ਪ੍ਰਭਜੀਤ ਨਰਵਾਲ
ਕਾਹਦੇ ਰਿਸ਼ਤੇ ਨਾਤੇ ਮਿੱਤਰੋ, ਕਾਹਦੇ ਭੈਣ ਤੇ ਭਾਈ
ਮਾਂ ਦੀ ਥਾਂ ਮਾਂ ਬਣ ਨਹੀਂ ਸਕਦੀ, ਨਾ ਚਾਚੀ ਨਾ ਤਾਈ
ਬੜੀ ਸਾਂਝ ਬਈ ਬੜੀ ਸਾਂਝ, ਸਭ ਹੈ ਇਕ ਦਿਖਾਵਾ
ਹਰ ਕੋਈ ਹੈ ਦਾਅ ਤੇ ਬੈਠਾ, ਭਰਾ ਤੇ ਭਰਜਾਈ।
ਹਰ ਰਿਸ਼ਤੇ ਦੇ ਵਿੱਚ ਮਿਲਾਵਟ, ਹੁਣ ਤਾਂ ਏਦਾਂ ਹੋ ਗਈ
ਜਿਵੇਂ ਮਿਲਾਵਟ ਕਰਕੇ ਖੋਆ, ਵੇਚੀ ਜਏ ਹਲਵਾਈ।
ਜਿੰਨਾਂ ਮਰਜ਼ੀ ਜ਼ੋਰ ਲਾ ਲਵੋ, ਉਨ੍ਹਾਂ ਕਦੇ ਨਾ ਛੱਡਣੀ
ਮੁਫ਼ਤ ਦੀ ਕੋਠੀ, ਮੁਫ਼ਤ ਦੀ ਪੈਲੀ, ਹੱਥ ਜਿਨ੍ਹਾਂ ਦੇ ਆਈ।
ਪੈੱਗ ਕੁ ਲਾ ਕੇ ਠੇਕੇ ਮੋਹਰੇ, ਟਹਿਲ ਤਾਂ ਸਹੀ ਸਰਦਾਰਾ
ਜੱਫ਼ੀਆਂ ਪਾਉਣ ਲਈ ਬੜੇ ਮਿਲਣਗੇ, ਬਣ ਕੇ ਗੂੜ੍ਹੇ ਬਾਈ।
ਏਥੋਂ ਤੱਕ ਪਹਿਚਾਣ ਤੁਸਾਂ ਦੀ, ਏਥੇਂ ਤੱਕ ਜ਼ਰੂਰਤ
ਕਿ ਹੱਡ ਖ਼ੋਰ ਕੇ ਟੱਬਰੀਆਂ ਤਾਂਈਂ, ਭੇਜੀ ਜਾਉ ਕਮਾਈ।
ਪਰਖ਼ ਲਿਆ, ਏਸ ਤਾਕ ਵਿਚ, ਹੈ ਸਾਰਾ ਲੁੰਗ ਲਾਣਾ
ਕਿ ਬਾਹਰਲਿਆਂ ਦੀ ਖੱਲ ਲਾਹ ਲਵੋ, ਲਾਹੁੰਦਾ ਜਿਵੇਂ ਕਸਾਈ।
ਤੰਗੀਆਂ ਝੱਲ ਝੱਲ ਜਿੰਨੇ ਮਰਜ਼ੀ, ਸੱਦ ਲਉ ਭਾਈ ਭਤੀਜੇ
ਹੋਇਆ ਖਰਚਾ ਮੰਗ ਕੇ ਦੇਖੋਂ, ਪੈਂਦੀ ਕਿਵੇਂ ਲੜਾਈ।
ਘਰਵਾਲੀ ਤੇ ਬੱਚਿਆਂ ਤੋਂ ਛੁੱਟ, ਰੁਲੋ ਨਾ ਜੱਗ ਲਈ ਯਾਰੋ
ਦੁੱਖ ਵਿਚ ਸਭ ਤੋਂ ਏਹੀ ਨੇੜੇ, ਇਹ ਹੈ ਇਕ ਸੱਚਾਈ।
ਜਿੰਨੀ ਮਰਜ਼ੀ ਵਾਹ ਲਾ ਲਵੋ, ਖੁਸ਼ ਕਿਸੇ ਨਹੀਂ ਹੋਣਾ
'ਪ੍ਰਭਜੀਤ' ਨੇ ਅੱਜ ਜੇਰਾ ਕਰਕੇ, ਸੌ ਦੀ ਇਕ ਸੁਣਾਈ।
No comments:
Post a Comment