ਸੁਖਦੀਪ ਗਿੱਲ ਮੋਗਾ
ਪਹਿਲਾ ਅੰਗਰੇਜ਼ੀ ਹਕੂਮਤ ਦੇ ਕਹਿਰ, ਫਿਰ ਸੰਨ ਸੰਤਾਲੀ ਦੀ ਦੀਆ ਮਾਰਾਂ, ਮਗਰੋ ਕਾਲੇ ਦੌਰ ਤੇ ਪਤਾ
ਨੀ ਹੋਰ ਕਿੰਨਿਆ ਦੁੱਖਾਂ ਦਾ ਝੰਬਿਆ ਪੰਜਾਬ ਅੱਜਕੱਲ ਬਾਬਿਆ ਡਿੱਕੇ ਵੀ ਚੜ੍ਹਿਆ ਹੋਇਆ ਹੈ। ਥਾਂ-ਥਾ
ਬਣੀਆ ਡੇਰੇ ਨੁਮਾ ਆਲੀਸ਼ਾਨ ਇਮਾਰਤਾ ਇਸ ਗੱਲ ਦਾ ਪ੍ਰਤੱਖ ਸਬੂਤ ਨੇ ਕਿ ਪੰਜਾਬ ਕਿਸ ਤਰਾਂ ਡੇਰਾਵਾਦ
ਵਿੱਚ ਬੁਰੀ ਤਰ੍ਹਾ ਜਕੜਿਆ ਪਿਆ ਹੈ ਤੇ ਅਸੀ ਲੋਕ ਕਿਸ ਤਰ੍ਹਾਂ ਆਪਣੀ ਮਿਹਨਤ ਮਜਦੂਰੀ ਦੀ ਕਮਾਈ
ਇਹਨਾ ਵਿਹਲੜਾਂ ਦੀਆਂ ਗੋਲਕਾਂ ਵਿੱਚ ਸੁੱਟੀ ਜਾਂਦੇ ਹਾਂ ਤੇ ਖੁਦ ਆਪਣੀ ਮਾੜੀ ਕਿਸਮਤ ਨੂੰ ਕੋਸੀ ਜਾ
ਰਹੇ ਹਾਂ ਜੋ ਬਣਾਇਆ ਹੀ ਬਣਦੀ ਹੈ।ਪਰ ਇਹਨਾਂ ਬਾਬਿਆ ਦੀਆਂ ਜਾਇਦਾਦਾ ਇਸ ਤਰ੍ਹਾਂ ਵਧਦੀਆ ਜਾ ਰਹੀਆ
ਨੇ ਜਿਵੇ ਇਹ ਕਿਸੇ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਦੇ ਕਰਤਾ ਧਰਤਾ ਹੁੰਦੇ ਨੇ। ਆਉ ਇਹਨਾਂ 'ਅਖੌਤੀ
ਬਾਬਿਆ' ਬਾਰੇ ਕੁਝ ਵਿਚਾਰ ਕਰੀਏ…….
ਗੁਰਬਾਣੀ ਦਾ ਉਪੇਸ਼ ਦੇਣਾ ਕੋਈ ਮਾੜੀ ਗੱਲ ਨਹੀ। ਜੇ ਕੋਈ ਮਹਾਂਪੁਰਸ਼ ਲੋਕਾ ਨੂੰ ਗੁਰਬਾਣੀ ਦਾ ਅਸਲ
ਨਿਚੋੜ ਦੱਸ ਕੇ ਲੋਕਾਂ ਨੂੰ ਸਚਿਆਰੇ ਬਣਨ ਦੀ ਨੇਕ ਸਲਾਹ ਦਿੰਦਾ ਹੈ ਤਾ ਇਹ ਉਚ ਦਰਜੇ ਦਾ ਕੰਮ ਹੈ।
ਕੁਝ ਨੇਕ ਰੂਹਾਂ ਨੇ ਸੱਚਮੁੱਚ ਪੰਜਾਬ ਦਾ ਦਰਦ ਵੰਡਾਇਆ ਹੈ ਤੇ ਮਨੁੱਖਤਾ ਦੀ ਸੇਵਾ ਵਿੱਚ ਆਪਾ ਅਰਪਣ
ਕੀਤਾ ਹੈ। ਪਰ ਗੁਰਬਾਣੀ ਦਾ ਸਹਾਰਾ ਲੈ ਕੇ ਆਪਣੀ ਸ਼ੋਭਾ ਵਧਾਉਣ ਵਾਲੇ ਅਖੌਤੀ ਬਾਬੇ ਜਰੂਰ ਗੁਰਬਾਣੀ
ਦਾ ਅਪਮਾਨ ਕਰ ਰਹੇ ਨੇ। ਜੋ ਲੋਕ ਗੁਰੁ ਗਰੰਥ ਸਾਹਿਬ ਨੂੰ ਆਪਣੀ ਜਾਗੀਰ ਮੰਨ ਕੇ ਆਮ ਲੋਕਾ ਨੂੰ
ਗੁਰਬਾਣੀ ਦੇ ਅਸਲ ਫਲਸਫੇ ਤੂੰ ਦੂਰ ਕਰੀ ਬੈਠੇ ਨੇ ਇੱਥੇ ਉਹਨਾਂ ਦੀ ਗੱਲ ਹੋ ਰਹੀ ਹੈ। ਉਹ 'ਬਾਬੇ'
ਜਿਹੜੇ ਲੋਕਾਂ ਨੂੰ ਵਹਿਮਾਂ ਭਰਮਾਂ ਦੀ ਦਲਦਲ 'ਚ ਧੱਕ ਕੇ ਉਹਨਾਂ ਦੀ ਮਾਨਸਿਕਤਾ ਬੀਮਾਰ ਕਰੀ ਜਾਂਦੇ
ਨੇ, ਉਹ ਬਾਬੇ ਜਿਹੜੇ ਕਾਰ ਸੇਵਾ ਦੇ ਨਾਮ ਤੇ ਲੋਕਾਂ ਦੀ ਅੰਨ੍ਹੀ ਲੁੱਟ ਖਸੁੱਟ ਕਰੀ ਜਾ ਰਹੇ ਨੇ,
ਉਹ ਬਾਬੇ ਜੋ ਲੋਕਾਂ ਦੀ ਜ਼ਮੀਨਾ ਨੱਪੀ ਬੈਠੇ ਨੇ, ਉਹ ਬਾਬੇ ਜੋ ਸਾਨੂੰ ਕਿਰਤ ਕਰਨ ਦਾ ਹੋਕਾ ਦਿੰਦੇ
ਨੇ ਤੇ ਆਪ ਚੌਧਰੀ ਬਣੇ ਬੈਠੇ ਨੇ, ਕੀ ਇਹ 'ਬਾਬੇ' ਸਾਨੂੰ ਦੱਸਣਗੇ ਕਿ ਇਹਨਾਂ ਨੇ ਕਿਹੜੀ ਕਿਰਤ
ਕਮਾਈ ਕੀਤੀ ਹੈ ? ਸਗੋ ਇਹ ਲੋਕ ਤਾਂ ਆਪ ਕਿਰਤੀਆ ਦੀ ਕਮਾਈ ਤੇ 'ਗੁਜ਼ਾਰਾ' ਕਰਦੇ ਨੇ।
ਪੰਜਾਬੀ ਲੋਕ ਵੀ ਕਿਹੜਾ ਘੱਟ ਨੇ। ਬਾਬੇ ਨਾਨਕ ਦੇ ਸਿੱਖ ਅਖਵਾਉਦੇ ਕੁਝ ਸੱਜਣ ਕਿਰਤ ਕਮਾਈ ਕੋਲੋ
ਇੰਨਾ ਪਾਸਾ ਵੱਟੀ ਬੈਠੇ ਨੇ ਕਿ ਵਿਹਲੜਪੁਣਾ ਇਹਨਾ ਦੇ ਹੱਡਾ 'ਚ ਰਚ ਗਿਆ ਹੈ। ਡੇਰਿਆ ਤੇ ਜਾ ਕੇ
ਅਪਣਾ ਆਪ ਖਪਾਉਣ ਵਾਲੇ ਇਹਨਾਂ ਲੋਕਾ ਨੂੰ ਜੇ ਬਾਪੂ ਨੱਕਾ ਮੋੜਨ ਲਈ ਕਹਿ ਦੇਵੇ ਤਾ ਇਹਨਾਂ ਨੂੰ ਮੌਤ
ਪੈ ਜਾਂਦੀ ਹੈ। ਇਹੀ ਕਾਰਨ ਹੈ ਕਿ ਸਾਡੇ ਕੋਲੋ ਹੁਣ ਡੱਕਾ ਵੀ ਦੂਹਰਾ ਨੀ ਕਰ ਹੁੰਦਾ ਤੇ ਸਾਡੀ
ਜਗ੍ਹਾ ਬਿਹਾਰੀ ਮਜਦੂਰਾ ਨੇ ਲੈ ਲਈ ਹੈ। ਕਿਸਮਤ ਬਣਾਉਣ ਦੇ ਚੱਕਰਾਂ 'ਚ ਕਈ ਕਈ ਛੁੱਟੀਆਂ ਇਹਨਾਂ
ਡੇਰੇਦਾਰਾਂ ਦੀ ਸੇਵਾ 'ਚ ਲਗਾਉਣ ਵਾਲੇ ਲੋਕ ਕਿਵੇ ਤਰੱਕੀ ਕਰ ਸਕਦੇ ਨੇ।
ਇੱਕ ਗੱਲ ਦੀ ਸਮਝ ਨਹੀ ਆਉਦੀ ਇਹ 'ਬਾਬੇ' ਬਾਹਰਲੇ ਮੁਲਕਾਂ ਵੱਲ ਐਨਾ ਕਿਉਂ ਭੱਜਦੇ ਨੇ ? ਕੀ ਇਹਨਾਂ
ਨੇ ਸਾਰੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਦਿੱਤਾ ਹੈ? ਕੀ ਇਹਨਾਂ ਨੇ ਸੱਚਮੁੱਚ ਸਾਰੀਆ ਸਮਾਜਿਕ ਬੁਰਾਈਆ
ਤੋ ਸਾਨੂੰ ਛੁਟਕਾਰਾ ਦਿਵਾ ਦਿੱਤਾ ਹੈ। ਨਹੀ ਦੋਸਤੋ ਦਰਅਸਲ ਉਥੇ ਚੜ੍ਹਾਵੇ ਮੋਟੇ ਚੜ੍ਹਦੇ ਨੇ ਤੇ ਜੇ
ਰੁਪਏ ਦਾ ਭਾਅ ਡਾਲਰਾਂ ਨਾਲੋ ਵੱਧ ਜਾਵੇ ਤਾਂ ਸੁੰਹ ਰੱਬ ਦੀ ਇਹ ਕਦੀ ਮੂੰਹ ਨਹੀ ਕਰਨਗੇ ਉਹਨਾਂ
ਮੁਲਕਾਂ ਵੱਲ।
ਲੋਕਾ ਵਿਚਲੀ ਬੀਮਾਰ ਮਾਨਸਿਕਤਾ ਇਹਨਾ ਬਾਬਿਆ ਦੀ ਦੇਣ ਹੈ। ਮਾਵਾਂ ਨੂੰ ਪੁੱਤ ਵੰਡਣ ਵਾਲੇ ਬਾਬੇ
ਧੀਆਂ ਪ੍ਰਤੀ ਦਿਆਲੂ ਕਿਉਂ ਨਹੀ ਹੁੰਦੇ। ਇਹ ਲੋਕਾਂ ਨੂੰ ਕਿਉਂ ਨਹੀ ਦੱਸਦੇ ਕਿ "ਸੋ ਕਿਉਂ ਮੰਦਾ
ਆਖੀਏ ਜਿਸ ਜੰਮੇ ਰਾਜਾਨ"। ਦੱਸਣ ਵੀ ਕਿਵੇ, ਕਿਉਂ ਕਿ ਇਹਨਾ ਬਾਬਿਆ ਨੇ ਸਾਡੀਆ ਕਮਜ਼ੋਰੀਆਂ ਨੂੰ
ਆਪਣੀ ਤਾਕਤ ਬਣਾਇਆ ਹੋਇਆ ਹੈ। ਸਾਡੀ ਦੁਖਦੀ ਰਗ ਤੇ ਹੱਥ ਧਰਕੇ ਇਹ ਬਾਬੇ ਕੋਈ ਵੀ ਖੇਡ ਰਚਾ ਸਕਦੇ
ਨੇ। ਇਸੇ ਕਰਕੇ ਸਿਆਸਤਦਾਨ ਵੀ ਇਹਨਾਂ ਦੇ ਝੋਲੀਚੁੱਕ ਬਣੇ ਬੈਠੇ ਨੇ। ਭੋਲੇ ਭਾਲੇ ਲੋਕ ਇਸੇ ਗੱਲ
ਨੂੰ ਬਾਬਿਆ ਦੀ ਕਰਨੀ ਸਮਝ ਕੇ ਬਾਬਿਆ ਦੀ ਜੈ ਜੈ ਕਾਰ ਕਰਦੇ ਰਹਿੰਦੇ ਨੇ। ਤਰਸ ਆਉਦਾਂ ਹੈ ਇਹਨਾ
ਵਿਚਾਰੇ ਲੋਕਾਂ ਤੇ। ਧਰਮ ਦੇ ਠੇਕੇਦਾਰ ਬਣ ਬੈਠੇ ਇਹ ਅਖੌਤੀ ਬਾਬੇ ਅੱਜ ਕੱਲ੍ਹ ਅਖੰਡ ਪਾਠ ਵੀ ਵੇਚਣ
ਲੱਗ ਪਏ ਤੇ ਅਸੀ ਲੋਕ ਇਹ ਪਾਠ 'ਖਰੀਦ' ਕੇ ਅਪਣੇ ਆਪ ਨੂੰ ਸੁਭਾਗੇ ਮਹਿਸੂਸ ਕਰਦੇ ਹਾਂ। ਗੁਰਬਾਣੀ
ਦੇ ਅਰਥ ਸਮਝਾਉਣ ਦੀ ਥਾਂ ਇਹ ਲੋਕਾ ਨੂੰ ਬੱਸ ਘੋਟੇ ਲਵਾਉਣ ਤੇ ਤੁਲੇ ਹੋਏ ਨੇ।
ਲੋਕਾਂ ਦੀ ਅਤੇ ਰੰਗਲੇ ਪੰਜਾਬ ਦੀ ਤਰਸਯੋਗ ਹਾਲਾਤ ਨੂੰ ਸੁਧਾਰਨ ਦਾ ਟੀਚਾ ਮਿੱਥ ਕੇ ਤੁਰੇ ਮਨਪ੍ਰੀਤ ਬਾਦਲ ਨੂੰ ਸਾਡੀ ਇੱਕੋ ਸਲਾਹ ਹੈ ਕਿ ਜਿੰਨਾ ਉਹ ਡੇਰਾਵਾਦ ਤੋਂ ਦੂਰ ਰਹਿਣਗੇ , ਸੂਝਵਾਨ ਪੰਜਾਬੀ ਉਹਨਾਂ ਦੇ ਨਜ਼ਦੀਕ ਆਉਣਗੇ। ਕਿਤੇ ਇਹ ਨਾ ਹੋਵੇ ਕਿ ਤੁਸੀ ਵੀ ਇਹਨਾਂ ਬੂਬਨੇ ਸਾਧਾਂ ਦੀ ਜੀ ਹਜੂਰੀ ਵਿੱਚ ਮਸ਼ਰੂਫ ਹੋ ਕਿ ਮਨੁੱਖਤਾ ਦੇ ਦਰਦ ਨੂੰ ਭੁੱਲ ਜਾਵੋ। ਆਸ ਹੈ ਕਿ ਇਸ ਤਰ੍ਹਾਂ ਨਹੀ ਹੋਵੇਗਾ ਤੇ ਪੰਜਾਬੀ ਉਸ ਇਤਿਹਾਸਕ ਪਲ ਦੇ ਗਵਾਹ ਬਣਨਗੇ ਜਦੋ ਸੱਚ ਦਾ ਸੂਰਜ ਖੁਸ਼ੀ ਨਾਲ
ਭਰਪੂਰ ਕਿਰਨਾਂ ਲੈ ਕੇ ਪੰਜਾਬ ਦੇ ਅਸਮਾਨਾਂ ਨੂੰ ਰੁਸ਼ਨਾਵੇਗਾ ਤੇ ਇਹ ਕਿਰਨਾਂ ਜੁਗੜਿਆ ਤੋਂ ਪਨਪੇ
ਹਨੇਰੇ ਨੂੰ ਆ ਢਹੁਣਗੀਆ।
No comments:
Post a Comment