰ ਆ ਕੇ ਲੈ ਗਏ। ਡਾ ਤਾਰਾ ਸਿੰਘ ਆਲਮ ਮੇਰੀ 'ਅੰਮ੍ਰਿਤ ਬਾਣੀ ਰੇਡੀਓ' 'ਤੇ 'ਲਾਈਵ' ਮੁਲਾਕਾਤ ਕਰ ਰਹੇ ਸਨ ਤਾਂ ਡਾ ਚੰਨਣ ਸਿੰਘ ਚੰਨ ਦਾ ਫ਼ੋਨ ਆ ਗਿਆ। ਉਹ ਆਦਤ ਅਨੁਸਾਰ ਮੇਰੇ ਨਾਵਲਾਂ ਬਾਰੇ "ਵੈਰ੍ਹੀ ਗਰੇਟ-ਵੈਰ੍ਹੀ ਗਰੇਟ" ਕਰਦੇ ਰਹੇ, ਅਸੀਸਾਂ ਦੀ ਛਹਿਬਰ ਲਾਉਂਦੇ ਰਹੇ। ਉਹਨਾਂ ਦੇ ਧੰਨਵਾਦ ਵਜੋਂ ਮੈਂ ਇੱਕ ਸ਼ੇਅਰ ਕਿਹਾ:

ਆਪ ਕਾ ਹੀ ਨੂਰ ਹੈ, ਜੋ ਪੜ ਰਹਾ ਹੈ ਹਮਾਰੇ ਚਿਹਰੇ ਪੇ
ਵਰਨਾ ਕੌਨ ਦੇਖਤਾ ਹਮੇਂ ਇਨ ਅੰਧੇਰੋਂ ਮੇਂ?

ਡਾ ਸਾਹਿਬ ਅੰਦਰ ਸਿੱਖੀ ਲਈ ਤੜਪ ਸੀ। ਪੰਜਾਬੀ ਅਤੇ ਪੰਜਾਬੀਅਤ ਲਈ ਜਜ਼ਬਾ ਸੀ। ਸਿੱਖੀ ਦੇ ਤਿਲ੍ਹਕਦੇ ਅਤੇ ਗਰਕਦੇ ਜਾਂਦੇ ਮਹਿਲ ਨੂੰ ਦੇਖ ਕੇ ਉਹ ਖਿਝਦੇ, ਸਾਧਾਂ ਸੰਤਾਂ ਨੂੰ ਲੋਟੂ ਟੋਲਾ ਦੱਸਦੇ, ਦੁਰਕਾਰਾਂ ਪਾਉਂਦੇ। ਉਹਨਾਂ ਦੀ ਇੱਕ ਗੱਲ ਠੀਕ ਵੀ ਸੀ ਕਿ, "ਬਾਹਰ ਤਾਂ ਸਿੱਖੀ ਅਜੇ ਮਾੜੀ ਮੋਟੀ ਬਚੀ ਹੋਈ ਐ, ਇੰਡੀਆ ਵਿਚ ਤਾਂ ਬੇੜਾ ਈ ਗਰਕ ਹੋਇਆ ਪਿਐ, ਇਹ ਸਾਧ ਸੰਤ ਇੱਥੇ ਕੀ ਕਰਨ ਆਉਂਦੇ ਐ? ਪਹਿਲਾਂ ਇੰਡੀਆ ਦੀ ਸਿੱਖੀ ਤਾਂ ਸੰਭਾਲ ਲੈਣ!" ਉਹ ਲੀਡਰਾਂ 'ਤੇ ਵੀ ਅਵਾਜ਼ੇ ਕਸਦੇ, "ਕੀ ਥੁੜਿਆ ਪਿਐ ਇਹਨਾਂ ਵੱਲੋਂ?" ਸਿੱਖੀ ਦੀ ਚੜ੍ਹਦੀ ਕਲਾ ਦੇ ਉਹ ਇੱਛੁਕ ਸਨ। ਯੂਰਪ ਵਿਚ ਵਿਚਰਦੀ ਅਜੋਕੀ ਪੰਜਾਬੀ ਪੀੜ੍ਹੀ ਤੋਂ ਉਹ ਅਤੀਅੰਤ ਨਿਰਾਸ਼ ਸਨ। ਉਹ ਆਮ ਆਖਦੇ ਸਨ ਕਿ ਅਸੀਂ ਪੈਸਾ ਬਹੁਤ ਕਮਾਇਆ, ਬਹੁਤ ਕੁਛ ਬਣਾਇਆ, ਪਰ ਔਲਾਦ ਪੱਖੋਂ ਅਸੀਂ ਦੇਖੀਏ ਤਾਂ ਗੁਆਇਆ ਹੀ ਗੁਆਇਆ ਹੈ, ਖੱਟਿਆ ਨਹੀਂ! ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ!! ਉਹ 1947 ਦੇ ਦੁਖਾਂਤ ਤੋਂ ਲੈ ਕੇ ਹੁਣ ਤੱਕ ਦੇ ਦੁਖਾਂਤ ਤੱਕ ਪੰਜਾਬ ਦੇ ਹਾਲਾਤਾਂ 'ਤੇ ਹੰਝੂ ਹੀ ਵਗਾਉਂਦੇ ਰਹੇ। ਅੰਤ ਹੰਝੂ ਵਹਾਉਂਦੇ-ਵਹਾਉਂਦੇ 'ਹੰਝੂ' ਹੀ ਬਣ ਗਏ! ਹਮੇਸ਼ਾ 'ਗਰੇਟ-ਗਰੇਟ' ਕਰਨ ਵਾਲੇ ਡਾ ਸਾਹਿਬ ਖੁਦ ਵੀ "ਗਰੇਟ" ਹੀ ਸਨ। ਕੌਮ ਨੂੰ ਅਜਿਹੇ ਪੰਥਕ ਲੇਖਕਾਂ ਅਤੇ ਚਿੰਤਕਾਂ ਦੀ ਹਮੇਸ਼ਾ ਹੀ ਭਾਲ ਰਹੇਗੀ ਅਤੇ ਥੁੜ ਮਹਿਸੂਸ ਹੁੰਦੀ ਰਹੇਗੀ। ਅਕਾਲ ਪੁਰਖ ਦੇ ਚਰਨਾਂ ਵਿਚ ਬੇਨਤੀ ਹੈ ਕਿ ਅਜਿਹੇ ਪੰਥ-ਦਰਦੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਨਿਵਾਜ਼ ਲੈਣ!!

No comments:

Post a Comment