ਦ੍ਰਿਸ਼ਟੀਕੋਣ (6)- ਜਤਿੰਦਰ ਪਨੂੰ

ਰਾਜਸੀ ਲੀਡਰਾਂ ਦੇ ਹੱਥਾਂ ਵਿੱਚ ਖੇਡਣ ਵਾਲੇ ਧਾਰਮਿਕ ਪਦਵੀਆਂ ਦੇ ਸਵਾਮੀ ਬੀਤੇ ਦਾ ਤਜਰਬਾ ਯਾਦ ਰੱਖ ਲੈਣ
ਪੰਜਾਬ ਇਸ ਵੇਲੇ ਇੱਕ ਨਵਾਂ ਰਾਜਸੀ ਨਕਸ਼ਾ ਡੌਲਣ ਵਾਲੇ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ। ਬਹੁਤ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ ਹੈ ਤੇ ਇਹ ਮੌਕਾ ਇਹੋ ਜਿਹਾ ਨਹੀਂ, ਜਦੋਂ ਕੋਈ ਰਾਜਸੀ ਵਿਆਖਿਆਕਾਰ ਹਿੱਕ ਥਾਪੜ ਕੇ ਆਖ ਸਕੇ ਕਿ ਹਾਲਾਤ ਫਲਾਣੇ ਪਾਸੇ ਨੂੰ ਹੀ ਜਾਣਗੇ। ਹੁਣ ਤੱਕ ਸਾਡੇ ਲੋਕ ਸਿਰਫ ਇਸ ਗੱਲ ਦੀ ਚਰਚਾ ਕਰਦੇ ਸਨ ਕਿ ਅਕਾਲੀਆਂ ਅਤੇ ਕਾਂਗਰਸੀਆਂ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਬਦਲ ਕੋਈ ਨਹੀਂ। ਤਾਜ਼ਾ ਹਾਲਾਤ ਇਸ ਚਰਚਾ ਨੂੰ ਬੰਦ ਕਰਨ ਵਾਲੇ ਵੀ ਸਾਬਤ ਹੋ ਸਕਦੇ ਹਨ। ਇਨ੍ਹਾਂ ਦੋਵਾਂ ਦੇ ਮੁਕਾਬਲੇ ਦੀ ਕੋਈ ਤੀਜੀ ਧਿਰ ਵੀ ਹੁਣ ਸਾਹਮਣੇ ਆ ਸਕਦੀ ਹੈ। ਮਨਪ੍ਰੀਤ ਸਿੰਘ ਬਾਦਲ ਦਾ ਆਪਣੇ ਪਰਵਾਰ ਦੀ ਜਗੀਰ ਬਣ ਚੁੱਕੀ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਣਾ ਇਸ ਤੀਜੀ ਧਿਰ ਦਾ ਪੜੁੱਲ ਸਾਬਤ ਹੁੰਦਾ ਹੈ ਜਾਂ ਨਹੀਂ, ਹਾਲ ਦੀ ਘੜੀ ਇਹ ਕਹਿ ਸਕਣਾ ਤਾਂ ਔਖਾ ਹੈ, ਪਰ ਇਸ ਵਿੱਚੋਂ ਭਵਿੱਖ ਦੀ ਰਾਜਨੀਤੀ ਲਈ ਸੰਕੇਤ ਬੜੇ ਲੱਭੇ ਜਾ ਰਹੇ ਹਨ।
ਐਨ ਓਸ ਮੌਕੇ, ਜਦੋਂ ਘਟਨਾਵਾਂ ਦਾ ਇਹ ਦੌਰ ਚੱਲ ਰਿਹਾ ਹੈ, ਦੂਜੇ ਪਾਸੇ ਇੱਕ ਧਿਰ ਦੀ ਰਾਜਸੀ ਲੋੜ ਖਾਤਰ ਧਰਮ ਦੀ ਦੁਰਵਰਤੋਂ ਵਾਲਾ ਚੱਕਰ ਵੀ ਫਿਰ ਚੱਲ ਪਿਆ ਹੈ। ਅਗਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋਣ ਵਾਲੀਆਂ ਹਨ। ਇਸ ਵਿੱਚ ਇੱਕ ਧਿਰ ਦੇ ਤੌਰ'ਤੇ ਕਾਂਗਰਸ ਪਾਰਟੀ ਕੋਈ ਦਖਲ ਭਾਵੇਂ ਨਹੀਂ ਦੇਣ ਵਾਲੀ, ਪਰ ਇਸ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਸੰਦ ਦੇ ਬੰਦਿਆਂ ਦੀ ਮਦਦ ਕਰਨ ਤੋਂ ਰਹਿਣਾ ਨਹੀਂ। ਬਾਦਲ ਅਕਾਲੀ ਦਲ ਨੂੰ ਜੇਬ ਵਿੱਚ ਪਾਈ ਫਿਰਦੇ ਬਾਪ-ਬੇਟਾ ਖੁਦ ਤਾਂ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਵੀ ਇਸ ਚੋਣ ਵਿੱਚ ਨਗਾਰੇ ਉੱਤੇ ਚੋਟ ਲਾ ਕੇ ਮੈਦਾਨ ਮੱਲਣ ਵਾਲੇ ਹਨ, ਪਰ ਅਮਰਿੰਦਰ ਸਿੰਘ ਬਾਰੇ ਆਖੀ ਜਾਂਦੇ ਹਨ ਕਿ ਉਸ ਦਾ ਇੰਜ ਕਰਨਾ ਚੋਣਾਂ ਦੇ ਬਹਾਨੇ ਸਿੱਖ ਧਰਮ ਦੇ ਮਾਮਲਿਆਂ ਵਿੱਚ ਦਖਲ ਮੰਨਿਆ ਜਾਵੇਗਾ। ਸਿੱਖ ਧਰਮ ਦਾ ਮੁਖਤਾਰਨਾਮਾ ਉਹ ਸਿਰਫ ਆਪਣੇ ਨਾਂਅ ਹੀ ਲਿਖਿਆ ਹੋਇਆ ਮੰਨੀ ਬੈਠੇ ਹਨ। ਇਸ ਵਿੱਚ ਕਸੂਰ ਉਨ੍ਹਾਂ ਦਾ ਘੱਟ ਅਤੇ ਧਾਰਮਿਕ ਪਦਵੀਆਂ ਦੇ ਉਨ੍ਹਾਂ ਸਵਾਮੀਆਂ ਦਾ ਵੱਧ ਹੈ, ਜਿਹੜੇ ਸ਼੍ਰੀ ਅਕਾਲ ਤਖਤ ਮੂਹਰੇ ਖੜੇ ਵੀ ਅਕਾਲ ਪੁਰਖ ਵੱਲ ਘੱਟ ਅਤੇ ਪਦਵੀਆਂ ਬਖਸ਼ਣ ਵਾਲੇ ਬਾਪ-ਬੇਟੇ ਵੱਲ ਵੱਧ ਧਿਆਨ ਰੱਖਦੇ ਹਨ। ਜੇ ਉਹ ਸਿੱਖੀ ਸਿਧਾਂਤ ਨੂੰ ਪਹਿਲ ਦੇਣ ਵਾਲੇ ਹੁੰਦੇ ਤਾਂ ਪੰਜਾਬ ਅਤੇ ਸਿੱਖੀ ਨੇ ਉਸ ਅਧੋਗਤੀ ਨੂੰ ਕਦੇ ਪਹੁੰਚਣਾ ਹੀ ਨਹੀਂ ਸੀ, ਜਿੱਥੇ ਉਨ੍ਹਾਂ ਨੂੰ ਪੁਚਾ ਦਿੱਤਾ ਗਿਆ ਹੈ।
ਅਸੀਂ ਅਕਾਲੀ ਦਲ ਦੀ ਗੱਲ ਨਹੀਂ ਕਰਦੇ, ਜਿਹੜਾ ਅੱਜ-ਕੱਲ੍ਹ ਅਕਾਲੀਆਂ ਦਾ ਦਲ ਨਹੀਂ ਰਹਿ ਗਿਆ ਜਾਪਦਾ। ਕਦੇ ਕਾਂਗਰਸ ਪਾਰਟੀ ਦੇ ਇੱਕ ਫੁਕਰੇ ਜਿਹੇ ਪ੍ਰਧਾਨ ਨੇ 'ਇੰਦਰਾ ਇਜ਼ ਇੰਡੀਆ' ਦੀ ਗੱਲ ਕਹੀ ਤੇ ਉਸ ਦੀ ਪਾਰਟੀ ਵਿੱਚ ਬੈਠੇ ਹੋਰਨਾਂ ਚਾਪਲੂਸਾਂ ਨੇ ਓਸੇ ਨੂੰ ਇੱਕ ਨਾਹਰੇ ਵਾਂਗ ਚੁੱਕ ਲਿਆ ਸੀ। ਹੁਣ ਅਕਾਲੀ ਦਲ ਦੇ ਨਾਲ ਵੀ 'ਬਾਦਲ' ਇੰਜ ਜੁੜ ਗਿਆ ਹੈ, ਜਿਵੇਂ ਉਹ ਲੀਡਰ ਹੀ 'ਬਾ-ਦਲ' (ਦਲ ਸਮੇਤ) ਬਣ ਗਿਆ ਹੋਵੇ। ਇਹ ਕਿਸੇ ਜਮਹੂਰੀ ਪਾਰਟੀ ਲਈ ਚੰਗੀ ਦਿੱਖ ਨਹੀਂ। ਬਾਦਲ ਦਲ ਉਂਜ ਵੀ ਜਮਹੂਰੀ ਚੱਜ-ਆਚਾਰ ਵਾਲੀ ਪਾਰਟੀ ਨਹੀਂ ਰਿਹਾ। ਇਸ ਵਿੱਚ ਆਗੂ ਹੁਣ ਲੋਕਾਂ ਵਿੱਚ ਭੱਲ ਰੱਖਣ ਵਾਲੇ ਬੰਦੇ ਨਹੀਂ ਬਣਦੇ, ਸਗੋਂ ਉਨ੍ਹਾਂ ਨੂੰ ਬਣਾਇਆ ਜਾਂਦਾ ਹੈ, ਜਿਹੜੇ ਇੱਕ ਬਾਪ-ਬੇਟੇ ਦੇ ਫਰਮਾਬਰਦਾਰ ਹੋਣ ਅਤੇ ਉਨ੍ਹਾਂ ਦੇ ਇੱਕੋ ਇਸ਼ਾਰੇ ਉੱਤੇ ਕਿਸੇ ਦੇ ਪਿੱਛੇ ਪੈ ਸਕਦੇ ਹੋਣ। ਲੋਕਾਂ ਨਾਲ ਵਾਅਦੇ ਕਰਨੇ ਤੇ ਮੁੱਕਰ ਜਾਣਾ ਤਾਂ ਇਸ ਪਾਰਟੀ ਦਾ ਸੁਭਾਅ ਬਣ ਗਿਆ ਹੈ। ਇਸੇ ਦਾ ਸਬੂਤ ਥਾਂ-ਥਾਂ ਟੈਂਕੀਆਂ ਉੱਤੇ ਚੜ੍ਹ ਕੇ ਬਾਦਲ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਲਹਿਰਾਉਂਦੇ ਤੇ ਖੁਦਕੁਸ਼ੀਆਂ ਕਰ ਰਹੇ ਮੁੰਡੇ-ਕੁੜੀਆਂ ਪੇਸ਼ ਕਰਦੇ ਹਨ।
ਕਾਨੂੰਨ ਨਾਲ ਅੱਖ-ਮਟੱਕਾ ਕਰਨ ਤੋਂ ਵੀ ਅਕਾਲੀ ਪਾਰਟੀ ਝਿਜਕੀ ਨਹੀਂ। ਕਿਸੇ ਵੀ ਪਾਰਟੀ ਜਾਂ ਸੰਸਥਾ ਦੇ ਦੋ ਸੰਵਿਧਾਨ ਕਦੇ ਨਹੀਂ ਸਨ ਸੁਣੇ ਗਏ, ਪਰ ਬਾਦਲ ਅਕਾਲੀ ਦਲ ਨੇ ਇਹ ਵੀ ਕਰ ਕੇ ਵਿਖਾ ਦਿੱਤਾ ਹੈ। ਇਸ ਸੰਬੰਧੀ ਕੇਸ ਹੁਣ ਅਦਾਲਤਾਂ ਦੇ ਵਿਚਾਰ ਅਧੀਨ ਹੈ। ਉਨ੍ਹਾਂ ਉੱਤੇ ਦੋਸ਼ ਇਹ ਲੱਗਾ ਹੈ ਕਿ ਪਾਰਲੀਮੈਂਟ, ਵਿਧਾਨ ਸਭਾ ਅਤੇ ਹੋਰ ਲੋਕ-ਰਾਜੀ ਅਦਾਰਿਆਂ ਲਈ ਚੋਣ ਲੜਨ ਵਾਸਤੇ ਉਨ੍ਹਾਂ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਆਪਣਾ ਇੱਕ ਸੰਵਿਧਾਨ ਪੇਸ਼ ਕੀਤਾ, ਜਿਸ ਵਿੱਚ ਲਿਖਿਆ ਸੀ ਕਿ ਇਹ ਧਰਮ-ਨਿਰਪੱਖ ਪਾਰਟੀ ਹੈ, ਜਿਸ ਦੇ ਅਹੁਦੇਦਾਰਾਂ ਵਿੱਚ ਹਿੰਦੂ ਤੇ ਮੁਸਲਮਾਨ ਵੀ ਹਨ ਤੇ ਉਨ੍ਹਾਂ ਨੂੰ ਚੋਣਾਂ ਲੜਨ ਲਈ ਟਿਕਟਾਂ ਵੀ ਦੇਂਦੀ ਹੈ। ਦੂਜੇ ਪਾਸੇ ਗੁਰਦੁਆਰਾ ਚੋਣ ਕਮਿਸ਼ਨ ਮੂਹਰੇ ਇਹ ਸੰਵਿਧਾਨ ਪੇਸ਼ ਕਰ ਦਿੱਤਾ ਕਿ ਬਾਦਲ ਅਕਾਲੀ ਦਲ ਸਿਰਫ ਸਿੱਖਾਂ ਦੀ ਪਾਰਟੀ ਹੈ, ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਸਕੇ ਅਤੇ ਜਿੱਤ ਕੇ ਗੋਲਕਾਂ, ਸਟੇਜਾਂ ਅਤੇ ਸਟਾਫ ਦੀ ਦੁਰਵਰਤੋਂ ਕਰ ਸਕੇ। ਇੱਕ ਥਾਂ ਇਹ ਲਿਖਤੀ ਮਾਫੀ ਵੀ ਮੰਗ ਲਈ ਕਿ ਦੋ ਸੰਵਿਧਾਨ ਪੇਸ਼ ਕਰਨੇ ਸਾਡੀ ਗਲਤੀ ਸੀ, ਪਰ ਸੰਵਿਧਾਨ ਅਜੇ ਵੀ ਦੋ ਦੇ ਦੋ ਹੀ ਰੱਖੇ ਹੋਏ ਹਨ। ਇਹੋ ਜਿਹੀ ਪਾਰਟੀ ਆਪਣੀਆਂ ਰਾਜਸੀ ਖਾਹਿਸ਼ਾਂ ਲਈ ਕੀ ਕਰਦੀ ਹੈ ਤੇ ਕੀ ਨਹੀਂ, ਇਸ ਦੀ ਚਿੰਤਾ ਛੱਡ ਕੇ ਸਾਨੂੰ ਇਹ ਵੇਖਣ ਦੀ ਲੋੜ ਹੈ ਕਿ ਰਾਜਨੀਤੀ ਲਈ ਧਰਮ ਦੀ ਦੁਰਵਰਤੋਂ ਜਦੋਂ ਹੁੰਦੀ ਹੈ, ਧਾਰਮਿਕ ਪੁਰਸ਼ ਕੀ ਭੂਮਿਕਾ ਨਿਭਾਉਂਦੇ ਹਨ?
ਧਾਰਮਿਕ ਪਦਵੀਆਂ ਵਾਲਿਆਂ ਦੀ ਦੁਰਵਰਤੋਂ ਤਾਂ ਸ਼ਾਇਦ ਕਾਫੀ ਪਹਿਲਾਂ ਤੋਂ ਹੁੰਦੀ ਸੀ, ਪਰ ਬਾਦਲ-ਟੌਹੜਾ ਖਹਿਸਰ ਦੇ ਦੌਰ ਵਿੱਚ ਇਹ ਕਾਫੀ ਵਧ ਗਈ। ਇੱਕ ਤੋਂ ਵੱਧ ਵਾਰੀ ਅਕਾਲੀ ਏਕਤਾ ਦੇ ਨਾਂਅ ਉੱਤੇ ਕੱਦ ਕੱਢ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵਾਰ-ਵਾਰ ਦੂਜੀ ਧਿਰ ਦੇ ਥੱਲੇ ਲਾਉਣ ਦੀ ਖੇਡ ਜਦੋਂ ਖੇਡੀ ਗਈ ਸੀ, ਅਸੀਂ ਓਦੋਂ ਵੀ ਕਹਿੰਦੇ ਸਾਂ ਕਿ ਇਸ ਦੇ ਨਤੀਜੇ ਚੰਗੇ ਨਹੀਂ ਨਿਕਲਣੇ, ਤੇ ਗੱਲ ਅੰਤ ਨੂੰ ਹੋਈ ਵੀ ਇਹੋ ਸੀ।
ਸਾਰਿਆਂ ਨੂੰ ਪਤਾ ਹੈ ਕਿ ਬੇਅੰਤ ਸਿੰਘ ਮੁੱਖ ਮੰਤਰੀ ਦੇ ਰਾਜ ਵੇਲੇ ਜਦੋਂ ਸਾਰੇ ਅਕਾਲੀ ਧੜਿਆਂ ਦੀ ਏਕਤਾ ਦੀ ਗੱਲ ਚੱਲੀ, ਅਤੇ ਇਸ ਬਹਾਨੇ ਹੇਠ ਓਦੋਂ ਦੇ ਐਕਟਿੰਗ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਤੋਂ ਖਾਸ ਕਿਸਮ ਦੀ 'ਐਕਟਿੰਗ' ਕਰਵਾਈ ਗਈ, ਉਸ ਦਾ ਨਿਸ਼ਾਨਾ ਸਿਰਫ ਪ੍ਰਕਾਸ਼ ਸਿੰਘ ਬਾਦਲ ਸੀ। ਜਿਨ੍ਹਾਂ ਲੋਕਾਂ ਕੋਲ ਟਾਂਗੇ ਦੀਆਂ ਸਵਾਰੀਆਂ ਜਿੰਨੇ ਜੋੜੀਦਾਰਾਂ ਤੋਂ ਬਿਨਾਂ ਕੋਈ ਬੰਦਾ ਨਹੀਂ ਸੀ, ਉਨ੍ਹਾਂ ਸਾਰਿਆਂ ਨੂੰ ਇੱਕ ਥਾਂ ਕਰ ਕੇ ਬਾਦਲ ਨੂੰ ਉਨ੍ਹਾਂ ਦੇ ਬਰਾਬਰ ਬਿਠਾਉਣ ਦੀ ਖੇਡ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਕੇ ਉਸ ਨੇ ਅਜਨਾਲਾ, ਨਕੋਦਰ ਅਤੇ ਗਿੱਦੜਬਾਹਾ ਤੋਂ ਵਿਧਾਨ ਸਭਾ ਦੇ ਤਿੰਨ ਹਲਕਿਆਂ ਦੀ ਉੱਪ ਚੋਣ ਲੜਨ ਤੇ ਲੋਕਾਂ ਦਾ ਫਤਵਾ ਲੈਣ ਦਾ ਠੀਕ ਪੈਂਤੜਾ ਲੈ ਲਿਆ। ਚੋਣਾਂ ਦੇ ਨਤੀਜੇ ਨੇ ਸਿਰਫ ਇਹੋ ਨਹੀਂ ਕਿ ਬਾਦਲ ਧੜੇ ਦੀ ਦੂਜਿਆਂ ਉੱਤੇ ਅਗੇਤ ਸਾਬਤ ਕੀਤੀ ਹੋਵੇ, ਨਾਲ ਹੀ ਉਸ ਧੜੇ ਦੇ ਮੁਖੀ ਬਾਦਲ ਦੇ ਮਨ ਵਿੱਚ ਇਹ ਗੱਲ ਵੀ ਬਿਠਾ ਦਿੱਤੀ ਕਿ ਰੋਜ਼ ਦੇ ਪੰਥਕ ਪੁਆੜਿਆਂ ਦਾ ਹੱਲ ਇਹੋ ਹੈ ਕਿ ਧਾਰਮਿਕ ਪਦਵੀਆਂ ਵਾਲੇ ਵੀ ਹੁਣ 'ਆਪਣੇ' ਬਣਾਉਣੇ ਪੈਣਗੇ। ਜਦੋਂ ਉਹ ਇਸ ਚਾਲ ਵਿੱਚ ਕਾਮਯਾਬ ਹੋ ਗਿਆ, ਧਾਰਮਿਕ ਪਦਵੀਆਂ ਵਾਲੇ ਵੀ ਉਸ ਦੇ ਏਨੇ 'ਆਪਣੇ' ਬਣਨ ਦੀ ਦੌੜ ਵਿੱਚ ਪੈ ਗਏ ਕਿ ਹਰ ਕੋਈ ਹੈਰਾਨ ਰਹਿ ਗਿਆ। ਜਿਸ ਕਿਸੇ ਨੇ ਹੀਲ-ਹੁੱਜਤ ਕੀਤੀ, ਉਸ ਨੂੰ ਇੰਜ ਬੇਆਬਰੂ ਕਰ ਕੇ ਤੋਰ ਦਿੱਤਾ ਕਿ ਬਾਕੀਆਂ ਨੂੰ ਕੰਨ ਹੋ ਜਾਣ। ਹੁਣ ਅੰਮ੍ਰਿਤਸਰ ਤੋਂ ਲੈ ਕੇ ਆਨੰਦਪੁਰ ਤੱਕ ਪੰਥ ਦੇ ਪਿੜ ਵਿੱਚ 'ਚਾਰੇ ਚੱਕ ਜਗੀਰ' ਇੱਕੋ ਟੱਬਰ ਦੀ ਬਣੀ ਪਈ ਹੈ।
ਪੰਜਾਬ ਦੇ ਸੱਭਿਆਚਾਰ ਵਿੱਚ ਇਹ ਵਿਹਾਰ ਆਮ ਵੇਖਿਆ ਜਾਂਦਾ ਹੈ ਕਿ ਜਿਹੜੀ ਔਰਤ ਨੇ ਨੂੰਹ ਹੁੰਦਿਆਂ ਆਪਣੀ ਸੱਸ ਦੀਆਂ ਵਧੀਕੀਆਂ ਨਾਲ ਵਿਲਕਦਿਆਂ ਦਿਨ ਕੱਟੇ ਹੋਏ ਹੋਣ, ਜਦੋਂ ਆਪ ਸੱਸ ਬਣ ਜਾਵੇ ਤਾਂ ਅੱਗੋਂ ਨੂੰਹਾਂ ਨਾਲ ਵੀ ਓਹੋ ਕੁਝ ਕਰਨਾ ਸ਼ੁਰੂ ਕਰ ਦੇਂਦੀ ਹੈ। ਸੱਸਾਂ ਘੱਟੋ-ਘੱਟ ਇੱਕ ਗੱਲੋਂ ਈਮਾਨਦਾਰ ਹੁੰਦੀਆਂ ਹਨ। ਜੇ ਕਦੇ ਸੱਚ ਦਾ ਸਾਹਮਣਾ ਹੋ ਜਾਵੇ ਤਾਂ ਇਹ ਵੀ ਕਹਿ ਦੇਂਦੀਆਂ ਹਨ ਕਿ ਇਸ ਨੂੰਹ ਨਾਲ ਕੋਈ ਜੱਗੋਂ ਤੇਰ੍ਹਵੀਂ ਨਹੀਂ ਹੋ ਗਈ, ਸਾਡੇ ਨਾਲ ਵੀ ਬਥੇਰਾ ਕੁਝ ਹੁੰਦਾ ਰਿਹਾ ਸੀ। ਬਾਦਲ ਬਾਪ-ਬੇਟਾ ਮੂੰਹੋਂ ਇਹ ਗੱਲ ਮੰਨਣ ਦੀ ਈਮਾਨਦਾਰੀ ਕਦੇ ਨਹੀਂ ਵਿਖਾਉਣਗੇ, ਪਰ ਕਰਦੇ ਓਹੋ ਕੁਝ ਹਨ, ਜਿਹੜਾ ਉਹ ਸੱਸਾਂ ਕਰਦੀਆਂ ਹਨ। ਇੱਕ ਗੱਲ ਜਿਹੜੀ ਉਨ੍ਹਾਂ ਨੂੰ ਯਾਦ ਰੱਖਣ ਦੀ ਲੋੜ ਹੈ, ਉਹ ਇਹ ਕਿ ਸੱਸਾਂ ਨੇ ਮੁੜ ਕੇ ਕਦੇ ਨੂੰਹ ਨਹੀਂ ਬਣਨਾ ਹੁੰਦਾ, ਪਰ ਰਾਜਨੀਤੀ ਵਿੱਚ 'ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ' ਵਾਲੀ ਖੇਡ ਵਿੱਚ ਕੱਲ੍ਹ ਨੂੰ ਇਹੋ ਕੁਝ ਬਾਦਲ ਸਾਹਿਬ ਦੀ ਥਾਂ ਉਨ੍ਹਾਂ ਦੇ ਪੁੱਤਰ ਨੂੰ ਵੀ ਭੁਗਤਣਾ ਪੈ ਸਕਦਾ ਹੈ।
ਕੱਲ੍ਹ ਦੀ ਗੱਲ ਕੱਲ੍ਹ ਲਈ ਛੱਡ ਕੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਸਾਫ ਲੱਭਦਾ ਹੈ ਕਿ ਜਦੋਂ ਤੋਂ ਸਿੱਖ ਧਰਮ ਦੀਆਂ ਸੰਸਥਾਵਾਂ ਬਾਦਲਸ਼ਾਹੀ ਛੱਪੇ ਹੇਠ ਆਈਆਂ ਹਨ, ਓਦੋਂ ਤੋਂ ਇਨ੍ਹਾਂ ਦਾ ਵਿਹਾਰ ਏਨਾ ਕਾਣੀ ਡੰਡੀ ਵਾਲਾ ਹੋ ਗਿਆ ਹੈ, ਜਿੰਨਾ ਕਦੇ ਇਤਹਾਸ ਵਿੱਚ ਪਹਿਲਾਂ ਨਹੀਂ ਵੇਖਿਆ ਗਿਆ। ਇਸ ਦੀ ਪਹਿਲੀ ਝਲਕ ਪੰਜਾਬ ਦੇ ਲੋਕਾਂ ਨੇ ਉਸ ਵੇਲੇ ਵੇਖੀ, ਜਦੋਂ ਇੰਦਰ ਕੁਮਾਰ ਗੁਜਰਾਲ ਦੇ ਪ੍ਰਧਾਨ ਮੰਤਰੀ ਬਣਨ ਉੱਤੇ ਉਸ ਦੇ ਨਾਲ ਅੰਮ੍ਰਿਤਸਰ ਆਏ ਕੇਂਦਰ ਦੇ ਇੱਕੋ ਇੱਕ ਸਿੱਖ ਅਤੇ ਪੰਜਾਬੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸਿਰਫ ਸਿਰੋਪਾ ਦੇਣ ਤੋਂ ਨਾਂਹ ਕਰਨ ਵੇਲੇ ਉਸ ਦੀ ਦਾੜ੍ਹੀ ਨੂੰ ਹੱਥ ਲਾ ਕੇ ਇਹ ਵੀ ਦੱਸਿਆ ਗਿਆ ਕਿ 'ਤੂੰ ਆਹ ਰੰਗੀ ਹੋਈ ਹੈ।' ਰਾਮੂਵਾਲੀਏ ਨੂੰ ਪਹਿਲਾਂ ਓਥੋਂ ਕਈ ਵਾਰੀ ਸਿਰੋਪੇ ਦਿੱਤੇ ਜਾਂਦੇ ਰਹੇ ਸਨ, ਕਦੇ ਇਸ ਦਲੀਲ ਹੇਠ ਨਾਂਹ ਨਹੀਂ ਸੀ ਕੀਤੀ ਗਈ। ਓਦੋਂ ਵੀ ਗੱਲ ਸਿਰੋਪੇ ਦੀ ਨਹੀਂ, ਦਾੜ੍ਹੀ ਰੰਗਣ ਦੀ ਢੁੱਚਰ ਡਾਹ ਕੇ ਉਸ ਦੀ ਬੇਇੱਜ਼ਤੀ ਕਰਾਉਣੀ ਸੀ, ਕਰਵਾ ਦਿੱਤੀ ਸੀ। ਫਿਰ ਇੱਕ ਵਾਰ ਇਹੋ ਕੁਝ ਕੈਪਟਨ ਅਮਰਿੰਦਰ ਸਿੰਘ ਨਾਲ ਕੀਤਾ ਗਿਆ, ਹਾਲਾਂਕਿ ਉਸ ਨੂੰ ਵੀ ਮੁੱਖ ਮੰਤਰੀ ਬਣਨ ਤੀਕਰ ਸਿਰੋਪੇ ਮਿਲਦੇ ਰਹੇ ਸਨ। ਭਲਾ ਜੇ ਦਾੜ੍ਹੀ ਰੰਗਣਾ ਹੀ ਗੁਨਾਹ ਹੈ ਤਾਂ ਯੂਥ ਵਿੰਗ ਦੀ ਲੀਡਰੀ ਕਰਨ ਖਾਤਰ ਪੁੱਤਰਾਂ ਹੀ ਨਹੀਂ, ਪੋਤਰਿਆਂ ਵਾਲੇ ਹੋ ਕੇ ਵੀ ਦਾੜ੍ਹੀਆਂ ਰੰਗਣ ਵਾਲੇ ਬਾਦਲ ਅਕਾਲੀ ਦਲ ਦੇ ਲੀਡਰਾਂ ਨਾਲ ਏਦਾਂ ਕਦੇ ਕਿਉਂ ਨਹੀਂ ਕੀਤਾ ਗਿਆ? ਇੱਕ ਵਾਰੀ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਅਜਲਾਸ ਵਿੱਚ ਇਸੇ ਕਮੇਟੀ ਦੇ ਇੱਕ ਜੂਨੀਅਰ ਮੀਤ ਪ੍ਰਧਾਨ ਦੀ ਦਾੜ੍ਹੀ ਰੰਗਣ ਦਾ ਰੌਲਾ ਵੀ ਪੈ ਗਿਆ ਸੀ। ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੇ ਉਸ ਦੀ ਦਾੜ੍ਹੀ ਹੱਥ ਨਾਲ ਟੋਹ ਕੇ ਵੇਖੀ ਤੇ ਕਹਿ ਦਿੱਤਾ ਸੀ ਕਿ 'ਅੱਗੇ ਤੋਂ ਨਾ ਰੰਗੀਂ', ਉਸ ਨੂੰ ਓਦੋਂ ਤੱਕ ਸਿਰੋਪੇ ਕਿਉਂ ਦਿੱਤੇ ਜਾਂਦੇ ਰਹੇ ਸਨ?
ਇਹ ਗੱਲ ਅਸੀਂ ਇਸ ਲਈ ਛੇੜੀ ਹੈ ਕਿ ਪਿਛਲੇ ਦਿਨੀਂ ਮਨਪ੍ਰੀਤ ਬਾਦਲ ਨੂੰ ਇੱਕ ਧਾਰਮਿਕ ਅਸਥਾਨ ਵਿੱਚੋਂ ਸਿਰੋਪੇ ਤੋਂ ਨਾਂਹ ਕੀਤੀ ਗਈ ਹੈ। ਏਨਾ ਹੀ ਨਹੀਂ, ਉਸ ਦਾ ਚੌਦਾਂ ਨਵੰਬਰ ਨੂੰ ਅੰਮ੍ਰਿਤਸਰ ਜਾ ਕੇ ਮੱਥਾ ਟੇਕਣ ਦਾ ਐਲਾਨ ਸੁਣ ਕੇ ਅਖਬਾਰਾਂ ਨੂੰ ਇਹ ਸੂਹਾਂ ਪੁਚਾਈਆਂ ਜਾ ਰਹੀਆਂ ਹਨ ਕਿ 'ਆਉਣ ਦਿਓ, ਸਿਰੋਪਾ ਤਾਂ ਉਸ ਨੂੰ ਦੇਣਾ ਨਹੀਂ, ਅੰਮ੍ਰਿਤ ਛਕ ਕੇ ਨਿਭਾ ਨਾ ਸਕਣ ਕਾਰਨ ਕੁੜਿੱਕੀ ਪਾ ਦੇਣੀ ਹੈ।' ਜਦੋਂ ਕਿਸੇ ਕੋਲ ਇੰਜ ਕਰ ਸਕਣ ਦੀ ਸਮਰੱਥਾ ਹੋਵੇ, ਉਸ ਨੂੰ ਕੋਈ ਰੋਕ ਨਹੀਂ ਸਕਦਾ, ਪਰ ਇਸ ਨਾਲ ਜਿਹੜਾ ਪ੍ਰਭਾਵ ਪੈਣਾ ਹੈ, ਧਾਰਮਿਕ ਹਸਤੀਆਂ ਨੂੰ ਉਹਦਾ ਖਿਆਲ ਰੱਖ ਲੈਣਾ ਚਾਹੀਦਾ ਹੈ। ਜੇ ਚੇਤਾ ਨਾ ਹੋਵੇ ਤਾਂ ਅਸੀਂ ਤਜਰਬਾ ਚੇਤੇ ਕਰਵਾ ਸਕਦੇ ਹਾਂ।
ਕਦੇ ਪ੍ਰੋਫਸਰ ਮਨਜੀਤ ਸਿੰਘ ਨੇ ਅਕਾਲ ਤਖਤ ਦੀ ਐਕਟਿੰਗ ਜਥੇਦਾਰੀ ਲੈਣ ਲੱਗਿਆਂ ਇਹ ਆਖਿਆ ਸੀ ਕਿ 'ਬੰਦੇ ਨੂੰ ਬੰਦੇ ਦਾ ਬੰਦਾ' ਨਹੀਂ ਬਣਨਾ ਚਾਹੀਦਾ। ਸਮਾਂ ਪਾ ਕੇ ਉਹ ਆਪ ਇਹੋ ਜਿਹਾ ਤਿਲਕਿਆ ਕਿ ਹਰ ਵੱਡੇ 'ਬੰਦੇ ਦਾ ਬੰਦਾ' ਬਣਿਆ ਫਿਰਦਾ ਸੀ ਤੇ ਕੋਈ ਵੱਕਾਰ ਵੀ ਨਹੀਂ ਸੀ ਰਹਿ ਗਿਆ। ਪਹਿਲਾਂ ਇੱਕ 'ਬੰਦੇ ਦਾ ਬੰਦਾ' ਬਣ ਕੇ ਉਹ ਬਾਦਲ ਦੇ ਗਿੱਟੇ ਛਾਂਗਣ ਵਾਲਾ ਓਹੋ ਬੰਦਾ ਵਕਤ ਦੇ ਮੋੜਾ ਕੱਟਦੇ ਸਾਰ ਬਾਦਲ ਦਾ 'ਬੰਦਾ' ਬਣਨ ਵੀ ਤੁਰ ਪਿਆ ਸੀ। ਆਖਰ ਨੂੰ ਉਸ ਨਾਲ ਇਹ ਭਾਣਾ ਵਾਪਰਿਆ ਕਿ ਸਿਰਫ ਅਹੁਦਾ ਹੀ ਨਹੀਂ ਸੀ ਖੋਹਿਆ ਗਿਆ, ਬੇਆਬਰੂ ਕਰਨ ਵਾਲੀਆਂ ਊਜਾਂ ਵੀ ਉਸ ਦੇ ਨਾਂਅ ਨਾਲ ਲਾ ਕੇ ਘਰ ਨੂੰ ਤੋਰਿਆ ਗਿਆ ਸੀ। ਜੋ ਉਹਦੇ ਨਾਲ ਬੀਤੀ ਸੀ, ਕਿਸੇ ਮੋੜ ਉੱਤੇ ਹੁਣ ਵਾਲਿਆਂ ਨਾਲ ਵੀ ਬੀਤ ਸਕਦੀ ਹੈ। ਇਸ ਤੋਂ ਬਚਣ ਦਾ ਰਾਹ ਇਹ ਨਹੀਂ ਕਿ ਚੰਡੀਗੜ੍ਹੋਂ ਆਏ ਸਾਰੇ ਹੁਕਮ 'ਸੱਤ' ਕਰ ਕੇ ਮੰਨੇ ਜਾਣ। ਮਨਜੀਤ ਸਿੰਘ ਦੇ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਕੀ ਹੋਈ, ਭਾਈ ਰਣਜੀਤ ਸਿੰਘ ਨਾਲ ਕੀ, ਗਿਆਨੀ ਪੂਰਨ ਸਿੰਘ ਨਾਲ ਕੀ ਤੇ ਫਿਰ ਜਿਹੜਾ ਹਸ਼ਰ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਦਾ ਕੀਤਾ ਗਿਆ, ਉਹ ਸਾਰਾ ਅੰਮ੍ਰਿਤਸਰ ਵੱਲ ਵੇਖਣ ਵਾਲੇ ਬੱਚੇ-ਬੱਚੇ ਨੂੰ ਪਤਾ ਹੈ।
æææਤੇ ਇਹ ਸਭ ਕਰਨ-ਕਰਾਉਣ ਵਾਲੇ ਕੌਣ ਸਨ? ਉਹ ਸਿਆਸੀ ਲੀਡਰ, ਜਿਹੜੇ ਬਾਹਰੋਂ ਤਾਂ ਧਰਮ ਦਾ ਜਿੰਨਾ ਵੀ ਹੋਕਾ ਦੇਂਦੇ ਰਹਿਣ, ਅੰਦਰੋਂ ਇਸ ਦੀ ਰਤਾ ਪ੍ਰਵਾਹ ਨਹੀਂ ਕਰਦੇ। ਇੱਕ ਮੌਕਾ ਏਦਾਂ ਦਾ ਵੀ ਆਇਆ ਸੀ, ਜਦੋਂ ਖਡੂਰ ਸਾਹਿਬ ਦੇ ਮੇਲੇ ਮੌਕੇ ਅਕਾਲੀ ਦਲ ਦੀ ਰਾਜਸੀ ਸਟੇਜ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਕਾਲੀਆਂ ਦੇ ਦੋ ਧੜੇ ਖਹਿਬੜ ਪਏ ਸਨ। ਪੱਗਾਂ ਲੱਥ ਗਈਆਂ ਤੇ ਸਟੇਜ ਉੱਤੇ ਜੁੱਤੀਆਂ ਸਣੇ ਖੌਰੂ ਪਾਇਆ ਗਿਆ ਸੀ। ਫਿਰ ਇਹ ਸ਼ਿਕਾਇਤ ਅਕਾਲ ਤਖਤ ਸਾਹਿਬ ਪਹੁੰਚ ਗਈ। ਮੌਕੇ ਦੇ ਜਥੇਦਾਰ ਅਤੇ ਉਸ ਨਾਲ ਬੈਠੇ ਪੰਜ ਸਿੰਘ ਸਾਹਿਬਾਨ ਨੇ ਰਤਾ ਕੌੜ ਨਾਲ ਇਸ ਦੀ ਨਿੰਦਾ ਕਰਨ ਦੀ ਗੱਲ ਛੋਹੀ ਤਾਂ ਅਕਾਲੀ ਲੀਡਰ ਉਨ੍ਹਾਂ ਦੇ ਗਲ਼ ਪੈ ਗਏ। ਨੌਬਤ ਹੱਥੋ-ਪਾਈ ਦੀ ਆਉਂਦੀ ਵੇਖੀ ਤਾਂ ਸਿੰਘ ਸਾਹਿਬਾਨ ਭੱਜ ਕੇ ਪਿਛਲੀ ਕੋਠੜੀ ਵਿੱਚ ਜਾ ਵੜੇ ਅਤੇ ਅਕਾਲੀ ਲੀਡਰ ਉਨ੍ਹਾਂ ਦੇ ਦਰਵਾਜ਼ੇ ਨੂੰ ਬਾਹਰੋਂ ਠੁੱਡ ਮਾਰ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਰਹੇ ਕਿ ਜੇ ਕਾਬੂ ਆ ਜਾਣ ਤਾਂ ਇਨ੍ਹਾਂ ਨਾਲ ਵੀ ਆਹ ਕੁਝ ਹੋ ਸਕਦਾ ਹੈ। ਕੁਝ ਦਿਨਾਂ ਬਾਅਦ ਕੁਝ ਧਰਮ ਦੇ ਨਾਂਅ ਉੱਤੇ ਰਾਜਨੀਤੀ ਕਰਨ ਵਾਲਿਆਂ ਨੇ ਵਿੱਚ ਪੈ ਕੇ ਸਮਝੌਤਾ ਕਰਵਾ ਦਿੱਤਾ ਤੇ ਉਨ੍ਹਾਂ ਲੀਡਰਾਂ ਦੀ ਅਕਾਲ ਤਖਤ ਅੱਗੇ ਪੇਸ਼ੀ ਇਹ ਸ਼ਰਤ ਮੰਨਵਾ ਕੇ ਹੋਈ ਸੀ ਕਿ ਉਨ੍ਹਾਂ ਨੂੰ 'ਤਨਖਾਹ' ਬਾਹਲੀ ਕਰੜੀ ਅਤੇ ਬੇਇੱਜ਼ਤ ਕਰਨ ਵਾਲੀ ਨਹੀਂ ਲਾਈ ਜਾਵੇਗੀ। ਏਦਾਂ ਕਰਨ ਵਾਲੇ ਅਕਾਲੀ ਲੀਡਰਾਂ ਵਿੱਚੋਂ ਵੀ ਇੱਕ ਅੱਜ ਦੇ ਪੰਜਾਬ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੈ।
ਇੱਕ ਗੱਲ ਹੋਰ ਦੱਸ ਦੇਈਏ, ਜਿਸ ਦਾ ਸੰਬੰਧ ਉਸ ਦੌਰ ਨਾਲ ਹੈ, ਜਦੋਂ ਧਾਰਮਿਕ ਅਸਥਾਨਾਂ ਦੀ ਰਾਜਸੀ ਮੰਤਵਾਂ ਲਈ ਦੁਰਵਰਤੋਂ ਦਾ ਹਾਲੇ ਮੁੱਢ ਹੀ ਬੱਝਾ ਸੀ। ਪੰਜਾਬੀ ਸੂਬੇ ਦੀ ਮੰਗ ਲਈ ਮੋਰਚੇ ਲੱਗਣ ਵੇਲੇ ਓਦੋਂ ਦੀ ਜਨ ਸੰਘ ਪਾਰਟੀ, ਜਿਹੜੀ ਪਿੱਛੋਂ ਸਮਾਂ ਪਾ ਕੇ ਭਾਰਤੀ ਜਨਤਾ ਪਾਰਟੀ ਬਣ ਗਈ, ਦੇ ਲੀਡਰ ਅਕਾਲੀ ਲੀਡਰਾਂ ਸੰਤ ਫਤਹਿ ਸਿੰਘ ਅਤੇ ਮਾਸਟਰ ਤਾਰਾ ਸਿੰਘ ਦੇ ਮਰਨ ਵਰਤ ਦੇ ਮੁਕਾਬਲੇ ਦਾ ਮਰਨ ਵਰਤ ਰੱਖਿਆ ਕਰਦੇ ਸਨ। ਜਦੋਂ ਪੰਜਾਬੀ ਬੋਲੀ ਦੇ ਨਾਂਅ ਉੱਤੇ ਹੁਣ ਵਾਲਾ ਪੰਜਾਬ ਉਲੀਕਿਆ ਗਿਆ, ਪਹਿਲੀ ਚੋਣ ਮਗਰੋਂ ਹੀ ਉਨ੍ਹਾਂ ਨਾਲ ਸਾਂਝੀ ਸਰਕਾਰ ਬਣਾਉਣੀ ਪੈ ਗਈ। ਉਹ ਸਿਰਫ ਇੱਕ ਰਾਜਸੀ ਸਾਂਝ ਸੀ ਤੇ ਰਾਜਸੀ ਰਹਿਣੀ ਚਾਹੀਦੀ ਸੀ, ਪਰ ਹੋਇਆ ਇਹ ਕਿ ਮੱਸਿਆ ਅਤੇ ਹੋਰ ਮੌਕਿਆਂ ਉੱਤੇ ਜਨ ਸੰਘ ਦੇ ਲੀਡਰਾਂ ਨੂੰ ਗੁਰਦੁਆਰਿਆਂ ਵਿੱਚ ਬੋਲਣ ਦਾ ਮੌਕਾ ਦਿੱਤਾ ਜਾਣ ਲੱਗ ਪਿਆ। ਜਿਹੜੇ ਜਨ ਸੰਘੀ ਉਸ ਵਕਤ ਸਿੱਖੀ ਸਟੇਜਾਂ ਉੱਤੇ ਜਾ ਕੇ ਬੋਲਦੇ ਰਹੇ, ਉਹ ਡੇਢ ਸਾਲ ਬਾਅਦ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦੇ ਸਵਾਲ ਉੱਤੇ ਫਿਰ ਵਿਰੋਧ ਵਿੱਚ ਜਾ ਖਲੋਤੇ, ਪਰ ਜਦੋਂ ਕੁਝ ਸਾਲ ਪਿੱਛੋਂ ਫਿਰ ਰਾਜਸੀ ਗੰਢ-ਚਿਤਰਾਵਾ ਹੋ ਗਿਆ ਤਾਂ ਇਸ ਨੂੰ 'ਹਿੰਦੂ ਸਿੱਖ ਏਕਤਾ' ਕਿਹਾ ਜਾਣ ਲੱਗ ਪਿਆ ਸੀ।
ਅਸੀਂ ਗੱਲ ਸ਼ੁਰੂ ਏਥੋਂ ਕੀਤੀ ਸੀ ਕਿ ਘਟਨਾਵਾਂ ਦੀ ਤਿੱਖੀ ਤੋਰ ਦੱਸਦੀ ਹੈ ਕਿ ਪੰਜਾਬ ਦੇ ਭਵਿੱਖ ਦਾ ਇੱਕ ਨਵਾਂ ਰਾਜਸੀ ਨਕਸ਼ਾ ਵੀ ਉੱਭਰ ਸਕਦਾ ਹੈ। ਅਗਲੀਆਂ ਚੋਣਾਂ ਪਿਛਲੀਆਂ ਸਾਰੀਆਂ ਤੋਂ ਵੱਖਰੀ ਕਿਸਮ ਦੀਆਂ ਹੋਣ ਦਾ ਅੰਦਾਜ਼ਾ ਹੁਣੇ ਤੋਂ ਲਾਇਆ ਜਾ ਰਿਹਾ ਹੈ। ਜੇ ਕੋਈ ਹਾਲੇ ਇਹ ਨਹੀਂ ਜਾਣਦਾ ਕਿ ਕੋਈ ਤੀਜੀ ਵੰਨਗੀ ਵੀ ਪੰਜਾਬ ਦੀ ਰਾਜਨੀਤੀ ਵਿੱਚ ਉੱਭਰ ਸਕਦੀ ਹੈ ਤਾਂ ਕੋਈ ਇਹ ਕਹਿਣ ਵਾਲਾ ਵੀ ਨਹੀਂ ਕਿ ਇਸ ਰਾਜ ਦੀ ਵਾਗ ਹੁਣ ਵਾਲੇ ਹੱਥਾਂ ਵਿੱਚ ਹੀ ਰਹੇਗੀ। ਲਾਹੌਰ ਦਰਬਾਰ ਦੇ ਵੇਲੇ ਤੋਂ ਪੰਜਾਬ ਵਿੱਚ ਇਹ ਮੁਹਾਵਰਾ ਪ੍ਰਚੱਲਤ ਹੈ ਕਿ 'ਜਦੋਂ ਦੇਗਬਰਾ ਬਦਲਿਆ ਜਾਵੇ, ਲੱਗੇ ਹੱਥ ਕੜਛਾ ਵੀ ਬਦਲ ਦਿੱਤਾ ਜਾਂਦਾ' ਹੈ। ਇਹ ਖੇਡ ਰਾਜ ਦਰਬਾਰ ਤੱਕ ਸੀਮਤ ਰਹਿੰਦੀ ਤਾਂ ਠੀਕ ਸੀ, ਪਰ ਪਿਛਲੇ ਸਮੇਂ ਵਿੱਚ ਧਾਰਮਿਕ ਪਦਵੀਆਂ ਦੇ ਸਵਾਮੀਆਂ ਨੇ ਆਪਣੇ ਨਿੱਜੀ ਸਵਾਰਥਾਂ ਕਾਰਨ ਏਥੋਂ ਤੱਕ ਵੀ ਲੈ ਆਂਦੀ ਹੈ। ਮਨਪ੍ਰੀਤ ਬਾਦਲ ਜਾਂ ਅਮਰਿੰਦਰ ਸਿੰਘ, ਜਾਂ ਫਿਰ ਕੱਲ੍ਹ ਨੂੰ ਕਿਸੇ ਬੀਰ ਦਵਿੰਦਰ ਸਿੰਘ ਨਾਲ ਉਨ੍ਹਾਂ ਜੋ ਵੀ ਕਰਨਾ ਹੈ, ਕਰਦੇ ਰਹਿਣ, ਪਰ ਕਦੇ-ਕਦੇ ਇਹ ਸੋਚਦੇ ਰਿਹਾ ਕਰਨ ਕਿ 'ਬੰਦੇ ਦਾ ਬੰਦਾ' ਬਣਨ ਨਾਲ ਹੁਣ ਤੱਕ ਕਿਸੇ ਨੇ ਸ਼ੋਭਾ ਖੱਟੀ ਨਹੀਂ, ਤੇ ਅੱਗੋਂ ਕਿਸੇ ਨੇ ਖੱਟਣੀ ਨਹੀਂ। ਇਹੋ ਜਿਹੇ ਰਾਜਸੀ ਆਗੂਆਂ ਦੇ ਹੱਥਾਂ ਵਿੱਚ ਖੇਡਣ ਦਾ ਲਾਭ ਕਿਸੇ ਨੂੰ ਕਿਵੇਂ ਹੋ ਸਕਦਾ ਹੈ, ਜਿਹੜੇ ਆਪਣੇ ਕੁੱਛੜ ਚੁੱਕ ਕੇ ਖਿਡਾਏ ਨਿਆਣਿਆਂ ਦੀ ਜ਼ਰਾ ਜਿੰਨੀ ਗੱਲ ਨੂੰ ਸਹਾਰ ਸਕਣ ਦਾ ਮਾਦਾ ਵੀ ਨਹੀਂ ਰੱਖਦੇ?

No comments:

Post a Comment