ਅਰਜ਼ੋਈ

ਪ੍ਰਭਜੀਤ ਨਰਵਾਲ
ਰੱਬ ਕਰੇ ਨਿੱਤ ਮਾਰੇ ਠਾਠਾਂ,
ਸ਼ਬਦਾਂ ਦਾ ਇਹ ਸਾਗਰ
ਤੇ ਨਿੱਤ ਲਿਖਣ
ਲਈ ਗੀਤ ਮਾਲਕਾ,
ਬਿਰਤੀ ਰਹੇ ਇਕਾਗਰ।
ਭੁੱਲ ਕੇ ਵੀ ਨਾ ਮੇਰੇ ਹੱਥੋਂ,
ਬੁਰਾ ਕਿਸੇ ਦਾ ਹੋਵੇ
ਐਸੀ ਰੱਖੀਂ ਮੇਰੀ ਮੇਰਿਆ,
ਰੱਬਾ ਸੋਚ ਉਜਾਗਰ।
ਵੱਡੀ ਹਸਤੀ ਹੋ ਕੇ ਵੀ ਨਹੀਂ,
ਜੀਵਿਆ ਮੈਥੋਂ ਜਾਣਾ
ਛੋਟਾ ਰਹਿ ਕੇ ਵੀ ਦੁਖੀ ਹੋਊਂ,
ਬੱਸ ਰੱਖੀਂ ਰਤਾ ਬਰਾਬਰ।
ਲੱਖ ਜ਼ਲਾਲਤ ਦੇਵੇ ਦੁਨੀਆਂ,
ਦੇ ਦੇ ਤਾਹਨੇ ਮਿਹਣੇ
ਬੱਸ ਤੇਰੇ ਦਰੋਂ ਨਾ ਧੱਕੇ ਪੈ ਕੇ,
ਹੋਵੇ ਮੇਰੇ ਨਿਰਾਦਰ।
ਮੇਰੀ ਰੂਹ ਨੂੰ ਮੇਰੇ ਸਾਂਈਆਂ,
ਕੁਛ ਐਸਾ ਰੰਗ ਚਾੜ੍ਹੀਂ
ਕਿ ਛੋਟਿਆਂ ਦੇ ਲਈ ਪਿਆਰ ਹੋਏ,
ਤੇ ਵੱਡਿਆਂ ਦੇ ਲਈ ਆਦਰ।
ਤੇਰੇ ਉਤੇ ਭਰੋਸਾ ਮੇਰਾ,
ਤੇ ਤੂੰ ਹੀ ਬਖਸ਼ੀ ਹਿੰਮਤ
ਜੇ ਕਿਧਰੇ ਢੋਣੀ ਵੀ ਪੈ ਜਏ,
ਚੁੱਕ ਪੀੜਾਂ ਦੀ ਗਾਗਰ।
ਮੇਰੇ ਹੁੰਦਾ ਸੁਰਗ ਵੀ ਰੱਬਾ,
ਮੇਰੀ ਮਾਂ ਨੂੰ ਦੇਵੀਂ
ਜਿਸ ਮੈਨੂੰ ਜਣ ਮੈਥੋਂ ਕੀਤਾ,
ਆਪਣਾ ਆਪ ਨਿਛਾਵਰ।
ਮੰਗਤਾ ਬਣ 'ਪ੍ਰਭਜੀਤ' ਤੇਰੇ ਤੋਂ ,
ਇਹ ਵੀ ਇਕ ਵਰ ਚਾਹੁੰਦਾ
ਕਿ ਨਾਲ ਨਿਮਰਤਾ ਉਹੜੀ ਰੱਖਾਂ,
ਮੈਂ ਫ਼ਰਜ਼ਾਂ ਦੀ ਚਾਦਰ।

No comments:

Post a Comment