ਹਵਾਏ

ਮਲਕੀਅਤ ਸਿੰਘ
ਹਵਾਏ ਨੀ ਹਵਾਏ, ਜਿੱਥੋਂ ਕਿੱਥੋਂ ਦੀ ਵੀ ਲੰਘੇਂ, ਹਾੜਾ ਸੁਗੰਧੀਆਂ ਤੇ ਵੰਡਦੀ ਜਾ
ਦੂਰ ਨੇੜੇ ਵਸੇ ਹੋਏ, ਪਿੰਡਾਂ, ਸ਼ਹਿਰਾਂ ਦੀਆਂ ਰੌਣਕਾਂ ਨੂੰ, ਹੁੱਬ ਹੁੱਬ ਦੱਸਣੇ ਦਾ ਚਾਅ।
ਹਵਾਏ ਨੀ ਹਵਾਏ --------------------------------।

ਫ਼ਰਮਾਹਾਂ ਨੇ ਛੂਕ ਕੇ, ਰਫ਼ਤਾਰ ਤੇਰੀ ਦੱਸਣੀ ਏ, ਉੱਡ ਪੰਛੀਆਂ ਨੇ ਚਾਵਾਂ ਨਾਲ ਖੇਲਣਾ
ਰੁੱਤਾਂ ਨੀ ਸੁਹਾਨੀਆਂ ਨੇ ਫੇਰੀ ਪਾਉਣੀ ਐਸੀ, ਵਿਆਹ ਜਿਵੇਂ ਆਈਆਂ ਹੋਣ ਮੇਲਣਾਂ
ਗੂੜੇ ਸੰਘਣੇ ਬੱਦਲਾਂ ਦੀ, ਲਿਆ ਕੇ ਬਰਸਾਤ, ਕੋਈ ਸੱਤ ਰੰਗੀ ਪੀਂਘ ਦੇ ਚੜ੍ਹਾਅ।
ਹਵਾਏ ਨੀ ਹਵਾਏ------------------------------------।

ਸ਼ੌਕੀਨਣੇ ਨੀ ਅਜ਼ਬ ਏਂ, ਤੂੰ ਮੁੱਦਤਾਂ ਤੋਂ ਵਗਦੀ, ਮੁੱਕੇ ਉੱਕਾ ਕਦੇ ਤੇਰੀ ਵਾਟ ਨਾ
ਤੇਰੇ ਨੀ ਪਿਆਰਿਆਂ ਨੂੰ ਮਾਣ ਰਵੇ ਪੂਰਾ, ਤੇਰੀ ਹੋਂਦ ਵਿੱਚ ਆਵੇ ਕੋਈ ਘਾਟ ਨਾ
ਜਾ ਰਹੇ ਕਾਫ਼ਲੇ ਦੀ, ਧੂੜ ਨੂੰ ਵਰੋਲਾ ਬਣ, ਸ਼ਹਿਯਾਦੀਏ ਨੀ ਅੰਬਰੀਂ ਪਹੁੰਚਾਅ।
ਹਵਾਏ ਨੀ ਹਵਾਏ-----------------------------------।

ਧੂਵੇਂ ਚਾਦਰੇ, ਬੰਨਣ ਵਾਲਿਆਂ ਦੇ ਲੰਘਦਿਆਂ, ਗਲੀਆਂ ਦੇ ਪਾਸੇ ਹੋਣ ਕੱਖ ਨੀ
ਮੇਲਿਆਂ ਤੇ ਰੌਣਕਾਂ, ਰੰਗੀਨ ਨੇ ਗੁਬਾਰੇ ਛੱਡੇ, ਖੇਡ ਦੇ ਮੈਦਾਨ ਦੇਣ ਦੱਖ ਨੀ
ਮੁੱਛ ਫੁੱਟ ਚੋਬਰਾ ਨੂੰ, ਹਾਸੇ ਭਾਣੇ ਰਹਿਬਰੇ ਨੀ, ਛਾਤੀਆਂ ਤੇ ਲੈਣ ਦੇ ਫੈਲਾਅ।
ਹਵਾਏ ਨੀ ਹਵਾਏ ---------------------------------।

ਖੁੰਡਾਂ ਤੇ ਬੈਠੇ, ਸਿਆਣੇ ਬਜ਼ੁਰਗਾਂ ਨੇ ਵੀ ਹੁਣ, ਤੇਰੀਆਂ ਹੀ ਛੇੜੀਆਂ ਕਹਾਣੀਆਂ
ਸੱਥਾਂ 'ਚ ਚਰਚਾ ਤੇ ਪਿੱਪਲਾਂ ਦੇ ਪੱਤਿਆਂ ਤੋਂ, ਏਹੋ ਰਮਜ਼ਾਂ ਨੇ ਜਾਣੀਆਂ ਪਛਾਣੀਆਂ
ਮਲਕੀਅਤ ਪ੍ਰਦੇਸ ਬੈਠਾ, ਸੁੱਖ ਮੰਗੇ ਦੁਨੀਆ ਦੀ, ਸਾਡੇ ਚੱਤੋ ਪਹਿਰ ਹੌਸਲੇ ਵਧਾਅ।
ਹਵਾਏ ਨੀ ਹਵਾਏ-------------------------------------।

No comments:

Post a Comment