(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਗ੍ਰਾਮੋਫੋਨ ਦੇ ਤਵਿਆਂ ਉੱਤੇ ਤੁਰਲ੍ਹੇ ਵਾਲੀ ਪੱਗ ਤੇ ਹੱਥ ਵਿੱਚ ਤੂੰਬੀ ਫੜੀ੍ਹ ਖਲੋਤਾ ਫੋਟੋ ਵਾਲਾ ਰਮਤਾ ਸਵੇਰ ਤੋਂ ਅੱਖਾ ਅੱਗੇ ਵਾਰ-ਵਾਰ ਆ ਰਿਹਾ ਸੀ, ਅੱਜ ਉਹਨੂੰ ਮਿਲਣ ਜੁ ਜਾਣਾ ਸੀ। ਮੇਰੇ ਠਿਕਾਣੇ ਤੋਂ ਪੌਣੇ ਕੁ ਘੰਟੇ ਦੀ ਵਾਟ ਨਿਬੇੜਕੇ ਮਨਜੀਤ ਤੇ ਮੈਂ ਉਹਦੇ ਬੂਹੇ ਮੂਹਰੇ ਖੜ੍ਹੇ ਸਾਂ। ਬੂਹਾ ਠੋਕਰਨ੍ਹ 'ਤੇ ਤੁਰਲ੍ਹੇ ਵਾਲੀ ਪੱਗ ਵਲਾ ਰਮਤਾ ਨਹੀ ਸੀ ਆਇਆ ਸਗੋਂ ਮੇਰੇ ਦਾਦੇ ਅੰਮ੍ਰਿਤ ਲਾਲ ਵਰਗਾ ਪੱਕੇ ਰੰਗਾ ਬੁੱਢਾ ਮੁਸਕ੍ਰਾਂਦਾ ਹੋਇਆ ਬੂਹੇ ਪਿੱਛਿਓਂ ਪ੍ਰਗਟ ਹੋਇਆ ਸੀ, "ਆਓ ਜੀ..ਆਓ ਜੀ..ਆਓ ਜੀ..ਬੜੇ ਤਰਸਾ-ਤਰਸਾ ਕੇ ਆਏ ਜੇ...ਕੀ ਗੱਲ ...ਹੈਅੰ..? ਏਨੇ ਦਿਨਾਂ ਦੇ ਉਡੀਕਣ ਡਹੇ ਆਂ?" ਬੀਬੀ ਨੇ ਵੀ ਆਣ ਸਾਡੇ ਸਿਰ ਪਲੋਸੇ ਤੇ ਲਾਗੇ ਬਹਿਕੇ ਹਾਲ-ਚਾਲ ਪੁੱਛਣ ਲੱਗੀ, ਮਨਜੀਤ ਕੈਮਰਾ ਚਲਾਉਣ ਲੱਗਿਆ ਤਾਂ ਰਮਤੇ ਨੇ ਮੋਹ ਨਾਲ ਘੂਰਿਆ, "ਕਿਉਂ ਕਿਤੇ ਭੱਜਣਾ ਏਂ..ਬਹੁ ਰਮਾਨ ਨਾਲ਼..ਚਾਹ-ਪਾਣੀ ਪੀ..ਫਿਰ ਖਿੱਚ੍ਹ ਲਵੀਂ ਫੋਟੋਆਂ।"
ਮੈਂ ਤਾਂ ਉੱਕਾ ਨਹੀਂ ਸਾਂ ਜਾਣਦਾ ਕਿ ਏਨਾ ਠੇਠ ਤੇ ਸਿੱਧਾ-ਸਾਦਾ (ਫ਼ੋਕ) ਗਾਉਣ ਵਾਲਾ ਰਮਤਾ ਕਲਾਸੀਕਲ ਦਾ ਵੀ ਉਸਤਾਦ ਹੈ। ਉਹ ਤਾਂ ਸੋਫ਼ੇ 'ਤੇ ਬੈਠਾ ਹੀ ਪੱਕੇ ਰਾਗ ਅਲਾਪਣ ਲੱਗਿਆ ਹੋਇਆ ਸੀ ਤੇ ਨਾਲੋ-ਨਾਲ ਆਪਣੇ ਵੱਖ-ਵੱਖ ਤਵੇ ਤੇ ਕੈਸਿਟਾਂ ਵੀ ਕੱਢ-ਕੱਢ ਦਿਖਾਈ ਜਾਂਦਾ ਸੀ, ਜਦ ਉਹਨੇ ਆਪਣੀਆਂ ਕਿਤਾਬਾਂ ਦਾ ਸੈੱਟ ਮੈਨੂੰ ਦਿੰਦਿਆਂ ਕਿਹਾ, " ਲੈ ਅਹਿ ਵੀ ਲੈ..ਨਾਲ ਲੈਕੇ ਜਾਣੀਆਂ ਇੰਡੀਆ..ਐਥੇ ਨਾ ਛੱਡ ਜਾਈ?" ਤਾਂ ਇਕਦਮ ਯਾਦ ਆਇਆ ਕਿ ਰਮਤੇ ਦੀਆਂ ਛਪੀਆਂ ਕਿਤਾਬਾਂ ਤਾਂ ਮੈਂ ਕਿੰਨੇ ਸਾਲ ਪਹਿਲਾਂ ਫਰੀਦਕੋਟ ਘੰਟਾ ਘਰ ਨੇੜੇ ਗਿਆਨੀ ਕਿਤਾਬਾਂ ਵਾਲੇ ਦੀ ਦੁਕਾਨ 'ਤੇ ਪਈਆਂ ਦੇਖੀਆਂ ਸਨ, ਇਹ ਉਹੀ ਕਿਤਾਬਾਂ ਸਨ 'ਰਮਤੇ ਦੇ ਹਾਸੇ', 'ਪਰਦੇਸੀ ਰਮਤਾ', 'ਰਮਤਾ ਦਰੇ ਮੈਖ਼ਾਨਾ' 'ਰਮਤਾ ਮੇਮਾਂ ਵਿੱਚ'। ਕਿਤਾਬਾਂ ਫੜ੍ਹਦਿਆਂ ਮੈਂ ਪੱਛਿਆ, "ਇਹ ਕਦੋਂ -ਕਦੋਂ ਛਪੀਆਂ ਸਨ..ਬੜੇ ਸਾਲ ਪਹਿਲਾਂ ਤਾਂ ਮੈਂ ਦੇਖੀਆਂ ਸਨ?"
"ਭਾਪਾ ਜੀ ਨੇ ਛਾਪੀਆਂ ਸਨ..ਭਾਪਾ ਪ੍ਰੀਤਮ ਸਿੰਘ ਜੀ..ਨਵਯੁਗ ਪਬਲਿਸ਼ਰਜ਼ ਵਾਲਿਆਂ ਨੇ..ਇਕਬਾਲ ਮਾਹਲ ਨੇ ਮੈਨੂੰ ਭਾਪਾ ਜੀ ਨਾਲ ਮਿਲਵਾਇਆ ਸੀ..ਬਸ ਖਰੜਾ ਬਣਾ ਕੇ ਉਹਨਾਂ ਨੂੰ ਭੇਜ ਦੇਂਦਾ ਸਾਂ ਤੇ ਕਿਤਾਬ ਛਪ ਜਾਣੀ..ਕੁਝ ਖਰਚ-ਪੱਠਾ ਵੀ ਭੇਜ ਦੇਣਾ ਛਪਵਾਈ ਦਾ..ਤਿਂਨੋ ਕਿਤਾਬਾਂ ਦਾ ਪੰਜਾਬੀ 'ਚੋਂ ਹਿੰਦੀ ਵਿੱਚ ਲਿਪੀਆਂਤਰ ਹੋਇਆ..ਲਾਹੌਰ ਵਿੱਚ ਵੀ ਇਹਦਾ ਉਰਦੂ ਵਿੱਚ ਕੀਤਾ ਕਿਸੇ ਨੇ..ਮੇਰੇ ਹਾਸੇ ਪੜ੍ਹ ਕੇ ਬਹੁਤ ਸਾਰੇ ਪਾਠਕਾਂ ਦੇ ਖ਼ਤ ਆਣੇ ਮੈਨੂੰ..ਹੁਣ ਨਹੀਂ ਆਏ ਕਦੇ ਖ਼ਤ..ਹੁਣ ਤੇ ਜ਼ਮਾਨਾ ਹੋ ਗਿਆ ਏ ਫ਼ੋਨ ਦਾ..ਕੰਪਿਊਟਰ ਦਾ..ਓ ਭਾਈ ਮੈਂ ਵੀ ਬੀ.ਐਸੱ.ਸੀ. ਬੀ.ਐੱਡ ਆਂ..ਐਵੇਂ ਨਾ ਸਮਝੀਂ ਮੈਨੂੰ ਅਣਪੜ੍ਹ ਜਿਅ੍ਹਾ ਬੁੜ੍ਹਾ...?"
ਅਸੀਂ ਸਾਰੇ ਹੱਸ ਪਏ।
ਰਮਤੇ ਨੇ ਆਖਿਆ, ਮੈਂ ਤੈਨੂੰ ਮੋਟੀਆਂ-ਮੋਟੀਆਂ ਕੁਝ ਗੱਲਾਂ ਦਸਦਾ ਵਾਂ ਆਪਣੇ ਬਾਰੇ..ਏਹ ਨੋਟ ਕਰ ਲੈ..ਬਈ ਮੈਂ ਅਲੀਗੜ ਯੂਨੀਵਰਸਿਟੀ ਤੋਂ ਬੀ.ਐੱਸ. ਸੀ. ਕੀਤੀ..ਸੱਚ ਯਾਰ ਮੈਂ ਆਪਣਾ ਜਨਮ ਦੱਸਣਾ ਭੁੱਲ ਈ ਗਿਆ..ਲਿਖ ਲੈ..ਇੱਕ ਅਗਸਤ ਤੇ ਸੰਨ ਉੱਨੀ ਸੌ ਛੱਬੀ..ਪਿੰਡ ਸਾਡਾ ਸੀ ਗਿੱਲ ਚੱਕ..ਤੇ ਜ਼ਿਲਾ ਮਿੰਟਗੁੰਮਰੀ..ਜ਼ਿਮੀਦਾਰ ਫੈਮਿਲੀ..ਗਿੱਲ ਸਾਡਾ ਗੋਤ..ਬਨਾਰਸ ਤੋਂ ਮੈਂ ਸੰਗੀਤ ਦੀ ਬੀ.ਏ, ਕੀਤੀ..ਫੌਜ ਵਿੱਚ ਵੀ ਸੇਵਾ ਕੀਤੀ ਏ..ਈਰਾਨ 'ਚ ਕਈ ਸਾਲ ਰਿਹਾ..ਜਦੋਂ ਮੁਲਕ ਵੰਡੀਜਿਆ ਏ ਤਾਂ ਲੁਧਾਅਣਾ ਨੇੜੇ ਪਿੰਡ ਜਮਲਾਪੁਰ ਵਿੱਚ ਸਾਨੂੰ ਜ਼ਮੀਨ ਅਲਾਟ ਹੋਈ ਏ..ਮੈਂ ਦਿੱਲੀ ਰਿਹਾ ਬਹੁਤਾ..ਬਹੁਤ ਕੰਮ ਕੀਤੇ..ਬਰਕਤ ਪੰਜਾਬੀ ਤੇ ਤੇਜਾ ਸਿੰਘ ਸਾਬਰ ਮੇਰੇ ਫਰੈਂਡ ਸਨ..ਗੱਲ ਲੰਮੀ ਨਾ ਕਰਾਂ..ਤੇ ਸੰਨ 1963 ਦੀ ਗੱਲ ਏ..ਮੈਂ ਆਪਣੇ ਨਿੱਕੇ ਭਰਾ ਤੇ ਮਾਂ ਨਾਲ ਵਲੈਤ ਆਇਆ ਸਾਂ...ਸੰਨ ਉਨੀ ਸੌ ਉਨੱਤ੍ਹਰ ਸੀ ..ਮੈਂ ਟੋਰਾਂਟੋ ਆਇਆ ਗਾਉਣ ਲਈ..ਬਸ ਏਥੇ ਈ ਰਹਿ ਪਿਆ ਤੇ ਹੁਣ ਤੀਕ ਬੈਠਾਂ ਵਾਂ ਟੋਰਾਂਟੋ..ਸ਼ੁਰੂ-ਸ਼ੁਰੂ ਦੀ ਗੱਲ ਏ..ਇੱਕ ਫਰੈਂਡ ਨੇ ਮੈਨੂੰ ਪਟਰੋਲ ਪੰਪ 'ਤੇ ਕੰਮ ਦਿਲਵਾ ਦਿੱਤਾ..ਸਟ੍ਰਗਲ ਬਹੁਤ ਕੀਤੀ ਏ...ਸਾਰੀ ਜਿੰਦਗੀ ਸਟ੍ਰਗਲ 'ਚ ਈ ਬੀਤੀ ਏ..ਹੁਣ ਕਿਹੜਾ ਨਹੀਂ ਸਟ੍ਰਗਲ਼..ਹੁਣ ਹੋਰ ਤਰਾਂ੍ਹ ਦੀਆਂ ਸਮੱਸਿਆਵਾਂ ਨੇ।"
ਜਦ ਉਸਨੂੰ ਪੁੱਛਿਆ ਕਿ ਆਪਣੀ ਸੰਗੀਤ ਯਾਤਰਾ ਬਾਰੇ ਕੁਝ ਚਾਨਣਾ ਪਾਵੋ ਤਾਂ ਉਸਨੇ ਦੱਸਿਆ ਕਿ ਬੇਟੇ ਸੰਗੀਤ ਯਾਤਰਾ ਬਹੁਤ ਲੰਬੀ ਏ...ਬਹੁਤ ਗਾਇਆ...ਨਾਮਣਾ ਵੀ ਖੱਟਿਆ ਤੇ ਨਾਵਾਂ ਵੀ...ਇਕਬਾਲ ਮਾਹਲ ਨੇ ਮੈਨੂੰ ਚਮਕਾਣ ਵਿੱਚ ਬਹੁਤ ਸਹਿਯੋਗ ਦਿਤਾ...ਮਾਹਲ ਨੂੰ ਮੈਂ ਪਹਿਲੀ ਵਾਰੀ ਸੰਨ ਉੱਨੀ ਸੀ ਕਹੱਤ੍ਹਰ ਵਿੱਚ ਮਾਲਟਨ ਗੁਰੂ ਘਰ 'ਚ ਮਿਲਿਆ ਸਾਂ ...ਜਦੋਂ ਸੰਨ ਉੱਨੀ ਸੌ ਪੈਂਹਟ ਵਿੱਚ ਮੇਰਾ ਪਹਿਲਾ ਰਿਕਾਰਡ ਭਰਿਆ ਸੀ ਐੱਚ.ਐੱਮ. ਵੀ. ਵਾਲਿਆਂ ਨੇ...'ਲੰਡਨ ਦੀ ਸੈਰ'...ਤਾਂ ਏਥੋਂ ਮੇਰੀ ਤਰੱਕੀ ਤੇ ਮਸ਼ਹੂਰੀ ਹੋਣ ਲੱਗੀ...ਪਰਕਾਸ਼ ਕੌਰ ਨਾਲ ਵੀ ਗਾਇਆ ਮੈਂ...ਉਹਦਾ ਆਪਣਾ ਰਾਗ ਤੇ ਰੰਗ ਸੀ...ਤੂੰਬੀ ਮੈਂ ਉਸਤਾਦ ਯਮਲਾ ਜੀ ਨੂੰ ਦੇਖ ਕੇ ਫੜ੍ਹੀ ਸੀ..ਏਹ ਗੱਲ ਸੰਨ ਉੱਨੀ ਸੌ ਚੁਰੰਜਾ ਦੀ ਏ...ਜਦ ਮੈਂ ਉਹਨਾਂ ਨੂੰ ਪਹਿਲੀ ਵਾਰੀ ਗਾਂਦੇ ਦੇਖਿਆ ਸੀ...ਮੈਂ ਪਹਿਲੀ ਵਾਰ ਦਿੱਲੀ ਰੇਡੀਓ ਉਤੋਂ ਜੁਗਨੀ ਗਾਈ ਸੀ..ਵੀਹ ਸਾਲ ਮੈਂ ਏਥੇ ਟੈਕਸੀ ਚਲਾਂਦਾ ਤੇ ਗਾਂਦਾ ਵੀ ਰਿਹਾ ...ਸੰਨ ਉੱਨੀ ਸੌ ਬਾਂਨਵੇਂ ਦੀ ਗੱਲ ਏ...ਮੇਰੇ ਸਿਰ ਵਿੱਚ ਬਲੱਡ ਕਲੌਟ ਹੋ ਗਿਆ..ਚੇਤਾ ਖੋਣ ਲੱਗਿਆ...ਹਾਂ ਸੱਚ, ਦੱਸਾਂ ਕਿ ਉੱਨੀ ਸੌ ਚੁਰਾਸੀ ਦੀ ਘਟਨਾ ਨੇ ਮੇਰਾ ਦਿਲ ਵਿਂਨ੍ਹ ਛਡਿਆ ਤੇ ਮੈਂ ਤੱਤੀ ਸੋਚ ਵਾਲ ਬਣ ਗਿਆ...ਸਾਫ਼ ਕਹਾਂ... ਖਾਲਿਸਤਾਨੀ ਬਣ ਗਿਆ ਸਾਂ..ਚਲੋ ਛੱਡੋ ਏਹ ਗੱਲਾਂ।"
ਗੱਲਾਂ ਕਰਦੇ-ਕਰਦੇ, ਮੈਂ ਬਾਹਰ ਦੇਖਿਆ। ਮੀਂਹ ਲੱਥ ਪਿਆ ਸੀ। ਰਮਤਾ ਕਹਿੰਦਾ, ਲੈ ਦੇਖ ਲਓ..ਹੁਣੇ ਧੁੱਪ ਸੀ ਤੇ ਝਟ 'ਚ ਕਣੀਆਂ ਆ ਗਈਆਂ ਨੇ..ਬੇਟੇ, ਏਥੇ ਤਿੰਨ ਡਬਲਿਯੂ ਗਿਣੀਆਂ ਜਾਂਦੀਆਂ ਨੇ...ਜਿਹਨਾਂ ਦਾ ਕੋਈ ਇਤਬਾਰ ਨਹੀਂ..ਜਿਵੇਂ ਪਹਿਲੀ ਡਬਲਿਯੂ ਏ..ਵੈਦਰ..ਏਹ ਪਤਾ ਨਹੀਂ ਕਦੋਂ ਬਿਗੜ ਜਾਵੇ..ਦੂਜੀ ਏ ਵਾਈਫ਼..ਏਹ ਪਤਾ ਨਹੀਂ ਕਦੋਂ ਭੱਜ ਜਾਵੇ ਤੇ ਤੀਜੀ ਏ...ਵਰਕ..ਏਹ ਪਤਾ ਨਹੀਂ ਕਦੋਂ ਛੁੱਟ ਜਾਵੇ,...।"
ਉਹ ਹੱਸਿਆ। ਲਗਦਾ ਸੀ, ਉਹ ਹੱਸਣਾ-ਹਸਾਉਣਾ ਚਾਹੁੰਦਾ ਸੀ। ਟੋਟਕੇ 'ਤੇ ਟੋਟਕਾ ਸੁਣਾਈ ਜਾਂਦਾ ਸੀ। ਏਧਰ ਮਨਜੀਤ ਵੀ ਕਾਹਲ਼ਾ ਪਿਆ ਹੋਇਆ ਸੀ ਉਸਨੇ ਮੈਨੂੰ ਮੇਰੇ ਟਿਕਾਣੇ 'ਤੇ ਛੱਡ ਕੇ ਆਪ ਕੰਮ 'ਤੇ ਲੱਗਣਾ ਸੀ। ਰਮਤਾ ਜੀ ਆਖ ਰਹੇ ਸਨ, "ਨਹੀਂ ਅੱਜ ਸਾਡੇ ਕੋਲ ਰਹਿ...ਹੋਰ ਗੱਲਾਂ ਬਹੁਤ ਨੇ ਸੁਨਾਣ ਵਾਲੀਆਂ..ਭਾਵੇਂ ਦਸ ਕਿਤਾਬਾਂ ਲਿਖ ਲਓ..ਮੈਂ ਆਪਣੀ ਜੀਵਨੀ ਬਾਰੇ ਕਿਤਾਬ ਲਿਖਣੀ ਏਂ...ਐਹੋ ਜਿਹੀ ਲਿਖਣੀ ਏਂ...ਜਿਹਵੀ ਕਦੇ ਕਿਸੇ ਨੇ ਲਿਖੀ ਨਾ ਹੋਵੇ..ਪਰ ਮੈਨੂੰ ਕੁਝ ਘਰੇਲੂ ਹਾਲਤ ਲਈ ਬੈਠੇ ਨੇ ਮੈਂ ਕੀ ਕਰਾ? ਲੋਕਾਂ ਨੇ ਰੱਜਵਾਂ ਮਾਣ ਦਿੱਤਾ ਏ..ਦੁਨੀਆਂ ਭਰ ਵਿੱਚ ਜਾ ਕੇ ਗਾਇਆ ਏ..ਹੁਣ ਫਿਰ ਵਲੈਤੋ ਸੱਦਾ ਆਇਆ ਪਿਆ..ਜਾਵਾਂਗਾ..ਸੰਨ ਉਨੀ ਸੌ ਪਚਾਨਵੇਂ 'ਚ ਮੈਨੂੰ ਮੋਹਨ ਸਿੰਘ ਮੇਲੇ ਵਾਲਿਆਂ ਸਨਮਾਨਿਆ ਸੀ...ਮੇਰੇ ਨਾਲ ਮਾਹਲ ਵੀ ਗਿਆ ਸੀ ਇੰਡੀਆ...ਮੇਲਾ ਪੰਜਾਬੀ ਭਵਨ ਵਾਲਾ...ਮੈਂ ਬਹੁਤ ਦੇਰ ਪਿੱਛੋਂ ਇੰਡੀਆ ਗਿਆ ਸਾਂ...ਸਾਰਾ ਪੰਜਾਬ ਈ ਢੁੱਕਿਆ ਪਿਆ ਸੀ ਉੱਥੇ...ਸਾਰੇ ਪੰਜਾਬ ਦੇ ਦਰਸ਼ਨ ਕਰਕੇ ਮੈਂ ਬਾਗੋਬਾਗ ਹੋਇਆ...ਤਿਲ ਸੁੱਟ੍ਹਣ ਨੂੰ ਥਾਂ ਨਾ..ਠਾਠਾਂ ਮਾਰਦਾ ਹਜ਼ੂਮ..ਮੈਂ ਗਾਇਆ ਲੋਕ ਖ਼ੁਸ਼ ਕੀਤੇ...ਪਿੰਡਾਂ ਦੇ ਬੁੜ੍ਹੇ ਮੇਰੇ ਹਾਣੀ ਜੱਫ਼ੀਆਂ ਪਾ-ਪਾ ਮਿਲੇ...ਅਖੇ ਤੂੰ ਜੀਊਣੈ ਅਜੇ...ਅਸੀਂ ਤੇ ਸੋਚਦੇ ਸੀ ਮਰ ਮੁੱਕ ਗਿਆ ਕਿਤੇ ਰਮਤਾ ਸਾਡਾ।"
ਇਹ ਗੱਲ ਕਰਦਿਆਂ ਉਹਦੀਆਂ ਅੱਖਾਂ ਨਮ ਹੋ ਗਈਆਂ। ਅਸੀਂ ਜਾਣ ਲਈ ਉੱਠ ਖਲੋਏ।
94174-21700
ਪਿੰਡ-ਡਾਕ -ਘੁਗਿਆਣਾ
(ਜਿਲਾ. ਫਰੀਦਕੋਟ)
No comments:
Post a Comment