ਇਹ ਮੇਰਾ ਗੀਤ......ਦੇ ਨਾਮ

ਗੁਰਮੀਤ ਸਿੰਘ ਮਹਿਰੋਂ
ਇਹ ਮੇਰਾ ਗੀਤ ਰੁੱਸੀਆਂ ਤਕਦੀਰਾਂ ਦੇ ਨਾਮ।
ਜੋ ਕੌਮ ਲਈ ਆਪਾ ਵਾਰ ਗਏ,
ਉਹਨਾਂ ਮਾਵਾਂ, ਭੈਣਾਂ,
ਬੱਚਿਆਂ ਤੇ ਵੀਰਾਂ ਦੇ ਨਾਮ।

ਇਹ ਗੀਤ ਮੇਰਾ ਝੱਖੜ ਤੂਫ਼ਾਨਾਂ ਦੇ ਨਾਮ।
ਕਰਜੇ ਦੇ ਮਾਰੇ ਜੋ ਖ਼ੁਦ ਨੂੰ ਮਾਰ ਗਏ,
ਓਹਨਾਂ ਮਜ਼ਬੂਰ ਕਿਸਾਨਾਂ ਦੇ ਨਾਮ।

ਇਹ ਗੀਤ ਉਸ ਮੁਸ਼ਕਲ ਭਾਰੀ ਦੇ ਨਾਮ,
ਵਿਦੇਸ਼ਾਂ 'ਚ ਰੁਲਦੀ ਜਵਾਨੀ ਦੇ ਨਾਮ,
ਏਥੋਂ ਦੀ ਬੇਰੁਜ਼ਗਾਰੀ ਦੇ ਨਾਮ।

ਇਹ ਗੀਤ ਮੇਰਾ ਮੋਏ ਜੀਆਂ ਦੇ ਨਾਮ।
ਦਾਜ਼ ਲਈ ਸੜੀਆਂ ਭੈਣਾਂ ਦੇ ਨਾਮ,
ਕੁੱਖਾਂ 'ਚ ਫੁੰਡੀਆਂ ਧੀਆਂ ਦੇ ਨਾਮ।

ਇਹ ਗੀਤ ਹੈ ਓਸ ਤਬਾਹੀ ਦੇ ਨਾਮ।
ਮਾਰੇ ਨਿਦੋਸ਼ੇ ਸਿੰਘਾਂ ਦੇ ਨਾਮ,
ਭਾਈ 'ਖਾਲੜੇ' ਦੀ ਗਵਾਹੀ ਦੇ ਨਾਮ।

ਇਹ ਗੀਤ ਮੇਰਾ ਓਸ ਨਵਾਬੀ ਦੇ ਨਾਮ।
ਲੱਚਰਪੁਣੇ ਦੀ ਜੋ ਹਨੇਰੀ 'ਚ ਰੁਲਗੀ,
ਮੇਰੀ ਮਾਂ ਬੋਲੀ ਪੰਜਾਬੀ ਦੇ ਨਾਮ।

ਇਹ ਗੀਤ ਗੁਰੂ ਨਾਨਕ ਦੇ ਪੈਰਾਂ ਦੇ ਨਾਮ।
ਜਿਨ੍ਹਾਂ ਨੇ ਕੀਤੀ ਮਾਂ ਬੋਲੀ ਦੀ ਸੇਵਾ,
"ਗੁਰਮੀਤ" ਵੇ ਓਹਨਾਂ ਸ਼ਾਇਰਾਂ ਦੇ ਨਾਮ।

1 comment:

  1. ਵੀਰੋ ਮੈਂ ਤੁਹਾਡੀ ਫ਼ਨਕਾਰਾਂ ਦੀ ਸੱਥ ਵਿੱਚ ਨਿਆਣਾਂ ਹਾਂ,,ਮੈਂਨੂੰ ਹੋਰ ਸੇਧ ਦੇਣ ਤੋਂ ਝਿਜਕਿਓ ਨਾ....gurmeetmehron@gmail.com 9876233751....8528530330

    ReplyDelete