ਧੁਖਦੀ ਅੱਗ

ਬਲਵਿੰਦਰ ਸਿੰਘ ਚਾਹਲ, ਮਾਧੋ ਝੰਡਾ(ਇਟਲੀ)
ਭਾਨ ਸਿੰਘ ਜਦੋਂ ਇੰਗਲੈਂਡ ਆਇਆ ਸੀ ਤਾਂ ਉਸਦੇ ਦੋ ਧੀਆਂ ਸਨ ਇੱਕ ਦੀ ਉਮਰ ਦੋ ਸਾਲ ਅਤੇ ਦੂਜੀ ਦੀ ਛੇ ਮਹੀਨੇ ਸੀ। ਉਸ ਤੋਂ ਬਆਦ ਉਸ ਦੇ ਤਿੰਨ ਬੱਚੇ ਹੋਰ ਹੋਏ ਜਿਨਾਂ ਵਿੱਚ ਇੱਕ ਧੀ ਅਤੇ ਦੋ ਪੁੱਤਰ ਸਨ। ਵੱਡਾ ਮੁੰਡਾ ਜਿਸਦਾ ਨਾਂ ਦੇਵ ਹੈ ਜਮਾਂਦਰੂ ਹੀ ਅਪਾਹਜ ਪੈਦਾ ਹੋਇਆ ਅਤੇ ਵਿਚਾਰਾ ਬੋਲਣ ਤੋਂ ਵੀ ਲੱਗਪਗ ਅਸਮਰੱਥ ਹੈ, ਤੁਰਦਾ ਵੀ ਮਸਾਂ ਹੀ ਹੈ। ਪਰ ਉਸਦਾ ਦਿਲ ਅਤੇ ਦਿਮਾਗ ਦੋਵੇਂ ਹੀ ਸੌ ਪ੍ਰਤੀਸ਼ਤ ਠੀਕ ਹਨ। ਮੈਂ ਦੇਵ ਨੂੰ ਬਹੁਤ ਸਾਲਾਂ ਤੋਂ ਜਾਣਦਾ ਹਾਂ । ਉਹ ਬਹੁਤ ਹੀ ਭਾਵੁਕ ਅਤੇ ਕੋਮਲ ਸੁਭਾਅ ਦਾ ਮਾਲਿਕ ਹੈ। ਪਰ ਜਦੋਂ ਕਿਤੇ ਕਿਸੇ ਵੀ ਵਿਆਹ ਸ਼ਾਦੀ ਦੇ ਕਿਸੇ ਪ੍ਰੋਗਰਾਮ ਵਿੱਚ ਦੇਵ ਮਿਲਦਾ ਤਾਂ ਉਹ ਆਮ ਹੀ ਆਪਣੇ ਜਾਣਕਾਰਾਂ ਨੂੰ ਆਵਦੇ ਵਿਆਹ ਬਾਰੇ ਆਖਦਾ ਕਿ ਮੈਂ ਵੀ ਵਿਆਹ ਕਰਵਾਉਣਾ ਹੈ। ਕਈ ਵਾਰ ਉਹ ਵਿਚਾਰਾ ਆਪਣੀ ਹਾਲਤ ਵੇਖ ਕੇ ਬਹੁਤ ਝੂਰਦਾ ਹੁੰਦਾ ਸੀ ਕਿ ਮੈਂ ਰੱਬ ਦਾ ਕੀ ਮਾੜਾ ਕੀਤਾ ਜੋ ਮੈਨੂੰ ਰੱਬ ਨੇ ਇਹ ਸਜ਼ਾ ਦਿੱਤੀ ਹੈ। ਪਰ ਉੱਪਰ ਵਾਲੇ ਦੀਆਂ ਉਪਰ ਵਾਲਾ ਹੀ ਜਾਣੇ।
ਦੇਵ ਦਾ ਪਿਉ ਤਕਰੀਬਨ 30 ਕੁ ਸਾਲ ਪਹਿਲਾਂ ਰੱਬ ਨੂੰ ਪਿਆਰਾ ਹੋ ਚੁੱਕਾ ਸੀ ਮਾਂ ਵਿਚਾਰੀ ਦੇਵ ਨਾਲ ਰਹਿੰਦੀ ਸੀ। ਦੇਵ ਦੀਆਂ ਭੈਣਾਂ ਦਾ ਵਧੀਆ ਕਾਰੋਬਾਰ ਹੋਣ ਕਰਕੇ ਦੇਵ ਦੀ ਮਾਂ ਧੀਆਂ ਵਲੋਂ ਤਾਂ ਬਹੁਤ ਸੁਖੀ ਸੀ ਪਰ ਪੁੱਤਰਾਂ ਵਲੋਂ ਵਿਚਾਰੀ ਦੁਖੀ ਸੀ। ਕਿਉਂਕਿ ਇੱਕ ਤਾਂ ਉਂਝ ਅਪਾਹਜ ਅਤੇ ਦੂਸਰਾ ਨਿੱਤ ਦਾ ਸ਼ਰਾਬੀ ਜੋ ਕਿ ਆਪਣੇ ਪਰਿਵਾਰ ਵੱਲ ਵੀ ਬਹੁਤਾ ਧਿਆਨ ਨਾ ਦਿੰਦਾ। ਇਸ ਤਰ੍ਹਾਂ ਦਿਨ ਬੀਤਦੇ ਗਏ ਅਤੇ ਇੱਕ ਦਿਨ ਦੇਵ ਦੀ ਵੱਡੀ ਭੈਣ ਨੂੰ ਕਿਸੇ ਨੇ ਦੇਵ ਬਾਰੇ ਇੱਕ ਕੁੜੀ ਦੀ ਦੱਸ ਪਾਈ। ਇਹ ਗੱਲ ਕੋਈ ਅੱਜ ਤੋਂ ਤਕਰੀਬਨ 13-14 ਸਾਲ ਪਹਿਲਾਂ ਦੀ ਹੈ। ਦੇਵ ਦੀ ਵੱਡੀ ਭੈਣ ਨੇ ਇਹ ਗੱਲ ਆਪਣੀ ਮਾਂ ਅਤੇ ਭੈਣਾਂ ਨਾਲ ਸਾਂਝੀ ਕੀਤੀ। ਦੇਵ ਦੀਆਂ ਛੋਟੀਆਂ ਭੈਣਾਂ ਨੇ ਇਸ ਦਾ ਵਿਰੋਧ ਕੀਤਾ ਪਰ ਮਾਂ ਨੇ ਅੱਧੀ ਹਾਂ ਅਤੇ ਅੱਧੀ ਨਾਂਹ ਕਰ ਦਿੱਤੀ। ਦੂਸਰਾ ਦੇਵ ਦੀ ਮਾਂ ਆਪਣੇ ਬੁਢਾਪੇ ਵਲ ਅਤੇ ਦੇਵ ਦੀ ਅੰਗਹੀਣਤਾ ਨੂੰ ਮਹਿਸੂਸ ਕਰਕੇ ਕਈ ਵਾਰ ਕੰਬ ਉੱਠਦੀ ਅਤੇ ਫਿਰ ਸਾਰੀ ਸਾਰੀ ਰਾਤ ਸੌਂ ਨਾ ਪਾਉਂਦੀ। ਸੋ ਉਸਨੇ ਸੋਚਿਆ ਕਿ ਜੇਕਰ ਕੋਈ ਕੁੜੀ ਦੇਵ ਦੀ ਜੀਵਨ ਸਾਥੀ ਬਣ ਕੇ ਉਸਦਾ ਸਹਾਰਾ ਬਣ ਜਾਵੇ ਤਾਂ ਮੈਂ ਸੌਖੀ ਮਰ ਸਕਦੀ ਹਾਂ। ਇਸ ਕਰਕੇ ਉਸਨੇ ਆਪਣੀ ਵੱਡੀ ਧੀ ਨੂੰ ਗੱਲ ਅੱਗੇ ਤੋਰਨ ਬਾਰੇ ਕਿਹਾ। ਸੋ ਇਸ ਤਰਾਂ ਦੇਵ ਦੀਆਂ ਦੂਜੀਆਂ ਭੈਣਾ ਦੇ ਵਿਰੋਧ ਦੇ ਬਾਵਜੂਦ ਦੇਵ ਦਾ ਵਿਆਹ ਹੁਸ਼ਿਆਰਪੁਰ ਦੀ ਇੱਕ ਤੀਹ ਕੁ ਸਾਲ ਦੀ ਰੇਸ਼ਮ ਨਾਂ ਦੀ ਕੁੜੀ ਨਾਲ ਹੋ ਗਿਆ। ਦੇਵ ਬਹੁਤ ਖੁਸ਼ ਸੀ ਕਿ ਉਹ ਵੀ ਵਹੁਟੀ ਵਾਲਾ ਹੋ ਗਿਆ ਹੈ। ਦੇਵ ਦੀ ਭੈਣ ਜਲਦੀ ਜਲਦੀ ਰੇਸ਼ਮ ਨੂੰ ਵਲੈਤ ਲੈ ਕੇ ਜਾਣ ਲਈ ਸਾਰੀ ਕਾਗਜ਼ੀ ਕਾਰਵਾਈ ਬਹੁਤ ਕਾਹਲੀ ਕਾਹਲੀ ਕਰ ਰਹੀ ਸੀ। ਇਸੇ ਸਮੇਂ ਦੌਰਾਨ ਮੈਂ ਅਤੇ ਦੇਵ ਦੀ ਛੋਟੀ ਭੈਣ ਦੇਵ ਦੇ ਸਹੁਰੇ ਘਰ ਗਏ। ਜਦੋਂ ਅਸੀਂ ਚਾਹ ਪੀਣੀ ਪੀ ਰਹੇ ਸੀ ਤਾਂ ਦੇਵ ਦੀ ਭੈਣ ਨੇ ਰੇਸ਼ਮ ਨੂੰ ਕਿਹਾ ਕਿ ਮੇਰਾ ਭਰਾ ਅਪਾਹਜ ਹੋਣ ਕਾਰਨ ਮੈਂ ਉਸਦੇ ਵਿਆਹ ਦੇ ਵਿਰੁਧ ਸਾਂ ਕਿਉਂਕਿ ਉਹ ਤਾਂ ਆਪਣੇ ਆਪ ਜੋਗਾ ਵੀ ਨਹੀਂ ਆਪਣੀ ਜੀਵਨ ਸਾਥੀ ਨੂੰ ਕਿਸ ਤਰਾਂ ਸਹਾਰਾ ਦੇਵੇਗਾ ਪਰ ਹੁਣ ਤਾਂ ਵਿਆਹ ਹੋ ਚੁੱਕਾ ਹੈ ਸੋ ਅਸੀਂ ਵੀ ਇਸ ਵਿਆਹ ਨੂੰ ਨਾ ਚਾਹ ਕੇ ਵੀ ਮੰਨਣ ਲਈ ਮਜਬੂਰ ਹਾਂ। ਪਰ ਹੁਣ ਤੈਨੂੰ ਦੇਵ ਦਾ ਸਹਾਰਾ ਬਣ ਕੇ ਉਸ ਨੂੰ ਸੰਭਾਲਣਾ ਪੈਣਾ ਹੈ। ਤਾਂ ਰੇਸ਼ਮ ਕਹਿਣ ਲੱਗੀ ਕਿ ਤੁਸੀਂ ਫਿਕਰ ਨਾ ਕਰੋ ਮੈਂ ਸਭ੍ਹ ਸਮਝਦੀ ਹਾਂ ਅਤੇ ਮੈਂ ਇਹ ਵਿਆਹ ਕਿਸੇ ਦਬਾਅ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਨਹੀਂ ਕੀਤਾ ਮੈਂ ਸਭ੍ਹ ਆਪਣੀ ਮਰਜ਼ੀ ਨਾਲ ਕੀਤਾ ਹੈ। ਤਾਂ ਦੇਵ ਦੀ ਭੈਣ ਨੇ ਇੱਕ ਹੋਰ ਖਦਸ਼ਾ ਜ਼ਾਹਰ ਕੀਤਾ ਕਿ ਤੂੰ ਵਲੈਤ ਜਾ ਕੇ ਦੇਵ ਨੂੰ ਛੱਡ ਤਾਂ ਨਹੀਂ ਦੇਵੇਂਗੀ। ਤਾਂ ਰੇਸ਼ਮ ਨੇ ਬੜੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ ਕਿ ਤੁਸੀਂ ਬਿਨ ਵਜਹਾ ਚਿੰਤਾ ਨਾ ਕਰੋ, ਮੈਂ ਦੇਵ ਨਾਲ ਸਾਰੀ ਉਮਰ ਕੱਟਾਂਗੀ ਅਤੇ ਉਸਦਾ ਸਦਾ ਖਿਆਲ ਰੱਖਾਂਗੀ। ਸੋ ਅਸੀਂ ਉਹਨਾਂ ਨੂੰ ਫਤਹਿ ਬੁਲਾਈ ਅਤੇ ਵਾਪਿਸ ਆ ਗਏ। ਦੇਵ ਦੀ ਭੈਣ ਰਸਤੇ ਵਿੱਚ ਵੀ ਮੇਰੇ ਨਾਲ ਰੇਸ਼ਮ ਅਤੇ ਦੇਵ ਬਾਰੇ ਹੀ ਗੱਲਾਂ ਕਰਦੀ ਆਈ ਕਿ ਪਤਾ ਨਹੀਂ ਮਨ ਕਿਉ ਨਹੀਂ ਮੰਨ ਰਿਹਾ ਕਿ ਰੇਸ਼ਮ ਜੋ ਕਹਿੰਦੀ ਹੈ ਸੱਚ ਹੈ। ਇਸ ਤਰ੍ਹਾਂ ਕਰਦੇ ਕਰਾਉਂਦੇ ਕੁਝ ਸਮੇਂ ਬਾਅਦ ਰੇਸ਼ਮ ਵਲੈਤ ਪਹੁੰਚ ਗਈ ਅਤੇ ਬੜਾ ਮਨ ਲਾ ਕੇ ਦੇਵ ਦੀ ਅਤੇ ਦੇਵ ਦੀ ਮਾਂ ਦੀ ਭਾਵ ਆਪਣੀ ਸੱਸ ਸੇਵਾ ਕਰਦੀ। ਉਸ ਨੇ ਬਹੁਤ ਥੋੜੇ ਸਮੇਂ ਵਿੱਚ ਆਪਣੀ ਸੱਸ ਦਾ ਮਨ ਜਿੱਤ ਲਿਆ। ਜਦੋਂ ਦੇਵ ਦੀਆਂ ਭੈਣਾਂ ਨੇ ਪੇਕੇ ਘਰ ਮਿਲਣ ਜਾਣਾ ਤਾਂ ਰੇਸ਼ਮ ਨੇ ਉਹਨਾਂ ਦੀ ਵੀ ਬੜੀ ਸੇਵਾ ਕਰਨੀ। ਦੇਵ ਦੀਆਂ ਛੋਟੀਆਂ ਭੈਣਾਂ ਨੇ ਆਪਣੀ ਵੱਡੀ ਭੈਣ ਨੂੰ ਕਹਿਣਾ ਕਿ ਤੂੰ ਬਹੁਤ ਵਧੀਆ ਕੀਤਾ ਜੋ ਸਾਡੇ ਵਿਰੋਧ ਦੇ ਬਾਵਜੂਦ ਵੀ ਦੇਵ ਦਾ ਵਿਆਹ ਕਰ ਕੇ ਰੇਸ਼ਮ ਵਰਗੀ ਨੇਕ ਕੁੜੀ ਨੂੰ ਦੇਵ ਦਾ ਸਹਾਰਾ ਬਣਾਇਆ ਹੈ। ਦੇਵ ਦੀ ਮਾਂ ਨੇ ਦੇਖਿਆ ਕਿ ਮੈਂ ਹੁਣ ਬਹੁਤਾ ਚਿਰ ਨਹੀਂ ਕੱਢ ਸਕਣਾ ਉੰਝ ਵੀ ਉਹ ਰੇਸ਼ਮ ਕਰਕੇ ਆਪਣੇ ਆਪ ਨੂੰ ਨਿਸ਼ਚਿੰਤ ਮਹਿਸੂਸ ਕਰਨ ਲੱਗ ਪਈ ਸੀ ਅਤੇ ਸੋਚਦੀ ਸੀ ਹੁਣ ਮੈਨੂੰ ਦੇਵ ਦਾ ਕੋਈ ਫਿਕਰ ਨਹੀ ਕਿਉਂਕਿ ਰੇਸ਼ਮ ਨੇ ਸਾਰੀ ਜ਼ਿੰਮੇਵਾਰੀ ਜੋ ਲੈ ਲਈ ਸੀ। ਸੋ ਦੇਵ ਦੀ ਮਾਂ ਨੇ ਮਰਨ ਤੋਂ ਪਹਿਲਾਂ ਜੋ ਘਰ ਭਾਨ ਸਿੰਘ ਨੇ ਆਪਣੀ ਸਾਰੀ ਉਮਰ ਦੀ ਕਮਾਈ ਨਾਲ ਵਲੈਤ ਵਿੱਚ ਬਣਾਇਆ ਸੀ ਉਹ ਅੱਧਾ ਅੱਧਾ ਰੇਸ਼ਮ ਅਤੇ ਦੇਵ ਦੇ ਨਾਂ ਕਰ ਦਿੱਤਾ। ਰੇਸ਼ਮ ਵੀ ਜਿੰਨਾ ਚਿਰ ਸੱਸ ਜਿਊਂਦੀ ਸੀ ਅਤੇ ਜਿੰਨਾ ਚਿਰ ਉਸਨੂੰ ਸਾਰੇ ਪੇਪਰ ਵਗੈਰਾ ਨਾ ਮਿਲੇ ਉਨਾ ਚਿਰ ਬੜੀ ਸਹਿਜਤਾ ਅਤੇ ਭਰੋਸੇ ਨਾਲ ਦੇਵ ਅਤੇ ਉਸ ਦੀ ਮਾਂ ਦੀ ਸੇਵਾ ਕਰਦੀ ਰਹੀ। ਸੱਸ ਜਿਉਂਦੀ ਹੋਣ ਸਮੇਂ ਉਹ ਉਸ ਨਾਲ ਵਗਾੜਨੀ ਨਹੀਂ ਚਾਹੁੰਦੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਜੇਕਰ ਮੈਂ ਸੱਸ ਨਾਲ ਹੁਣ ਵਿਗੜ ਗਈ ਤਾਂ ਘਰ ਦੇ ਅੱਧ ਤੋਂ ਜਾਂਦੀ ਰਹਾਂਗੀ। ਦੂਸਰਾ ਸੱਸ ਅਤੇ ਦੇਵ ਦੀ ਪੈਨਸ਼ਨ ਵੀ ਵਧੀਆ ਆਉਂਦੀ ਹੋਣ ਕਰਕੇ ਰੇਸ਼ਮ ਨੇ ਚੁੱਪ ਵੱਟਣੀ ਹੀ ਠੀਕ ਸਮਝੀ। ਇੱਕ ਹੋਰ ਗੱਲ ਇਹ ਸੀ ਕਿ ਰੇਸ਼ਮ ਨੇ ਇਹ ਭਾਂਪ ਲਿਆ ਸੀ ਕਿ ਦਵਾਈਆਂ ਦੇ ਆਸਰੇ ਦੇਵ ਦੀ ਮਾਂ ਨੇ ਕੋਈ ਬਹੁਤਾ ਸਮਾਂ ਤਾਂ ਕੱਢਣਾ ਨਹੀਂ ਇਸ ਕਰਕੇ ਰੇਸ਼ਮ ਨੇ "ਇੱਕ ਚੁੱਪ ਸੌ ਸੁੱਖ ਵਿੱਚ ਹੀ ਆਪਣਾ ਭਲਾ ਸਮਝਿਆ। ਜਦੋਂ ਦੇਵ ਦੀ ਮਾਂ ਨੇ ਅੱਖਾਂ ਮੀਟੀਆਂ ਉਸ ਤੋਂ ਕੁਝ ਸਮੇਂ ਬਾਅਦ ਰੇਸ਼ਮ ਦੇ ਵਤੀਰੇ ਵਿੱਚ ਬਦਲ ਆਉਣਾ ਸ਼ੁਰੂ ਹੋ ਗਿਆ। ਉਹ ਗੱਲ ਗੱਲ ਤੇ ਦੇਵ ਦੇ ਗਲ ਪੈ ਜਾਂਦੀ। ਕਦੇ ਕਦੇ ਤਾਂ ਉਸ ਦੀਆਂ ਭੈਣਾਂ ਨੂੰ ਵੀ ਮੰਦਾ ਚੰਗਾ ਬੋਲ ਛੱਡਦੀ । ਵਲੈਤ ਹੋਣ ਕਰਕੇ ਅਤੇ ਦੇਵ ਵਲ ਦੇਖ ਕੇ ਉਸ ਦੀਆਂ ਭੈਣਾਂ ਵਿਚਾਰੀਆਂ ਹਊ ਪਰੇ ਕਰ ਛੱਡਦੀਆਂ ਪਰ ਰੇਸ਼ਮ ਤਾਂ ਬਹਾਨੇ ਭਾਲਦੀ ਸੀ ਕਿ ਕਿਸੇ ਨਾ ਕਿਸੇ ਤਰਾਂ ਇਹ ਕੋਈ ਗਲਤ ਕਦਮ ਚੁੱਕਣ ਉਹ ਮੌਕੇ ਦਾ ਫਾਇਦਾ ਉਠਾਵੇ। ਦੇਵ ਵਿਚਾਰਾ ਇੱਕ ਰੱਬ ਦੀ ਕਰਨੀ ਦਾ ਮਾਰਿਆ ਅਤੇ ਦੂਜਾ ਹੁਣ ਰੇਸ਼ਮ ਦੇ ਗੁੱਸੇ ਦਾ ਵੀ ਸ਼ਿਕਾਰ ਵੀ ਹੋਣ ਲੱਗ ਪਿਆ। ਇੱਕ ਦਿਨ ਰੇਸ਼ਮ ਨੇ ਬਿਨ ਵਜਹ ਪੁਲਿਸ ਘਰ ਸੱਦ ਲਈ ਅਤੇ ਕਿਹਾ ਇਹ ਮੈਨੂੰ ਮਾਰਨਾ ਚਾਹੁੰਦੇ ਹਨ। ਜਿਸਦਾ ਬਹਾਨਾ ਬਣਾ ਕੇ ਰੇਸ਼ਮ ਦੇਵ ਨੂੰ ਛੱਡ ਕੇ ਆਪਣੇ ਕਿਸੇ ਹੋਰ ਵਾਕਫ਼ ਕਾਰ ਕੋਲ ਜਾ ਕੇ ਰਹਿਣ ਲੱਗੀ। ਦੇਵ ਇਸ ਸਦਮੇ ਨੂੰ ਆਪਣੇ ਦਿਲ ਤੇ ਲਾ ਬੈਠਾ ਅਤੇ ਉਸਦੀ ਹਾਲਤ ਨੀਮ ਪਾਗਲਾਂ ਵਾਲੀ ਹੋ ਗਈ। ਉਹ ਵਿਚਾਰਾ ਤਾਂ ਮਰਨ ਕਿਨਾਰੇ ਜਾ ਪਹੁੰਚਾ ਅਤੇ ਉਸਨੇ ਕੋਈ ਮਹੀਨਾ ਡੇਢ ਮਹੀਨਾ ਹਸਪਤਾਲ ਵਿੱਚ ਕੱਢਿਆ ਜਿੱਥੇ ਉਹ ਕਦੇ ਹੱਸਣ ਲੱਗ ਪੈਂਦਾ ਸੀ ਅਤੇ ਕਦੇ ਰੋਣ ਲੱਗ ਪੈਂਦਾ ਸੀ। ਇਸ ਸਦਮੇ ਵਿੱਚਂੋ ਨਿਕਲਣ ਲਈ ਦੇਵ ਨੂੰ ਤਕਰੀਬਨ ਸਾਲ ਡੇਢ ਦਾ ਸਮਾਂ ਲੱਗਿਆ ਹੋਵੇਗਾ। ਪਰ ਦੇਵ ਅੱਜ ਵੀ ਰੇਸ਼ਮ ਨੂੰ ਯਾਦ ਕਰਕੇ ਧਾਹੀਂ ਰੋ ਪੈਂਦਾ ਹੈ। ਇਸ ਵਾਰ ਮੈਂ ਜਦੋਂ ਦੇਵ ਦੇ ਘਰ ਗਿਆ ਤਾਂ ਮੇਰੇ ਨਾਲ ਮੇਰੀ ਘਰਵਾਲੀ, ਮੇਰਾ ਬੇਟਾ ਜਸਜੀਤ ਅਤੇ ਦੇਵ ਦੀ ਭੈਣ ਸੀ। ਉਸ ਦੀ ਭੈਣ ਨੇ ਫੋਨ ਤੇ ਹੀ ਦੇਵ ਨੂੰ ਕਿਹਾ ਕਿ ਅਸੀਂ ਆ ਰਹੇ ਹਾਂ ਤਾਂ ਉਸ ਨੇ ਕਿਹਾ ਕਿ ਮੈਂ ਚਾਹ ਬਣਾ ਲਵਾਂ ਤਾਂ ਮੈਂ ਦੇਵ ਦੀ ਭੈਣ ਨੇ ਕਿਹਾ ਕਿ ਚਾਹ ਦੀ ਲੋੜ ਨਹੀਂ ਅਸੀਂ ਤੈਨੂੰ ਮਿਲਣਾ ਹੈ। ਸਾਡੇ ਜਾਂਦਿਆਂ ਨੂੰ ਦੇਵ "ਸਿੱਖ ਚੈਨਲ" ਉੱਤੇ ਚੱਲਦਾ ਕੀਰਤਨ ਸੁਣ ਰਿਹਾ ਸੀ ਅਤੇ ਉਸ ਦੀ ਦੇਖ ਰੇਖ ਕਰਨ ਵਾਲਾ ਜੋ ਕਿ ਵਿਦੇਸ਼ੀ ਸੀ ਪਾਸੇ ਹੋ ਕੇ ਬੈਠਾ ਸੀ। ਪਰ ਉਹਨੇ ਸਾਡੇ ਮਨਾਂ ਕਰਨ ਦੇ ਬਾਵਜੂਦ ਵੀ ਚਾਹ ਬਣਾ ਕੇ ਰੱਖੀ ਹੋਈ ਸੀ ਅਤੇ ਟੇਬਲ ਤੇ ਬਿਸਕਿਟਾਂ ਦੀ ਪਲੇਟ ਵੀ ਢੱਕ ਕੇ ਰੱਖੀ ਹੋਈ ਸੀ। ਬੜੇ ਪਿਆਰ ਨਾਲ ਦੇਵ ਸਾਨੂੰ ਸਾਰਿਆਂ ਨੂੰ ਮਿਲਿਆ। ਮੈਨੂੰ ਦੋ ਤਿੰਨ ਵਾਰ ਘੁੱਟ ਕੇ ਜੱਫੀ ਪਾਈ ਅਤੇ ਮੈਂ ਉਸਦੀਆਂ ਅੱਖਾਂ ਵਿੱਚ ਅਜੀਬ ਕਿਸਮ ਦੀ ਖੁਸ਼ੀ ਦੇਖੀ, ਜੋ ਕਿ ਸਾਡਾ ਉਸਦੇ ਘਰ ਜਾਣ ਕਰਕੇ ਸੀ। ਫਿਰ ਦੇਵ ਆਪਣੀ ਮਾਂ ਅਤੇ ਬਾਕੀ ਪਰਿਵਾਰ ਦੀਆਂ ਫੋਟੋ ਦਿਖਾਉਣ ਲੱਗਾ ਜਿਸ ਵਿੱਚ ਉਸਦੇ ਵਿਆਹ ਦੀਆਂ ਫੋਟੋ ਵੀ ਸਨ ਅਤੇ ਫੋਟੋ ਵਿਖਾਉਂਦਾ-ਵਿਖਾਉਂਦਾ ਉਹ ਭਾਵੁਕ ਜਿਹਾ ਹੋ ਗਿਆ। ਫਿਰ ਦੇਵ ਦੀ ਭੈਣ ਨੇ ਜਦੋਂ ਦੇਖਿਆ ਕਿ ਦੇਵ ਭਾਵੁਕ ਜਿਹਾ ਹੋ ਗਿਆ ਹੈ ਤਾਂ ਉਸ ਨੇ ਗੱਲ ਹੋਰ ਪਾਸੇ ਪਾਉਣੀ ਚਾਹੀ ਪਰ ਦੇਵ ਕਹਿਣ ਲੱਗਾ ਵਿਆਹ ਲਈ "ਇੰਡੀਅਨ ਨੋ ਗੁੱਡ" ਅਤੇ ਇੰਨ੍ਹੀ ਗੱਲ ਕਹਿ ਕੇ ਪਾਸੇ ਜਿਹੇ ਹੋ ਕੇ ਬਹਿ ਗਿਆ। ਬੇਸ਼ੱਕ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਦੇਵ ਵਿਚਾਰੇ ਨਾਲ ਜੋ ਹੋਈ ਹੈ ਉਸ ਕਰਕੇ ਉਹ ਤਾਂ ਸਾਰਿਆਂ ਤੇ ਹੀ ਦੋਸ਼ ਮੜੇਗਾ। ਉਹ ਅੱਜ ਵੀ ਰੇਸ਼ਮ ਦੀ ਕੀਤੀ ਬੇਵਫ਼ਾਈ ਨੂੰ ਭੁਲਿਆ ਨਹੀਂ ਅਤੇ ਸ਼ਾਇਦ ਕਦੇ ਭੁੱਲੇਗਾ ਵੀ ਨਹੀਂ। ਫਿਰ ਦੇਵ ਨੇ ਆਪਣਾ ਪੈਸਿਆਂ ਵਾਲਾ ਬਕਸ ਖੋਲਿਆ ਅਤੇ ਉਸ ਵਿੱਚੋਂ ਪੰਜ ਪੰਜ ਪੌਂਡ ਦੇ ਦੋ ਨੋਟ ਕੱਢੇ ਜੋ ਕਿ ਮੇਰੇ ਬੇਟੇ ਨੂੰ ਪਿਆਰ ਦੇਣਾ ਚਾਹੁੰਦਾ ਸੀ ਪਰ ਜਦੋਂ ਮੈਂ ਮਨਾ ਕੀਤਾ ਤਾਂ ਉਸ ਨੇ ਬੜੇ ਰੋਅਬ ਨਾਲ ਮੈਨੂੰ ਚੁੱਪ ਰਹਿਣ ਲਈ ਕਿਹਾ ਤਾਂ ਮੈਂ ਉਸ ਦੀ ਭੈਣ ਨੂੰ ਦਖਲ ਦੇਣ ਦਾ ਇਸ਼ਾਰਾ ਕੀਤਾ ਉਹਨੇ ਦੱਸਿਆ ਕਿ ਦੇਵ ਨੂੰ ਆਏ ਗਏ ਤੇ ਕਾਰ ਵਿਹਾਰ ਕਰਨ ਦਾ ਸਾਰਾ ਪਤਾ ਹੈ ਉਸਨੇ ਮੰਨਣਾ ਨਹੀਂ ਸੋ ਪੈਸੇ ਲੈ ਲਵੋ। ਮੇਰੀ ਘਰਵਾਲੀ ਨੇ ਪੰਜ ਪੌਂਡ ਲੈ ਕੇ ਦੇਵ ਨੂੰ ਧੰਨਵਾਦ ਕਿਹਾ ਤਾਂ ਉਹ ਖੁਸ਼ ਹੋ ਗਿਆ। ਸੋਚਣ ਵਾਲੀ ਗੱਲ ਇਹ ਹੈ ਕਿ ਦੇਵ ਵਲੈਤ ਰਹਿ ਕੇ ਵੀ ਜਾਣਦਾ ਹੈ ਕਿ ਸਾਡੇ ਲੋਕ ਆਏ ਗਏ ਬੱਚਿਆਂ ਨੂੰ ਪਿਆਰ ਦਿੰਦੇ ਹਨ ।
ਮੈਂ ਖੜਾ ਖੜਾ ਖੌਰੇ ਕਦ ਦੇਵ ਅਤੇ ਰੇਸ਼ਮ ਬਾਰੇ ਸੋਚਣ ਲੱਗ ਪਿਆ ਕਿ ਰੇਸ਼ਮ ਨੇ ਵਲੈਤਣ ਬਣਨ ਲਈ ਕੀ ਕੀ ਕੀਤਾ ਅਤੇ ਕਿਸ ਤਰ੍ਹਾਂ ਇੱਕ ਅਪਾਹਜ ਇਨਸਾਨ ਨੂੰ ਵਰਤਿਆ ਜੋ ਕਿ ਆਪਣੇ ਆਪ ਜੋਗਾ ਵੀ ਨਹੀਂ। ਵਿਆਹ ਕਰਵਾਇਆ, ਕਿੰਨੇ ਸਾਲ ਉਸ ਨਾਲ ਰਹੀ ਅਤੇ ਜਦੋਂ ਸਾਰੇ ਕਾਗਜ਼ ਬਣ ਗਏ, ਦੇਵ ਦੀ ਮਾਂ ਮਰ ਗਈ। ਉਸ ਸਮੇਂ ਰੇਸ਼ਮ ਨੇ ਆਪਣਾ ਅਸਲੀ ਰੂਪ ਦਿਖਾਇਆ। ਮੇਰੀ ਸੋਚਾਂ ਦੀ ਲੜੀ ਖੌਰੇ ਹੋਰ ਲੰਬੀ ਹੋ ਜਾਂਦੀ ਜਦ ਤੱਕ ਦੇਵ ਨੇ ਮੈਨੂੰ ਫਿਰ ਜੱਫੀ ਵਿੱਚ ਘੁੱਟ ਲਿਆ ਅਤੇ ਪਤਾ ਨਹੀਂ ਕਿਉਂ ਰੋਣ ਲੱਗ ਪਿਆ। ਅਸੀਂ ਉਸ ਨੂੰ ਚੁੱਪ ਕਰਵਾਇਆ ਤਾਂ ਫਿਰ ਉਸਨੇ ਸਾਨੂੰ ਆਪਣਾ ਘਰ ਦਿਖਾਇਆ। ਇਹ ਵੀ ਦੱਸਿਆ ਕਿ ਉਹ ਦੋ ਵੇਲੇ ਨਿੱਤਨੇਮ ਵੀ ਕਰਦਾ ਹੈ। ਫਿਰ ਅਸੀਂ ਵਾਪਿਸ ਮੁੜਨ ਲੱਗੇ ਤਾਂ ਦੇਵ ਸਾਡੇ ਵੱਲ ਦੇਖ ਕੇ ਉਦਾਸ ਜਿਹਾ ਹੋ ਗਿਆ। ਮੈਂ ਉਸ ਦੇ ਘਰ ਵੜਦੇ ਸਮੇਂ ਜੋ ਖੁਸ਼ੀ ਉਸਦੀਆਂ ਅੱਖਾਂ ਵਿੱਚ ਦੇਖੀ ਸੀ ਉਸਦੀ ਜਗ੍ਹਾ ਹੁਣ ਉਦਾਸੀ ਨੇ ਲੈ ਲਈ ਸੀ। ਪਰ ਅਸੀਂ ਹੋਰ ਸਮਾਂ ਨਾ ਰੁਕ ਸਕੇ ਅਤੇ ਵਾਪਸ ਆ ਗਏ। ਮੈਂ ਰਸਤੇ ਵਿੱਚ ਚੁੱਪ ਚਾਪ ਇਹੀ ਸੋਚ ਰਿਹਾ ਸੀ ਕਿ ਦੇਵ ਵਰਗੇ ਇਨਸਾਨ ਨਾਲ ਧੋਖ਼ਾ ਕਰਕੇ ਕੀ ਰੇਸ਼ਮ ਸੁੱਖ ਪਾ ਸਕੇਗੀ। ਇਹ ਧੋਖ਼ਾ ਵੀ ਉਸ ਨਾਲ ਜੋ ਇੱਕ ਰੱਬ ਦੀ ਕਰਨੀ ਦਾ ਮਾਰਿਆ ਹੋਇਆ ਇਨਸਾਨ ਜਿਸ ਨੂੰ ਕਿ ਮਿਲਣੀ ਤਾਂ ਹਮਦਰਦੀ ਚਾਹੀਦੀ ਸੀ ਪਰ ਰੇਸ਼ਮ ਨੇ ਕੀ ਦਿੱਤਾ, ਆਪਣਾ ਉੱਲੂ ਸਿੱਧਾ ਕੀਤਾ ਅਤੇ ਤੁਰਦੀ ਬਣੀ। ਦੇਵ ਨਾਲ ਉਮਰ ਭਰ ਦਾ ਸਾਥ ਨਿਭਾਉਣ ਦਾ ਵਾਅਦਾ ਕਰ ਕੇ ਅੱਧ ਵਿਚਕਾਰ ਛੱਡ ਜਾਣ ਵਾਲੀ ਹੁਣ ਕਿਸ ਤਰਾਂ ਦੀ ਜ਼ਿੰਦਗੀ ਗੁਜ਼ਾਰ ਰਹੀ ਹੈ, ਇਹ ਤਾਂ ਪਤਾ ਨਹੀਂ। ਪਰ ਦੇਵ ਸਾਰੇ ਦੁੱਖਾਂ ਨੂੰ ਰੱਬ ਦਾ ਭਾਣਾ ਮੰਨ ਕੇ, ਆਪਣੇ ਅੰਦਰ ਗਿਲ੍ਹੇ-ਸ਼ਿਕਵਿਆਂ ਅਤੇ ਨਫ਼ਰਤ ਦੀ ਧੁਖਦੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

No comments:

Post a Comment