ਦ੍ਰਿਸ਼ਟੀਕੋਣ (29)-ਜਤਿੰਦਰ ਪਨੂੰ

'ਲੋੜ ਜੋਗੀ ਦਹਿਸ਼ਤਗਰਦੀ' ਕਾਇਮ ਰੱਖਣ ਦੇ ਯਤਨ ਵਿੱਚ ਕਸੂਤਾ ਫਸ ਗਿਆ ਹੈ ਪਾਕਿਸਤਾਨ
ਓਸਾਮਾ ਬਿਨ ਮੁਹੰਮਦ ਬਿਨ ਅਵਦ ਬਿਨ ਲਾਦੇਨ ਨੂੰ ਇੱਕ ਅਤੇ ਦੋ ਮਈ ਦੀ ਵਿਚਕਾਰਲੀ ਰਾਤ ਨੂੰ ਮਾਰ ਦਿੱਤਾ ਗਿਆ ਹੈ। ਜਿੱਥੇ ਉਹ ਪੈਦਾ ਹੋਇਆ ਸੀ, ਓਥੋਂ ਦੀ ਬੋਲੀ ਵਿੱਚ 'ਬਿਨ'
ਦਾ ਭਾਵ 'ਫਲਾਣੇ ਦਾ ਪੁੱਤਰ' ਹੁੰਦਾ ਹੈ ਤੇ ਇਸ ਤਰ੍ਹਾਂ ਉਹ ਲਾਦੇਨ ਦੇ ਪੁੱਤਰ ਅਵਦ ਦੇ ਪੁੱਤਰ ਮੁਹੰਮਦ ਦਾ ਪੁੱਤਰ ਸੀ। ਰਾਜਿਆਂ ਨਾਲ ਜੁੜਦੀ ਬੰਸ ਵਾਲੇ ਪਰਵਾਰਾਂ ਵਿੱਚ ਇਹ ਰਿਵਾਜ ਆਮ ਹੁੰਦਾ ਹੈ ਕਿ ਜਿਹੜਾ ਵਡੇਰਾ ਰਾਜ ਪਰਵਾਰ ਦੇ ਸਭ ਤੋਂ ਨੇੜੇ ਦਾ ਹੋਵੇ, ਉਸ ਦਾ ਨਾਂਅ ਅਗਲੀਆਂ ਪੀੜ੍ਹੀਆਂ ਦਾ 'ਗੋਤਰ' ਜਾਂ 'ਸਰਨੇਮ' ਬਣ ਜਾਂਦਾ ਹੈ। ਏਥੇ ਵੀ ਇਹੋ ਹੋਇਆ ਹੈ। ਸਮਾਂ ਪਾ ਕੇ ਰਾਜ ਪਰਵਾਰ ਦੇ ਪਿਛੋਕੜ ਵਾਲਾ ਓਸਾਮਾ ਨਾਂਅ ਦਾ ਬੰਦਾ ਰਾਜਾਂ ਲਈ ਦਹਿਸ਼ਤ ਬਣ ਗਿਆ। ਅਮਰੀਕਾ ਵਰਗਾ ਆਪਣੇ ਆਪ ਨੂੰ ਮਹਾਂ-ਸ਼ਕਤੀ ਅਖਵਾਉਂਦਾ ਦੇਸ਼ ਉਸ ਦੀ ਮਾਰ ਹੇਠ ਕਈ ਵਾਰ ਆਇਆ ਤੇ ਜਦੋਂ ਓਸਾਮਾ ਨੂੰ ਮਾਰ ਲਿਆ, ਇਕੱਲੇ ਬੰਦੇ ਨੂੰ ਮਾਰ ਦੇਣ ਦੀ ਘਟਨਾ ਨੂੰ ਦੂਜੀ ਸੰਸਾਰ ਜੰਗ ਜਿੰਨਾ ਵੱਡਾ ਕੰਮ ਕਿਹਾ ਜਾਣ ਲੱਗ ਪਿਆ। ਆਖਰ ਕਿਉਂ? ਕਿਉਂਕਿ ਉਹ ਕਦੇ ਸਿਰਫ ਇੱਕ ਬੰਦਾ ਸੀ, ਪਿੱਛੋਂ ਮਰਨ ਤੇ ਮਾਰਨ ਦੀ ਧਾਰ ਕੇ ਤੁਰ ਪਏ ਜਨੂੰਨੀਆਂ ਦੀ ਇੱਕ ਫੌਜ ਦਾ ਮੁਖੀ ਬਣ ਗਿਆ ਸੀ, ਜਿਹੜੀ ਮਨੁੱਖਤਾ ਲਈ ਖਤਰਾ ਬਣਦੀ ਜਾ ਰਹੀ ਸੀ।
ਹੁਣ ਜਦੋਂ ਉਹ ਨਹੀਂ ਰਿਹਾ, ਇਹ ਅਹਿਮ ਗੱਲ ਨਹੀਂ ਕਿ ਉਸ ਨੂੰ ਮਾਰ ਦੇਣਾ ਅਮਰੀਕਾ ਦੀ ਕਿੰਨੀ ਕੁ ਵੱਡੀ ਪ੍ਰਾਪਤੀ ਹੈ, ਸਗੋਂ ਕੁਝ ਹੋਰ ਮੁੱਦੇ ਵਿਚਾਰਨ ਵਾਲੇ ਹਨ।
ਪਹਿਲਾ ਮੁੱਦਾ ਤਾਂ ਇਹੋ ਹੈ ਕਿ ਉਹ ਇੱਕ ਖਾਂਦੇ-ਪੀਂਦੇ ਪਰਵਾਰ ਦਾ ਬੱਚਾ ਹੋ ਕੇ ਪਹਾੜਾਂ ਅਤੇ ਜੰਗਲਾਂ ਦੇ ਵਸੇਬੇ ਤੇ ਹਰ ਵਕਤ ਮੌਤ ਨਾਲ ਅੱਖ-ਮਟੱਕੇ ਦੇ ਰਾਹ ਕਿਉਂ ਪਿਆ? ਸਿਰਫ ਇਸ ਲਈ ਕਿ ਉਹ ਜਿਸ ਸਕੂਲ ਵਿੱਚ ਪੜ੍ਹਨ ਪਾਇਆ ਗਿਆ, ਓਥੇ ਉਸ ਨੂੰ ਸਮਾਜ ਵੱਲ ਆਪਣੇ ਧਰਮ ਦੇ ਸਰੋਕਾਰਾਂ ਦਾ ਪਾਠ ਪੜ੍ਹਾਉਣ ਦੀ ਥਾਂ ਇਹੋ ਕੁਝ ਪੜ੍ਹਾਇਆ ਜਾਂਦਾ ਰਿਹਾ ਕਿ ਫਲਾਣੇ ਵਕਤ ਸਾਡੇ ਵੱਡਿਆਂ ਨੇ ਫਲਾਣੇ ਥਾਂ ਕੁਰਬਾਨੀ ਦਿੱਤੀ ਸੀ ਤੇ ਹੁਣ ਫਲਾਣੇ ਥਾਂ ਇਹੋ ਜਿਹੇ ਹਾਲਾਤ ਬਣ ਰਹੇ ਹਨ ਕਿ ਕੁਰਬਾਨੀ ਦੇਣ ਦਾ ਵਕਤ ਆ ਗਿਆ ਹੈ। ਇੱਕ ਜਾਂ ਦੂਸਰੇ ਧਰਮ ਦੇ ਨਾਂਅ ਉੱਤੇ ਚੱਲਦੇ ਸਕੂਲਾਂ ਵਿੱਚ ਇਹੋ ਜਿਹੀ ਪਾਣ ਚੜ੍ਹਾਈ ਜਾਣੀ ਆਮ ਗੱਲ ਹੈ। ਓਥੇ ਦੂਸਰੇ ਧਰਮ ਦਾ ਕੋਈ ਹੁੰਦਾ ਨਹੀਂ, ਸਿਰਫ ਆਪਣੇ ਧਰਮ ਵਾਲਿਆਂ ਦੇ ਬੱਚੇ ਹੁੰਦੇ ਹਨ ਤੇ ਉਹ ਕੋਈ ਕਿੰਤੂ ਨਹੀਂ ਕਰਦੇ। ਕਈ ਵਾਰ ਉਨ੍ਹਾਂ ਨੂੰ ਪਤਾ ਵੀ ਹੁੰਦਾ ਹੈ ਕਿ ਜੋ ਪੜ੍ਹਾਇਆ ਜਾ ਰਿਹਾ ਹੈ, ਸਾਰਾ ਕੁਝ ਸਹੀ ਨਹੀਂ, ਪਰ ਉਹ ਸੋਚਦੇ ਹਨ ਕਿ ਬੱਚਾ ਵੱਡਾ ਹੋ ਕੇ ਆਪਣੇ ਆਪ ਠੀਕ ਰਾਹ ਆ ਜਾਵੇਗਾ। ਕਈ ਬੱਚੇ ਸਹੀ ਥਾਂ ਆ ਵੀ ਜਾਂਦੇ ਹਨ, ਪਰ ਸਾਰੇ ਨਹੀਂ। ਬਹੁਤ ਸਾਰੇ ਬੱਚਿਆਂ ਦੇ ਸਿਰਾਂ ਵਿੱਚ ਇਹੋ ਜਿਹੀ ਗੱਲ ਸਮਾ ਜਾਂਦੀ ਹੈ, ਜਿਹੜੀ ਜ਼ਿੰਦਗੀ ਦੀ ਸ਼ਾਮ ਪੈਣ ਤੱਕ ਫਿਰ ਖਹਿੜਾ ਨਹੀਂ ਛੱਡਦੀ। ਓਸਾਮਾ ਨਾਲ ਵੀ ਇਹੋ ਹੋਇਆ। ਉਸ ਨੂੰ ਜਾਪਣ ਲੱਗ ਪਿਆ ਕਿ ਜ਼ਿੰਦਗੀ ਦਾ ਮਕਸਦ ਸਿਰਫ ਕੁਰਬਾਨੀ ਦੇਣਾ ਅਤੇ ਕੁਰਬਾਨੀ ਲੈਣਾ ਹੈ। ਇਸੇ ਜਨੂੰਨ ਨੇ ਉਸ ਕੋਲੋਂ ਨਿਊ ਯਾਰਕ ਵਾਲੇ ਵਰਲਡ ਟਰੇਡ ਸੈਂਟਰ ਦੇ ਦੋ ਟਾਵਰਾਂ ਉੱਤੇ ਜਹਾਜ਼ ਮਰਵਾਉਣ ਦਾ ਕਾਰਾ ਕਰਵਾਇਆ, ਜਿਸ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਜਾਂਦੀ ਰਹੀ ਸੀ ਤੇ ਉਸ ਪਿੱਛੋਂ ਛਿੜੀ ਜੰਗ ਵਿੱਚ ਉਸ ਤੋਂ ਵੱਧ ਹੋਰ ਲੋਕ ਮਾਰੇ ਗਏ ਸਨ।
ਦੂਸਰਾ ਮੁੱਦਾ ਹੈ ਉਸ ਵੱਲੋਂ ਘਰ-ਘਾਟ ਛੱਡ ਕੇ ਬੰਦੂਕ ਚੁੱਕਣ ਵਾਲੇ ਪਹਿਲੇ ਕਦਮਾਂ ਦਾ। ਓਦੋਂ ਸੋਵੀਅਤ ਰੂਸ ਦੀ ਮਦਦ ਨਾਲ ਅਫਗਾਨਿਸਤਾਨ ਵਿੱਚ ਇੱਕ ਸਰਕਾਰ ਚੱਲ ਰਹੀ ਸੀ, ਜਿਸ ਨੂੰ ਅਮਰੀਕੀ ਹਕੂਮਤ ਆਪਣੇ ਹਿੱਤਾਂ ਦੇ ਖਿਲਾਫ ਸਮਝਦੀ ਸੀ, ਪਰ ਰੰਗ ਇਹ ਚਾੜ੍ਹ ਦਿੱਤਾ ਕਿ ਜੇ ਇਹ ਸਰਕਾਰ ਕਾਇਮ ਰਹੀ ਤਾਂ ਇਸਲਾਮ ਨੂੰ ਖਤਰਾ ਹੈ। ਆਪਣੇ ਬਾਲਕੇ ਅਤੇ ਪਾਕਿਸਤਾਨ ਦੇ ਫੌਜੀ ਰਾਸ਼ਟਰਪਤੀ ਜਨਰਲ ਜ਼ਿਆ ਉਲ ਹੱਕ ਨੂੰ ਵਰਤ ਕੇ ਓਥੇ ਪਹਿਲਾਂ ਸ਼ਰਨਾਰਥੀ ਕੈਂਪ ਲਾ ਕੇ ਅਫਗਾਨਿਸਤਾਨ ਵਿੱਚੋਂ ਲੋਕਾਂ ਨੂੰ ਏਧਰ ਆਉਣ ਨੂੰ ਉਕਸਾਇਆ ਅਤੇ ਫਿਰ ਉਨ੍ਹਾਂ ਤੋਂ ਇਸਲਾਮ ਦੇ ਨਾਂਅ ਉੱਤੇ ਆਪਣੇ ਦੇਸ਼ ਦੀ ਸਰਕਾਰ ਪਲਟਣ ਲਈ ਜਨੂੰਨੀਆਂ ਦੀ ਭੀੜ ਤਿਆਰ ਕੀਤੀ। ਮੁੱਢਲੇ ਤੌਰ'ਤੇ ਜਿਹੜੇ ਲੋਕ ਮੁਜਾਹਿਦੀਨ ਨਾਂਅ ਦੀ ਇਸ ਭੀੜ ਦੇ ਆਗੂ ਬਣੇ, ਜਦੋਂ ਸਮਾਂ ਪਾ ਕੇ ਕਾਬਲ ਵਿੱਚ ਰਾਜ ਉੱਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਅਮਰੀਕਾ ਦੇ ਹੱਥਾਂ ਵਿੱਚ ਖੇਡਣ ਤੋਂ ਸਿਰ ਫੇਰ ਗਏ। ਅਮਰੀਕੀ ਹਕੂਮਤ ਨੇ ਉਨ੍ਹਾਂ ਦਾ ਫਸਤਾ ਵੱਢਣ ਲਈ ਨਵਾਂ ਲਸ਼ਕਰ ਜੋੜ ਕੇ ਉਸ ਨੂੰ ਨਾਂਅ ਦਾ ਤਾਲਿਬਾਨ ਦਿੱਤਾ ਤੇ ਉਸ ਦੀ ਅਗਵਾਈ ਇਸ ਸਮੇਂ ਦੌਰਾਨ ਸਿਰਫ ਮਜ਼੍ਹਬ ਦਾ ਜਨੂੰਨ ਚਾੜ੍ਹ ਕੇ ਤਿਆਰ ਕੀਤੇ ਗਏ ਓਸਾਮਾ ਵਰਗੇ ਲੋਕਾਂ ਦੇ ਹੱਥ ਦੇ ਦਿੱਤੀ। ਉਹ ਵੀ ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਏ, ਪਰ ਅਮਰੀਕਾ ਤੇ ਪਾਕਿਸਤਾਨ ਦੇ ਪੱਲੇ ਫਿਰ ਸ਼ਰਮਿੰਦਗੀ ਪਈ। ਨਵੇਂ ਤਾਲਿਬਾਨ ਹੁਕਮਰਾਨ ਵੀ ਉਨ੍ਹਾਂ ਦੇ ਫਰਮਾ-ਬਰਦਾਰ ਬਣ ਕੇ ਚੱਲਣ ਦੀ ਥਾਂ ਆਕੀ ਹੋ ਗਏ। ਪਹਿਲੇ ਸਿਰਫ ਆਕੀ ਹੋਏ ਸਨ, ਇਹ ਇਸਲਾਮ ਦਾ ਝੰਡਾ ਸਾਰੀ ਦੁਨੀਆ ਉੱਤੇ ਝੁਲਾਉਣ ਦਾ ਨਵਾਂ ਨਾਅਰਾ ਵੀ ਚੁੱਕ ਤੁਰੇ। ਜੇ ਅਮਰੀਕਾ ਨੇ ਅਫਗਾਨਿਸਤਾਨ ਦੇ ਸਮਾਜ ਤੇ ਸਰਕਾਰ ਨਾਲ ਇੱਕ ਪਿੱਛੋਂ ਦੂਜਾ ਤਜਰਬੇ ਕਰਨ ਦਾ ਸਿਲਸਿਲਾ ਨਾ ਸ਼ੁਰੂ ਕੀਤਾ ਹੁੰਦਾ ਤਾਂ ਕਦੇ ਤੋਰਾ-ਬੋਰਾ ਦੀਆਂ ਪਹਾੜੀਆਂ ਦੀ ਜੰਗ ਲੜਨ ਤੇ ਕਦੇ ਇੱਕ ਬੰਦਾ ਮਾਰਨ ਲਈ ਅੱਧੀ ਰਾਤ ਏਡਾ ਵੱਡਾ ਅਪਰੇਸ਼ਨ ਕਰਨ ਤੱਕ ਹਾਲਾਤ ਨਹੀਂ ਸਨ ਜਾਣੇ।
ਤੀਜਾ ਮਾਮਲਾ ਹੈ ਪਾਕਿਸਤਾਨ ਦੀ ਸਰਕਾਰ, ਫੌਜ ਅਤੇ ਖੁਫੀਆ ਏਜੰਸੀ ਦੀ ਭੂਮਿਕਾ ਦਾ। ਕਿਸੇ ਘਟੀਆ ਦਰਜੇ ਦੇ ਜਾਸੂਸੀ ਨਾਵਲ ਵਿੱਚ ਉਲਝਣਾਂ ਏਨੀਆਂ ਹੁੰਦੀਆਂ ਹਨ ਕਿ ਕਿਤਾਬ ਮੁੱਕ ਜਾਂਦੀ ਹੈ, ਗੁੰਝਲਾਂ ਨਹੀਂ ਮੁੱਕ ਸਕਦੀਆਂ। ਪਾਕਿਸਤਾਨ ਦੇ ਹਾਕਮਾਂ ਅਤੇ ਓਥੋਂ ਦੀਆਂ ਖੁੱਲ੍ਹੀਆਂ ਜਾਂ ਖੁਫੀਆ ਏਜੰਸੀਆਂ ਦੀਆਂ ਗੁੰਝਲਾਂ ਵੀ ਏਨੀਆਂ ਹੀ ਹਨ। ਉਨ੍ਹਾਂ ਦੀ ਹਰ ਤੰਦ ਸ਼ੁਰੂ ਕਿਤੋਂ ਹੁੰਦੀ ਹੈ ਤੇ ਹਜ਼ਾਰ ਵਲਾਵੇਂ ਪਾ ਕੇ ਨਿਕਲਦੀ ਕਿਸੇ ਅਣਕਿਆਸੀ ਥਾਂ ਹੈ।
ਅਫਗਾਨਿਸਤਾਨ ਦੇ ਮੁਜਾਹਿਦੀਨ ਦੀ ਮਦਦ ਲਈ ਲਾਏ ਗਏ ਕੈਂਪਾਂ ਵਿੱਚ ਓਸਾਮਾ ਦੀ ਆਮਦ ਵੇਲੇ ਕੈਂਪ ਦੀ ਕਮਾਨ ਆਈ ਐੱਸ ਆਈ ਦੇ ਹੱਥਾਂ ਵਿੱਚ ਸੀ। ਜਿਹੜੇ ਵੀ ਲੋਕ ਓਥੇ ਆਉਂਦੇ ਸਨ, ਉਹ ਏਸੇ ਏਜੰਸੀ ਦੇ ਰਾਹੀਂ ਅਗਲੇ ਕੰਮਾਂ ਦੀ ਟਰੇਨਿੰਗ ਦੇ ਕੇ ਤਿਆਰ ਕੀਤੇ ਜਾਂਦੇ ਸਨ ਤੇ ਓਸਾਮਾ ਰੱਜੇ-ਪੁੱਜੇ ਘਰ ਦਾ ਹੋਣ ਦੇ ਬਾਵਜੂਦ ਉਨ੍ਹਾਂ ਲਈ ਸਿਰਫ ਇੱਕ ਰੰਗਰੂਟ ਸੀ। ਇਹ ਕੰਮ ਆਈ ਐੱਸ ਆਈ ਆਪਣੇ ਆਪ ਨਹੀਂ ਸੀ ਕਰਦੀ, ਅਮਰੀਕਾ ਦੇ ਥਾਪੜੇ ਨਾਲ ਕੀਤਾ ਜਾਂਦਾ ਸੀ ਅਤੇ ਉਸ ਦੀ ਖੁਫੀਆ ਏਜੰਸੀ ਸੀ ਆਈ ਏ ਦੇ ਕਾਰਿੰਦੇ ਵੀ ਰੋਜ਼ ਦੀ ਸਰਗਰਮੀ ਦਾ ਅੰਗ ਹੁੰਦੇ ਸਨ। 'ਮਕਤਬ ਅਲ ਖਿਦਮਤ' ਨਾਂਅ ਦੀ ਜਿਹੜੀ ਜਥੇਬੰਦੀ ਮੁਜਾਹਿਦੀਨ ਲਈ ਰੰਗਰੂਟ ਤਿਆਰ ਕਰਨ ਦਾ ਕੰਮ ਕਰਦੀ ਰਹੀ ਸੀ, ਅਬਦੁੱਲਾ ਆਜ਼ਮ ਨਾਲ ਮਿਲ ਕੇ ਉਹ ਓਸਾਮਾ ਬਿਨ ਲਾਦੇਨ ਨੇ ਓਦੋਂ ਆਈ ਐੱਸ ਆਈ ਅਤੇ ਸੀ ਆਈ ਏ ਦੀ ਸਰਪ੍ਰਸਤੀ ਹੇਠ ਹੀ ਖੜੀ ਕੀਤੀ ਸੀ। ਉਹ ਜਥੇਬੰਦੀ ਉਸ ਦੀ ਅਗਲੀ ਉਡਾਰੀ ਦਾ ਪੜੁੱਲ ਬਣੀ ਤੇ ਸਿਰਫ ਚਾਰ ਸਾਲ ਬਾਅਦ ਓਸਾਮਾ ਨੇ ਆਜ਼ਮ ਨੂੰ ਸਿਰਫ 'ਖਿਦਮਤ' ਕਰਨ ਜੋਗਾ ਛੱਡ ਦਿੱਤਾ ਤੇ ਆਪ 'ਅਲ ਕਾਇਦਾ' ਦੇ ਨਾਂਅ ਹੇਠ ਉਹ ਟੋਲਾ ਤਿਆਰ ਕਰਨ ਰੁੱਝ ਗਿਆ, ਜਿਸ ਦਾ ਮਕਸਦ ਇਸਲਾਮ ਦਾ ਪਸਾਰ ਤੇ ਸੰਸਾਰ ਉੱਤੇ ਇਸ ਦਾ ਝੰਡਾ ਝੁਲਾਉਣਾ ਐਲਾਨਿਆ ਜਾ ਰਿਹਾ ਸੀ। ਆਈ ਐੱਸ ਆਈ ਨੇ ਤਾਂ ਰੋਕਣਾ ਨਹੀਂ ਸੀ, ਓਦੋਂ ਸੀ ਆਈ ਏ ਵਾਲੇ ਵੀ ਇਸ ਨੂੰ ਗੈਰ-ਗੰਭੀਰ ਤਮਾਸ਼ਬੀਨੀ ਸਮਝ ਕੇ ਥਾਪੜੇ ਦੇਣ ਲੱਗੇ ਰਹੇ ਸਨ।
ਪਿਛਲੇ ਤਿੰਨ ਦਹਾਕਿਆਂ ਦੀ ਸਰਗਰਮੀ ਦੌਰਾਨ ਓਸਾਮਾ ਦੇ ਸਭ ਤੋਂ ਨੇੜੇ ਰਿਹਾ ਪਾਕਿਸਤਾਨੀ ਅਧਿਕਾਰੀ ਜਨਰਲ ਹਮੀਦ ਗੁੱਲ ਸੀ, ਜਿਹੜਾ ਫੌਜ ਦਾ ਮੇਜਰ ਜਨਰਲ ਹੁੰਦਿਆਂ ਉਸ ਦੇ ਸੰਪਰਕ ਵਿੱਚ ਆਇਆ ਸੀ ਤੇ ਆਈ ਐੱਸ ਆਈ ਦਾ ਮੁਖੀ ਬਣਨ ਪਿੱਛੋਂ ਉਸ ਨਾਲ ਘਿਓ-ਖਿਚੜੀ ਹੋਇਆ ਰਿਹਾ ਸੀ। ਦੇਸ਼ ਦੇ ਰਾਜਸੀ ਹਾਕਮਾਂ ਨੂੰ ਹਮੀਦ ਗੁੱਲ ਟਿੱਚ ਜਾਣਦਾ ਹੈ ਤੇ ਆਪਣੀ ਕਮਾਨ ਹੇਠ ਰਹਿ ਚੁੱਕੀ ਖੁਫੀਆ ਏਜੰਸੀ ਨੂੰ ਦੇਸ਼ ਦੀ ਅਸਲ ਤਾਕਤ ਮੰਨ ਕੇ ਉਹ ਪਿਛਲੇ ਦਿਨੀਂ ਭਾਰਤ ਸਰਕਾਰ ਨੂੰ ਇਹ ਸਲਾਹ ਵੀ ਦੇ ਚੁੱਕਾ ਹੈ ਕਿ ਉਸ ਨੂੰ ਪਾਕਿਸਤਾਨ ਨਾਲ ਸੰਬੰਧ ਸੁਧਾਰਨ ਲਈ ਆਈ ਐੱਸ ਆਈ ਦੇ ਮੁਖੀ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਜਦੋਂ ਅਮਰੀਕੀ ਹਕੂਮਤ ਨੇ ਅਲ ਕਾਇਦਾ ਤੇ ਤਾਲਿਬਾਨ ਵਿਰੁੱਧ ਸਿੱਧੀ ਟੱਕਰ ਲਈ ਅਫਗਾਨਿਸਤਾਨ ਦੀ ਜੰਗ ਛੇੜੀ, ਓਦੋਂ ਵੀ ਹਮੀਦ ਗੁੱਲ ਅਤੇ ਆਈ ਐੱਸ ਆਈ ਦਾ ਓਸਾਮਾ ਨਾਲ ਸੰਪਰਕ ਕਾਇਮ ਸੀ। ਹੁਣ ਜਦੋਂ ਓਸਾਮਾ ਜਿੰਦਾ ਨਹੀਂ ਰਿਹਾ, ਪਾਕਿਸਤਾਨ ਦਾ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਇਹ ਕਹਿਣ ਤੋਂ ਨਹੀਂ ਝਿਜਕਿਆ ਕਿ 'ਜੇ ਮੈਂ ਓਥੇ ਹੁੰਦਾ ਤਾਂ ਅਮਰੀਕੀ ਕਮਾਂਡੋਜ਼ ਨੂੰ ਏਦਾਂ ਦੇ ਆਪਰੇਸ਼ਨ ਦੀ ਆਗਿਆ ਹੀ ਨਾ ਦੇਂਦਾ।' ਇਹ ਗੱਲ ਵੱਖਰੀ ਹੈ ਕਿ ਉਸ ਦੇ ਵਕਤ ਵੀ ਅਮਰੀਕੀ ਫੌਜ ਓਥੇ ਆਪਣੀ ਮਰਜ਼ੀ ਨਾਲ ਆਪਰੇਸ਼ਨ ਕਰਦੀ ਰਹੀ ਸੀ ਤੇ ਹੁਣ ਜਦੋਂ ਪਾਕਿਸਤਾਨ ਦੇ ਅਜੋਕੇ ਹਾਕਮ ਅਮਰੀਕਾ ਨੂੰ ਚਿਤਾਵਨੀਆਂ ਦੇ ਰਹੇ ਹਨ, ਅਮਰੀਕਾ ਨੇ ਫੇਰ ਡਰੋਨ ਹਮਲੇ ਕਰ ਦਿੱਤੇ ਹਨ।
ਚੌਥਾ ਮੁੱਦਾ ਓਸਾਮਾ ਬਾਰੇ ਅਮਰੀਕਾ ਨੂੰ ਜਾਣਕਾਰੀ ਹਾਸਲ ਹੋਣ ਦਾ ਹੈ। ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਹਨ ਕਿ ਅਲ ਕਾਇਦਾ ਵਿੱਚ ਫੁੱਟ ਪੈ ਗਈ ਹੋਣ ਕਾਰਨ ਓਸਾਮਾ ਦੇ ਦੂਜੇ ਨੰਬਰ ਵਾਲੇ ਲੀਡਰ ਅਲ ਜਵਾਹਿਰੀ ਨੇ ਹੀ ਕਿਸੇ ਤਰ੍ਹਾਂ ਅਮਰੀਕਾ ਤੱਕ ਇਹ ਸੂਹ ਪੁਚਾ ਦਿੱਤੀ ਹੋਵੇਗੀ। ਇਸ ਤਰ੍ਹਾਂ ਕਈ ਵਾਰ ਹੋ ਵੀ ਜਾਂਦਾ ਹੈ ਤੇ ਕੋਈ ਹੈਰਾਨੀ ਇਸ ਵਿੱਚ ਨਹੀਂ ਹੋਣੀ ਚਾਹੀਦੀ, ਪਰ ਸੂਚਨਾ ਦੇ ਵਸੀਲੇ ਕੁਝ ਹੋਰ ਵੀ ਹੋ ਸਕਦੇ ਹਨ। ਪਿਛਲੇ ਦਿਨੀਂ ਇੱਕ ਰੇਮੰਡ ਡੇਵਿਸ ਨਾਂਅ ਦਾ ਅਮਰੀਕੀ ਨਾਗਰਿਕ ਪਾਕਿਸਤਾਨ ਵਿੱਚ ਜਦੋਂ ਦੋ ਜਣਿਆਂ ਦੇ ਕਤਲ ਦੇ ਦੋਸ਼ ਵਿੱਚ ਫੜਿਆ ਗਿਆ ਤਾਂ ਪਹਿਲੀ ਗੱਲ ਇਹ ਕਹੀ ਗਈ ਕਿ ਉਹ ਦੂਤਘਰ ਦਾ ਕਾਰਿੰਦਾ ਹੈ ਅਤੇ ਕਤਲ ਹੋਣ ਵਾਲੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਫਿਰ ਕਿਹਾ ਗਿਆ ਕਿ ਉਹ ਦੂਤਘਰ ਦਾ ਕਾਰਿੰਦਾ ਨਹੀਂ, ਸਗੋਂ 'ਸਪੈਸ਼ਲ' ਅਮਰੀਕੀ ਹੈ ਤੇ ਉਹਦੇ ਵਰਗੇ ਚਾਰ ਸੌ ਤੋਂ ਵੱਧ 'ਸਪੈਸ਼ਲ' ਹੋਰ ਓਥੇ ਤੁਰੇ ਫਿਰਦੇ ਹਨ, ਜਿਹੜੇ ਸੂਹਾਂ ਕੱਢਣ ਦਾ ਕੰਮ ਕਰਦੇ ਹਨ ਤੇ ਜਿਹੜੇ ਦੋ ਜਣੇ ਮਾਰੇ ਗਏ, ਉਹ ਲੁਟੇਰੇ ਹੋਣ ਦੀ ਥਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਬੰਦੇ ਸਨ। ਉਹ ਕੇਸ ਤਾਂ ਨਿਪਟ ਗਿਆ, ਪਰ ਇਹ ਚਰਚਾ ਚੱਲ ਪਈ ਕਿ ਓਥੇ ਏਨੇ ਖਤਰਨਾਕ ਹਾਲਾਤ ਵਿੱਚ ਜਿਹੜੇ 'ਸਪੈਸ਼ਲ' ਅਮਰੀਕੀ ਘੁੰਮ ਰਹੇ ਹਨ, ਉਹ ਕਿਸੇ ਖਾਸ ਮਿਸ਼ਨ ਉੱਤੇ ਹੋਣਗੇ। ਓਸਾਮਾ ਬਿਨ ਲਾਦੇਨ ਵਾਲਾ ਮਿਸ਼ਨ ਵੀ ਉਹ ਹੋ ਸਕਦਾ ਹੈ, ਐਬਟਾਬਾਦ ਵੀ ਰਾਜਧਾਨੀ ਇਸਲਾਮਾਬਾਦ ਤੋਂ ਪੌਣੇ ਘੰਟੇ ਦੀ ਕਾਰ ਦੀ ਦੌੜ ਦੀ ਦੂਰੀ ਉੱਤੇ ਹੀ ਹੈ।
ਇਨ੍ਹਾਂ ਸਾਰਿਆਂ ਤੋਂ ਵੱਡਾ ਜਿਹੜਾ ਸਰੋਤ ਮੰਨਿਆ ਜਾ ਰਿਹਾ ਹੈ, ਉਹ ਖੁਦ ਖੁਫੀਆ ਏਜੰਸੀ ਆਈ ਐੱਸ ਆਈ ਦਾ ਹੁਣ ਵਾਲਾ ਮੁਖੀ ਲੈਫਟੀਨੈਂਟ ਜਨਰਲ ਅਹਿਮਦ ਸ਼ੁਜ਼ਾ ਪਾਸ਼ਾ ਹੋ ਸਕਦਾ ਹੈ। ਉਸ ਦੇ ਖਿਲਾਫ ਅਮਰੀਕਾ ਦੀ ਇੱਕ ਅਦਾਲਤ ਨੇ ਸੰਮਣ ਜਾਰੀ ਕੀਤੇ ਹੋਏ ਹਨ ਕਿ ਉਸ ਨੂੰ ਫੜ ਕੇ ਪੇਸ਼ ਕੀਤਾ ਜਾਵੇ। ਮੁਕੱਦਮਾ ਮੁੰਬਈ ਵਿੱਚ ਹੋਏ ਸਭ ਤੋਂ ਵੱਡੇ ਦਹਿਸ਼ਤਗਰਦ ਹਮਲੇ ਦਾ ਹੈ, ਜਿਸ ਵਿੱਚ ਮਾਰੇ ਗਏ ਇੱਕ ਸੌ ਛਿਆਹਠ ਲੋਕਾਂ ਵਿੱਚ ਅਮਰੀਕਾ ਦੇ ਕੁਝ ਨਾਗਰਿਕ ਵੀ ਸਨ ਤੇ ਉਨ੍ਹਾਂ ਦੇ ਵਾਰਸ ਇਨਸਾਫ ਮੰਗ ਰਹੇ ਹਨ। ਸਾਰੀ ਸਾਜ਼ਿਸ਼ ਦੀ ਤੰਦ ਤਹੱਵੁਰ ਹੁਸੈਨ ਰਾਣਾ ਦੇ ਬਿਆਨ ਨੇ ਮੇਜਰ ਇਕਬਾਲ ਦੇ ਰਾਹੀਂ ਆਈ ਐੱਸ ਆਈ ਅਤੇ ਇਸ ਦੇ ਮੁਖੀ ਜਨਰਲ ਪਾਸ਼ਾ ਤੱਕ ਜਦੋਂ ਜੋੜ ਦਿੱਤੀ ਤਾਂ ਅਮਰੀਕੀ ਸਰਕਾਰ ਨੂੰ ਕੁਝ ਨਾ ਕੁਝ ਕਾਰਵਾਈ ਕਰਨੀ ਹੀ ਪੈਣੀ ਸੀ। ਪਾਕਿਸਤਾਨ ਦੀ ਸਰਕਾਰ ਲਈ ਮੁਸ਼ਕਲ ਇਹ ਸੀ ਕਿ ਜੇ ਅਹਿਮਦ ਸ਼ੁਜ਼ਾ ਪਾਸ਼ਾ ਨੂੰ ਅਮਰੀਕਾ ਦੇ ਹਵਾਲੇ ਕਰੇ ਤਾਂ ਲੋਕਾਂ ਨੂੰ ਮੂੰਹ ਵਿਖਾਉਣਾ ਔਖਾ ਹੋ ਜਾਣਾ ਸੀ ਤੇ ਜੇ ਨਾ ਕਰੇ ਤਾਂ ਅਮਰੀਕਾ ਨੇ ਬਾਂਹ ਨੂੰ ਮਰੋੜਾ ਚਾੜ੍ਹ ਦੇਣਾ ਸੀ। ਜਿਵੇਂ ਤਹੱਵੁਰ ਹੁਸੈਨ ਰਾਣਾ ਨੇ ਆਪਣੇ ਬਚਾਅ ਦਾ ਰਾਹ ਕੱਢਣ ਲਈ ਆਈ ਐੱਸ ਆਈ ਵੱਲ ਗੱਲ ਤਿਲਕਾਈ ਸੀ, ਉਵੇਂ ਹੀ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਨਰਲ ਪਾਸ਼ਾ ਨੇ ਕਹਿ ਦਿੱਤਾ ਹੋਵੇ ਕਿ 'ਮੇਰੇ ਪਿੱਛੇ ਪੈਣ ਦੀ ਥਾਂ ਫਲਾਣੇ ਥਾਂ ਓਸਾਮਾ ਬੈਠਾ ਹੈ, ਜਾ ਕੇ ਘੇਰ ਲਵੋ।' ਇਸ ਦੀ ਗੁੰਜਾਇਸ਼ ਓਦੋਂ ਵਧ ਜਾਂਦੀ ਹੈ, ਜਦੋਂ ਆਈ ਐੱਸ ਆਈ ਦੇ ਸਾਬਕਾ ਮੁਖੀ ਹਮੀਦ ਗੁੱਲ ਦਾ ਟੀ ਵੀ ਚੈਨਲਾਂ ਨੂੰ ਦਿੱਤਾ ਇੰਟਰਵਿਊ ਵਿਚਾਰਿਆ ਜਾਵੇ। ਉਸ ਨੂੰ ਪੁੱਛਿਆ ਗਿਆ ਕਿ ਓਸਾਮਾ ਓਥੇ ਬੈਠਾ ਅਮਰੀਕਾ ਵਾਲਿਆਂ ਨੂੰ ਨਜ਼ਰ ਆ ਗਿਆ ਤੇ ਉਹ ਕਾਰਵਾਈ ਵੀ ਕਰ ਗਏ, ਪਾਕਿਸਤਾਨ ਦੀ ਆਪਣੀ ਫੌਜ ਜਾਂ ਖੁਫੀਆ ਏਜੰਸੀ ਇਹ ਕੰਮ ਕਿਉਂ ਨਾ ਕਰ ਸਕੀ? ਜਵਾਬ ਵਿੱਚ ਹਮੀਦ ਗੁੱਲ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ਜੇ ਪਤਾ ਲੱਗਣ ਪਿੱਛੋਂ ਆਈ ਐੱਸ ਆਈ ਦਾ ਕੋਈ ਅਹਿਲਕਾਰ ਹੀ ਇਸ ਦੀ ਸੂਚਨਾ ਅਮਰੀਕਾ ਨੂੰ ਦੇ ਕੇ ਕੋਈ ਲਾਭ ਕਮਾਉਣ ਦੀ ਝਾਕ ਰੱਖਦਾ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ? ਹਮੀਦ ਗੁੱਲ ਦੇ ਇਸ ਬਿਆਨ ਤੋਂ ਬਾਅਦ ਤਾਂ ਕੋਈ ਸਿਰ ਖਪਾਉਣ ਦੀ ਲੋੜ ਹੀ ਨਹੀਂ ਰਹਿ ਜਾਂਦੀ।
ਸਾਡੇ ਪਾਠਕਾਂ ਨੂੰ ਯਾਦ ਹੋਵੇਗਾ ਕਿ ਅਸੀਂ ਕੁਝ ਮਹੀਨੇ ਪਹਿਲਾਂ ਇਹ ਲਿਖਿਆ ਸੀ ਕਿ ਦਹਿਸ਼ਤਗਰਦੀ ਦੇ ਵਿਰੁੱਧ ਲੜਨ ਦਾ ਪਾਕਿਸਤਾਨ ਸਿਰਫ ਢੌਂਗ ਕਰਦਾ ਹੈ, ਅਸਲ ਵਿੱਚ ਉਸ ਦੇ ਆਗੂ 'ਲੋੜ ਜੋਗੀ ਦਹਿਸ਼ਤਗਰਦੀ' ਖੁਦ ਕਾਇਮ ਰੱਖਣਾ ਚਾਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਜਦੋਂ ਤੱਕ ਦਹਿਸ਼ਤਗਰਦੀ ਹੈ, ਉਸ ਨਾਲ ਲੜਨ ਦੇ ਨਾਂਅ ਉੱਤੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਡਾਲਰਾਂ ਦੀਆਂ ਪੰਡਾਂ ਬੰਨ੍ਹ-ਬੰਨ੍ਹ ਦੇਂਦੀਆਂ ਹਨ ਤੇ ਜਦੋਂ ਇਸ ਦੀ ਲੋੜ ਨਾ ਰਹੀ, ਗਰਾਂਟਾਂ ਦਾ ਇਹ ਗੁਤਾਵਾ ਕਿਸੇ ਨੇ ਨਹੀਂ ਧੂੜਨਾ। ਜਿਹੜੇ ਅਰਬਾਂ ਡਾਲਰ ਜਨਤਾ ਦੇ ਹਿੱਤਾਂ ਅਤੇ ਦਹਿਸ਼ਤਗਰਦੀ ਦੇ ਵਿਰੁੱਧ ਲੜਾਈ ਦੇ ਨਾਂਅ ਉੱਤੇ ਮਿਲਦੇ ਸਨ, ਉਨ੍ਹਾਂ ਦੀ ਮਸਾਂ ਚਵਾਨੀ-ਪੱਤੀ ਉਸ ਪਾਸੇ ਲਾ ਕੇ ਬਾਕੀ ਆਗੂ ਅਤੇ ਅਫਸਰ ਆਪ ਡਕਾਰ ਜਾਂਦੇ ਸਨ। ਹੁਣ ਜਦੋਂ ਸਭ ਤੋਂ ਵੱਡਾ ਦਹਿਸ਼ਤਗਰਦ ਓਸਾਮਾ ਬਿਨ ਲਾਦੇਨ ਜਿੰਦਾ ਨਹੀਂ ਰਿਹਾ, ਲੜਾਈ ਭਾਵੇਂ ਹਾਲੇ ਨਹੀਂ ਮੁੱਕੀ, ਅਮਰੀਕਾ ਦੀ ਸਰਕਾਰ ਵੀ ਇਹ ਕਹਿਣ ਲੱਗ ਪਈ ਹੈ ਕਿ ਪਾਕਿਸਤਾਨ ਨੂੰ ਹੋਰ ਡਾਲਰ ਦੇਣੇ ਹਨ ਜਾਂ ਨਹੀਂ, ਨਵੇਂ ਸਿਰੇ ਤੋਂ ਵਿਚਾਰ ਕਰਾਂਗੇ। ਇਹੋ ਤਾਂ ਉਹ ਘੜੀ ਹੈ, ਜਿਹੜੀ ਪਾਕਿਸਤਾਨ ਦੇ ਆਗੂ ਆਉਣ ਤੋਂ ਰੋਕਣਾ ਚਾਹੁੰਦੇ ਸਨ ਤੇ ਆਖਰ ਨੂੰ ਆਣ ਪਹੁੰਚੀ ਹੈ।

No comments:

Post a Comment