ਮਹਾਂ-ਸ਼ਕਤੀ ਹੋਣ ਦਾ ਅਮਰੀਕੀ ਫਤੂਰ ਨਾ ਸੰਸਾਰ ਨੂੰ ਸੁਖੀ ਰਹਿਣ ਦੇਵੇਗਾ, ਨਾ ਉਸ ਦੇ ਆਪਣੇ ਘਰ ਸੁੱਖ ਰਹੇਗੀ
ਅਮਰੀਕਾ ਇੱਕ ਮਹਾਂ-ਸ਼ਕਤੀ ਹੈ, ਇਸ ਗੱਲ ਵਿੱਚ ਕਿਸੇ ਨੂੰ ਮੱਤਭੇਦ ਨਹੀਂ। ਕਦੇ ਦੋ ਬਰਾਬਰ ਦੀਆਂ ਮਹਾਂ-ਸ਼ਕਤੀਆਂ ਹੁੰਦੀਆਂ ਹਨ, ਇੱਕ ਅਮਰੀਕਾ ਤੇ ਦੂਜੀ ਸੋਵੀਅਤ ਯੂਨੀਅਨ ਵਾਲੀ। ਫਿਰ ਸੋਵੀਅਤ ਯੂਨੀਅਨ ਦਾ ਭੋਗ ਪੈ ਗਿਆ, ਜਾਂ ਅਮਰੀਕੀ ਮਹਾਂ-ਸ਼ਕਤੀ ਨੇ ਆਪਣੇ ਏਜੰਟਾਂ ਰਾਹੀਂ ਪਵਾ ਦਿੱਤਾ, ਤੇ ਬਾਕੀ ਇੱਕੋ ਮਹਾਂ-ਸ਼ਕਤੀ ਅਮਰੀਕਾ ਰਹਿ ਗਿਆ। ਧਰਤੀ ਦੋ ਸਿਰਿਆਂ ਵੱਲੋਂ ਦੋ ਵੱਖ-ਵੱਖ ਅੱਡਿਆਂ ਦਾ ਆਸਰਾ ਲੈਣ ਦੀ ਥਾਂ ਇੱਕਲੌਤੇ ਬਲਦ ਨੂੰ ਆਪਣੇ ਸਿੰਗਾਂ ਉੱਤੇ ਟਿਕ ਗਈ ਜਾਪੀ। ਅੱਜ ਵੀ ਦੁਨੀਆ ਵਿੱਚ ਬਥੇਰੇ ਲੋਕ ਇਹ ਸੋਚ ਰੱਖਣ ਵਾਲੇ ਮਿਲ ਜਾਂਦੇ ਹਨ, ਜਿਹੜੇ ਆਖਦੇ ਹਨ ਕਿ ਧਰਤੀ ਧੌਲੇ ਬਲਦ ਦੇ ਸਿੰਗ ਉੱਤੇ ਟਿਕੀ ਹੋਈ ਹੈ ਤੇ ਜਦੋਂ ਉਹ ਸਿੰਗ ਬਦਲਦਾ ਹੈ ਤਾਂ ਉਸ ਦੇ ਹਿੱਲਣ ਕਾਰਨ ਭੁਚਾਲ ਆਉਂਦਾ ਹੈ। ਉਹ ਇਹ ਗੱਲ ਨਹੀਂ ਸਮਝ ਸਕਦੇ ਕਿ ਜੇ ਸਿੰਗ ਬਦਲਣ ਨਾਲ ਹੀ ਧਰਤੀ ਹਿੱਲਦੀ ਹੈ ਤਾਂ ਸਾਰੀ ਧਰਤੀ ਨੂੰ ਹਲੂਣਾ ਕਿਉਂ ਨਹੀਂ ਵੱਜਦਾ, ਕਿਸੇ ਇੱਕੋ ਖੇਤਰ ਵਿੱਚ ਭੂਚਾਲ ਆ ਕੇ ਤਬਾਹੀ ਕਿਉਂ ਕਰਦਾ ਹੈ? ਜਿਵੇਂ ਉਨ੍ਹਾਂ ਨੂੰ ਇਹ ਭਰਮ ਹੈ ਕਿ ਧਰਤੀ ਧੌਲੇ ਬਲਦ ਦੇ ਸਿੰਗ ਉੱਤੇ ਟਿਕੀ ਹੋਈ ਹੈ, ਉਵੇਂ ਹੀ ਅਮਰੀਕੀ ਹਕੂਮਤ ਨੂੰ ਭਰਮ ਹੈ ਕਿ ਧਰਤੀ ਉਸ ਦੀ ਮੁੱਠੀ ਵਿੱਚ ਹੈ। ਅਮਰੀਕਾ ਮਹਾਂ-ਸ਼ਕਤੀ ਹੈ, ਪਰ ਇਸ ਸੱਚ ਨੂੰ ਪ੍ਰਵਾਨ ਕਰ ਕੇ ਵੀ ਇਹ ਗੱਲ ਆਖੇ ਬਿਨਾਂ ਨਹੀਂ ਰਿਹਾ ਜਾ ਸਕਦਾ ਕਿ ਹੋਵੇਗਾ ਉਹ ਮਹਾਂ-ਸ਼ਕਤੀ, ਧਰਤੀ ਫਿਰ ਵੀ ਉਸ ਦੀ ਮਾਲਕੀ ਨਹੀਂ, ਸਮੁੱਚੀ ਮਨੁੱਖਤਾ ਦੀ ਮਲਕੀਅਤ ਹੈ।
ਕਿਉਂਕਿ ਇਹ ਧਰਤੀ ਅਤੇ ਇਹ ਸੰਸਾਰ ਸਮੁੱਚੀ ਮਨੁੱਖਤਾ ਦੀ ਮਲਕੀਅਤ ਹੈ, ਇਸ ਲਈ ਦੁਨੀਆ ਭਰ ਦੇ ਮਨੁੱਖਾਂ ਨੂੰ ਇਹ ਹੱਕ ਹੈ ਕਿ ਕਿਸੇ ਦੂਜੇ ਦਾ ਪੈਰ ਮਿੱਧੇ ਬਿਨਾਂ ਉਹ ਆਪੋ ਆਪਣੇ ਢੰਗ ਨਾਲ ਜਿਊਂ ਸਕਣ। ਉਨ੍ਹਾਂ ਵਿੱਚੋਂ ਕਿਸੇ ਦੇਸ਼ ਵਿੱਚ ਕੀ ਪ੍ਰਬੰਧ ਹੋਵੇ, ਇਹ ਉਨ੍ਹਾਂ ਦਾ ਅਧਿਕਾਰ ਹੋਣਾ ਚਾਹੀਦਾ ਹੈ, ਕਿਸੇ ਦੂਜੇ ਦਾ ਨਹੀਂ। ਇਸ ਦੇ ਬਾਵਜੂਦ ਮਹਾਂ-ਸ਼ਕਤੀ ਹੋਣ ਦਾ ਖੁਮਾਰ ਅਮਰੀਕਾ ਨੂੰ ਸਿਰਫ ਦੋ ਮੁਲਕਾਂ ਦੇ ਝਗੜੇ ਵੇਲੇ ਹੀ ਨਹੀਂ, ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਵੱਲ ਵੀ ਤੋਰ ਦੇਂਦਾ ਹੈ। ਉਸ ਦੀ ਇਸ ਸੋਚਣੀ ਕਾਰਨ ਪਹਿਲੇ ਪਾਏ ਪੁਆੜੇ ਅਜੇ ਨਜਿੱਠੇ ਨਹੀਂ ਜਾਂਦੇ ਤੇ ਉਹ ਨਵੇਂ ਸਹੇੜਨ ਲੱਗ ਜਾਂਦਾ ਹੈ ਤੇ ਫਿਰ ਆਪਣੀ ਇਸ ਖੇਡ ਨੂੰ ਸਹੀ ਸਾਬਤ ਕਰਨ ਲਈ ਸਬੂਤਾਂ ਦਾ ਸਹਾਰਾ ਨਹੀਂ ਲੈਂਦਾ, ਸਬੂਤ ਵੀ ਘੜਨ ਲੱਗ ਜਾਂਦਾ ਹੈ। ਪਿਛਲੇ ਦਿਨੀਂ ਉਸ ਨੇ ਜਿਹੜੀਆਂ ਖੇਡਾਂ ਖੇਡੀਆਂ ਹਨ, ਉਨ੍ਹਾਂ ਵਿੱਚੋਂ ਕੁਝ ਤਾਂ ਬਹੁਤ ਹੀ ਕੋਝੀਆਂ ਹਨ।
ਦੁਨੀਆ ਜਾਣਦੀ ਹੈ ਕਿ ਇੱਕ ਮੌਕੇ ਸੀਨੀਅਰ ਜਾਰਜ ਬੁੱਸ਼ ਦੇ ਵਕਤ ਅਮਰੀਕਾ ਨੇ ਖਾੜੀ ਦੇਸ਼ਾਂ ਵਿਚਲੇ ਤੇਲ ਦੇ ਭੰਡਾਰਾਂ ਉੱਤੇ ਅੱਖ ਰੱਖ ਕੇ ਪਹਿਲਾਂ ਸੱਦਾਮ ਹੁਸੈਨ ਨੂੰ ਕੁਵੈਤ ਉੱਤੇ ਹਮਲੇ ਲਈ ਆਪ ਉਕਸਾਇਆ ਅਤੇ ਫਿਰ ਕੁਵੈਤ ਦਾ ਰਾਖਾ ਬਣ ਕੇ ਸੱਦਾਮ ਨੂੰ ਕੁੱਟਣ ਲਈ ਇਰਾਕ ਉੱਤੇ ਫੌਜ ਚਾੜ੍ਹ ਦਿੱਤੀ ਸੀ। ਓਦੋਂ ਹਾਲੇ ਸੋਵੀਅਤ ਯੂਨੀਅਨ ਦੇ ਟੁੱਟਣ ਦੀ ਕਿਰਿਆ ਪੂਰੀ ਨਹੀਂ ਸੀ ਹੋਈ, ਇਸ ਲਈ ਸੰਸਾਰ ਦਾ ਰੰਗ ਹੋਰ ਸੀ ਤੇ ਉਸ ਰੰਗ ਕਾਰਨ ਅਮਰੀਕਾ ਨੂੰ ਸੰਸਾਰ ਰਾਏ ਦੇ ਦਬਾਅ ਹੇਠ ਇਰਾਕ ਤੋਂ ਪਿੱਛੇ ਹਟਣਾ ਪਿਆ ਸੀ, ਪਰ ਉਸ ਦਾ ਅੱਧਾ ਮਕਸਦ ਪੂਰਾ ਹੋ ਗਿਆ ਸੀ, ਕਿਉਂਕਿ ਇਸ ਬਹਾਨੇ ਉਹ ਖਾੜੀ ਵਿੱਚ ਪੱਕਾ ਅੱਡਾ ਜਮਾਉਣ ਵਿੱਚ ਕਾਮਯਾਬ ਰਿਹਾ ਸੀ। ਜਿਹੜੀ ਖੇਡ ਬਾਪ ਬੁੱਸ਼ ਤੋਂ ਪੂਰੀ ਨਾ ਹੋ ਸਕੀ, ਉਹ ਉਸ ਦੇ ਪੁੱਤਰ ਬੁੱਸ਼ ਨੇ ਰਾਸ਼ਟਰਪਤੀ ਬਣ ਕੇ ਪੂਰੀ ਕਰ ਦਿੱਤੀ ਅਤੇ ਇਰਾਕ ਉੱਤੇ ਕਬਜ਼ਾ ਜਾ ਕੀਤਾ ਸੀ। ਇਹ ਕਹਿਣਾ ਇੱਕ ਝੂਠ ਸੀ ਕਿ ਇਰਾਕ ਵਿੱਚ ਜਨਤਕ ਤਬਾਹੀ ਦੇ ਹਥਿਆਰ ਬਣਾਏ ਜਾ ਰਹੇ ਸਨ, ਅਸਲ ਸੋਚ ਤਾਂ ਇਹ ਸੀ ਕਿ ਅਮਰੀਕੀ ਕੰਪਨੀਆਂ ਨੂੰ ਮੁਨਾਫੇ ਵਾਲੇ ਪ੍ਰਾਜੈਕਟ ਦਿਵਾਉਣੇ ਸਨ। ਜਦੋਂ ਹਾਲੇ ਜੰਗ ਸ਼ੁਰੂ ਨਹੀਂ ਸੀ ਹੋਈ, ਇੰਟਰਨੈੱਟ ਉੱਤੇ ਇਹ ਚਰਚਾ ਓਦੋਂ ਹੀ ਚੱਲ ਪਈ ਸੀ ਕਿ ਜੰਗ ਮੁੱਕਣ ਤੋਂ ਬਾਅਦ ਤਬਾਹ ਹੋਏ ਇਰਾਕ ਵਿੱਚ ਫਲਾਣਾ ਪ੍ਰਾਜੈਕਟ ਫਲਾਣੀ ਕਾਰਪੋਰੇਸ਼ਨ ਨੂੰ ਦਿੱਤਾ ਜਾਵੇਗਾ, ਤੇ ਜੰਗ ਸਮੇਟੀ ਜਾਣ ਪਿੱਛੋਂ ਹੋਇਆ ਵੀ ਇੰਜ ਹੀ ਸੀ, ਬਾਕੀ ਗੱਲਾਂ ਤਾਂ ਐਵੇਂ ਦੀਆਂ ਸਨ।
ਹੋਵੇਗਾ ਅਮਰੀਕਾ ਬਹੁਤ ਵੱਡੀ ਮਹਾਂ-ਸ਼ਕਤੀ, ਪਰ ਇਸ ਮਹਾਂ-ਸ਼ਕਤੀ ਦਾ ਦਾਬਾ ਦੁਨੀਆ ਨੇ ਕੀ ਮੰਨਣਾ ਹੈ, ਕਈ ਤਿੱਖੀ ਸੋਚ ਵਾਲੇ ਲੋਕ ਨਿੱਜੀ ਪੱਧਰ ਉੱਤੇ ਵੀ ਇਸ ਦੀਆਂ ਅੱਖਾਂ ਵਿੱਚ ਘੱਟੇ ਦੀ ਮੁੱਠ ਪਾ ਜਾਂਦੇ ਹਨ। ਪਿਛਲੇ ਸਾਲਾਂ ਵਿੱਚ ਇਸ ਦੀਆਂ ਚੁਸਤੀਆਂ ਦਾ ਜਿਵੇਂ ਕਈ ਵਾਰੀ ਜਲੂਸ ਨਿਕਲਦਾ ਵੇਖਿਆ ਗਿਆ ਅਤੇ ਇਸ ਦੇ ਅਧਿਕਾਰੀਆਂ ਨੂੰ ਖੁਦ ਇਹ ਕਬੂਲ ਕਰਨਾ ਪਿਆ ਹੈ, ਉਸ ਦੀ ਦਾਸਤਾਨ ਕੋਈ ਘੱਟ ਦਿਲਚਸਪ ਨਹੀਂ ਹੈ।
ਇੱਕ ਮਾਮਲਾ ਇਰਾਕ ਦੀ ਜੰਗ ਦਾ ਹੀ ਹੈ। ਜਦੋਂ ਉਹ ਜੰਗ ਲੜੀ ਜਾਣੀ ਸੀ, ਉਸ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਸੱਦਾਮ ਹੁਸੈਨ ਦੀ ਅਗਵਾਈ ਹੇਠ ਇਰਾਕ ਵਿੱਚ ਐਟਮੀ ਅਤੇ ਰਸਾਇਣਕ ਹਥਿਆਰ ਬਣਾਏ ਜਾਂਦੇ ਹਨ। ਇਸ ਦੀ ਚਰਚਾ ਸੰਸਾਰ ਦੀ ਸੱਥ ਵਜੋਂ ਜਾਣੀ ਜਾਂਦੀ ਯੂ ਐਨ ਦੇ ਅਖਾੜੇ ਵਿੱਚ ਵੀ ਜਾ ਕੇ ਕੀਤੀ ਗਈ। ਅਮਰੀਕਾ ਵਾਲਿਆਂ ਨੇ ਏਥੋਂ ਤੱਕ ਦਾਅਵਾ ਕਰ ਦਿੱਤਾ ਕਿ ਇਰਾਕ ਬਾਰੇ ਉਨ੍ਹਾਂ ਦੀਆਂ ਸੂਚਨਾਵਾਂ ਏਨੀਆਂ ਪੁਖਤਾ ਹਨ ਕਿ ਉਹ ਸੱਦਾਮ ਹੁਸੈਨ ਦੇ ਫੌਜੀ ਸੂਟ ਦੇ ਹੇਠਾਂ ਪਾਏ ਅੰਦਰੂਨੀ ਅੰਗ-ਵਸਤਰਾਂ ਦਾ ਰੰਗ ਵੀ ਦੱਸ ਸਕਦੇ ਹਨ। ਜਦੋਂ ਜੰਗ ਲਾ ਕੇ ਅਮਰੀਕਾ ਨੇ ਸਾਰੇ ਮੁਲਕ ਉੱਤੇ ਕਬਜ਼ਾ ਕਰ ਲਿਆ, ਅੰਦਰੂਨੀ ਅੰਗ-ਵਸਤਰਾਂ ਦਾ ਰੰਗ ਦੱਸ ਸਕਣ ਦੇ ਦਾਅਵੇ ਕਰਨ ਵਾਲੇ ਅਮਰੀਕਾ ਨੂੰ ਆਪਣੇ ਇਹ ਦਾਅਵੇ ਸਾਬਤ ਕਰਨ ਔਖੇ ਹੋ ਗਏ ਕਿ ਇਰਾਕ ਵਿੱਚ ਜਨਤਕ ਤਬਾਹੀ ਦੇ ਹਥਿਆਰਾਂ ਦਾ ਭੰਡਾਰ ਸੀ। ਫਿਰ ਇਹ ਮੰਨਣਾ ਪੈ ਗਿਆ ਕਿ ਉਸ ਦੀ ਇਹ ਸੂਚਨਾ ਗਲਤ ਸੀ। ਇਹ ਸੂਚਨਾ ਗਲਤ ਕਿਉਂ ਸੀ, ਇਸ ਦਾ ਉਹ ਆਪ ਤਾਂ ਓਹਲਾ ਰੱਖਦੇ ਰਹੇ, ਪਰ ਇਹ ਗਲਤ ਸੂਚਨਾ ਦੇ ਕੇ ਅਮਰੀਕੀ ਹਕੂਮਤ ਨੂੰ ਕਸੂਤਾ ਫਸਾ ਦੇਣ ਵਾਲੇ ਏਜੰਟਾਂ ਨੇ ਪਿਛਲੇ ਹਫਤੇ ਖੁਦ ਹੀ ਇਸ ਦਾ ਭੇਦ ਖੋਲ੍ਹ ਦਿੱਤਾ ਹੈ।
ਪਿਛਲੇ ਹਫਤੇ ਦੇ ਇੱਕ ਦਿਨ ਲੰਡਨ ਦੇ ਗਾਰਡੀਅਨ ਅਖਬਾਰ ਨੇ ਇਹ ਖੁਲਾਸਾ ਕਰ ਦਿੱਤਾ ਹੈ ਕਿ ਸਾਰੀ ਸੂਚਨਾ ਅਸਲ ਵਿੱਚ ਰਫੀਦ ਅਹਿਮਦ ਅਲਵਾਨ ਅਲ ਜਨਾਬੀ ਨਾਂਅ ਦੇ ਇੱਕ ਬੰਦੇ ਦੀ ਘਾੜਤ ਸੀ, ਜਿਹੜਾ ਸੱਦਾਮ ਹੁਸੈਨ ਦੀ ਹਕੂਮਤ ਤੋਂ ਸਤਿਆ ਹੋਇਆ ਸੀ। ਉਹ ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਲਈ ਕੰਮ ਕਰਦਾ ਸੀ ਤੇ ਏਨਾ ਸਿੱਕੇਬੰਦ ਮੁਖਬਰ ਸਮਝਿਆ ਜਾਂਦਾ ਸੀ ਕਿ ਉਸ ਦੀਆਂ ਕਹੀਆਂ ਗੱਲਾਂ ਨੂੰ ਹੋਰ ਵਸੀਲਿਆਂ ਤੋਂ ਚੈੱਕ ਕਰਨ ਦੀ ਲੋੜ ਵੀ ਨਹੀਂ ਸੀ ਸਮਝੀ ਜਾਂਦੀ। ਗਾਰਡੀਅਨ ਨੇ ਹੁਣ ਉਸ ਦੀ ਇੰਟਰਵਿਊ ਛਾਪੀ ਹੈ, ਜਿਸ ਵਿੱਚ ਉਹ ਸਾਫ ਕਹਿ ਰਿਹਾ ਹੈ ਕਿ ਹਥਿਆਰ ਤਾਂ ਓਥੇ ਕੋਈ ਹੈ ਹੀ ਨਹੀਂ ਸਨ, ਉਂਜ ਅਮਰੀਕਾ ਨੇ ਹਮਲਾ ਨਹੀਂ ਸੀ ਕਰਨਾ, ਇਸ ਲਈ ਇਹੋ ਜਿਹੀ ਸੂਚਨਾ ਅਸੀਂ ਉਸ ਨੂੰ ਪੇਸ਼ ਕੀਤੀ ਕਿ ਉਹ ਯਕੀਨ ਕਰ ਲਵੇ। ਅਮਰੀਕਾ ਉਸ ਉੱਤੇ ਏਨਾ ਯਕੀਨ ਕਰ ਬੈਠਾ ਕਿ ਯੂ ਐਨ ਦੇ ਅਜਲਾਸ ਵਿੱਚ ਜਾ ਕੇ ਹਿੱਕ ਠੋਕ ਕੇ ਇਹੋ ਦਾਅਵਾ ਦੁਹਰਾਈ ਗਿਆ ਸੀ। ਦੁਨੀਆ ਨੂੰ ਬੇਵਕੂਫ ਬਣਾਉਣ ਵਿੱਚ ਆਪਣੇ ਆਪ ਨੂੰ ਮਾਹਰ ਸਮਝਦੀ ਅਮਰੀਕੀ ਹਕੂਮਤ ਤਾਂ ਇਸ ਨਾਲ ਬੇਵਕੂਫ ਬਣੀ ਹੀ, ਉਸ ਦੇ ਪਿੱਛੇ ਲੱਗ ਕੇ ਬਰਤਾਨੀਆ ਦੇ ਟੋਨੀ ਬਲੇਅਰ ਹੁਰੀਂ ਵੀ ਆਪਣੇ ਮੁਲਕ ਵਿੱਚ ਬੋਲਣ ਜੋਗੇ ਨਾ ਰਹੇ।
ਇੱਕ ਹੋਰ ਮਾਮਲਾ ਹੈ ਅਫਗਾਨਿਸਤਾਨ ਦੇ ਬਦਲੇ ਹੋਏ ਹਾਲਾਤ ਵਿੱਚ ਅਮਰੀਕਾ ਦੀ ਓਥੋਂ ਖਿਸਕਣ ਦੀ ਨਾਕਾਮ ਕੋਸ਼ਿਸ਼ ਦਾ। 'ਮੈਂ ਤਾਂ ਕੰਬਲ ਨੂੰ ਛੱਡਦਾ ਹਾਂ, ਕੰਬਲ ਮੈਨੂੰ ਨਹੀਂ ਛੱਡਦਾ' ਦੇ ਮੁਹਾਵਰੇ ਵਾਂਗ ਅਮਰੀਕਾ ਵਾਲੇ ਓਥੋਂ ਨਿਕਲਣਾ ਚਾਹੁੰਦੇ ਹਨ, ਪਰ ਨਿਕਲਣ ਦਾ ਰਾਹ ਨਹੀਂ ਲੱਭਦਾ। ਡੇਢ ਸਾਲ ਪਹਿਲਾਂ ਉਨ੍ਹਾਂ ਨੇ ਕੁਝ ਪਿਆਦਿਆਂ ਰਾਹੀਂ ਤਾਲਿਬਾਨ ਨਾਲ ਗੱਲਬਾਤ ਦਾ ਰਾਹ ਕੱਢਣ ਲਈ ਉਨ੍ਹਾਂ ਦੀ ਨਰਮ ਅਤੇ ਗਰਮ ਤਾਲਿਬਾਨ ਵਜੋਂ ਵੰਡ ਕਰਨੀ ਸ਼ੁਰੂ ਕਰ ਦਿੱਤੀ। ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਜਦੋਂ ਇਹ ਰੋਸ ਕੀਤਾ ਕਿ ਉਸ ਨੂੰ ਫਸਾ ਕੇ ਅਮਰੀਕੀ ਆਪ ਦੌੜ ਜਾਣਾ ਚਾਹੁੰਦੇ ਹਨ ਤਾਂ ਉਸ ਨੂੰ ਪਤਿਆ ਕੇ ਇਸ ਰਾਜਨੀਤੀ ਨੂੰ ਅੱਗੇ ਤੋਰਨ ਲਈ ਮਨਾ ਲਿਆ। 'ਨਰਮ ਤਾਲਿਬਾਨ' ਦੇ ਇੱਕ ਗਰੁੱਪ ਨਾਲ ਗੱਲਬਾਤ ਸ਼ੁਰੂ ਕੀਤੀ ਗਈ। ਇਸ ਨੂੰ ਪਹਿਲੀ ਠਿੱਬੀ ਅਮਰੀਕਾ ਦੀ ਪੱਕੀ ਸੇਵਾਦਾਰ ਪਾਕਿਸਤਾਨ ਦੀ ਹਕੂਮਤ ਨੇ ਲਾ ਦਿੱਤੀ, ਜਿਸ ਨੇ ਚੁੱਪ-ਚੁਪੀਤੇ ਮੁੱਲਾ ਬਿਰਾਦਰ ਨੂੰ ਗ੍ਰਿਫਤਾਰ ਕਰ ਲਿਆ, ਜਿਹੜਾ ਗੱਲਬਾਤ ਵਿੱਚ ਸਰਗਰਮ ਸੀ ਤੇ ਕਿਹਾ ਇਹ ਕਿ ਉਸ ਨੂੰ ਪਤਾ ਨਹੀਂ ਸੀ। ਫਿਰ ਵੀ ਗੱਲਬਾਤ ਅੱਗੇ ਚੱਲਦੀ ਰਹੀ ਤੇ ਅਮਰੀਕੀ ਹਕੂਮਤ ਇਸ ਤੋਂ ਏਨੀ ਆਸਵੰਦ ਵੀ ਹੋ ਬੈਠੀ ਕਿ ਆਪਣੇ ਦੇਸ਼ ਦੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਫਗਾਨਿਸਤਾਨ ਦੇ ਮੋਰਚੇ ਉੱਤੇ ਗਏ ਉਨ੍ਹਾਂ ਦੇ ਪੁੱਤਰ ਛੇਤੀ ਹੀ ਘਰੀਂ ਆ ਜਾਣਗੇ। ਕੁਝ ਚਿਰ ਬਾਅਦ ਅਸਲੀਅਤ ਸਾਹਮਣੇ ਆ ਗਈ ਕਿ ਅਮਰੀਕੀ ਹਕੂਮਤ ਨਾਲ ਤਾਲਿਬਾਨ ਦੇ ਦੂਤ ਬਣ ਕੇ ਜਿਹੜੇ ਲੋਕ ਗੱਲਬਾਤ ਕਰਦੇ ਰਹੇ ਸਨ, ਉਨ੍ਹਾਂ ਦਾ ਤਾਲਿਬਾਨ ਨਾਲ ਕੋਈ ਵਾਸਤਾ ਹੀ ਨਹੀਂ ਸੀ, ਉਹ ਤਾਂ ਇਸ ਬਹਾਨੇ ਕੁਝ ਮਾਇਆ ਝਪਟਣ ਦੀ ਫਿਰਾਕ ਵਿੱਚ ਫਿਰਦੇ ਤਸਕਰ ਗਰੋਹਾਂ ਦੇ ਬੰਦੇ ਸਨ। ਇਸ ਨਾਲ ਏਨੀ ਨਮੋਸ਼ੀ ਪੱਲੈ ਪੈ ਗਈ ਕਿ ਅਮਰੀਕਾ ਦੀ ਸਰਕਾਰ ਨੇ ਕਈ ਮਹੀਨੇ ਇਸ ਸੱਚ ਦੀ ਸੁੰਧਕ ਹੀ ਬਾਹਰ ਨਾ ਨਿਕਲਣ ਦਿੱਤੀ, ਪਰ ਜਦੋਂ ਗੱਲ ਬਾਹਰ ਆ ਗਈ ਤਾਂ ਇਹ ਕਿਹਾ ਕਿ ਗਲਤੀ ਅਫਗਾਨਿਸਤਾਨ ਦੀ ਹਕੂਮਤ ਤੋਂ ਹੋਈ ਹੈ।
ਅਜੇ ਉਸ ਝਟਕੇ ਤੋਂ ਅਮਰੀਕੀ ਹਕੂਮਤ ਬਾਹਰ ਨਹੀਂ ਸੀ ਆਈ ਕਿ ਵਿਕੀਲੀਕਸ ਦੇ ਖੁਲਾਸਿਆਂ ਨੇ ਉਸ ਦੀ ਨੀਂਦ ਉਡਾ ਦਿੱਤੀ। ਉਹ ਤਾਂ ਸਿਰਫ ਕਹਿੰਦੇ ਸਨ ਕਿ ਸੱਦਾਮ ਹੁਸੈਨ ਦੇ ਅੰਦਰੂਨੀ ਅੰਗ-ਵਸਤਰਾਂ ਦੇ ਰੰਗ ਬਾਰੇ ਵੀ ਉਨ੍ਹਾਂ ਨੂੰ ਪਤਾ ਹੈ, ਵਿਕੀਲੀਕਸ ਨੇ ਅਮਰੀਕੀ ਰਾਜ-ਕਰਤਿਆਂ ਅਤੇ ਦੂਤਾਂ ਦੀ ਆਪਸੀ ਗੱਲਬਾਤ ਦੌਰਾਨ ਉਨ੍ਹਾਂ ਦੇ ਮਿੱਤਰ ਗਿਣੇ ਜਾਂਦੇ ਸੰਸਾਰ ਪੱਧਰ ਦੇ ਆਗੂਆਂ ਬਾਰੇ ਰੱਖੇ ਹੋਏ ਪੁੱਠੇ-ਸਿੱਧੇ ਨਾਂਅ ਵੀ ਦੁਨੀਆ ਦੇ ਲੋਕਾਂ ਨੂੰ ਦੱਸ ਦਿੱਤੇ। ਅਮਰੀਕਾ ਦੇ ਅੰਦਰ ਦੀ ਕੋਈ ਗੱਲ ਲੁਕੀ ਹੀ ਨਹੀਂ ਸੀ ਰਹੀ ਜਾਪਦੀ। ਆਸਟਰੇਲੀਆ ਦੇ ਇੱਕ ਸਧਾਰਨ ਹੈਕਰ ਮੰਨੇ ਜਾਂਦੇ ਅਸਾਂਜ ਨਾਂਅ ਦੇ ਬੰਦੇ ਤੋਂ ਅਮਰੀਕੀ ਹਕੂਮਤ ਏਨੀ ਘਬਰਾ ਗਈ ਕਿ ਉਸ ਦਾ ਸ਼ਿਕਾਰ ਕਰਨ ਦੇ ਰਾਹ ਪੈ ਗਈ। ਸਵੀਡਨ ਵਿੱਚ ਉਸ ਦੇ ਵਿਰੁੱਧ ਇੱਕ ਔਰਤ ਨਾਲ ਬਲਾਤਕਾਰ ਦਾ ਮੁਕੱਦਮਾ ਬਣਵਾ ਦਿੱਤਾ ਗਿਆ। ਹੋ ਸਕਦਾ ਹੈ ਕਿ ਉਸ ਨੇ ਇਹ ਗੁਨਾਹ ਕੀਤਾ ਵੀ ਹੋਵੇ, ਪਰ ਇਸ ਮੁਕੱਦਮੇ ਦੇ ਆਧਾਰ ਉੱਤੇ ਉਸ ਨੂੰ ਬਰਤਾਨੀਆ ਵਿੱਚੋਂ ਬਾਹਰ ਕਢਵਾਉਣ ਦੀ ਚਾਲ ਚੱਲਣ ਵਾਲੇ ਅਮਰੀਕਾ ਨੇ ਆਪ ਵੀ ਇਹੋ ਜਿਹੇ ਕਈ ਲੋਕਾਂ ਨੂੰ ਰਾਜਸੀ ਸ਼ਰਣ ਦਿੱਤੀ ਹੋਈ ਹੈ, ਜਿਹੜੇ ਦੂਜੇ ਦੇਸ਼ਾਂ ਨੂੰ ਲੋੜੀਂਦੇ ਹਨ, ਉਨ੍ਹਾਂ ਨੂੰ ਉਹ ਬਾਹਰ ਕਦੇ ਨਹੀਂ ਕੱਢੇਗਾ। ਗੱਲ ਬਲਾਤਕਾਰ ਦੇ ਗੁਨਾਹ ਨਾਲੋਂ ਵੱਧ ਉਸ ਦੇ ਇਸ 'ਗੁਨਾਹ' ਦੀ ਹੈ ਕਿ ਉਸ ਨੇ 'ਇਕਲੌਤੀ ਮਹਾਂ-ਸ਼ਕਤੀ' ਦੇ ਪੈਰਾਂ ਹੇਠ ਜ਼ਮੀਨ ਕੰਬਣ ਲਾ ਦਿੱਤੀ ਸੀ ਤੇ ਇਹ ਨਮੋਸ਼ੀ ਅਮਰੀਕੀ ਹਕੂਮਤ ਤੋਂ ਸਹਾਰੀ ਨਹੀਂ ਜਾ ਰਹੀ।
ਹੁਣ ਤੀਜੀ ਗੱਲ ਇਹ ਸਾਹਮਣੇ ਆ ਗਈ ਹੈ ਕਿ ਸਾਰੀ ਦੁਨੀਆ ਦੀਆਂ ਚਾਬੀਆਂ ਘੁੰਮਾਉਣ ਲੱਗੀ ਹੋਈ ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਦੀਆਂ ਚਾਬੀਆਂ ਵੀ ਕੋਈ ਤੇਜ਼ ਦਿਮਾਗ ਵਾਲਾ ਬੰਦਾ ਘੁੰਮਾ ਗਿਆ ਹੈ। ਉਸ ਨੇ ਸੀ ਆਈ ਏ ਨੂੰ ਇਹ ਝਾਂਸਾ ਦਿੱਤਾ ਕਿ ਅਲ ਕਾਇਦਾ ਨਾਲ ਨਜਿੱਠਣ ਲਈ ਉਸ ਨੇ ਇੱਕ ਨਵਾਂ ਕੰਪਿਊਟਰ ਸਾਫਟਵੇਅਰ ਬਣਾਇਆ ਹੈ। ਸੀ ਆਈ ਏ ਇਸ ਗਿੱਦੜ-ਸਿੰਗੀ ਨੂੰ ਬੋਚਣ ਲਈ ਧਮਕੜੇ ਹੋ ਤੁਰੀ। ਪੱਕਾ ਭਰੋਸਾ ਜਮਾਉਣ ਲਈ ਉਸ ਨੇ ਇਹ ਵੀ ਕਹਿ ਦਿੱਤਾ ਕਿ ਇੱਕ ਵਾਰ ਲੰਡਨ ਤੋਂ ਉਡਾਰੀ ਭਰਨ ਵਾਲੇ ਮੁਸਾਫਰ ਜਹਾਜ਼ ਨੂੰ ਅਗਵਾ ਕਰਨ ਦੀ ਸਾਜ਼ਿਸ਼ ਦੇ ਸ਼ੱਕ ਕਾਰਨ ਵਾਪਸ ਮੁੜਨ ਦਾ ਜਾਰਜ ਬੁੱਸ਼ ਨੇ ਜਦੋਂ ਹੁਕਮ ਦਿੱਤਾ ਸੀ, ਉਸ ਦੀ ਸੂਚਨਾ ਵੀ ਜਾਰਜ ਬੁੱਸ਼ ਨੂੰ ਓਸੇ ਨੇ ਦਿੱਤੀ ਸੀ। ਖੁਫੀਆ ਏਜੰਸੀ ਨੇ ਬੁੱਸ਼ ਨੂੰ ਨਹੀਂ ਪੁੱਛਿਆ ਤੇ ਉਸ ਬੰਦੇ ਦੇ ਕਹੇ ਉੱਤੇ ਯਕੀਨ ਕਰ ਲਿਆ। ਨਤੀਜੇ ਵਜੋਂ ਉਹ ਦੋ ਕਰੋੜ ਦਸ ਲੱਖ ਡਾਲਰ ਦਾ ਚੂਨਾ ਇਸ ਏਜੰਸੀ ਨੂੰ ਲਾ ਗਿਆ ਹੈ।
ਇਹ ਸਾਰੀਆਂ ਗੱਲਾਂ ਅਸੀਂ ਇਸ ਕਰ ਕੇ ਲਿਖੀਆਂ ਹਨ ਕਿ 'ਇਕਲੌਤੀ ਮਹਾਂ-ਸ਼ਕਤੀ' ਦੇ ਭਰਮ ਵਿੱਚ ਫਸੇ ਹੋਏ ਅਮਰੀਕੀ ਹੁਕਮਰਾਨ ਅਜੇ ਵੀ ਆਪਣੀਆਂ ਕੁਚਾਲਾਂ ਚੱਲਣ ਤੋਂ ਬਾਜ਼ ਨਹੀਂ ਆ ਰਹੇ। ਪਿਛਲੇ ਮਹੀਨੇ ਜਦੋਂ ਮਿਸਰ ਵਿੱਚ ਲੋਕ ਭੜਕੇ, ਉਹ ਉਨ੍ਹਾਂ ਦਾ ਉਸ ਦੇਸ਼ ਵਿੱਚ ਤੀਹ ਸਾਲਾਂ ਤੋਂ ਤਾਕਤ ਸੰਭਾਲੀ ਬੈਠੇ ਹੋਸਨੀ ਮੁਬਾਰਕ ਵਿਰੁੱਧ ਜਾਇਜ਼ ਗੁੱਸਾ ਸੀ ਤੇ ਓਥੋਂ ਦੀ ਫੌਜ ਵੀ ਉਨ੍ਹਾਂ ਦਾ ਸਾਥ ਦੇਣ ਲੱਗ ਪਈ ਸੀ। ਉਹ ਮਾਮਲਾ ਮੁੱਕਣ ਦੀ ਦੇਰ ਸੀ ਕਿ ਲੀਬੀਆ ਦੇ ਲੋਕ ਮੈਦਾਨ ਵਿੱਚ ਆ ਗਏ ਤੇ ਫਿਰ ਬਹਿਰੀਨ ਸਮੇਤ ਕਈ ਹੋਰਨਾਂ ਦੇਸ਼ਾਂ ਅੰਦਰ ਵੀ ਮੁਜ਼ਾਹਰੇ ਸ਼ੁਰੂ ਹੋ ਗਏ। ਅਮਰੀਕਾ ਪਹਿਲਾਂ ਬੜੇ ਸੰਕੋਚਵੇਂ ਢੰਗ ਨਾਲ ਪਰਦੇ ਪਿੱਛੋਂ ਚਾਬੀਆਂ ਘੁੰਮਾ ਕੇ ਖੇਡਦਾ ਰਿਹਾ ਤੇ ਫਿਰ ਉਸ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਸਿੱਧਾ ਬਿਆਨ ਆ ਗਿਆ ਕਿ ਇਨ੍ਹਾਂ ਦੇਸ਼ਾਂ ਦੇ ਹਾਕਮਾਂ ਨੂੰ ਲੋਕ-ਰਾਏ ਦੀ ਕਦਰ ਕਰਨੀ ਚਾਹੀਦੀ ਹੈ। ਜਿਹੜੇ ਲੋਕ ਇਨ੍ਹਾਂ ਦੇਸ਼ਾਂ ਦੇ ਹਾਕਮਾਂ ਦੇ ਤਰਫਦਾਰ ਨਹੀਂ, ਉਹ ਵੀ ਇਹ ਸੋਚ ਕੇ ਹੈਰਾਨ ਹਨ ਕਿ ਜਦੋਂ ਪਾਕਿਸਤਾਨ ਵਿੱਚ ਲੋਕ-ਰਾਏ ਨਾਲ ਚੁਣੇ ਹੋਏ ਆਗੂਆਂ ਦੀਆਂ ਸਰਕਾਰਾਂ ਪਲਟੀਆਂ ਜਾਂਦੀਆਂ ਰਹੀਆਂ, ਓਦੋਂ ਅਮਰੀਕਾ ਨੂੰ ਕੋਈ ਫਰਕ ਹੀ ਨਹੀਂ ਸੀ ਪਿਆ ਤੇ ਫਿਰ ਉਹ ਚੁਣੇ ਹੋਏ ਲੀਡਰ ਫਾਹੇ ਲਾਏ ਜਾਂਦੇ ਵੀ ਅਮਰੀਕਾ ਨੇ ਨਹੀਂ ਸਨ ਰੋਕੇ। ਜ਼ੁਲਫਕਾਰ ਅਲੀ ਭੁੱਟੋ ਲੋਕਾਂ ਦਾ ਚੁਣਿਆ ਪ੍ਰਤੀਨਿਧ ਸੀ ਤੇ ਅਮਰੀਕਾ ਨਾਲ ਸਾਂਝ ਤੋਂ ਵੀ ਕਦੇ ਨਹੀਂ ਸੀ ਭੱਜਿਆ, ਪਰ ਜਿਸ ਜ਼ਿਆ ਉਲ ਹੱਕ ਨੇ ਉਸ ਨੂੰ ਫਾਂਸੀ ਟੰਗ ਦਿੱਤਾ, ਉਸ ਨਾਲ ਅਮਰੀਕੀ ਹਕੂਮਤ ਨੇ ਨਵੀਂ ਅਤੇ ਭੁੱਟੋ ਤੋਂ ਵੱਧ ਗੂੜ੍ਹੀ ਰਿਸ਼ਤੇਦਾਰੀ ਗੰਢ ਲਈ ਸੀ। ਲੋਕ-ਰਾਏ ਦਾ ਅਮਰੀਕਾ ਦਾ ਪੈਮਾਨਾ ਤਾਂ ਇਹ ਹੈ ਕਿ ਜਿਹੜਾ ਲੀਡਰ ਉਸ ਦੀ ਫਰਮਾ-ਬਰਦਾਰੀ ਕਰਦਾ ਰਹੇ, ਉਹ ਟਿਕਿਆ ਰਹਿਣਾ ਚਾਹੀਦਾ ਹੈ, ਪਰ ਜਿਸ ਨੇ ਉਸ ਦੀ ਈਨ ਨਹੀਂ ਮੰਨਣੀ, ਉਸ ਨੂੰ ਪਲਟ ਦੇਣਾ ਚਾਹੀਦਾ ਹੈ, ਭਾਵੇਂ ਉਹ ਲੀਬੀਆ ਦਾ ਗੱਦਾਫੀ ਹੋਵੇ, ਇਰਾਕ ਦਾ ਸੱਦਾਮ ਜਾਂ ਵੈਨਜ਼ੂਏਲਾ ਦਾ ਚਾਵੇਜ਼ ਜਾਂ ਕੋਈ ਹੋਰ ਹੋਵੇ।
ਕਦੇ ਫਲਸਤੀਨੀਆਂ ਨੂੰ ਪਾੜਨ ਲਈ ਅਮਰੀਕਾ ਅਤੇ ਇਸਰਾਈਲ ਨੇ ਹਮਾਸ ਨੂੰ ਆਪ ਤਿਆਰ ਕੀਤਾ ਤੇ ਪਲੋਸਿਆ ਸੀ। ਅੱਜ ਹਮਾਸ ਓਨੀ ਫਲਸਤੀਨੀਆਂ ਲਈ ਨਹੀਂ, ਜਿੰਨੀ ਇਨ੍ਹਾਂ ਦੋਵਾਂ ਲਈ ਮਾਰੂ ਸਾਬਤ ਹੋਈ ਜਾਂਦੀ ਹੈ। ਤਾਲਿਬਾਨ ਵੀ ਕਦੇ ਅਮਰੀਕਾ ਨੇ ਤਿਆਰ ਕੀਤੇ ਸਨ ਤੇ ਹੁਣ ਉਹ ਅਮਰੀਕਾ ਨੂੰ ਅੱਗੇ ਲਾਈ ਫਿਰਦੇ ਹਨ। ਜਿਨ੍ਹਾਂ ਨੂੰ ਉਹ ਅੱਜ ਪਲੋਸ ਰਹੇ ਹਨ, ਕੱਲ੍ਹ ਨੂੰ ਉਹ ਵੀ ਨਵੀਂ ਸਿਰਦਰਦ ਬਣ ਸਕਦੇ ਹਨ, ਪਰ ਅਮਰੀਕਾ ਨੂੰ ਕੱਲ੍ਹ ਦੀ ਨਹੀਂ, ਅੱਜ ਦੀ ਖੇਡ ਨਾਲ ਮਤਲਬ ਹੈ। ਏਸੇ ਲਈ ਉਹ ਹੁਣ ਚੀਨ ਨੂੰ ਪੈਰੋਂ ਕੱਢਣ ਵਾਲੀ ਮੁਹਿੰਮ ਨੂੰ ਵੀ ਚਾਬੀ ਦੇਣ ਤੁਰ ਪਿਆ ਹੈ। ਪਿਛਲੇ ਦਿਨੀਂ ਜਦੋਂ ਓਥੇ 'ਜੈਸਲੀਨ ਰੈਵੋਲਿਊਸ਼ਨ' ਦੇ ਨਾਂਅ ਹੇਠ ਨਵੇਂ ਮੁਜ਼ਾਹਰੇ ਹੋਏ ਤਾਂ ਇਹ ਗੱਲ ਲੁਕੀ ਨਹੀਂ ਰਹਿ ਸਕੀ ਕਿ ਲੋਕਾਂ ਨੂੰ ਉਕਸਾਉਣ ਵਿੱਚ ਵੱਡਾ ਹੱਥ ਅਮਰੀਕੀ ਰਾਜਦੂਤ ਜਾਨ ਹਿੰਟਸਮੈਨ ਦਾ ਸੀ। ਜਿਵੇਂ ਮਿਸਰ ਵਿੱਚ ਇੰਟਰਨੈੱਟ ਦੀ ਵਰਤੋਂ ਕਰ ਕੇ ਹੋਸਨੀ ਮੁਬਾਰਕ ਦੇ ਵਿਰੁੱਧ ਮੁਹਿੰਮ ਚਲਾਈ ਗਈ ਸੀ, ਓਦਾਂ ਦੀ ਮੁਹਿੰਮ ਚੀਨ ਵਿੱਚ ਵੀ ਚਲਾਈ ਗਈ ਤੇ ਜਦੋਂ ਇਨ੍ਹਾਂ ਸੁਨੇਹਿਆਂ ਦੇ ਲੈਣ-ਦੇਣ ਵਿੱਚ ਅਮਰੀਕੀ ਰਾਜਦੂਤ ਦੀ ਪਛਾਣ ਜ਼ਾਹਰ ਹੋਣ ਲੱਗ ਪਈ, ਉਹ ਇੰਟਰਨੈੱਟ ਉੱਤੇ ਆਉਣ ਤੋਂ ਹਟ ਗਿਆ। ਖੇਡ ਇਹ ਲੋਕ-ਰਾਏ ਦੀ ਨਹੀਂ, ਸਗੋਂ ਆਰਥਿਕ ਖੇਤਰ ਵਿੱਚ ਅੱਗੇ ਵਧ ਰਹੇ ਚੀਨ ਨੂੰ ਠਿੱਬੀ ਲਾਉਣ ਅਤੇ ਉਸ ਦੇ ਟੋਟੇ ਕਰਵਾਉਣ ਲਈ ਓਦੋਂ ਵਿੱਢੀ ਗਈ ਹੈ, ਜਦੋਂ ਇਹ ਖਬਰ ਆ ਗਈ ਸੀ ਕਿ ਉਹ ਪਹਿਲੀ ਵਾਰੀ ਜਪਾਨ ਨੂੰ ਪਛਾੜ ਕੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਦਾ ਆਰਥਿਕ ਖਿਡਾਰੀ ਬਣ ਗਿਆ ਤੇ ਦਸਾਂ ਸਾਲਾਂ ਤੱਕ ਅਮਰੀਕਾ ਨੂੰ ਪਛਾੜ ਸਕਦਾ ਹੈ। ਉਸ ਦੀ ਇਹ ਅਗੇਤ ਅਮਰੀਕਾ ਤੋਂ ਜਰੀ ਨਹੀਂ ਗਈ ਤੇ 'ਲੋਕਤੰਤਰ' ਦੇ ਨਾਂਅ ਹੇਠ ਰੌਲਾ ਪਵਾਉਣ ਤੁਰ ਪਿਆ ਹੈ।
ਅਮਰੀਕਾ ਇੱਕ ਮਹਾਂ-ਸ਼ਕਤੀ ਹੈ, ਪਰ ਮਹਾਂ-ਸ਼ਕਤੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਂਦਾ ਫਿਰੇ। ਠੀਕ ਚੁਣਨ ਜਾਂ ਗਲਤ, ਕਿਸੇ ਦੇਸ਼ ਵਿੱਚ ਰਾਜ ਦੀ ਕਮਾਨ ਕਿਸ ਦੇ ਹੱਥ ਸੌਂਪਣੀ ਹੈ, ਇਹ ਉਸ ਦੇਸ਼ ਦੇ ਲੋਕਾਂ ਉੱਤੇ ਰਹਿਣ ਦੇਣਾ ਚਾਹੀਦਾ ਹੈ। ਅਮਰੀਕਾ ਤਾਂ ਅਜੇ ਤੱਕ ਪਹਿਲਾਂ ਦੇ ਪਾਏ ਪੁਆੜਿਆਂ ਵਿੱਚੋਂ ਨਹੀਂ ਨਿਕਲ ਸਕਿਆ ਅਤੇ ਆਪਣੇ ਨਾਗਰਿਕਾਂ ਨੂੰ ਬੇਗਾਨੇ ਦੇਸ਼ਾਂ ਵਿੱਚ ਭੇਜ ਕੇ ਮੌਤ ਦੇ ਮੂੰਹ ਪਾ ਰਿਹਾ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਦੇ ਸਮੇਂ ਵਿੱਚ ਜਿੱਥੇ ਵੀ ਜਾ ਕੇ ਉਸ ਨੇ ਸਿੰਗ ਫਸਾਏ, ਕਿਸੇ ਥਾਂ ਤੋਂ ਅੱਜ ਤੱਕ ਜੇਤੂ ਹੋ ਕੇ ਉਹ ਨਹੀਂ ਨਿਕਲਿਆ, ਵੀਅਤਨਾਮ ਦੀ ਜੰਗ ਤੋਂ ਲੈ ਕੇ ਅਫਗਾਨਿਸਤਾਨ ਅਤੇ ਇਰਾਕ ਤੱਕ ਹਰ ਥਾਂ ਨੁਕਸਾਨ ਹੀ ਉਠਾਇਆ ਹੈ। ਇਸ ਦੇ ਬਾਵਜੂਦ ਉਸ ਨੂੰ ਅਕਲ ਨਹੀਂ ਆ ਰਹੀ। ਜੇ ਅਜੇ ਵੀ ਉਸ ਦੀ ਹਕੂਮਤ ਹੁਣ ਤੱਕ ਵਾਂਗ ਭਸਮਾਸੁਰ ਵਰਗੇ 'ਸਿਆਣੇ' ਹੱਥਾਂ ਵਿੱਚ ਹੀ ਰਹੀ, ਉਸ ਦੀਆਂ ਖੁਫੀਆ ਏਜੰਸੀਆਂ ਵੀ ਹੁਣ ਵਾਂਗ ਹੀ ਚਾਲਾਂ ਚੱਲਣ ਲੱਗੀਆਂ ਰਹੀਆਂ ਤਾਂ ਲੱਗਦਾ ਹੈ ਕਿ ਸੰਸਾਰ ਦੀ ਸੁੱਖ-ਸਾਂਦ ਇਨ੍ਹਾਂ ਨੇ ਨਹੀਂ ਰਹਿਣ ਦੇਣੀ ਤੇ ਇਨ੍ਹਾਂ ਦੇ ਆਪਣੇ ਘਰ ਵਿੱਚ ਨਿੱਤ ਦਿਨ ਮਰ ਰਹੇ ਫੌਜੀ ਜਵਾਨਾਂ ਦੇ ਪਰਵਾਰਾਂ ਦੇ ਕੀਰਨੇ ਨਹੀਂ ਰਹਿਣ ਦੇਣਗੇ।
No comments:
Post a Comment