ਮਜ਼ਦੂਰਾਂ ਦਾ ਗੀਤ

ਅਮਰਦੀਪ ਸਿੰਘ ਗਿੱਲ
ਮਿੱਟੀ ਨਾਲ ਮਿੱਟੀ ਹੋਣ ਵਾਲਿਓ
ਮਿਲਣਾ ਨੀ ਮਿਹਨਤਾਂ ਦਾ ਮੁੱਲ ਓੇਏ !
ਜਿਨਾਂ ਚਿਰ ਹੱਥ
ਨਹੀਂਓ ਉੱਠਦੇ
ਜਿੰਨੀ ਦੇਰ ਖੁੱਲਦੇ ਨੀ ਬੁੱਲ ਓਏ !
ਮਿੱਟੀ ਨਾਲ ਮਿੱਟੀ ਹੋਣ ਵਾਲਿਓ ....
ਸਾਡੇ ਕੋਲ ਕੁੱਝ ਨੀ ਗਵਾਉਣ ਵਾਸਤੇ
ਪਿਆ ਸਾਰਾ ਜੱਗ ਅਪਨਾਉਣ ਵਾਸਤੇ
ਹਰ ਕਣ ਧਰਤੀ ਦਾ ਸਾਡਾ ਏ
ਜਿੱਥੇ ਇਹ ਪਸੀਨਾ ਗਿਆ ਡੁੱਲ੍ਹ ਓਏ !
ਮਿੱਟੀ ਨਾਲ ਮਿੱਟੀ ਹੋਣ ਵਾਲਿਓ ....
ਸਾਡੇ ਵਿੱਚ ਪਾਉਂਦੇ ਜਿਹੜੇ ਰੋਜ਼ ਵੰਡੀਆਂ
ਤੋਲਦੇ ਜੋ ਸੌਦਾ ਮਾਰਦੇ ਨੇ ਡੰਡੀਆਂ
ਉਨਾਂ ਸ਼ਾਹਾਂ ਦੇ ਮਹਿਲਾਂ ਉੱਤੇ ਰਾਜਿਓ
ਬਣ ਕੇ ਹਨੇਰੀ ਜਾਣਾ ਝੁੱਲ ਓਏ !
ਮਿੱਟੀ ਨਾਲ ਮਿੱਟੀ ਹੋਣ ਵਾਲਿਓ ....
ਏਹ ਜ਼ਾਤਾਂ ਨੀ ਜਮਾਤਾਂ ਦੇ ਹੀ ਪਾੜੇ ਨੇ
ਸਾਰੇ ਖਾਬ ਸਾਡੇ ਜਿੰਨਾਂ ਸੂਲੀ ਚਾੜੇ ਨੇ
ਬੱਸ ਐਨੀਂ ਗੱਲ ਯਾਦ ਰੱਖੋ ਸਾਥੀਓ
ਬਾਕੀ ਵੱਜੀਆਂ ਜੋ ਲੀਕਾਂ ਜਾਓ ਭੁੱਲ ਓਏ !
ਮਿੱਟੀ ਨਾਲ ਮਿੱਟੀ ਹੋਣ ਵਾਲਿਓ ....
ਵਕਤ ਬਦਲੇ ਹਾਲਾਤ ਨਹੀਂ ਬਦਲਦੇ
ਕਿਉਂ ਸਾਡੇ ਦਿਨ ਰਾਤ ਨਹੀਂ ਬਦਲਦੇ
ਕਿਉਂ ਸਾਡੇ ਪੈਰਾਂ ਹੇਠ ਉੱਗੇ ਭੱਖੜਾ
ਅਸੀਂ ਹੋਰਾਂ ਲਈ ਬੀਜਦੇ ਆਂ ਫੁੱਲ ਓਏ !
ਮਿੱਟੀ ਨਾਲ ਮਿੱਟੀ ਹੋਣ ਵਾਲਿਓ ....
ਹੱਕ ਮਿਲਣੇ ਨੀ ਹੱਕ ਖੋਹਣੇ ਪੈਣਗੇ
ਹੱਥ ਉੱਠੇ ਜਿਹੜੇ ਓਹੀ ਹੱਕ ਲੈਣਗੇ
ਉਹੀ ਜਿਉਂਦੇ ਏਥੇ ਸਿਰ ਉੱਚਾ ਕਰ ਕੇ
ਜਿਹੜੇ 'ਤਾਰਦੇ ਨੇ ਇਹਦੇ ਲਈ ਮੁੱਲ ਓਏ !
_______________________________
9988262870 #ਮਕਾਨ ਨੰਬਰ 9028
ਏਕਤਾ ਕਾਲੋਨੀ , ਰਾਜਿੰਦਰਾ ਕਾਲਜ ਦੇ ਪਿੱਛੇ, ਬਠਿੰਡਾ -151001

No comments:

Post a Comment