ਕਦੇ ਨਹੀਂ ਭੁਲਦਾ ਅਣਖੀ.....!

ਨਿੰਦਰ ਘੁਗਿਆਣਵੀ
ਅਮਰਦੀਪ ਗਿੱਲ ਦਾ ਫੇਸ ਬੁੱਕ 'ਤੇ ਸੁਨੇਹਾ ਹੈ ਕਿ-13 ਫਰਵਰੀ ਨੂੰ ਬਰਨਾਲੇ ਅਣਖੀ ਜੀ ਦੀ ਬਰਸੀ ਮਨਾ ਰਹੇ ਹਾਂ। ਕੁਝ ਦਿਨ ਪਹਿਲਾਂ ਉਸਨੇ ਫ਼ੋਨ 'ਤੇ ਵੀ ਕਿਹਾ ਸੀ ਕਿ ਤੈਂ ਉਸ ਦਿਨ ਲਈ ਅਣਖੀ ਜੀ ਬਾਰੇ ਕੁਝ ਨਾ ਕੁਝ ਲਿਖਣਾ ਵੀ ਹੈ ਤੇ ਬਰਨਾਲੇ ਵੀ ਆਉਣੈ! ਮੈਨੂੰ ਪਤਾ ਸੀ ਕਿ ਇਸ ਦਿਨ ਬਰਨਾਲੇ ਪੁੱਜ ਤਾਂ ਸਕਣਾ ਨਹੀਂ ਪਰ ਅਣਖੀ ਜੀ ਨੂੰ ਯਾਦ ਕਰਦਿਆਂ ਉਸ ਬਾਰੇ ਲਿਖਾਂਗਾ ਜ਼ਰੂਰ।
ਸੱਚੀ ਗੱਲ ਤਾਂ ਇਹ ਹੈ ਕਿ ਭਾਵੇਂ ਸਾਲ ਹੋਣ ਲੱਗਿਆ ਹੈ..ਉਹਨਾਂ ਨੂੰ ਸਾਡੇ ਕੋਲੋਂ ਤੁਰਿਆਂ..ਪਰ ਉਹ ਭੁੱਲੇ ਹੀ ਨਹੀਂ ਕਦੇ...ਉਹਨਾਂ ਨੂੰ ਚਾਹੁੰਣ ਵਾਲਿਆਂ...ਉਹਨਾਂ ਨੂੰ ਪੜ੍ਹਨ ਵਾਲਿਆਂ ਤੇ ਉਹਨਾਂ ਨੂੰ ਪਿਆਰਨ ਵਾਲਿਆ ਦੇ ਦਿਲਾਂ 'ਚੋਂ ਉਹ ਕਦੇ ਨਿਕਲੇ ਹੀ ਨਹੀਂ। ਉਸ ਬਾਅਦ ਜਦ ਵੀ ਬਰਨਾਲੇ ਗਿਆ ਹਾਂ, ਕੱਚਾ ਕਾਲਜ ਰੋਡ 'ਤੇ...ਮੇਘ ਰਾਜ ਮਿੱਤਰ ਦੇ ਘਰ ਵੱਲ 8 ਨੰਬਰ ਗਲੀ ਮੂਹਰ ਦੀ ਲੰਘਦਿਆਂ....ਦਿਲ ਹਉਕਾ ਜਿਹਾ ਲੈਂਦਾ ਹੈ ਕਿ ਕਦੇ ਏਥੇ ਆਇਆ ਕਰਦੇ ਸਾਂ..ਹੁਣ...?
ਪਿੱਛੇ ਜਿਹੇ ਜਦ ਲੰਡਨ ਸਾਂ ਤਾਂ ਵੁਲਵਰਹੈਂਪਟਨ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਮੇਰੇ ਉਥੇ ਜਾਣ 'ਤੇ ਇੱਕ ਸਮਾਗਮ ਸੀ। ਅਣਖੀ ਜੀ ਦੀ ਮੂੰਹ ਬੋਲੀ ਭੈਣ ਰਾਣੀ ਵੀ ਉਥੇ ਹੀ ਰਹਿੰਦੀ ਹੈ, ਪ੍ਰਬੰਧਕਾਂ ਨੇ ਉਸ ਨੂੰ ਵੀ ਉਥੇ ਆਉਣ ਲਈ ਸੁਨੇਹਾ ਘੱਲ ਦਿੱਤਾ ਸੀ। ਉਹ ਵੀ ਉਥੇ ਆਈ। ਅਣਖੀ ਜੀ ਜਦ ਪਹਿਲੀ ਵਾਰ ਵਲੈਤ ਗਏ ਸਨ ਤਾਂ ਆਪਣੀ ਇਸੇ ਭੈਣ ਪਾਸ ਹੀ ਠਹਿਰੇ ਸਨ। ਰਾਣੀ ਭੈਣ ਨੇ ਹੀ ਉਹਨਾਂ ਨੂੰ ਸੱਦਿਆ ਸੀ। 'ਕਿਵੇਂ ਲੱਗਿਆ ਇੰਗਲੈਂਡ' ਆਪਣੀ ਸਫ਼ਰਨਾਮਾ ਪੁਸਤਕ ਵਿੱਚ ਅਣਖੀ ਜੀ ਨੇ ਬੜੀ ਖੂਬਸੂਰਤੀ ਨਾਲ ਇਸ-ਸਭ ਦਾ ਜ਼ਿਕਰ ਵੀ ਕੀਤਾ ਹੋਇਆ ਹੈ। ਸੱਚ-ਮੁਚ ਹੀ ਉਹਨਾਂ ਨੇ ਰਾਣੀ ਭੇਣ ਨੂੰ ਢਿੱਡੋਂ ਜੰਮੀਂ ਭੈਣ ਜਿਹਾ ਪਿਆਰ ਹੀ ਦਿੱਤਾ ਸੀ। ਖ਼ੈਰ ਮੇਰੇ ਸਮਾਗਮ 'ਤੇ ਜਦੋਂ ਰਾਣੀ ਭੈਣ ਆਈ ਤਾਂ ਉਹ ਬੜੀ ਔਖ ਨਾਲ ਆਈ...ਕੋਈ ਛੱਡਣ-ਲਿਆਉਣ ਵਾਲਾ ਉਸ ਦਿਨ ਨਹੀਂ ਹੋਣਾæææਤੇ ਉਹ ਆਪਣੀ ਇੱਕ ਸਹੇਲੀ ਨੂੰ ਨਾਲ ਲਿਆਈ ਸੀ। ਸਹੇਲੀ ਉਸਨੂੰ ਉਤਾਰ ਕੇ ਜਾਣ ਲੱਗੀ...ਰਾਣੀ ਭੈਣ ਬੜੀ ਦਿੱਕਤ ਨਾਲ ਪੌੜੀਆਂ ਚੜ੍ਹ ਰਹੀ ਸੀ..,ਮੈਂ ਵਾਸ਼ਰੂਮ ਵਿੱਚੋਂ ਬਾਹਰ ਆਇਆ ਤਾਂ ਉਸਨੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ, "ਕਾਕਾ, ਏਥੇ ਨਿੰਦਰ ਆਇਆ ਐ ਅੱਜ?"
ਮੈਂ ਕਿਹਾ, "ਅੰਟੀ ਜੀ, ਮੈਂ ਹੀ ਹਾਂ ਤੁਸੀਂ ਕੌਣ?" ਉਸਨੇ ਮੈਨੂੰ ਘੁੱਟ ਗਲਵਕੜੀ 'ਚ ਲਿਆ, (ਜਿਵੇਂ ਮਾਂ ਪਰਦੇਸ ਤੋਰਨ ਵੇਲੇ ਲੈਂਦੀ ਹੈ), ਉਸਦਾ ਗਲ ਭਰ ਗਿਆ। ਉਸ ਕਿਹਾ,"ਮੇਰੇ ਬੇਟੇ ਨਿੰਦਰ...ਮੈਂ ਤੇਰੇ ਵਿੱਚੋਂ ਅਣਖੀ ਨੂੰ ਵੀਰ ਲੱਭਣ ਆਈ ਆਂ...ਤੂੰ ਉਸ ਬਾਰੇ ਲਿਖਿਆ ਸੀ-'ਸੁਫ਼ਨੇ ਵਿੱਚ ਮਿਲਿਆ ਅਣਖੀ'...ਉਸ ਦਿਨ ਉਹ ਪੜ੍ਹ ਕੇ ਮੈਂ ਬੜਾ ਈ ਰੋਈ..ਬੜਾ ਈ ਰੋਈ...ਵੀਰ ਅਣਖੀ ਆਈ ਮਿਸ ਯੂ ਵੀਰ ਅਣਖੀ..ਵੀਰ ਤੂੰ ਕਿੱਥੇ ਚਲਾ ਗਿਆ..ਆਈ ਮਿੱਸ ਯੂ ਵੀਰ...।"
ਮੇਰੀਆਂ ਵੀ ਅੱਖਾਂ ਨਮ ਹੋ ਗਈਆਂ ਸਨ। ਹਰਮਨ ਪਿਆਰੇ ਇੱਕ ਕਲਮਕਾਰ ਨੂੰ ਸੱਤ ਸਮੁੰਦਰੋਂ ਪਾਰ..ਕਿੰਨੀ ਸ਼ਿੱਦਤ ਨਾਲ ਯਾਦ ਕੀਤਾ ਜਾ ਰਿਹਾ ਸੀ। ਉਸ ਦਿਨ ਜਦ ਰਾਣੀ ਭੈਣ ਨੇ ਆਪਣਾ ਭਾਸ਼ਨ ਕੀਤਾ ਸੀ ਤਾਂ ਉਦੋਂ ਵੀ ਉਹ ਅਣਖੀ ਜੀ ਦਾ ਜ਼ਿਕਰ ਕਰਦਿਆਂ ਭਾਵੁਕ ਹੋ ਗਈ ਸੀ ਤਾਂ ਸਾਹਮਣੇ ਬੈਠੇ ਸ੍ਰੋਤੇ ਵੀ ਭਾਵੁਕਤਾ 'ਚ ਵਹਿਣੋ ਰੁਕ ਨਹੀਂ ਸਕੇ ਸਨ।
**********
ਅਣਖੀ ਜੀ ਨੂੰ ਪਾਠਕ ਜਗਤ ਵੱਲੋਂ ਰੱਜਵਾਂ ਪਿਆਰ-ਸਤਿਕਾਰ ਮਿਲਿਆ। ਇਸ ਗੱਲੋਂ ਉਹ ਪੂਰੇ ਸੰਤੁਸ਼ਟ ਵੀ ਸਨ। ਉਹਨਾਂ ਦੇ ਚਲੇ ਜਾਣ ਬਾਅਦ ਵੀ ਚਾਹੇ ਲੰਘੀ 15 ਅਗਸਤ ਦਾ ਅਜ਼ਾਦੀ ਦਿਨ ਸੀ, ਜਦ ਸ਼ੋਭਾ ਅਣਖੀ ਜੀ ਨੂੰ 'ਰਾਜ ਪੁਰਸਕਾਰ' ਮੁੱਖ-ਮੰਤਰੀ ਵੱਲੋਂ ਭੇਟ ਕੀਤਾ ਜਾ ਰਿਹਾ ਸੀ ਤੇ ਚਾਹੇ ਇਸ ਵਰ੍ਹੇ ਦਾ ਗਣਤੰਤਰਤਾ ਦਿਵਸ ਸੀ, ਜਦ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਸੀ। ਲੇਖਕਾਂ ਦੇ ਚਲੇ ਜਾਣ ਬਾਅਦ ਵੀ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨ ਮਿਲਣਾ, ਕਿਸੇ ਵਿਰਲੇ ਦੇ ਹੀ ਹਿੱਸੇ ਵਿੱਚ ਆਉਂਦਾ ਹੈ। ਉਹਨਾਂ ਦੀਆ ਪੁਸਤਕਾਂ ਢੇਰਾਂ ਛਪੀਆਂ। ਕੋਈ ਔਖ ਨਹੀਂ ਆਈ ਪੁਸਤਕਾਂ ਛਾਪਣ ਵਿੱਚ। ਛਾਪਣ ਵਾਲੇ ਮਿੰਨਤਾਂ ਕਰਦੇ ਹੁੰਦੇ...ਕੋਈ ਕਹਿੰਦਾ ਹੁੰਦਾ ਕਿ ਨਵੀ ਸਾਨੂੰ ਦਿਓ...ਕੋਈ ਕਹਿੰਦਾ ਸਾਨੂੰ ਦਿਓ...। ਕਈ ਵਾਰੀ ਅਣਖੀ ਜੀ ਉਦੋਂ ਦੁਖੀ ਹੁੰਦੇ...ਜਦ ਛਾਪਣ ਵਾਲੇ ਕੁਝ ਬਾਣੀਏ ਪ੍ਰਕਾਸਕ ਕਿਤਾਬਾਂ ਦਾ ਮਿਹਨਤਾਨਾ ਦੇਣ ਤੋਂ ਆਨਾ-ਕਾਨੀ ਕਰਦੇ ਸਨ।
ਅਣਖੀ ਜੀ ਨੇ ਕਾਲਮ ਤੇ ਆਮ ਲੇਖ ਵੀ ਬਹੁਤ ਲਿਖੇ ਤੇ ਪੱਕੇ ਕਾਲਮਾਂ ਵਿੱਚ ਪਾਠਕਾਂ ਦੀ ਦਿਲਚਸਪੀ ਲਗਾਤਾਰ ਬਰਕਰਾਰ ਰੱਖੀ, ਚਾਹੇ ਉਹਨਾਂ ਦਾ 'ਪੰਜਾਬੀ ਟ੍ਰਿਬਿਊਨ' ਵਿੱਚ ਛਪਦਾ ਕਾਲਮ 'ਮੋਏ ਮਿੱਤਰਾਂ ਦੀ ਸ਼ਨਾਖ਼ਤ' ਸੀ, ਚਾਹੇ 'ਨਵਾਂ ਜ਼ਮਾਨਾਂ' ਵਿੱਚ ਛਪੇ, 'ਹੱਡੀ ਬੈਠੇ ਪਿੰਡ' ਜਾਂ 'ਆਪਣੀ ਮਿੱਟੀ ਦੇ ਰੁੱਖ' ਸਨ। ਜੱਗ ਬਾਣੀ ਵਿੱਚ ਛਪਦਾ ਉਹਨਾਂ ਦਾ ਕਾਲਮ 'ਮੈਂ ਤਾਂ ਬੋਲਾਂਗੀ' (ਲੇਖਕਾਂ ਦੀਆਂ ਪਤਨੀਆਂ ਨਾਲ ਮੁਲਾਕਾਤਾਂ) ਤਾਂ ਬਹੁਤ ਸਲਾਹਿਆ ਗਿਆ ਸੀ। ਇਸਦੀਆਂ ਦੋ ਪੁਸਤਕਾਂ ਵੀ ਬਾਅਦ ਵਿੱਚ ਛਪੀਆਂ ਸਨ। ਅੱਜ ਵੀ ਉਹਨਾਂ ਬਾਰੇ ਲਿਖੇ ਵੱਖ-ਵੱਖ ਲੇਖਾਂ ਦੀ ਇੱਕ ਕਿਤਾਬ 'ਆਪਣੀ ਮਿੱਟੀ ਦਾ ਰੁੱਖ' ਰਿਲੀਜ਼ ਹੋਣੀ ਹੈ ਤੇ ਇੱਕ ਕਿਤਾਬ ਉਹਨਾਂ ਦੀਆਂ ਚੋਣਵੀਆਂ ਕਹਾਣੀਆਂ ਦੀ ਨੈਸ਼ਨਲ ਬੁੱਕ ਟਰੱਸਟ ਵੱਲੋ ਛਾਪੀ ਹੋਈ ਤੇ ਆਖਰੀ ਨਾਵਲ, ਜੋ ਚੌਵੀਵੇਂ ਕਾਂਡ ਤੱਕ ਲਿਖਿਆ ਗਿਆ, ਉਹ ਵੀ ਰਿਲੀਜ਼ ਹੋਣਾ ਹੈ ਅੱਜ।
ਆਮ ਕਰਕੇ ਸਥਾਪਿਤ ਤੇ ਵੱਡੇ ਲੇਖਕ ਨਵਿਆਂ ਦੀ ਪਿੱਠ ਥਾਪੜਨ ਤੋਂ ਘੇਸਲ ਮਾਰਦੇ ਹਨ ਪਰ ਅਣਖੀ ਜੀ ਹਰ ਨਵੇਂ ਲੇਖਕ ਦੀ ਪਿੱਠ ਥਾਪੜਦੇ, ਉਹ ਆਖਦੇ ਹੁੰਦੇ, "ਓ ਬੱਲਾ ਬੱਲਾ...ਬੱਲਾ...ਵਈ ਤੈਂ ਓਹ ਬੜੀ ਕਮਲਾ ਦੀ ਚੀਜ਼ ਲਿਖੀ..ਮੇ ਪਵ ਕੇ ਕੁਸ ਹੋਇਆ ।" ਉਹਨਾਂ ਨੇ ਨਵੇਂ ਪੋਚ ਦੇ ਸਮਰੱਥ ਤੇ ਪ੍ਰਸਿੱਧ ਕਹਾਣੀਕਾਰਾਂ ਨੂੰ ਬਹੁਤ ਹੱਲਾਸ਼ੇਰੀ ਦਿੱਤੀ, ਕੁਝ ਖ਼ਾਸ ਨਾਂ ਹਨ, ਬਲਵਿੰਦਰ ਗਰੇਵਾਲ, ਬੂਟਾ ਸਿੰਘ ਚੌਹਾਨ, ਜਸਵੀਰ ਰਾਣਾ, ਬਲਜਿੰਦਰ ਨਸਰਾਲੀ, ਗੁਰਮੀਤ ਕੜਿਆਲਵੀ, ਜਤਿੰਦਰ ਹੰਸ, ਸਮੇਤ ਹੋਰ ਵੀ ਬਹੁਤ ਨਾਂ ਹਨ। ਮੇਰਾ ਉਹ ਕੁਝ ਵੀ ਪੜ੍ਹਦੇ, ਪੋਸਟ ਕਾਰਡ ਲਿਖਦੇ ਜਾਂ ਫੋਨ ਕਰਦੇ ਹੁੰਦੇ। ਇੱਕ ਵਾਰੀ ਉਹਨਾਂ ਚਿੱਠੀ ਲਿਖੀ ਸੀ ਕਿ 'ਕਹਾਣੀ ਪੰਜਾਬ' ਲਈ ਕਿਤੋਂ ਪੰਜ ਹਜ਼ਾਰ ਰੁੱਪਈਆ ਦਿਲਵਾਦੇ...ਕੋਈ ਜੀਵਨ ਮੈਂਬਰ ਬਣਾ ਦੇ।' ਮੈਂ ਚਾਹੁੰਦਾ ਹੋਇਆ ਵੀ ਇਹ ਕਰ ਨਾ ਸਕਿਆ…ਇਸ ਗੱਲ ਦਾ ਬੋਝ ਮੇਰੇ ਮਨ ਹਮੇਸ਼ਾ ਵਾਸਤੇ ਮੱਲੀ ਰੱਖੇਗਾ !

No comments:

Post a Comment