ਤਰਲੋਚਨ ਸਿੰਘ 'ਦੁਪਾਲ ਪੁਰ'
ਬੜੇ ਸੌਖੇ ਜਿਹੇ ਅਰਥਾਂ ਵਾਲ਼ੀ ਕਹਾਵਤ ਹੈ ਕਿ ਦੁੱਧ ਤੇ ਬੁੱਧ ਫਿੱਟਦਿਆਂ ਦੇਰ ਨਹੀਂ ਲਗਦੀ।ਜਿੱਥੇ ਕੋਈ ਇਹੋ ਜਿਹੀ ਅਣਹੋਣੀ ਵਾਪਰ ਜਾਵੇ,ਉੱਥੇ ਦੇਖਦੇ ਦੇਖਦੇ ਹੀ ਸਭ ਕੁਝ ਚੌੜ-ਚਪੱਟ ਹੋ ਜਾਂਦਾ ਹੈ।ਜਿਨ੍ਹਾਂ ਘਰਾਂ ਵਿੱਚ ਹਾਸੇ ਦੈਆਂ ਕਿਲਕਾਰੀਆਂ ਵੱਜਦੀਆਂ ਰਹੀਆਂ ਹੋਣ,ਉੱਥੋਂ ਰੋਣੇ ਹਟਕੋਰੇ ਸੁਣਾਈ ਦੇਣ ਲੱਗ ਪੈਂਦੇ ਹਨ।ਕਈ ਵਾਰ ਮਨੁੱਖੀ ਗਲਤੀਆਂ ਤੋਂ ਪੈਦਾ ਹੋਏ ਕਲਹ-ਕਲੇਸ਼ ਨੂੰ 'ਮਾੜੀ ਕਿਸਮਤ' ਨਾਲ਼ ਜੋੜ ਦਿੱਤਾ ਜਾਂਦਾ ਹੈ।ਜਦ ਕਿ ਕਰਤੂਤਾਂ ਮਾੜੀਆਂ ਇੱਕ ਦੋ ਵਿਆਕਤੀਆਂ ਦੀਆਂ ਹੁੰਦੀਆਂ ਹਨ।ਜਿਨ੍ਹਾਂ ਦੀ ਬਦੌਲਤ ਖਾਨਦਾਨ ਹੀ ਤਬਾਹੀ ਕੰਢੇ ਜਾ ਪੁੱਜਦੇ ਹਨ।ਇਹੀ ਹਾਲ ਹੋਇਆ ਰਾਮ ਪਿਆਰੀ ਅਤੇ ਪਿਆਰੇ ਲਾਲ ਦੰਪਤੀ ਦਾ।ਆਪਣੇ ਦੋ ਬੱਚਿਆਂ ਦੇ ਛੋਟੇ ਜਿਹੇ ਪ੍ਰਵਾਰ ਨਾਲ਼ ਸੁੱਖਮਈ ਜ਼ਿੰਦਗੀ ਬਤੀਤ ਕਰਦਿਆਂ ਨੂੰ ਪਤਾ ਨਹੀਂ ਕਿਸਦੀ ਨਜ਼ਰ ਲੱਗ ਗਈ।
ਹੋਇਆ ਇਹ ਕਿ ਜਿਸ ਦਫਤਰ ਵਿੱਚ ਰਾਮ ਪਿਆਰੀ ਸਰਵਿਸ ਕਰ ਰਹੀ ਸੀ,ਉੱਥੇ ਇੱਕ ਬਾਬੂ ਸ਼ਹਿਰੋਂ ਬਦਲੀ ਕਰਵਾ ਕੇ ਆਣ ਲੱਗਾ।ਰਾਮ ਪਿਆਰੀ ਦੀ ਸੀਟ ਦੇ ਨਾਲ਼ ਬੈਠਣ ਕਰਕੇ ਉਸਨੂੰ ਗੱਲਾਂ ਮਾਰਨ ਦਾ ਖੁੱਲ੍ਹਾ ਮੌਕਾ ਮਿਲ ਗਿਆ।ਦੋਵੇਂ ਹਮ-ਉਮਰ ਹੋਣ ਕਾਰਨ ਹੌਲ਼ੀ ਹੌਲ਼ੀ 'ਖਲ੍ਹੀਆਂ ਗੱਲਾਂ'ਹੋਣ ਲੱਗੀਆਂ।ਨੈਣ-ਨਕਸ਼ ਪੱਖੋਂ ਸੁਨੱਖੀ ਹੁੰਦੜ-ਹੇਲ ਕਦ ਕਾਠ ਵਾਲ਼ੀ ਰਾਮ ਪਿਆਰੀ ਨਵੇਂ ਆਏ ਬਾਬੂ ਵੱਲ ਬਦੋ ਬਦੀ ਖਿੱਚੀ ਗਈ।ਬਾਬੂ ਵੀ ਮਰਦ-ਚਰਿੱਤਰ ਖ੍ਹੇਡਣ ਲੱਗ ਪਿਆ।ਉਹ ਡਿਊਟੀ ਤੋਂ ਬਾਅਦ ਆਪਣੇ ਸਕੂਟਰ 'ਤੇ ਨਵੀਂ ਸਹੇਲੀ ਨੂੰ ਬਿਠਾ ਕੇ ਉਸਦੇ ਘਰੇ ਛੱਡਣ ਦਾ 'ਪਰਉਪਕਾਰ' ਵੀ ਕਰਨ ਲੱਗ ਪਿਆ।ਰਾਮ ਪਿਆਰੀ ਵੀ ਬਾਬੂ ਦੇ 'ਪਿਆਰ'ਵਿੱਚ ਸੁੱਧ ਬੁੱਧ ਭੁਲਾ ਬੈਠੀ।ਹੁਣ ਦਫਤਰੀ ਸਟਾਫ ਵਿੱਚ ਉਨਾਂ ਦੋਹਾਂ ਦੇ ਕਥਿੱਤ 'ਨਜ਼ਾਇਜ਼ ਸਬੰਧਾਂ' ਦੇ ਗਰਮਾ ਗਰਮ ਚਰਚੇ ਹੋਣ ਲੱਗੇ।ਦਫਤਰ ਵਿੱਚ ਹੋਣ ਵਾਲ਼ੀ ਕਾਨਾ-ਫੂਸੀ ਉਡਦੀ ਉਡਦੀ ਰਾਮ ਪਿਆਰੀ ਦੇ ਪਤੀ ਪਿਆਰੇ ਲਾਲ ਦੇ ਕੰਨਾਂ ਤੱਕ ਵੀ ਜਾ ਪਹੁੰਚੀ।ਵਸਦੇ ਰਸਦੇ ਘਰ ਵਿੱਚ ਕਲੇਸ਼ ਸ਼ੁਰੂ ਹੋ ਗਿਆ।ਕਿਹੜਾ ਆਦਮੀ ਇਹ ਗੱਲ ਬਰਦਾਸ਼ਤ ਕਰ ਸਕਦਾ ਹੈ ਕਿ ਉਸਦੀ ਪਤਨੀ ਕਿਸੇ ਪਰਾਏ ਮਰਦ ਨਾਲ਼ ਅੱਧੀ ਅੱਧੀ ਰਾਤ ਨੂੰ ਘਰ ਆਵੇ!ਜਦ ਵੀ ਉਸਦਾ ਪਤੀ ਬਾਬੂ ਨਾਲ਼ ਘੁੰਮਣ ਤੋਂ ਉਸਨੂੰ ਵਰਜਦਾ,ਤਾਂ ਉਹ ਅੱਗਿਉਂ ਪੈਰਾਂ 'ਤੇ ਪਾਣੀ ਨਾ ਪੈਣ ਦਿੰਦੀ।ਇੱਕ ਦੀਆਂ ਚਾਰ ਸੁਣਾਉਂਦੀ!
ਹਾਲਾਤ ਇੱਥੋਂ ਤੱਕ ਜਾ ਪਹੁੰਚੇ ਕਿ ਵਿਗੜੀ ਹੋਈ ਪਤਨੀ ਆਪਣੀ ਭੁੱਲ ਸਵੀਕਾਰ ਕਰਕੇ ਸਿੱਧੇ ਰਾਹੇ ਪੈਣ ਦੀ ਬਜਾਏ ਪਿਆਰੇ ਲਾਲ ਦਾ ਹੀ 'ਇਲਾਜ' ਕਰਾਉਣ ਦੇ aਹੜ ਪੋਹੜ ਕਰਨ ਲੱਗ ਪਈ।ਉਸਨੂੰ ਬਚਪਨ ਵਿੱਚ ਬੁੜ੍ਹੀਆਂ ਪਾਸੋਂ ਸੁਣੀਆਂ ਹੋਈਆਂ ਗੱਲਾਂ ਯਾਦ ਆਈਆਂ ਕਿ ਸਾਧੂਆਂ-ਸੰਤਾਂ ਕੋਲ਼ ਐਸੀਆਂ 'ਜੁਗਤੀਆਂ' ਹੁੰਦੀਆਂ ਨੇ,ਜਿਨ੍ਹਾਂ ਕਾਰਨ ਕਹਿੰਦੇ ਕਹਾਉਂਦੇ ਅੜਬੰਗ ਮਰਦ ਵੀ ਆਪਣੀਆਂ ਤੀਵੀਆਂ ਦਾ ਪਾਣੀ ਭਰਨ ਲੱਗ ਜਾਂਦੇ ਹਨ।ਕੁਲੀਗ ਦੇ ਢਹੇ ਚੜ੍ਹੀ ਨੂੰ ਆਪਣੇ ਨਿੱਕੇ ਨਿੱਕੇ ਬੱਚਿਆਂ ਦਾ ਮੋਹ ਵੀ ਜਾਗਿਆ।ਉਸਨੇ ਸਕੀਮ ਬਣਾਈ ਕਿ ਕੋਈ 'ਵੱਡਾ ਸਿਆਪਾ' ਖੜ੍ਹਾ ਕਰਨ ਨਾਲ਼ੋਂ ਪਿਆਰੇ ਲਾਲ ਨੂੰ ਹੀ 'ਜ਼ਮੂਰਾ' ਬਣਾਇਆ ਜਾਵੇ! ਬਾਕੀ ਲੋਕਾਂ ਦੀ ਕੋਈ ਪ੍ਰਵਾਹ ਨਹੀਂ ।
ਅਜਿਹੀਆਂ ਤਰਕੀਬਾਂ ਬਣਾਉਦਿਆਂ ਉਸ ਨੂੰ ਖਿਆਲ ਆਇਆ ਕਿ ਸ਼ਹਿਰ ਵੱਲ ਜਾਂਦਿਆਂ ਜਦੋਂ ਉਹ ਇੱਕ ਨਹਿਰ ਲਾਗੇ ਦੀ ਉਜਾੜ ਜਿਹੀ ਥ੍ਹਾਂ ਤੋਂ ਲੰਘਦੀ ਹੁੰਦੀ ਹੈ ਤਾਂ ਉੱਥੇ ਕੱਖਾਂ-ਕਾਨਿਆਂ ਦੀ ਝੁੱਗੀ ਵਿੱਚ ਕੋਈ ਮਸਤਾਨਾ ਜਿਹਾ ਫੱਕਰ ਇੱਧਰ ਉੱਧਰ ਘੁੰਮ ਫਿਰ ਰਿਹਾ ਹੁੰਦਾ ਹੈ।ਕਿਸੇ ਦੂਰ ਦਰਾਜ਼ ਇਲਾਕੇ ਵਿੱਚ ਟੱਕਰਾਂ ਮਾਰਨ ਨਾਲ਼ੋਂ ਉਸ ਨੇ ਸੋਚਿਆ ਕਿ ਆਪਣਾ 'ਦੁੱਖ' ਲੈ ਕੇ ਉਸੇ ਸਾਧੂ ਪਾਸ ਜਾਵਾਂਗੀ।
ਐਤਵਾਰ ਛੁੱਟੀ ਵਾਲ਼ੇ ਦਿਨ ਰਾਮ ਪਿਆਰੀ ਲੌਢੇ ਕੁ ਵੇਲ਼ੇ ਨਹਿਰ ਕੰਢੇ ਜਾ ਪਹੁੰਚੀ।ਫੱਕਰ ਆਪਣੀ ਝੁੱਗੀ ਦੇ ਇਰਦ ਗਿਰਦ ਤੁਰਿਆ ਫਿਰਦਾ ਸੀ।ਪਰ ਉਸਨੇ ਉਜਾੜ ਵਿੱਚ ਆਪਣੇ ਕੋਲ਼ ਆਈ ਇੱਕ ਓਪਰੀ ਜਨਾਨੀ ਨੂੰ ਗੌਲ਼ਿਆ ਹੀ ਨਾ।ਕੁੱਝ ਸ਼ਸ਼ੋ-ਪੰਜ ਜਿਹੀ 'ਚ ਪਿਆ ਹੋਇਆ ਉਹ ਕਦੇ ਆਪਣੇ ਲਾਗੇ ਪਈਆਂ ਗੁਥਲੀਆਂ ਫਰੋਲਣ ਲੱਗ ਪੈਂਦਾ ਅਤੇ ਕਦੇ ਝੁੱਗੀ ਅੰਦਰ ਵੜ ਕੇ ਫਰੋਲਾ-ਫਰਾਲੀ ਕਰਨ ਲੱਗ ਜਾਂਦਾ।
ਰਾਮ ਪਿਆਰੀ ਦੇ ਦੇਖਦਿਆਂ ਦੇਖਦਿਆਂ ਹੀ ਫੱਕਰ ਨੇ ਝੁੱਗੀ ਦੇ ਬਾਹਰ ਪਏ ਸੁੱਕੇ ਘਾਹ ਦੇ ਢੇਰ ਨੂੰ ਖਿਲਾਰਨਾ ਸ਼ੁਰੂ ਕਰ ਦਿੱਤਾ।ਜਾਪਦਾ ਸੀ ਕਿ ਉਹ ਕੋਈ ਆਪਣੀ ਗਵਾਚੀ ਚੀਜ਼ ਭਾਲ਼ ਰਿਹਾ ਸੀ।ਪਰ ਉਹ ਲੱਭ ਨਹੀਂ ਸੀ ਰਹੀ।ਹੈਰਾਨ ਹੋਈ ਰਾਮ ਪਿਆਰੀ ਇਹ ਸਭ ਕੁੱਝ ਦੇਖਦੀ ਰਹੀ।ਅਚਾਨਕ ਕੁਝ ਯਾਦ ਆ ਜਾਣ ਵਾਂਗ ਫੱਕਰ ਨਹਿਰ ਦੇ ਕੰਢੇ ਵੱਲ ਕਾਹਲ਼ੀ ਨਾਲ਼ ਗਿਆ।ਇੱਧਰ ਉੱਧਰ ਝਾਕ ਕੇ ਉਹ ਖਾਲੀ ਹੱਥ ਹੀ ਝੁੱਗੀ ਵੱਲ ਵਾਪਸ ਮੁੜ ਆਇਆ ਤੇ ਆਉਂਦਿਆਂ ਹੀ ਬਹਿ ਕੇ ਦੋਵੇਂ ਹੱਥ ਅੱਖਾਂ ਉੱਪਰ ਰੱਖ ਕੇ ਉੱਚੀ ਉੱਚੀ ਰੋਣ ਲੱਗ ਪਿਆ ।
ਹੁਣ ਤੱਕ ਖਾਮੋਸ਼,ਚੁੱਪ ਬੈਠੀ ਆ ਰਹੀ ਰਾਮ ਪਿਆਰੀ ਤੋਂ ਰਿਹਾ ਨਾ ਗਿਆ।ਉਸਨੇ ਬੜੀ ਅਧੀਨਗੀ ਨਾਲ਼ ਸਾਧੂ ਨੂੰ ਪੁਛਿਆ-
"ਬਾਬਾ ਜੀ,ਤੁਸੀਂ ਆਪਣੀ ਕੋਈ ਗਵਾਚੀ ਹੋਈ ਸ਼ੈਅ ਲੱਭ ਰਹੇ ਹੋ?"
"ਹਾਂ ਬੱਚੂ,ਮੇਰਾ ਲੋਟਾ ਕਿਤੇ ਨਹੀਂ ਲੱਭ ਰਿਹਾ !"ਹਟਕੋਰੇ ਭਰਦਿਆਂ ਦਰਵੇਸ਼ ਬੋਲਿਆ ।
ਨਿਗੂਣੇ ਜਿਹੇ ਇੱਕ ਲੋਟੇ ਬਦਲੇ ਵਿਆਕੁਲ ਹੋ ਰਹੇ ਸਾਧੂ ਵੱਲ ਦੇਖਦਿਆਂ,ਮਨ ਹੀ ਮਨ ਮੁਸਕ੍ਰਾਉਂਦੀ ਹੋਈ ਰਾਮ ਪਿਆਰੀ ਕਹਿੰਦੀ-"ਮਹਾਂਰਾਜ ਤੁਸੀਂ ਰੋ ਕਿਉਂ ਰਹੇ ਹੋ?ਉਹੋ ਜਿਹੇ ਲੋਟੇ ਦੱਸੋ ਕਿੰਨੇ ਚਾਹੀਦੇ ਨੇ ।ਮੈਂ ਕੱਲ੍ਹ ਹੀ ਸ਼ਹਿਰੋਂ ਲੈ ਆਵਾਂਗੀ ?"
"ਧੀਏ ਰਾਣੀਏ,ਇਸੇ ਗੱਲ ਦਾ ਤਾਂ ਰੋਣਾ ਹੈ!"ਹੁਣ ਜਾਰੋ ਜਾਰ ਰੋਂਦਿਆਂ ਹੋਇਆਂ ਫੱਕਰ ਕਹਿਣ ਲੱਗਾ-"ਇਹ ਲੋਟਾ ਮੇਰਾ ਸਾਰੀ ਉਮਰ ਦਾ ਸਾਥੀ ਸੀ।ਇਸ ਨੇ ਮੇਰਾ 'ਨੰਗੇਜ਼' ਦੇਖਿਆ ਹੋਇਆ ਸੀ।ਜੇ ਇਹ ਨਾ ਲੱਭਿਆ ਤਾਂ ਮੈਂ ਕਿਸੇ ਦੂਜੇ ਲੋਟੇ ਨੂੰ ਆਪਦਾ ਨੰਗੇਜ ਦਿਖਲਾਉਣ ਲੱਗਿਆਂ ਬੇ-ਹਯਾ ਹੋਵਾਂਗਾ……! ਇਹ ਬੇ-ਹਯਾਈ ਮੈਥੋਂ ਨਹੀਂ ਜੇ ਹੋਣੀ !!"
ਫੱਕਰ ਦੇ ਇਹ ਬਚਨ ਸੁਣਦਿਆਂ ਮਾਨੋ ਰਾਮ ਪਿਆਰੀ ਦੇ ਸਿਰ ਸੌ ਘੜਾ ਪਾਣੀ ਦਾ ਪੈ ਗਿਆ।ਸੁੰਨ ਹੋਈ ਉਹ ਫੱਕਰ ਦੇ ਚਿਹਰੇ ਵੱਲ ਹੀ ਦੇਖਦੀ ਰਹਿ ਗਈ ।ਇਉਂ ਜਾਪਿਆ ਜਿਵੇਂ ਫੱਕਰ ਨੇ ਕੋਈ ਤਿੱਖੇ ਤੀਰ ਛੱਡ ਦਿੱਤੇ ਹੋਣ ਤੇ ਅੱਗੇ ਰਾਮ ਪਿਆਰੀ ਘਾਇਲ ਹੋਈ ਹਿਰਨੀ ਵਾਂਗ ਤੜਫ ਰਹੀ ਹੋਵੇ ! ਇੰਜ ਹੱਕੀ-ਬੱਕੀ ਹੋਈ ਜਨਾਨੀ ਵੱਲ ਦੇਖ ਕੇ ਸਾਧੂ ਵੀ ਠਠੰ੍ਹਬਰ ਗਿਆ ।
ਪੱਥਰ ਦੇ ਬੁੱਤ ਵਾਂਗ ਅਹਿੱਲ ਖੜ੍ਹੀ ਰਾਮ ਪਿਆਰੀ ਦੇ ਦਿਲ 'ਤੇ ਆਰੀਆਂ ਚੱਲ ਰਹੀਆਂ ਸਨ-'ਕਿੱਥੇ ਇਹ ਫੱਕਰ ਸਾਧੂ,ਜੋ ਧਾਤ ਦੇ ਬਣੇ ਹੋਏ ਬੇ-ਜਾਨ ਲੋਟੇ ਨੂੰ ਉਮਰ ਦਾ ਸਾਥੀ ਮੰਨਦਾ ਹੋਇਆ,ਕਿਸੇ ਦੂਜੇ ਲੋਟੇ ਨੂੰ ਆਪਣਾ ਨੰਗੇਜ਼ ਨਹੀਂ ਦਿਖਾਉਣਾ ਚਾਹੁੰਦਾ।ਤੇ ਕਿੱਥੇ ਮੈਂ ਨਿਲੱਜ,ਭਰੀ ਸਭਾ ਵਿੱਚ ਆਪਣੇ ਇਸ਼ਟ ਸਾਹਮਣੇ ਸੌਗੰਧਾਂ ਖਾ ਕੇ ਪ੍ਰਵਾਨ ਕੀਤੇ ਹੋਏ ਪਤੀ ਦੇ ਜਿਉਂਦੇ ਜੀਅ ਸੇ ਪਰਾਏ ਮਰਦ ਨਾਲ਼………ਮੇਰੀ ਸ਼ਰਮ ਹਯਾ ਕਿੱਧਰ ਗਈ !.....ਤੋਬਾ ਤੋਬਾ!!
"ਉਹ ਭਾਈ ਬੀਬਾ,ਖਿਮਾ ਕਰੀਂ,ਮੈਂ ਆਪਣਾ ਹੀ ਰੰਡੀ ਰੋਣਾ ਲੈ ਕੇ ਬਹਿ ਗਿਆ! ਮੈਨੂੰ ਤੇਰਾ ਖਿਆਲ ਹੀ ਨਹੀਂ ਆਇਆ ਧੀਏ।ਤੂੰ ਦੱਸ ਇਸ ਨਿਮਾਣੇ ਫਕੀਰ ਕੋਲ਼ ਕਿਹੜੀ ਮਨਸ਼ਾ ਲੈ ਕੇ ਆਈ ਸੈਂ ?"
"ਮਹਾਰਾਜ,ਮੇਰੀ 'ਮਨਸ਼ਾ' ਪੂਰੀ ਹੋ ਗਈ!"ਫਰਕਦੇ ਬੁੱਲ੍ਹਾਂ 'ਚੋਂ ਧੀਮੀ ਜਿਹੀ ਅਵਾਜ਼ ਨਿਕਲੀ ਤੇ ਰਾਮ ਪਿਆਰੀ ਫੱਕਰ ਦੇ ਪੈਰਾਂ 'ਤੇ ਡਿੱਗ ਪਈ। ਉਸਦਾ ਸਿਰ ਪਲੋਸਦਿਆਂ ਹੋਇਆਂ ਹੈਰਨ ਹੋਇਆ ਫੱਕਰ ਕਹਿੰਦਾ-"ਧੀਏ ਧਿਆਣੀਏ,ਮੈਂ ਕੁੱਛ ਸਮਝਿਆ ਨਹੀਂ ? ਤੇਰੀ ਮਨਸ਼ਾ ਕਿਹੋ ਜਿਹੀ ਸੀ,ਜਿਹੜੀ ਇੱਥੇ ਆਉਂਦਿਆਂ ਹੀ ਪੂਰੀ ਹੋ ਗਈ ?"
ਸਾਂਈ ਲੋਕਾ,ਤੇਰੇ ਗੁਆਚੇ ਹੋਏ ਲੋਟੇ ਨੇ ਤਾਂ ਮੈਨੂੰ ਔਝੜੇ ਪਈ ਨੂੰ ਰਾਹੇ ਪਾ ਦਿੱਤਾ ਹੈ।ਹਨੇਰਿਆਂ ਵੱਲ ਵਧਦੀ ਜਾ ਰਹੀ ਨੂੰ ਨਵਾਂ ਜੀਵਨ ਦੇ ਦਿੱਤਾ ਹੈ। ਤੇਰਾ ਲੋਟਾ ਗਵਾਚਾ ਨਹੀਂ,ਉਹ ਤਾਂ ਮੇਰੀ ਗੁਆਚੀ ਇੱਜ਼ਤ ਲੱਭ ਲਿਆਇਆ ਹੈ।'ਇਹੋ ਜਿਹੀਆਂ ਅਸੀਸਾਂ ਰਾਮ ਪਿਆਰੀ ਦੇ ਬੁੱਲ੍ਹਾਂ 'ਤੇ ਆਉਣ ਨੂੰ ਕਾਹਲ਼ੀਆਂ ਪੈ ਰਹੀਆਂ ਸਨ।ਪਰ ਫੱਕਰ ਦੇ ਕਦਮਾਂ ਤੋਂ ਸਿਰ ਚੁੱਕਦਿਆਂ ਉਸ ਦੇ ਮੂੰਹੋਂ ਇਹੀ ਅਲਫਾਜ਼ ਨਿੱਕਲ਼ੇ-
"ਗੁਨਾਹਾਂ ਭਰੀ ਦਲਦਲ 'ਚ ਖੁੱਭਣੋਂ ਬਚਾਉਣ ਵਾਲ਼ੇ ਸਾਈਂ ਜੀ,ਰਹਿੰਦੀ ਜਿੰਦਗੀ ਤੇਰਾ ਪਰਉਪਕਾਰ ਨਹੀਂ ਭੁੱਲਾਂਗੀ!"
ਹੁਣ ਵਿਚਾਰਾ ਫੱਕਰ,ਇਹ ਸਾਰਾ ਕੁੱਝ ਦੇਖਦਾ ਹੋਇਆ ਮੂੰਹ ਅੱਡੀ ਖੜ੍ਹਾ ਸੀ,ਕਿ ਇਹ ਮਾਜਰਾ ਕੀ ਹੋਇਆ ?
tdupalpuri@yahoo.com
001-408-903-9952
No comments:
Post a Comment