ਨਿੰਦਰ ਘੁਗਿਆਣਵੀ
ਵਲੈਤ ਵਿੱਚ ਸਤੰਬਰ ਦੇ ਅਰੰਭ ਵਿੱਚ ਜਦੋਂ ਥੋੜ੍ਹੀ-ਥੋੜ੍ਹੀ ਠੰਡ ਦਸਤਕ ਦਿੰਦੀ ਹੈ ਤਾਂ ਪਤਝੜ ਵੀ ਨਾਲ ਹੀ ਆ ਜਾਂਦੀ ਹੈ ਤੇ ਆਪਣੇ ਨਾਲ ਹੀ ਇੱਕ ਰੋਗ ਲੈ ਆਉਂਦੀ ਹੈ, ਜਿਸ ਨੂੰ ਸੈਡ ਕਹਿੰਦੇ ਹਨ, ਇਸਦਾ ਪੂਰਾ ਭਾਵ ਹੈ-'ਸੀਜ਼ਨਲ ਅਫੈਕਟਿਵ ਡਿਸ ਓਲਡਰ'। ਇਹ ਰੋਗ ਆਮ ਕਰਕੇ ਉਹਨਾਂ ਨੂੰ ਲੋਕਾਂ ਨੂੰ ਹੁੰਦਾ ਹੈ ਜਿਹੜੇ ਲੋਕ ਬਹੁਤੇ ਭਾਵੁਕ (ਸੈਸੇਟਿਵ, ਨਾਜ਼ੁਕ ਤਬੀਅਤ ਵਾਲੇ) ਹੁੰਦੇ ਹਨ, ਉਹ ਇਸ ਰੋਗ ਨਾਲ ਘਿਰ ਜਾਂਦੇ ਹਨ। ਇਸ ਰੋਗ ਦਾ ਮੁੱਢਲਾ ਲੱਛਣ ਉਦਾਸੀ ਹੈ। ਆਪਣੇ ਮਨ-ਭਾਉਂਦਾ ਸੰਗੀਤ-ਰਾਗ ਸੁਣ ਕੇ ਜਾਂ ਕੋਈ ਫਿਲਮ ਦੇਖਕੇ ਮਰੀਜ਼ ਦੀਆਂ ਅੱਖਾਂ ਵਿੱਚੋ ਅੱਥਰੂ ਵਗਣ ਪੈਂਦੇ ਹਨ। ਉਸਦਾ ਰੋਣ ਲਈ ਦਿਲ ਕਰਦਾ ਰਹਿੰਦਾ ਹੈ।
ਪਿਛਲੇ ਸਾਲ ਦੇ ਉਹਨੀ ਦਿਨੀ ਮੈਂ ਵਲੈਤ ਵਿੱਚ ਸਾਂ। ਕਵੀ ਤੇ ਸੰਗੀਤਕਾਰ ਅਵਤਾਰ ਉੱਪਲ ਕੋਲ ਲੰਡਨ ਕੁਝ ਦਿਨ ਰਿਹਾ। ਸਤੰਬਰ ਮਹੀਨੇ ਦਾ ਪਹਿਲਾ ਹਫ਼ਤਾ ਸੀ। ਇੱਕ ਦਿਨ ਮੈ ਤੇ ਉੱਪਲ ਇੱਕ ਝੀਲ ਕੰਢੇ ਸ਼ਾਮ ਦੀ ਸੈਰ ਕਰ ਰਹੇ ਸਾਂ। ਉਸਨੇ ਮੈਨੂੰ ਇਸ ਰੋਗ ਬਾਰੇ ਦੱਸਿਆ ਕਿ ਉਸਨੂੰ ਵੀ ਇਹ ਰੋਗ ਲੱਗਭਗ ਦਸ ਸਾਲਾਂ ਤੋਂ ਹੈ, ਹੁਣ ਇਸਦਾ ਅਗਾਜ਼ ਹੋਣ ਲੱਗ ਪਿਆ ਹੈ ਤੇ ਉਹ ਉਦਾਸ ਰਹਿਣ ਲੱਗ ਪਵੇਗਾ। ਮਰੀਜ਼ ਨੂੰ ਖਿਝ ਨਹੀਂ ਆਉਂਦੀ। ਚਾਨਣ ਭਰਿਆ ਮਾਹੌਲ ਚੰਗਾ-ਚੰਗਾ ਲਗਦਾ ਹੈ। ਅਜਿਹੇ ਰੋਗ ਦੇ ਮਰੀਜ਼ ਘਰ ਅੰਦਰ ਹੀ ਆਪਣੇ ਕਮਰੇ ਵਿੱਚ ਬੈਠੈ ਮੱਧਮ ਜਿਹਾ ਚਾਨਣ ਬਾਲ ਕੇ ਕੁਝ ਪੜ੍ਹਦੇ-ਸੁਣਦੇ ਰਹਿੰਦੇ ਹਨ। ਮਰੀਜ਼ ਲਈ ਇਹ ਕਾਫੀ ਹੈ ਕਿ ਕਮਰਾ ਬਿਲਕੁਲ ਸਾਫ਼ ਹੋਵੇ। ਕੋਈ ਫਿਕਾ ਜਿਹਾ ਪੇਂਟ ਹੋਵੇ, ਜੋ ਅੱਖਾਂ ਲਈ ਬੋਝਲ ਨਾ ਬਣੇ। ਇਕਾਗਰਤਾ ਹੋਵੇ। ਕਮਰੇ ਅੰਦਰ ਸੁੰਦਰ ਤਸਵੀਰਾਂ ਲਟਕਦੀਆਂ ਹੋਣ ਤਾਂ ਹੋਰ ਵੀ ਜ਼ਿਆਦਾ ਵਧੀਆ ਹੈ।
ਅਵਤਾਰ ਉੱਪਲ ਨੇ ਦੱਸਿਆ ਕਿ ਮਰੀਜ਼ ਜਦ ਪਹਿਲੀ ਵਾਰੀ ਡਾਕਟਰ ਕੋਲ ਜਾਂਦਾ ਹੈ, ਤਾਂ ਡਾਕਟਰ ਇਸ ਬਾਰੇ ਵੇਰਵੇ ਨਾਲ ਦਸਦਾ ਹੈ। ਮਾਚਰ ਦੇ ਮਹੀਂੇ ਜਦੋਂ ਫੁੱਲ ਖਿੜਨ ਲੱਗਦੇ ਹਨ, ਤਾਂ ਇਹ ਰੋਗ ਆਪਣੇ ਆਪ ਹੀ ਚਲੇ ਜਾਂਦਾ ਹੈ। ਇਸਦੀ ਮੈਡੀਸਿਨ ਵੀ ਕੋਈ ਖ਼ਾਸ ਨਹੀਂ ਹੈ। ਕੋਈ ਮਰੀਜ਼, (ਅਕਸਟੀਮ) ਜਦੋਂ ਜ਼ਿਆਦਾ ਅੱਤ ਹੋ ਜਾਵੇ ਤਾਂ ਮਨ ਨੂੰ ਠਿਕਾਣੇ ਰੱਖਣ ਲਈ ਇੱਕ ਗੋਲੀ ਖਾਣੀ ਪੈਂਦੀ ਹੈ। ਡਾਕਟਰ ਸਲਾਹ ਦਿੰਦਾ ਹੈ ਕਿ ਮਰੀਜ਼ ਆਪਣੇ ਨੇੜਲੇ ਦੋਸਤਾਂ-ਮਿੱਤਰਾਂ ਨੂੰ ਫੋਨ ਕਰੇ ਤੇ ਦਿਲ-ਲਗੀਆਂ ਕਰਕੇ ਆਪਣਾ ਮਨ ਬਹਿਲਾਵੇ! ਇਹ ਬੀਮਾਰੀ ਇਹਨਾਂ ਦਿਨਾਂ ਵਿੱਚ ਲੱਗ ਭਗ ਸਾਰੇ ਯੂਰਪ ਦੇ ਹੀ ਸੈਂੇਸੇਟਿਵ (ਭਾਵੁਕ) ਲੋਕਾਂ ਨੂੰ ਹੋ ਹੀ ਜਾਂਦੀ ਹੈ।
ਮੈਂ ਦੇਖਦਾ ਕਿ ਅਵਤਾਰ ਉੱਪਲ ਕਦੇ-ਕਦੇ ਬਹੁਤ ਉਦਾਸ ਹੋ ਜਾਂਦਾ ਸੀ। ਉਂਝ ਉਹ ਆਪਣੇ ਆਪ ਨੂੰ ਬਹੁਤ ਰੁਝਾਈ ਰੱਖਦਾ, ਹਫ਼ਤੇ ਵਿੱਚ ਦੋ ਦਿਨ ਉਹ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਬਜ਼ੁਰਗਾਂ ਦੇ ਡੇ-ਸੈਂਟਰ ਵਿੱਚ ਜਾਂਦਾ ਤੇ ਉਥੇ ਆਪਣੀਆਂ ਸੇਵਾਵਾਂ ਦਿੰਦਾ। ਲਿਖਣ-ਪੜ੍ਹਨ ਵਿੱਚ ਵੀ ਰੁੱਝਾ ਰਹਿੰਦਾ। ਦੋ ਵੇਲੇ ਦੀ ਸੈਰ ਵੀ ਕਰਦਾ। ਵਲੈਤ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਵੀ ਹਾਜ਼ਰੀ ਲੁਵਾਉਂਦਾ। ਜਦੋਂ ਦਾ ਮੈਂ ਆ ਗਿਆ ਹੋਇਆ ਸੀ ਤਾਂ ਉਹ ਮੇਰੇ ਨਾਲ ਵੀ ਮੇਰੇ ਸਮਾਗਮਾਂ 'ਤੇ ਆਉਂਦਾ-ਜਾਂਦਾ। ਲੋਕ ਮਿਲਣ ਆਉਂਦੇ ਤੇ ਉਹਨਾਂ ਨਾਲ ਵੀ ਗੱਲਾਂ ਕਰਦਾ। ਅਸੀਂ ਹਸਦੇ-ਖੇਡਦੇ ਰਹਿੰਦੇ। ਉਸਦੇ ਦੱਸਣ ਮੁਤਾਬਕ ਕਿ ਇਸ ਕਾਰਨ ਇਸ ਰੋਗ ਤੋਂ ਉਹਨੂੰ ਥੋੜ੍ਹੀ ਮੁਕਤੀ ਮਿਲੀ ਹੋਈ ਸੀ।
*******************
ਇੱਕ ਬਜ਼ੁਰਗ ਜੋੜੇ ਦੇ ਦਿਲ ਦੀ ਦਾਸਤਾਂ ਸੁਣ ਕੇ ਮੈਂ ਕਈ ਦਿਨ ਸੋਚੀਂ ਪਿਆ ਰਿਹਾ ਸਾਂ। ਉਹਨਾਂ ਦੋਵਾਂ ਨੇ ਸਾਂਝੇ ਜਿਹੇ ਏਨੇ ਕੁ ਬੋਲਾਂ ਨਾਲ ਹੀ ਬਹੁਤ ਵੱਡੀ ਗੱਲ ਕਹਿ ਦਿੱਤੀ ਸੀ," ਭਾਈ ਕਾਕਾ, ਸਾਡੇ ਲਈ ਤਾਂ ਦੋਵੇਂ ਦੇਸ ਈ ਪਰਦੇਸ ਨੇ…।" ਉਹਨਾਂ ਬਜ਼ੁਰਗਾਂ ਦਾ ਦਿਲ ਬੁੱਝਿਆਂ ਹੀ ਜਾਣਦਾ ਸੀ, ਦੇਖੋ ਜ਼ਰਾ…ਇਹਨਾਂ ਬੋਲਾਂ ਵਿੱਚ ਝਾਕ ਕੇ, "ਅਸੀਂ ਤਾਂ ਏਥੇ ਵੀ ਬਿਗਾਨਿਆਂ ਵਾਂਗ ਰਹਿੰਨੇ ਆਂ ਤੇ ਇੰਡੀਆ ਜਾ ਕੇ ਵੀ ਬਿਗਾਨੇ ਆਂ ਅਸੀਂ....ਜਦੋਂ ਇੰਡਿਆ ਤੋਂ ਏਥੇ ਨੂੰ ਆਉਨੇ ਆਂ ਤਾਂ ਇੰਡੀਆ ਦੀ ਯਾਦ ਸਤਾਉਣ ਲੱਗਦੀ ਆ...ਜਦੋਂ ਉਥੇ ਚਲੇ ਜਾਈਦਾ ਆ...ਤਾਂ ਏਥੋਂ ਦੀ ਯਾਦ ਸਤਾਉਣ ਲਗਦੀ ਆ...ਸਾਡੇ ਨਾਲ ਤਾਂ ਉਹ ਗੱਲ ਹੋਈ ਆ...ਵਈ ਧੋਬੀ ਦਾ ਕੁੱਤਾ ਨਾ ਘਰ ਦਾ ਘਾਟ ਦਾ..ਸੱਚੀ ਗੱਲ ਆ ਵਈ ਇੰਡੀਆ ਵਿੱਚ ਸਾਥੋਂ ਮਗਰੋਂ ਜੰਮੇ ਪਲੇ ਸਾਨੂੰ ਕਿਵੇਂ ਜਾਨਣ? ਤੇ ਏਥੇ ਤਾਂ ਕੋਈ ਕਿਸੇ ਨੂੰ ਜਾਣਦਾ ਈ ਨਹੀਂ...ਅਸੀਂ ਲੋਕ ਦੋਵੇਂ ਦੇਸਾਂ ਦੇ ਪਰਦੇਸੀ ਆਂ...।"
**************
ਆਪਣੀ ਵਲੈਤ ਫੇਰੀ ਦੌਰਾਨ ਜਿਹੜੀ ਸਭ ਤੋਂ ਵਧੇਰੇ ਗੱਲ ਮੈਨੂੰ ਸਾਡੇ ਪੰਜਾਬੀ ਲੋਕਾਂ ਨੇ ਕਈ ਥਾਂਈ ਮਿਲਣ 'ਤੇ ਆਖੀ, ਉਹ ਇਹ ਸੀ ਕਿ ਸਾਡੇ ਗੁਰੂਆਂ-ਪੀਰਾਂ ਨੇ ਤਾਂ ਜਾਤਾਂ-ਪਾਤਾਂ ਦਾ ਖਾਤਮਾ ਕੀਤਾ ਸੀ ਤੇ 'ਮਾਨਸ ਕੀ ਜਾਤ ਸਭੈ ਏਕ ਪਹਿਚਾਬੋ' ਦਾ ਸੰਦੇਸ਼ਾ ਦਿੱਤਾ ਸੀ ਪਰ ਇਹਨਾਂ ਮੁਲਕਾਂ ਵਿੱਚ ਆਣ ਕੇ ਧਾਰਮਿਕ ਅਦਾਰਿਆਂ ਦੇ ਚੌਧਰੀਆਂ ਨੇ ਗੁਰੂਆਂ ਦਾ ਸੰਦੇਸ਼ ਤਾਂ ਬਿਲਕੁਲ ਈ ਅੱਖੋਂ-ਪਰੋਖੇ ਕਰ ਦਿੱਤਾ ਤੇ ਸਗੋਂ ਉਹਨਾਂ ਜਾਤਾਂ-ਪਾਤਾਂ ਦੀਆਂ ਦੀਆਂ ਹੱਦੋਂ ਵੱਧ ਵੰਡੀਆਂ ਪਾ ਦਿੱਤੀਆਂ ਨੇ। ਲੋਕਾਂ ਨੇ ਦੁਖੀ ਮਨ ਨਾਲ ਉਦਾਹਰਨਾ ਦਿੰਦਿਆਂ ਦੱਸਿਆ ਕਿ ਏਥੇ ਦੇਖੋ ਕਿੰਨੇ ਗੁਰੂ ਘਰ ਹਨ ਤੇ ਸਭਂਨਾਂ ਦੇ ਨਾਂ ਅਲੱਗ-ਅਲੱਗ ਜਾਤਾਂ-ਗੋਤਾਂ 'ਤੇ ਅਧਾਰਿਤ ਹਨ, ਜਦੋਂ ਕਿ ਸਾਡੇ ਗੁਰੁ-ਘਰ ਤਾਂ ਸਭਨਾਂ ਦੇ ਸਾਂਝੇ ਤੇ ਸਿਰਫ਼ ਗੁਰੂਆਂ ਦੇ ਨਾਂਵਾਂ 'ਤੇ ਹੀ ਬਣੇ ਹੋਣੇ ਚਾਹੀਦੇ ਹਨ।
ਗੁਰੂ ਘਰਾਂ ਵਿੱਚ ਪ੍ਰਬੰਧਕਾਂ ਦੇ ਪੈਂਦੇ ਆਪਸੀ ਕਲੇਸ਼ ਤੋਂ ਵੀ ਲੋਕ ਦੁਖੀ ਹੋਏ ਮਿਲੇ। ਗੁਰੂਆਂ ਨੇ ਤਾਂ ਸਾਨੂੰ ਏਕੇ ਤੇ ਸਦਭਾਵਨਾ ਦਾ ਸੁਨੇਹਾ ਦਿੱਤਾ ਸੀ ਤੇ ਏਹ ਸੇਵਾਦਾਰ ਆਪਸ ਵਿੱਚ ਲੜ-ਲੜ ਕੇ ਪਤਾ ਨਹੀਂ ਲੋਕਾਂ ਨੂੰ ਕਿਹੜਾ ਸੰਦੇਸ਼ ਦੇਣਾ ਚਾਹੁੰਦੇ ਹਨ?
*************
'ਵਲੈਤ ਵਿੱਚ ਬੱਚੇ ਆਪਣੀ ਮਤਰੇਈ 'ਮਾਂ' ਨੂੰ 'ਮਾਂ' ਨਹੀਂ ਕਹਿੰਦੇ', ਇਹ ਗੱਲ ਮੈਂ ਜਦ ਉਥੇ ਜਾ ਕੇ ਸੁਣੀ ਤਾਂ 'ਕੱਚੀ ਜਿਹੀ ਗੱਲ' ਜਾਪੀ ਸੀ। ਜਦ ਇਹ ਗੱਲ ਤੋਤੇ ਅੰਕਲ ਨੂੰ ਪੁੱਛੀ ਤਾਂ ਉਹ ਕਹਿਣ ਲੱਗਾ, "ਬਿਲਕੁਲ ਸੱਚੀ ਗੱਲ ਐ...ਏਥੋਂ ਦੇ ਜੰਮਪਲ ਜੁਆਕ ਮਤਰੇਈ ਮਾਂ ਦਾ ਨਾਂ ਲੈ ਕੈ ਹੀ ਬੁਲਾਉਂਦੇ ਐ..ਤੂੰ ਦੂਰ ਨਾ ਜਾਹ...ਅੱਜ ਸ਼ਾਮ ਨੂੰ ਮੇਰੀ ਪਹਿਲੀ ਘਰ ਵਾਲੀ ਦੀ ਕੁੜੀ ਆਊਗੀ...ਉਹ ਮੇਰੀ ਹੁਣ ਵਾਲੀ ਘਰ ਵਾਲੀ ਨੂੰ ਉਹਦਾ ਨਿੱਕ ਨਾਂ ਲੈ ਕੇ ਬੁਲਾਊਗੀ...ਤੂੰ ਆਪ ਦੇਖ ਲਵੀਂ ਭਾਵੇ।" ਸ਼ਾਮ ਨੂੰ ਕੁੜੀ ਤੇ ਉਹਦੀ ਗੋਰੀ ਸਹੇਲੀ ਆਈਆਂ, ਕੁੜੀ ਨੇ ਬੂਹੇ ਵੜਦਿਆਂ ਮਤਰੇਈ ਮਾਂ ਨੂੰ ਕਿਹਾ,"ਕੀ ਹਾਲ ਨੇ ਤੇਰੇ ਪੀ੍ਰਤ?" ਤੋਤੇ ਅੰਕਲ ਦੀ ਇਸ ਦੂਜੀ ਘਰ ਵਾਲੀ ਦਾ ਨਾਂ ਪ੍ਰੀਤਮ ਕੌਰ ਹੈ। ਅੱਖੀਂ ਦੇਖ ਕੇ ਤੇ ਸੁਣ ਕੇ ਮੈਂ ਵਲੈਤ ਦੇ ਵੰਨ-ਸੁਵੰਨੇ ਰੰਗਾਂ ਬਾਰੇ ਸੋਚਦਾ ਰਿਹਾ ਸਾਂ। ਤੋਤੇ ਅੰਕਲ ਨੇ ਪੱਬ ਵਿੱਚ ਬੈਠਿਆਂ ਦੱਸਿਆ ਕਿ ਜਦੋਂ ਪਹਿਲੀ ਘਰ ਵਾਲੀ ਮਰ ਗਈ ਸੀ ਤਾਂ ਦੋਵੇਂ ਬੱਚਿਆਂ ਨੇ ਸਾਫ-ਸਾਫ਼ ਹੀ ਕਹਿ ਦਿੱਤਾ ਸੀ ਕਿ ਡੈਡ ਅਸੀਂ ਤੁਹਾਡੀ ਪਰਸਨਲ ਲਾਈਫ਼ ਵਿੱਚ ਕੋਈ ਦਖਲ ਨਹੀਂ ਦੇਣਾ...ਤੁਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਸਕਦੇ ਹੋ ਪਰ ਇੱਕ ਗੱਲ ਸਾਫ਼ ਹੈ ਕਿ ਡੈਡ ਤੇਰੀ ਦੂਜੀ ਘਰ ਵਾਲੀ ਸਾਡੀ ਮਾਂ ਨਹੀਂ ਹੋਵੇਗੀ, ਸਗੋਂ ਸਾਡੀ ਦੋਸਤ ਹੋਵੇਗੀ, ਅਸੀਂ ਆਪਣੀ ਪਹਿਲੀ ਮਾਂ ਵਾਲਾ ਪਿਆਰ-ਸਤਿਕਾਰ ਨਾ ਉਸਤੋਂ ਲੈ ਸਕਾਂਗੇ ਤੇ ਨਾ ਉਸਨੂੰ ਦੇ ਸਕਾਂਗੇ।
ਸੱਠ ਸਾਲਾਂ ਤੋਂ ਵਲੈਤ ਵਿੱਚ ਵੱਸ ਰਹੇ ਤੋਤੇ ਅੰਕਲ ਦੀਆਂ ਗੱਲਾਂ ਬਹੁਤ ਹੈਰਾਨ ਕਰਨ ਵਾਲੀਆਂ ਸਨ। ਉਸਨੇ ਦੱਸਿਆ ਕਿ ਇੱਥੇ ਵਿਆਹ ਬੁਰੀ ਤਰਾਂ੍ਹ ਟੁੱਟ ਰਹੇ ਹਨ, ਅੱਜ ਵਿਆਹ ਹੁੰਦਾ ਹੈ ਤੇ ਕੱਲ੍ਹ ਨੂੰ ਤਲਾਕ। ਵਿਆਹ ਤੋਂ ਮਗਰੋਂ ਮੁੰਡਾ-ਕੁੜੀ ਹਨੀਮੂਨ 'ਤੇ ਗਏ। ਕੁੜੀ ਮੁੰਡੀ ਨੂੰ ਪੁੱਛਦੀ ਹੈ ਕਿ ਤੇਰੇ ਘਰ ਵਿੱਚ ਡਸਟਬਿਨ ਕਿੰਂਨੇ ਹਨ? ਮੁੰਡਾ ਕਹਿੰਦਾ, "ਤੂੰ ਕੀ ਪੁੱਛ ਰਹੀ ਏਂ, ਮੈਂ ਸਮਝਿਆ ਨਹੀਂ।" ਕੁੜੀ ਕਹਿੰਦੀ, "ਮੇਰੇ ਕਹਿਣ ਤੋਂ ਭਾਵ ਕਿ ਤੇਰੇ ਘਰ ਵਿੱਚ ਬੁੱਢੇ-ਬੁੱਢੀਆਂ ਕਿੰਨੇ ਹਨ..?" ਮੁੰਡਾ ਖਾਮੋਸ਼ ਹੋ ਗਿਆ। ਉਸਨੇ ਵੀ ਤੇ ਕੁੜੀ ਨੇ ਵੀ ਆਪੋ-ਆਪਣੇ ਘਰੀਂ ਫੋਨ ਕਰਕ ਦਿੱਤੇ ਕਿ ਅਸੀਂ ਇਕੱਠੇ ਨਹੀਂ ਰਹਿ ਸਕਦੇ। ਉਹਂਨਾਂ ਦੇ ਮਾਪੇ ਕੋਰਟ ਵਿੱਚ ਆਏ ਤੇ ਤਲਾਕ ਲੈ ਕੇ ਉਥੋਂ ਹੀ ਸਿੱਧੇ ਆਪਣੇ-ਆਪਣੇ ਘਰੀਂ ਚਲੇ ਗਏ...ਏਥੇ ਜਿਹਦਾ ਵਿਆਹ ਨਹੀਂ ਟੁਟਦਾ ਉਹ ਕਰਮਾਂ ਭਾਗਾਂ ਵਾਲਾ ਜੀਵ ਐ…ਏਹ ਵਲੈਤ ਹੈ...ਇਸਦੇ ਰੰਗ ਵੰਨ-ਸੁਵੰਨੇ ਹਨ...ਹਰ ਕੋਈ ਇਹਨਾਂ ਰੰਗਾਂ ਨੂੰ ਦੇਖ ਨਹੀਂ ਸਕਦਾ ਪਿਆਰੇ!"
No comments:
Post a Comment