ਖਿਡਾਰੀਆਂ ਨੂੰ ਕਰੋੜਾਂ ਦੇ ਗੱਫੇ, ਲਿਖਾਰੀਆਂ ਨੂੰ ਕੀ?

ਨਿੰਦਰ ਘੁਗਿਆਣਵੀ
ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖੇਡਾਂ ਨੂੰ ਖਾਸ ਕਰਕੇ (ਮਾਂ ਖੇਡ ਕਬੱਡੀ ਨੂੰ) ਉਤਸ਼ਾਹਿਤ ਕਰਨ ਵਾਸਤੇ ਬੜੇ ਉਤਾਵਲੇ ਦਿਖਾਈ ਦੇ ਰਹੇ ਹਨ। ਇਹ ਚੰਗੀ ਗੱਲ ਹੈ। ਉਹ ਕਹਿੰਦੇ ਹਨ ਕਿ ਉੱਪ-ਮੁੱਖ-ਮੰਤਰੀ ਵਜੋਂ ਸਹੁੰ ਚੁੱਕਣ ਬਾਅਦ ਜਦੋਂ ਮੈਨੂੰ ਮੇਰੇ ਪਿਤਾ ਜੀ ਨੇ ਪੁੱਛਿਆ ਕਿ ਤੈਨੂੰ ਕਿਹੜਾ ਮਹਿਕਮਾ ਦੇਈਏ, ਤਾਂ ਮੈਂ ਕਿਹਾ ਕਿ ਮੈਨੂੰ ਖੇਡਾਂ ਦਾ ਮਹਿਕਮਾ ਦੇ ਦਿਓ। ਮੈਂ ਖੇਡਾਂ ਦਾ ਵਿਕਾਸ ਕਰਨਾ ਹੈ। ਕਈ ਸਮਾਗਮਾਂ ਵਿੱਚ ਉਹਨਾਂ ਨੂੰ ਬੋਲਦਿਆਂ ਸੁਣਿਆ ਹੈ, ਉਹ ਆਖਦੇ ਹਨ, "ਏਸ ਤੋਂ ਪਹਿਲਾਂ ਕਬੱਡੀ ਨੂੰ ਕੋਈ ਜਾਣਦਾ ਤੱਕ ਨਹੀਂ ਸੀ...ਜਦੋਂ ਅਸੀਂ ਪੰਜਾਬ ਵਿੱਚ ਵਿਸ਼ਵ ਕਬੱਡੀ ਕੱਪ ਕਰਵਾਇਆ ਤਾਂ ਦੁਨੀਆਂ ਭਰ ਵਿੱਚ ਕਬੱਡੀ ਦੀ ਬੱਲੇ-ਬੱਲੇ ਹੋਗੀ...ਲੋਕਾਂ ਨੂੰ ਪਤਾ ਲੱਗ ਗਿਆ ਕਿ ਕੋਈ ਕਬੱਡੀ ਵੀ ਖੇਡ ਹੈਗੀ।"
ਬੜੀ ਹੈਰਾਨੀ ਹੁੰਦੀ ਹੈ ਇਹ ਸੁਣ ਕੇ ਤੇ ਮਨ ਵਿੱਚ ਸੁਆਲ ਉਠਦੇ ਹਨ, ਕਿ ਸੱਚੀਓਂ ਹੀ ਇਸ ਤੋਂ ਪਹਿਲਾਂ ਕਬੱਡੀ ਨੂੰ ਕੋਈ ਜਾਣਦਾ ਈ ਨਹੀਂ ਸੀ? ਹੱਦ ਹੋ ਗਈ...ਪਾਠਕ ਹੀ ਦੱਸਣ ਕਿ ਤੁਸੀਂ ਵੀ ਨਹੀਂ ਸੀ ਜਾਣਦੇ ਉਦੋਂ ਤੀਕ ਕਬੱਡੀ ਨੂੰ ? ਇਹ ਤਾਂ ਇਓਂ ਗੱਲ ਹੋਈ...ਬਈ ਜਿਵੇਂ ਸਰਕਾਰ ਪੰਜਾਬੀ ਬੋਲੀ ਬਾਰੇ ਕੋਈ ਕਾਨਫਰੰਸ ਕਰਵਾ ਕੇ ਇਹ ਆਖੇ ਕਿ ਇਸ ਤੋਂ ਪਹਿਲਾਂ ਪੰਜਾਬੀ ਬੋਲੀ ਨੂੰ ਕੋਈ ਜਾਣਦਾ ਹੀ ਨਹੀਂ ਸੀ...ਹੁਣ ਹੀ ਜਾਣਿਆ ਜਾਣ ਲੱਗਿਆ ਹੈ ਪੰਜਾਬੀ ਬੋਲੀ ਨੂੰ।
ਸੁਖਬੀਰ ਸਿੰਘ ਬਾਦਲ ਦੇ ਕਦਮਾਂ ਵਿੱਚ ਪੰਜਾਬ ਦੇ ਵਿਕਾਸ ਦੀ ਕਾਹਲ ਹੈ। ਚੰਗੀ ਗੱਲ ਹੈ। ਉਹ ਜਿੱਥੇ ਵੀ ਜਾਂਦੇ ਹਨ, ਜਿਵੇਂ ਹੱਥ ਲਾ ਕੇ ਹੀ ਮੁੜਦੇ ਹਨ। ਕਾਹਲੀ ਕੀਤਿਆਂ ਕੁਝ ਨਹੀਂ ਜੇ ਬਣਨਾ! ਉਹ ਕਬੱਡੀ ਦੇ ਮੈਚਾਂ 'ਤੇ ਜਾਂਦੇ ਹਨ, ਖਿਡਾਰੀਆਂ ਨੂੰ ਤੇ ਖੇਡ ਕਲੱਬਾਂ ਨੂੰ ਲੱਖਾਂ ਰੁਪਏ ਦੇ ਕੇ ਆਉਂਦੇ ਹਨ। ਪੰਜਾਬ ਦੇ ਭਾਸ਼ਾ ਵਿਭਾਗ, ਪੰਜਾਬੀ ਸਾਹਿਤ ਅਕਾਦਮੀ, ਕੇਂਦਰੀ ਲਿਖਾਰੀ ਸਭਾ, ਪੰਜਾਬੀ ਭਵਨ ਜਾਂ ਕਿਸੇ ਹੋਰ ਸਾਹਿਤਕ ਪਲੇਟਫਾਰਮ ਲਈ ਉਹਨਾਂ ਹੁਣ ਤੀਕ ਜੇਭ੍ਹ ਘੁੱਟ ਰੱਖੀ ਹੈ।
ਹੁਣ ਜਦੋਂ ਪੰਜਾਬ ਦੇ ਖੇਡ ਵਿਭਾਗ ਨੇ ਲੱਗਭਗ 50 ਖਿਡਾਰੀਆਂ ਨੂੰ ਸਾਢੇ ਸੱਤ ਕਰੋੜ ਦੇ ਨਕਦ ਇਨਾਮ ਦੇ ਕੇ ਸਨਮਾਨਿਆ ਹੈ ਤਾਂ ਪੰਜਾਬੀ ਮਾਂ ਬੋਲੀ ਦੇ ਨਾਂ 'ਤੇ ਸਥਾਪਿਤ ਭਾਸ਼ਾ ਵਿਭਾਗ 'ਤੇ ਡਾਹਢਾ ਤਰਸ ਜਾਗਦਾ ਹੈ ਕਿ ਕਿ ਇਸ ਨਾਲੋਂ ਤਾਂ ਪੰਜਾਬ ਦਾ ਖੇਡ ਵਿਭਾਗ ਹੀ ਭਾਗਾਂ ਵਾਲਾ ਹੋਇਆ! ਬੀਬੀ ਡਾ. ਉਪਿੰਦਰ ਜੀਤ ਕੌਰ ਭਾਸ਼ਾ ਵਿਭਾਗ ਦੀ ਮੰਤਰੀ ਰਹਿ ਕੇ ਸਾਲ 2009 ਤੱਕ ਦੇ ਸ੍ਰੋਮਣੀ ਪੁਰਸਕਾਰ ਦਿਲਵਾ ਗਏ ਸਨ, ਹੁਣ ਦੋ ਸਾਲ ਦੇ ਪੁਰਸਕਾਰ ਬਕਾਇਆ ਪਏ ਹਨ। ਜਦ ਸੇਵਾ ਸਿੰਘ ਸੇਖਵਾਂ ਕੋਲ ਭਾਸ਼ਾ ਵਿਭਾਗ ਆ ਗਿਆ ਤਾਂ ਉਹਨਾਂ ਅੰਮ੍ਰਿਤਸਰ ਵਿਖੇ ਭਾਸ਼ਾ ਵਿਭਾਗ ਦੀ ਇੱਕ ਸਾਹਿਤਕ ਗੋਸ਼ਟੀ ਵਿੱਚ ਐਲਾਨ ਕੀਤਾ ਸੀ ਕਿ ਭਾਸ਼ਾ ਵਿਭਾਗ ਨੂੰ ਪੁਰਾਣੇ ਖਰੜਿਆਂ ਦੀ ਛਪਵਾਈ ਲਈ ਡੇਢ ਕਰੌੜ ਰੁਪਏ ਦੀ ਰਕਮ ਰਾਖਵੀਂ ਰੱਖੀ ਗਈ ਹੈ, ਉਦੋਂ ਦਾ ਕੀਤਾ ਉਹ ਐਲਾਨ ਹਾਲੇ ਵੀ ਫੋਕਾ ਐਲਾਨ ਹੀ ਹੈ। ਕੱਖ ਨਹੀਂ ਹੋਇਆ।
ਪਿੱਛੇ ਜਿਹਾ ਬੜਾ ਰੌਲਾ ਪਿਆ ਸੀ ਕਿ ਜ਼ਿਲ੍ਹਾ ਪੱਧਰੀ ਕਮੇਟੀਆਂ ਬਣ ਗਈਆਂ ਹਨ, ਹੁਣ ਬਾਕਾਇਦਾ ਇਹਨਾਂ ਦੀਆਂ ਮੀਟਿੰਗਾਂ ਹੋਇਆ ਕਰਨਗੀਆਂ। ਕੋਈ ਮੀਟਿੰਗ ਕਦੇ ਨਹੀਂ ਹੋਈ। ਜੇ ਕਿਸੇ ਜ਼ਿਲ੍ਹੇ ਵਿੱਚ ਹੋਈ ਵੀ ਹੈ, ਤਾਂ ਕਿਸੇ ਵਿੱਚ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਗੈਰ ਹਾਜ਼ਰ ਤੇ ਕਿਸੇ ਵਿੱਚ ਕਮੇਟੀ ਦਾ ਚੇਅਰਮੈਨ ਮੌਜੂਦਾ ਵਿਧਾਇਕ ਗ਼ੈਰ ਹਾਜ਼ਰ ਰਿਹਾ ਹੈ।
ਗੱਲੀਂ-ਗੱਲੀਂ ਮੈਨੂੰ ਯਾਦ ਆਇਆ, ਇੱਕ ਵਾਰ ਮੋਹਾਲੀ ਆਪਣੇ ਘਰ ਬੈਠੇ ਸਿਰਮੌਰ ਕਲਮਕਾਰ ਸੰਤੋਖ ਸਿੰਘ ਧੀਰ ਨੇ ਕਿਹਾ ਸੀ, "ਅਸੀਂ ਖੇਡਾਂ ਜਾਂ ਖਿਡਾਰੀਆਂ ਦੇ ਵਿਰੋਧ ਵਿੱਚ ਨਹੀਂ ਹਾਂ। ਪਰ ਖਿਡਾਰੀਆਂ ਦੇ ਨਾਲ-ਨਾਲ ਸਰਕਾਰਾਂ ਨੂੰ ਆਪਣੀ ਬੋਲੀ ਦੇ ਸੇਵਕਾਂ ਲਿਖਾਰੀਆਂ ਨੂੰ ਵੀ ਗੌਲਣਾ ਚਾਹੀਦਾ ਹੈ।" ਉਹਨਾਂ ਕਿਹਾ ਸੀ, "ਲਿਖਾਰੀ ਦਾ ਕੰਮ ਖਿਡਾਰੀ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੁੰਦਾ ਹੈ...ਜੋ ਸਦੀਆਂ ਤੱਕ ਜੀਊਂਦਾ ਹੈ, ਜੇ ਸਾਡੇ ਗੁਰੂ ਲਿਖਾਰੀ ਸਨ ਤਦ ਹੀ ਗੁਰਬਾਣੀ ਲਿਖ ਗਏ, ਜੋ ਅੱਜ ਵੀ ਸਾਡੇ ਕੋਲ ਹੈ। ਸਰਕਾਰ ਖਿਡਾਰੀਆਂ ਜਿੰਨੀ ਹੀ ਲਿਖਾਰੀਆਂ ਦੀ ਮੱਦਤ ਤੇ ਸਨਮਾਨ ਕਰੇ ਤਾਂ ਲਿਖਾਰੀ ਦਾ ਹੌਸਲਾ ਵਧੇ, ਉਹ ਹੋਰ ਵੱਧ ਸਰਗਰਮੀਂ ਨਾਲ ਰਚਨਾ ਕਰਨ ਵਿੱਚ ਕਾਰਜਸ਼ੀਲ ਹੋਵੇਗਾ।" ਧੀਰ ਸਾਹਿਬ ਦੀ ਦੋ ਸਾਲ ਪਹਿਲਾਂ ਆਖੀ ਇਸ ਗੱਲ ਅੱਜ ਬਹੁਤ ਸ਼ਿੱਦਤ ਨਾਲ ਅਹਿਸਾਸ ਹੋਇਆ ਹੈ। ਅੱਜ ਜਦੋਂ ਖਿਡਾਰੀਆਂ ਨੂੰ ਲੱਖਾਂ-ਕਰੋੜਾਂ ਦੇ ਗੱਫੇ.. ਤੇ ਲਿਖਾਰੀਆਂ ਨੂੰ ਕੀ? 'ਫੁੱਟੀ ਕੌਡੀ' ਵੀ ਨਹੀਂ! ਇਹ ਲਿਖਾਰੀਆਂ ਨਾਲ ਵਿਤਕਰਾ ਨਹੀਂ ਤਾਂ ਹੋਰ ਕੀ ਹੈ?
***************
ਸੇਵਾ ਸਿੰਘ ਸੇਖਵਾਂ ਨੇ ਪਿਛਲੇ ਸਾਲ ਸ਼ਿਵ ਦੀ ਬਰਸੀ ਮੌਕੇ ਬਟਾਲੇ ਇੱਕ ਸਮਾਗਮ ਰੱਖ ਕੇ ਛੋਟੇ ਬਾਦਲ ਸਾਹਿਬ ਨੂੰ ਸੱਦਿਆ ਸੀ ਤੇ ਸ਼ਿਵ ਦੀ ਢੁੱਕਵੀਂ ਯਾਦਗਾਰ ਸਥਾਪਿਤ ਕਰਨ ਲਈ ਕਈ ਅਹਿਮ ਐਲਾਨ ਕਰਵਾਏ ਸਨ। ਇਹ ਵੀ ਸੁਣਿਆ ਸੀ ਕਿ ਸੇਖਵਾਂ ਸਾਹਿਬ ਨੇ ਆਖਿਆ ਹੈ ਕਿ ਸ਼ਿਵ ਉਹਨਾਂ ਦਾ ਮਿੱਤਰ ਸੀ ਤੇ ਉਹ ਆਪਣੇ ਮਿੱਤਰ ਦੀ ਕੋਈ ਢੁਕਵੀਂ ਯਾਦਗਾਰ ਬਣਾਉਣ ਦੇ ਚਾਹਵਾਨ ਹਨ। ਕੱਖ ਨਹੀਂ ਹੋਇਆ! ਸਭ ਝੂਠੇ ਲਾਰੇ ਹਨ। ਸ਼ਿਵ ਨੂੰ ਆਪਣਾ 'ਮਿੱਤਰ' ਕਹਿਣਾ ਵੀ ਨਿਰਾ ਵਿਖਾਵਾ ਹੀ ਜਾਪਦਾ ਹੈ।
ਲੇਖਕਾਂ ਦੀ ਸਭ ਤੋਂ ਵੱਧ ਕਦਰ ਪਾ ਗਏ ਡਾ.ਜੋਗਿੰਦਰ ਸਿੰਘ ਪੁਆਰ। ਜਦੋਂ ਉਹ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ, ਤਾਂ ਉਹਨਾਂ ਨੇ ਯੋਗ ਤੇ ਸੀਨੀਅਰ ਸਾਹਿਤਕਾਰਾਂ ਨੂੰ ਫੈਲੋਸ਼ਿੱਪਾਂ ਦਿੱਤੀਆਂ ਜਿੰਨ੍ਹਾਂ ਸੰਤੋਖ ਸਿੰਘ ਧੀਰ ਤੇ ਪ੍ਰੋ ਕਸੇਲ ਜਿਹੇ ਹੋਰ ਕਈ ਕਲਮਕਾਰ ਉਹ ਸੁਖ ਦੀ ਰੋਟੀ ਖਾ ਸਕੇ ਤੇ ਉਦੋ ਹੀ ਉਹਨਾਂ ਸ਼ਿਵ ਦੇ ਪੁੱਤਰ ਮਿਹਰਬਾਨ ਨੂੰ ਯੂਨੀਵਰਸਿਟੀ ਵਿੱਚ ਨੌਕਰੀ ਵੀ ਦਿੱਤੀ।
ਹੁਣ ਪਿਛਲੇ ਦਿਨੀ ਮਾਂ ਬੋਲੀ ਦਿਵਸ ਵੀ ਮੰਤਰੀ ਜੀ ਨੇ ਆਪਣੇ ਇਲਾਕੇ ਵਿੱਚ ਕਵੀ ਦਰਬਾਰ ਕਰਕੇ ਮਨਾ ਲਿਆ, ਜਦੋ ਕਿ ਸਰਕਾਰ ਨਾਲੋ ਤਾਂ ਸਾਹਿਤ ਸਭਾਵਾਂ ਹੀ ਚੰਗੀਆਂ ਰਹੀਆਂ, ਜਿੰਨਾਂ ਆਪਣੇ-ਆਪਣੇ ਢੰਗ ਨਾਲ ਮਾਂ ਬੋਲੀ ਦਿਵਸ ਮਨਾਇਆ ਤੇ ਉਸੇ ਦਿਨ ਹੀ ਸੁਰਜੀਤ ਪਾਤਰ ਨੇ ਬਠਿੰਡੇ ਆਪਣੇ ਰੂਬਰੂ ਵਿੱਚ ਬੋਲਦਿਆਂ ਸਰਕਾਰ ਨੂੰ ਇਸੇ ਪੱਖ ਤੋਂ ਕੋਸਿਆ ਵੀ। ਮਾਂ ਬੋਲੀ ਦੇ ਮਹਿਕਮੇ ਦੀ ਡਾਵਾਂਡੋਲ ਹਾਲਤ ਨੂੰ ਸੁਧਾਰਨ ਵਾਸਤੇ ਸੇਖਵਾਂ ਨੂੰ ਹੰਭਲੇ ਮਾਰਨ ਦੀ ਲੋੜ ਹੈ, ਨਾ ਕਿ ਘੇਸਲ ਮਾਰੀ ਰੱਖਣ ਦੀ। ਹੰਭਲੇ ਮਾਰਕੇ ਲੇਖਕ ਵਰਗ ਦਾ ਮਨ ਜਿੱਤ ਸਕਦੇ ਹਨ ਤੱ ਘੇਸਲ ਮਾਰਕੇ ਤਾਹਨੇ-ਮਿਹਣੇ! ਸਿੱਖਿਆ ਵਿਭਾਗ ਜਿਹੜਾ ਚੰਗਾ ਕੂਜ ਕਰਨ ਕੱਤਣ ਵਾਲਾ ਨੇਕ ਤੇ ਇਮਾਨਦਾਰ ਅਫ਼ਸਰ ਸੀ, ਉਸ ਨਾਲ ਝਗੜਾ ਕਰਕੇ ਖੁੱਡੇ ਲਾਈਨ ਲਾ ਦਿੱਤਾ ਗਿਆ ਹੈ ਤੇ ਨਾਲ ਹੀ ਇਨਕੁਆਰੀ ਵੀ ਖੋਲ੍ਹ ਦਿੱਤੀ ਗਈ ਹੈ। ਸਭ ਨੂੰ ਪਤਾ ਹੈ ਕਿ ਇਹੋ ਉਹੋ ਕ੍ਰਿਸ਼ਨ ਕੁਮਾਰ ਹੈ, ਜਿਹੜਾ ਜਿੱਥੇ-ਜਿੱਥੇ ਵੀ ਡਿਪਟੀ ਕਮਿਸ਼ਨਰ ਰਿਹਾ, ਹਰ ਥਾਂ ਸੁਧਾਰਾਂ ਤੇ ਚੰਗੇ ਪ੍ਰਬੰਧਾਂ ਦੀ ਗੱਲ ਕਰਦਾ ਰਿਹਾ ਹੈ ਤੇ ਬਹੁਤ ਵਾਰੀ ਸਖ਼ਤ ਪੈਤੜਾ ਵੀ ਅਪਣਾ ਲੈਂਦਾ ਰਿਹਾ ਹੈ ਪਰ ਸਾਡੇ ਰਾਜ ਦੇ ਲੀਡਰਾਂ ਨੂੰ ਇਹੋ ਜਿਹੇ ਸ਼ਖਤ ਤੇ ਈਮਾਨਦਾਰ ਅਫ਼ਸਰ ਕਿੱਥੇ ਸੁਖਾਂਦੇ ਜਾਂ ਮਨ ਨੁੰ ਭਾਂਦੇ ਹਨ? ਤਦੇ ਈ ਅਜਿਹੇ ਅਫ਼ਸਰਾਂ ਨੂੰ ਖੂੰਝੇ ਲਾਇਆ ਜਾਂਦਾ ਹੈ, ਜਿਹੜੇ ਲੀਡਰਾਂ ਦੀ ਨਾ ਚਾਪਲੂਸੀ ਕਰਦੇ ਹਨ ਤੇ ਨਾ ਹੀ ਇਹਨਾਂ ਦੇ ਗ਼ਲਤ ਕੰਮ ਹੀ ਕਰਦੇ ਹਨ। ਦੋ ਕੁ ਸਾਲ ਪਹਿਲਾਂ ਇਵੇਂ ਇੱਕ ਹੋਰ ਸੀਨੀਅਰ ਆਈ.ਏ.ਐੱਸ. ਅਫਸਰ ਕਿਰਪਾ ਸ਼ੰਕਰ ਸਰੋਜ ਨਾਲ ਕੀਤੀ। ਜੇਕਰ ਇਮਾਨਦਾਰ ਤੇ ਆਪਣੇ ਕੰਮ ਨੂੰ ਸਮਰਪਿਤ ਅਫ਼ਸਰਾਂ ਦੇ ਹੌਸਲੇ ਇਹ ਹੌਸਲੇ ਤੋੜਨਗੇ ਤਾਂ ਰਾਜ ਦਾ ਪ੍ਰਬੰਧ ਚੱਲਣਾ ਕਿੰਝ ਹੈ? ਖ਼ੈਰ!
ਭਾਸ਼ਾ ਵਿਭਾਗ ਦਾ ਸਭ ਤੋਂ ਵੱਧ ਬੇੜਾ ਉਦੋਂ ਬੈਠਿਆ, ਜਦੋਂ ਹਸੀਜਾ ਇਹਦਾ ਡਾਇਰੈਕਟਰ ਰਿਹਾ। ਮੈਂ ਵੀ ਉਦੋਂ ਉਥੇ ਹੀ ਕੰਮ ਕਰਦਾ ਸਾਂ ਤੇ ਸਭ ਕੁਝ ਅੱਖੀਂ ਦੇਖਿਆ-ਮਾਣਿਆ ਤੇ ਸੁਣਿਆ ਹੋਇਆ ਹੈ। ਅਜਿਹੇ ਪੈਰ ਇਸ ਮਹਿਕਮੇ ਦੇ ਉਖੜੇ ਕਿ ਮੁੜ ਕੇ ਲੱਗੇ ਹੀ ਨਹੀਂ ਹਨ।
ਪੰਜਾਬੀ ਵਿੱਚ ਕੰਮ ਨਾ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿਆਂਗੇ। ਆਹ ਕਰਾਂਗੇ। ਅਹੁ ਕਰਾਂਗੇ। ਸਭ ਝੂਠੇ ਤੇ ਫੋਕੇ ਨਾਅਰੇ ਸਨ। ਕਮੇਟੀਆਂ ਬਣਾਈਆਂ ਸਭ ਫ਼ਰਜ਼ੀ। ਮਾਂ ਬੋਲੀ ਆਪਣੇ ਘਰ ਵਿੱਚ ਹੀ ਓਪਰੀ ਤੇ ਬਿਗਾਨੀ ਹੋਈ ਫਿਰਦੀ ਹੈ। ਸੱਚ ਹੀ ਗੁਰਦਾਸ ਮਾਨ ਗਾਉਂਦਾ ਹੈ
ਪੰਜਾਬੀਏ ਜ਼ੁਬਾਨੇ ਨੀਂ ਰਕਾਨੇ ਮੇਰੇ ਦੇਸ਼ ਦੀਏ
ਕਿਹਨੇ ਤੇਰਾ ਲਾਹ ਲਿਆ ਸ਼ਿੰਗਾਰ ਨੀ....

No comments:

Post a Comment