ਸਿਆਸੀ ਬਹਿਸ ਨਾਲ ਭਾਈਚਾਰਕ ਸਾਂਝ ਦੀ ਤਾਣੀ ਨਾਂ ਉਲਝਾਓ

ਕੁਲਵੀਰ ਹੇਅਰ ਫਰਿਜ਼ਨੋਂ
www.hayermedia.com  559 907 6544
ਸਾਡਾ ਦੇਸ਼ ਇਕ ਲੋਕਤੰਤਰਿਕ ਦੇਸ਼ ਹੈ ਤੇ ਇਥੇ ਹਰ ਇਕ ਨੂੰ ਆਪੋ ਆਪਣੀ ਗੱਲ ਕਹਿਣ ਦਾ ਹੱਕ ਹੈ।ਇਸ ਦਾ ਮਤਲਬ ਇਹ ਨਹੀਂ ਕਿ ਜੋ ਮਰਜ਼ੀ ਕਹਿ ਲਿਆ ਜਾਵੇ ਇਹ ਦੇਖਣਾ ਪਵੇਗਾ ਕਿ ਆਪਣੀ ਗੱਲ
ਕਹਿਣ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਤਾਂ ਸੱਟ ਨਹੀਂ ਵੱਜ ਰਹੀ।ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਬੀਤੇ ਕੁਝ ਸਮੇਂ ਤੋਂ ਹੋਈ ਸਿਆਸੀ ਉਥਲ ਪੁਥਲ ਕਾਰਨ ਸਿਆਸੀ ਚਰਚਾਵਾਂ ਦਾ ਵੀ ਬਜ਼ਾਰ ਗਰਮ ਹੋ ਰਿਹਾ ਹੈ। ਹਰ ਕਿਸੇ ਦੀ ਆਪੋ ਆਪਣੀ ਸੋਚ ਹੈ। ਕੋਈ ਕਾਂਗਰਸ ਨੂੰ ਜਿਤਾ ਕੇ ਬੈਠਾ ਹੈ, ਕੋਈ ਅਕਾਲੀ ਦਲ ਤੇ ਭਾਜਪਾ ਗਠਜੋੜ ਵਲੋਂ ਦੁਬਾਰਾ ਸਰਕਾਰ ਬਣਾਉਣ ਦੇ ਦਾਅਵੇ ਜਿਤਾ ਰਿਹਾ ਹੈ ਤੇ ਕੋਈ ਮਨਪ੍ਰੀਤ ਬਾਦਲ ਵਲੋ ਕੋਈ ਕ੍ਰਿਸ਼ਮਾਂ ਕਰ ਦਿਖਾਉਣ ਦੀ ਗੱਲ ਕਰ ਰਿਹਾ ਹੈ ਤੇ ਵਿਚ ਵਿਚਾਲੇ ਬਹੁਜਨ ਸਮਾਜ ਪਾਰਟੀ ਤੇ ਕਾਮਰੇਡਾਂ ਦੀਆਂ ਗੱਲਾਂ ਵੀ ਹੁੰਦੀਆਂ ਹਨ।ਆਮ ਵਿਅਕਤੀ ਤੋਂ ਲੈ ਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੱਕ ਹਰ ਕੋਈ ਕਿਸੇ ਨਾ ਕਿਸੇ ਰੂਪ ਵਿਚ ਸਿਆਸਤ ਨਾਲ ਜੁੜਿਆ ਹੋਇਆ ਹੁੰਦਾ ਹੈ।ਇਹ ਇਕ ਵਧੀਆ ਰੁਝਾਨ ਹੈ ਕਿਉਂਕਿ ਜੇਕਰ ਸਮਾਜ ਸਿਆਸਤ ਤੇ ਨਿਗ੍ਹਾ ਰੱਖੇਗਾ ਤਾਂ ਇਸ ਵਿਚ ਆ ਰਹੇ ਗੰਧਲੇਪਨ ਨੂੰ ਰੋਕਣਾ ਅਸੰਭਵ ਨਹੀਂ ਰਹੇਗਾ। 'ਕੱਟੜਤਾ' ਸ਼ਬਦ ਇਕ ਅਜਿਹਾ ਸ਼ਬਦ ਹੈ ਜੋ ਕਿ ਤੁਹਾਡਾ ਘੇਰਾ ਛੋਟਾ ਕਰ ਦਿੰਦਾ ਹੈ। ਮੇਰੀ ਆਪਣੀ ਸ਼ਾਬਦਿਕ ਸੋਝੀ ਅਨੁਸਾਰ ਕੱਟੜਤਾ ਦੀ ਪਰਿਭਾਸ਼ਾ 'ਮੈਂ ਸਹੀ ਤੂੰ ਗਲਤ' ਵਜੋਂ ਹੈ।ਸਿਆਸੀ ਬਹਿਸ ਵਿਚੋਂ ਕੋਈ ਜਿੱਤ ਜਾਂ ਹਾਰ ਨਹੀਂ ਸਕਦਾ। ਇਸ ਬਹਿਸ ਦਾ ਸਿੱਟ 'ਪਾਣੀ ਦੇ ਅੱਧੇ ਗਿਲਾਸ' ਵਰਗੀ ਹੈ ਕਿ ਇਕ ਕਹਿੰਦਾ ਹੈ ਕਿ ਇਹ ਅੱਧਾ ਭਰਿਆ ਹੈ ਤੇ ਦੂਜਾ ਕਹਿੰਦਾ ਹੈ ਕਿ ਨਹੀਂ ਇਹ ਅੱਧਾ ਖਾਲੀ ਹੈ ਦੋਵੇਂ ਸੱਚੇ ਹਨ। ਪਰ ਹਾਂ ਦੋਵਾਂ ਦੇ ਤਰਕਾਂ ਤੋਂ ਇਹ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਕਿਸ ਦੀ ਸੋਚ ਨਾਂਹ ਪੱਖੀ ਹੈ ਤੇ ਕਿਸ ਦੀ ਸੋਚ ਹਾਂ ਪੱਖੀ ਹੈ। ਅੱਜ ਦੇ ਯੁੱਗ ਵਿਚ ਅਸੀਂ ੧੦੦ ਪ੍ਰਤੀਸ਼ਤ ਸੱਚ ਦੀ ਕਿਸੇ ਤੋਂ ਵੀ ਆਸ ਨਹੀਂ ਕਰ ਸਕਦੇ। ਕਿਸੇ ਤੇ ਵੀ ਕਿਸੇ ਵੀ ਤਰ੍ਹਾਂ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਜੋ ਸਾਨੂੰ ਚੰਗਾ ਲੱਗਦਾ ਹੈ ਦੂਜੇ ਨੂੰ ਵੀ ਉਹੋ ਚੰਗਾ ਲੱਗੇ। ਪੱਤਰਕਾਰਤਾ ਦੇ ਖੇਤਰ ਵਿਚ ਹੋਣ ਕਾਰਨ ਮੈਨੂੰ ਜ਼ਿਆਦਾਤਰ ਇਸ ਤਰ੍ਹਾਂ ਦੇ ਵਾਕਿਆਤ ਨੂੰ ਦੇਖਣ ਦਾ ਮੌਕਾ ਮਿਲਦਾ ਰਹਿੰਦਾ ਹੈ। ਭਾਵਨਾਤਮਕ ਅਤੇ ਹਕੀਕਤ ਦੇ ਫਰਕ ਨੂੰ ਹਰ ਕੋਈ ਨਹੀਂ ਪਹਿਚਾਣ ਸਕਦਾ ਕਿਉਂਕਿ ਜੇਕਰ ਇਸਦੇ ਫਰਕ ਦੀ ਪਹਿਚਾਣ ਹੋ ਜਾਵੇ ਤਾਂ ਲੜਾਈ ਝਗੜੇ ਅਤੇ ਹੋਰ ਜੁਰਮ ਖਤਮ ਹੋਣ ਵਿਚ ਦੇਰ ਨਹੀਂ ਲੱਗੇਗੀ।ਭਾਰਤੀ ਕਨੂੰਨ ਅਨੁਸਾਰ ਕੋਈ ਭਾਰਤੀ ਨਾਗਰਿਕ (ਸਰਕਾਰੀ ਨੌਕਰਾਂ ਤੋਂ ਇਲਾਵਾ) ਕਿਸੇ ਵੀ ਸਿਆਸੀ ਪਾਰਟੀ ਵਿਚ ਸ਼ਾਮਿਲ ਹੋ ਸਕਦਾ ਹੈ ਤੇ ਸਿਆਸੀ ਗਤੀਵਿਧੀਆਂ ਵਿਚ ਭਾਗ ਲੈ ਸਕਦਾ ਹੈ। ਪਰ ਇਹ ਤਾਂ ਸਭ ਨੇ ਦੇਖਿਆ ਹੀ ਹੈ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪਣੇ ਵਰਕਰਾਂ ਨੂੰ ਭਾਵਨਾਤਮਕ ਤੌਰ ਤੇ ਪਾਰਟੀ ਲਈ ਕੁਝ ਵੀ ਕਰਨ ਲਈ ਤਿਆਰ ਕਰ ਲਿਆ ਜਾਂਦਾ ਹੈ ਤੇ ਪਾਰਟੀ ਦੀਆਂ ਸਿਰਫ ਤੇ ਸਿਰਫ ਖੂਬੀਆਂ ਹੀ ਗਿਣਾਈਆਂ ਜਾਂਦੀਆਂ ਹਨ ਜਦਕਿ ਉਸਦੀਆਂ ਖਾਮੀਆਂ ਸਬੰਧੀ ਉਸ ਨੂੰ ਜਾਨਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਪਿੰਡਾਂ ਵਿਚ ਭਾਵਨਾਤਮਕ ਸਿਆਸਤ ਕਾਰਨ ਧੜੇ ਬਣ ਜਾਂਦੇ ਹਨ ਤੇ ਫਿਰ ਇਹਨਾਂ ਧੜਿਆਂ ਵਿਚ ਲੜਾਂਈਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਸਾਰੇ ਪਾਠਕ ਸਹਿਜੇ ਹੀ ਵਾਕਿਫ ਹਨ। ਅੰਗਰੇਜ਼ੀ ਦੀ ਕਹਾਵਤ ਹੈ "ਲਿਟਲ ਨਾਲੇਜ ਇਜ਼ ਡੇਂਜਰਿਸ ਥਿੰਗ" ਭਾਗ ਕਿ ਘੱਟ ਜਾਣਕਾਰੀ ਖਤਰਨਾਕ ਹੁੰਦੀ ਹੈ।ਜਦੋਂ ਸਾਨੂੰ ਕਿਸੇ ਵੀ ਚੀਜ਼ ਬਾਰੇ ਘੱਟ ਜਾਣਕਾਰੀ ਹੁੰਦੀ ਹੈ ਤਾਂ ਅਸੀਂ ਲੀਹ ਤੋਂ ਭਟਕ ਕੇ ਆਪਣੀ ਊਰਜਾ ਖਤਮ ਕਰ ਬਹਿੰਦੇ ਹਾਂ ਤੇ ਕਈ ਵਾਰੀ ਘੱਟ ਜਾਣਕਾਰੀ ਲੜਾਈ ਦਾ ਕਾਰਨ ਵੀ ਬਣ ਜਾਂਦੀ ਹੈ। ਪੰਜਾਬ ਦੀ ਸਿਆਸਤ ਦਾ ਪ੍ਰਭਾਵ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਪ੍ਰਵਾਸੀਆਂ ਵਿਚ ਵੀ ਸਿਰ ਚੜ੍ਹ ਬੋਲਦਾ ਹੈ।ਹਰ ਕੋਈ ਆਪਣੇ ਆਪ ਨੂੰ ਸਿਆਸੀ ਮਾਹਿਰ ਸਮਝਦਾ ਹੈ ਤੇ ਕਿਸੇ ਨਾ ਕਿਸੇ ਵਿਸ਼ੇ ਤੇ ਕਿਸੇ ਨਾ ਕਿਸੇ ਨਾਲ ਬਹਿਸ ਕਰਨ ਵਿਚ ਆਪਣੇ ਸ਼ੌਕ ਦੀ ਪੂਰਤੀ ਸਮਝਦਾ ਹੈ। ਪਰ ਇਹ ਬਹਿਸ ਉਸ ਦੀ ਸਖਸ਼ੀਅਤ ਸਬੰਧੀ ਖੁਲਾਸਾ ਕਰ ਦਿੰਦੀ ਹੈ।ਵਦੇਸ਼ਾਂ ਵਿਚ ਵੀ ਪੰਜਾਬ ਦੀ ਸਿਆਸਤ ਦੀ ਚਰਚਾ ਦਾ ਹੋਣਾ ਆਮ ਗੱਲ ਬਣ ਚੁੱਕੀ ਹੈ। ਭਾਵੇਂ ਕਿ ਇਥੇ ਬਣੀਆਂ ਭਾਰਤੀ ਸਿਆਸੀ ਪਾਰਟੀਆਂ ਨਾਲ ਸਬੰਧਿਤ ਇਕਾਈਆਂ ਅਤੇ ਇਹਨਾਂ ਦੇ ਅਹੁਦੇਦਾਰਾਂ ਦੀ ਅਮਰੀਕਾ ਵਿਚ ਕੋਈ ਖਾਸ ਅਹਿਮੀਅਤ ਨਹੀਂ ਹੈ ਪਰ ਫਿਰ ਵੀ ਪੰਜਾਬ ਦੀ ਗੇੜੀ ਸਮੇਂ ਲਾਲ ਬੱਤੀ ਤੇ ਝੰਡੀ ਵਾਲੀ ਕਾਰ ਦੇ ਝੂਟਿਆਂ ਦੇ ਨਜ਼ਾਰੇ ਉਹਨਾਂ ਨੂੰ ਟਿਕ ਕੇ ਬੈਠਣ ਨਹੀਂ ਦਿੰਦੇ।ਹਾਲੇ ਕਿ ਵਦੇਸ਼ਾਂ ਦੀ ਫੇਰੀ ਸਮੇਂ ਲੀਡਰਾਂ ਵਲੋਂ ਦਿਤੇ ਫੋਨ ਨੰਬਰਾਂ ਤੇ ਕੀਤੀਆਂ ਕਾਲਾਂ ਚੱਕੀਆਂ ਵੀ ਨਹੀਂ ਜਾਂਦੀਆਂ ਫਿਰ ਵੀ ਪੰਜਾਬ ਤੋਂ ਹੀ ਖਿੱਚੀਆਂ ਜਾ ਰਹੀਆਂ ਤਣੀਆਂ ਕਾਰਨ ਉਹ ਇਥੇ ਸਿਆਸੀ ਸਮਾਰੋਹ ਕਰਵਾਉਂਦੇ ਹਨ ਤੇ ਸਿਆਸੀ ਪਾਰਟੀਆਂ ਦੇ ਮੈਂਬਰਾਂ ਦੀ ਭਰਤੀ ਕਰਦੇ ਹਨ ਤੇ ਅਹੁਦੇਦਾਰ ਚੁਣਦੇ ਹਨ। ਕਈ ਵਾਰੀ ਅਹੁਦੇਦਾਰੀ ਦੀ ਖਿੱਚੋਤਾਣ ਇਹਨਾਂ ਨੂੰ ਕੁੱਕੜ ਖੇਹ ਉਡਾਉਣ ਲਈ ਵੀ ਮਜਬੂਰ ਕਰਦੀ ਹੈ। ਕੋਈ ਕਿਸੇ ਨੂੰ ਪਾਰਟੀ ਵਿਚੋਂ ਕੱਢ ਦਿੰਦਾ ਹੈ ਤੇ ਕੱਢਿਆ ਜਾਣ ਵਾਲਾ ਵਿਅਕਤੀ ਕਹਿੰਦਾ ਹੈ ਕਿ ਮੈਨੂੰ ਪਾਰਟੀ ਵਿਚੋਂ ਕੱਢਣ ਦਾ ਅਧਿਕਾਰ ਸਿਰਫ ਭਾਰਤ ਵਿਚਲੇ ਰਾਸ਼ਟਰੀ ਪ੍ਰਧਾਨ ਨੂੰ ਹੀ ਹੈ ਤੇ ਇਸ ਤਰ੍ਹਾਂ ਆਮ ਲੋਕਾਂ ਨੂੰ ਗਧੀ ਗੇੜ ਵਿਚ ਪਾਇਆ ਜਾਂਦਾ ਹੈ।ਇਹਨਾਂ ਅਹੁਦੇਦਾਰਾਂ ਨਾਲ ਜੁੜੇ ਲੋਕ ਆਪੋ ਆਪਣੀ ਪਾਰਟੀ ਨੂੰ ਸਰਾਹੁਣ ਲਈ ਹਰ ਕਿਸੇ ਨਾਲ ਬਹਿਸ ਕਰਨ ਤੁਰ ਪੈਂਦੇ ਹਨ। ਹਰ ਕੋਈ ਭਾਵਨਾਤਮਕ ਤੌਰ ਤੇ ਕਿਸੇ ਨਾ ਕਿਸੇ ਪਾਰਟੀ ਨਾਲ ਤੁਰਿਆ ਹੋਇਆ ਹੁੰਦਾ ਹੈ ਤੇ ਉਹ ਆਪਣੀ ਪਾਰਟੀ ਦੀ ਨਿਖੇਧੀ ਨਹੀਂ ਸੁਣ ਸਕਦਾ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ ਕਿ ਕੱਟੜਤਾ ਦਾ ਮਤਲਬ "ਮੈਂ ਸਹੀ ਤੂੰ ਗਲਤ" ਹੈ, ਦੇ ਅਨੁਸਾਰ ਕੱਟੜਤਾ ਕਿਸੇ ਵੀ ਤਰ੍ਹਾਂ ਦੀ ਹੋਵੇ ਮਾੜੀ ਹੀ ਗਿਣੀ ਗਈ ਹੈ। ਕੱਟੜਤਾ ਭਾਵੇਂ ਧਾਰਮਿਕ ਹੋਵੇ, ਭਾਵੇਂ ਸਮਾਜਿਕ ਹੋਵੇ ਤੇ ਭਾਵੇਂ ਸਿਆਸੀ ਹੋਵੇ ਇਹ ਤੁਹਾਨੂੰ ਦੂਜਿਆਂ ਤੋਂ ਦੂਰ ਕਰਦੀ ਰਹਿੰਦੀ ਹੈ। ਅੱਜ ਦੇ ਘੱਟ ਸੋਝੀ ਵਾਲੇ ਆਪੇ ਬਣੇ ਸਿਆਸੀ ਵਿਸ਼ਲੇਸ਼ਕ ਬਹਿਸ ਵੇਲੇ ਆਪਣੀ ਪਾਰਟੀ ਨੂੰ ਤਾਂ ਸਹੀ ਕਹੀ ਜਾਣਗੇ ਪਰ ਦੂਜੇ ਦੀ ਪਾਰਟੀ ਨੂੰ ਕੱਖੋਂ ਹੌਲੀ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ ਜਦਕਿ ਹਰ ਇਕ ਸਿਆਸੀ ਪਾਰਟੀ ਦੇ ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖਤ ਕਾਲ ਬਾਰੇ ਹਰ ਕੋਈ ਕਿਆਸ ਰੱਖਦਾ ਹੈ।ਵਦੇਸ਼ਾਂ ਵਿਚ ਦੇਖਿਆ ਗਿਆ ਹੈ ਕਿ ਗੁਰਦੁਆਰਾ ਸਾਹਿਬਾਨਾਂ ਨੂੰ ਸਿਆਸਤ ਦਾ ਅਖਾੜਾ ਬਣਾਇਆ ਜਾ ਰਿਹਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਆਏ ਸਿਆਸੀ ਪਾਰਟੀਆਂ ਦੇ ਕਾਰਕੁੰਨ ਤੇ ਆਗੂ ਕਦੇ 'ਹਮ ਨਹੀਂ ਚੰਗੇ ਬੁਰਾ ਨਹੀਂ ਕੋਇ' ਤੋਂ ਕੋਈ ਸੇਧ ਨਹੀਂ ਲੈਣੀ ਚਾਹੁੰਦੇ ਸਗੋਂ ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਵਿਚ ਬਹਿ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਜਾਂ ਕਾਰਕੁੰਨਾ ਨਾਲ ਬੇਵਝਾ ਬਹਿਸ ਕਰਦੇ ਹਨ ਕਿ ਆਹ ਆਗੂ ਗਲਤ ਹੈ ਤੇ ਆਹ ਆਗੂ ਸਹੀ ਹੈ।ਆਪਣੇ ਆਪ ਨੂੰ ਆਪਣੇ ਆਗੂ ਦਾ ਸਭ ਤੋਂ ਵਫਾਦਾਰ ਹੋਣ ਦਾ ਪ੍ਰਗਟਾਵਾ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ ਤੇ ਉਹਦੇ ਕਰਕੇ ਹਰ ਇਕ ਨਾਲ ਲੜਾਈ ਕਰਨ ਤੱਕ ਵੀ ਜਾਂਦੇ ਹਨ। ਇਸੇ ਤਰ੍ਹਾਂ ਇਕ ਵਾਰ ਕਾਂਗਰਸ ਪਾਰਟੀ ਦੋਫਾੜ ਹੋ ਗਈ ਤੇ ਐਨ ਡੀ ਤਿਵਾੜੀ ਅਤੇ ਅਰਜੁਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ (ਟੀ) ਦਾ ਗਠਨ ਹੋਇਆ ਤੇ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਕਾਗਰਸ (ਟੀ) ਵਿਚ ਚਲਾ ਗਿਆ ਤੇ ਪੰਜਾਬ ਕਾਂਗਰਸ (ਟੀ) ਦਾ ਪ੍ਰਧਾਨ ਬਣ ਗਿਆ। ਜਗਮੀਤ ਸਿੰਘ ਬਰਾੜ ਦਾ ਕਲੀਆਂ ਦੇ ਬਾਦਸ਼ਾਹ ਯੁੱਗ ਗਾਇਕ ਜਨਾਬ ਕੁਲਦੀਪ ਮਾਣਕ ਨਾਲ ਗੂੜ੍ਹਾ ਪਿਆਰ ਸੀ ਤੇ ਜਗਮੀਤ ਬਰਾੜ ਨੇ ਕੁਲਦੀਪ ਮਾਣਕ ਨੂੰ ਕਾਂਗਰਸ (ਟੀ) ਵਲੋਂ ਲੁਧਿਆਣਾ ਤੋਂ ਵਿਧਾਨ ਸਭਾ ਦੀ ਟਿਕਟ ਦੇ ਕੇ ਖੜਾ ਕਰ ਦਿੱਤਾ। ਮਾਣਕ ਸਾਹਿਬ ਪੂਰਾ ਰਾਸ਼ਨ ਲੈ ਕੇ ਹਲਕੇ ਵਿਚ ਨਿਕਲ ਤੁਰੇ ਤੇ ਪੂਰਾ ਪ੍ਰਚਾਰ ਕਰਨ ਲੱਗੇ ਤੇ ਇਕ ਪਿੰਡ ਵਿਚ ਪ੍ਰਚਾਰ ਕਰ ਰਹੇ ਸਨ ਕਿ ਖਬਰ ਆ ਗਈ ਕਿ ਜਗਮੀਤ ਬਰਾੜ ਵਾਪਿਸ ਕਾਂਗਰਸ ਵਿਚ ਚਲੇ ਗਏ ਹਨ ਤੇ ਮਾਣਕ ਸਾਹਿਬ ਲਈ 'ਨਾ ਇਧਰ ਕੇ ਨਾ ਉਧਰ ਕੇ' ਵਾਲੀ ਗੱਲ ਹੋ ਗਈ।ਮੇਰੇ ਕਹਿਣ ਮਤਲਬ ਇਹ ਹੈ ਜ਼ਿਆਦਾਤਰ ਸਿਆਸੀ ਆਗੂਆਂ ਦਾ ਰਿਸ਼ਤਾ ਸਿਰਫ "ਸੂਤ" ਨਾਲ ਹੁੰਦਾ ਹੈ। ਇਹਨਾਂ ਦੀ ਨਾ ਕੋਈ ਸੋਚ, ਨਾ ਕੋਈ ਧਰਮ ਤੇ ਨਾ ਹੀ ਪਾਰਟੀ ਪ੍ਰਤੀ ਕੋਈ ਵਫਾਦਾਰੀ ਹੁੰਦੀ ਹੈ।ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀ ਦਲ ਵਿਚ ਨੁਮਾਇੰਦਗੀ ਨਹੀਂ ਮਿਲੀ ਤਾਂ ਉਹ ਕਾਂਗਰਸ ਵਿਚ ਚਲਾ ਗਿਆ, ਜੇਕਰ ਪ੍ਰਕਾਸ਼ ਸਿੰਘ ਬਾਦਲ ਦਾ ਕਾਂਗਰਸ ਵਿਚ ਸੂਤ ਨਹੀਂ ਆਇਆ ਤਾਂ ਉਹ ਅਕਾਲੀ ਦਲ ਵਿਚ ਆ ਗਿਆ। ਸੁਖਪਾਲ ਖਹਿਰਾ ਦਾ ਪਿਤਾ ਭਾਵੇਂ ਅਕਾਲੀ ਸੀ ਪਰ ਅਕਾਲੀ ਦਲ ਨੇ ਮੂੰਹ ਨਹੀਂ ਲਾਇਆ ਤਾਂ ਕਾਂਗਰਸ ਜੁਆਇਨ ਕਰ ਲਈ।ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ ਵਿਚ ਪੁੱਛ ਪ੍ਰਤੀਤ ਨਹੀਂ ਰਹੀ ਤਾਂ ਨਵਾਂ ਅਕਾਲੀ ਦਲ ਬਣਾ ਲਿਆ। ਹੋਰ ਕਿੰਨੀਆਂ ਕੁ ਉਦਾਹਰਨਾਂ ਦਈਏ ਜੋ ਪਾਠਕਾਂ ਦੀ ਤਸੱਲੀ ਕਰਾ ਸਕਣ। ਇਸ ਲਈ ਇਹਨਾਂ ਹੀ ਆਗੂਆਂ ਦੀਆਂ 'ਕਾਰਵਾਈਆਂ' ਤੋਂ ਸੇਧ ਲੈ ਕੇ ਇਹ ਗੱਲ ਹਮੇਸ਼ਾ ਹੀ ਧਿਆਨ ਵਿਚ ਰੱਖੋ ਕਿ ਜਿਹਦੇ ਲਈ ਅਸੀਂ ਬਹਿਸ ਕਰ ਰਹੇ ਹਾਂ ਕੀ ਉਸ ਦਾ ਕੋਈ ਸਟੈਂਡ ਹੈ। ਜੇਕਰ ਸਟੈਂਡ ਹੈ ਵੀ ਤਾਂ ਆਪਣੀ ਊਰਜਾ ਬੇਕਾਰ ਦੀ ਬਹਿਸ ਵਿਚ ਖਰਚ ਕਰਨ ਨਾਲੋਂ ਪਾਰਟੀ ਪ੍ਰਤੀ ਕੰਮ ਕਰਨ ਵਿਚ ਲਗਾਓ।ਇਹੋ ਜਿਹੇ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ ਪੱਤਰਕਾਰਾਂ ਲਈ ਵੀ ਮੁਸ਼ਕਿਲਾਂ ਖੜੀਆਂ ਕਰਦੇ ਹਨ। ਮੀਡੀਆ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਰਪੱਖ ਤੇ ਨਿਡਰ ਹੋ ਕੇ ਚੱਲੇ ਤੇ ਸੱਚਾਈ ਨੂੰ ਹੀ ਪੇਸ਼ ਕਰੇ। ਜਦਕਿ ਸਿਆਸੀ ਪਾਰਟੀਆਂ ਦੇ ਆਗੂ ਮੀਡੀਆ ਨੂੰ ਆਪਣੀ ਮੁੱਠੀ ਵਿਚ ਘੁੱਟ ਕੇ ਰੱਖਣਾ ਚਾਹੁੰਦੇ ਹਨ।ਕਈ ਵਾਰੀ ਅਸੀਂ ਸਾਂਝੇ ਧਾਰਮਿਕ ਪ੍ਰੋਗਰਾਮਾਂ ਤੇ ਜਾਂਦੇ ਹਾਂ ਤੇ ਬਿਨ੍ਹਾਂ ਪੱਖਪਾਤ ਕੀਤੇ ਉਥੇ ਦੀਆਂ ਗਤੀਵਿਧੀਆਂ ਦਾ ਆਪਣੀ ਖਬਰ ਵਿਚ ਜ਼ਿਕਰ ਕਰਦੇ ਹਾਂ। ਜੇਕਰ ਕਿਸੇ ਸਿਆਸੀ ਪਾਰਟੀ ਜਾਂ ਧਾਰਮਿਕ ਸੰਸਥਾ ਨੇ ਲੰਗਰ ਦੀ ਸੇਵਾ ਜਾਂ ਕੋਈ ਹੋਰ ਸੇਵਾ ਨਿਭਾਈ ਹੋਵੇ ਤਾ ਬਿਨਾਂ ਕਿਸੇ ਪੱਖਪਾਤ ਦੇ ਲਿਖਣਾ ਇਕ ਪੱਤਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਜਿਸਨੇ ਕੋਈ ਵੀ ਸੇਵਾ ਨਹੀਂ ਕੀਤੀ ਹੁੰਦੀ ਉਸ ਵਲੋਂ ਪੱਤਰਕਾਰ ਤੇ ਨਜ਼ਲਾ ਝਾੜਿਆ ਜਾਂਦਾ ਹੈ ਕਿ ਤੂੰ ਪੱਖਪਾਤ ਕੀਤਾ ਹੈ ਸਾਡੇ ਬਾਰੇ ਕੁਝ ਨਹੀਂ ਲਿਖਿਆ ਜਦਕਿ ਵਿਰੋਧੀ ਪਾਰਟੀ ਦਾ ਵਧਾ ਚੜ੍ਹਾ ਕਿ ਲਿਖਿਆ ਹੈ। ਪੱਤਰਕਾਰ ਵਲੋਂ ਬਥੇਰਾ ਕਿਹਾ ਜਾਂਦਾ ਹੈ ਕਿ ਤੁਸੀਂ ਵੀ ਕੋਈ ਸੇਵਾ ਸੰਭਾਲੀ ਹੁੰਦੀ ਤਾ ਤੁਹਾਡਾ ਵੀ ਲਿਖਿਆ ਜਾਣਾ ਸੀ ਪਰ ਸਿਆਸਤ ਵਿਚ ਅੰਨ੍ਹੇ ਹੋਏ ਇਹ ਆਗੂ ਇਕ ਨਹੀਂ ਸੁਣਦੇ। ਇਸ ਤਰ੍ਹਾਂ ਦੀ ਬੇਵਜ੍ਹਾ ਬਹਿਸ ਹੌਲੀ ਹੌਲੀ ਭਾਈਚਾਰਕ ਸਾਂਝ ਵਿਚ ਤਰੇੜਾ ਪਾਉਂਦੀ ਰਹਿੰਦੀ ਹੈ ਤੇ ਇਕ ਸਮਾਂ ਅਜਿਹਾ ਆ ਜਾਂਦ ਹੈ ਕਿ 'ਗਲ ਲੱਗਣੋਂ ਤਾਂ ਗਈ ਸੀ ਮੱਥੇ ਲੱਗਣੋਂ ਵੀ ਗਈ' ਵਾਲੀ ਕਹਾਵਤ ਲਾਗੂ ਹੋ ਜਾਂਦੀ ਹੈ। ਅਸੀਂ ਸਭ ਨੇ ਪੰਜਾਬ ਵਿਚ ਸਮਾਂ ਬਿਤਾਇਆ ਹੈ ਤੇ ਦੇਖਿਆ ਹੈ ਕਿ ਸਿਆਸਤ ਕਿਵੇਂ ਰੂਪ ਬਦਲਦੀ ਹੈ। ਪਿੰਡਾਂ ਵਿਚ ਹੀ ਦੇਖ ਲਓ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਹਨ ਤਾਂ ਸਮੀਕਰਨ ਹੋਰ ਹੁੰਦੇ ਹਨ, ਵਿਧਾਨ ਸਭਾ ਚੋਣਾਂ ਵਿਚ ਹੋਰ ਤੇ ਐਮ ਪੀ ਚੋਣਾਂ ਵਿਚ ਹੋਰ। ਮੇਰੇ ਕਹਿਣ ਦਾ ਭਾਵ ਕਿ ਪੰਚਾਇਤੀ ਚੋਣਾਂ ਵਿਚ ਨਿਗਾ ਮਾਰ ਕੇ ਦੇਖਿਓ ਇਕ ਧੜੇ ਵਿਚ ਕਾਂਗਰਸੀ, ਅਕਾਲੀ, ਬਸਪਾ ਤੇ ਹੋਰ ਪਾਰਟੀਆਂ ਨਾਲ ਸਬੰਧਿਤ ਦੇਖਣ ਨੂੰ ਮਿਲਣਗੇ ਜਦਕਿ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਨੇ ਹੀ ਇਕ ਦੂਜੇ ਦੇ ਵਿਰੁੱਧ ਬੂਥ ਲਗਾਏ ਹੁੰਦੇ ਹਨ। ਇਹ ਸਿਆਸਤ ਦਾ ਅਹਿਮ ਪੱਖ ਹੈ। ਅਸੀਂ ਸਾਰੇ ਦੇਖਦੇ ਹਾਂ ਕਿ ਪਾਰਟੀਆਂ ਦੇ ਆਗੂ ਆਪਣੀ ਕੱਟੜ ਵਿਰੋਧੀ ਪਾਰਟੀ ਦੇ ਆਗੂਆਂ ਨਾਲ ਰਿਸ਼ਤੇਦਾਰੀਆਂ ਨਿਭਾਉਂਦੇ ਹਨ ਤੇ ਇਕ ਦੂਜੇ ਦੁੱਖ ਸੁੱਖ ਵਿਚ ਸ਼ਾਮਿਲ ਹੁੰਦੇ ਹਨ ਜਦਕਿ ਹੇਠਲੇ ਪੱਧਰ ਤੇ ਵਰਕਰ ਇਕ ਦੂਜੇ ਨਾਲ ਦੁਸ਼ਮਣੀਆਂ ਘੜਦੇ ਨਹੀਂ ਥੱਕਦੇ। ਸਿਆਸਤ ਵਿਚ ਆਉਣਾ ਕੋਈ ਮਾੜੀ ਗੱਲ ਨਹੀਂ ਪਰ ਕਿਸੇ ਵੀ ਬੇਵਜ੍ਹਾ ਦੀ ਸਿਆਸੀ ਬਹਿਸ ਨਾਲ ਆਪਣੀ ਭਾਈਚਾਰਕ ਸਾਂਝ ਦੀ ਤਾਣੀ ਨੂੰ ਉਲਝਾ ਲੈਣਾ ਕੋਈ ਵੀ ਸਿਆਣਪ ਵਾਲੀ ਗੱਲ ਨਹੀਂ ਹੁੰਦੀ ਜ਼ਰਾ ਸੋਚ ਕੇ ਦੇਖਿਓ। ਅੱਗੇ ਤੁਹਾਡੀ ਮਰਜ਼ੀ।

No comments:

Post a Comment