ਪ੍ਰਭਜੀਤ ਨਰਵਾਲ
ਸ਼ਾਇਦ ਹੀ ਹੁਣ ਸ਼ਹਿਰ ਤੇਰੇ ਵੱਲ, ਪਏ ਫ਼ੱਕਰਾਂ ਦਾ ਫ਼ੇਰਾ।
ਸੱਚ ਲਿਖਣ ਲਈ ਪੁੱਛ ਨਾ ਕੀਤਾ, ਕਿੱਡਾ ਅੱਜ ਮੈਂ ਜੇਰਾ।
ਆਉਣੇ ਵਾਲਾ ਵਕਤ ਇਜਾਜ਼ਤ, ਦੇਵੇ ਕਿ ਨਾ ਦੇਵੇ
ਸ਼ਾਇਦ ਤੇਰੇ ਵੱਲ ਆਖ਼ਰੀ, ਇਹ ਲਿਖਿਆ ਖ਼ਤ ਮੇਰਾ।
ਮੈਨੂੰ ਮੇਰੇ ਹਾਲ ਤੇ ਛੱਡ ਦੇ, ਏਹੀ ਸਜ਼ਾ ਹੈ ਮੇਰੀ
ਮਾਫ਼ ਕਰੀਂ ਨਾ ਕਰੀ ਫ਼ੇਰ ਵੀ, ਦੇਣਦਾਰ ਹਾਂ ਤੇਰਾ।
ਮੈਂ ਵੀ ਵਫ਼ਾ ਨਿਭਾ ਨਾ ਸਕਿਆ, ਮੇਰੀ ਸੀ ਮਜ਼ਬੂਰੀ
ਸੱਚ ਕਹਾਂ ਕਿ ਤੂੰ ਤਾਂ ਅੜੀਏ, ਕੀਤਾ ਪਿਆਰ ਬਥੇਰਾ।
ਕਰਦੀ ਰਹੀਂ ਕਬੂਲ ਮੇਰੀਆਂ, ਨਿੱਕਲੀਆਂ ਦਿਲੋਂ ਦੁਆਵਾਂ
ਤੇਰੀ ਸਰਦਲ ਤੇ ਨਿੱਤ ਢੁੱਕੇ, ਹਰ ਪਲ ਖੁਸ਼ੀ ਤੇ ਖੇੜਾ।
ਮਾਫ਼ ਕਰੀਂ ਕਿ ਏਨਾ ਹੀ ਮੈਂ, ਦੇ ਸਕਦਾਂ ਸਿਰਨਾਵਾਂ
ਕਿ ਬੜੀ ਦੂਰ ਤੇ ਦੇਸ਼ ਪਰਾਏ, ਮੇਰਾ ਰੈਣ ਬਸੇਰਾ।
ਮੇਲ ਮਿਲਾਪਾਂ ਦੇ ਤਾਂ ਲਮਹੇਂ, ਹੋਣੇ ਨਹੀਂ ਨਸੀਬੀਂ
ਪਰ ਯਾਦ ਤੇਰੀ ਦਾ ਦਿੱਲ ਦੀ ਜੂਹ 'ਚ, ਬਣਿਆ ਰਹਿਣਾ ਡੇਰਾ।
"ਪ੍ਰਭਜੀਤਾ" ਸਭ ਬੀਤਿਆ ਹੋਇਆ, ਨਾ ਰੱਖੀਏ ਗਲ ਲਾ ਕੇ
ਨਵੀਆਂ ਸਦਾ ਉਮੀਦਾਂ ਲੈ ਕੇ, ਆਵੇ ਨਵਾਂ ਸਵੇਰਾ।
No comments:
Post a Comment