ਕਾਹਦਾ ਤੂੰ ਕੀਤਾ ਏ ਵਿਕਾਸ ਮੇਰੇ ਦੋਸਤਾ....?

ਗੁਰਮੀਤ ਸਿੰਘ ਮਹਿਰੋਂ
ਕਾਹਦਾ ਤੂੰ ਕੀਤਾ ਏ ਵਿਕਾਸ ਮੇਰੇ ਦੋਸਤਾ,
ਮਨ ਚੋਂ ਵਿਸਾਰ ਇਤਹਾਸ ਮੇਰੇ ਦੋਸਤਾ..
ਕਿਵੇਂ ਤੂੰ ਭੁਲਾਤਾ ਜੀਹਨੇ ਐਡਾ ਤੈਨੂੰ ਨਾਂ ਦਿੱਤਾ,
ਜੰਮਦੇ ਨੂੰ ਜੀਹਨੇ ਤੈਨੂੰ ਗੋਦੀ ਵਿੱਚ ਥਾਂ ਦਿੱਤਾ..
ਮਿੱਟੀ ਨੂੰ ਭੁਲਾ ਕੇ ਇਕ ਗਲਤੀ ਜੋ ਕੱਲ੍ਹ ਕੀਤੀ,
ਛੱਡ ਕੇ ਪੰਜਾਬੀ ਅੱਜ ਚੰਗੀ ਨਹੀਂ ਗੱਲ ਕੀਤੀ..
'ਜਨਨੀ' ਤੇ 'ਮਿੱਟੀ' ਫੇਰ 'ਬੋਲੀ' ਤਿੰਨੇ ਮਾਵਾਂ ਸਨ,
ਤੇਰੀ ਖ਼ੁਸ਼ਹਾਲੀ ਪਿੱਛੇ ਇਹੀ ਤਾਂ ਦੁਆਵਾਂ ਸਨ..
ਸੁੱਖ ਤੇਰੀ ਇਨ੍ਹਾਂ ਤਿੰਨਾਂ ਮਾਵਾਂ ਤੋਂ ਬਗੈਰ ਨਹੀਂ,
ਮਾਵਾਂ ਬਿਨਾ ਤੈਨੂੰ ਪਤਾ ਮੰਗਦਾ ਕੋਈ ਖ਼ੈਰ ਨਹੀਂ..
ਭੁੱਲ ਜਾਂਦੇ ਬੱਚੇ ਪਰ ਮਾਂ ਨੀ ਵਿਸਾਰਦੀ,
ਪੁੱਤ ਪੁੱਤ ਕਹਿ ਕੇ ਤੈਨੂੰ ਹੁਣ ਵੀ ਪੁਕਾਰਦੀ..
ਵਿਰਸਾ ਵਿਸਾਰ ਬੜਾ ਬਣਿਆਂ ਨਵਾਬ ਬੈਠਾਂ,
ਕੇਹੜੀ ਮਿੱਠੀ ਜੇਲ੍ਹ ਵਿੱਚ ਛੱਡ ਕੇ ਪੰਜਾਬ ਬੈਠਾਂ..
ਮੁੜ ਆਉਣਾਂ ਭਾਵੇਂ ਤੇਰੇ ਵੱਸ ਵਿਚੋਂ ਬਾਹਰ ਆ,
ਮਾਵਾਂ ਨੂੰ ਨਾ ਭੁੱਲ 'ਗੁਰਮੀਤ' ਦੀ ਪੁਕਾਰ ਆ..

No comments:

Post a Comment