ਰੋਟੀ ਹੱਕ ਦੀ ਖਾਈਏ ਜੀ

ਪਰਦਮਨ ਸ਼ਰਮਾ {ਫ਼ਿਨਲੈਂਡ}
ਰੋਟੀ ਹੱਕ ਦੀ ਚਾਹੀਦੀ ਸਦਾ ਖਾਣੀ
ਭਾਵੇਂ ਪਾਲਿਸ਼ਾਂ ਕਰਦੇ ਰਹੀਏ
ਬੂਟ ਜੁੱਤੇ

ਸਾਡੇ ਹੱਕ ਤਾਂ ਬੰਦ ਪਰ , ਲਾਕਰਾਂ ਚ"
ਸਵਿਸ ਬੈਂਕ ਚ" ਪਏ ਨੇ , ਡੂੰਘੇ ਸੁੱਤੇ

ਲਿਵਰਪੂਲ ਖਰੀਦਣ ਨੂੰ ਫਿਰੇ ਰਿਲਾਂਇਸ
ਸਾਡੇ ਖਿਦੋ ਤੇ ਖੂੰਡੀ ਵੀ ਦੋਨੋਂ ਪਏ ਟੁੱਟੇ

ਚਿੱਟ- ਕਪੜਿਆਂ ਦੀਆਂ ਕਰਤੂਤਾਂ ਕਾਰਣ
ਅਸੀਂ ਹਰ ਪਲ , ਹਰ ਥਾਂ ,ਜਾਈਏ ਲੁੱਟੇ

ਦਿੱਲੀਓਂ ਲਖਾਂ ਦੀ ਜੇਕਰ ਗ੍ਰਾਂਟ ਚੱਲੇ
ਮੇਰੇ ਪਿੰਡ ਤੱਕ ਬੱਸ ਸੌ -ਹਜ਼ਾਰ ਪੁੱਜੇ

ਮੰਤਰੀ , ਸੰਤਰੀ ਸਣੇ ਸਰਪੰਚ ਰਲ ਕੇ
ਗੱਲੀਂ -ਬਾਤੀ ਕਾਗਜਾਂ ਚ" ਸਾਰਨ ਬੁਤੇ

ਕਰਨ ਸਫਰ ਜੋ ਏਕਾਨਮੀ ਵਿਚ ਸਾਰੇ
ਸ਼ਸ਼ੀ - ਥਰੂਰ ਨੂੰ ਜਾਪਦੇ ਨੇ ਪਸ਼ੂ ਕੁੱਤੇ

ਬਲੁੰਗੜਾ ਬਿੱਲੀ ਖਾਤਿਰ ਨਾ ਚੂਹੇ ਮਾਰੇ
ਬਚਾ ਚਿੜੀ ਲਈ ਨਾ ਚੋਗ ਚ ਜੁੱਟੇ

ਏਹ "ਵਡੱਪਣ " ਨਸੀਬ ਮਨੁਖ ਨੂੰ ਹੈ
ਜਿਹੜਾ ਜਿਉੰਦਾ ਬਚਿਆਂ ਦੀ ਮੇਹਨਤ ਓੱਤੇ

ਵਾਲੀਵਾਰਸ ਕੋਈ ਦੇਸ਼ ਦਾ ਲਭਦਾ ਨਾਂ
ਅੰਨੀ ਪੀਸਦੀ ਤੇ ਜਾਪਦਾ ਹੈ ਕੁੱਤਾ ਚਟੇ

ਤੇਰੀ ਲਿਖਤ ਤੇ ਨਹੀਂ ਇਤਰਾਜ਼ " ਮਾਨਾ "
ਤੇਰੇ ਉਂਝ ਤਾਂ ਵਿਚਾਰ ਹੁੰਦੇ ਉਚੇ - ਸੁਚੇ

ਗੰਧਲਾ ਢਾਂਚਾ ਬੱਸ ਅਖਾਂ ਚ" ਚੁਭੇ ਮੇਰੇ
ਨਵੀਂ ਸੋਚ ਇਹਨੂੰ ਕਿਤੇ ਬਦਲ ਸੁੱਟੇ

ਬੜੇ ਚਮਕਾਏ ਨੇ ਲੋਕਾਂ ਦੇ ਬੂਟ ਅਸੀਂ
ਕਾਸ਼ ਸਾਡੀ ਵੀ ਕਿਸਮਤ ਚਮਕ ਉਠੇ
ਕਾਸ਼ ਸਾਡੀ ਵੀ ਕਿਸਮਤ ਚਮਕ ਉਠੇ

No comments:

Post a Comment