ਗੰਦੀ ਔਲਾਦ ਪੈਦਾ ਕਰ ਕੇ ਭੁਗਤਣ ਵਾਲੀ ਭਾਰਤ ਮਾਂ, ਸਿਦਕ ਰੱਖ, ਕਦੇ ਦਿਨ ਪਰਤਣਗੇ ਤੇਰੇ
ਹੇ ਪਿਆਰੀ ਭਾਰਤ ਮਾਂ! ਕਦੇ ਤੂੰ 'ਸੋਨੇ ਦੀ ਚਿੜੀਆ' ਹੁੰਦੀ ਸੀ, ਤੇ ਓਦੋਂ ਹੁੰਦੀ ਸੀ, ਜਦੋਂ ਹਾਲੇ ਅੱਧੇ ਤੋਂ ਵੱਧ ਦੁਨੀਆ ਵਾਲੇ ਤਨ ਢੱਕਣਾ ਨਹੀਂ ਸਨ ਜਾਣਦੇ, ਜੰਗਲਾਂ ਵਿੱਚ ਨੰਗੇ ਫਿਰਦੇ ਹੁੰਦੇ ਸਨ। ਓਦੋਂ ਦੁਨੀਆ ਭਰ ਵਿੱਚੋਂ ਲੁਟੇਰਿਆਂ ਦੇ ਲਸ਼ਕਰ ਤੇਰੇ ਵੱਲ ਬੁਰੀ ਨਜ਼ਰ ਨਾਲ ਵੇਖ ਕੇ ਹਮਲੇ ਕਰਨ ਲੱਗ ਪਏ ਸਨ। ਉਹ ਆਉਂਦੇ ਤੇ ਲੁੱਟ ਕੇ ਮੁੜ ਜਾਂਦੇ ਸਨ, ਤੇਰੇ ਪੁੱਤਰਾਂ ਤੋਂ ਆਪਣਾ ਘਰ ਨਹੀਂ ਸੀ ਸੰਭਾਲਿਆ ਜਾ ਸਕਿਆ। ਏਥੇ ਪ੍ਰਿਥਵੀ ਰਾਜ ਚੌਹਾਨਾਂ ਅਤੇ ਜੈ ਚੰਦਾਂ ਦੀ ਲੜਾਈ ਬਾਹਰਲਿਆਂ ਦਾ ਕੰਮ ਸੌਖਾ ਕਰ ਦੇਂਦੀ ਸੀ। ਸਦੀਆਂ ਲੰਘ ਜਾਣ ਪਿੱਛੋਂ ਵੀ ਪ੍ਰਿਥਵੀ ਰਾਜ ਚੌਹਾਨ ਤਾਂ ਤੇਰਾ ਵਤਨ ਪ੍ਰਸਤ ਪੁੱਤਰ ਮੰਨਿਆ ਜਾਂਦਾ ਹੈ, ਜੈ ਚੰਦ ਦੇ ਸਿਰੋਂ ਗੱਦਾਰੀ ਦਾ ਫੱਟਾ ਨਹੀਂ ਲੱਥ ਸਕਿਆ। ਉਂਜ ਉਹ ਦੋਵੇਂ ਸਕੀ ਮਾਸੀ ਦੇ ਪੁੱਤਰ ਸਨ। ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕਿ ਜੈ ਚੰਦ ਗੱਦਾਰੀ ਦੇ ਰਾਹ ਪਿਆ ਕਿਉਂ ਸੀ? ਇਸ ਲਈ ਕਿ ਉਸ ਦੀ ਧੀ ਦਾ ਵਿਆਹ ਹੋਣਾ ਸੀ ਤੇ ਭਰੇ ਪੰਡਾਲ ਵਿੱਚੋਂ ਕੁੜੀ ਨੂੰ ਜੈ ਚੰਦ ਦਾ ਮਾਸੀ ਦਾ ਪੁੱਤ ਪ੍ਰਿਥਵੀ ਰਾਜ ਚੌਹਾਨ ਧੱਕੇ ਨਾਲ ਚੁੱਕ ਕੇ ਲੈ ਗਿਆ ਸੀ। 'ਹਰਖ ਦਾ ਮਾਰਿਆ ਨਰਕ ਨੂੰ ਜਾਵੇ' ਦੇ ਹਾਲ ਵਿੱਚ ਜੈ ਚੰਦ ਬਦਲਾ ਲੈਣ ਲਈ ਬਾਹਰਲੀ ਤਾਕਤ ਨਾਲ ਜੁੜ ਕੇ ਪਹਿਲਾਂ ਮਸੇਰ ਦੀ ਮੌਤ ਦਾ ਕਾਰਨ ਬਣਿਆ ਤੇ ਫਿਰ ਆਪ ਵੀ ਮਾਰਿਆ ਗਿਆ ਸੀ। ਓਦੋਂ ਤੋਂ ਤਬਾਹੀ ਦੇ ਰਾਹ ਪਿਆ 'ਗਣ', ਯਾਨੀ ਕਿ 'ਲੋਕਾਂ ਦੀ ਰਾਏ ਦਾ ਰਾਜ' ਅੱਜ ਤੱਕ ਲੀਹ ਉੱਤੇ ਨਹੀਂ ਆ ਸਕਿਆ, ਤੇ ਹਾਲੇ ਆਉਂਦਾ ਵੀ ਨਹੀਂ ਜਾਪਦਾ।
ਭਾਰਤ ਮਾਂ ਇਸ ਕਰ ਕੇ 'ਸੋਨੇ ਦੀ ਚਿੜੀ' ਅਖਵਾਉਂਦੀ ਸੀ ਕਿ ਇਸ ਕੋਲ ਦੌਲਤ ਦੇ ਅੰਬਾਰ ਸਨ, ਪਰ ਇਹ ਅੰਬਾਰ ਆਮ ਆਦਮੀ ਦੇ ਕੋਲ ਨਹੀਂ ਸਨ। ਦੌਲਤ ਆਮ ਆਦਮੀ ਕੋਲ ਕਦੇ ਹੁੰਦੀ ਹੀ ਨਹੀਂ। ਇਹ ਓਦੋਂ ਵੀ ਸ਼ਕਤੀਸ਼ਾਲੀ ਰਾਜਿਆਂ ਕੋਲ, ਜਾਂ ਉਨ੍ਹਾਂ ਨੂੰ ਸ਼ਕਤੀ ਦਾ ਵਰ ਦੇਣ ਵਾਲੇ ਸ਼ਰਧਾ ਦੇ ਕੇਂਦਰਾਂ ਵਿੱਚ, ਪਈ ਹੁੰਦੀ ਸੀ। ਜਦੋਂ ਬਾਹਰੀ ਲੁਟੇਰੇ ਆਉਂਦੇ ਸਨ, ਦੌਲਤ ਨਾਲ ਐਸ਼ ਕਰਨ ਵਾਲੇ ਰਾਜਸੀ ਅਤੇ ਧਾਰਮਿਕ ਤਖਤਾਂ ਦੇ ਸਵਾਮੀ ਇਹ ਸੋਚ ਕੇ ਨੀਵੀਂ ਪਾ ਲੈਂਦੇ ਸਨ ਕਿ ਲੜਨ ਦੀ ਲੋੜ ਨਹੀਂ, ਜੇ ਇਹ ਲੈ ਵੀ ਜਾਣਗੇ ਤਾਂ ਲੋਕਾਂ ਤੋਂ ਹੋਰ ਬਥੇਰੀ ਦੌਲਤ ਫਿਰ ਸਾਡੇ ਕੋਲ ਆ ਜਾਣੀ ਹੈ। ਕਈ ਤਾਂ ਲੁਟੇਰਿਆਂ ਦੇ ਨਾਲ ਵੀ ਰਲ ਜਾਂਦੇ ਹੋਣਗੇ।
ਸਦੀਆਂ ਬੀਤ ਗਈਆਂ, ਸਮੇਂ ਬਦਲ ਗਏ, ਪਰ ਭਾਰਤ ਮਾਂ ਦਾ ਨਸੀਬਾ ਨਹੀਂ ਬਦਲਿਆ। ਇੰਜ ਲੱਗਦਾ ਹੈ ਕਿ ਇਹ ਉੱਨੀ-ਇੱਕੀ ਦੇ ਫੇਰ-ਬਦਲ ਨਾਲ ਹਾਲੇ ਵੀ ਪੁਰਾਣੇ ਕਿੱਸੇ ਹੀ ਦੁਹਰਾਈ ਜਾ ਰਹੀ ਹੈ। ਅੱਜ ਵੀ ਭਾਰਤ ਦੇ ਪੱਲੇ ਏਨੀ ਦੌਲਤ ਹੈ ਕਿ ਉਸ ਦੇ ਲੇਖੇ ਇਸ ਦੇ ਆਪਣੇ ਖਾਤਿਆਂ ਵਿੱਚ ਹੀ ਨਹੀਂ, ਦੂਰ ਦੂਜੇ ਦੇਸ਼ਾਂ ਦੇ ਬੈਂਕਾਂ ਵਿੱਚ ਵੀ ਗਿਣੇ ਜਾਣ ਤੋਂ ਪਰੇ ਪਹੁੰਚੇ ਹੋਏ ਹਨ। ਜਿਸ ਭਾਰਤ ਵਿੱਚ ਅਖਾਣ ਸੀ ਕਿ 'ਚੋਰੀ ਲੱਖ ਦੀ ਵੀ ਹੁੰਦੀ ਹੈ ਤੇ ਕੱਖ ਦੀ ਵੀ', ਉਸ ਵਿੱਚ ਅੱਜ ਇੱਕ ਜੱਜ ਨੂੰ ਇਹ ਕਹਿ ਕੇ ਬੋਫੋਰਜ਼ ਤੋਪ ਵਾਲਾ ਕੇਸ ਬੰਦ ਕਰਨਾ ਪੈ ਗਿਆ ਕਿ ਚੌਹਠ ਕਰੋੜ ਰੁਪੈ ਦੇ ਘਾਲੇ-ਮਾਲੇ ਨੇ ਢਾਈ ਸੌ ਕਰੋੜ, ਆਪਣੀ ਔਕਾਤ ਨਾਲੋਂ ਚਾਰ ਗੁਣੇ, ਹੋਰ ਖਾ ਲਏ ਹਨ, ਤੇ ਲੱਭਦਾ ਕੁਝ ਹੈ ਨਹੀਂ, ਇਸ ਲਈ ਇਸ ਨੂੰ ਬੰਦ ਕਰ ਦੇਣਾ ਠੀਕ ਰਹੇਗਾ। ਇਹ ਇੱਕ ਸ਼ੁਰੂਆਤ ਹੈ। ਅਗਲੇ ਸਾਲਾਂ ਵਿੱਚ ਜੱਜ ਇਹ ਵੀ ਕਹਿ ਸਕਦੇ ਹਨ ਕਿ ਪਿਛਲਿਆਂ ਦਾ ਖੁਰਾ ਲੱਭਾ ਨਹੀਂ, ਨਵਿਆਂ ਦਾ ਲੱਭਣਾ ਨਹੀਂ, ਜਿਹੜੇ ਕੇਸ ਦੇ ਪੱਕੇ ਸਬੂਤ ਹੋਣ, ਉਹ ਲੈ ਕੇ ਆ ਜਾਵੋ, ਤੇ ਬਾਕੀਆਂ ਦੀ ਫਾਈਲ ਓਥੇ ਹੀ ਬੰਦ ਕਰ ਦਿਆ ਕਰੋ, ਅਦਾਲਤਾਂ ਨੂੰ ਹੋਰ ਵੀ ਸੌ ਕੰਮ ਹਨ। ਇਨ੍ਹਾਂ 'ਹੋਰ' ਸੌ ਕੰਮਾਂ ਵਿੱਚ ਕੋਈ ਜਸਟਿਸ ਨਿਰਮਲ ਯਾਦਵ ਦਿੱਲੀ ਦੇ ਕਿਸੇ ਵਪਾਰੀ ਤੋਂ ਚਾਰ ਕੁ ਛਿੱਲੜ (ਉਨ੍ਹਾਂ ਦੀ ਗਿਣਤੀ ਵਿੱਚ 'ਪੰਦਰਾਂ ਲੱਖ ਰੁਪੈ' ਵੀ ਏਨੇ ਕੁ ਹੁੰਦੇ ਹਨ) ਮੰਗਾ ਕੇ ਕੋਈ ਜਾਇਦਾਦ ਉਸ ਹਿਮਾਚਲ ਪ੍ਰਦੇਸ਼ ਵਿੱਚ ਖਰੀਦ ਸਕਦੀ ਹੈ, ਜਿਸ ਵਿੱਚ ਓਦਾਂ ਬਾਹਰ ਦੇ ਲੋਕਾਂ ਨੂੰ ਖਰੀਦਣ ਦੀ ਆਗਿਆ ਨਹੀਂ ਹੁੰਦੀ। ਕੋਈ ਜਸਟਿਸ ਬਾਲਾਕ੍ਰਿਸ਼ਨਨ ਭਾਰਤ ਦੀ ਨਿਆਂ ਪਾਲਿਕਾ ਦਾ ਮੁਖੀ ਬਣ ਕੇ ਆਪਣੇ ਦੋ ਜਵਾਈਆਂ ਅਤੇ ਦੋ ਭਾਈਆਂ ਨੂੰ ਕੱਖਪਤੀ ਤੋਂ ਲੱਖਪਤੀ ਨਹੀਂ, ਦਿਨਾਂ ਵਿੱਚ ਕਰੋੜਪਤੀ ਬਣਨ ਵਿੱਚ ਮਦਦ ਕਰ ਸਕਦਾ ਹੈ। ਭਾਰਤ ਦੀ ਸਭ ਤੋਂ ਵੱਡੀ ਅਦਾਲਤ ਦੇ ਜੱਜ ਸਾਹਿਬਾਨ ਇਹ ਠੀਕ ਫੈਸਲਾ ਕਰ ਸਕਦੇ ਹਨ ਕਿ ਇੱਕ ਦਾਗੀ ਬੰਦਾ ਜੇ ਦੇਸ਼ ਦਾ ਮੁੱਖ ਚੌਕਸੀ ਕਮਿਸ਼ਨਰ ਲਾਇਆ ਹੈ ਤਾਂ ਉਸ ਦੀ ਨੌਕਰੀ ਉੱਤੇ ਕਾਟਾ ਮਾਰ ਦਿੱਤਾ ਜਾਵੇ, ਪਰ ਉਹ ਇੱਕ ਕੰਮ ਹੋਰ ਕਰ ਸਕਦੇ ਹੁੰਦੇ ਵੀ ਨਹੀਂ ਕਰਦੇ ਕਿ ਜਸਟਿਸ ਨਿਰਮਲ ਯਾਦਵ ਨੂੰ ਉਸ ਦੇ ਕੇਸ ਦਾ ਫੈਸਲਾ ਹੋਣ ਤੱਕ ਅਦਾਲਤ ਦਾ ਕੰਮ ਕਰਨ ਤੋਂ ਰੋਕ ਦੇਣ। ਨਤੀਜੇ ਵਜੋਂ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੀ ਹੋਈ ਜੱਜ ਬੀਬੀ ਦੂਜੇ ਲੋਕਾਂ ਦੇ ਭ੍ਰਿਸ਼ਟਾਚਾਰ ਸਮੇਤ ਸਾਰੇ ਕੇਸ ਸੁਣਦੀ ਅਤੇ 'ਫੈਸਲੇ' ਸੁਣਾਉਣ ਲੱਗੀ ਰਹਿੰਦੀ ਹੈ।
ਉਂਜ ਭਾਰਤ ਮਾਂ ਦੀ ਗੋਦ ਦਾ ਨਿੱਘ ਮਾਣਨ ਵਾਲੇ ਲੋਕਾਂ ਵਿੱਚ ਲਾਲੂ ਪ੍ਰਸਾਦ ਵੀ ਹੈ, ਜਿਸ ਨੇ ਇੱਕ ਹਜ਼ਾਰ ਕਰੋੜ ਰੁਪੈ ਦੇ ਚਾਰਾ ਘੋਟਾਲੇ ਵਿੱਚ ਬਦਨਾਮੀ ਪੱਲੇ ਪੁਆ ਲਈ ਸੀ, ਪਰ ਹੁਣ ਉਹ ਕਿਸੇ ਗਿਣਤੀ ਵਿੱਚ ਹੀ ਨਹੀਂ। ਗਿਣਤੀ ਵਿੱਚ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਰਾਜ-ਭਾਗ ਤੋਂ ਦੂਰ ਹੈ, ਸਗੋਂ ਇਹ ਹੈ ਕਿ ਉਸ ਨਾਲੋਂ ਵੱਡੇ ਘਾਊਂ-ਘੱਪ ਜੰਮ ਪਏ ਹਨ। ਅਕਬਰ ਨੇ ਲਕੀਰ ਖਿੱਚ ਕੇ ਬੀਰਬਲ ਨੂੰ ਕਿਹਾ ਸੀ ਕਿ ਇਸ ਨੂੰ ਏਧਰੋਂ-ਓਧਰੋਂ ਛੇੜਨ ਬਿਨਾਂ ਛੋਟੀ ਕਰ ਕੇ ਵਿਖਾ। ਬੀਰਬਲ ਨੇ ਗਿੱਠ ਲੰਮੀ ਲਕੀਰ ਲਾਗੇ ਦੋ ਗਿੱਠਾਂ ਲੰਮੀ ਲਕੀਰ ਖਿੱਚ ਦਿੱਤੀ ਸੀ। ਜਿਵੇਂ ਅਕਬਰ ਦੀ ਲਕੀਰ ਬੀਰਬਲ ਵਾਲੀ ਦੇ ਸਾਹਮਣੇ ਛੋਟੀ ਹੋ ਗਈ ਸੀ, ਲਾਲੂ ਦਾ ਇੱਕ ਹਜ਼ਾਰ ਵਾਲਾ ਮਾਮਲਾ ਵੀ ਗਰੀਬ ਲੋਕਾਂ ਅਤੇ ਅਮੀਰ ਆਗੂਆਂ ਵਾਲੇ ਰਾਜ ਝਾਰਖੰਡ ਦੇ ਮੁੱਖ ਮੰਤਰੀ ਮਧੂ ਕੋੜਾ ਨੇ ਇੱਕੋ ਵਾਰ ਚਾਰ ਹਜ਼ਾਰ ਕਰੋੜ ਦਾ ਕਲੰਕ ਖੱਟ ਕੇ ਛੋਟਾ ਕਰ ਦਿੱਤਾ ਸੀ। ਫਿਰ ਮਹਾਂਰਾਸ਼ਟਰ ਵਾਲੇ ਮੁੱਖ ਮੰਤਰੀ ਅਸ਼ੋਕ ਚਵਾਨ, ਕਰਨਾਟਕਾ ਵਾਲੇ ਯੇਦੂਰੱਪਾ ਅਤੇ ਕਈ ਹੋਰਨਾਂ ਨੇ ਲਾਲੂ ਨੂੰ ਬੌਣਾ ਕਰ ਛੱਡਿਆ। ਰਾਜਸਥਾਨ ਦੀ ਮੁੱਖ ਮੰਤਰੀ ਹੁੰਦਿਆਂ ਭਾਜਪਾ ਦੀ ਬੀਬੀ ਵਸੁੰਧਰਾ ਰਾਜੇ ਨੇ ਬਾਈ ਹਜ਼ਾਰ ਕਰੋੜ ਰੁਪੈ ਦਾ ਹੇਰ-ਫੇਰ ਕੀਤਾ ਹੋਣ ਦਾ ਦੋਸ਼ ਕਿਸੇ ਬਾਹਰ ਦੇ ਬੰਦੇ ਨੇ ਨਹੀਂ, ਭਾਜਪਾ ਦੇ ਆਪਣੇ ਮਰਹੂਮ ਆਗੂ ਅਤੇ ਸਾਬਕਾ ਉੱਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਨੇ ਲਾਇਆ ਸੀ। ਪਾਰਟੀ ਵਿੱਚ ਧਮੱਚੜ ਪਿਆ ਤਾਂ ਬੀਬੀ ਕੋਲੋਂ ਵਿਰੋਧੀ ਧਿਰ ਦੇ ਆਗੂ ਦੀ ਪਦਵੀ ਛੁਡਾ ਲਈ ਗਈ, ਪਰ ਦੋ ਸਾਲ ਲੰਘ ਗਏ, ਉਸ ਦੀ ਥਾਂ ਕੋਈ ਉਸ ਕੁਰਸੀ ਉੱਤੇ ਬੈਠਣ ਦਾ ਹੌਸਲਾ ਨਹੀਂ ਸੀ ਕਰ ਸਕਿਆ ਤੇ 'ਵੱਖਰੀ ਨਿਆਰੀ ਪਾਰਟੀ' ਭਾਜਪਾ ਨੂੰ ਓਹੋ ਬੀਬੀ ਫਿਰ ਉਸੇ ਕੁਰਸੀ'ਤੇ ਬਿਠਾਉਣੀ ਪੈ ਗਈ ਹੈ।
ਲੀਡਰਾਂ ਨੂੰ ਛੱਡ ਦੇਈਏ, ਇਨ੍ਹਾਂ ਦਾ ਤਾਂ ਹੁਣ ਕੋਈ ਦੀਨ-ਈਮਾਨ ਹੀ ਨਹੀਂ ਗਿਣਿਆ ਜਾਂਦਾ, ਪਰ ਜਿਹੜੇ ਕਾਰਖਾਨੇਦਾਰ ਇਹ ਕਹਿੰਦੇ ਹਨ ਕਿ ਉਹ ਦੇਸ਼ ਦੀ ਤਰੱਕੀ ਲਈ ਅਮਿਣਵਾਂ ਯੋਗਦਾਨ ਪਾ ਰਹੇ ਹਨ, ਇਸ ਕਰ ਕੇ ਉਨ੍ਹਾਂ ਨੂੰ ਪਦਮ ਭੂਸ਼ਣ ਅਤੇ ਕਈ ਹੋਰ ਖਿਤਾਬ ਦਿੱਤੇ ਜਾਂਦੇ ਹਨ, ਉਨ੍ਹਾਂ ਦਾ ਪੱਲਾ ਵੀ ਸਾਫ ਨਹੀਂ। ਇੱਕ ਵੱਡਾ ਨਾਂਅ ਹੁੰਦਾ ਸੀ ਰਤਨ ਟਾਟਾ ਦਾ, ਜਿਸ ਨੇ 'ਤਰਸ ਕਰ ਕੇ ਗਰੀਬ ਆਦਮੀ ਲਈ' ਸਸਤੀ ਕਾਰ ਬਣਾਈ ਸੀ। ਇਹ ਤਰਸ ਦੀ ਗੱਲ ਨਹੀਂ ਸੀ, ਅੰਦਾਜ਼ਾ ਸੀ ਕਿ ਗਰੀਬ ਐਨੇ ਕੁ ਪੈਸੇ ਖਰਚ ਸਕਦਾ ਹੈ, ਮਾਲ ਵਾਹਵਾ ਵਿਕ ਜਾਵੇਗਾ ਤੇ ਫਿਰ ਕਮਾਈ ਵੀ ਚੋਖੀ ਹੋ ਜਾਵੇਗੀ। ਉਹ ਵੀ ਸਾਰੀ ਉਮਰ ਇਮਾਨਦਾਰੀ ਦੀਆਂ ਫੜ੍ਹਾਂ ਮਾਰਦਾ ਰਿਹਾ, ਪਰ ਜਦੋਂ ਸਾਬਕਾ ਮੰਤਰੀ ਏæ ਰਾਜਾ ਵਾਲਾ ਸਪੈਕਟਰਮ ਦਾ ਸਿਆਪਾ ਪਿਆ ਤਾਂ ਇੱਕ ਦਲਾਲੀ ਕਰਨ ਵਾਲੀ ਬੀਬੀ ਨੀਰਾ ਰਾਡੀਆ ਨਾਲ ਉਸ ਦੀਆਂ ਟੈਲੀਫੋਨ ਉੱਤੇ ਕੀਤੀਆਂ ਗੱਲਾਂ ਨੇ ਗੰਢੇ ਦੀਆਂ ਛਿੱਲਾਂ ਲਾਹ ਦਿੱਤੀਆਂ। ਹੁਣ ਉਹ ਕਹਿ ਰਿਹਾ ਹੈ ਕਿ 'ਮੇਰੀ ਨਿੱਜਤਾ ਦਾ ਸਵਾਲ ਹੈ, ਉਹ ਟੇਪਾਂ ਜ਼ਾਹਰ ਹੋਣ ਤੋਂ ਰੋਕੀਆਂ ਜਾਣ।' ਇੱਕ ਹੋਰ ਅੰਬਾਨੀ ਘਰਾਣੇ ਵਾਲਾ ਛੋਟਾ ਮੁੰਡਾ ਇਸ ਦੇਸ਼ ਦਾ ਦੂਜਾ ਵੱਡਾ ਪੂੰਜੀਪਤੀ ਕਈ ਸਾਲ ਬਣਿਆ ਰਿਹਾ, ਹੁਣ ਵੀ ਚੌਥੇ ਥਾਂ ਸੁਣੀਂਦਾ ਹੈ। ਪਿਛਲੇ ਦਿਨੀਂ ਆਪਣੀ ਕੰਪਨੀ ਦੇ ਸਪੈਕਟਰਮ ਦੀ ਸਫਾਈ ਦੇਣ ਉਹ ਜਾਂਚ ਏਜੰਸੀ ਦੇ ਦਫਤਰ ਵਿੱਚ ਅਗਲੇ ਦਰਵਾਜ਼ੇ ਤੋਂ ਹੱਸਦਾ ਹੋਇਆ ਗਿਆ ਤੇ ਪਿਛਲੇ ਪਾਸਿਓਂ ਨੀਂਵੀਂ ਪਾ ਕੇ ਖਿਸਕਿਆ ਸੀ। ਏਦਾਂ ਦਾ ਇੱਕ ਹੋਰ ਹੈ, ਜਿਹੜਾ ਭੋਪਾਲ ਦੇ ਗੈਸ ਕਾਂਡ ਵਾਲੀ ਯੂਨੀਅਨ ਕਾਰਬਾਈਡ ਕੰਪਨੀ ਦਾ ਭਾਰਤ ਦਾ ਕਾਰ-ਮੁਖਤਾਰ ਸੀ। ਉਸ ਨੂੰ ਇਸ ਕੇਸ ਵਿੱਚ ਸਜ਼ਾ ਵੀ ਹੋ ਗਈ, ਪਰ ਭਾਰਤ ਦਾ ਮੀਡੀਆ ਵੀ ਉਸ ਦੀ ਕੰਪਨੀ ਤੋਂ ਇਸ਼ਤਿਹਾਰ ਮਿਲਦੇ ਹੋਣ ਕਾਰਨ ਉਸ ਬਾਰੇ ਚੁੱਪ ਹੈ। ਮੀਡੀਆ ਹੁਣ ਚੋਰਾਂ ਦੇ ਮੂੰਹਾਂ ਉੱਤੋਂ ਨਕਾਬ ਲਾਹੁਣ ਦੀ ਥਾਂ ਇਸ਼ਤਿਹਾਰਾਂ ਦੇ ਰੂਪ ਵਿੱਚ ਆਪਣੀ ਹਿੱਸਾ-ਪੱਤੀ ਵਸੂਲ ਕੇ ਚੁੱਪ ਵੱਟ ਜਾਣ ਦੇ ਲਾਭ ਗਿਣਨੇ ਸਿੱਖ ਗਿਆ ਹੈ।
ਜਿਸ ਦੇਸ਼ ਵਿੱਚ ਜੱਜਾਂ ਦਾ ਇਹ ਹਾਲ ਹੈ, ਲੀਡਰਾਂ ਦਾ ਉਸ ਤੋਂ ਪਹਿਲਾਂ ਹੋ ਚੁੱਕਾ ਸੀ, ਕਾਰਖਾਨੇਦਾਰਾਂ ਦੀ ਕਰਤੂਤ ਵੀ ਕਿਸੇ ਤੋਂ ਲੁਕੀ ਹੋਈ ਨਹੀਂ, ਇਸੇ ਵਿੱਚ ਕਦੇ ਇੱਕ ਹਾਜੀ ਮਸਤਾਨ ਹੁੰਦਾ ਸੀ, ਫਿਰ ਇੱਕ ਦਾਊਦ ਦਾ ਨਾਂਅ ਚੱਲਦਾ ਰਿਹਾ ਅਤੇ ਅੱਜ ਕੱਲ੍ਹ ਇੱਕ ਹਸਨ ਅਲੀ ਦੀਆਂ ਧੁੰਮਾਂ ਪੈਂਦੀਆਂ ਹਨ। ਹਸਨ ਅਲੀ ਨਾਂਅ ਵਾਲੇ ਇਸ ਬੰਦੇ ਬਾਰੇ ਭਾਰਤ ਦੀ ਸਰਕਾਰ ਪਾਰਲੀਮੈਂਟ ਵਿੱਚ ਮੰਨ ਚੁੱਕੀ ਹੈ ਕਿ ਉਸ ਤੋਂ ਸੱਤਰ ਹਜ਼ਾਰ ਕਰੋੜ ਰੁਪੈ ਤਾਂ ਟੈਕਸਾਂ ਦੇ ਬਕਾਏ ਵਜੋਂ ਹੀ ਲੈਣੇ ਹਨ। ਟੈਕਸਾਂ ਦਾ ਬਕਾਇਆ ਤਾਂ ਜਾਣੇ ਜਾਂਦੇ ਕਾਰੋਬਾਰ ਦੇ ਹਿਸਾਬ ਤੋਂ ਗਿਣਿਆ ਜਾਂਦਾ ਹੈ, ਬਿਨਾਂ ਜਾਣੇ ਜਾਂਦੇ 'ਕਾਰੋਬਾਰ' ਦਾ ਇਸ ਤੋਂ ਕਈ ਗੁਣਾਂ ਵੱਧ ਹੋਵੇਗਾ। ਭਾਰਤ ਦਾ ਪਿਛਲੇ ਸਾਲ ਸਾਰੇ ਦੇਸ਼ ਵਾਸੀਆਂ ਲਈ ਸਿਹਤ ਦਾ ਬੱਜਟ ਸਿਰਫ ਛੱਬੀ ਹਜ਼ਾਰ ਕਰੋੜ ਰੁਪੈ ਸੀ, ਜੇ ਹਸਨ ਅਲੀ ਤੋਂ ਇਹੋ 'ਬਕਾਇਆ' ਵਸੂਲ ਲਿਆ ਜਾਵੇ ਤਾਂ ਸਾਰੇ ਦੇਸ਼ ਦੇ ਲੋਕਾਂ ਨੂੰ ਢਾਈ ਕੁ ਸਾਲ ਸਿਹਤ ਦੀ ਸੇਵਾ ਦਿੱਤੀ ਜਾ ਸਕਦੀ ਹੈ। ਜਿਸ ਸਰਕਾਰ ਨੇ ਅਲੀ ਬਾਰੇ ਇਹ ਕਬੂਲ ਕੀਤਾ, ਉਸ ਨੇ ਕਬੂਲ ਕੇ ਵੀ ਉਸ ਨੂੰ ਢਾਈ ਸਾਲ ਤੱਕ ਕਿਸੇ ਦਫਤਰ ਵਿੱਚ ਆ ਕੇ ਪੇਸ਼ੀ ਭਰਨ ਨੂੰ ਨਹੀਂ ਸੀ ਕਿਹਾ। ਹੁਣ ਜਦੋਂ ਸੁਪਰੀਮ ਕੋਰਟ ਨੇ ਬਾਂਹ ਮਰੋੜੀ ਹੈ ਤਾਂ ਨੋਟਿਸ ਜਾਰੀ ਕਰਨ ਦੀ ਰਸਮ ਨਿਭਾ ਦਿੱਤੀ ਹੈ। ਇਹ ਵੀ ਰਸਮ ਹੈ, ਜਿਸ ਦੇ ਬਾਅਦ ਉਹ ਕਿਸੇ ਛੋਟੀ ਜਿਹੀ ਅਦਾਲਤ ਵਿੱਚ ਜਾ ਕੇ ਸਟੇਅ ਆਰਡਰ ਪ੍ਰਾਪਤ ਕਰ ਲਵੇਗਾ ਅਤੇ ਉਸ ਆਰਡਰ ਨੂੰ ਉਤਲੀ ਅਦਾਲਤ ਤੋਂ ਖਾਰਜ ਕਰਵਾਉਣ ਵਿੱਚ ਕਈ ਸਾਲ ਹੋਰ ਲੱਗ ਜਾਣਗੇ। ਪਿਛਲੇ ਸਾਲ ਵਿੱਚ ਉਸ ਦੇ ਚਾਰ ਖਾਤੇ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਚੱਲਦੇ ਹੋਣ ਦਾ ਪਤਾ ਲੱਗ ਗਿਆ ਤਾਂ ਕਿਸੇ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਤੇ ਹੁਣ ਉਸ ਨੇ ਉਹ ਚਾਰ ਖਾਤੇ ਬੰਦ ਕਰਵਾ ਲਏ ਹਨ। ਉਸ ਦੇ ਇਹੋ ਜਿਹੇ ਖਾਤੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਚੱਲੀ ਜਾਂਦੇ ਹਨ, ਜਿਨ੍ਹਾਂ ਦੀ ਚਰਚਾ ਚੱਲਦੀ ਹੈ, ਇਸ ਤੋਂ ਵੱਧ ਕੁਝ ਨਹੀਂ ਹੁੰਦਾ। ਆਖਰ ਉਹ ਹਸਨ ਅਲੀ ਹੈ। ਇੱਕ ਰਿਟਾਇਰ ਹੋ ਚੁੱਕਾ ਇਨਕਮ ਟੈਕਸ ਅਧਿਕਾਰੀ ਵਿਸ਼ਵ ਬੰਧੂ ਗੁਪਤਾ ਕੂਕ ਕੇ ਕਹਿ ਰਿਹਾ ਹੈ ਕਿ ਵਾਜਪਾਈ ਸਰਕਾਰ ਵੇਲੇ ਜਦੋਂ ਭਾਰਤੀ ਹਵਾਈ ਜਹਾਜ਼ ਅਗਵਾ ਕਰ ਕੇ ਕੰਧਾਰ ਨੂੰ ਲਿਜਾਇਆ ਗਿਆ ਸੀ, ਉਸ ਮਾਮਲੇ ਵਿੱਚ ਵੀ ਹਸਨ ਅਲੀ ਦੀ ਕੰਪਨੀ ਦੇ ਕੁਝ ਲੋਕ ਸ਼ਾਮਲ ਸਨ ਤੇ ਇਹ ਗੱਲ ਉਸ ਵਕਤ ਦੇ ਵਿਦੇਸ਼ ਮੰਤਰੀ ਜਸਵੰਤ ਸਿੰਘ ਨੂੰ ਵੀ ਪਤਾ ਹੈ। ਨਾ ਕੋਈ ਇਸ ਨੂੰ ਮੰਨਦਾ ਹੈ ਤੇ ਨਾ ਖੰਡਨ ਹੀ ਕਰਦਾ ਹੈ।
ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਭਾਰਤ ਮਾਂ ਦੀ ਗੋਦ ਵਿੱਚ ਵੱਸਦੇ ਸਾਰੇ 'ਨਾਗਿਰਕ' ਬਰਾਬਰ ਦਾ ਦਰਜਾ ਰੱਖਦੇ ਹਨ। ਇਹ ਗੱਲ ਆਪਣੇ ਆਪ ਵਿੱਚ ਇੱਕ ਵੱਡਾ ਝੂਠ ਹੈ। ਪਹਿਲੀ ਗੱਲ ਤਾਂ ਇਹ ਕਿ ਸਾਰੇ ਲੋਕ 'ਨਾਗਰਿਕ' ਹੀ ਨਹੀਂ। 'ਨਾਗਰਿਕ' ਦਾ ਅਰਥ ਹੈ 'ਨਗਰ ਵਿੱਚ ਵੱਸਣ ਵਾਲਾ', ਪਰ ਜਿਹੜੇ ਜੰਗਲਾਂ ਵਿੱਚ ਵੀ ਆਪਣੀ ਝੌਂਪੜੀ ਬਚਾਉਣ ਲਈ ਲੜੀ ਜਾਂਦੇ ਹਨ, ਜਿਹੜੇ ਦਿੱਲੀ, ਮੁੰਬਈ ਵਰਗੇ ਮਹਾਂਨਗਰਾਂ ਦੇ ਗੰਦੇ ਨਾਲੇ ਕੰਢੇ ਆਪਣੀ ਝੁੱਗੀ ਵੱਲ ਆ ਰਹੇ ਬੁਲਡੋਜ਼ਰ ਅੱਗੇ ਲੰਮੇ ਪੈ ਕੇ ਪੁਲਸ ਦੀ ਕੁੱਟ ਖਾਂਦੇ ਹਨ, ਉਨ੍ਹਾਂ ਨੂੰ 'ਨਾਗਰਿਕ' ਜਾਂ 'ਨਗਰ ਦੇ ਵਾਸੀ' ਕਹਿ ਦੇਣਾ ਆਪਣੇ ਆਪ ਵਿੱਚ ਇੱਕ ਮਜ਼ਾਕ ਹੈ।
'ਨਾਗਰਿਕਾਂ' ਦੀਆਂ ਕਈ ਪੌੜੀਆਂ ਦੇ ਸਿਖਰ ਉੱਤੇ ਵੇਖੀਏ ਤਾਂ ਕੋਈ ਨਿਤਿਨ ਗਡਕਰੀ ਦਿਖਾਈ ਦੇਵੇਗਾ, ਜਿਸ ਨੇ ਆਪਣੀ ਔਲਾਦ ਦੇ ਵਿਆਹ ਉੱਤੇ ਡੇਢ ਸੌ ਕਰੋੜ ਰੁਪੈ ਖਰਚ ਕਰ ਕੇ ਸਾਰੇ ਭਾਰਤ ਦੇ ਲੋਕਾਂ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਸਨ। ਬਾਹਲੇ ਦਿਨ ਨਹੀਂ ਸੀ ਲੰਘ ਸਕੇ ਤੇ ਇਸ ਪੱਖੋਂ ਵੀ 'ਬੀਰਬਲ ਵਾਲੀ ਲਕੀਰ' ਵੱਜ ਗਈ ਸੀ। ਦਿੱਲੀ ਦੇ ਦੋ ਵੱਡੇ ਲੀਡਰਾਂ ਨੇ ਆਪੋ ਵਿੱਚ ਕੁੜਮਾਚਾਰੀ ਕੀਤੀ ਤਾਂ ਵਿਆਹ ਦਾ ਖਰਚ ਢਾਈ ਸੌ ਕਰੋੜ ਤੋਂ ਟੱਪ ਗਿਆ, ਜਿਸ ਵਿੱਚ ਲਾੜੇ ਨੂੰ ਦਿੱਤਾ ਗਿਆ ਪੰਜਤਾਲੀ ਕਰੋੜ ਰੁਪੈ ਦਾ ਹੈਲੀਕਾਪਟਰ ਵੀ ਸ਼ਾਮਲ ਸੀ ਤੇ ਇੱਕ ਮੰਦਰ ਨੂੰ ਦਿੱਤਾ ਗਿਆ ਇਕੱਤਰ ਲੱਖ ਰੁਪੈ ਦਾ ਦਾਨ ਵੀ। ਪਿਆਰੀ ਭਾਰਤ ਮਾਂ, ਇਹ ਦਾਨ ਦੇਣ ਵਾਲੇ ਉਹ ਲੋਕ ਹਨ, ਜਿਨ੍ਹਾਂ ਦੇ ਵੱਡਿਆਂ ਨੂੰ ਮੰਦਰਾਂ ਦੇ ਨੇੜਿਓਂ ਨਹੀਂ ਸੀ ਲੰਘਣ ਦਿੱਤਾ ਜਾਂਦਾ। ਭਾਰਤ ਮਾਂ, ਸਾਹਿਰ ਲੁਧਿਆਣਵੀ ਨੇ ਕਦੇ ਤਾਜ ਮਹੱਲ ਬਾਰੇ ਇਹ ਕਿਹਾ ਸੀ ਕਿ 'ਏਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ, ਹਮ ਗਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ'। ਅੱਜ ਸਾਨੂੰ ਕਹਿਣਾ ਪੈ ਰਿਹਾ ਹੈ ਕਿ ਭਾਵੇਂ ਭਾਜਪਾ ਦਾ ਨਿਤਿਨ ਗਡਕਰੀ ਹੋਵੇ ਤੇ ਭਾਵੇਂ ਦਿੱਲੀ ਦੇ ਇੱਕ ਕਾਂਗਰਸੀ ਅਤੇ ਇੱਕ ਬਸਪਾ ਵਾਲੇ ਆਗੂ ਦੀ ਕੁੜਮਾਚਾਰੀ, ਦੋਵਾਂ ਵਿਆਹਾਂ ਨੇ ਉਨ੍ਹਾਂ ਆਮ ਲੋਕਾਂ ਦਾ ਮਜ਼ਾਕ ਉਡਾ ਦਿੱਤਾ ਹੈ, ਜਿਹੜੇ ਅੱਜ ਵੀ ਧਰੇਕ ਦੀ ਛਾਂਵੇ ਕੁੜੀ ਦੇ ਫੇਰੇ ਦੇਣ ਦੇ ਦੇਂਦੇ ਹਨ।
ਪਿਆਰੀ ਭਾਰਤ ਮਾਂ, ਜਦੋਂ ਗੱਲ ਇਹ ਚੱਲੀ ਹੈ ਕਿ ਦੋ ਦੌਲਤਮੰਦ ਆਗੂਆਂ ਦੀ ਕੁੜਮਾਚਾਰੀ ਵੇਲੇ ਇੱਕ ਮੰਦਰ ਨੂੰ ਇਕੱਤਰ ਲੱਖ ਰੁਪੈ ਦਾ ਦਾਨ ਦਿੱਤਾ ਗਿਆ ਹੈ ਤਾਂ ਇਹ ਵੀ ਦੱਸ ਦੇਈਏ ਕਿ ਪਿਛਲੇ ਦਿਨੀਂ ਇੱਕ ਮੰਦਰ ਦੀ ਦੌਲਤ ਨੇ ਵੀ ਦੇਸ਼ ਦੇ ਲੋਕਾਂ ਦੀਆਂ ਅੱਖਾਂ ਚੁੰਧਿਆ ਦਿੱਤੀਆਂ ਹਨ। ਓਥੇ ਇੱਕ ਥਾਂ ਉਸਾਰੀ ਵੇਲੇ ਇੱਕ ਤਹਿਖਾਨੇ ਵਿੱਚੋਂ ਚਾਂਦੀ ਦੀਆਂ ਇੱਟਾਂ ਨਿਕਲੀਆਂ, ਜਿਹੜੀਆਂ ਚਾਰ ਸੌ ਕਰੋੜ ਰੁਪੈ ਦੀ ਕੀਮਤ ਦੀਆਂ ਦੱਸੀਆਂ ਗਈਆਂ ਹਨ। ਹਾਲੇ ਤਹਿਖਾਨੇ ਦੇ ਸਿਰਫ ਇੱਕ ਕਮਰੇ ਦਾ ਭੇਦ ਖੁੱਲ੍ਹਾ ਹੈ, ਓਥੇ ਇਹੋ ਜਿਹੇ ਕਈ ਕਮਰੇ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਗਿਣਤੀ ਵੀ ਕਿਸੇ ਨੂੰ ਪਤਾ ਨਹੀਂ। ਜਿਸ ਕਮਰੇ ਦਾ ਭੇਦ ਖੁੱਲ੍ਹਾ, ਉਸ ਵਿੱਚ ਵੀ ਕਈ ਟਰੰਕਾਂ ਵਿੱਚੋਂ ਇੱਕ ਟਰੰਕ ਖਾਲੀ ਸੀ, ਜਾਂ ਸ਼ਾਇਦ ਖਾਲੀ ਕਰ ਦਿੱਤਾ ਗਿਆ ਸੀ। ਲੋਕ ਜਾਣਨਾ ਚਾਹੁੰਦੇ ਹਨ ਕਿ ਏਨਾ ਪੈਸਾ ਕਿੱਥੋਂ ਆਇਆ? ਜਾਣਨ ਦੀ ਲੋੜ ਨਹੀਂ, ਅੰਦਾਜ਼ਾ ਲਾ ਲਿਆ ਕਾਫੀ ਹੈ। ਕਈ ਸਾਲ ਪਹਿਲਾਂ ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਆਮ ਜਿਹੇ ਬੰਦੇ ਨੂੰ ਕਿਸੇ ਧਰਮ ਅਸਥਾਨ ਦਾ ਸੈਕਟਰੀ ਲਾ ਦਿੱਤਾ ਗਿਆ। ਬੰਦਾ ਇਮਾਨਦਾਰ ਸੀ, ਪਰ ਲੋਕਾਂ ਨੂੰ ਹਜ਼ਮ ਨਹੀਂ ਸੀ ਹੁੰਦਾ। ਮੱਥਾ ਟੇਕਣ ਆਈ ਇੱਕ ਰਿਸ਼ਤੇਦਾਰ ਬੀਬੀ ਉਸ ਨੂੰ ਲੋਕਾਂ ਦੀ ਚਰਚਾ ਤੋਂ ਬਚ ਕੇ 'ਕਾਰੋਬਾਰ' ਕਰਨ ਦੀ ਸਮਝਾਉਣੀ ਦੇਣ ਲੱਗੀ। ਉਸ ਨੇ ਹੱਸ ਕੇ ਪੁੱਛਿਆ ਕਿ ਬੀਬੀ, 'ਤੇਰੇ ਗਿਲਾਸ ਵਿੱਚ ਕੀ ਹੈ?' ਬੀਬੀ ਨੇ ਦੱਸਿਆ, 'ਇਸ ਵਿੱਚ ਜਲ ਹੈ, ਇਸ ਧਰਮ ਅਸਥਾਨ ਤੋਂ ਮੱਥਾ ਟੇਕ ਕੇ ਲਿਆ ਹੈ।' ਉਸ ਨੇ ਦੂਜਾ ਸਵਾਲ ਪੁੱਛ ਲਿਆ, 'ਲੈ ਕੇ ਕੀ ਆਈ ਸੀ?' ਬੀਬੀ ਨੇ ਦੱਸ ਦਿੱਤਾ, 'ਦੁੱਧ ਲਿਆਈ ਸੀ ਗਿਲਾਸ ਵਿੱਚ।' ਉਹ ਹੱਸ ਕੇ ਬੋਲਿਆ: 'ਇਸ ਤੋਂ ਵਧੀਆ ਕਾਰੋਬਾਰ ਕਿਹੜਾ ਹੋ ਸਕਦਾ ਹੈ, ਜਿਸ ਵਿੱਚ ਲੋਕ ਦੁੱਧ ਦੇ ਜਾਂਦੇ ਹਨ ਤੇ ਪਾਣੀ ਲੈ ਕੇ ਮੁੜ ਜਾਂਦੇ ਹਨ?' ਧਰਮ ਅਸਥਾਨਾਂ ਵਿੱਚ ਵੀ ਕੋਈ ਐਵੇਂ ਚੜ੍ਹਾਵੇ ਨਹੀਂ ਚਾੜ੍ਹਦਾ। ਪਹਿਲਾਂ ਪਾਪ ਕਰਦੇ ਹਨ, ਜਦੋਂ ਕੀਤੇ ਪਾਪ ਡਰਾਉਣ ਤਾਂ ਮੱਥੇ ਰਗੜਨ ਤੁਰ ਜਾਂਦੇ ਹਨ। ਕਾਰੋਬਾਰ ਵਾਹਵਾ ਕਮਾਈ ਵਾਲਾ ਹੈ, ਜਿੱਥੇ ਆਏ ਲੋਕ ਮਾਇਆ ਚੜ੍ਹਾਉਂਦੇ ਤੇ ਮੁਕਤੀ ਦਾ ਲਾਰਾ ਲੈ ਕੇ ਮੁੜ ਜਾਂਦੇ ਹਨ। ਨਤੀਜੇ ਵਜੋਂ ਓਥੇ ਦੌਲਤਾਂ ਦੇ ਢੇਰ ਲੱਗੀ ਜਾਂਦੇ ਹਨ।
ਸਭ ਨੂੰ ਪਤਾ ਹੈ ਕਿ ਜਿੱਥੇ ਗੁੜ ਹੋਵੇ, ਮੱਖੀਆਂ ਵੀ ਓਥੇ ਹੀ ਆਉਂਦੀਆਂ ਹਨ। ਜਦੋਂ ਕਿਤੇ ਦੌਲਤ ਦੇ ਢੇਰ ਲੱਗ ਜਾਣ ਤਾਂ ਚੋਰ, ਲੁਟੇਰੇ ਅਤੇ ਡਾਕੂ ਵੀ ਓਧਰ ਨੂੰ ਮੁਹਾਰਾਂ ਮੋੜ ਲੈਂਦੇ ਹਨ। ਭਾਰਤ ਮਾਂ ਕਈ ਸਦੀਆਂ ਪਿੱਛੇ ਵੀ 'ਸੋਨੇ ਦੀ ਚਿੜੀ' ਹੁੰਦੀ ਸੀ, ਅੱਜ ਵੀ 'ਸੋਨੇ ਦੀ ਚਿੜੀ' ਹੈ, ਪਰ ਓਦੋਂ ਨਾਲੋਂ ਅੱਜ ਦੇ ਸਮੇਂ ਵਿੱਚ ਇੱਕ ਵੱਡਾ ਫਰਕ ਆ ਗਿਆ ਹੈ। ਭਾਰਤ ਮਾਂ, ਤੈਨੂੰ ਪਤਾ ਹੈ ਕਿ ਬਲਾਤਕਾਰ ਸਾਰੀ ਦੁਨੀਆ ਵਿੱਚ ਹੁੰਦੇ ਹਨ ਤੇ ਜਿੱਥੇ ਵੀ ਕਿਤੇ ਹੋਵੇ, ਬਲਾਤਕਾਰ ਦੀ ਸ਼ਿਕਾਰ ਨੂੰ ਕਦੇ ਮਿਹਣਾ ਨਹੀਂ ਦਿੱਤਾ ਜਾਂਦਾ, ਪਰ ਤੇਰੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਜਿਸ ਮਾਂ ਦਾ ਢਿੱਡੋਂ ਜਾਇਆ ਉਸ ਦੀ ਇੱਜ਼ਤ ਨੂੰ ਬੁਰੀ ਨਜ਼ਰ ਨਾਲ ਝਾਕਣ ਲੱਗ ਪਵੇ, ਉਸ ਨੂੰ ਇਹ ਮਿਹਣਾ ਵੱਜ ਜਾਂਦਾ ਹੈ ਕਿ ਇਹ ਗੰਦੀ ਔਲਾਦ ਵੀ ਤੂੰ ਹੀ ਪੈਦਾ ਕੀਤੀ ਸੀ। ਕਈ ਸਦੀਆਂ ਪਹਿਲਾਂ ਤੈਨੂੰ ਲੁੱਟਣ ਲਈ ਬਾਹਰੋਂ ਲੁਟੇਰਿਆਂ ਦੇ ਲਸ਼ਕਰ ਆਉਂਦੇ ਸਨ, ਹੁਣ ਕਿਸੇ ਗੌਰੀ ਜਾਂ ਗਜ਼ਨਵੀ ਨੂੰ ਖੇਚਲ ਕਰਨ ਦੀ ਲੋੜ ਨਹੀਂ, ਤੇਰੀ ਦੌਲਤ ਵੀ ਤੇ ਤੇਰੀ ਇੱਜ਼ਤ ਵੀ ਅੱਜ ਜਿਹੜੇ ਲੋਕ ਲੁੱਟ ਰਹੇ ਹਨ, ਉਹ ਗੰਦੀ ਔਲਾਦ ਵੀ ਤੇਰੀ ਆਪਣੀ ਪੈਦਾ ਕੀਤੀ ਹੋਈ ਹੈ। ਭਾਰਤ ਮਾਂ, ਇਹ ਤੇਰੀ ਹੀ ਔਲਾਦ ਹੈ, ਕਿਸੇ ਹੋਰ ਦੀ ਨਹੀਂ। ਫਿਰ ਵੀ ਤੂੰ ਸਿਦਕ ਰੱਖ, ਸਾਰਾ ਕੁਝ ਰੁੜ੍ਹ ਨਹੀਂ ਗਿਆ, ਅਜੇ ਵੀ ਇਹੋ ਜਿਹੇ ਲੋਕ ਹਨ, ਜਿਹੜੇ ਕੁਝ ਕਰਨ ਜੋਗੇ ਭਾਵੇਂ ਨਹੀਂ ਜਾਪਦੇ, ਤੇਰੀ ਹਾਲਤ ਉੱਤੇ ਹਾਅ ਦਾ ਨਾਹਰਾ ਮਾਰਨ ਦੀ ਹਿੰਮਤ ਕਰੀ ਜਾਂਦੇ ਹਨ। ਤੂੰ ਉਸ ਦਿਨ ਦੀ ਉਡੀਕ ਕਰ, ਜਿਸ ਦਿਨ ਖੇਤਾਂ ਦੇ ਪੁੱਤ, ਮਿੱਲਾਂ ਦੇ ਕਾਮੇ ਤੇ ਝੁੱਗੀਆਂ ਦੀ ਜੂਨ ਹੰਢਾਉਣ ਵਾਲੇ ਲੋਕ ਆਪਣੀ ਨੀਂਦ ਛੱਡਣਗੇ ਤੇ ਪੁਰਾਣੇ ਜ਼ਮਾਨੇ ਵਿੱਚ ਜਾਲ ਸਮੇਤ ਉੱਡ ਜਾਣ ਵਾਲੇ ਕਬੂਤਰਾਂ ਵਾਂਗ ਸਾਂਝਾ ਹੰਭਲਾ ਮਾਰ ਕੇ ਸ਼ਿਕਾਰੀਆਂ ਨੂੰ ਭਾਜੜਾਂ ਪਾ ਦੇਣਗੇ। ਕਦੇ ਤਾਂ ਆਵੇਗਾ ਉਹ ਦਿਨ।
No comments:
Post a Comment