ਕਾਰ ਸੇਵਾ ਦੇ ਨਾਂ 'ਤੇ, ਮੰਗਦੇ ਰਸਦ ਨੋਟਾਂ ਦੀ ਥੈਲੀ!
-ਇਕਵਾਕ ਸਿੰਘ ਪੱਟੀ
ਧਰਮ ਦੇ ਨਾਮ ਤੇ ਖੱਟੀ ਕਰਕੇ ਆਪਣੀਆਂ ਦੁਕਾਨਦਾਰੀਆਂ (ਅਖੌਤੀ ਡੇਰੇ/ਆਸ਼ਰਮ/ਤਪੱਸਿਆ ਅਸਥਾਨ) ਕਿਸੇ ਸ਼ੀਸ਼ ਮੇਲ ਤੋਂ ਵੀ ਵਧੀਆ ਬਣਾ ਕੇ, ਉਸ ਵਿੱਚ ਭਗਤੀ ਦੇ ਨਾਮ ਤੇ ਰੰਗਰਲੀਆਂ
ਮਨਾਉਣੀਆਂ, ਰੱਬ ਦੀ ਪੂਜਾ ਦੇ ਨਾਮ ਤੇ ਇਕੱਠੇ ਕੀਤੇ ਧਨ-ਦੌਲਤ ਨੂੰ ਨਿੱਜ ਸਵਾਰਥਾਂ ਅਤੇ ਅਯਾਸ਼ੀ ਲਈ ਵਰਤਣਾ ਅੱਜ ਕੱਲ੍ਹ ਦੇ ਅਖੌਤੀ ਸੰਤਾਂ/ਸਾਧਾਂ, ਡੇਰੇਦਾਰਾਂ, ਬ੍ਰਹਮਗਿਆਨੀ, ਭਗਵੇਂ ਕੱਪੜਿਆਂ/ਚੌਲਿਆਂ ਵਾਲੇ ਦਾ ਆਮ ਜਿਹਾ ਕੰਮ ਹੋ ਗਿਆ ਹੈ । ਸ਼ਾਇਦ ਇਹੀ ਕਾਰਣ ਹੈ ਕਿ ਬੀਤੇ ਦਿਨੀਂ ਇਹ ਖਬਰ ਅਖਬਾਰਾਂ ਦੇ ਪਹਿਲੇ ਪੰਨੇ ਤੇ ਪੜ੍ਹਨ ਨੂੰ ਮਿਲੀ ਕਿ "ਭਾਰਤ ਵਿੱਚ ਧਰਮ ਸੱਭ ਤੋਂ ਵੱਡਾ ਕਾਰੋਬਾਰ ਹੈ" । ਇਸ ਖਬਰ ਵਿੱਚ ਕੋਈ ਵੀ ਗੱਲ ਲੁੱਕੀ ਛਿਪੀ ਨਹੀਂ ਹੈ ਕਿ ਇਸ ਖਬਰ ਵਿੱਚ ਕੁੱਝ ਝੂਠ ਕਿਹਾ ਗਿਆ ਹੈ। ਬੇਸ਼ੱਕ ਇਸ ਖਬਰ ਵਿੱਚ ਭਾਰਤ ਦਾ ਨਾਮ ਹੈ, ਪਰ ਮੇਰੇ ਖਿਆਲ ਅਨੁਸਾਰ ਇਸ ਗੱਲ ਦਾ ਸਰਵੇਖਣ ਕਰਨ ਵਾਲਿਆਂ ਨੇ ਸ਼ਾਇਦ ਇਕੱਲੇ ਪੰਜਾਬ ਨੂੰ ਧਿਆਨ ਨਾਲ ਨਹੀਂ ਦੇਖਿਆ ਹੋਣਾ ਨਹੀਂ ਤਾਂ ਖਬਰ ਵਿੱਚ ਇੱਕ ਗੱਲ ਹੋਰ ਸ਼ਾਮਿਲ ਕਰ ਦਿੱਤੀ ਜਾਣੀ ਸੀ, ਕਿ ਪੰਜਾਬ ਪਹਿਲੇ ਨੰਬਰ 'ਤੇ । ਪਰ ਹੋ ਸਕਦਾ ਇਸ ਗੱਲ ਤੋਂ ਡਰਦੇ ਕਿ ਪੰਜਾਬ ਵਿਚਲੀ ਸਰਕਾਰ ਅਤੇ ਪੰਜਾਬ ਦੇ ਹਾਕਮ ਕਿਤੇ ਇਹ ਸੱਚ ਲੋਕਾਂ ਅੱਗੇ ਪ੍ਰਗਟ ਕਰਨ ਬਦਲੇ ਸਰਵੇਖਣ ਕਰਨ ਵਾਲੀ ਟੀਮ ਦੇ ਮੈਂਬਰਾਂ ਉੱਪਰ ਦਫਾ ੨੯੫-ਏ ਲਗਾ ਕੇ ੧੦ ਸਾਲ ਲਈ ਅੰਦਰ ਹੀ ਨਾ ਕਰ ਦੇਣ, ਪੰਜਾਬ ਵਿੱਚ ਸਰਵੇਖਣ ਨਾ ਕਰਾਇਆ ਹੋਵੇ। ਖੈਰ! ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹਵਾਂਗਾ ਕਿ ਪਾਤਸ਼ਾਹ ਨੇ ਪਾਵਣ ਬਾਣੀ ਵਿੱਚ ਗਿਣਤੀ ਮਿਣਤੀ ਦੇ ਪਾਠਾਂ ਦੀ ਸਖਤ ਮਨਾਹੀ ਕੀਤੀ ਹੈ ਤੇ ਅਸੀਂ ਹਰ ਗੁਰਦੁਆਰੇ ਵਿੱਚ ਡਿਸਪੈਂਸਰੀ, ਲਾਇਬ੍ਰਰੀ, ੨੪ ਘੰਟੇ ਲੰਗਰ ਦੀ ਵਿਵਸਥਾ, ਯਾਤਰੀ ਨਿਵਾਸ, ਕਿਸੇ ਗਰੀਬ ਬੱਚੇ ਦੀ ਪੜ੍ਹਾਈ ਦੇ ਪ੍ਰਬੰਧ ਜਾਂ ਕਿਸੇ ਗਰੀਬ ਦੀ ਧੀ ਦੇ ਵਿਆਹ ਲਈ ਕੋਈ ਉਪਰਾਲਾ ਕਰਨ ਹਿੱਤ ਕੋਈ ਕਾਰਜ ਹੋਵੇ ਜਾਂ ਨਾ ਹੋਵੇ ਪਰ ਹਰ ਗੁਰਦੁਆਰੇ ਵਿੱਚ ਇਕੱ "ਅਖੰਡਪਾਠ ਮਾਰਕੀਟ" ਜ਼ਰੂਰ ਬਣੀ ਹੋਈ ਹੈ, ਜਿਸ ਵਿੱਚ ਲਾਈਨ ਵਾਰ ੨੦-੨੦ ਜਾਂ ਕਈ ਵਾਰ ਇਸ ਤੋਂ ਵੀ ਵੱਧ ਅਖੰਡਪਾਠ ਚੱਲ ਰਹੇ ਹੁੰਦੇ ਹਨ ਅਤੇ ਇਹ ਧਰਮ ਦੇ ਨਾਮ ਤੇ ਕੀਤੀ ਜਾ ਰਹੀ ਕਮਾਈ ਦਾ ਸੱਭ ਤੋਂ ਵੱਡਾ ਜੁਗਾੜ ਹੈ । ਜਿੱਥੇ ਵੀ ਕੋਈ ਛੋਟਾ ਕਮਰਾ ਦੇਖਿਆ ਉੱਥੇ ਹੀ ਅਖੰਡਪਾਠ ਆਰੰਭ ਕਰਵਾ ਦਿੱਤਾ । ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਦਰਵਾਜੇ ਦੀ ਦਹਿਲਜ਼ਿ ਵਿੱਚ ਰੱਖਿਆ ਅਖੰਡਪਾਠ ਮੈਂ ਅੱਖੀਂ ਦੇਖਿਆ ਸੀ । ਰੈਡੀਮੇਡ ਅਖੰਡਪਾਠਾਂ ਦਾ ਰੁਝਾਨ ਅਤਿ ਮੰਦਭਾਗਾ ਹੈ ਜੋ ਕਿ ਗੁਰਬਾਣੀ ਸੁਨਣ, ਪੜਣ ਅਤੇ ਅਮਲੀ ਰੂਪ ਵਿੱਚ ਆਮ ਲੋਕਾਈ ਤੱਕ ਲਾਗੂ ਕਰਵਾਉਣ ਵਿਚ ਸੱਭ ਤੋਂ ਵੱਡੀ ਰੁਕਾਵਟ ਹੈ । ਕਿਉਂਕਿ ਠੇਕੇ ਉੱਪਰ ਕੀਤੇ ਜਾ ਰਹੇ ਇਹਨਾਂ ਪਾਠਾਂ ਦਾ ਲੋਕਾਈ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ, ਗੁਰਬਾਣੀ ਇੱਕ ਜੀਣ ਜਾਂਚ ਹੈ ਨਾ ਕਿ ਕੋਈ ਮੰਤਰ ਜਾਂ ਜੰਤਰ ਹੈ । ਦਰਬਾਰ ਸਾਹਿਬ ਵਿਖੇ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਜੋ ਮਾਰਕੀਟ ਬਣਾ ਦਿਤੀ ਗਈ ਹੈ, ਜਿੱਥੇ ਸਾਲਾਂ ਬੱਧੀ ਵਾਰੀ ਨਹੀਂ ਆਉਂਦੀ ਅਤੇ ਅਡਵਾਂਸ ਬੁਕਿੰਗ ਚੱਲਦੀ ਹੈ, ਜੋ ਸਾਬਤ ਕਰਦੀ ਹੈ ਕਿ ਅੱਜ ਗੁਰਬਾਣੀ ਇੱਕ ਵਾਪਾਰ ਤੋਂ ਵੱਧ ਕੁੱਝ ਨਹੀਂ ਰਹਿ ਗਈ ।
ਅੱਜ ਕੌਮ ਨੂੰ ਗਫਲਤ ਦੀ ਨੀਂਦ ਵਿੱਚੋਂ ਜਾਗਣ ਦੀ ਲੋੜ ਹੈ । ਇੱਕ ਪਾਸੇ ਤਾਂ ਗੁਰਬਾਣੀ ਨੂੰ ਰੁਜਗਾਰ ਪ੍ਰਾਪਤੀ ਦਾ ਸਾਧਨ ਬਣਾ ਲਿਆ ਤੇ ਗੁਰਬਾਣੀ ਨੂੰ ਸਮਝਣ, ਵੀਚਾਰਣ ਤੋਂ ਕੌਮ ਨੂੰ ਕੋਹਾਂ ਦੂਰ ਕਰ ਦਿੱਤਾ ਤੇ ਦੂਜੇ ਪਾਸੇ ਵਿਹਲੜ ਸਾਧਾਂ ਨੇ ਕੌਮ ਨੂੰ ਖਾ ਲਿਆ ਅੱਜ ਜਿੰਨੇ ਅਖੌਤੀ ਸਾਧ ਪੰਜਾਬ ਵਿੱਚ ਹਨ, ਸ਼ਾਇਦ ਭਾਰਤ ਦੇ ਕਿਸੇ ਹੋਰ ਸੂਬੇ ਵਿੱਚ ਨਾ ਹੋਣ। ਸ੍ਰੋਮਣੀ ਕਮੇਟੀ ਤਾਂ ਚੱਲੋ ਪੈਸੇ ਲੈਣ ਦੇ ਬਦਲੇ ਅਖੰਡਪਾਠ ਦਾ ਮਹਾਤਮ (ਹੁਕਮਨਾਮਾ) ਡਾਕ ਰਾਹੀਂ ਦੇਸ਼-ਵਿਦੇਸ਼ਾਂ ਵਿੱਚ ਭੇਜ ਦਿੰਦੀ ਹੈ, ਪਰ ਇਹ ਸਾਧ ਹਰ ਤਰ੍ਹਾਂ ਦੀ ਆਪਣੀ ਲੋੜ ਮੁਫਤ ਵਿੱਚ ਹੀ ਪੂਰੀ ਕਰ ਲੈਂਦੇ ਹਨ, ਬਦਲੇ ਵਿੱਚ ਸਾਡੀਆਂ ਇਤਿਹਾਸਕ ਥਾਵਾਂ ਨੂੰ ਸੰਗਮਰਮਰ ਦੀਆਂ ਬਣਾ ਕੇ ਸਾਨੂੰ ਦੇ ਦਿੰਦੇ ਹਨ। ਗੁਰੂ ਪਤਾਸ਼ਾਹ ਨੇ ਪਾਵਣ ਬਾਣੀ ਵਿੱਚ ਅਤੇ ਉਪਦੇਸ਼ਾਂ ਰਾਹੀਂ ਸਮੁੱਚੀ ਲੋਕਾਈ ਨੂੰ ਕਿਰਤ ਕਰਕੇ, ਨਾਮ ਜਪਣ ਅਤੇ ਵੰਡ ਛੱਕਣ ਦਾ ਸਿਧਾਂਤ ਦਿੱਤਾ ਸੀ ਅਤੇ ਉਸ ਸਮੇਂ ਦੀ ਪੁਜਾਰੀ ਸ਼੍ਰੇਣੀ ਵੱਲੋਂ ਪ੍ਰਚਾਰੇ ਜਾਂਦੇ ਅਤੇ ਧਰਮ ਦੇ ਨਾਮ ਤੇ ਕਮਾਏ ਜਾਂਦੇ ਪੈਸੇ ਨੂੰ ਹਰਾਮ ਕਿਹਾ । ਦਾਨ ਲੈਣਾ ਅਤੇ ਦਾਨ ਦੇਣਾ ਦੋਵਾਂ ਨੂੰ ਹੀ ਗੁਰਮਤਿ ਦੇ ਵਿਰੁੱਧ ਦੱਸਿਆ । ਨਾਲ ਤਾਕੀਦ ਵੀ ਕਰ ਦਿੱਤੀ ਕਿ ਜੇ ਕਿਤੇ ਦਾਨ ਕਰਨਾ ਵੀ ਹੈ ਤਾਂ "ਅਕਲੀਂ ਕੀਚੈ ਦਾਨੁ" ਤਾਂ ਅਕਲ ਨਾਲ ਦਾਨ ਕਰੀਂ । ਗੁਰੂ ਸਾਹਿਬਾਨਾਂ ਦੀ ਜੀਵਣੀ ਪੜੀਏ ਤਾਂ ਆਪ ਹੱਥੀਂ ਕਿਰਤ ਕਰਦੇ ਰਹੇ, ਪਰ ਅਜੋਕੇ ਸਾਧ ਅੱਜ ਹਰ ਗੁਰਦੁਆਰੇ ਵਿੱਚ ਆਪਣਾ ਸ਼ੀਸੇ ਦਾ ਬਕਸਾ ਬਣਾ ਕੇ ਜਾਂ ਟੋਕਰਾ ਰੱਖ ਕੇ, ਕੋਲ ਹੀ ਜ਼ਮੀਨ ਤੇ ਆਪਣਾ ਆਸਣ ਲਗਾ ਕੇ ਮਿੱਠੀਆਂ ਫੁਲੀਆਂ ਦੇ ਬਦਲੇ ਲੱਖਾਂ ਰੁਪਿਆ ਇਕੱਠਾ ਕਰ ਜਾਂਦੇ ਹਨ । ਜਦਕਿ ਸਮਝਣ ਵਾਲੀ ਗੱਲ ਇਹ ਹੈ ਕਿ ਜਦ ਬੰਦਾ ਗੁਰਦੁਆਰੇ ਜਾ ਕੇ ਗੁਰੁ ਘਰ ਵਿੱਚ ਪਈ ਗੋਲਕ ਵਿੱਚ ਸ਼ਰਧਾ ਅਨੁਸਾਰ ਆਪਣੀ ਮਾਇਆ ਭੇਟ ਕਰਦਾ ਹੈ ਤਾਂ ਫਿਰ ਬਾਹਰ ਆ ਕੇ ਹੋਰ ਟੋਕਰਿਆਂ ਵਾਲਿਆਂ ਨੂੰ ਮਾਇਆ ਦੇਵੇ ਇਸ ਦਾ ਕੀ ਵਿਧਾਨ ਹੈ ? ਟੋਕਰਾ ਜਾਂ ਗੋਲਕ ਦੋਹਾਂ ਵਿੱਚ ਕਿਥੇ ਚੜ੍ਹਾਈ ਮਾਇਆ ਕੌਮ ਦੇ ਜਾਂ ਕਿਸੇ ਗਰੀਬ ਦੇ ਕੰਮ ਆਵੇਗੀ ? ਕਾਰ ਸੇਵਾ ਵਾਲੇ ਇਹਨਾਂ ਬਾਬਿਆਂ ਵੱਲੋਂ ਆਪੀਆਂ ਗੋਲਕਾਂ ਤੇ ਦਾਨ ਪਾਤਰ ਲਿਖਣਾ ਹੀ ਗੁਰਮਤਿ ਵਿਰੁੱਧ ਹੈ, ਉੱਪਰ ਅਸੀਂ ਪੜ੍ਹਿਆ ਵੀ ਹੈ । ਦਾਨ ਲੈਣ ਦੇਣ ਦੀ ਸਾਰੀ ਪਰਪਾਟੀ ਬ੍ਰਹਾਮਣ ਵੱਲੋਂ ਪ੍ਰਚਾਰੀ ਗਈ ਸੀ ਜੋ ਗੁਰਦੁਆਰਿਆਂ ਵਿੱਚ ਦਾਖਲ ਹੋ ਚੁੱਕੀ ਹੈ ।
ਇਸ ਤੋਂ ਵੀ ਅੱਗੇ ਜਾ ਕੇ ਅੱਜ ਕੱਲ੍ਹ ਅੰਮ੍ਰਿਤਸਰ ਦੇ ਇੱਕ ਡੇਰੇ ਵੱਲੋਂ ਨਵੀਂ ਹੀ ਸਕੀਮ ਘੜ੍ਹ ਲਈ ਗਈ ਹੈ । ਹੁਣ ਸੰਗਤ ਨੂੰ ਜਾਂ ਕਿਸੇ ਦੁਕਾਨਦਾਰ ਨੂੰ ਜੋ ਕਿਸੇ ਕਾਰਣ ਆਪਣੀ ਕਿਰਤ ਧੰਦੇ ਨੂੰ ਛੱਡ ਕੇ ਡੇਰੇ ਵਿੱਚ ਨਹੀਂ ਜਾ ਸਕਦਾ ਤਾਂ ਗੋਲਕ ਹੀ ਉਸ ਕੋਲ ਭੇਜ ਦਿੱਤੀ ਜਾਂਦੀ ਹੈ । ਪਿਛਲੇ ਸਾਲ ਡੇਰੇ ਦੇ ਨੁਮਇੰਦਿਆਂ ਵੱਲੋਂ ਅੰਮ੍ਰਿਤਸਰ ਦੀਆਂ ਕਈ ਆਬਾਦੀਆਂ, ਬਾਜ਼ਾਰਾਂ ਵਿਚਲੀਆਂ ਦੁਕਾਨਾਂ ਤੇ ਆਪਣੇ ਡੇਰੇ ਦੇ ਸਟਿੱਕਰ ਲਗਾ ਕੇ ਗੋਲਕਾਂ ਰੱਖ ਦਿੱਤੀਆਂ ਤੇ ਨਾਲ ਹੀ ਐਲਾਨ ਕਰ ਦਿੱਤਾ ਕਿ ਬਾਬਾ ਜੀ ਦੇ ਨਾਮ ਤੇ ਰੋਜ ਕੁੱਝ ਨਾ ਕੁੱਝ ਪੈਸੇ ਆਪਣੀ ਕਮਾਈ ਵਿੱਚੋਂ ਇਸ ਗੋਲਕ ਵਿੱਚ ਜ਼ਰੂਰ ਪਾਉਣੇ ਹਨ ਨਹੀਂ ਤਾਂ ਪਾਪ ਲੱਗੇਗਾ ।ਇਸਤੋਂ ਇਲਾਵਾ ਇੱਕ ਗੁਰਸਿੱਖ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਅਖੌਤੀ ਕਾਰ ਸੇਵਾ ਵਾਲੇ ਬਾਬੇ ਜਦ ਧੱਕੇ ਨਾਲ ਕਣਕ ਜਾਂ ਹੋਰ ਸਮਾਨ ਘਰੋਂ ਮੰਗਣ ਆਉਂਦੇ ਹਨ ਤਾਂ ਨਾਲ ਇੱਥੋਂ ਤੱਕ ਕਹਿ ਦਿੰਦੇ ਨੇ ਕਿ, "ਅਸੀਂ ਤੁਹਾਡੇ ਘਰ ਦਲਿੱਦਰ ਚੁੱਕ ਕੁ ਲੈ ਚੱਲੇ ਆਂ" ਜਿੰਨਾ ਦੇਵੋਗੇ ਉਹਨਾਂ ਹੀ ਤੁਹਾਡੇ ਘਰੋਂ ਦੁਖ ਕਲੇਸ਼ ਘੱਟਣਗੇ ।
ਸਾਡੀ ਆਪਣੀ ਦੁਕਾਨ 'ਤੇ ਬਦੋਬਦੀ ਗੋਲਕ ਰੱਖ ਕੇ ਜਿੰਦਰਾ ਲਗਾ ਕੇ ਚਾਬੀ ਆਪਣੇ ਨਾਲ ਲੈ ਗਏ। ਜਦ ਕੁੱਝ ਮਹੀਨਿਆਂ ਬਾਅਦ ਫਿਰ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਵਾਪਿਸ ਆਏ ਅਤੇ ਤਾਲਾ ਖੋਲ੍ਹ ਕੇ ਵੇਖਿਆ ਤਾਂ ਵਿੱਚੋਂ ਇਕੱ ਪੈਸਾ ਨਾ ਦਿਖਿਆ ਤਾਂ ਕੁੱਝ ਦੇਰ ਲਈ ਜਾਪ ਬੰਦ ਹੋ ਗਿਆ ਤੇ ਲਾ ਦਿੱਤੀ ਕਲਾਸ ਸਾਡੀ, ਤੇ ਪੂਰੇ ਰੋਅਬ ਅਤੇ ਗੁਸੱੇ ਵਿੱਚ ਸ਼ੁਰੂ ਹੋ ਗਏ, "ਤੁਹਾਨੂੰ ਰੱਬ ਨੇ ਇੰਨਾ ਦਿੱਤਾ, ਚਾਰ ਪੈਸੇ ਇਸ ਵਿੱਚ ਨਹੀਂ ਪਾ ਸਕਦੇ ਸੀ?" ਪਾਪਾਂ ਦੇ ਭਾਗੀ ਬਣੋਗੇ। ਅਸੀਂ ਕਿਹਾ ਜਦੋਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਗੋਲਕ ਨਾ ਰੱਖੋ ਤਾਂ ਤੁਸੀਂ ਜ਼ਬਰਦਸਤੀ ਰੱਖ ਕੇ ਈ ਕਿਉਂ ਗਏ? ਤਾਂ ਉਹਨਾਂ ਕੋਲ ਜੁਆਬ ਨਹੀਂ ਸੀ । ਕਾਫੀ ਹੱਲਾ-ਗੁਲੱਾ ਕਰਕੇ ਆਖਿਰ ਬੁਰਾ ਭਲਾ ਕਹਿੰਦੇ ਗੋਲਕ ਚੁੱਕ ਕੇ ਲੈ ਗਏ । ਇਹ ਤਾਂ ਹਾਲਤ ਬਣੀ ਪਈਹੈ ਸਾਡੀ ਕੌਮ ਦੀ। ਅੱਜ ਵੀ ਉਹੋ ਜਿਹੀਆਂ ਗੋਲਕਾਂ ਸਾਡੇ ਆਂਡ-ਗੁਆਂਢ ਅਤੇ ਮਾਰਕੀਟ ਦੇ ਹਰ ਦੁਕਾਨ ਤੇ ਤੁਹਾਨੂੰ ਪਈ ਹੋਈ ਮਿਲ ਜਾਵੇਗੀ ਜੋ ਪੁਕਾਰ ਪੁਕਾਰ ਕੇ ਕਹਿ ਰਹੀ ਹੋਵੀ "ਜੋਰੀ ਮੰਗੈ ਦਾਨੁ ਵੇ ਲਾਲੋ" । ਹੋਰ ਦੁਕਾਨਦਾਰਾਂ ਨੇ ਵੀ ਇਹ ਗੱਲ ਮੰਨੀ ਕਿ ਜੇਕਰ ਗੋਲਕ ਵਿੱਚ ਪੈਸੇ ਨਾ ਪਾਈਏ ਤਾ ਡੇਰੇ ਵਾਲੇ ਨੁਮਾਇੰਦੇ ਸਾਡੇ ਨਾਲ ਲੜਦੇ ਹਨ। ਪਤਾ ਲੱਗਾ ਹੈ ਕਿ ਸ਼ਹਿਰ ਦੇ ਇੱਕ ਗੁਰਦੁਆਰੇ ਵਿੱਚ ਤਾਂ ਹਰ ਮਹੀਨੇ ਖਾਲੀ ਗੋਲਕਾਂ ਵੰਡੀਆਂ ਵੀ ਜਾਂਦੀਆਂ ਹਨ ਤਾਂ ਕਿ ਉਹਨਾਂ ਨੂੰ ਭਰ ਕੇ ਵਾਪਿਸ ਸਬੰਧਿਤ ਡੇਰੇ ਦੇ ਵਿੱਚ ਪਹੁੰਚਾਇਆ ਜਾ ਸਕੇ ।
ਸੋ ਲੋੜ ਹੈ ਕੌਮ ਨੂੰ ਸਹੀ ਤਰੀਕੇ ਨਾਲ ਧਰਮ ਦੇ ਨਾਮ ਤੇ ਹੁੰਦੀ ਆਪਣੀ ਲੁੱਟ ਖਸੁੱਟ ਬੰਦ ਕਰਾਉਣ ਦੀ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਕੌਮ ਆਪੋ ਬਾਣੀ ਪੜ੍ਹੇ, ਵਿਚਾਰੇ ਅਤੇ ਅਮਲ ਕਰੇ ।
-ਇਕਵਾਕ ਸਿੰਘ ਪੱਟੀ,
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. ੯੮੧੫੦੨੪੯੨੦
No comments:
Post a Comment