ਨਿੰਦਰ ਘੁਗਿਆਣਵੀ
ਵਿਆਹਾਂ 'ਤੇ ਅਧ ਨੰਗੇ ਸਰੀਰੀਂ ਨਚਦੀਆਂ ਕੁੜੀਆਂ ਕੌਣ ਨੇ? ਕੀ ਇਹ ਪੰਜਾਬ ਤੋਂ ਬਾਹਰ ਦੀਆਂ ਕੁੜੀਆਂ ਨੇ? ਕੀ ਏਹ ਪੰਜਾਬਣਾਂ ਨਹੀਂ ਹਨ? ਜੇ ਹਨ, ਤਾਂ ਕੀ ਇਹ ਸਾਡੀਆਂ ਧੀਆਂ-ਭੈਣਾਂ ਨਹੀਂ ਹਨ?
ਸਿਆਣੇ-ਬਿਆਣੇ ਧੌਲੀਆਂ ਦਾਹੜੀਆਂ ਵਾਲੇ ਬਾਬੇ ਜਦ ਦੋ ਘੁੱਟ ਪੀ ਕੇ ਇਹਨਾਂ ਨਾਲ ਨਚਦੇ ਹਨ, ਬਾਹਵਾਂ ਵਿੱਚ ਬਾਹਵਾਂ ਪਾਉਂਦੇ ਹਨ...ਅੱਖਾਂ ਮਟਕਾਉਂਦੇ ਅਸ਼ਲੀਲ ਹਰਕਤਾਂ ਤੀਕ ਵੀ ਉਤਰ੍ਹ ਆਉਂਦੇ ਹਨ। ਮੂੰਹ ਵਿੱਚ ਨੋਟ ਪਾ ਲੈਂਦੇ ਹਨ...ਫਿਰ ਕੁੜੀ ਦੇ ਮੂੰਹ ਕੋਲ ਮੂੰਹ ਕਰਕੇ ਇਸ਼ਾਰੇ ਕਰਦੇ ਹਨ ਕਿ ਆਪਣੇ ਮੂੰਹ ਨਾਲ ਸਾਡੇ ਮੂੰਹ 'ਚੋ ਨੋਟ ਕੱਢ। ਤਾਂ ਉਦੋਂ ਸੋਚ ਆਉਂਦੀ ਹੈ ਕਿ ਸਾਡੇ ਪੰਜਾਬੀਆਂ ਦੀ ਮੱਤ ਨੂੰ ਕੀ ਹੋ ਗਿਆ ਹੈ? ਪੇਟ ਪਾਲਣ ਖਾਤਰ ਅਧਨੰਗੇ ਸਰੀਰਾਂ ਨਾਲ ਨੱਚ ਰਹੀਆਂ ਪੰਜਾਬਣਾਂ ਕੀ ਸਾਡੀ (ਇਸ ਤਰਾਂ ਦੀ?) ਬਹਾਦਰੀ ਤੇ ਅਣਖ ਦਾ ਪ੍ਰਤੀਕ ਹਨ? ਪੇਟ ਪਾਲਣ ਕਰਕੇ ਇਹਨਾਂ ਨੂੰ ਇੱਥੋਂ ਤੀਕ ਅੱਪੜਨਾ ਪਿਆ? ਰਾਜੇ-ਮਹਾਰਾਜੇ ਨਾਚੀਆਂ ਨਚਾਉਂਦੇ ਸਨ, ਉਹਨਾਂ ਦੇ ਸਿਰ ਢੱਕੇ ਹੁੰਦੇ...ਉਹ ਇੱਜ਼ਤ ਨਾਲ ਗਾਉਂਦੀਆਂ..ਬਹੁਤੀ ਵਾਰੀ ਪੁਰਾਣੀਆਂ ਫਿਲਮਾਂ ਤੇ ਤਸਵੀਰਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਉਹ ਗਾਇਕ ਬਾਈਆਂ (ਜਿੰਨ੍ਹਾਂ ਨੂੰ 'ਨਾਚੀਆਂ' ਕਹਿਣ ਲੱਗੇ) ਬੈਠ ਕੇ ਪੱਕੇ ਰਾਗ ਗਾਉਂਦੀਆਂ..ਕੱਪੜਿਆਂ 'ਚ ਹੁੰਦੀਆਂ ਸਨ। ਹੁਣ ਅਜੋਕੇ ਤੇ ਭੱਦੇ ਗੀਤਾਂ ਦੇ ਵੀਡੀਓਜ਼ ਦੇਖ ਕੇ ਮਨ ਵਿੱਚ ਸੁਆਲ ਫਿਰ ਖਦੂਦ ਪਾਉਂਦਾ ਹੈ ਕਿ ਕੀ ਹੋ ਗਿਆ ਇਹਨਾਂ ਪੰਜਾਬਣਾ ਨੂੰ? ਕੁਝ ਸਾਲ ਹੋਏ...ਕੁਝ ਸਾਅਣੇ ਮੁੰਡੇ-ਕੁੜੀਆਂ ਨੇ ਸਭਿਆਚਾਰਕ ਗਰੁੱਪ ਬਣਾਏ ਸਨ। ਉਹ ਪੁਰਾਣੇ ਗੀਤਾਂ ਦੀਆਂ ਧੁਨੀਆਂ 'ਤੇ ਬਹੁਤ ਸੋਹਣੀ ਤੇ ਸਾਫ਼=ਸੁਥਰੀ ਪੇਸ਼ਕਾਰੀ ਕਰਦੇ ਸਨ, ਪਰ ਸਾਡੇ ਲੋਕਾਂ ਨੂੰ ਅਜਿਹੀ ਸਾਫ-ਸੁਥਰੀ ਪੇਸ਼ਕਾਰੀ ਕਿੱਥੇ ਪਚਦੀ ਹੈ..? ਸੱਦਣੋ ਹੱਟ ਗਏ। ਕੁਝ ਤਾਂ 'ਅੱਖਾਂ ਤੱਤੀਆਂ' ਪੇਸ਼ ਕਰਨ ਵਾਲੀ ਪੇਸ਼ਕਾਰੀ ਕਰਨ ਲੱਗੇ ਤੇ ਕੁਝ ਨਿਰਾਸ ਹੋ ਕੇ ਘਰੀਂ ਬਹਿ ਗਏ। ਇਹਨਾਂ ਵਿੱਚ ਬਹੁਤੇ ਤਾਂ ਯੂਨੀਵਰਸਿਟੀਆਂ ਦੇ ਭੰਗੜੇ-ਗਿੱਧੇ ਦੇ ਅੰਤਰਰਾਸ਼ਟਰੀ ਪੱਧਰ ਦੇ ਗੋਲਡ ਮੈਡਲ ਜੇਤੂ ਮੁੰਡੇ-ਕੁੜੀਆਂ ਵੀ ਸਨ, ਜਿੰਨ੍ਹਾਂ ਦੀ ਸੋਚ ਸੀ ਕਿ ਉਹਨਾਂ ਨੂੰ ਨਾਲੋ-ਨਾਲ ਰੁਜ਼ਗਾਰ ਤਾਂ ਮਿਲੇਗਾ ਹੀ ਤੇ ਅਲੋਪ ਹੋ ਰਹੇ ਸਾਡੇ ਸਭਿਆਚਾਰਕ ਪੁਰਾਣੇ ਗੀਤਾਂ ਦੀ ਪੇਸ਼ਕਾਰੀ ਚੰਗਾ ਯਤਨ ਸਿੱਧ ਹੋਵੇਗੀ। ਖ਼ੈਰ!
ਆਸਾ ਸਿੰਘ ਮਸਤਾਨਾ ਤਾਂ ਇਸ ਸ਼ਾਨਾਮੱਤੀ ਪੰਜਾਬਣ ਦੀ ਸ਼ਾਨ ਵਿੱਚ ਗਾਇਆ ਕਰਦਾ ਸੀ:
ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ
ਸੱਚੀਏ ਤੇ ਸੁੱਚੀਏ ਦਲੇਰ ਬੱਚੀਏ...
ਕੀ ਹੋ ਗਿਆ ਪੰਜਾਬ ਦੀ ਸ਼ੇਰ ਬੱਚੀ ਨੂੰ? ਉਸਦੀ ਦਲੇਰੀ, ਉਸਦਾ ਸੱਚਾ ਤੇ ਸੁੱਚਾ ਪਣ ਕਿੱਧਰ ਜਾਂਦਾ ਲੱਗਿਆ? ਇਹਨਾਂ ਸ਼ੇਰ ਬੱਚੀਆਂ ਦੇ ਪਾਲਕਾਂ ਤੇ ਜੰਮਣ ਵਾਲਿਆਂ ਦੀ ਮੱਤ ਨੂੰ ਜੰਦਰਾ ਕਿਉਂ ਵੱਜ ਕਿ ਕੁੜੀਆਂ ਨੱਚਣ ਲਈ ਤੋਰਤੀਆਂ...ਪਿਓ-ਦਾਦੇ ਤੇ ਵੀਰਾਂ ਦੀ ਉਮਰ ਦੇ ਮੁੰਡਿਆਂ ਨਾਲ ਨਚਦੀਆਂ ਬੱਚੀਆਂ ਕਿਹੜੇ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆ ਨੇ?
ਹੁਣ ਮਸਤਨੇ ਦੇ ਗੀਤ ਥਾਂ ਇਹਨਾਂ ਬੋਲਾਂ ਨੇ ਮੱਲ ਲਈ ਹੈ:
ਤੂੰ ਨੀਂ ਬੋਲਦੀ ਰਕਾਨੇ ਤੂੰ ਨੀਂ ਬੋਲਦੀ
ਤੇਰੇ 'ਚੋਂ ਤੇਰਾ ਯਾਰ ਬੋਲਦਾ...
ਹੈਰਾਨੀ ਤੇ ਦੁੱਖ ਲਗਦਾ ਹੈ, ਜਦੋਂ ਹੱਥ ਕੱਢ ਕੱਢ ਕੇ ਚੰਗੀ ਸ਼ਖ਼ਸੀਅਤ ਤੇ ਚੰਗੇ ਪਰਿਵਾਰਾਂ ਮਾਲਕ ਤੇ ਪੜ੍ਹੇ-ਲਿਖੇ ਲੋਕ ਵੀ ਆਪਣੇ ਹੀ ਪਰਿਵਾਰ ਦੇ ਜੀਆਂ ਨਾਲ ਹੱਥਾਂ 'ਚ ਹੱਥ ਪਾਈ(ਖ਼ਾਸ ਕਰ ਆਪਣਆਿਂ ਵਹੁਟੀਆਂ ਨਾਲ) ਨੱਚ ਰਹੇ ਹੁੰਦੇ ਹਨ।
ਲਗਦੇ ਹੱਥ ਲਿਖਦਾ ਜਾਵਾਂ..ਮੇਰਾ ਲਿਹਾਜੂ ਇੱਕ ਬਜ਼ੁਰਗ਼..ਉਮਰ ਪਝੱਤਰ ਸਾਲ਼..ਹਰ ਵਿਆਹ 'ਤੇ ਰੰਗੀਨ ਹੋ ਕੇ ਕੁੜੀਆਂ ਨਾਲ ਨਚਦਾ ਹੈ ਤੇ ਗਾਹੇ-ਬਗਾਹੇ ਉਹਨਾ ਤੋਂ ਫੋਨ ਨੰਬਰ ਵੀ ਲੈ ਆਉਂਦਾ ਹੈ ਤੇ ਪਿੱਛੋਂ ਮਿਲਣ ਲਈ ਕਈ-ਕਈ ਫ਼ੋਨ ਕਰਦਾ ਰਹਿੰਦਾ ਹੈ। ਘਰ ਵਿੱਚ ਪੋਤੀਆਂ ਮੁਟਿਆਰਾਂ ਬਾਬੇ ਨੂੰ ਝਾਂੜਾਂ ਪਾਉਂਦੀਆਂ ਹਨ। ਕੋਈ ਹੈ ਅਜਿਹੀ ਸਰਕਾਰ ਜਾਂ ਸੰਸਥਾ ਜੋ ਸਾਡੀਆਂ ਇਹਨਾਂ ਧੀਆਂ-ਭੈਣਾਂ ਦੇ ਨੰਗੇ ਨਾਚ 'ਤੇ ਪਾਬੰਧੀ ਲਾਵੇ? ਜਾਂ ਸਿੱਧੇ ਰਾਹੇ ਪਾਵੇ..ਪੇਟ ਦੀ ਅੱਗ ਲਈ ਇਹਨਾਂ ਨੂੰ ਰੁਜ਼ਗਾਰ ਖੋਲ੍ਹ ਦੇਵੇ?
ਵਿਆਹਾਂ ਦੇ ਦਿਨ
ਨਵੰਬਰ ਤੋਂ ਲੈ ਕੇ ਮਾਰਚ ਦੇ ਅੱਧ ਤੱਕ ਵਿਆਹਾਂ ਭਰੇ ਦਿਨ..ਜਿਵੇਂ ਇੱਕ ਦਿਨ ਵੀ ਆਪਣੇ ਵਾਸਤੇ ਰਾਖਵਾਂ ਨਾ ਹੋਵੇ! ਸੋਚ ਆਉਂਦੀ ਹੈ ਕਿ ਧੰਨ ਨੇ ਏਹ ਲੀਡਰ-ਲੋਕ? ਸਵੇਰ ਵੇਲੇ ਕਿਸੇ ਦੇ ਮੰਗਣੇ-ਮੁਕਲਾਵੇ 'ਤੇ ਜਾਂਦੇ ਨੇ..ਇੱਕ ਨਹੀਂ...ਕਈ-ਕਈ ਥਾਂਈ! ਸ਼ਗਨਾਂ ਦੇ ਪ੍ਰੋਗਰਾਮ ਭੁਗਤਾਉਂਦਿਆਂ ਜਦ ਨੂੰ ਦੁਪਿਹਰ ਹੋ ਜਾਂਦੀ ਹੈ ਤਾਂ ਫਿਰ ਮਰਨੇ-ਪਰਨੇ ਵਾਲੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਹਨ। ਕਿਤੇ ਸਸਕਾਰ ਕਰਵਾਉਣਾ ਹੈ..ਕਿਤੇ ਸ਼ਰਧਾਂਜਲੀ ਬੋਲਣੀ ਹੈ..ਕਿਤੇ ਡੋਲੀ ਤੁਰਵਾਉਣੀ ਹੈ..ਜਦ ਨੂੰ ਸ਼ਾਮ ਹੋ ਜਾਂਦੀ ਹੈ..ਫਿਰ ਖ਼ੁਸ਼ੀ ਦੀਆਂ ਮਹਿਫਿਲ਼ਾਂ ਸ਼ੁਰੂ ਹੋ ਜਾਂਦੀਆਂ ਹਨ। ਇਉਂ ਥਾਂਓ-ਥਾਂਈ ਕਦੇ ਵਧਾਈਆਂ ਦਿੰਦੇ ਤੇ ਕਦੇ ਸ਼ਰਧਾਂਜਲੀਆਂ ਦਿੰਦੇ ਫਿਰਦਿਆਂ ਇਹ ਲੋਕ ਨੌਰਮਲ ਕਿਵੇਂ ਰਹਿ ਸਕਦੇ ਨੇ? ਬਿਲਕੁਲ ਨਹੀਂ..ਸੱਚਮੁੱਚ ਏਹ ਔਬਨੌਰਮਲ ਹੋ ਜਾਂਦੇ ਹਨ। ਇੱਕ ਦਿਨ ਸੀਨੀਅਰ ਆਈ.ਪੀ.ਐੱਸ ਅਧਿਕਾਰੀ ਸ੍ਰ. ਹਰਿੰਦਰ ਸਿੰਘ ਚਹਿਲ ਨੇ ਗੱਲ ਸੁਣਾਈ ਕਿ ਬੜੇ ਸਾਲ ਪਹਿਲਾਂ ਸਰਹਿੰਦ ਦੇ ਥਾਣੇ ਵਿੱਚ ਉਸ ਵੇਲੇ ਦੇ ਵਿਧਾਇਕ ਬੀਰਦਵਿੰਦਰ ਸਿੰਘ ਨੇ ਉਸਨੂੰ ਕਿਹਾ ਸੀ ਕਿ, "ਹਰਿੰਦਰ ਅਸੀਂ ਲੀਡਰ ਲੋਕ ਤਾਂ ਲਾਸ਼ 'ਤੇ ਬਹਿ ਕੇ ਬ੍ਰੇਕਫਾਸਟ ਵੀ ਕਰ ਸਕਦੇ ਹਾਂ।"
ਪਿਛੇ ਜਿਹੇ ਵਲੈਤ ਯਾਤਰਾ ਸਮੇਂ ਉਥੋਂ ਦੇ ਕੁਝ ਵਿਆਹ ਦੇਖਣ ਦਾ ਮੌਕਾ ਮਿਲਿਆ। ਕੁਝ ਵੀ ਭਿੰਨ ਨਹੀਂ ਏਧਰ ਨਾਲੋਂ। ਉਹੀ ਹਾਲ਼..ਹਾਂ ਏਨਾ ਜ਼ਰੂਰ ਹੈ ਕਿ ਸਾਜ਼ਾਂ-ਵਾਜਾਂ ਦੇ ਖੜਕੇ ਤੋਂ ਜ਼ਰਾ ਰਾਹਤ ਹੁੰਦੀ ਹੈ। ਇਹਨੀ ਦਿਨੀ ਹੀ ਬਲਵੰਤ ਸਿੰਘ ਰਾਮੂਵਾਲੀਆ ਦਾ ਅਖ਼ਬਾਰਾਂ ਵਿੱਚ ਬਿਆਨ ਛਪਿਆ, ਜਿਸ ਵਿੱਚ ਉਸਨੇ ਲੁਧਿਆਣਾ ਦੇ ਉਸ ਇੱਕ ਪਰਿਵਾਰ ਨੂੰ ਰੱਜ-ਰੱਜ ਕੇ ਕੋਸਿਆ ਹੈ, ਜਿਨ੍ਹਾਂ ਦੇ ਮੁੰਡੇ ਦੀ ਜੰਨ ਹੈਲੀਕੌਪਟਰ 'ਤੇ ਗਈ। ਉਸਨੇ ਕਿਹਾ ਕਿ ਅਸੀਂ ਤਾਂ ਸਾਦੇ ਵਿਆਹ ਕਰਨ ਦੀ ਦੁਹਾਈ ਦਿੰਦੇ ਫਿਰਦੇ ਹਾਂ। ਪੰਜਾਬ ਦੀ ਡਾਵਾਂ ਡੋਲ ਆਰਥਿਕਤਾ ਨੇ ਸਾਡਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ। ਇਸ ਤਰਾਂ ੍ਹਦੇ ਮਹਿੰਗੇ ਰਿਵਾਜਾਂ ਦੇ ਅਰੰਭ ਨਾਲ ਗ਼ਲਤ ਰੁਝਾਨ ਪੈਦਾ ਹੋ ਸਕਦਾ ਹੈ। ਰਾਮੂਵਲਈਏ ਦੇ ਹੀ ਇੱਕ ਚੇਲੇ ਤੇ ਲੋਕ ਭਲਾਈ ਪਾਰਟੀ ਦੇ ਕੌਮੀ ਬੁਲਾਰੇ ਬਲਕਾਰ ਦਲ ਸਿੰਘ ਵਾਲਾ ਦੀ ਗੱਲ ਕਹੀ ਗੱਲ ਵੀ ਨਜ਼ਰ ਅੰਦਾਜ਼ ਕਰਨ ਵਾਲੀ ਨਹੀਂ ਸੀ, ਉਹ ਦਸਦਾ ਹੈ, "ਮੇਰੀ ਭੈਣ ਦਾ ਵਿਆਹ ਸਾਲ 2005 ਹੋਇਆ..ਘਰੇ ਕੀਤਾ ਪਿੰਡ ਵਿੱਚ…ਬਾਰਾਂ ਸੌ ਬੰਦਾ ਆਇਆ ਤੇ ਪ੍ਰਤੀ ਬੰਦਾ ਸਿਰਫ਼ ਨੱਬੇ ਰੁੱਪੈ ਵਿੱਚ ਪਿਆ..ਇੱਕ ਲਖ ਅੱਠ ਹਜ਼ਾਰ ਰੁਪਏ ਸਾਰਾ ਖਰਚ.. ਸਣੇ ਬਰਾਤ…।"
ਉਸਨੇ ਇਹ ਵੀ ਦੱਸਿਆ ਕਿ ਹੁਣੇ ਜਿਹੇ ਉਹ ਕਿਸੇ ਵਿਆਹ 'ਤੇ ਗਿਆ…ਪ੍ਰਤੀ ਪਲੇਟ ਪੱਚੀ ਸੌ ਛੱਬੀ ਰੁਪੈ ਸੀ...ਚਾਰ ਲੱਖ ਦਾ ਸਿੰਗਰ...ਇੱਕ ਲੱਖ ਪੈਲਿਸ ਦਾ ...ਸਵਾ ਲੱਖ ਸਜਾਵਟ ਦਾ..ਬਾਕੀ ਖਰਚੇ ਵੱਖਰੇ।
ਮੈਂ ਵਲੈਤ ਸਾਂ ਤਾਂ ਉਥੇ ਦੀ ਇੱਕ ਅਖਬਾਰ ਨੇ ਸਥਾਨਕ ਲੇਖਕ ਇੰਦਰਜੀਤ ਸਿੰਘ ਜੀਤ ਦਾ ਇੱਕ ਲੇਖ ਛਾਪਿਆ ਸੀ, ਵਿਆਹਾਂ ਵਿੱਚ ਫਜ਼ੂਲ ਖਰਚੀ ਬਾਰੇ, ਪੜ੍ਹਨ ਤੋਂ ਪਹਿਲਾਂ ਮੈਂ ਸੋਚਿਆ ਕਿ ਸ਼ਾਇਦ ਪੰਜਾਬ ਬਾਰੇ ਗੱਲ ਕੀਤੀ ਹੋਣੀ ਹੈ,ਪਰ ਗੱਲ ਲੰਡਨ ਬਾਰੇ ਸੀ ਕਿ ਕਿਵੇਂ ਲੋਕਾਂ ਦਾ ਫ਼ੈਸ਼ਨ ਬਣ ਗਿਆ ਹੈ, ਮਹਿੰਗੀ ਸ਼ਰਾਬ ਤੇ ਮਹਿੰਗਾ ਖਾਣਾ...ਉਹ ਕਿਵੇਂ ਜੂਠਾ ਛੱਡ ਕੇ ਜਾਂਦੇ ਹਨ, ਜਿਸ ਨਾਲ ਕਿੰਂਨਾ ਨੁਕਸਾਨ ਹੁੰਦਾ ਹੈ। ਜੀਤ ਨੇ ਆਪਣੇ ਲੇਖ ਵਿੱਚ ਉਹਨਾਂ ਲੋਕਾਂ ਦਾ ਜ਼ਿਕਰ ਵੀ ਕੀਤਾ ਸੀ ਜਿਹੜੇ ਭੁੱਖੇ ਢਿੱਡ ਸੌਂਦੇ ਹਨ, ਚਾਹੇ ਉਹ ਭਾਰਤ ਵਿੱਚ ਹਨ, ਚਾਹੇ ਲੰਡਨ ਵਿੱਚ।
ਰਾਮੂਵਾਲੀਆ ਨੇ ਜੇਕਰ ਅਜਿਹੇ ਫ਼ਜ਼ੁਲ ਖਰਚੀ ਵਾਲੇ ਵਿਆਹਾਂ 'ਤੇ ਮਾੜੀ ਰਵਾਇਤ ਪੈਦਾ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ, ਤਾਂ ਇਹ ਗੱਲ ਠੀਕ ਹੈ, ਅਜਿਹੀ ਫ਼ਿਕਰ ਸਾਡੇ ਹੋਰ ਲੀਡਰਾਂ ਨੂੰ ਵੀ ਕਰਨੀ ਚਾਹੀਦੀ ਹੈ।ਸੋ, ਸਾਨੂੰ ਤਾਂ ਹੁਣ ਇਸ ਬਾਰੇ ਫ਼ਿਕਰ ਕਰਨ ਦੀ ਬਿਜਾਏ ਸ਼ਰੀਕੇ ਵਿੱਚ ਨੱਕ ਰੱਖਣ ਦਾ ਫ਼ਿਕਰ ਵਧੇਰੇ ਪੈ ਗਿਆ ਹੋਇਆ ਹੈ।
No comments:
Post a Comment