ਦ੍ਰਿਸ਼ਟੀਕੋਣ (36)-ਜਤਿੰਦਰ ਪਨੂੰ

ਲੋਕਾਂ ਦੀ ਕਮਾਈ ਉੱਤੇ ਮੌਜ ਮਾਣਦੇ ਸਾਧਾਂ ਤੋਂ ਰਾਜਸੀ ਪਾਰਟੀਆਂ ਦੂਰੀ ਕਿਉਂ ਨਹੀਂ ਰੱਖਦੀਆਂ?
ਕਾਂਗਰਸ ਪਾਰਟੀ ਬੀਤੇ ਹਫਤੇ ਭੜਕ ਪਈ ਸੀ ਅਤੇ ਇਹ ਭੜਕਾਹਟ ਕਿਸੇ ਰਾਜਸੀ ਪਾਰਟੀ ਜਾਂ ਕਿਸੇ ਰਾਜਸੀ ਪੁਆੜੇ ਕਾਰਨ ਨਹੀਂ ਸੀ। ਇਸ ਵਾਰੀ ਦੀ ਉਸ ਦੀ ਭੜਕਾਹਟ ਦਾ ਕਾਰਨ 'ਬਾਪੂ'
ਅਖਵਾਉਣ ਵਾਲਾ ਆਸਾ ਰਾਮ ਬਣ ਗਿਆ। ਉਸ ਨੇ ਇੱਕ ਥਾਂ ਕਥਾ ਕਰਦਿਆਂ ਸੋਨੀਆ ਗਾਂਧੀ ਨੂੰ ਨਿਸ਼ਾਨਾ ਬਣਾ ਲਿਆ ਸੀ। ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਸਵਾਮੀ ਰਾਮਦੇਵ ਦੇ ਸੱਤਿਆਗ੍ਰਹਿ ਵਾਲੀ ਭੀੜ ਦੇ ਵਿਰੁੱਧ ਪੁਲਸ ਦੇ ਲਾਠੀਚਾਰਜ ਦੀ ਆਸਾ ਰਾਮ ਨੇ ਆਪਣੇ ਢੰਗ ਨਾਲ ਵਿਆਖਿਆ ਕੀਤੀ, ਜਿਹੜਾ ਉਸ ਨੂੰ ਕਰਨ ਦਾ ਹੱਕ ਸੀ। ਚਰਚਿਆਂ ਦੇ ਸ਼ੌਕੀਨ ਇੱਕ ਸੰਤ ਵੱਲੋਂ ਦੂਜੇ ਸੰਤ ਦੀ ਹਮਾਇਤ ਵਿੱਚ ਬੋਲਣਾ ਖਾਸ ਗੱਲ ਨਹੀਂ ਹੁੰਦੀ। ਇਹ ਇੱਕ ਤਰ੍ਹਾਂ ਦਾ ਸ਼ਗਨ ਪਾਉਣਾ ਹੁੰਦਾ ਹੈ, ਜਿਹੜਾ ਆਸਾ ਰਾਮ ਦੇ ਵਿਰੁੱਧ ਆਈ ਕਿਸੇ ਔਖੀ ਘੜੀ ਵਿੱਚ ਸਵਾਮੀ ਰਾਮਦੇਵ ਏਦਾਂ ਦੀ ਕਥਾ ਕਰ ਕੇ ਮੋੜ ਦੇਵੇਗਾ। ਅਗਲੀ ਗੱਲ ਆਸਾ ਰਾਮ ਨੇ ਇਹ ਕਹਿ ਦਿੱਤੀ ਕਿ ਅੰਗਰੇਜ਼ਾਂ ਦੇ ਵਕਤ ਏਦਾਂ ਦਾ ਦਾ ਜ਼ੁਲਮ ਹੁੰਦਾ ਵੇਖ ਕੇ ਮਹਾਤਮਾ ਗਾਂਧੀ ਨੇ 'ਅੰਗਰੇਜ਼ੋ ਭਾਰਤ ਛੋੜੋ' ਦਾ ਨਾਹਰਾ ਦਿੱਤਾ ਸੀ, ਹੁਣ ਸਾਰਾ ਕੁਝ ਇੱਕ 'ਮੈਡਮ' ਦੇ ਇਸ਼ਾਰੇ ਉੱਤੇ ਹੋਈ ਜਾਂਦਾ ਹੈ, ਪਰ ਅਜੇ ਤੱਕ ਕਿਸੇ ਨੇ 'ਮੈਡਮ ਭਾਰਤ ਛੋੜੋ' ਦਾ ਨਾਹਰਾ ਨਹੀਂ ਦਿੱਤਾ। ਇਹ ਇੱਕ ਭੱਦੀ ਟਿਪਣੀ ਹੈ। ਭਾਰਤ ਦੀ ਨਾਗਰਿਕ ਬਣ ਚੁੱਕੀ ਸੋਨੀਆ ਗਾਂਧੀ ਨਾਲ ਕਿਸੇ ਨੂੰ ਕਿਸੇ ਵੀ ਕਿਸਮ ਦੇ ਮੱਤਭੇਦ ਹੋਣ, ਏਨੀ ਘਟੀਆ ਸ਼ਬਦਾਵਲੀ ਵਰਤਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਕਾਂਗਰਸ ਵਾਲਿਆਂ ਦਾ ਗੁੱਸਾ ਇਸ ਪੱਖੋਂ ਜਾਇਜ਼ ਹੈ।
ਗੱਲ ਆਸਾ ਰਾਮ ਦੀ ਹੁਣ ਚੱਲੀ ਹੈ, ਕਾਂਗਰਸ ਪਾਰਟੀ ਨੇ ਹਾਲੇ ਪਿਛਲੇ ਹਫਤੇ ਆਪਣੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਬਾਬਾ ਰਾਮਦੇਵ ਦੀਆਂ ਸਭਾਵਾਂ ਅਤੇ ਉਸ ਦੇ ਯੋਗ ਕੈਂਪਾਂ ਵਿੱਚ ਨਾ ਜਾਣ ਦੀ ਹਦਾਇਤ ਵੀ ਦਿੱਤੀ ਹੈ। ਹੁਣ ਕਾਂਗਰਸ ਪਾਰਟੀ ਨੂੰ ਆਪਣੇ ਲੋਕਾਂ ਨੂੰ ਸ਼ਾਇਦ ਆਸਾ ਰਾਮ ਦੇ ਕਥਾ ਸਮਾਗਮਾਂ ਤੋਂ ਦੂਰ ਰਹਿਣ ਲਈ ਕਹਿਣਾ ਪਵੇਗਾ। ਉਸ ਤੋਂ ਪਿੱਛੋਂ ਵੀ ਮਾਮਲਾ ਖਤਮ ਨਹੀਂ ਹੋ ਜਾਣਾ। ਏਥੇ ਇੱਕ ਸਾਧ ਨਹੀਂ, ਸਾਧਾਂ ਦੇ ਵੱਗ ਤੁਰੇ ਫਿਰਦੇ ਹਨ। ਵਿਰੋਧ ਦੀ ਸਭ ਤੋਂ ਵੱਡੀ ਧਿਰ ਭਾਰਤੀ ਜਨਤਾ ਪਾਰਟੀ ਨਾਲ ਹਿੰਦੂ ਸੰਤਾਂ ਦੀ ਬਹੁਤਾਤ ਹੈ, ਪਰ ਕੁਝ ਸੰਤ ਕਾਂਗਰਸ ਪਾਰਟੀ ਨਾਲ ਵੀ ਮਿਲ ਕੇ ਚੱਲਦੇ ਹਨ। ਸਾਡੇ ਪੰਜਾਬ ਵਿੱਚ ਸਿੱਖ ਸੰਤਾਂ ਦੀ ਵੱਡੀ ਗਿਣਤੀ ਅਕਾਲੀਆਂ ਦੇ ਇੱਕ ਜਾਂ ਦੂਜੇ ਧੜੇ ਨਾਲ ਜੁੜੀ ਹੋਈ ਹੈ, ਪਰ ਕੁਝ ਸੰਤ ਪੱਕੇ ਤੌਰ'ਤੇ ਕਾਂਗਰਸੀ ਵੀ ਹਨ ਅਤੇ ਕੁਝ ਰੇਲ ਗੱਡੀ ਦੇ ਦਰਵਾਜ਼ੇ ਵਿੱਚ ਖੜੇ ਮੁਸਾਫਰਾਂ ਵਾਂਗ ਵੀ ਹਨ, ਜਿਹੜੇ ਪਸੰਦ ਦਾ ਸਟੇਸ਼ਨ ਆਉਣ ਉੱਤੇ ਛਾਲ ਮਾਰ ਜਾਂਦੇ ਹਨ ਅਤੇ ਅਗਲੀ ਗੱਡੀ ਦੂਜੇ ਸਟੇਸ਼ਨ ਨੂੰ ਵੀ ਤੁਰ ਪੈਂਦੇ ਹਨ। ਨਾ ਉਹ ਪੱਕੇ ਅਕਾਲੀ ਹਨ, ਨਾ ਪੱਕੇ ਕਾਂਗਰਸੀ ਹਨ।
ਸੱਚੇ ਸੌਦੇ ਵਾਲੇ ਡੇਰੇ ਨੇ ਇੱਕ ਵਾਰੀ ਅਕਾਲੀਆਂ ਦੀ ਮਦਦ ਲਈ ਆਪਣੇ ਸੇਵਕਾਂ ਨੂੰ ਇਸ਼ਾਰਾ ਕੀਤਾ ਤੇ ਦੂਜੀ ਵਾਰ ਕਾਂਗਰਸ ਨਾਲ ਜੁੜਨ ਕਰ ਕੇ ਅਕਾਲੀਆਂ ਤੋਂ ਹੱਡ ਤੱਤੇ ਕਰਵਾ ਲਏ ਸਨ। ਦਲਬਦਲੀਆਂ ਦਾ ਲੰਮਾ ਇਤਿਹਾਸ ਨਿਰੰਕਾਰੀਆਂ ਦਾ ਵੀ ਰਿਹਾ ਸੀ। ਇੱਕ ਸਮੇਂ ਅਕਾਲੀ ਦਲ ਦੇ ਵੱਡੇ ਲੀਡਰ ਉਨ੍ਹਾਂ ਦੇ ਮੁਖੀ ਨੂੰ 'ਸ੍ਰੀ ਸਤਿਗੁਰੂ ਜੀ' ਦੇ ਸੰਬੋਧਨ ਨਾਲ ਚਿੱਠੀਆਂ ਲਿਖ ਕੇ ਚੋਣਾਂ ਵਿੱਚ ਹਮਾਇਤ ਮੰਗਦੇ ਹੁੰਦੇ ਸਨ। ਜਦੋਂ ਸਿੱਖ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਕਿਸੇ ਵਕਤੀ ਵਹਿਣ ਵਿੱਚ ਵਹਿ ਕੇ ਉਨ੍ਹਾਂ ਨਾਲ ਦੂਰੀ ਪਾਉਣ ਲੱਗਾ ਤਾਂ ਓਹੋ ਅਕਾਲੀ ਆਗੂ ਨਿਰੰਕਾਰੀਆਂ ਦੇ ਖਿਲਾਫ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਦੇ ਹੁਕਮਨਾਮੇ ਕਰਵਾਉਣ ਤੁਰ ਪਏ ਸਨ। ਅੱਜ ਜਦੋਂ ਹਾਲਾਤ ਪਹਿਲਾਂ ਵਾਲੇ ਨਹੀਂ ਰਹੇ ਤਾਂ ਉਨ੍ਹਾਂ ਲੀਡਰਾਂ ਦੇ ਫੇਰੇ ਨਿਰੰਕਾਰੀ ਭਵਨਾਂ ਵਿੱਚ ਫਿਰ ਪੈਣ ਲੱਗ ਪਏ ਹਨ। ਸੱਚੇ ਸੌਦੇ ਵਾਲਿਆਂ ਨੇ ਵੀ ਪਿਛਲੀਆਂ ਪਾਰਲੀਮੈਂਟ ਚੋਣਾਂ ਮੌਕੇ ਕਾਂਗਰਸ ਅਤੇ ਅਕਾਲੀ ਦਲ ਨਾਲ 'ਫਿਫਟੀ-ਫਿਫਟੀ' ਦਾ ਸੌਦਾ ਮਾਰਨ ਵਿੱਚ ਦੇਰ ਨਹੀਂ ਕੀਤੀ ਅਤੇ ਦੋਵਾਂ ਧਿਰਾਂ ਦੀਆਂ ਤਿੰਨ-ਤਿੰਨ ਸੀਟਾਂ ਜਿਤਾ ਦਿੱਤੀਆਂ ਸਨ। ਨੂਰਮਹਿਲੀਏ ਹੋਣ ਜਾਂ ਭਨਿਆਰੇ ਵਾਲੇ, ਇਨ੍ਹਾਂ ਸਾਰਿਆਂ ਨਾਲ ਵੀ ਦੋਵਾਂ ਰਾਜਸੀ ਧਿਰਾਂ ਦੀ ਸੈਨਤ ਮਿਲਦੀ ਰਹਿੰਦੀ ਹੈ।
ਗੱਲ ਬਾਪੂ ਆਸਾ ਰਾਮ ਦੀ ਕਰਨੀ ਹੋਵੇ ਤਾਂ ਸਾਈਕਲਾਂ ਦੇ ਪੰਕਚਰ ਲਾਉਣ ਤੋਂ ਤੁਰਿਆ ਆਸੂ ਮੱਲ ਹੁਣ ਕੁਝ ਲੋਕਾਂ ਦੀ ਨਜ਼ਰ ਵਿੱਚ ਇੱਕ ਵੱਡਾ ਸੰਤ ਬਣ ਚੁੱਕਾ ਹੈ ਤੇ ਕੁਝ ਲੋਕਾਂ ਦੀ ਨਜ਼ਰ ਵਿੱਚ, ਕਾਨੂੰਨ ਦੀ ਨਜ਼ਰ ਵਿੱਚ ਵੀ, ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ੇ ਕਰਨ ਅਤੇ ਕੁਝ ਬੱਚਿਆਂ ਦੀ ਮੌਤ ਦਾ ਕਾਰਨ ਬਣਨ ਵਾਲਾ ਦੋਸ਼ੀ ਬਣਿਆ ਪਿਆ ਹੈ। ਜਿਹੜੇ ਗੁਜਰਾਤ ਰਾਜ ਵਿੱਚ ਉਸ ਦਾ ਮੁੱਖ ਟਿਕਾਣਾ ਹੈ, ਉਸ ਵਿੱਚ ਆਸਾ ਰਾਮ ਸਮੇਤ ਸਾਰੇ ਹਿੰਦੂ ਸੰਤਾਂ ਦੀ ਸਭ ਤੋਂ ਬਾਹਲੀ ਹਮਾਇਤਣ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਹੈ। ਪਿਛਲੇ ਸਮੇਂ ਵਿੱਚ ਮੋਦੀ ਨੇ ਆਸਾ ਰਾਮ ਦੇ ਆਸ਼ਰਮ ਦਾ ਸ਼ਿਕੰਜਾ ਕੱਸਿਆ ਤੇ ਉਸ ਕੋਲੋਂ ਕੁਝ ਸਰਕਾਰੀ ਜ਼ਮੀਨ ਉਵੇਂ ਹੀ ਪੁਲਸ ਦੀ ਕਾਰਵਾਈ ਕਰ ਕੇ ਛੁਡਾਈ ਸੀ, ਜਿਵੇਂ ਦਿੱਲੀ ਵਿੱਚ ਰਾਮਦੇਵ ਦੇ ਵਿਰੁੱਧ ਓਥੋਂ ਦੀ ਪੁਲਸ ਨੇ ਕਾਰਵਾਈ ਕੀਤੀ ਸੀ। ਜਦੋਂ ਗੁਜਰਾਤ ਦੇ ਅਧਿਕਾਰੀਆਂ ਨੇ ਜਾ ਕੇ ਆਸਾ ਰਾਮ ਨੂੰ ਕਿਹਾ ਸੀ ਕਿ ਉਹ ਸਰਕਾਰੀ ਜ਼ਮੀਨ ਛੱਡ ਦੇਵੇ ਤਾਂ ਪਹਿਲਾਂ ਉਸ ਨੇ ਇਹ ਗੱਲ ਹੀ ਖਾਰਜ ਕਰ ਦਿੱਤੀ ਕਿ ਉਸ ਦੇ ਆਸ਼ਰਮ ਕੋਲ ਕੋਈ ਸਰਕਾਰੀ ਜ਼ਮੀਨ ਹੈ। ਫਿਰ ਸਰਕਾਰ ਨੂੰ ਸਖਤੀ ਦੇ ਰੌਂਅ ਵਿੱਚ ਵੇਖ ਕੇ ਕਹਿ ਦਿੱਤਾ ਕਿ ਜ਼ਮੀਨ ਤਾਂ ਹੈ, ਪਰ ਆਸ਼ਰਮ ਦੀ ਵਰਤੋਂ ਵਿੱਚ ਨਹੀਂ, ਓਥੇ ਸੰਗਤ ਲਈ ਸ਼ੈੱਡ ਆਦਿ ਬਣਾਏ ਹੋਏ ਹਨ। ਇਸ ਦੇ ਬਾਵਜੂਦ ਉਹ ਜ਼ਮੀਨ ਛੁਡਾਉਣ ਦਾ ਉਸ ਦੇ ਚੇਲਿਆਂ ਨੇ ਵਿਰੋਧ ਕੀਤਾ ਅਤੇ ਪੁਲੀਸ ਨੂੰ ਡਾਂਗਾਂ ਵਰ੍ਹਾਉਣ ਦੇ ਨਾਲ-ਨਾਲ ਅੱਥਰੂ ਗੈਸ ਦੇ ਗੋਲੇ ਵੀ ਛੱਡਣੇ ਪਏ ਸਨ। ਕੋਈ ਹੋਰ ਰਾਜ ਹੁੰਦਾ ਤਾਂ ਭਾਜਪਾ ਨੇ ਉਸ ਸੰਤ ਦੀ ਮਦਦ ਲਈ ਲੋਕਾਂ ਨੂੰ ਲਾਮਬੰਦ ਕਰਨਾ ਸੀ, ਪਰ ਨਰਿੰਦਰ ਮੋਦੀ ਦਾ ਮਾਮਲਾ ਹੋਣ ਕਰ ਕੇ ਉਹ ਚੁੱਪ ਕੀਤੀ ਰਹੀ ਸੀ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਸਾਜ਼ਿਸ਼ੀ ਕਿਸਮ ਦੀ ਚੁੱਪ ਵੱਟੀ ਰੱਖੀ, ਕਿਉਂਕਿ ਉਸ ਨੂੰ ਝਾਕ ਸੀ ਕਿ ਭਾਜਪਾ ਨਾਲ ਰੁੱਸਿਆ ਆਸਾ ਰਾਮ ਉਨ੍ਹਾਂ ਦੀ ਗੱਡੀ ਛੱਡ ਕੇ ਸਾਡੇ ਨਾਲ ਜੁੜ ਸਕਦਾ ਹੈ।
ਕਾਂਗਰਸ ਪਾਰਟੀ ਨੂੰ ਆਸਾ ਰਾਮ ਦਾ ਪਿਛਲਾ ਵਿਹਾਰ ਵੀ ਭੁੱਲ ਗਿਆ। ਜਦੋਂ ਤਾਮਿਲ ਨਾਡੂ ਦੀ ਪਿਛਲੀ ਵਾਰੀ ਮੁੱਖ ਮੰਤਰੀ ਹੁੰਦਿਆਂ ਬੀਬੀ ਜੈਲਲਿਤਾ ਨੇ ਓਥੋਂ ਇੱਕ ਸ਼ੰਕਰਾਚਾਰੀਆ ਜੈਇੰਦਰ ਸਰਸਵਤੀ ਨੂੰ ਗ੍ਰਿਫਤਾਰ ਕੀਤਾ ਸੀ, ਇਹੋ ਆਸਾ ਰਾਮ ਓਦੋਂ ਇਹ ਕਹਿੰਦਾ ਸੀ ਕਿ ਜੈਲਲਿਤਾ ਆਪਣੇ ਆਪ ਅਜਿਹਾ ਨਹੀਂ ਕਰ ਸਕਦੀ, ਉਸ ਤੋਂ ਦਿੱਲੀ ਬੈਠੇ ਉਨ੍ਹਾਂ ਲੋਕਾਂ ਨੇ ਕਰਾਇਆ ਹੈ, ਜਿਹੜੇ ਬਾਬਰੀ ਮਸਜਿਦ ਢਾਹੁਣ ਦਾ ਵੀ ਵਿਰੋਧ ਕਰਦੇ ਸਨ ਤੇ ਰਾਮ ਮੰਦਰ ਬਣਾਉਣ ਦਾ ਵੀ ਕਰਦੇ ਹਨ। ਕਾਂਗਰਸੀਆਂ ਲਈ ਠੀਕ ਰਾਹ ਇਹ ਸੀ ਕਿ ਪਿਛਲੇ ਦਿਨੀਂ ਆਸਾ ਰਾਮ ਦੇ ਨਾਜਾਇਜ਼ ਕਬਜ਼ੇ ਸਾਹਮਣੇ ਆਉਣ ਉੱਤੇ ਉਸ ਦਾ ਵਿਰੋਧ ਕਰਦੇ, ਪਰ ਉਹ ਰਾਜਨੀਤਕ ਗਿਣਤੀਆਂ-ਮਿਣਤੀਆਂ ਵਿੱਚ ਪੈ ਕੇ ਉਸ ਨੂੰ ਭਾਜਪਾ ਵਾਲੇ 'ਪਰਵਾਰ' ਤੋਂ ਬੇਦਖਲ ਕਰਵਾ ਕੇ ਆਪਣਾ 'ਬਾਪੂ' ਬਣਾਉਣ ਦੀ ਉਹ ਮਾੜੀ ਖੇਡ ਖੇਡਦੇ ਰਹੇ, ਜਿਸ ਵਿੱਚੋਂ ਸਿਵਾਏ ਨਮੋਸ਼ੀ ਤੋਂ ਕੁਝ ਪੱਲੇ ਪੈਣਾ ਹੀ ਨਹੀਂ ਸੀ।
ਲੱਗੇ ਹੱਥ ਗੱਲ ਮੁਕਾ ਲਈਏ 'ਸਵਾਮੀ' ਰਾਮਦੇਵ ਦੀ, ਜਿਹੜਾ ਘਰੋਂ ਤਿਆਗੀ ਬਣਨ ਤੁਰਿਆ ਸੀ, ਪਰ ਇਸ ਵਕਤ ਦੋ ਹਜ਼ਾਰ ਕਰੋੜ ਰੁਪੈ ਦੇ ਨੇੜੇ ਦਾ 'ਸਵਾਮੀ' ਹੋਣਾ ਆਪ ਮੰਨਦਾ ਹੈ ਅਤੇ ਵਿਰੋਧੀ ਉਸ ਦੀ ਜਾਇਦਾਦ ਦਾ ਮੁੱਲ ਇਸ ਨਾਲ ਇੱਕ ਹੋਰ ਜ਼ੀਰੋ ਜੋੜ ਕੇ ਵੀਹ ਹਜ਼ਾਰ ਕਰੋੜ ਰੁਪੈ ਤੱਕ ਵੀ ਲੈ ਜਾਂਦੇ ਹਨ। ਪਿਛਲੇ ਦਿਨੀਂ ਜਦੋਂ ਮਰਨ ਵਰਤ ਰੱਖ ਕੇ ਬੈਠੇ ਨੂੰ ਬਚਾਉਣ ਦਾ ਪ੍ਰਪੰਚ ਕਰਨ ਲਈ ਭਾਜਪਾ ਵਾਲਿਆਂ ਨੇ ਆਪਣੇ ਉਸ ਰਾਜ ਦੇ ਮੁੱਖ ਮੰਤਰੀ ਰਾਹੀਂ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਸੀ ਤਾਂ ਰਾਮਦੇਵ ਉਨ੍ਹਾਂ ਦਾ ਸਾਰੀ ਉਮਰ ਦਾ 'ਦੇਣਦਾਰ' ਹੋ ਗਿਆ। ਕੁਝ ਦਿਨਾਂ ਪਿੱਛੋਂ ਇਹ ਗੱਲ ਸਾਹਮਣੇ ਆ ਗਈ ਕਿ ਉਸ ਦੇ ਆਸ਼ਰਮ ਦੇ ਨਾਜਾਇਜ਼ ਕਬਜ਼ੇ ਵੀ ਜ਼ਾਹਰ ਹੋਣ ਵਾਲੇ ਹਨ। ਰਾਮਦੇਵ ਨੇ ਜਿਹੜੀ ਜ਼ਮੀਨ ਬਾਰੇ ਪਹਿਲਾਂ ਕਈ ਵਾਰੀ ਕਿਹਾ ਸੀ ਕਿ ਉਹ ਨਾਜਾਇਜ਼ ਕਬਜ਼ਾ ਨਹੀਂ, ਉਸ ਦੇ ਆਸ਼ਰਮ ਦੀ ਹੈ, ਉਸ ਵਿੱਚੋਂ ਇੱਕ ਵੱਡਾ ਹਿੱਸਾ ਆਪਣੇ ਆਪ ਛੱਡ ਕੇ ਕਿਹਾ ਕਿ ਇਹ ਅਸੀਂ ਨਹੀਂ ਸੀ ਵਰਤਦੇ, ਆਏ ਲੋਕਾਂ ਦੀ ਵਰਤੋਂ ਵਿੱਚ ਆਉਂਦੀ ਸੀ। ਸਾਰਾ ਬਹਾਨਾ ਆਸਾ ਰਾਮ ਵਾਲਾ ਬਣਾਇਆ ਪਿਆ ਸੀ। ਇਸ ਦੇ ਬਾਵਜੂਦ ਉਸ ਦੀ ਮੁਸ਼ਕਲ ਹੱਲ ਨਾ ਹੋ ਸਕੀ, ਕਿਉਂਕਿ ਰਾਜ ਭਾਵੇਂ ਭਾਜਪਾ ਦਾ ਸੀ ਅਤੇ ਮੁੱਖ ਮੰਤਰੀ ਵੀ ਨੇੜਤਾ ਰੱਖਦਾ ਸੀ, ਪਰ ਹਰਦੁਆਰ ਦੇ ਸਬ ਡਵੀਜ਼ਨਲ ਮੈਜਿਸਟਰੇਟ ਦੀ ਇਹ ਰਿਪੋਰਟ ਆ ਗਈ ਕਿ ਹਾਲੇ ਹੋਰ ਤਿਰਤਾਲੀ ਵਿਘੇ ਜ਼ਮੀਨ ਉਸ ਨੇ ਨਾਜਾਇਜ਼ ਦਬਾ ਰੱਖੀ ਹੈ, ਜਿਹੜੀ ਖਾਲੀ ਕਰਵਾਈ ਜਾਣੀ ਬਣਦੀ ਹੈ। ਪਤਾ ਸੀ ਕਿ ਹੁਣ ਕਾਰਵਾਈ ਲਾਜ਼ਮੀ ਹੋ ਜਾਣੀ ਹੈ, ਰਾਮਦੇਵ ਨੂੰ ਉਹ ਜ਼ਮੀਨ ਵੀ ਪਿਛਲੇ ਹਫਤੇ ਖਾਲੀ ਕਰਨੀ ਪੈ ਗਈ ਅਤੇ ਦੋ ਦਿਨਾਂ ਵਿੱਚ ਸੌ ਏਕੜ ਤੋਂ ਵੱਧ ਜ਼ਮੀਨ ਦਾ ਨਾਜਾਇਜ਼ ਕਬਜ਼ਾ ਮੰਨ ਕੇ ਛੱਡਣ ਲਈ ਮਜਬੂਰ ਹੋਇਆ ਬੰਦਾ ਅਜੇ ਵੀ ਆਪਣੇ ਆਪ ਨੂੰ 'ਤਿਆਗੀ' ਅਖਵਾਉਂਦਾ ਹੈ।
ਅਸੀਂ ਇਸ ਖੇਡ ਲਈ ਸਿਰਫ ਦੋ-ਚਾਰ ਸਾਧਾਂ ਨੂੰ ਦੋਸ਼ੀ ਠਹਿਰਾ ਕੇ ਗੱਲ ਖਤਮ ਨਹੀਂ ਕਰ ਸਕਦੇ, ਇਹ ਜਿਹੇ ਅਨੇਕਾਂ ਧਾਰਮਿਕ ਡੇਰੇ ਹਨ, ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਵੀ ਨਾਜਾਇਜ਼ ਕਬਜ਼ੇ ਹੇਠ ਲੈ ਰੱਖੀਆਂ ਹਨ ਤੇ ਲੋਕਾਂ ਦੀਆਂ ਵੀ, ਪਰ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਕਈ ਡੇਰੇ ਇਹ ਢੰਗ ਵਰਤਦੇ ਹਨ ਕਿ ਆਸ-ਪਾਸ ਦੇ ਕੁਝ ਲੋਕਾਂ ਦੀਆਂ ਜ਼ਮੀਨਾਂ ਇਸ ਤਰ੍ਹਾਂ ਖਰੀਦੀਆਂ ਜਾਣ ਕਿ ਹੌਲੀ-ਹੌਲੀ ਸੌ ਜਾਂ ਪੰਜਾਹ ਏਕੜ ਦਾ ਘੇਰਾ ਬਣਾਇਆ ਜਾ ਸਕੇ। ਫਿਰ ਉਹ ਉਸ ਘੇਰੇ ਵਿੱਚ ਆਉਂਦੇ ਲੋਕਾਂ ਨੂੰ ਵੇਲੇ-ਕੁਵੇਲੇ ਲੰਘਣ ਤੋਂ ਰੋਕ ਕੇ ਆਪਣੀਆਂ ਮਹਿੰਗੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵੇਚਣ ਨੂੰ ਮਜਬੂਰ ਕਰ ਦੇਂਦੇ ਹਨ। ਪੰਜਾਬ ਦਾ ਇੱਕ ਡੇਰਾ ਇੱਕ ਦਰਿਆ ਦਾ ਕਈ ਮੀਲਾਂ ਤੱਕ ਦਾ ਮੰਡ ਘੇਰੀ ਬੈਠਾ ਹੈ, ਪਰ ਉਸ ਦੇ ਖਿਲਾਫ ਕਾਰਵਾਈ ਇਸ ਲਈ ਨਹੀਂ ਹੁੰਦੀ ਕਿ ਨਾਜਾਇਜ਼ ਕਬਜ਼ੇ ਵਾਲੇ ਥਾਂ ਬਣਾਏ ਗਏ ਰੰਨ-ਵੇਅ ਉੱਤੇ ਉਨ੍ਹਾਂ ਆਗੂਆਂ ਦੇ ਜਹਾਜ਼ ਉੱਤਰਦੇ ਰਹਿੰਦੇ ਹਨ, ਜਿਹੜੇ ਰਾਜ ਕਰਦੇ ਹਨ ਜਾਂ ਕਰ ਚੁੱਕੇ ਹਨ ਅਤੇ ਅੱਗੋਂ ਰਾਜ ਕਰਨ ਦੀ ਝਾਕ ਰੱਖਦੇ ਹਨ। ਜਦੋਂ ਕਿਸੇ ਰਾਜਸੀ ਧਿਰ ਨਾਲ ਕਿਸੇ ਸਾਧ ਦਾ ਵਿਗਾੜ ਪੈ ਜਾਵੇ ਤਾਂ ਉਸ ਦੇ ਪਰਦੇ ਵੀ ਗੰਢਾਂ ਦੀਆਂ ਛਿੱਲਾਂ ਵਾਂਗ ਲੱਥਣ ਲੱਗ ਪੈਂਦੇ ਹਨ, ਵਰਨਾ ਸਾਰਾ ਕੁਝ ਆਮ ਵਾਂਗ ਚੱਲੀ ਜਾਂਦਾ ਹੈ।
ਸਾਡੇ ਪੰਜਾਬ ਦਾ ਇੱਕ ਸੰਤ ਪਿਛਲੇ ਦਿਨੀਂ ਕਦੇ ਬਾਦਲ-ਵਿਰੋਧੀਆਂ ਨਾਲ ਜੁੜਦਾ ਅਤੇ ਕਦੇ ਬਾਦਲ ਧੜੇ ਵੱਲ ਮੁੜਦਾ ਵੇਖਿਆ ਗਿਆ ਹੈ। ਰੋਸ ਕਾਰਨ ਉਹ ਚਲਾ ਗਿਆ ਸੀ, ਪਰ ਜਦੋਂ ਸ਼ੀਸ਼ਾ ਵਿਖਾ ਕੇ ਕਾਰਵਾਈ ਦਾ ਡਰ ਪਾਇਆ ਗਿਆ ਤਾਂ ਭੌਂਦੇ ਪੈਰੀਂ ਮੁੜ ਆਇਆ ਸੀ। ਹੁਣ ਇੱਕ ਹੋਰ ਸੰਤ 'ਇਧਰ ਜਾਊਂ ਜਾਂ ਉਧਰ ਜਾਊਂ, ਖੁਦਾ ਜਾਨੇ ਮੈਂ ਕਿਧਰ ਜਾਊਂ' ਦੀ ਦੋਚਿੱਤੀ ਵਿੱਚ ਫਸਿਆ ਪਿਆ ਹੈ। ਜਿਨ੍ਹਾਂ ਨੇ ਉਸ ਨੂੰ ਡੇਰੇ ਵਿੱਚ ਮਾਲਾ ਜਪਦੇ ਨੂੰ ਲਿਆ ਕੇ ਪਹਿਲਾਂ ਲੀਡਰ ਤੇ ਫਿਰ ਵਿਧਾਇਕ ਬਣਾਇਆ ਸੀ, ਉਨ੍ਹਾਂ ਨੂੰ ਹੁਣ ਇਹ ਲੱਗ ਰਿਹਾ ਹੈ ਕਿ 'ਚੱਲਿਆ ਕਾਰਤੂਸ' ਰੱਖ ਛੱਡਣ ਦੀ ਥਾਂ ਕੋਈ ਨਵਾਂ ਪਿਆਦਾ ਵਰਤਣਾ ਚਾਹੀਦਾ ਹੈ ਤੇ ਸੰਤ ਕੁਝ ਬੋਲ ਕੇ ਸਰਕਾਰ ਦਾ ਕਹਿਰ ਸਹੇੜਨ ਤੋਂ ਡਰੀ ਜਾਂਦਾ ਹੈ।
ਆਓ ਇੱਕ ਵਾਰੀ ਫਿਰ ਪਰਤੀਏ ਓਸੇ ਬੰਦੇ ਵੱਲ, ਜਿੱਥੋਂ ਗੱਲ ਸ਼ੁਰੂ ਕੀਤੀ ਸੀ। 'ਬਾਪੂ' ਆਸਾ ਰਾਮ ਦੀ ਬੋਲੀ ਬਾਰੇ ਬਾਹਲਾ ਕੁਝ ਕਹਿਣ ਦੀ ਲੋੜ ਨਹੀਂ, ਉਹ ਕਈ ਵਾਰ ਏਨੀਆਂ ਬੇਹੂਦਾ ਗੱਲਾਂ ਵੀ ਕਥਾ ਕਰਦਾ ਕਹਿ ਜਾਂਦਾ ਹੈ ਕਿ ਉਸ ਦੇ ਸੰਤ ਹੋਣ ਉੱਤੇ ਕਿੰਤੂ ਹੋਣ ਲੱਗ ਪੈਂਦੇ ਹਨ। ਇੱਕ ਵਾਰ ਉਸ ਨੇ ਇੱਕ ਅੰਗਰੇਜ਼ ਬੀਬੀ ਤੋਂ ਆਪਣੇ ਲਈ 'ਆਈ ਲਵ ਯੂ' ਅਖਵਾਉਣ ਤੋਂ ਬਾਅਦ ਟੁੱਟੀ-ਫੁੱਟੀ ਹਿੰਦੀ ਵਿੱਚ 'ਮੈਂ ਆਪ ਕੋ ਪਿਆਰ ਕਰਤੀ ਹੂੰ' ਦੇ ਸ਼ਬਦ ਵੀ ਅਖਵਾਏ ਸਨ। ਉਸ ਦੇ ਮਗਰੋਂ ਉਸ ਦੇ ਪੁੱਤਰ ਤੋਂ ਵੀ ਇਹ ਗੱਲ ਭਰੇ ਪੰਡਾਲ ਵਿੱਚ ਅਖਵਾਈ ਕਿ 'ਮੇਰੀ ਮਾਂ ਬਾਪੂ ਆਸਾ ਰਾਮ ਸੇ ਪਿਆਰ ਕਰਤੀ ਹੈ ਔਰ ਮੈਂ ਬਾਪੂ ਆਸਾ ਰਾਮ ਕਾ ਪੁੱਤਰ ਹੂੰ'। ਕਮਾਲ ਦੀ ਗੱਲ ਇਹ ਵੀ ਹੈ ਕਿ ਉਸ ਦੇ ਪੰਡਾਲ ਵਿੱਚ ਪਰਵਾਰਾਂ ਸਮੇਤ ਬੈਠੇ ਭਗਤਾਂ ਨੇ ਇਸ ਦਾ ਬੁਰਾ ਨਹੀਂ ਸੀ ਮਨਾਇਆ, ਸਗੋਂ ਕਹਿ ਰਹੇ ਸਨ ਕਿ ਇਹ ਤਾਂ 'ਬਾਪੂ ਦੀ ਲੀਲਾ' ਹੈ। ਇਸ ਕਰ ਕੇ ਆਸਾ ਰਾਮ ਬਾਰੇ ਬਹੁਤਾ ਕੁਝ ਨਹੀਂ ਕਹਿਣ ਦੀ ਲੋੜ ਨਹੀਂ।
ਕਹਿਣ ਦੀ ਲੋੜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਦੀ ਲੀਡਰਸ਼ਿਪ ਬਾਰੇ ਹੈ, ਜਿਸ ਨੂੰ ਹੁਣ ਆਸਾ ਰਾਮ ਦੇ ਸ਼ਬਦਾਂ ਦੀ ਚੋਭ ਲੱਗੀ ਹੈ ਤੇ ਜਿਸ ਨੇ ਹਾਲੇ ਪਿਛਲੇ ਹਫਤੇ ਆਪਣੇ ਆਗੂਆਂ ਅਤੇ ਕਾਰਕੁਨਾਂ ਨੂੰ ਸਵਾਮੀ ਰਾਮਦੇਵ ਦੇ ਯੋਗ ਕੈਂਪਾਂ ਵਿੱਚ ਜਾਣ ਤੋਂ ਵਰਜਿਆ ਹੈ। ਜਦੋਂ ਰਾਮ ਲੀਲਾ ਮੈਦਾਨ ਵਿੱਚ ਰਾਮਦੇਵ ਦਾ ਸੱਤਿਆਗ੍ਰਹਿ ਚੱਲ ਰਿਹਾ ਸੀ ਤਾਂ ਉਸ ਦੇ ਮੰਚ ਉੱਤੇ ਆਰ ਐੱਸ ਐੱਸ ਨਾਲ ਜੁੜੀ ਹੋਈ ਸਾਧਵੀ ਰਿਤੰਬਰਾ ਦੇ ਆਉਣ ਨਾਲ ਵੀ ਕਾਂਗਰਸ ਪਾਰਟੀ ਨੂੰ ਕੌੜ ਚੜ੍ਹੀ ਸੀ। ਸਾਧਵੀ ਰਿਤੰਬਰਾ ਬਾਬਰੀ ਮਸਜਿਦ ਢਾਹੁਣ ਦੀ ਮੁਹਿੰਮ ਦੇ ਆਗੂਆਂ ਵਿੱਚੋਂ ਇੱਕ ਸੀ। ਉਹ ਮੁਕੱਦਮਾ ਵੀ ਉਸ ਦੇ ਖਿਲਾਫ ਅਜੇ ਤੱਕ ਚੱਲ ਰਿਹਾ ਹੈ। ਕੋਈ ਦਸ ਕੁ ਸਾਲ ਪਹਿਲਾਂ ਉਹ ਜਲੰਧਰ ਆਈ ਸੀ। ਜਦੋਂ ਉਹ ਕਥਾ ਕਰ ਰਹੀ ਸੀ ਤਾਂ ਉਸ ਨੇ ਬਾਬਰੀ ਮਸਜਿਦ ਦੀ ਥਾਂ ਰਾਮ ਮੰਦਰ ਬਣਾਉਣ ਦੀ ਗੱਲ ਛੋਹ ਲਈ ਅਤੇ ਫਿਰ ਨਾਹਰੇ ਲੱਗ ਗਏ ਸਨ, 'ਕਸਮ ਰਾਮ ਕੀ ਖਾਤੇ ਹੈਂ, ਮੰਦਿਰ ਵਹੀਂ ਬਨਾਏਂਗੇ'। ਸਾਧਵੀ ਰਿਤੰਬਰਾ ਨੇ ਇਸ ਨਾਹਰੇ ਦੇ ਸਮੱਰਥਨ ਲਈ ਲੋਕਾਂ ਨੂੰ ਹੱਥ ਖੜੇ ਕਰਨ ਲਈ ਆਖਿਆ ਤਾਂ ਅਗਲੀਆਂ ਕਤਾਰਾਂ ਵਿੱਚ ਬੈਠੇ ਕਈ ਕਾਂਗਰਸੀ ਸੱਜਣਾਂ ਦੇ ਹੱਥ ਖੜੇ ਕੀਤੇ ਵੀ ਅਗਲੇ ਦਿਨ ਦੇ ਅਖਬਾਰਾਂ ਵਿੱਚ ਛਪੀਆਂ ਤਸਵੀਰਾਂ ਵਿੱਚ ਨਜ਼ਰ ਆਉਂਦੇ ਸਨ।
ਕਾਂਗਰਸ ਪਾਰਟੀ ਆਪਣੇ ਆਗੂਆਂ ਨੂੰ ਸਿਰਫ ਓਦੋਂ ਕਿਉਂ ਰੋਕਦੀ ਹੈ, ਜਦੋਂ ਕੋਈ ਸਾਧ ਉਨ੍ਹਾਂ ਦੀ ਪਾਰਟੀ ਜਾਂ ਪਾਰਟੀ ਦੀ ਪ੍ਰਧਾਨ ਦੇ ਖਿਲਾਫ ਕੁੜੱਤਣ ਛਾਂਟਣ ਲੱਗ ਪੈਂਦਾ ਹੈ, ਪਹਿਲਾਂ ਕਿਉਂ ਨਹੀਂ ਕਹਿੰਦੀ ਕਿ ਰਾਜਨੀਤੀ ਕਰਨੀ ਹੈ ਤਾਂ ਬੇਗਾਨੀ ਕਮਾਈ ਉੱਤੇ ਜ਼ਿੰਦਗੀ ਗੁਜ਼ਾਰਨ ਵਾਲਿਆਂ ਸਾਧਾਂ ਤੋਂ ਦੂਰ ਰਹਿਣਾ ਚਾਹੀਦਾ ਹੈ? ਪਿਛਲੇ ਸਮੇਂ ਵਿੱਚ ਰਾਜੀਵ ਗਾਂਧੀ ਨੇ ਵੀ ਇਹੋ ਕੁਝ ਕੀਤਾ ਤੇ ਭੁਗਤਿਆ ਸੀ ਅਤੇ ਉਸ ਤੋਂ ਪਹਿਲਾਂ ਉਸ ਦੀ ਮਾਤਾ ਇੰਦਰਾ ਗਾਂਧੀ ਨੇ ਵੀ। ਕੀ ਪੀੜ੍ਹੀਓ ਪੀੜ੍ਹੀ ਰਾਜ ਕਰਨ ਦੇ ਸ਼ੌਕ ਵਾਲਿਆਂ ਨੇ ਗਲਤੀਆਂ ਵੀ ਪੀੜ੍ਹੀਓ ਪੀੜ੍ਹੀ ਕਰਦੇ ਜਾਣ ਦੀ ਧਾਰੀ ਹੋਈ ਹੈ? ਜੇ ਇਹ ਤਜਰਬੇ ਮੁੜ-ਮੁੜ ਕਰਨੇ ਹਨ ਤਾਂ ਇਨ੍ਹਾਂ ਦਾ ਸੇਕ ਝੱਲਣ ਲਈ ਵੀ ਇਸ ਪਾਰਟੀ ਨੂੰ, ਅਤੇ ਇਹਦੇ ਵਰਗੀ ਰਾਜਨੀਤੀ ਕਰਦੀਆਂ ਹੋਰ ਪਾਰਟੀਆਂ ਨੂੰ, ਤਿਆਰ ਰਹਿਣਾ ਚਾਹੀਦਾ ਹੈ।

1 comment:

  1. ਸੱਚ ਹੈ ਵੀਰ ਜੀ ਸਭ ਵੋਟਾਂ ਦੇ ਲਈ ਸਭ ਅਜਿਹੇ ਸਾਧਾਂ ਨੂੰ ਪੈਦਾ ਕਰਦੀਆ ਨੇ
    ਪੰਜਾਬ ਵਿੱਚ ਵੀ ਹੁਣ ਤਾ ਇੱਦਾ ਹੀ ਹੋ ਰਹਿਆ ਹੈ ਸਾਨੂੰ ਸਭ ਨੂੰ ਜਾਗਰੂਕ ਹੋਣ
    ਦੀ ਲੋੜ ਹੈ , "ਤੁਹਾਡਾ ਧੰਨਵਾਦ ਜੋ ਤੁਸੀ ਆਪਣੀ ਕਲਮ ਦੀ ਅਵਾਜ਼ ਨਾਲ ਗੂੜੀ ਘੂਕ ਨੀਂਦਰ ਸੁੱਤੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ ਕਰਦੇ ਹੋ"

    ReplyDelete