ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ……..??????
ਹਰਮੰਦਰ ਕੰਗ (ਸਿਡਨੀਂ)ਆਸਟ੍ਰੇਲੀਆ
ਜਦੋਂ ਵੀ ਕੁੱਝ ਲਿਖਣ ਲਈ ਕਲਮ ਚੁੱਕੀਦੀ ਹੈ ਤਾਂ ਹਮੇਸ਼ਾਂ ਕੋਸ਼ਿਸ਼ ਹੁੰਦੀ ਹੈ ਕਿ ਕਲਮ ਨੂੰ ਸੱਚ ਦੀ ਸਿਆਹੀ ਵਿੱਚ ਚੋਭਾ ਲਾ ਕੇ ਜੋ ਵੀ ਲਿਖਿਆ ਜਾਵੇ ਉਹ ਇਸ ਤਰਾਂ ਦਾ ਹੋਵੇ ਕਿ ਕਿਸੇ ਦੇ ਮਨ ਨੂੰ
ਠੇਸ ਨਾ ਪਹੁੰਚੇ।ਪਿਛਲੇ ਦਿਨੀਂ ਗੁਰਦਾਸ ਮਾਨ ਸਹਿਬ ਬਾਰੇ ਲਿਖੇ ਮੇਰੇ ਇੱਕ ਲੇਖ ਜੋ ਕਿ ਦੁਨੀਆਂ ਭਰ ਵਿੱਚ ਛਪਦੇ ਬਹੁਤੇ ਪੰਜਾਬੀ ਅਖਬਾਰਾਂ ਵਿੱਚ ਛਪਿਆ ਸੀ ਜਿਸਦੇ ਪ੍ਰਤੀਕਰਮ ਵਜੋਂ ਅਨੇਕਾਂ ਈ-ਮੇਲ ਵੀ ਆਈਆਂ,ਫੋਨ ਵੀ ਆਏ,ਐੱਸ਼.ਐੱਮ.ਐੱਸ਼ ਵੀ ਆਏ।ਬਹੁਤੇ ਮਿੱਤਰ ਪਿਆਰਿਆਂ ਨੇਂ ਲੇਖ ਪ੍ਰਤੀ ਹਾਂ ਪੱਖੀ ਹੁੰਗਾਰਾ ਵੀ ਭਰਿਆ ਅਤੇ ਪ੍ਰਸ਼ੰਸ਼ਾਂ ਭਰੀ ਸ਼ਬਦਾਵਲੀ ਵਿੱਚ ਪਿੱਠ ਵੀ ਥਾਪੜੀ।ਪਰ ਬਹੁਤੇ ਦੋਸਤਾਂ ਨੇਂ ਆਪਣੀਂ ਆਪਣੀਂ ਸਮਝ ਅਨੁਸਾਰ ਆਪਣਾਂ ਰੋਸ ਵੀ ਪ੍ਰਗਟ ਵੀ ਕੀਤਾ ਕਿ ਮਾਨ ਸਹਿਬ ਦੀ ਨਵੀਂ ਟੇਪ ਵਿੱਚਲੇ ਗੀਤਾਂ ਵਿੱਚ ਜੋ ਭਾਵਨਾਵਾਂ ਪ੍ਰਗਟ ਕੀਤੀਆਂ ਹਨ ਉਹ ਬਿੱਲਕੁੱਲ ਠੀਕ ਹਨ ਜੋ ਕਿਸੇ ਦੀਆਂ ਧਾਰਮਿੱਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦੀਆਂ।ਸਾਰੇ ਸੱਜਣਾਂ ਦੇ ਹਾਂ ਪੱਖੀ ਅਤੇ ਨਾਂਹ ਪੱਖੀ ਹੁੰਗਾਰਿਆਂ ਨੂੰ ਮੈਂ ਖਿੜੇ ਮੱਥੇ ਸਵੀਕਾਰ ਵੀ ਕੀਤਾ।ਪਰ ਇੱਕ ਸੱਜਣ ਦੀ ਗੱਲ ਚੁੱਭ ਗਈ ਜਿਸਨੇਂ ਲਿਖਿਆ ਸੀ ਕਿ "ਕੰਗ ਸਹਿਬ ਦੁਨੀਆਂ ਵਿੱਚ ਨਾਂਮ ਖੱਟਣਾਂ ਹੋਵੇ ਤਾਂ ਕਿਸੇ ਮਸ਼ਹੂਰ ਕਲਾਕਾਰ ਦੀ ਅਲੋਚਨਾਂ ਕਰ ਦੇਵੋ,ਸਭ ਤੋਂ ਸੌਖਾ ਤਰੀਕਾ ਹੈ ਲੋਕਾਂ ਵਿੱਚ ਚਰਚਿੱਤ ਹੋਂਣ ਦਾ"।ਇਸੇ ਸੱਜਣ ਨੇਂ ਇਹੋ ਜਿਹਾ ਇਲਜਾਮ ਹੀ ਮੇਰੇ ਕਲਮੀਂ ਦੋਸਤ ਮਨਦੀਪ ਖੁਰਮੀਂ(ਹਿੰਮਤਪੁਰਾ ਬਲਾਗ ਵਾਲੇ) ਹੋਰਾਂ ਦੀਆਂ ਲਿਖਤਾਂ 'ਤੇ ਵੀ ਲਗਾਇਆ ਹੈ।ਪਰ ਇਸ ਕਾਲਮ ਦੇ ਜਰੀਏ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਮੈਂ ਆਪਣੇਂ ਆਪ ਨੂੰ ਕੋਈ ਬਹੁਤਾ ਵੱਡਾ ਲੇਖਕ ਨਹੀਂ ਸਮਝਦਾ,ਬੱਸ ਜਦੋਂ ਸਮਾਂ ਮਿਲਦਾ ਹੈ ਤਾਂ ਕਾਗਜਾਂ 'ਤੇ ਚਾਰ ਅੱਖਰ ਝਰੀਟ ਲੈਂਦਾ ਹਾਂ।ਗੁਰਦਾਸ ਮਾਨ ਬਾਰੇ ਜੋ ਵੀ ਲਿਖਿਆ ਸੀ ਉਹ ਕੱਲ ਵੀ ਸੱਚ ਸੀ 'ਤੇ ਆਉਂਣ ਵਾਲੇ ਕੱਲ ਨੂੰ ਵੀ ਸੱਚ ਹੀ ਰਹੇਗਾ। ਗੱਲ ਅਸਲ ਵਿੱਚ ਗੁਰਦਾਸ ਮਾਨ ਦੇ ਦੋਗਲੇ ਕਿਰਦਾਰ ਦੀ ਸੀ। ਗਲਤ ਨੂੰ ਗਲਤ ਕਹਿਣਾਂ ਜੇ ਗਲਤ ਹੈ ਤਾਂ ਫਿਰ ਠੀਕ ਸ਼ਬਦ ਦੀ ਕੀ ਪਰਿਭਾਸ਼ਾ ਹੋਈ?ਪਰ ਮੈਂ ਸਮਝਦਾ ਹਾਂ ਕਿ ਕਲਮਕਾਰ ਵੀ ਸਮਾਜ ਦੇ ਚੌਕੀਂਦਾਰ ਹੁੰਦੇ ਹਨ ਜਿੰਨਾਂ ਨੇ ਸੁੱਤੇ ਸਮਾਜ ਨੂੰ ਜਗਾਉਣ ਦਾ ਹਮੇਸ਼ਾਂ ਹੋਕਾ ਦੇਣਾਂ ਹੁੰਦਾ ਹੈ।ਸੋ ਗੁਰਦਾਸ ਮਾਨ ਦੇ ਕਈ ਵਿਵਾਦਤ ਗੀਤਾਂ ਦੀਆਂ ਉਦਾਹਰਣਾਂ ਦੇ ਕੇ ਮੈਂ ਇਹ ਸਪੱਸ਼ਟ ਕਰਨਾਂ ਚਾਹਿਆ ਸੀ ਕਿ ਏਡੀ ਵੱਡੀ ਮਹਾਨ ਹਸਤੀ ਨੂੰ ਨੀਂਵੇ ਪੱਧਰ ਦੀ ਤੁੱਕਬੰਦੀ ਕਰ ਕੇ ਆਪਣੀ ਹਰਮਨ ਪਿਆਰਤਾ ਦਾ ਗਰਾਫ ਖੁਦ ਥੱਲੇ ਨਹੀਂ ਸੁੱਟਣਾਂ ਚਾਹੀਦਾ। ਮੈਂ ਖੁਦ ਮਾਨ ਸਹਿਬ ਦਾ ਬਹੁਤ ਵੱਡਾ ਪ੍ਰਸ਼ੰਸ਼ਕ ਹਾਂ,ਚਾਰ ਵਾਰ ਨਿੱਜੀ ਤੌਰ 'ਤੇ ਉਹਨਾਂ ਨੂੰ ਮਿਲਿਆ ਹਾਂ।ਮਾਨ ਸਹਿਬ ਦਾ ਸਾਜੀ ਸਾਥੀ ਭੋਲਾ ਮੇਰੇ ਆਪਣੇਂ ਸ਼ਹਿਰ ਦਾ ਵਾਸੀ ਅਤੇ ਦੋਸਤ ਹੋਂਣ ਕਰਕੇ ਮਾਨ ਸਹਿਬ ਦਾ ਸ਼ੋਅ ਦੇਖਣ ਲਈ ਇੱਕ ਵਾਰੀ ਭੋਲੇ ਨਾਲ ਸਾਜਾਂ ਵਾਲੇ ਬਕਸੇ ਫੜ ਕੇ ਵੀ ਸਟੇਜ ਤੱਕ ਅੱਪੜਨਾਂ ਪਿਆ ਸੀ।ਸੋ ਮੇਰੀ ਮਨਸ਼ਾ ਕਿਸੇ ਸਖਸ਼ੀਅਤ ਦੀ ਬੇ-ਇੱਜਤੀ ਕਰਨ ਦੀ ਨਹੀਂ ਸੀ ਬਲਕਿ ਆਪਣੀਂ ਨਿਆਣੀਂ ਮੱਤ ਨਾਲ ਮਹਾਨ ਫਨਕਾਰ ਨੂੰ ਸੁਚੇਤ ਕਰਨ ਦੀ ਸੀ ਤਾਂ ਕਿ ਆਉਂਣ ਵਾਲੇ ਸਮੇਂ ਵਿੱਚ ਵੀ ਗੁਰਦਾਸ ਮਾਨ ਸਮੂੰਹ ਪੰਜਾਬੀਆਂ ਦਾ ਚਹੇਤਾ ਬਣਿਆਂ ਰਹੇ।ਖੈਰ ਗੁਰਦਾਸ ਮਾਨ ਖੁਦ ਬਹੁਤ ਸੂਝਵਾਨ ਹਨ,ਇੰਨੀਂ ਤਾਂ ਖੈਰ ਹੈ ਕਿ ਉਹਨਾਂ ਦੇ ਗੀਤਾਂ ਵਿੱਚ ਦੋ-ਅਰਥੀ ਅਸ਼ਲੀਲ ਸ਼ਬਦਾਵਲੀ ਤਾਂ ਨਹੀਂ ਹੁੰਦੀ।ਪਰ ਪਿਛਲੇ ਸਮੇਂ ਵਿੱਚ ਪੰਜਾਬੀ ਗਾਇਕਾਂ ਨੇਂ ਜਿਸ ਤਰਾਂ ਦੀ ਦੋ-ਅਰਥੀ ਅਤੇ ਅਸ਼ਲੀਲ ਸ਼ਬਦਾਵਲੀ ਵਾਲੇ ਗੀਤ ਗਾਏ ਹਨ ਉਹ ਬੁੱਧੀਜੀਵੀ ਵਰਗ ਦੇ ਛੇਤੀ ਕੀਤੇ ਹਜਮ ਹੋਂਣ ਵਾਲੇ ਨਹੀਂ ਹਨ।ਪਰ ਉਹਨਾਂ ਲੋਕਾਂ ਦੀ ਸੋਚ ਉੱਤੇ ਤਰਸ ਆਉਂਦਾ ਹੈ ਜੋ ਅਜਿਹੇ ਗੀਤਾਂ ਵਿੱਚ ਵਰਤੀ ਗਈ ਸ਼ਬਦਾਵਲੀ ਅਤੇ ਭਾਵਨਾਂ ਨੂੰ ਨਾਂ ਸਮਝਕੇ ਬੱਸ ਅਜਿਹੇ ਗੀਤਾਂ 'ਤੇ ਨੱਚਣਾਂ ਟੱਪਣਾਂ ਹੀ ਜਾਂਣਦੇ ਹਨ ਅਤੇ ਜੇਕਰ ਕੋਈ ਕਲਮਕਾਰ ਲੋਕਾਂ ਦਾ ਧਿਆਂਨ ਇਸ ਪਾਸੇ ਵੱਲ ਦਿਵਾਉਂਣ ਲਈ ਚਾਰ ਅੱਖਰ ਲਿਖ ਦੇਵੇ ਤਾਂ ਅਜਿਹੇ ਨਿਕੰਮੀਂ ਸੋਚ ਵਾਲੇ ਲੋਕ ਉਸ ਗਾਇਕ ਦੇ ਹੱਕ ਵਿੱਚ ਨਿੱਤਰ ਕੇ ਕਲਮਕਾਰਾਂ ਦੇ ਪੋਤੜੇ ਫਰੋਲਣ ਤੱਕ ਜਾਂਦੇ ਹਨ।ਸ਼ਾਇਦ ਇਹ ਉਹ ਲੋਕ ਹਨ ਜੋ "ਲੱਕ ੨੮ ਕੁੜੀ ਦਾ" ਵਾਲੇ ਗੀਤ ਉੱਤੇ ਵਿਆਹ ਸ਼ਾਦੀਆਂ ਵਿੱਚ ਆਪਣੇਂ ਹੀ ਪਰਿਵਾਰ ਦੀਆਂ ਬੀਬੀਆਂ ਨਾਲ ਨੱਚ ਨੱਚ ਕੇ ਖੁਸ਼ੀ ਨੂੰ ਦੁੱਗਣੀ ਚੌਗਣੀਂ ਕਰ ਰਹੇ ਹੁੰਦੇ ਹਨ।ਪਰ ਭਲਿਓਮਾਣਸੋ ਜਰਾ ਗੌਰ ਤਾਂ ਕਰ ਲਓ ਕਿ ਗਾਇਕ ਕਿਸ ਤਰਾਂ ਦੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ।ਹੁਣ ਜੇਕਰ ਤੁਸੀ ਇਸ ਤਰਾਂ ਦੀ ਗੀਤਕਾਰੀ ਜਾਂ ਗਾਇਕੀ ਨੂੰ ਹਰ ਵੇਲੇ ਜੀ ਆਇਆਂ ਕਹੋਂਗੇ ਤਾਂ ਕੱਲ ਨੂੰ ਇਹ ਗਾਇਕ ਕੁੜੀ ਦੇ ਲੱਕ ਦੀ ਗੱਲ ਕਰਦੇ ਕਰਦੇ ਕਿਸੇ ਧੀ ਭੈਂਣ ਦੇ ਕੱਪੜਿਆਂ ਦੇ ਅੰਦਰ ਝਾਕਣ ਤੱਕ ਜਾਂਣਗੇ 'ਤੇ ਹੋਰ ਪਤਾ ਨਹੀਂ ਕੀ ਕੀ ਗੰਦ ਮੰਦ ਸੁਣਨ ਨੂੰ ਮਿਲੇਗਾ।ਗੀਤਕਾਰਾਂ ਨੇ ਅਤੇ ਗਾਇਕਾਂ ਨੇਂ ਪੈਸੇ ਵੱਟ ਕੇ ਪਰੇ ਹੋ ਜਾਂਣਾ ਹੈ ਅਤੇ ਇਹ ਇਹ ਸੱਭਿਆਚਾਰ ਦੇ ਨਾਂ 'ਤੇ ਪੈ ਰਹੇ ਗੰਦ ਨੂੰ ਆਪਾਂ ਨੂੰ ਹੀ ਇੱਕਠਾ ਕਰਨਾਂ ਪੈਣਾਂ ਹੈ।ਗਾਇਕ ਸ਼ਰੇਆਮ ਸਾਨੂੰ ਗਾਲਾਂ ਕੱਢੀ ਜਾ ਰਹੇ ਹਨ ਤੇ ਆਪਾਂ ਹੱਸ ਹੱਸ ਕੇ ਸੁਣੀਂ ਜਾ ਰਹੇ ਹਾਂ।ਪੰਜਾਬੀ ਤਾਂ ਕਿਸੇ ਗੈਰ ਵਿਅਕਤੀ ਨੂੰ ਅਪਣੇਂ ਦਰਾਂ ਦੇ ਬਾਹਰ ਖੰਘਣ ਤੱਕ ਨਹੀਂ ਦਿੰਦੇ ਤਾਂ ਫਿਰ ਹੁਣ ਕਿੱਧਰ ਗਈ ਪੰਜਾਬੀਆਂ ਦੀ ਗੈਰਤ?ਅਜਿਹੇ ਗੰਦੇ ਗੀਤਾਂ ਦੀ ਸ਼ਬਦਾਵਲੀ ਆਪਣੇਂ ਇਸ ਕਾਲਮ ਵਿੱਚ ਲਿਖਦਿਆਂ ਸ਼ਰਮ ਆਉਂਦੀ ਹੈ 'ਤੇ ਡਰ ਲੱਗਦਾ ਹੈ ਕਿ ਇਹ ਕਾਲਮ ਅਸ਼ਲੀਲਤਾਂ ਨੂੰ ਰੱਦ ਕਰਦਾ ਕਰਦਾ ਅਸ਼ਲੀਲ਼ਤਾਂ ਦੀ ਹੱਦ ਹੀ ਨਾਂ ਪਾਰ ਕਰ ਜਾਵੇਂ।ਦਲੇਰ ਮਹਿੰਦੀ ਦਾ ਗਾਇਆ ਗੀਤ "ਘੋੜਾ" ਕਰਮਜੀਤ ਪੁਰੀ ਦਾ ਲਿਖਿਆ ਗੀਤ "ਜਿਸ ਕੁੜੀ ਕੋਲ ਨੈੱਟ ਐ" ਜਾਂ ਫਿਰ "ਲੱਕ ਟਵੰਟੀ ਏਟ ਕੁੜੀ ਦਾ" ਵਰਗੇ ਗੀਤ ਕਿਹੜੇ ਸੱਭਿਆਚਾਰ ਦੀ ਗੱਲ ਕਰਦੇ ਹਨ।ਸਮਾਜਿਕ ਅਤੇ ਨਿਰੋਲ ਸੱਭਿਆਚਾਰਕ ਗੀਤ ਲਿਖਣ ਵਾਲੇ ਪ੍ਰਗਟ ਭਾਅ ਜੀ ਦੇ ਫਰਜੰਦ ਛੋਟੇ ਵੀਰ ਸਟਾਲਿਨਵੀਰ ਹੋਰਾਂ ਨੂੰ ਸ਼ਾਬਾਸ਼ ਦੇਣੀਂ ਬਣਦੀ ਹੈ ਜਿੰਨਾਂ ਨੇਂ ਫੇਸਬੁੱਕ ਦੇ ਜਰੀਏ ਇਹ ਮੁੱਦਾ ਚੁੱਕਣ ਦੀ ਹਿੰਮਤ ਕੀਤੀ ਹੈ।ਉਸ ਤੋਂ ਬਾਅਦ ਫਿਰੋਜਪੁਰ ਵਾਲੇ ਵੱਡੇ ਵੀਰ ਹਰਿੰਦਰ ਭੁੱਲਰ ਅਤੇ ਲੰਡਨ ਵਾਲੇ ਦੋਸਤ ਮਨਦੀਪ ਖੁਰਮੀਂ ਹੋਰਾਂ ਨੇਂ ਅਤੇ ਬਠਿੰਡੇ ਤੋਂ ਰੇਡੀਓ ਅਨਾਉਂਸਰ ਵੀਰ ਹਰਮੇਲ ਪ੍ਰੀਤ ਨੇ ਤੇ ਵੱਡੇ ਵੀਰ ਅਦਾਕਾਰ ਰਣਵੀਰ ਰਾਣਾਂ ਨੇਂ ਕਾਲਮ ਲਿਖ ਕੇ ਅਜਿਹੇ ਗੀਤਾਂ ਵਿੱਰੁਧ ਇੱਕ ਮੁਹਿੰਮ ਵਿੱਢੀ ਹੈ ਅਤੇ ਮੇਰੇ ਸ਼ਹਿਰ ਦੇ ਨਿਵਾਸੀ ਅਤੇ ਵੱਡੇ ਵੀਰ ਮਸ਼ਹੂਰ ਗੀਤਕਾਰ ਅਮਰਦੀਪ ਗਿੱਲ ਹੋਰਾਂ ਨੇਂ ਸਾਥ ਦੇਣ ਦਾ ਵਾਅਦਾ ਕੀਤਾ ਹੈ। ਸ਼ਾਬਾਸ਼ ਦੇ ਪਾਤਰ ਉਹ ਸੰਪਾਦਕ ਸਹਿਬਾਨ ਵੀ ਹਨ ਜਿਨਾਂ ਨੇਂ ਆਪਣੇ ਅਖਬਾਰਾਂ ਵਿੱਚ ਕਲਮਕਾਰਾਂ ਦੇ ਲੇਖ ਛਾਪ ਕੇ ਮੁਹਿੰਮ ਨੂੰ ਅੱਗੇ ਤੋਰਨ ਦਾ ਬਲ ਬਖਸ਼ਿਆ ਹੈ ਜਿਨਾਂ ਵਿੱਚ ਸਿਡਨੀਂ ਤੋਂ ਰਾਜਵੰਤ ਭਾਅ ਜੀ,ਐਡੇਲੇਡ ਤੋਂ ਵੀਰ ਰਿਸ਼ੀ ਗੁਲਾਟੀ,ਮਿੰਟੂ ਬਰਾੜ, ਬਲਜੀਤ ਖੇਲਾ,ਪਰਮਿੰਦਰ ਟਿਵਾਣਾਂ ,ਅਮਰੀਕਾ ਤੋਂ 'ਪੰਜਾਬ ਮੇਲ'ਅਖਬਾਰ ਵਾਲੇ ਗੁਰਜਤਿੰਦਰ ਰੰਧਾਵਾ ਭਾਅ ਜੀ ਮਿਉਜਿਕ ਟਾਈਮ ਵਾਲੇ ਹਰਜਿੰਦਰ ਬੱਲ ਅਤੇ ਵੱਖ ਦੇਸ਼ਾਂ ਤੋਂ ਛਪਦੀਆਂ ਪੰਜਾਬੀ ਅਖਬਾਰਾਂ ਵਾਲੇ ਅਣਗਿਣਤ ਸੰਪਾਦਕ ਸਹਿਬਾਨ। ਪੰਜਾਬ ਵਿੱਚਲੇ ਕੁੱਝ ਕੁ ਸੂਝਵਾਨ ਪੱਤਰਕਾਰ ਦੋਸਤਾਂ ਤੋਂ ਇਲਾਵਾ "ਹਰਮਨ ਰੇਡੀਓ ਆਸਟ੍ਰੇਲੀਆ" ਨੇਂ ਵੀ ਇਸ ਮੁਹਿੰਮ ਨੂੰ ਅੱਗੇ ਲੈ ਜਾਂਣ ਦਾ ਅਹਿਦ ਕੀਤਾ ਹੈ।
ਇਸ ਮੁਹਿੰਮ ਨੂੰ ਉਦੋਂ ਪਹਿਲਾ ਅਤੇ ਵੱਡਾ ਹੁੰਗਾਰਾ ਮਿਲਿਆ ਜਦੋਂ ਅਜਿਹੇ ਗੀਤ ਲਿਖਣ ਵਾਲੇ ਇੱਕ ਗੀਤਕਾਰ ਨੇਂ ਆਪਣੇਂ ਕੀਤੇ ਲਈ ਮੁਆਫੀ ਮੰਗੀ ਹੈ।ਮੁਆਫੀ ਮੰਗਣ ਨਾਲ ਕਿਸੇ ਵਿਅਕਤੀ ਦੀ ਹੇਠੀ ਨਹੀਂ ਹੁੰਦੀ,ਮੁਆਫੀ ਮੰਗਣਾਂ ਸਿਆਣੀ ਮਾਨਸਿਕਤਾ ਦੀ ਨਿਸ਼ਾਨੀਂ ਹੈ।ਅਜਿਹੇ ਗੀਤ ਲਿਖਣ ਵਾਲੇ ਗੀਤਕਾਰ ਵੀਰ ਸਮਰੱਥ ਗੀਤਕਾਰ ਅਮਰਦੀਪ ਗਿੱਲ ਹੋਰਾਂ ਤੋਂ ਜਰੂਰ ਕੱਝ ਸਿਖ ਲੈਂਣ ਜਿੰਨਾਂ ਨੇਂ ਕੁੜੀਆਂ ਬਾਰੇ ਗੀਤ "ਇੰਝ ਬਣਦੀ ਹੈ ਇੱਕ ਕੁੜੀ ਪੰਜਾਬ ਦੀ" ਲਿਖ ਕੇ ਸਮਾਜ ਨੂੰ ਸੁਨੇਹਾਂ ਦੇਣਾਂ ਚਾਹਿਆ ਹੈ ਕਿ ਪੰਜਾਬ ਦੀਆਂ ਧੀਆਂ ਭੈਂਣਾਂ ਕਿਸ ਤਰਾਂ ਆਤਮ ਨਿਰਭਰ ਹੋ ਕੇ ਤਰੱਕੀ ਦੇ ਰਾਹ ਤੁਰੀਆਂ ਹਨ ਨਾਂ ਕਿ ਹੀਰ,ਸੱਸੀ,ਸਹਿਬਾਂ ਵਰਗੀਆਂ ਮਸ਼ੂਕਾਂ ਬਣਨੀਆਂ ਲੋਚਦੀਆਂ ਹਨ।ਸਿੱਖਿਆ ਲੈਂਣੀਂ ਹੈ ਤਾਂ ਵੱਡੇ ਵੀਰ ਕਲਮਕਾਰ ਨਿੰਦਰ ਘੁਗਿਆਣਵੀਂ ਹੋਰਾਂ ਦੀ ਪੇਸ਼ਕਾਰੀ ਹਰਦੇਵ ਮਾਹੀਨੰਗਲ ਦੀ ਟੇਪ "ਹੋਕਾ" ਜਰੂਰ ਸੁਣ ਲਿਓ ਜਾਂ ਫਿਰ ਰਾਜ ਕਾਕੜੇ ਦੀ ਟੇਪ "ਰਾਜਨੀਤੀ' ਨੂੰ ਵੀ ਸੁਣ ਕੇ ਦੇਖ ਲਿਓ।ਗੀਤਕਾਰ ਭਰਾਵੋ ਤੁਸੀਂ ਵੀ ਉਸੇ ਪੰਜਾਬ ਵਿੱਚ ਵਸਦੇ ਹੋਂ ਜਿੱਥੇ ਹੁਣ ਕਿਸਾਨ ਕਰਜੇ ਦੇ ਡਰੋਂ ਫਾਹਾ ਲੈ ਕੇ ਮਰ ਰਹੇ ਹਨ ਅਤੇ ਆਮ ਆਦਮੀਂ ਸਮਾਜਿਕ ਅਤੇ ਰਾਜਨੀਤਿਕ ਸ਼ੋਸ਼ਣ ਦਾ ਸ਼ਿਕਾਰ ਹੋਇਆਂ ਰੋਜੀ ਰੋਟੀ ਦਾ ਮੁਥਾਜ ਹੋਇਆ ਪਿਆ ਹੈ।ਕਿਰਪਾ ਕਰਕੇ ਆਪਣੀਂ ਕਲਮ ਨੂੰ ਆਪਣੀਂ ਗੰਦੀ ਸੋਚ ਦੀ ਗੁਲਾਮ ਬਣਾਉਂਣ ਦੀ ਬਜਾਏ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਅਜੋਕੀ ਹਾਲਤ ਬਿਆਨ ਕਰਨ ਦੀ ਸੁਤੰਤਰਤਾ ਬਖਸ਼ੋ।'ਬਦਨਾਂਮ ਹੋਂਗੇ ਤੋ ਕਿਆਂ ਨਾਂਮ ਨਾਂ ਹੋਗਾ' ਵਾਲੀ ਨੀਤੀ ਛੱਡੋ ਨਹੀਂ ਤਾਂ ਕਿਸੇ ਦਿਨ ਇਸ ਕਲਮ ਨੂੰ ਸੱਚਮੁੱਚ ਸ਼ਮਸ਼ੀਰ ਬਣਦਿਆਂ ਦੇਰ ਨਹੀਂ ਲੱਗਣੀ।ਰੱਬ ਤੁਹਾਨੂੰ ਸੁਮੱਤ ਬਖਸ਼ੇ।
ਹਰਮੰਦਰ ਕੰਗ (ਸਿਡਨੀਂ)ਆਸਟ੍ਰੇਲੀਆ
ਫੋਨ - 0061 4342 88 301
ਈ-ਮੇਲ: harmander.kang@gmail.com
No comments:
Post a Comment