ਆਪ ਦੀਆਂ ਕੁੱਝ ਬਾਪ ਦੀਆਂ.... (4)

ਮਾ: ਜੀ. ਸਿੱਧੂ. ਹਿੰਮਤਪੁਰਾ
ਚਰਨਾ ਪਿੰਡ ਦਾ ਇੱਕ ਸਧਾਰਣ ਮੁੰਡਾ ਸੀ। ਜਮੀਨ ਦੇ ਵੀ ਵਾਹੀ ਯੋਗੇ ਸਿਆੜ ਸਨ। ਜਿਸ ਕਰਕੇ ਵਿਆਹ ਲਈ ਉਸ ਦੇ ਮਾਂ-ਬਾਪ ਨੂੰ ਲੋਕਾਂ ਦੇ ਬਹੁੱਤੇ ਹਾੜੇ ਨਹੀ ਕਢਣੇ ਪਏ। ਘਰਾਂ 'ਚੋ ਲੱਗਦੀ ਭਰਜਾਈ ਨੇ ਆਪਣੀ ਭੂਆ ਦੀ ਕੁੜੀ ਦਾ ਸਾਕ ਉਸਨੁੰ ਕਰਵਾ ਦਿੱਤਾ। ਜਿਨਾ ਕੁ ਉਸਦੇ ਸਹੁਰਿਆਂ ਵਿੱਚ ਤਮਾਨ ਸੀ ਉਹਨਾ ਨੇ ਆਪਣੀ ਧੀ ਨੂੰ ਦਿੱਤਾ ਅਤੇ ਚਰਨੇ ਨੂੰ ਕੜਾ ਘੜੀ ਅਤੇ ਛਾਪ ਦੇ ਨਾਲ ਸਾਇਕਲ ਅਤੇ ਰੇਡੀਓ ਦਿੱਤਾ। ਬਾਪ ਨੂੰ ਮੁੰਦਰੀ ਅਤੇ ਉਸਦੀ ਮਾਂ ਨੂੰ ਕੰਨਾਂ 'ਚ ਪਾਉਣ ਲਈ ਹਲਕੀਆਂ ਵਾਲੀਆ ਅਤੇ ਚਰਨੇ ਦੀ ਬਰਾਤ ਗਏ ਬਰਾਤੀਆਂ ਦੀ ਚੰਗੀ ਸੇਵਾ ਸੰਭਾਲ ਕੀਤੀ ।ਵਧੀਆ ਮੱਧ-ਸ੍ਰੇਣੀ ਲੋਕਾਂ ਵਰਗਾ ਵਿਆਹ ਹੋ ਗਿਆ। ਘਰ ਵਾਲੀ ਵੀ ਜੱਟਾਂ ਦੀਆਂ ਕੁੜੀਆਂ ਵਰਗੀ ਕੁੜੀ ਸੀ। ਜੇ ਬਹੁੱਤੀ ਸੋਹਣੀ ਨਹੀ ਕਹੀ ਜਾਂਦੀ ਸੀ ਤਾਂ ਕੋਈ ਖੋਟ ਵੀ ਨਹੀ ਸੀ ਕੱਢਿਆ ਜਾ ਸਕਦਾ। ਚੁਲੇ-ਚੌਂਕੇ ਦਾ ਵਧੀਆ ਕੰਮ ਆਉਂਦਾ ਸੀ। ਹੱਥ ਦੀ ਸਚਿਆਰੀ ਸੀ। ਵੱਡੀ ਗੱਲ ਸੱਸ ਦੇ ਨੂੰਹ ਪਸੰਦ ਸੀ।Aੁਂਝ ਤਾ ਜੇ ਮਹੱਤਵ ਪੂਰਨ ਲੜਾਈਆਂ ਦੀ ਗੱਲ ਚੱਲੇ ਤਾਂ ਜਿਨਾ ਚਿਰ ਨੂੰਹ ਸੱਸ ਦੀ ਲੜਾਈ ਦਾ ਵਰਨਣ ਨਾ ਹੋਵੇ ਤਾਂ ਇਤਹਾਸ ਪੂਰਾ ਨਹੀ ਹੂੰਦਾ ਅਤੇ ਸ਼ਇਦ ਹੀ ਕੋਈ ਘਰ ਹੋਵੇ ਜਿੱਥੇ ਇਹ ਲੜਾਈ ਨਾ ਲੜੀ ਗਈ ਹੋਵੇ। ਪਰ ਚਰਨੇ ਦੀ ਮਾਂ ਅਤੇ ਉਸਦੇ ਘਰ ਵਾਲੀ ਮੀਤੋ ਲੜਦੀਆਂ ਤਾਂ ਜਰੂਰ ਸੀ ਪਰ ਇੱਥੋਂ ਤੱਕ ਨੌਬਤ ਨਹੀ ਸੀ ਆਈ ਕਿ ਉਹਨਾ ਨੂੰ ਛਡਾਉਣ ਲਈ ਕਿਸੇ ਬਾਹਰਲੀ 'ਤਾਕਤ' ਨੇ ਦਖਲ ਦਿੱਤਾ ਹੋਵੇ। ਚਰਨੇ ਦਾ ਬਾਪੂ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਸੀ ਨਾ ਕਿਸੇ ਦੀ ਵਧਵੀਂ ਨਾ ਘੱਟਵੀਂ ਕਰਨ ਵਾਲਾ ਸੀ। ਜੇ ਕਦੇ ਉਸਨੇ ਲੜਦੀਆ ਝਗੜਦੀਆਂ 'ਤੇ ਆ ਵੀ ਜਾਣਾ ਉਸਨੇ ਆਪਣੇ ਘਰ ਵਾਲੀ ਨੂੰ ਹੀ ਕਹਿਣਾ 'ਭਲੀਏ ਮਾਣਸੇ ਕਿਉ ਸਾਰਾ ਦਿਨ ਕੁੜੀ ਦੇ ਮਗਰ ਪਈ ਰਹਿਨੀ ਐ ਕੱਟ ਲੈ ਚਾਰ ਦਿਨ। ਕੁਛ ਨੀ ਪਿਆ ਲੜਾਈਆਂ 'ਚ ਖੂਹਣੀਆਂ ਖੱਪ ਜਾਦੀਆਂ। ਕੱਢਣ ਪਾਉਣ ਨੂੰ ਕੁਛ ਨੀ, ਵਾਗ੍ਹਰੂ ਵਾਗ੍ਹਰੂ ਕਰਿਆ ਕਰ ਜਿਹੜੇ ਚਾਰ ਦਿਹਾੜੇ ਰਹਿੰਦੇ ਐ 'ਰਾਮ ਨਾਲ ਕੱਟ ਲੈ ਨਾਲੇ ਇਹਨੂੰ ਵਿਚਾਰੀ ਨੂੰ ਸ਼ਾਂਤੀ ਨਾਲ ਰਹਿਣ ਦੇ'। ਚਰਨੇ ਨੂੰ ਖੇਤੀ ਦੇ ਕੰਮ 'ਚੋ ਹੀ ਵਿਹਲ ਨਾ ਮਿਲਦੀ । ਸੋਹਣਾ ਮਿੱਸਾ ਜਿਹਾ ਟੱਬਰ ਬਣ ਗਿਆ। ਇੱਕ ਧੀ ਅਤੇ ਇੱਕ ਪੁੱਤ।
ਮੇਲੋ ਨੇ ਆਪਣੀ ਕੁੜੀ ਚਰਨੇ ਕੇ ਘਰੇ ਭੇਜੀ ਕਿ ਆਪਣੀ ਮਾਸੀ ਨੂੰ ਸੱਦ ਕੇ ਲੈਕੇ ਆ। ਕੁੜੀ ਨੇ ਆਪਣੀ ਮਾਂ ਦਾ ਸੁਨੇਹਾ ਆਪਣੀ ਮਾਸੀ ਨੂੰ ਦੇ ਦਿੱਤਾ। ਮੀਤੋ ਤੁਰੰਤ ਹੱਥ ਵਿਚਲਾ ਕੰਮ ਛੱਡਕੇ ਆਪਣੇ ਮਾਮੇ ਦੀ ਧੀ ਨੂੰ ਮਿਲਣ ਚਲੀ ਗਈ। ਮੀਤੋ ਨੂੰ ਵੇਖਕੇ ਮੇਲੋ ਨੇ ਕਿਹਾ, 'ਕੁੜੇ ਭੈਣ ਬਣਕੇ ਮੇਰੇ ਨਾਲ ਬਰਨਾਲੇ ਤੱਕ ਹੀ ਚੱਲ। ਆਹ ਜੁਆਕਾਂ ਦੀਆਂ ਵਰਦੀਆਂ ਲੈਕੇ ਆਉਣੀਆਂ। ਕਿੰਨੇ ਦਿਨ ਹੋਗੇ ਸਕੂਲੋਂ ਮਾਸਟਰਾਂ ਦੇ ਕਹੇ ਨੂੰ ਘਰ ਦੇ ਹੋਰ ਕੰਮਾ 'ਚੋ ਹੀ ਵੇਹਲ ਨਹੀ ਮਿਲਦੀ। ਅੱਜ ਜੇ ਤੂੰ ਮੇਰੇ ਨਾਲ ਚੱਲ ਪਵੇ ਤੈਨੂੰ ਬਹੁਤਾ ਹੀ ਪੁੰਨ ਆਉ। 'ਨਾ ਭੈਣੇ ਮਂੈ ਤਾਂ ਉਸਤੋਂ ਪੁਛੇ ਬਿਨਾ ਕਿੱਤੇ ਪਿੰਡ 'ਚ ਕਿਸੇ ਦੇ ਘਰ ਨੀ ਗਈ ਤੇ ਬਰਨਾਲੇ ਜਾਣਾ ਤਾਂ ਦੂਰ ਦੀ ਗੱਲ ਐ।' 'ਲੈ ਆਪਣਾ ਕੀ ਪਤਾ ਲੱਗਣਾ ਆਪਾਂ ਦੋ ਤਿੰਨ ਘੰਟਿਆਂ 'ਚ ਮੁੜ ਆਉਣਾ। ਆਪਦੀ ਸੱਸ ਨੂੰ ਕਹਿ ਕਿ ਮੈ ਮੇਲੋ ਨਾਲ ਕੋਠੇ 'ਤੇ ਮਿੱਟੀ ਫਰਾਉਣ ਚੱਲੀ ਆਂ। ਨਾਲੇ ਆਪਕੀ ਸਾਰੇ ਕੰਮ ਇਹ ਸਾਨੂੰ ਦੱਸਕੇ ਹੀ ਕਰਦੇ ਹਨ। ਤੇਰੇ ਵਾਲਾ ਜੀਜਾ ਕਹਿੰਦਾ ਸੀ ਬਾਜੀਗਰਾਂ ਦੀ ਦੀਪੋ ਦਾ ਪਰੀਵਾਰ ਤਾਂ ਥੋਡੇ ਖੇਤੋਂ ਹੀ ਪਲਦਾ। ਮੇਲੋ ਵੱਲੋਂ ਛੱਡਿਆਂ ਤੀਰ ਸਿੱਧਾ ਮੀਤੋ ਦੇ ਸੀਨੇ ਨੂੰ ਚੀਰ ਗਿਆ। ਅਪਣੇ ਮਰਦ ਦੀ ਚੁਗਲੀ ਸੁਣਨ ਦੇ ਲਾਲਚ ਨੇ ਉਸ ਨੂੰ ਮੇਲੋ ਨਾਲ ਬਰਨਾਲੇ ਜਾਣ ਲਈ ਤਿਆਰ ਕਰ ਦਿੱਤਾ। ਉਸਨੇ ਘਰੇ ਆਕੇ ਆਪਣੀ ਸੱਸ ਨੂੰ ਝੂਠ ਬੋਲਿਆ ਕਿ ਮੈ ਮੇਲੋ ਨਾਲ ਚਾਰ ਕੁ ਘੰਟੇ ਕੋਠੇ ਉੱਤੇ ਮਿੱਟੀ ਫਰਵਾਕੇ ਆਈ । ਚੰਗਾ ਪੁੱਤ ਸਨ੍ਹੀਆਂ ਵੇਲੇ ਨੂੰ ਆ ਜਾਵੀ। ਮੱਝ ਤਾਂ ਰੱਜੇ ਬਿਨਾ ਦੁੱਧ ਦੀ ਤਿੱਪ ਨੀ ਦਿੰਦੀ' ਸੱਸ ਨੇ ਸਰਸਰੀ ਜਿਹਾ ਘਰੇ ਜਲਦੀ ਆਉਣ ਦਾ ਚੇਤਾ ਕਰਵਾ ਦਿੱਤਾ ਸੀ। ਵੈਸੇ ਵੀ ਉਸਨੂੰ ਮੀਤੋ ਦੀ ਇਹ ਆਦਤ ਚੰਗੀ ਲੱਗਦੀ ਸੀ ਕਿ ਬਿਨਾ ਕਿਸੇ ਕੰਮ ਦੇ ਘਰੋਂ ਘੱਟ-ਵੱਧ ਹੀ ਨਿਕਲਦੀ ਸੀ।ਦੋਨੇ ਭੈਣਾਂ ਬਰਨਾਲੇ ਵਾਲੀ ਬੱਸ ਫੜੀ ਅਤੇ ਪੌਣੇ ਕੁ ਘੰਟੇ ਵਿੱਚ ਆਪਣੀ ਮੰਜਲ ਉਤੇ ਪਹੁੰਚ ਗਈਆਂ। ਮੇਲੋ ਨੇ ਜਿੰਨੀ ਕੁ ਖਰੀਦੋ ਫਖਤ ਕਰਨੀ ਸੀ ਕਰ ਲਈ। ਮੀਤੋ ਨੂੰ ਵੀ ਕੁੱਝ ਲੈਣ ਲਈ ਕਿਹਾ। ਮੀਤੋ ਕੋਲ ਨਾ ਹੀ ਪੈਸੇ ਸਨ ਅਤੇ ਨਾਹੀ ਉਹ ਫਜੂਲ ਖਰਚੀ ਕਰਦੀ ਸੀ। ਬਜਾਰ 'ਚ ਫਿਰਦੀਆਂ ਨੂੰ ਪੇਕਿਆਂ ਦੇ ਆੜਤੀਏ ਨੇ ਪਛਾਣ ਲਿਆ। ਨਾ ਨਾ ਕਰਦੀਆ ਨੂੰ ਉਹ ਮਲੋ ਜੋਰੀ ਇੱਕ ਛੋਟੀ ਜਿਹੀ ਚਾਹ ਸਮੋਸਿਆਂ ਦੀ ਦੁਕਾਨ 'ਤੇ ਲੈ ਗਿਆ । ਉਹਨਾ ਦੀ ਸੰਗਦੀਆ ਸੰਗਦੀਆਂ ਦੀ ਆਪਣੀ ਚੰਗੀ 'ਸਾਮੀ ਦੀ ਕੁੜੀ ਹੋਣ ਕਰਕੇ ਵਾਹਵਾ ਸੇਵਾ ਕਰ ਗਿਆ। 'ਭਾਈ ਮਸਾ ਤਾਂ ਤੂੰ ਸਾਡੇ ਸਹਿਰ ਆਈ ਐਂ ।'ਬਾਣੀਆਂ ਚੰਗਾ ਦਲੇਰ ਸੀ। ਨਾਲੇ ਕੋਲਂੋ ਦਸ ਰੁਪਏ ਦੇ ਗਿਆ ਵਈ ਸਾਡੇ ਸ਼ਹਿਰ ਆਈ ਦਾ ਸ਼ਗਨ। ਉਸਨੂੰ ਪਤਾ ਸੀ ਇਹ ਤਾਂ ਦੁਗਣੇ ਚੌਗੁਣੇ ਬਣ ਜਾਣਗੇ; ਕਿਉਕਿ ਮੀਤੋ ਦਾ ਪਿਉ ਹਾੜੀ ਸਾਉਣੀ ਸਾਰੀ ਇਸੇ ਬਾਣੀਏ ਦੀ ਦੁਕਾਨ ਉੱਤੇ ਸੁੱਟਦਾ ਸੀ।
'ਅੱਜ ਤਾ ਭੈਣੇ ਤੂੰ ਮੇਰੇ ਸਿਰ ਬਲਾਂਈ ਵੱਡਾ 'ਹਿਸਾਨ ਕਰਤਾ; ਨਈ ਮਾਸਟਰ ਤਾਂ ਦੂਜੇ ਚੌਥੇ ਇਹਨਾ ਨੂੰ ਘਰੇ ਭਜਾਈ ਰੱਖਦੇ ਸੀ ਅਖੇ ਆਪਣੇ ਮਾਂ-ਪਿਓ ਨੂੰ ਸੱਦ ਕੇ ਲਿਆਓ।' ਹਫਤੇ ਕੁ ਬਾਂਅਦ ਆਪਣੇ ਸਾਢੂ ਦੇ ਘਰੋ ਟੱਲੀ ਹੋਏ ਚਰਨੇ ਨੂੰ ਗਾਮਾ ਮਿਲ ਗਿਆ 'ਸੁਣਾ ਵਈ ਵੱਡੇ ਭਾਈ ਕੀ ਹਾਲ ਐ' 'ਜਮਾ ਕਾਟੋ ਫੁਲਾਂ 'ਤੇ ਖੇਡਦੀ। ਤੂੰ ਸਣਾ ਕਿੱਦਾਂ' 'ਬੱਸ ਚੰਗਾ ਹੀ ਐ ਜਿਹੜਾ ਵੇਲਾ ਪੂਰਾ ਜੋਈ ਜਾਂਦਾ ਤੇਰੇ ਵਰਗੇ ਤਾਂ ਹੈਨੀ । ਸੱਚ ਭਰਜਾਈ ਇੱਕ ਦਿਨ ਬਰਨਾਲਾ ਲੁਟਦੀ ਫਿਰਦੀ ਸੀ' 'ਨਹੀ ਯਾਰ ਤੈਨੂੰ ਭੁਲੇਖਾ ਪੈ ਗਿਆ ਹੋਣਾ। ਉਹ ਤਾਂ ਪਿੰਡ 'ਚ ਨੀ ਕਿਸੇ ਦੇ ਘਰੇ ਜਾਂਦੀ ਬਰਨਾਲੇ ਜਾਕੇ ਉਹ ਨੇ ਕੀ ਲੈਣਾ' 'ਓਏ ਨਹੀ ਬਾਈ ਆਪਾ ਵੀ ਉਸੇ ਹੋਟਲ 'ਤੇ ਚਾਹ ਪਾਣੀ ਪੀਨੇ ਆ ਜਿਹੜੇ'ਤੇ ਸਾਡੀ ਭਰਜਾਈ ਨੂੰ ਇੱਕ ਮਰਿਆ ਜਿਹਾ ਬਾਣੀਆਂ ਖੁਆਈ ਪਿਆਈ ਜਾਂਦਾ ਸੀ।' ' ਚੱਲ ਕੋਈ ਨਾ ਕਈ ਵਾਰ ਭੁਲੇਖਾ ਲੱਗ ਜਾਂਦਾ', ਕਹਿਕੇ ਚਰਨਾ ਆਪਣੇ ਘਰ ਵਾਲੀ ਬੀਹੀ ਮੁੜ ਗਿਆ। ਪਰ ਗੱਲ ਉਸਨੇ ਕਈ ਵਾਰ ਭੁਲਾਉਣ ਦੀ ਕੋਸ਼ਿਸ਼ ਕੀਤੀ। ਜਿੰਨੀ ਗੱਲ ਭਲਾਉਣ ਦੀ ਕੋਸ਼ਿਸ਼ ਕਰਦਾ ਓਨੀ ਦੁਬਾਰਾ ਦੁਬਾਰਾ ਉਸਦੇ ਮਨ ਵਿੱਚ ਸੰਕਾ ਬਣਕੇ ਉਭਰਦੀ।ਉਸਦਾ ਦਿੱਲ ਕੀਤਾ ਕਿ ਕਿਉ ਔਖਾ ਹੋਈ ਜਾਨੈ ਸਿੱਧਾ ਮੀਤੋ 'ਤੋਂ ਹੀ ਪੁਛ ਲੈਨੇ ਆਂ। ਪਰ ਮੀਤੋ ਤੋਂ ਪੁੱਛਣ ਦਾ ਉਸ ਵਿੱਚ ਉਸ ਵਿੱਚ ਹੀਆਂ ਨਾ ਪੈਂਦਾ ਕਿਉ ਕਿ ਮੀਤੋ ਪਹਿਲਾਂ ਵਾਲੀ ਮੀਤੋ ਨਹੀ ਸੀ ਰਹੀ। ਕਦੇ ਉਹ ਖੇਤ ਰੋਟੀ ਲੈਕੇ ਜਾਂਦੀ। ਅਗੜੇ ਦੁਗੜੇ ਸੁਆਲ ਕਰਦੀ ਰਹਿੰਦੀ; 'ਤੂੜੀ ਦਾ ਕੁੱਪ ਬੜਾ ਛੇਤੀ ਮੁਕਦਾ ਜਾਂਦਾ ਐਨੀ ਤੂੜੀ ਆਪਾ ਵਰਤਦੇ ਤਾਂ ਨਹੀ ,ਹਰੇ ਚਾਰੇ ਦੇ ਜਿਸ ਦਿਨ ਮੈਂ ਅੱਗੇ ਆਈ ਸੀ ਉਸ ਦਿਨ ਦੋ ਕਿਆਰੇ ਵੱਢੇ ਸਨ ਅੱਜ ਚਾਰ ਖਾਲੀ ਹੋਏ ਪਏ ਐ। ਆਪਣੀ ਛਿੱਟੀਆਂ ਹੋਰ ਤਾਂ ਨੀ ਕੋਈ ਬਾਲੀ ਜਾਂਦਾ।' ਚਰਨੇ ਨੁੰ ਸਮਝ ਨਾ ਪੈਦੀ ਕਿ ਉਹ ਕੀ ਕਹਿਣਾ ਚਾਹੁੰਦੀ ਹੈ।ਆਪ ਉਹ ਆਪਣੇ ਬੱਚਿਆਂ ਤੋਂ ਪੁਛਦਾ ਰਹਿੰਦਾ ਜਦੋਂ ਤੁਸੀ ਸਕੂਲੋਂ ਆਏ ਸੀ ਮੰਮੀ ਥੋਡੀ ਘਰੇ ਹੀ ਸੀ। ਜਾਂ ਆਨੀ ਬਹਾਨੀ ਪੇਟੀਆਂ ਸੰਦੂਕ ਫਰੋਲਦਾ ਰਹਿੰਦਾ ਕਿ ਕਪੜੇ ਪਹਿਲਾਂ ਵਾਲੀ ਜਗਾ ਪਏ ਹਨ ਜਾਂ ਕੋਈ ਹਿੱਲ ਜੁੱਲ ਹੋਈ ਐ।ਦੋਨੇ ਜੀਅ ਹਰ ਵੇਲੇ ਮਨ ਵਿੱਚ ਸੰਕਾ ਲਈ ਤੁਰੇ ਫਿਰਦੇ । ਨਾ ਪਹਿਲਾ ਵਾਲਾ ਮੋਹ ਰਹਿ ਗਿਆ ਸੀ ਨਾ ਪਹਿਲਾਂ ਵਾਲੀ ਬੋਲ ਚਾਲ। ਬੱਸ ਤਲਖੀ ਭਰੇ ਮਹੌਲ ਵਿੱਚ ਪਤਾ ਨਹੀ ਕਦੋਂ ਭੁਚਾਲ ਆ ਜਾਵੇ। ਹੇਠਲੀ ਉਤਲੀ ਹੋ ਜਾਵੇ।ਸੁੱਖੀ ਵਸਦੇ ਰਸਦੇ ਪਰਿਵਾਰ ਨੁੰ ਪਤਾ ਨਹੀ ਕਿਹੜੇ ਚੰਦਰੇ ਨੇ ਨਜਰ ਲਾ ਦਿੱਤੀ।ਪਤਾ ਨੀ ਕੀ ਮਨਾ ਵਿੱਚ ਗੁੰਝਲਾਂ ਬੱਝੀਆਂ। ਪਤਾ ਨਹੀ ਮਨਾ ਵਿੱਚ ਇੱਕ ਦੂਸਰੇ ਪ੍ਰਤੀ ਅਵਿਸਵਾਸ ਕਿਉ ਘਰ ਬਣਾਕੇ ਬੈਠ ਗਿਆ। ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਹੀ ਨਹੀ ਸੀ। ਦੋਨਾ ਜੀਆਂ ਦਾ ਆਪਸ ਵਿੱਚ ਹੀ ਇੱਟ-ਖੜਿੱਕਾ ਰਹਿਣ ਲੱਗ ਪਿਆ। ਬਿਨਾ ਕਿਸੇ ਗੱਲ ਤੋਂ ਦੋਨੋ ਇੱਕ ਦੂਜੇ ਨੂੰ ਝੱਈਆ ਲੈ ਲੈ ਪੈਦੇ। ਮਾਂ-ਪਿਓ ਨੇ ਬਥੇਰਾ ਸਮਝਾਇਆ ਪਰ ਕਿਸੇ 'ਤੇ ਕੋਈ ਅਸਰ ਨਾ ਪਵੇ। ਕਦੇ ਦਾਲ 'ਚ ਲੂਣ ਹੈਨੀ ਤਾਂ ਲੜਾਈ ਕਦੇ ਕਿਸੇ ਪਸ਼ੂ ਦੇ ਪੱਠਿਆਂ 'ਚ ਚੰਗੀ ਤਰਾਂ ਹੱਥ ਨੀ ਮਾਰਿਆ, ਕਦੇ ਧਾਰ ਵਾਲਾ ਭਾਂਡਾ ਸਾਫ ਨੀ, ਕਦੇ ਕਿਸੇ ਜੁਆਕ ਦੇ ਕਪੜੇ ਸਾਫ ਨਹੀ। ਗੱਲ ਗੱਲ ਉਤੇ ਲੜਾਈ । ਲੜਾਈ ਦਾ ਮੌਕਾ ਖੁੰਝਾਉਣਾ ਤਾਂ ਕੀ ਸੀ ਸਗੋ ਲੜਨ ਦੇ ਮੌਕੇ ਲੱਭੇ ਜਾਂਦੇ ਸਨ।ਉਹਨਾ ਦੇ ਲੜਨ ਦੀ ਗੱਲ ਕੰਧਾਂ ਕੋਠੇ ਟੱਪਕੇ ਆਂਢ-ਗੁਆਂਢ, ਮਿਤਰਾਂ ਦੋਸਤਾਂ ਅਤੇ ਸਾਕ-ਸਕੀਰੀਆਂ ਵਿੱਚ ਚਲੀ ਗਈ।ਸੁੱਖ ਦੀ ਰੋਟੀ ਖਾਂਦੇ ਨੂੰ ਵੇਖਕੇ ਕੋਈ ਨੀ ਖੁਸ਼ ਹੁੰਦਾ,ਪਰ ਦੋ ਜਾਣਿਆ ਨੂੰ ਲੜਦੇ ਵੇਖ ਕੇ ਜਣਾ ਖਣਾ ਚਾਂਬ੍ਹਲ ਚਾਂਬ੍ਹਲ ਕੇ ਗੱਲਾਂ ਕਰਦੇ। ਕੋਈ ਹੋਊ ਜੋ ਸੱਚੇ ਦਿਲੋਂ ਉਹਨਾ ਦੀ ਲੜਾਈ 'ਤੇ ਦੁੱਖੀ ਹੋਉ ਨਹੀ ਤਾਂਂ ਸੱਭ ਨੂੰ ਗੱਲਾਂ ਕਰਨ ਲਈ ਮਸਾਲਾ ਮਿਲਿਆ ਹੋਇਆ ਸੀ। ਪਰ ਚਰਨੇ ਦੇ ਮਾਂ-ਬਾਪ ਢਿੱਡੋਂ ਅਸਲੋਂ ਦੁੱਖੀ ਸਨ ।ਉਹਨਾ ਨੇ ਕਈ ਵਾਰ ਕਿਹਾ ਵੀ ਸਾਨੂੰ ਤਾ ਐਡੀ ਕੋਈ ਗੱਲ ਨਹੀਂ ਲੱਗਦੀ।ਚੰਗਾ ਖਾਨੇ ਓ ਚੰਗਾ ਹੰਢਾਉਦੇ ਓ ਫਿਰ ਇਹ ਹਰ ਰੋਜ ਦੀ ਕਿੱਚ ਕਿੱਚ ਕਿਹੜੀ ਗੱਲੋਂ?ਪਰ ਉਹਨਾ ਦੀ ਕਹੀ ਗੱਲ ਦਾ ਕਿਸੇ ਉੱਤੇ ਵੀ ਅਸਰ ਨਾ ਹੁੰਦਾ। ਕਹਿੰਦੇ, 'ਤੁਸੀ ਸਾਡੀ ਲੜਾਈ ਚੋ ਕੀ ਟਿੰਡੀਆਂ ਲੈਣੀਆਂ ਤੁਸੀ ਆਪਦਾ ਦੋਨੇ ਵੇਲੇ ਦਾ ਫੁਲਕਾ ਖਾਓ ਅਤੇ ਰਾਮ ਰਾਮ ਕਰੋ ।' ਉਲਟਾ ਉਹਨਾ ਨੂੰ ਨਾਲ ਲੱਗਵਾਂ ਚੰਗਾ ਮੰਦਾ ਬੋਲਣ ਲੱਗ ਪਏ। ਰਿਸਤੇਦਾਰਾ ਨੇ ਵਿੱਚ ਪੈਕੇ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਕਿਸੇ ਕੰਮ ਨਾ ਆਈੇ। ਦੋਨੋ ਸਗੋਂ ਹੋਰ ਦੂਰ ਹੁੰਦੇ ਗਏ। ਦੋਨਾ ਦੇ ਮਨਾ ਵਿੱਚ ਪਈ ਦਰਾੜ ਹੋਰ ਵਡੇਰੀ ਹੁੰਦੀ ਗਈ। ਵਿਸਾਵਸ ਇੱਕ ਦੂਜੇ ਉਪਰ ਉੱਕਾ ਹੀ ਨਾ ਰਿਹਾ। ਮਨ ਵਿੱਚ ਹੋਰ ਹੋਰ ਤਰਾਂ ਦੇ ਖਿਆਲ ਆਉਣ ਲੱਗ ਪਏ ਕਦੇ ਚਰਨੇ ਨੂੰ ਲੱਗਦਾ ਕਿਤੇ ਮੀਤੋ ਉਸਨੂੰ ਰੋਟੀ ਵਿੱਚ ਹੀ ਕੁੱਝ ਨਾ ਪਾਕੇ ਦੇ ਦੇਵੇ। ਕਦੇ ਮੀਤੋ ਨੂੰ ਲੱਗਦਾ ਕਿ ਚਰਨਾ ਉਸਨੁੰ ਮਾਰ ਵੀ ਸਕਦਾ ਹੈ। ਵਿਸਵਾਸ਼ ਦੋਨਾ ਨੂੰ ਹੀ ਇੱਕ ਦੂਸਰੇ ਉਪਰ ਨਾ ਰਿਹਾ। ਮੀਤੋ ਕਦੇ ਜੁਆਕਾਂ ਨੂੰ ਲੈਕੇ ਪੇਕੀ ਚਲੀ ਜਾਂਦੀ। ਕਈ ਦਿਨ ਆAਣ ਦਾ ਨਾਂ ਨਾ ਲੈਂਦੀ।ਵਿਆਹੀ ਜੁਆਨ ਧੀ ਪੇਕੇ ਬੈਠੇ। ਮਾਪਿਆਂ ਨੂੰ ਟੇਕ ਕਿੱਥੇ! ਪਹਿਲਾਂ ਮਿੱਤਰ ਦੋਸਤ, ਫਿਰ ਰਿਸਤੇਦਾਰ, ਉਸ ਤੋਂ ਬਾਅਦ ਪੰਚਾਇਤਾਂ ਪਰ ਗੱਲ ਕਿਸੇ ਸਿਰੇ ਲੱਗਦੀ ਨਹੀ ਸੀ ਦਿਸਦੀ।ਕੁੱਝ ਰਿਸਤੇਦਾਰ ਧੱਕੇ ਨਾਲ ਸਮੱਸਿਆ ਹੱਲ ਕਰਨ ਦੇ ਚੱਕਰ ਵਿੱਚ ਸਨ।'ਜਦੋਂ ਨਹੀ ਕੱਟਤ ਹੁੰਦੀ; ਮਰਨ ਮਰਾਉਣ ਨਾਲੋਂ,ਵੰਡੋ ਜੁਆਕ ਅਤੇ ਲਵੋ ਤਲਾਕ ।'ਬੁੱਢੇ ਮਾਂ- ਬਾਪ ਦੇਨਾ ਦੇ ਮੂੰਹਾਂ ਵੱਲ ਵੇਖਦੇ ਰਹਿੰਦੇ ਪਰ ਆਸ ਦੀ ਚਿਣਗ ਕਿਸੇ ਪਾਸੇ ਤੋ ਵੀ ਵਿਖਾਈ ਨਾ ਦਿਸਦੀ।ਤਾਹਨੇ ਮਿਹਣੇ, ਗਾਲ ਦੁੱਪੜ ਤੋਂ ਗੱਲ ਮਾਰ ਕੁੱਟ ਤੱਕ ਚਲੀ ਜਾਂਦੀ। ਬੱਚੇ ਸਹਿਮੇ ਸਹਿਮੇ ਰਹਿਣ ਲੱਗ ਪਏ। ਕਿਹੜੇ ਵੇਲੇ ਕਦੋ ਲੜਾਈ ਝਗੜਾ ਸੁਰੂ ਹੋ ਜਾਵੇ ਕੋਈ ਪਤਾ ਨਹੀ ਸੀ ਲੱਗਦਾ।
ਅਖੀਰ ਕੋਈ ਗੱਲ ਨਾ ਬਣੀ ਤਾਂ ਦੋਨਾ ਪੰਚਾਇਤਾਂ ਵਿੱਚ ਸਹਿਮਤੀ ਹੋ ਗਈ ਕਿ ਸਰਕਾਰੇ ਦਰਬਾਰੇ ਜਾਣ ਨਾਲੋ ਅਤੇ ਨਿੱਤ ਦੇ ਕਾਟੋ -ਕਲੇਸ ਨਾਲੋ ਕੁੜੀ ਵਾਲੇ ਆਪਣਾ ਸਮਾਨ ਲੈ ਜਾਣ। ਜੁਆਕ ਜਿੰਨਾ ਚਿਰ ਸੁਰਤ ਨਹੀ ਸੰਭਾਲਦੇ ਉਹਨਾ ਚਿਰ ਮਾਂ ਨਾਲ ਰਹਿਣ, ਫਿਰ ਉਹਨਾ ਦੀ ਮਰਜੀ। ਚਰਨਾ ਬੱਚਿਆ ਦਾ ਥੋੜਾ ਘਣਾ ਖਰਚਾ ਦੇਵੇਗਾ। ਦੋਨੇ ਧਿਰਾਂ ਨੂੰ ਇਸ ਗੱਲ ਉਪਰ ਰਾਜੀ ਕਰ ਲਿਆ ਗਿਆ ਕਿ ਜੇ ਮੀਤੋ ਨੂੰ ਚੰਗਾ ਥਾਂ ਲੱਭੇ ਉਹ ਉਥੇ ਦੁਬਾਰਾ ਵਿਆਹ ਕਰਵਾ ਲਵੇ ਅਤੇ ਜੇ ਚਰਨੇ ਨੂੰ ਕੋਈ ਦੂਸਰੇ ਵਿਆਹ ਲਈ ਮਿਲੇ ਤਾਂ ਮੀਤੋ ਨੂੰ ਕੋਈ ਇਤਰਾਜ ਨਹੀ ਹੋਵੇਗਾ। ਮਿਥੇ ਦਿਨ 'ਤੇ ਵੀਹ ਕੁ ਆਦਮੀ ਟਰੱਕ ਲੈ ਕੇ ਚਰਨੇ ਦੇ ਪਿੰਡ ਸਮਾਨ ਚੁਕਣ ਆ ਗਏ। ਕੁੱਝ ਮੋਹਤਬਰ ਆਦਮੀ ਸਣੇ ਦੋਨਾ ਪਿੰਡਾ ਦੇ ਸਰਪੰਚ ਬਾਕੀ ਘਰਾਂ ਦੇ ਜਵਾਨ ਮੁੰਡੇ ਸਾਮਾਨ ਚੁੱਕ ਕੇ ਟਰੱਕ ਵਿੱਚ ਰੱਖਣ ਲਈ ਕੁੱਝ ਤਮਾਸ-ਬੀਨ , ਜਿਨ੍ਹਾ ਦੇ ਮਨਾ ਉਪਰ ਕਿਸੇ ਦਾ ਘਰ ਇਸਤਰ੍ਹਾ ਟੁੱਟਣ ਦਾ ਭੋਰਾ ਹੀ ਅਸਰ ਨਹੀਂ ਹੁੰਦਾ, ਅਜਿਹੀ ਟਾਈਪ ਦੇ ਇਕ ਅੱਧ ਖੜ ਜਿਹੀ ਉਮਰ ਦੇ ਆਦਮੀ ਨੇ ਕਿਹਾ ਕੁੜੀਏ ਚੀਜਾ 'ਤੇ ਸਿਆਣ ਸਿਆਣਕੇ ਹੱਥ ਲਾਈਂ। ਚੱਲ ਅਸੀ ਚੁੱਕ ਚੁੱਕ ਟਰੱਕ ਵਿੱਚ ਸੁਟੀ ਜਾਨੇ ਆਂ।'ਚਰਨਾ ਇੱਕ ਪਾਸੇ ਹੋਕੇ ਬੈਠ ਗਿਆ।ਚਰਨੇ ਦੇ ਮਾਂ-ਬਾਪ ਧਰੇਕ ਦੀ ਛਿਦਰੀ ਜਿਹੀ ਛਾਂ ਵਿੱਚ ਬੈਠੇ ਸਨ, ਅਤੇ ਆਪ ਮੁਹਾਰੇ ਹੰਝੂ ਉਹਨਾਂ ਦੀਆ ਅੱਖਾਂ ਵਿੱਚੋਂ ਵਹਿ ਰਹੇ ਸਨ। ਮੀਤੋ ਕੇ ਘਰਾਂ 'ਚੋ ਰਿਹਾ ਸਾਬਕਾ ਸਰਪੰਚ ਵੀਰ ਸਿਓਂ, ਜਿਸ ਨੇ ਜੁਆਨੀ 'ਚੋ ਛੁੱਟ ਭਲਾਈਓ ਸਾਰੇ ਕੰਮ ਕਰੇ ਸਨ; ਸਾਰੇ ਕਾਸੇ ਦੀ ਨਿਗਰਾਨੀ ਕਰ ਰਿਹਾ ਸੀ। ਬਿਨਾ ਸਦੂੰਕ ਦੇ ਬਾਕੀ ਸਾਰਾ ਸਾਮਾਨ ਟਰੱਕ ਵਿੱਚ ਰੱਖ ਦਿੱਤਾ ਗਿਆ ਸੀ। ਜਦੋਂ ਮੀਤੋ ਸਦੂੰਕ ਦੀ ਪੱਟ ਖੋਹੀ ਕਰੀ ਜਾਂਦੀ ਸੀ ਉਸ ਸਮੇ ਚਰਨਾ ਅੰਦਰ ਗਿਆ ਅਤੇ ਬਿਨਾ ਕਿਸੇ ਨੁੰ ਸਬੋਧਨ ਕਰਿਆਂ ਉਸਨੇ ਕਿਹਾ, 'ਮੇਰਾ ਇੱਕ ਕੁੜਤਾ ਪਜਾਮਾ ਤੇਰੇ ਸਦੂੰਕ ਵਿਚ ਐ।' 'ਕੱਢ ਲੈ ' ਮੀਤੋ ਨੇ ਓਪਰਾ ਜਿਹਾ ਜੁਆਬ ਦਿੱਤਾ। ਕੁਦਰਤੀ ਉਸ ਵੇਲੇ ਸਾਰੀ ਮੰਡੀਹਰ ਟਰੱਕ ਵਿੱਚ ਸਾਮਾਨ ਰੱਖਣ ਵਿਚ ਰੁੱਝੀ ਹੋਈ ਸੀ।
'ਤੇਰੀ ਜਿਦ ਨੇ ਅਤੇ ਪੁੱਠੀਆਂ ਸਿੱਧੀਆਂ ਨੇ ਵਸਦਾ ਰਸਦਾ ਘਰ ਪੱਟ ਦਿੱਤਾ'
' ਮੇਰੀ ਨੇ ਨਹੀ ਤੇਰੇ ਕੰਜਰਖਾਨੇ'
'ਮੈਂ ਕਿਹੜਾ ਕੰਜਰਖਾਨਾ ਕਰਦਾ ਸੀ'
'ਦੀਪੋ ਦਾ ਜਿਹੜਾ ਟੱਬਰ ਪਾਲਦਾ ਸੀ'
'ਮੈਨੂੰ ਤੇਰੀ ਸਹੁੰ ਜੇ ਕੋਈ ਇਹੋ ਜਿਹੀ ਗੱਲ ਹੋਵੇ'
'ਫਿਰ ਖੇਤ 'ਚੋ ਚੀਜਾਂ ਨੂੰ ਭੂਤਾਂ ਖਾਂਦੀਆਂ ਸਨ'
'ਮੇਰੇ ਖੇਤ 'ਚ ਹੁੰਦਿਆਂ ਤਾਂ ਕੋਈ ਓਪਰਾ ਬੰਦਾ ਗੁਆਢੀਆਂ ਦੇ ਖੇਤ 'ਚ ਪੈਰ ਧਰਨ ਤੋਂ ਡਰਦਾ ਸੀ। ਸਾਰੇ ਵਿਹੜੇ ਵਿੱਚ ਮੇਰੀ ਅੱਲ 'ਵੱਢ-ਖਾਣਾ' ਕਰਕੇ ਪਈ ਹੋਈ ਐ'
'ਫਿਰ ਮੇਲੋ ਐਵੇ ਹੀ ਕਹੀ ਜਾਂਦੀ ਸੀ'
''ਤੇ ਜਿਹੜਾ ਕੁੱਝ ਮੈਨੂੰ ਗਾਮੇ ਨੇ ਕਿਹਾ ਓਹ'
'ਮੈਂ ਤਾਂ ਬੱਬਰ ਪਾੜ ਦਿਆਂ ਓਪਰੇ ਬੰਦੇ ਦਾ ਕੀ ਕਿਹਾ ਮੇਰੇ ਪਿਓ ਦੇ ਸਾਲੇ ਨੇ……æ'
ਵੀਰ ਸਿਓ ਨੇ ਐਧਰ ਓਧਰ ਜਾਂਦੇ ਨੇ ਦੋਨਾ ਨੂੰ ਕੋਲ ਖੜਿਆਂ ਨੁੰ ਤਾੜ ਲਿਆ ਸੀ। ਕੁੱਝ ਗਭਰੂ ਜਿਆਦੇ ਹੀ ਤੇਜੀ ਵਿਖਾਈ ਜਾਂਦੇ ਸਨ । 'ਦੁਪਹਿਰਾ ਹੋਈ ਜਾਂਦਾ। ਲਦੋ ਵਈ ਬਾਕੀ ਸਾਮਾਨ ਵੀ। ਹੁਣ ਕੀ ਗੁਰਮਤਾ ਕਰੀ ਜਾਂਨੇ ਓ' ਮੀਤੋ ਦੇ ਤਾਏ ਦੇ ਮੁੰਡੇ ਨੇ ਤੱਤਾ ਹੁੰਦਿਆਂ ਕਿਹਾ। ਸਰਪੰਚ ਨੇ ਉਸਨੁੰ ਹੱਥ ਦੇ ਇਸਾਰੇ ਨਾਲ ਰੋਕਿਆ । ਬਾਕੀ ਵੀ ਜੋ ਆਦਮੀ ਸਦੂੰਕ ਵਾਲੀ ਸਬ੍ਹਾਤ ਵੱਲ ਜਾਂਦਾ ਤਾਂ ਉਸਨੁੰ ਰੋਕ ਦਿੱਤਾ ਜਾਂਦਾ। ਹੰਢਿਆ ਵਰਤਿਆ ਸਰਪੰਚ ਗੱਲ ਸਮਝ ਗਿਆ ਸੀ। ਸਰਪੰਚ ਉਹਨਾ ਦੋਨਾ ਨੂੰ ਹੋਰ ਸਮਾਂ ਗੱਲਾਂ ਕਰਨ ਨੂੰ ਦੇਣਾ ਚਾਹੁੰਦਾ ਸੀ। ਪਰ ਵਿਚਦੀ ਉਹ ਚੋਰ ਅੱਖ ਨਾਲ ਤੁਰਿਆ ਫਿਰਦਾ ਦੋਨਾ ਨੁੰ ਤਾੜ ਰਿਹਾ ਸੀ। ਮੀਤੋ ਅਤੇ ਚਰਨੇ ਦੀ ਵਾਰਤਾਲਾਪ ਦੇ ਨਾਲ ਨਾਲ ਉਹ ਦੋਨੋ ਰੋ ਰਹੇ ਸਨ ਅਤੇ ਘਰ ਉਜਾੜਣ ਦਾ ਠੁਣਾ ਇਕ ਦੂਸਰੇ ਸਿਰ ਮੜ੍ਹ ਰਹੇ ਸਨ। ਕੁੱਝ ਸਮੇ ਬਾਅਦ ਸਰਪੰਚ ਨੇ ਵੇਖਿਆ ਕਿ ਦੋਨੇ ਇੱਕ ਦੁਜੇ ਦੇ ਮੋਡੇ 'ਤੇ ਸਿਰ ਰੱਖ ਕੇ ਰੋ ਰਹੇ ਸਨ।ਸਰਪੰਚ ਹੁਣ ਨਤੀਜੇ ਉਪਰ ਪਹੁੰਚ ਚੁੱਕਿਆ ਸੀ।
"ਲਾਹ ਦਿਓ ਵਈ ਮੁੰਡਿਓ ਸਮਾਨ ਟਰੱਕ 'ਚੋ। ਸਰਦਾਰਨੀਏ ਵਧੀਆ ਜਿਹੀ ਚਾਹ ਧਰਦੇ ਸਾਰੇ ਮੁੰਡਿਆਂ ਲਈ।" ਸਰਪੰਚ ਨੇ ਚਰਨੇ ਦੀ ਮਾਂ ਨੂੰ ਜੋ ਉਸਦੇ ਕੁੜਮਣੀਆਂ ਦੇ ਥਾ ਲੱਗਦੀ ਸੀ , ਉੱਚੀ ਅਵਾਜ ਵਿੱਚ ਕਿਹਾ। ਆਪ ਸਰਪੰਚ ਨੇ ਸਬ੍ਹਾਤ ਵਿੱਚ ਜਾਕੇ ਦੋਵਾਂ ਨੂੰ ਬੁੱਕਲ ਵਿੱਚ ਲੈ ਲਿਆ। ਚਰਨੇ ਦੇ ਮਾਂ-ਪਿਓ ਤੋਂ ਖੁਸ਼ੀ ਸਾਂਭੀ ਨਹੀ ਸੀ ਜਾਂਦੀ। ਕਦੇ ਉਹ ਸਰਪੰਚ ਦਾ ਧੰਨਵਾਦ ਕਰਦੇ ਕਦੇ ਆਪਣੇ ਨੂੰਹ ਪੁੱਤ ਨੂੰ ਬੁਕਲ ਵਿੱਚ ਲੈਦੇ।ਕਦੇ ਉਹ ਧਰਤੀ ਨੁੰ ਨਮਸਕਾਰ ਕਰਦੇ ਕਦੇ ਉਪਰ ਵੱਲ ਹੱਥ ਕਰਕੇ ਰੱਬ ਦਾ ਸ਼ੁਕਰਾਨਾ ਕਰਦੇ। ਅੱਜ ਉਹਨਾ ਦਾ ਬੁਢਾਪਾ ਰੁਲਣ ਤੋਂ ਬਚ ਗਿਆ ਸੀ।

No comments:

Post a Comment